ਬਹਾਦਰ ਸਿੰਘ ਗੋਸਲ
ਪੁਰਾਣੇ ਸਮੇਂ ਵਿੱਚ ਸੁਰੱਖਿਆ ਅਤੇ ਭਾਈਚਾਰਕ ਸਹਿਚਾਰ ਲਈ ਪਿੰਡਾਂ ਵਿੱਚ ਸ਼ਾਨਦਾਰ ਦਰਵਾਜ਼ੇ ਬਣਾਏ ਜਾਂਦੇ ਸਨ। ਇਹ ਦਰਵਾਜ਼ੇ ਜਿੱਥੇ ਪਿੰਡ ਨੂੰ ਬਾਹਰੀ ਲੋਕਾਂ ਦੇ ਪਿੰਡ ਵਿੱਚ ਆਉਣ ਤੋਂ ਸੁਰੱਖਿਆ ਦਿੰਦੇ ਸਨ, ਉਥੇ ਹੀ ਇਹ ਪਿੰਡ ਦੀ ਸ਼ਾਨ-ਸ਼ੌਕਤ ਦੇ ਚਿੰਨ ਵੀ ਹੁੰਦੇ ਸਨ। ਪਿੰਡ ਦੇ ਸਾਰੇ ਵਸਨੀਕਾਂ ਦਾ ਵਸੇਬਾ ਦਰਵਾਜ਼ੇ ਦੇ ਅੰਦਰ-ਅੰਦਰ ਹੀ ਹੁੰਦਾ ਸੀ, ਜਿਸ ਨਾਲ ਪਿੰਡ ਦੇ ਸਾਰੇ ਬਾਸ਼ਿੰਦੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ। ਉਨ੍ਹਾਂ ਦਿਨਾਂ ਵਿੱਚ ਚੋਰੀਆਂ-ਡਕੈਤੀਆਂ ਆਮ ਹੁੰਦੀਆਂ ਸਨ ਅਤੇ ਲੋਕ ਆਪਣੇ ਘਰਾਂ ਦੀ ਰਾਖੀ ਚਾਹੁੰਦੇ ਸਨ। ਰਾਤ ਸਮੇਂ ਪਿੰਡ ਦੇ ਲੋਕ ਇਨ੍ਹਾਂ ਦਰਵਾਜ਼ਿਆਂ ’ਤੇ ਠੀਕਰੀ ਪਹਿਰਾ ਲਗਾ ਕੇ ਪਿੰਡ ਦੀ ਰਾਖੀ ਲਈ ਲੋਕਾਂ ਨੂੰ ਬੇਫਿਕਰ ਕਰ ਦਿੰਦੇ ਸਨ।
ਇਹ ਦਰਵਾਜ਼ੇ ਪਿੰਡ ਦੀ ਸੁਰੱਖਿਆ ਅਤੇ ਸ਼ਾਨ ਦੇ ਪ੍ਰਤੀਕ ਤਾਂ ਹੁੰਦੇ ਹੀ ਸਨ, ਦੂਜਾ ਇਨ੍ਹਾਂ ਦਾ ਸੱਭਿਆਚਾਰਕ ਕਦਰਾਂ ਕੀਮਤਾਂ ਲਈ ਵੀ ਬੜਾ ਮਹੱਤਵ ਹੁੰਦਾ ਸੀ। ਜਦੋਂ ਪਿੰਡ ਵਿੱਚ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਬਰਾਤ ਇਸ ਦਰਵਾਜ਼ੇ ਢੁੱਕਦੀ ਸੀ ਅਤੇ ਸਾਰਾ ਪਿੰਡ ਬਰਾਤ ਦੇ ਸਵਾਗਤ ਲਈ ਦਰਵਾਜ਼ੇ ਪਹੁੰਚ ਜਾਂਦਾ ਸੀ। ਵੈਸੇ ਵੀ ਪਿੰਡ ਵਿੱਚ ਕੋਈ ਸਾਂਝੀਵਾਲਤਾ ਦਾ ਕੰਮ ਹੁੰਦਾ ਤਾਂ ਇਸ ਦਰਵਾਜ਼ੇ ਹੀ ਪਿੰਡ ਵਾਲਿਆਂ ਦੀ ਸੱਥ ਲੱਗਦੀ ਸੀ। ਕਈ ਲੋਕਾਂ ਦੇ ਘਰ ਛੋਟੇ ਹੋਣ ਕਾਰਨ ਉਨ੍ਹਾਂ ਦੇ ਮਹਿਮਾਨਾਂ ਨੂੰ ਠਹਿਰਣ ਲਈ ਵੀ ਇਹ ਦਰਵਾਜ਼ਾ ਕੰਮ ਆਉਂਦਾ। ਪਿੰਡਾਂ ਵਿੱਚ ਫੇਰੀ ਲਗਾਉਣ ਵਾਲੇ ਅਕਸਰ ਕਿਸੇ ਪਿੰਡ ਵਿੱਚ ਚੰਗਾ ਦਰਵਾਜ਼ਾ ਦੇਖ ਕੇ ਆਪਣਾ ਰੈਣ-ਬਸੇਰਾ, ਉੱਥੇ ਹੀ ਕਰ ਲੈਂਦੇ। ਇਸ ਤਰ੍ਹਾਂ ਕਿਸੇ ਵੀ ਪਿੰਡ ਵਿੱਚ ਬਣੇ ਇਹ ਦਰਵਾਜ਼ੇ ਪੇਂਡੂ ਲੋਕਾਂ ਦੀਆਂ ਕਈ-ਕਈ ਲੋੜਾਂ ਪੂਰੀਆਂ ਕਰਦੇ। ਅੱਜ-ਕੱਲ੍ਹ ਭਾਵੇਂ ਪਿੰਡਾਂ ਵਿੱਚ ਨਵੇਂ ਦਰਵਾਜ਼ੇ ਬਣਾਉਣ ਦਾ ਬਹੁਤਾ ਰਿਵਾਜ਼ ਨਹੀਂ ਰਿਹਾ ਪਰ ਇਨ੍ਹਾਂ ਦਰਵਾਜ਼ਿਆਂ ਨੂੰ ਵਿਰਸੇ ਦੀ ਨਿਸ਼ਾਨੀ ਦੇ ਤੌਰ ’ਤੇ ਸੰਭਾਲਿਆ ਜ਼ਰੂਰ ਜਾ ਸਕਦਾ ਹੈ।
ਲੁਧਿਆਣੇ ਜ਼ਿਲ੍ਹੇ ਵਿਚ ਸਮਰਾਲਾ ਤੋਂ ਖੰਨੇ ਜਾਣ ਵਾਲੀ ਸੜਕ ’ਤੇ ਸਮਰਾਲੇ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਉਟਾਲਾਂ ਵਿਚ 12 ਦਰਵਾਜ਼ੇ ਹੁੰਦੇ ਸਨ, ਜਿਸ ਕਰਕੇ ਇਸ ਨੂੰ ਬਾਰਾਂ ਦਰਵਾਜ਼ਿਆਂ ਵਾਲਾ ਪਿੰਡ ਕਰਕੇ ਜਾਣਿਆ ਜਾਂਦਾ ਸੀ। ਅੱਜ-ਕੱਲ੍ਹ ਕਈ ਦਰਵਾਜ਼ੇ ਢਹਿ-ਢੇਰੀ ਹੋ ਕੇ ਆਪਣੀ ਹੋਂਦ ਮਿਟਾ ਚੁੱਕੇ ਹਨ। ਉਨ੍ਹਾਂ ਥਾਵਾਂ ’ਤੇ ਕਈ ਲੋਕਾਂ ਨੇ ਕਬਜ਼ੇ ਵੀ ਕਰ ਲਏ ਹਨ ਪਰ ਫਿਰ ਵੀ ਪਿੰਡ ਵਿਚ ਇਸ ਸਮੇਂ ਛੇ ਦਰਵਾਜ਼ੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੀ ਆਪਣੀ ਹੀ ਸ਼ਾਨ ਹੈ। ਜਿਹੜੇ ਯਾਤਰੀ ਸਮਰਾਲਾ-ਖੰਨਾ ਸੜਕ ’ਤੇ ਸਫ਼ਰ ਕਰਦੇ ਹਨ, ਉਨ੍ਹਾਂ ਦੀ ਨਿਗ੍ਹਾ ਆਪਣੇ ਆਪ ਹੀ ਸੜਕ ’ਤੇ ਬਣੇ ਦੋ ਦਰਵਾਜ਼ਿਆਂ ਵੱਲ ਚਲੀ ਜਾਂਦੀ ਹੈ। ਜਿਹੜੇ ਦੋ ਦਰਵਾਜ਼ੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਬਣੇ ਹੋਏ ਹਨ, ਉਨ੍ਹਾਂ ਵਿੱਚ ਇੱਕ ਦਰਵਾਜ਼ਾ ‘ਨੱਥੂ ਪੱਤੀ’ ਦਰਵਾਜ਼ਾ ਅਤੇ ਦੂਜਾ ‘ਧੀ ਧਿਆਣੀ’ ਦਰਵਾਜ਼ਾ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਵਿੱਚ ਚਾਰ ਹੋਰ ਦਰਵਾਜ਼ੇ ਹਨ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਇਸ ਪਿੰਡ ਦੀ ਮੌੜੀ ਘੁੜਾਮ ਤੋਂ ਆਏ ਜ਼ਿਮੀਂਦਾਰ ਵੱਲੋਂ ਬੰਨ੍ਹੀ ਗਈ ਸੀ ਪਰ ਇਹ ਦਰਵਾਜ਼ੇ ਸਦੀਆਂ ਪਹਿਲਾਂ ਜ਼ੈਲਦਾਰ ਨਿਰੰਜਣ ਸਿੰਘ ਵੱਲੋਂ ਬਣਾਏ ਗਏ ਸਨ, ਜਿਸ ਦੇ ਨਾਂ ’ਤੇ ਅੱਜ ਵੀ ਪਿੰਡ ਵਿੱਚ ਜ਼ੈਲਦਾਰ ਨਿਰੰਜਣ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ।
ਪਿੰਡ ਦੀ ਸੜਕ ’ਤੇ ਬਣਿਆ ਨੱਥੂ ਪੱਤੀ ਵਾਲਾ ਦਰਵਾਜ਼ਾ ਇੱਕ ਦਰਸ਼ਨੀ ਦਰਵਾਜ਼ਾ ਹੈ, ਜਿਸ ਨੂੰ ਵਿਰਾਸਤ ਪ੍ਰੇਮੀ ਰੁਕ-ਰੁਕ ਕੇ ਦੇਖ ਕੇ ਜਾਂਦੇ ਹਨ। ਪਿੰਡ ਦੇ ਇੱਕ ਬਜ਼ੁਰਗ ਪ੍ਰੇਮ ਸਿੰਘ, ਜੋ ਬਿਜਲੀ ਬੋਰਡ ਤੋਂ ਸੇਵਾਮੁਕਤ ਜੇਈ ਹਨ, ਨੇ ਦੱਸਿਆ ਕਿ ਇਸ ਦਰਵਾਜ਼ੇ ਦੀ ਮੁਰੰਮਤ ਅਤੇ ਦੁਬਾਰਾ ਤਿਆਰੀ ਸੰਨ 1984ਈ: ਵਿੱਚ ਕੀਤੀ ਗਈ ਸੀ। ਇਸ ਨੂੰ ਅਜੋਕਾ ਰੂਪ ਦੇਣ ਵਿੱਚ ਬਾਬਾ ਨਾਹਰ ਸਿੰਘ ਸੱਦਾ, ਮੇਹਰ ਸਿੰਘ ਅਤੇ ਦਲੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਦਰਵਾਜ਼ਾ ਪੁਰਾਣੀਆਂ ਸਤੀਰੀਆਂ ਉਪਰ ਸਰਕੰਡਾ ਪਾ ਕੇ ਬਣਾਇਆ ਹੋਇਆ ਸੀ, ਜਿਸ ਨੂੰ ਬਦਲ ਕੇ ਅਜੋਕਾ ਰੂਪ ਦਿੱਤਾ ਗਿਆ ਹੈ। ਇਹ ਦਰਵਾਜ਼ਾ ਹੁਣ ਬਹੁਤ ਖੁੱਲ੍ਹਾ ਹੈ, ਜਿਸ ਵਿੱਚ ਅੱਠ ਪਿੱਲਰ ਬਣਾਏ ਗਏ ਹਨ। ਇਸ ਦਰਵਾਜ਼ੇ ਵਿੱਚ ਪੁਰਾਣੀ ਕਿਸਮ ਦੇ 12 ਆਲੇ ਬਣੇ ਹੋਏ ਹਨ। ਇੱਥੇ ਸ਼ੇਰਾਂ ਦੀਆਂ ਮੂਰਤੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਦਰਵਾਜ਼ੇ ਦੇ ਅੱਗੇ-ਪਿੱਛੇ ਕਾਫੀ ਖੁੱਲ੍ਹੀ ਜਗ੍ਹਾ ਛੱਡੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਦੇ ਪੁਰਾਣੇ ਸਮੇਂ ਵਿੱਚ ਇੱਥੇ ਜੰਝਾਂ ਦੀ ਖੂਬ ਰੌਣਕ ਲੱਗਦੀ ਹੋਵੇਗੀ।
ਬਜ਼ੁਰਗ ਪ੍ਰੇਮ ਸਿੰਘ ਨੇ ਦੱਸਿਆ ਕਿ ਜਦੋਂ 1984 ਵਿੱਚ ਇਸ ਦਰਵਾਜ਼ੇ ਨੂੰ ਅਜੋਕਾ ਰੂਪ ਦੇਣ ਦਾ ਯਤਨ ਕੀਤਾ ਗਿਆ ਤਾਂ ਉਸ ਸਮੇਂ ਪਿੰਡ ਵਾਲਿਆਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ 200 ਰੁਪਏ ਪ੍ਰਤੀ ਘਰ ਉਗਰਾਹੀ ਕੀਤੀ ਗਈ। ਜੋ ਲੋਕ 200 ਰੁਪਏ ਨਾ ਦੇ ਸਕੇ, ਉਨ੍ਹਾਂ ਨੇ ਮਜ਼ਦੂਰ ਦੇ ਤੌਰ ’ਤੇ ਕੰਮ ਕਰ ਕੇ ਆਪਣਾ ਯੋਗਦਾਨ ਪਾਇਆ। ਹੁਣ ਇਸ ਦਰਵਾਜ਼ੇ ਦੀ ਫਿਰ ਤਾਜ਼ੀ ਮੁਰੰਮਤ ਅਤੇ ਰੰਗ-ਰੋਗਨ ਕੀਤਾ ਗਿਆ ਹੈ, ਜਿਸ ’ਤੇ 20,000 ਰੁਪਏ ਖਰਚਾ ਆਇਆ ਹੈ। ਇਸ ਸਬੰਧੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਮਿਲੀ। ਪੁਰਾਣਾ ਮੁਸਲਮਾਨੀ ਪਿੰਡ ਹੋਣ ਕਰਕੇ ਪਿੰਡ ਵਾਸੀਆਂ ਦਾ ਵਿਰਸਾ ਅਤੇ ਭਵਨ ਨਿਰਮਾਣ ਵੱਲ ਚੰਗਾ ਝੁਕਾਅ ਰਿਹਾ ਹੈ। ਅੱਜ-ਕੱਲ੍ਹ ਪਿੰਡ ਦੇ ਬਹੁਤੇ ਵਸਨੀਕ ਵਿਦੇਸ਼ਾਂ ਵਿੱਚ ਰਹਿਣ ਲੱਗ ਪਏ ਹਨ ਪਰ ਉਨ੍ਹਾਂ ਦਾ ਪਿੰਡ ਪ੍ਰਤੀ ਪ੍ਰੇਮ ਉਸੇ ਤਰ੍ਹਾਂ ਬਰਕਰਾਰ ਹੈ। ਪਿੰਡ ਦੇ ਸਾਂਝੇ ਕੰਮਾਂ ਲਈ ਐੱਨਆਰਆਈ ਵਿੱਤੀ ਸਹਾਇਤਾ ਭੇਜਦੇ ਰਹਿੰਦੇ ਹਨ। ਇਸ ਦਰਵਾਜ਼ੇ ਵਿੱਚ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ’ਤੇ ਸਾਂਝੇ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ ਅਤੇ ਲਗਾਤਾਰ ਤਿੰਨ ਦਿਨ ਲੰਗਰ ਚੱਲਦੇ ਹਨ। ਸਿੱਖਿਆ, ਸਿਹਤ ਅਤੇ ਸਫ਼ਾਈ ਵਜੋਂ ਵੀ ਇਹ ਪਿੰਡ ਤਰੱਕੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ।
ਸੰਪਰਕ: 98764-52223