ਜਸ਼ਨਦੀਪ ਸਿੰਘ
ਗੁਰੂ ਅੰਗਦ ਦੇਵ ਦਾ ਖਡੂਰ ਸਾਹਿਬ ਨਾਲ ਗਹਿਰਾ ਸਬੰਧ ਹੈ। ਗੁਰੂ ਸਾਹਿਬ ਨੇ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾ ਕੇ ਇਸ ਧਰਤੀ ਨੂੰ ਮੁੜ ਵਸਾਇਆ। ਇਸ ਦੀ ਮਿਸਾਲ ਭਾਈ ਸੱਤਾ ਤੇ ਭਾਈ ਬਲਵੰਡ ‘ਰਾਮਕਲੀ ਕੀ ਵਾਰ’ ਵਿੱਚ ਇੰਜ ਪੇਸ਼ ਕਰਦੇ ਹਨ:
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਨੇ ਆਪਣੇ ਗੁਰਿਆਈ ਕਾਲ ਦੇ ਲਗਪਗ 13 ਸਾਲ ਬਸਰ ਕੀਤੇ। ਇੱਥੇ ਗੁਰੂ ਅੰਗਦ ਦੇਵ ਨੇ ਸੰਗਤ ਕਾਇਮ ਕੀਤੀ, ਲੰਗਰ ਪ੍ਰਥਾ ਦਾ ਵਿਕਾਸ ਕੀਤਾ, ਗੁਰੂ ਨਾਨਕ ਦੇਵ ਦੀ ਬਾਣੀ ਦੀ ਸੰਪਾਦਨਾ ਕੀਤੀ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਲਿਖਵਾਈ। ਇਸ ਤੋਂ ਇਲਾਵਾ ਇਥੇ ਹੀ ਗੁਰਮੁਖੀ ਲਿੱਪੀ ਦਾ ਵਿਕਾਸ ਕਰ ਕੇ ਇਸ ਦਾ ਪ੍ਰਚਾਰ-ਪਸਾਰ ਕੀਤਾ ਤੇ ਗੁਰਮੁਖੀ ਦਾ ਪਹਿਲਾ ਬਾਲ-ਬੋਧ ਤਿਆਰ ਕੀਤਾ। ਸਰੀਰਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਇਸੇ ਅਸਥਾਨ ’ਤੇ ਗੁਰੂ ਜੀ ਨੇ ਮੱਲ ਅਖਾੜਾ ਰਚਿਆ। ਇਸ ਤਰ੍ਹਾਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਨੇ ਆਪਣੇ ਗੁਰਿਆਈ ਕਾਲ ਸਮੇਂ ਅਨੇਕਾਂ ਮਹਾਨ ਕਾਰਜ ਕੀਤੇ। ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਅਸਥਾਨਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਗੁਰਦੁਆਰਾ ਮਾਈ ਭਰਾਈ (ਵਿਰਾਈ) ਜੀ: ਮੱਤੇ ਦੀ ਸਰਾਂ ਦੇ ਚੌਧਰੀ ਤਖ਼ਤ ਮੱਲ ਦੀ ਧੀ ਮਾਈ ਭਰਾਈ ਗੁਰੂ ਨਾਨਕ ਦੇਵ ਦੀ ਸ਼ਰਧਾਲੂ ਸੀ। ਉਹ ਖਡੂਰ ਸਾਹਿਬ ਹੀ ਵਿਆਹੀ ਹੋਈ ਸੀ। ਜਦੋਂ ਗੁਰੂ ਨਾਨਕ ਦੇਵ ਵੱਲੋਂ ਗੁਰੂ ਅੰਗਦ ਦੇਵ ਨੂੰ ਗੁਰਿਆਈ ਬਖ਼ਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਗੁਰੂ ਅੰਗਦ ਦੇਵ ਨੂੰ ਖਡੂਰ ਸਾਹਿਬ ਵਿਖੇ ਮਾਈ ਭਰਾਈ (ਵਿਰਾਈ) ਦੇ ਘਰ ਜਾਣ ਦਾ ਹੁਕਮ ਕਰਦੇ ਹਨ। ਇਸ ਮਗਰੋਂ ਗੁਰੂ ਅੰਗਦ ਦੇਵ ਨੇ ਮਾਈ ਭਰਾਈ ਦੇ ਗ੍ਰਹਿ ’ਚ ਲਗਪਗ ਛੇ ਮਹੀਨੇ ਭਗਤੀ ਕੀਤੀ।
ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ: ਇਹ ਅਸਥਾਨ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਹੈ। ਉਹ ਇਥੇ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਕੀਰਤਨ ਕਰਦੇ ਰਹੇ। ਭਾਈ ਸੰਤੋਖ ਸਿੰਘ ਅਨੁਸਾਰ ਇਸੇ ਅਸਥਾਨ ’ਤੇ ਗੁਰੂ ਅੰਗਦ ਦੇਵ ਨੇ ਭਾਈ ਬਾਲਾ ਪਾਸੋਂ ਗੁਰੂ ਨਾਨਕ ਦੇਵ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਮੋਖਾ ਪਾਸੋਂ ਲਿਖਵਾਈ। ਜਨਮ ਸਾਖੀ ਸੰਪੂਰਨ ਹੋਣ ਤੋਂ ਬਾਅਦ ਇਸੇ ਅਸਥਾਨ ’ਤੇ ਭਾਈ ਬਾਲਾ ਕੁੱਝ ਸਮੇਂ ਬਾਅਦ ਅਕਾਲ ਚਲਾਣਾ ਕਰ ਗਏ ਅਤੇ ਇੱਥੇ ਹੀ ਗੁਰੂ ਅੰਗਦ ਦੇਵ ਨੇ ਉਨ੍ਹਾਂ ਦਾ ਸਸਕਾਰ ਕੀਤਾ। ਇਹ ਜਗ੍ਹਾ ਤਪਿਆਣਾ ਸਾਹਿਬ ਦੇ ਬਿਲਕੁਲ ਨੇੜੇ ਹੈ।
ਗੁਰਦੁਆਰਾ ਤਪ ਅਸਥਾਨ ਸਾਹਿਬ: ਇਹ ਅਸਥਾਨ ਗੁਰੂ ਅੰਗਦ ਦੇਵ ਦਾ ਤਪ ਅਸਥਾਨ ਹੈ, ਜਿੱਥੇ ਗੁਰੂ ਜੀ ਬੰਦਗੀ ਕਰਿਆ ਕਰਦੇ ਸਨ। ਤਵਾਰੀਖ਼ ਅਨੁਸਾਰ ਇੱਕ ਵਾਰ ਜਦੋਂ ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਨੂੰ ਖਡੂਰ ਸਾਹਿਬ ਤੋਂ ਵਿਦਾ ਕਰਨ ਲਈ ਇਸ ਅਸਥਾਨ ’ਤੇ ਪੁੱਜੇ ਤਾਂ ਗੁਰੂ ਨਾਨਕ ਨੇ ਬਚਨ ਕੀਤਾ, ‘‘ਪੁਰਖਾ! ਇੱਥੇ ਬੈਠ ਅਸੀਂ ਹੁਣ ਚੱਲਦੇ ਹਾਂ।’’ ਇਸ ਹੁਕਮ ਨੂੰ ਸਤਿ ਮੰਨ ਕੇ ਭਾਈ ਲਹਿਣਾ ਜੀ ਚੌਂਕੜਾ ਮਾਰ ਕੇ ਬੈਠ ਗਏ। ਗੁਰੂ ਨਾਨਕ ਜਦ ਕੁੱਝ ਸਮੇਂ ਬਾਅਦ ਦੁਬਾਰਾ ਇੱਥੇ ਆਏ ਤਾਂ ਭਾਈ ਲਹਿਣਾ ਨੂੰ ਬਖ਼ਸ਼ਿਸ਼ਾਂ ਨਾਲ ਨਿਹਾਲ ਕਰ ਦਿੱਤਾ।
ਗੁਰਦੁਆਰਾ ਮੱਲ ਅਖਾੜਾ ਸਾਹਿਬ: ਇਸ ਅਸਥਾਨ ’ਤੇ ਗੁਰੂ ਸਾਹਿਬ ਦੀਵਾਨ ਸਜਾਉਂਦੇ। ਦੂਰੋਂ-ਦੂਰੋਂ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਪੁੱਜਦੀ ਅਤੇ ਬਚਨ ਸੁਣ ਕੇ ਨਿਹਾਲ ਹੁੰਦੀ। ਗੁਰੂ ਅੰਗਦ ਦੇਵ ਦਾ ਮਨੋਰਥ ਸਿੱਖਾਂ ਨੂੰ ਭਗਤੀ ਤੇ ਸ਼ਕਤੀ ਦਾ ਧਾਰਨੀ ਬਣਾਉਣਾ ਸੀ। ਇਸ ਤਰ੍ਹਾਂ ਗੁਰੂ ਜੀ ਸੰਗਤ ਨੂੰ ਆਤਮਿਕ ਤੌਰ ’ਤੇ ਬਲਵਾਨ ਬਣਾਉਣ ਲਈ ਜਿੱਥੇ ਨਾਮ-ਧਨ ਬਖ਼ਸ਼ਦੇ, ਉਥੇ ਸਰੀਰਕ ਤੌਰ ’ਤੇ ਮਜ਼ਬੂਤੀ ਅਤੇ ਤੰਦਰੁਸਤੀ ਲਈ ਨੌਜਵਾਨਾਂ ਦੇ ਘੋਲ ਵੀ ਕਰਵਾਉਂਦੇ। ਗੁਰੂ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਉਂਦੇ ਅਤੇ ਖੁਦ ਘੋਲ ਦੇਖਦੇ। ਸਰੂਪ ਦਾਸ ਭੱਲਾ ਇਸ ਬਾਰੇ ਇੰਝ ਲਿਖਦੇ ਹਨ:
ਪਹਲਵਾਨ ਬੁਲਾਇ ਆਖਾਰ ਪਰੇ।
ਸਤਿਗੁਰ ਪ੍ਰਸੰਨ ਹੋਇ ਤਿਹ ਦੇਖੇ।
ਜੀਤ ਹਾਰ ਸਮਸਰ ਕਰ ਲੇਖੇ।
ਇਸ ਅਸਥਾਨ ’ਤੇ ਗੁਰੂ ਅੰਗਦ ਦੇਵ ਨੇ ਗੁਰਮੁਖੀ ਲਿੱਪੀ ਦਾ ਵਿਕਾਸ ਕਾਰਜ ਕਰਦਿਆਂ ਗੁਰਮੁਖੀ ਅੱਖਰਾਂ ਨੂੰ ਤਰਤੀਬਵਾਰ ਕਰ ਕੇ ਇਸ ਦਾ ਪ੍ਰਚਾਰ-ਪਸਾਰ ਕੀਤਾ। ਗੁਰੂ ਜੀ ਨੇ ਇਸੇ ਅਸਥਾਨ ’ਤੇ ਬੱਚਿਆਂ ਨੂੰ ਬਾਲ-ਬੋਧ ਵੰਡੇ ਸਨ। ਗੁਰਮੁਖੀ ਦਾ ਪਹਿਲਾ ਬਾਲ-ਬੋਧ ਤਿਆਰ ਕਰਨ ਕਾਰਨ ਇਸ ਅਸਥਾਨ ਨੂੰ ਗੁਰਮਤਿ ਦੀ ਪਹਿਲੀ ਪਾਠਸ਼ਾਲਾ ਵੀ ਕਿਹਾ ਜਾਂਦਾ ਹੈ। ਗੁਰਸਿੱਖੀ ਦੇ ਇਸ ਸਕੂਲ ਵਿੱਚ ਗੁਰੂ ਜੀ ਬੱਚਿਆਂ ਨੂੰ ਅਧਿਆਪਕ (ਗੁਰੂ) ਦੀ ਤਰ੍ਹਾਂ ਗੁਰਮੁਖੀ ਅੱਖਰਾਂ ਦੀ ਸਿੱਖਿਆ ਦਿੰਦੇ। ਗਿਆਨੀ ਗਿਆਨ ਸਿੰਘ ਲਿਖਦੇ ਹਨ:
ਅਖਰ ਰਚ ਕੇ ਗੁਰਮੁਖੀ ਫਿਰ ਸਿਖਨ ਪੜਾਏ।
ਸਮਕਾਲੀ ਬਾਦਸ਼ਾਹ ਹਿਮਾਯੂੰ ਦਾ ਹੰਕਾਰ ਵੀ ਗੁਰੂ ਜੀ ਨੇ ਇਸੇ ਅਸਥਾਨ ’ਤੇ ਤੋੜਿਆ।
ਲੰਗਰ ਹਾਲ ਮਾਤਾ ਖੀਵੀ ਜੀ: ਇਹ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਦੇ ਨਜ਼ਦੀਕ ਹੈ। ਗੁਰੂ ਅੰਗਦ ਦੇਵ ਜਿੱਥੇ ਸੰਗਤ ਨੂੰ ਆਤਮਿਕ ਖੁਰਾਕ (ਨਾਮ ਦਾ ਲੰਗਰ) ਵੰਡਦੇ, ਉਥੇ ਹੀ ਮਾਤਾ ਖੀਵੀ ਜੀ ਗੁਰੂ ਕੇ ਲੰਗਰਾਂ ਵਿੱਚ ਘਿਓ ਵਾਲੀ ਖੀਰ ਵਰਤਾ ਕੇ ਸੰਗਤ ਨੂੰ ਸਰੀਰਕ ਤੌਰ ’ਤੇ ਮਜ਼ਬੂਤੀ ਪ੍ਰਦਾਨ ਕਰਦੇ। ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਯੋਗ ਅਗਵਾਈ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਖੀਰ ਘਿਆਲੀ ਵਾਲੀ ਪ੍ਰੰਪਰਾ ਅੱਜ ਵੀ ਮਾਤਾ ਖੀਵੀ ਦੇ ਲੰਗਰਾਂ ਵਿੱਚ ਨਿਰੰਤਰ ਜਾਰੀ ਹੈ।
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਿਰਾਇ ਸਾਹਿਬ ਜੀ ਤਕ ਅਤੇ ਨੌਵੇਂ ਗੁਰੂ ਤੇਗ ਬਹਾਦਰ ਨੇ ਵੀ ਇਸ ਨਗਰੀ ਵਿੱਚ ਆਪਣੇ ਪਾਵਨ ਚਰਨ ਪਾਏ। ਇਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਨੂੰ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਪ੍ਰਾਪਤ ਹੈ।
ਸੰਪਰਕ: 70870-90905
ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਅਤੇ ਖੱਡੀ ਸਾਹਿਬ: ਇਸ ਅਸਥਾਨ ’ਤੇ ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਬਿਆਸਾ ਦਰਿਆ ਤੋਂ ਜਲ ਦੀ ਗਾਗਰ ਲਿਆਉਂਦੇ ਸਮੇਂ ਬਾਬਾ ਅਮਰਦਾਸ ਨੂੰ ਜੁਲਾਹੀ ਦੀ ਖੱਡੀ ਨਾਲ ਠੇਡਾ ਲੱਗ ਗਿਆ ਅਤੇ ਉਹ ਡਿੱਗ ਪਏ ਪਰ ਆਪਣੇ ਪਿਆਰੇ ਪ੍ਰੀਤਮ ਦੇ ਇਸ਼ਨਾਨ ਲਈ ਲਿਆਂਦੀ ਜਲ ਦੀ ਗਾਗਰ ਡੁੱਲ੍ਹਣ ਨਾ ਦਿੱਤੀ। ਜਦ ਉਹ ਡਿੱਗੇ ਤਾਂ ਜੁਲਾਹੇ ਨੂੰ ਆਵਾਜ਼ ਸੁਣਾਈ ਦਿੱਤੀ ਅਤੇ ਉਸ ਨੇ ਜੁਲਾਹੀ ਨੂੰ ਪੁੱਛਿਆ ਕਿ ਇਸ ਸਮੇਂ ਅੱਧੀ ਰਾਤ ਨੂੰ ਕੌਣ ਹੈ? ਜੁਲਾਹੀ ਨੇ ਕਿਹਾ, ‘‘ਅਮਰੂ ਨਿਥਾਵਾ ਈ ਹੋਣਾ ਐ, ਜਿਸ ਨੂੰ ਚੈਨ ਨਹੀਂ।’ ਜੁਲਾਹੀ ਦੇ ਅਪਮਾਨਿਤ ਸ਼ਬਦ (ਗੁਰੂ) ਬਾਬਾ ਅਮਰਦਾਸ ਦੇ ਕੰਨੀਂ ਪੈ ਗਏ ਅਤੇ ਉਨ੍ਹਾਂ ਮੂੰਹੋਂ ਸਹਿਜੇ ਹੀ ਬਚਨ ਨਿਕਲੇ, ਜਿਸ ਨੂੰ ‘ਮਹਿਮਾ ਪ੍ਰਕਾਸ਼’ ਦਾ ਕਰਤਾ ਇਸ ਤਰ੍ਹਾਂ ਲਿਖਦਾ ਹੈ:
ਜੁਲਾਹੀ ਤੂੰ ਕਮਲੀ ਭਈ ਤੋ ਕੋ ਬੁਧ ਨ ਆਹਿ।
ਮੈ ਐਸਾ ਸਤਗੁਰ ਸੇਵਿਆ ਕਹੈ ਨਿਥਾਵਾ ਕਾਹਿ।
ਇਸ ਘਟਨਾ ਮਗਰੋਂ ਗੁਰੂ ਅੰਗਦ ਦੇਵ ਨੇ (ਗੁਰੂ) ਬਾਬਾ ਅਮਰਦਾਸ ਦੀ ਸੇਵਾ ਭਾਵਨਾ ਦੇਖਦਿਆਂ 12 ਬਖ਼ਸ਼ਿਸ਼ਾਂ ਨਾਲ ਨਿਵਾਜਿਆ। ਇਸ ਤਰ੍ਹਾਂ ਗੁਰੂ ਅੰਗਦ ਦੇਵ ਨੇ ਜੋਤੀ-ਜੋਤਿ ਸਮਾਉਣ ਤੋਂ ਕੁੱਝ ਸਮਾ ਪਹਿਲਾਂ ਬਾਬਾ ਅਮਰਦਾਸ ਨੂੰ ਗੁਰਿਆਈ ਬਖਸ਼ਿਸ਼ ਕੀਤੀ ਅਤੇ ਆਪ ਇਸੇ ਅਸਥਾਨ ’ਤੇ 1552 ਈ. ਨੂੰ ਜੋਤੀ-ਜੋਤਿ ਸਮਾ ਗਏ।