ਮਨਮੋਹਨ
ਅਮਨੁੱਖਤਾ ਦਾ ਇਤਿਹਾਸ
ਅਮਰੀਕਾ ’ਚ 25 ਮਈ ਤੋਂ ਹਿੰਸਕ-ਅਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ ਮੁਜ਼ਾਹਰੇ 52 ਸਾਲ ਪਹਿਲਾਂ ਵੀ ਹੋਏ। ਉਸ ਸਮੇਂ ਅਫ਼ਰੀਕੀ-ਅਮਰੀਕੀ ਮੂਲ ਦੇ ਸਿਆਹਫ਼ਾਮ ਨਸਲ ਦੇ ਜਗਤ ਪ੍ਰਸਿੱਧ ਰਹਿਨੁਮਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਹੱਤਿਆ ਗੋਰੇ ਨੇ ਕੀਤੀ ਸੀ। ਚਾਰ ਅਪਰੈਲ 1968 ਨੂੰ ਹੋਏ ਇਸ ਕਤਲ ਤੋਂ ਬਾਅਦ ਹੋਏ ਪ੍ਰਦਰਸ਼ਨਾਂ ’ਚ ਦਰਜਨਾਂ ਲੋਕ ਮਾਰੇ ਗਏ, ਸੈਂਕੜੇ ਜ਼ਖ਼ਮੀ ਹੋਏ ਅਤੇ ਹਜ਼ਾਰਾਂ ਗ੍ਰਿਫ਼ਤਾਰ ਹੋਏ। ਇਸ ਅੰਦੋਲਨ ਦੀ ਖ਼ੂਬੀ ਇਹ ਹੈ ਕਿ ਇਸ ’ਚ ਸਿਆਹ, ਗੋਰੇ, ਭੂਰੇ/ਮੁਲੈਟੋ ਸਾਰੇ ਰੰਗਾਂ ਦੇ ਲੋਕ ਭਾਗ ਲੈ ਰਹੇ ਹਨ। ਆਖ਼ਰ ਕੀ ਨਵੀਂ ਗੱਲ ਹੈ ਕਿ ਅਮਰੀਕਾ ਹੀ ਨਹੀਂ ਸਗੋਂ ਪੂਰੇ ਯੂਰੋਪ ਅਤੇ ਇਸਲਾਮੀ ਮੁਲਕਾਂ ਵਿਚ ਵੀ ਪ੍ਰਦਰਸ਼ਨ ਹੋ ਰਹੇ ਹਨ? ਉਹ ਵੀ ਜਦੋਂ ਇਸ ਸਮੇਂ ਅਮਰੀਕਾ ’ਚ ਕਰੋਨਾ ਦਾ ਜਿੰਨਾ ਕਹਿਰ ਦਿਖਾਈ ਦਿੰਦਾ ਹੈ, ਓਨਾ ਕਿਸੇ ਹੋਰ ਮੁਲਕ ’ਚ ਨਹੀਂ। ਅਮਰੀਕਾ ਆਪਣੇ ਆਪ ਨੂੰ ਸਭ ਤੋਂ ਵੱਧ ਜਮਹੂਰੀਅਤਪਸੰਦ, ਸੱਭਿਅਕ ਅਤੇ ਸੰਪੰਨ ਦੇਸ਼ ਗਰਦਾਨਦਾ ਹੈ, ਫਿਰ ਅਜਿਹੇ ਪ੍ਰਦਰਸ਼ਨ ਕਿਉਂ?
ਓਪਰੀ ਨਜ਼ਰੇ ਦੇਖਿਆਂ ਇਹ ਇਕ ਸਿਆਹ ਬੰਦੇ ਦੀ ਪੁਲੀਸ ਦੀ ਵਧੀਕੀ ਕਾਰਨ ਹੋਈ ਮੌਤ ਦਾ ਮਾਮਲਾ ਲੱਗਦਾ ਹੈ। ਪੰਝੀ ਮਈ ਨੂੰ ਅਮਰੀਕਾ ’ਚ ਦਿਨ ਦਿਹਾੜੇ ਸੜਕ ’ਤੇ ਜਾਰਜ ਫਲਾਇਡ ਦੀ ਗਰਦਨ ਪੁਲੀਸ ਦੇ ਨਸਲਵਾਦੀ ਵਿਵਹਾਰ ਕਾਰਨ ਗੋਰੇ ਪੁਲੀਸ ਅਧਿਕਾਰੀ ਦੇ ਗੋਡੇ ਹੇਠ ਲਗਪਗ ਅੱਠ ਮਿੰਟ ਛਿਆਲੀ ਸੈਕਿੰਡ ਦੱਬੀ ਰਹੀ। ਜਾਰਜ ਵਾਰ ਵਾਰ ਮਿੰਨਤਾਂ ਕਰਦਾ ਰਿਹਾ ਕਿ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਛੱਡ ਦਿਓ… ਮੈਨੂੰ ਛੱਡ ਦਿਓ। ਪਰ ਉਸ ਦੀ ਕਿਸੇ ਨਾ ਸੁਣੀ। ਤਿੰਨ ਗੋਰੇ ਸਾਥੀ ਪੁਲੀਸਕਰਮੀ ਵੀ ਇਹ ਤਮਾਸ਼ਾ ਦੇਖਦੇ ਰਹੇ। ਹਸਪਤਾਲ ਪਹੁੰਚਦਿਆਂ ਹੀ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਬਾਅਦ ’ਚ ਉਸ ਦੇ ਪੋਸਟ-ਮਾਰਟਮ ਤੋਂ ਪਤਾ ਲੱਗਿਆ ਕਿ ਉਹ ਕੋਵਿਡ ਸੰਕ੍ਰਮਿਤ ਵੀ ਸੀ। ਕੋਵਿਡ ਲੱਛਣਾਂ ਨਾਲ ਵੀ ਵਿਅਕਤੀ ਸਾਹ ਘੁੱਟ ਕੇ ਹੀ ਮਰਦਾ ਹੈ। ਸ਼ਾਇਦ ਕਰੋਨਾ ਵਿਸ਼ਾਣੂ ਤੋਂ ਤਾਂ ਉਹ ਮਰਨੋਂ ਬਚ ਜਾਂਦਾ, ਪਰ ਨਸਲਵਾਦੀ ਵਿਸ਼ਾਣੂ ਨੇ ਉਸ ਦੀ ਜਾਨ ਲੈ ਲਈ। ਜਾਰਜ ਦੇ ਘਰ ’ਚ ਪਤਨੀ ਅਤੇ ਦੋ ਬੱਚੇ ਹਨ। ਉਸ ’ਤੇ ਦੋਸ਼ ਲਗਾਇਆ ਗਿਆ ਕਿ ਕਰਿਆਨਾ ਸਟੋਰ ’ਤੇ ਉਸ ਨੇ ਨਕਲੀ ਵੀਹ ਡਾਲਰ ਚਲਾ ਕੇ ਘਰ ਲਈ ਸਾਮਾਨ ਖਰੀਦਣ ਦੀ ਕੋਸ਼ਿਸ਼ ਕੀਤੀ। ਜਦੋਂ ਜਾਰਜ ਦੀ ਧੌਣ ਡੈਰਿਕ ਚੌਵਿਨ ਨਾਮੀ ਗੋਰੇ ਪੁਲੀਸ ਅਫ਼ਸਰ ਦੇ ਗੋਡੇ ਹੇਠ ਸੀ ਤਾਂ ਲਾਗਿਓਂ ਲੰਘਦੀ ਸਤਾਰਾਂ ਸਾਲਾਂ ਦੀ ਡਾਰਨੈਲਾ ਫਰੇਜ਼ੀਅਰ ਨਾਮ ਦੀ ਕੁੜੀ ਨੇ ਆਪਣੇ ਮੋਬਾਈਲ ’ਤੇ ਪੁਲੀਸ ਵਧੀਕੀ ਤੇ ਜ਼ੁਲਮ ਦੀ ਫਿਲਮ ਬਣਾਈ ਜੋ ਵਾਇਰਲ ਹੋ ਗਈ। ਹੁਣ ਮਸਲਾ ਸਿਰਫ਼ ਕਿਸੇ ਸਿਆਹਫ਼ਾਮ ਵਿਅਕਤੀ ਦੇ ਕਤਲ ਦਾ ਨਹੀਂ ਰਿਹਾ ਸਗੋਂ ਇਸ ਨੇ ਤਾਂ ਅਮਰੀਕਾ ਦੇ ਪਿਛਲੇ ਢਾਈ ਤਿੰਨ ਸੌ ਸਾਲ ਦੇ ਨਸਲਵਾਦੀ ਇਤਿਹਾਸ ਦੀਆਂ ਪਰਤਾਂ ਉਧੇੜ ਦਿੱਤੀਆਂ।
‘ਬਲੈਕ ਲਾਈਵਜ਼ ਮੈਟਰ’ ਦੀ ਇਹ ਰੋਸ ਲਹਿਰ ਅਮਰੀਕਾ ’ਚ ਹੀ ਨਹੀਂ ਸਗੋਂ ਪੂਰੇ ਪੱਛਮੀ ਮੁਲਕਾਂ ’ਚ ਫੈਲ ਗਈ। ਇਨ੍ਹਾਂ ਦਾ ਨਾਅਰਾ ਸੀ ਕਿ ਨਸਲਵਾਦ ਮਹਾਂਮਾਰੀ ਤੋਂ ਵੀ ਵੱਧ ਘਾਤਕ ਤੇ ਜਾਨਲੇਵਾ ਹੈ। ਇਸ ਲਹਿਰ ਨੇ ਨਸਲੀ ਅਧਿਕਾਰਾਂ ਨੂੰ ਹੀ ਸਵਾਲਾਂ ਦੇ ਘੇਰੇ ਵਿਚ ਨਹੀਂ ਲਿਆਂਦਾ ਸਗੋਂ ‘ਗ਼ੈਰ-ਸਿਆਸੀ ਹੋਣ ਦੀ ਸਿਆਸਤ’ ’ਤੇ ਵੀ ਸਵਾਲ ਖੜ੍ਹੇ ਕੀਤੇ। ਇਨ੍ਹਾਂ ਦੇ ਹੋਰ ਨਾਅਰੇ ਇਉਂ ਹਨ: ‘ਨਸਲਵਾਦੀ ਨਾ ਹੋਣਾ ਹੀ ਕਾਫ਼ੀ ਨਹੀਂ, ਤੁਹਾਨੂੰ ਨਸਲਵਾਦ ਦੇ ਵਿਰੋਧੀ ਬਣਨਾ ਪਵੇਗਾ’; ‘ਜੇਕਰ ਤੁਸੀਂ ਸਾਡੇ ਨਾਲ ਨਹੀਂ ਤਾਂ ਤੁਸੀਂ ਸਾਡੇ ਵਿਰੋਧੀ ਹੋ’।
ਗ਼ੁਲਾਮੀ ਪ੍ਰਥਾ
ਅਮਰੀਕਾ ’ਚ ਗ਼ੁਲਾਮੀ ਦੀ ਪ੍ਰਥਾ ਦੀ ਸ਼ੁਰੂਆਤ 1627 ’ਚ ਉਦੋਂ ਹੋਈ ਜਦੋਂ ਵਰਜੀਨੀਆ ਬੰਦਰਗਾਹ ’ਤੇ ਅਫ਼ਰੀਕੀ ਮੂਲ ਦੇ ਸਿਆਹਫ਼ਾਮ ਲੋਕਾਂ ਦਾ ਭਰਿਆ ਜਹਾਜ਼ ਉਤਰਿਆ। ਹੌਲ਼ੀ ਹੌਲ਼ੀ ਯੂਰੋਪ ਤੋਂ ਆਏ ਗੋਰੇ ਪਰਵਾਸੀਆਂ ਨੇ ਅਮਰੀਕਾ ’ਚ ਵਸਣਾ ਸ਼ੁਰੂ ਕੀਤਾ ਤਾਂ ਉਹ ਅਫ਼ਰੀਕਾ ਤੋਂ ਆਪਣੇ ਨਾਲ ਹਾਜ਼ਾਰਾਂ ਲੱਖਾਂ ਸਿਆਹ ਲੋਕਾਂ ਨੂੰ ਲਿਆਏ। ਇਹ ਸਿਆਹਫ਼ਾਮ ਲੋਕ ਮਜ਼ਦੂਰ ਨਹੀਂ, ਗ਼ੁਲਾਮ ਸਨ। ਉਨ੍ਹਾਂ ਦਿਨਾਂ ’ਚ ਗ਼ੁਲਾਮਾਂ ਦੀ ਖ਼ਰੀਦੋ-ਫ਼ਰੋਖ਼ਤ ਵੱਡਾ ਵਪਾਰ ਸੀ। ਗ਼ੁਲਾਮਾਂ ਦੀ ਗਿਣਤੀ ਕਿਸੇ ਗੋਰੇ ਜ਼ਿਮੀਂਦਾਰ ਜਾਂ ਕਾਸ਼ਤਕਾਰ ਲਈ ਰੁਤਬੇ ਦਾ ਪ੍ਰਤੀਕ ਸੀ। ਜਿੰਨੇ ਜ਼ਿਆਦਾ ਗ਼ੁਲਾਮ ਓਨੀ ਵੱਡੀ ਹੈਸੀਅਤ। ਇਨ੍ਹਾਂ ਗ਼ੁਲਾਮਾਂ ਨੂੰ ਕੋਈ ਅਧਿਕਾਰ ਨਹੀਂ ਸੀ। ਨਾ ਘਰ ਦਾ। ਨਾ ਰੋਟੀ ਦਾ। ਨਾ ਕੱਪੜੇ ਲੀੜੇ ਦਾ। ਨਾ ਦਵਾ ਦਾਰੂ। ਨਾ ਨਾਗਰਿਕ ਸੁਰੱਖਿਆ ਦਾ। ਇਨ੍ਹਾਂ ਨੂੰ ਜਾਨਵਰਾਂ ਵਾਂਗ ਖਰੀਦਿਆ ਵੇਚਿਆ ਜਾਂਦਾ। 1790 ’ਚ ਅਮਰੀਕੀ ਸਿਆਹਫ਼ਾਮ ਲੋਕਾਂ ਦੀ ਆਬਾਦੀ 20 ਫ਼ੀਸਦੀ ਸੀ, ਪਰ ਉਨ੍ਹਾਂ ਦੇ ਨਾਗਰਿਕ ਅਧਿਕਾਰ ਇਕ ਫ਼ੀਸਦੀ ਵੀ ਨਹੀਂ ਸਨ। ਨਾ ਉਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਸੀ, ਨਾ ਅਦਾਲਤਾਂ ਤੋਂ ਨਿਆਂ ਲੈਣ ਦਾ ਤੇ ਨਾ ਹੀ ਬਿਮਾਰੀ ਦਾ ਇਲਾਜ ਕਰਵਾਉਣ ਦਾ ਕੋਈ ਅਧਿਕਾਰ। ਜਦੋਂ ਕੋਈ ਗੋਰਾ ਕਿਸੇ ਗੱਲੋਂ ਇੱਥੋਂ ਤੱਕ ਕਿ ਬਿਨਾ ਗੱਲ ਤੋਂ ਵੀ ਨਾਰਾਜ਼ ਹੋ ਜਾਂਦਾ ਤਾਂ ਸਿਆਹਫ਼ਾਮ ਲੋਕਾਂ ਨੂੰ ਕੋੜਿਆਂ ਨਾਲ ਮਾਰਦਾ, ਰੁੱਖ ਨਾਲ ਲਟਕਾ ਕੇ ਫਾਂਸੀ ਦੇ ਦਿੱਤੀ ਜਾਂਦੀ, ਅੱਗ ਲਾ ਦਿੱਤੀ ਜਾਂਦੀ ਜਾਂ ਖੂਹ ’ਚ ਧੱਕਾ ਦੇ ਦਿੱਤਾ ਜਾਂਦਾ। ਇਸ ਸਾਰੀ ਨਸਲਾਵਾਦੀ ਬਰਬਰਤਾ ਦੇ ਬਾਵਜੂਦ ਅਮਰੀਕਾ ਦਾ ਸਦਾ ਇਹ ਦਾਅਵਾ ਰਿਹਾ ਕਿ ਉਹ ਸਭ ਤੋਂ ਵੱਧ ਜਮਹੂਰੀਅਤਪਸੰਦ, ਸਮਤਾਵਾਦੀ, ਆਜ਼ਾਦੀਪਸੰਦ ਅਤੇ ਨਿਆਂਸ਼ੀਲ ਕੌਮ ਹੈ।
ਅਬਰਾਹਮ ਲਿੰਕਨ ਦੇ ਜ਼ਮਾਨੇ ’ਚ 1861 ਤੋਂ ਲੈ ਕੇ 1865 ਤੱਕ ਚੱਲੀ ਖਾਨਾਜੰਗੀ ਬਾਅਦ ਅਮਰੀਕੀ ਸੰਵਿਧਾਨ ’ਚ ਤਰਮੀਮਾਂ ਹੋਈਆਂ ਤੇ ਸਦੀਆਂ ਪੁਰਾਣੀ ਗ਼ੁਲਾਮ ਪ੍ਰਥਾ ਦਾ 1865 ’ਚ ਅੰਤ ਹੋਇਆ। ਸਿਆਹਫ਼ਾਮ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ, ਪਰ ਇਹ ਅਧਿਕਾਰ ਗੋਰੇ ਅਮਰੀਕੀਆਂ ਦੇ ਲਹੂ ’ਚ ਰਚੇ ਨਸਲੀ ਵਿਤਕਰੇ ਨੂੰ ਖ਼ਤਮ ਨਹੀਂ ਕਰ ਸਕਿਆ। ਅਜੇ ਦਸ ਬਾਰ੍ਹਾਂ ਸਾਲ ਵੀ ਨਹੀਂ ਹੋਏ ਸਨ ਕਿ ਅਮਰੀਕਾ ਦੇ ਕਈ ਰਾਜਾਂ ਨੇ ਇਹ ਅਧਿਕਾਰ ਖੋਹ ਲਏ। 1896 ’ਚ ਅਮਰੀਕਾ ਦੀ ਸਰਬਉੱਚ ਅਦਾਲਤ ਨੇ ਇਸ ’ਤੇ ਮੋਹਰ ਲਾ ਦਿੱਤੀ। ਇਹ ਉਵੇਂ ਹੀ ਸੀ ਜਿਵੇਂ ਭਾਰਤ ’ਚ 1955 ’ਚ ਅਛੂਤਤਾ (ਅਪਰਾਧ) ਐਕਟ ਅਧੀਨ ਅਛੂਤਤਾ ਨੂੰ ਹਟਾ ਦਿੱਤਾ ਗਿਆ, ਪਰ ਵਿਹਾਰਕ ਰੂਪ ’ਚ ਇਹ ਸਮਾਜ ’ਚ ਅੱਜ ਵੀ ਕਾਇਮ ਹੈ। ਸਿਆਹਫ਼ਾਮ ਲੋਕ ਹੁਣ ਆਜ਼ਾਦ ਸਨ, ਪਰ ਭੁੱਖ ਨਾਲ ਤੜਪ ਤੜਪ ਕੇ ਮਰਨ ਲਈ। ਨਾ ਸਿਰ ’ਤੇ ਛੱਤ ਨਾ ਤੇੜ ਲੰਗੋਟੀ। ਉਹ ਰੋਜ਼ੀ ਰੋਟੀ ਲਈ ਗੋਰੇ ਲੋਕਾਂ ’ਤੇ ਨਿਰਭਰ ਸਨ। ਕਪਾਹ ਅਤੇ ਗੰਨੇ ਦੇ ਖੇਤਾਂ ’ਚ ਦਿਹਾੜੀ ਮਜ਼ਦੂਰੀ ਕਰਦੇ ਤੇ ਜ਼ਲਾਲਤ ਭੋਗਦੇ। ਪਿੰਡਾਂ ਦੀ ਫਿਰਨੀਆਂ ਤੋਂ ਬਾਹਰ ਕੱਚੀਆਂ ਫੂਸ ਦੀਆਂ ਝੁੱਗੀਆਂ ’ਚ ਰਹਿੰਦੇ। ਹੌਲੀ ਹੌਲੀ ਅਜਿਹੀਆਂ ਥਾਵਾਂ ਗੰਦੀਆਂ ਬਸਤੀਆਂ/ਗੈਟੋਜ਼ ’ਚ ਤਬਦੀਲ ਹੋ ਗਈਆਂ। ਉਨ੍ਹਾਂ ਦੇ ਗਿਰਜੇ ਅਤੇ ਕਬਰਿਸਤਾਨ ਵੀ ਅਲੱਗ ਹੋ ਗਏ। ਜਿਵੇਂ ਸਾਡੇ ਪੰਜਾਬ ਵਿਚ ਜਾਤ ਆਧਾਰਿਤ ਗੁਰਦੁਆਰੇ ਤੇ ਸ਼ਮਸ਼ਾਨਘਾਟ ਹਨ। ਸਿਆਹਫ਼ਾਮ ਲੋਕਾਂ ਨੂੰ ਗੋਰੇ ਬੇਹੱਦ ਨਫ਼ਰਤ ਕਰਦੇ। ਸਮਾਜਿਕ ਤੌਰ ’ਤੇ ਉਨ੍ਹਾਂ ਨੂੰ ਅਛੂਤ ਸਮਝਿਆ ਜਾਂਦਾ। ਸਿਆਹ ਲੋਕਾਂ ਲਈ ਨਾ ਸਕੂਲ, ਨਾ ਹਸਪਤਾਲ। ਗੋਰੇ ਦੁੱਧ ਧੋਤੇ ਤੇ ਸਿਆਹਫ਼ਾਮ ਲੋਕ ਆਪਣੇ ਚੰਮ ਵਾਂਗ ਕਾਲੇ ਧੰਦੇ ਕਰਨ ਵਾਲੇ ਸਮਝੇ ਜਾਂਦੇ। ਜੇ ਕਦੇ ਗੋਰੇ ਤੇ ਸਿਆਹਫ਼ਾਮ ਵਿਅਕਤੀ ਦਰਮਿਆਨ ਝਗੜਾ ਹੁੰਦਾ ਤਾਂ ਕਚਹਿਰੀ ਦੀ ਸੁਣਵਾਈ ਤੋਂ ਪਹਿਲਾਂ ਹੀ ਫ਼ੈਸਲਾ ਤੈਅ ਹੁੰਦਾ। ਇਨਸਾਫ਼ ਸਬੂਤਾਂ ਦੇ ਆਧਾਰ ’ਤੇ ਨਹੀਂ, ਚਮੜੀ ਦੇ ਰੰਗ ਦੇ ਆਧਾਰ ’ਤੇ ਹੁੰਦਾ ਸੀ।
ਜਨ ਅੰਦੋਲ
1963 ’ਚ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇ ਦੋ ਲੱਖ ਲੋਕਾਂ ਦੀ ਰੈਲੀ ਨੂੰ ਸੰਬੋਧਿਤ ਕੀਤਾ। ਉਹ ਮਹਾਤਮਾ ਗਾਂਧੀ ਦੀ ਅਹਿੰਸਾ ਦੀ ਨੀਤੀ ਦਾ ਉਪਾਸ਼ਕ ਸੀ। ਉਸ ਨੇ ਉੱਥੇ ਆਪਣਾ ਇਤਿਹਾਸਕ ਭਾਸ਼ਣ ‘ਆਈ ਹੈਵ ਏ ਡਰੀਮ’ ਦਿੱਤਾ। 1956 ’ਚ ਅਲਬਾਮਾ ਰਾਜ ਦੇ ਮਿੰਟਗੁਮਰੀ ਸ਼ਹਿਰ ’ਚ ਰੋਜ਼ਾ ਪਾਰਕਸ ਨਾਮੀ ਸਿਆਹ ਔਰਤ ਨੇ ਕਿਸੇ ਗੋਰੇ ਲਈ ਬੱਸ ’ਚ ਸੀਟ ਖ਼ਾਲੀ ਨਾ ਕੀਤੀ ਤਾਂ ਗੋਰੇ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਘਟਨਾ ਨੇ ‘ਮਹਾਨ ਬੱਸ ਬਾਈਕਾਟ’ ਅੰਦੋਲਨ ਦਾ ਰੂਪ ਧਾਰ ਲਿਆ ਜੋ 381 ਦਿਨ ਚੱਲਿਆ। ਰੋਜ਼ਾ ਪਾਰਕਸ ਇਸ ਨਾਗਰਿਕ ਅੰਦੋਲਨ ਜਨਮਦਾਤੀ ਸੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਇਸ ਦੀ ਰਹਿਨੁਮਾਈ ਕੀਤੀ। ਮਾਰਟਿਨ ਲੂਥਰ ਦੀ ਅਗਵਾਈ ਹੇਠ ਬਲੈਕ ਪੈਂਥਰ ਪਾਰਟੀ ਨੇ ਵਿਆਪਕ ਪੱਧਰ ’ਤੇ ਪ੍ਰਦਰਸ਼ਨ ਕੀਤੇ। ਇਸ ਸੰਘਰਸ਼ ਸਦਕਾ 1964 ’ਚ ‘ਸਿਵਲ ਰਾਈਟਸ ਐਕਟ’ ਅਤੇ 1965 ’ਚ ‘ਵੋਟਿੰਗ ਰਾਈਟਸ ਐਕਟ’ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਅਫ਼ਰੀਕੀ-ਅਮਰੀਕੀ ਲੋਕਾਂ ਨੂੰ ਆਮ ਨਾਗਰਿਕਾਂ ਵਾਲੇ ਅਧਿਕਾਰ ਪ੍ਰਾਪਤ ਹੋਏ। ਚਾਰ ਅਪਰੈਲ 1968 ਨੂੰ ਜੇਮਜ਼ ਅਰਲ ਰੇ ਨਾਮੀ ਗੋਰੇ ਨੇ ਮੈਂਮਫਿਸ ਵਿਖੇ ਗੋਲੀ ਮਾਰ ਕੇ ਮਾਰਟਿਨ ਲੂਥਰ ਕਿੰਗ ਦੀ ਹੱਤਿਆ ਕਰ ਦਿੱਤੀ।
ਅਮਰੀਕਾ ’ਚ ਜ਼ਿਆਦਾਤਰ ਰਾਜਾਂ ’ਚ ਕਾਨੂੰਨੀ ਤੌਰ ’ਤੇ ਨਸਲਵਾਦ ਵਰਜਿਤ ਅਤੇ ਅਪਰਾਧ ਹੈ, ਪਰ ਅਮਰੀਕੀ ਸਮਾਜ ਅਜੇ ਵੀ ਚਮੜੀ ਦੇ ਰੰਗ ਦੇ ਆਧਾਰ ’ਤੇ ਗੋਰੇ ਤੇ ਸਿਆਹਫ਼ਾਮ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। 2013 ’ਚ ਫਰਗੂਸਨ ਅਤੇ ਮਿਸੂਰੀ ਥਾਵਾਂ ’ਤੇ ਮਾਈਕ ਬਰਾਊਨ ਨਾਂ ਦੇ ਸਿਆਹਫ਼ਾਮ ਵਿਅਕਤੀ ਨੂੰ ਨਿਆਂ ਦਿਵਾਉਣ ਲਈ ਪੁਲੀਸ ਵਧੀਕੀ ਅਤੇ ਨਸਲਵਾਦੀ ਰਵੱਈਏ ਖ਼ਿਲਾਫ਼ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਉੱਠਿਆ ਸੀ, ਪਰ ਮੌਜੂਦਾ ਅੰਦੋਲਨ ਦਾ ਖੇਤਰ ਬਹੁਤ ਵਸੀਹ ਹੋ ਗਿਆ ਹੈ। ਇਹ ਅੰਦੋਲਨ ਨਸਲਵਾਦ ਖ਼ਿਲਾਫ਼ ਸ਼ੁਰੂ ਹੋਇਆ ਸੀ ਤੇ ਹੁਣ ਫਾਸ਼ੀਵਾਦ ਵਿਰੋਧੀ ‘ਐਂਟੀਫਾ’ ਦਾ ਰੂਪ ਧਾਰ ਗਿਆ ਹੈ। ਅੱਜ ਵੀ ਅਫ਼ਰੀਕੀ ਮੂਲ ਦੇ ਸਿਆਹ ਲੋਕਾਂ ਦਾ ਅਮਰੀਕੀ ਨਸਲਵਾਦ ਵਿਰੁੱਧ ਸੰਘਰਸ਼ ਜਾਰੀ ਹੈ।
ਹਰਲੇਮ ਜਾਗਰਤੀ ਲਹਿਰ
ਅਫ਼ਰੀਕੀ-ਅਮਰੀਕੀ ਸਿਆਹ ਲੋਕਾਂ ਦਾ ਸੰਘਰਸ਼ ਅਮਰੀਕੀ ਸਾਹਿਤ ਤੇ ਕਲਾ ਵਿਚ ਵੀ ਬੜੀ ਸ਼ਿੱਦਤ ਅਤੇ ਸੰਵੇਦਨਾ ਨਾਲ ਪ੍ਰਗਟ ਹੋਇਆ ਜਿਸ ਨੂੰ ‘ਐਫ਼ਰੋ-ਅਮੈਰੀਕਨ’ ਜਾਂ ‘ਸਿਆਹਫ਼ਾਮ ਸਾਹਿਤ’ ਅਤੇ ‘ਸਿਆਹਫ਼ਾਮ ਕਲਾ’ ਕਿਹਾ ਗਿਆ। ਇਸ ਸਾਹਿਤ ਦੇ ਪ੍ਰੇਰਨਾ ਸਰੋਤ ‘ਬਲੈਕ ਏਜੰਡਾ’, ‘ਬਲੈਕ ਪਾਵਰ’, ‘ਬਲੈਕ ਆਰਟਸ’, ‘ਬਲੈਕ ਪੈਂਥਰ’ ਆਦਿ ਲਹਿਰਾਂ ਨੂੰ ਮੰਨਿਆ ਗਿਆ। ਇਨ੍ਹਾਂ ਵਿਚੋਂ ਪ੍ਰਮੁੱਖ ‘ਹਰਲੇਮ ਜਾਗਰਤੀ’ (1920-35) ਸੀ ਜਿਸ ਨੇ ਸਿਆਹਫ਼ਾਮ ਸਾਹਿਤ ਦੀ ਵਿਚਾਰਧਾਰਕ ਧਰਾਤਲ ਤਿਆਰ ਕੀਤੀ। ਇਸ ਲਹਿਰ ਨੇ ਸਾਹਿਤ ਰਚਨਾ ਦੇ ਮਕਸਦ ਨੂੰ ਕਾਲੇ ਲੋਕਾਂ ਦੇ ਸਾਂਝੇ ਹਿੱਤਾਂ ਨਾਲ ਜੋੜ ਕੇ ਦ੍ਰਿਸ਼ਟੀਕੋਣ ਵਜੋਂ ਸਮੂਹਿਕਤਾ ਪ੍ਰਦਾਨ ਕੀਤੀ। ਇਸ ਸਮਾਜਿਕ, ਸੱਭਿਆਚਾਰਕ, ਸਾਹਿਤਕ, ਸੰਗੀਤਕ ਅਤੇ ਸਿਆਸੀ ਲਹਿਰ ਦਾ ਪ੍ਰਮੁੱਖ ਕੇਂਦਰ ਸਿਆਹਫ਼ਾਮ ਲੋਕਾਂ ਦੀ ਵੱਡੀ ਵੱਸੋਂ ਵਾਲਾ ਇਲਾਕਾ ‘ਹਰਲੇਮ’ ਨਿਊਯਾਰਕ ਬਣ ਕੇ ਉਭਰਿਆ। ਵਰਤਮਾਨ ਦੌਰ ’ਚ ‘ਬਲੈਕ ਲਾਈਵਜ਼ ਮੈਟਰਜ਼’ ਦਾ ਮੁੱਖ ਕੇਂਦਰ ਨਿਊਯਾਰਕ ਹੀ ਹੈ ਅਤੇ ਕਰੋਨਾ ਮਹਾਂਮਾਰੀ ਨਾਲ ਮਰਨ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਨਿਊਯਾਰਕ ਦੇ ਸਿਆਹ ਲੋਕਾਂ ਦੀ ਹੈ।
‘ਸਿਆਹਫ਼ਾਮ ਸਾਹਿਤ’ ਨੂੰ ਚਾਰ ਭਾਗਾਂ ’ਚ ਵੰਡ ਕੇ ਦੇਖਿਆ ਗਿਆ ਹੈ: ਆਰੰਭ ਤੋਂ ਲੈ ਕੇ ਘਰੇਲੂ ਖਾਨਾਜੰਗੀ (1861-1865) ਤੱਕ ਦਾ ਸਾਹਿਤ; ਘਰੇਲੂ ਖਾਨਾਜੰਗੀ ਤੋਂ ‘ਨਾਗਰਿਕ ਅਧਿਕਾਰ ਅੰਦੋਲਨ’ ਤੱਕ ਦਾ ਸਾਹਿਤ; 1970 ਤੋਂ ਬਾਅਦ ਦਾ ਸਾਹਿਤ ਜਿਸ ’ਚ ਸਾਰੀਆਂ ਵਿਧਾਵਾਂ ਜਿਵੇਂ ਨਾਵਲ, ਕਹਾਣੀ ਅਤੇ ਕਵਿਤਾ ਸ਼ਾਮਿਲ ਹਨ; ਸਿਆਹਫ਼ਾਮ ਲੋਕਾਂ ਵੱਲੋਂ ਗਾਏ ‘ਗ਼ਮ ਦੇ ਗੀਤ’ (ਲੋਕ ਗੀਤ: ਬਲਿਊ ਅਤੇ ਅਧਿਆਤਮਕ)।
ਸਿਆਹਫ਼ਾਮ ਲੋਕਾਂ ਦੀ ਸਵੈ-ਜੀਵਨੀ
ਡੇਵਿਡ ਡਬਲਿਊ. ਬਲਾਈਟ ਆਪਣੀ ਕਿਤਾਬ ‘ਏ ਸਲੇਵ ਨੋ ਮੋਰ’ ’ਚ ਲਿਖਦਾ ਹੈ ਕਿ ਸਿਆਹਫ਼ਾਮ ਅਮਰੀਕੀਆਂ ਵੱਲੋਂ ਸੌ ਤੋਂ ਵੱਧ ਸਵੈ-ਜੀਵਨੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਗ਼ੁਲਾਮ ਮੁਕਤੀ ਅੰਦੋਲਨ ਦੌਰਾਨ ਇਹ ਜ਼ਿਆਦਾ ਲਿਖੀਆਂ ਗਈਆਂ। 1740 ਤੋਂ ਲੈ ਕੇ 1865 ਤੱਕ 70 ਗ਼ੁਲਾਮਾਂ ਦੀਆਂ ਸਵੈ-ਜੀਵਨੀਆਂ ਪੁਸਤਕਾਂ ਅਤੇ ਪੈਂਫਲਟਾਂ ਦੇ ਰੂਪ ’ਚ ਛਪੀਆਂ। ਇਨ੍ਹਾਂ ’ਚੋਂ ਫਰੈਡਰਿਕ ਡਗਲਸ (1817-1895) ਜੋ ਪੈਦਾਇਸ਼ੀ ਗ਼ੁਲਾਮ ਸੀ, ਦੀ ਸਵੈ-ਜੀਵਨੀ ‘ਮਾਈ ਬੌਂਡੇਜ ਐਂਡ ਫਰੀਡਮ’ ਪਹਿਲੀ ਵਾਰ 1845 ’ਚ ਤੇ ਫਿਰ ਸੋਧੇ ਰੂਪ ’ਚ 1881 ਵਿਚ ‘ਦਿ ਲਾਈਫ ਐਂਡ ਦਿ ਟਾਈਮ ਔਫ ਫਰੈਡਰਿਕ ਡਗਲਸ’ ਦੇ ਨਾਮ ਹੇਠ ਛਪੀ। ਇਨ੍ਹਾਂ ਸਮਿਆਂ ’ਚ ਹੀ ਜੈਕੋਬਜ਼ ਨਾਮ ਗ਼ੁਲਾਮ ਔਰਤ ਦੀ ਜੀਵਨੀ ’ਤੇ ਆਧਾਰਿਤ ‘ਇਕ ਗ਼ੁਲਾਮ ਲੜਕੀ ਦੇ ਜੀਵਨ ਦੀਆਂ ਘਟਨਾਵਾਂ’ ਛਪੀ। ਜੈਕੋਬਜ਼ ’ਤੇ ਉਸ ਦਾ ਮਾਲਿਕ ਫਲਿੰਟ ਬੇਇੰਤਹਾ ਜ਼ੁਲਮ ਕਰਦਾ ਹੈ। ‘ਜੌਹਨ ਵਾਸ਼ਿੰਗਟਨ’ਜ਼ ਸਿਵਲ ਵਾਰ’ ਪਹਿਲਾਂ ‘ਮੈਮਰੀਜ਼ ਔਫ ਦਿ ਪਾਸਟ’ ਨਾਮ ਹੇਠ ਛਪੀ। ਨਾਇਜੀਰੀਆ ਦੀ ਬੇਨੀਨ ਸਲਤਨਤ ਦੇ ਬਾਸ਼ਿੰਦੇ ਓਲਾਡਾ ਇਕੁਆਨੋ (ਗੁਸਤਵ ਵਾਸਾ) ਦੀ ‘ਅਫ਼ਰੀਕਨ ਦੀ ਸਵੈ-ਜੀਵਨੀ’ ਵੀ ਬੜੀ ਮਸ਼ਹੂਰ ਹੋਈ। ਉਹ ਅਫ਼ਰੀਕੀ ਗ਼ੁਲਾਮ ਪ੍ਰਥਾ ਦੀ ਤੁਲਨਾ ਅਮਰੀਕੀ ਗ਼ੁਲਾਮ ਪ੍ਰਥਾ ਨਾਲ ਤੁਲਨਾ ਕਰਦਿਆਂ ਲਿਖਦਾ ਹੈ ਕਿ ਅਮਰੀਕੀ ਗ਼ੁਲਾਮ ਪ੍ਰਥਾ ਵਿਚ ਮਾਨਵੀ ਕਦਰਾਂ ਕੀਮਤਾਂ ਅਤੇ ਮਨੁੱਖੀ ਗੌਰਵ ਦਾ ਜੋ ਘਾਣ ਕੀਤਾ ਜਾਂਦਾ ਹੈ ਉਸ ਨੂੰ ਅਫ਼ਰੀਕੀ ਸੱਭਿਆਚਾਰ ’ਚ ਗ਼ੁਲਾਮੀ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਲੀਅਮ ਵੈੱਲਜ਼ ਬਰਾਊਨ (1815-1884) ਦੀ ਸਵੈ-ਜੀਵਨੀ ‘ਨੈਰੇਟਿਵ ਔਫ ਵਿਲੀਅਮ ਵੈੱਲਜ਼ ਬਰਾਊਨ’ ਦੇ ਨਾਮ ਹੇਠ ਛਪੀ। ਉਸ ਦੀ ਇਕ ਹੋਰ ਕਿਤਾਬ ‘ਦਿ ਨੀਗਰੋ ਇਨ ਦਿ ਅਮੈਰੀਕਨ ਰਬਿੈਲੀਅਨ’ ਬੜੀ ਮਸ਼ਹੂਰ ਹੋਈ। ਸੈਮੂਅਲ ਵਾਰਡ (1817-1864) ਦੀ ਸਵੈ-ਜੀਵਨੀ ‘ਦਿ ਆਟੋਬਾਇਓਗ੍ਰਾਫੀ ਆਫ ਏ ਫੂਜਿਟਿਵ’ ਵੀ ਸਾਹਮਣੇ ਆਈ। ਫਰੈਡਰਿਕ ਡਗਲਸ, ਬਰਾਊਨ ਅਤੇ ਸੈਮੂਅਲ ਦੀਆਂ ਸਵੈ-ਜੀਵਨੀਆਂ ਦੀ ਸਾਂਝੀ ਗੱਲ ਇਹ ਹੈ ਕਿ ਇਹ ਪੈਦਾਇਸ਼ੀ ਗ਼ੁਲਾਮ ਸਨ ਅਤੇ ਆਪਣੇ ਮਾਲਕਾਂ ਦੇ ਚੁੰਗਲ ’ਚੋਂ ਆਜ਼ਾਦ ਹੋਏ ਅਤੇ ਉਮਰ ਭਰ ਇਨ੍ਹਾਂ ਨੇ ਆਪਣੇ ਭਾਸ਼ਣਾਂ ਤੇ ਲਿਖਤਾਂ ਰਾਹੀਂ ਸੰਘਰਸ਼ ਜਾਰੀ ਰੱਖਿਆ। ਇਸ ਤੋਂ ਇਲਾਵਾ ਜੇਮਜ਼ ਐਲਬਰਟ, ਉਕਾਵਸਾਵ ਗ੍ਰੋਨੀਓਸੋਵ, ਵਿਲੀਅਮ ਗ੍ਰੀਮੇ, ਨੱਟ ਟਰਨਰ, ਚਾਰਲਜ਼ ਬੈੱਲ, ਮੌਸੇਸ ਰਪੋਰ, ਜੋਸ਼ੂਆ ਹੈਨਸਨ, ਹੈਨਰੀ ਹਿੱਬਸ, ਜੇਮਜ਼ ਪੈਨਿੰਗਟਨ, ਜੌਹਨ ਬਰਾਊਨ, ਹੈਰੀਅਟ ਜੈਕੋਬਜ਼, ਜੈਕੋਬ ਡੀ. ਗ੍ਰੀਨ, ਜੇਮਸ ਮਾਰਸ ਅਤੇ ਵਿਲੀਅਮ ਪਾਰਕਰ ਦੀਆਂ ਸਵੈ-ਜੀਵਨੀਆਂ ਬਹੁਤ ਮਸ਼ਹੂਰ ਹੋਈਆਂ।
‘ਗ਼ੁਲਾਮੀ ਦੇ ਬਾਰ੍ਹਾਂ ਸਾਲ’ ਤੇ ਹੋਰ ਫਿਲਮਾਂ
ਹੌਲੀਵੁੱਡ ਫਿਲਮ ‘ਟਵੈਲਵ ਯੀਅਰਜ਼ ਆਫ਼ ਸਲੇਵਰੀ’ ਸੋਲੋਮਨ ਨਾਰਥਅਪ ਦੇ ਆਪਣੀ ਬਾਰ੍ਹਾਂ ਸਾਲਾਂ ਦੀ ਦਾਸਤਾ ਤੇ ਗ਼ੁਲਾਮੀ ਦੇ ਜੀਵਨ ਦੀਆਂ ਬੜੀਆਂ ਮਾਰਮਿਕ ਤੇ ਦਿਲ ਕੰਬਾਅ ਦੇਣ ਵਾਲੀਆਂ ਯਾਦਾਂ ਦੀ ਇਸੇ ਨਾਮ ਦੀ ਕਿਤਾਬ ’ਤੇ ਆਧਾਰਿਤ ਹੈ। ਬੁੱਕਰ ਟੀ. ਵਾਸ਼ਿੰਗਟਨ (1858-1915) ਦੀ ਸਵੈ-ਜੀਵਨੀ ‘ਅੱਪ ਫਰੌਮ ਸਲੇਵਰੀ’ ਛਪੀ ਜੋ ਪੈਦਾਇਸ਼ੀ ਗ਼ੁਲਾਮ ਸੀ ਅਤੇ ਸਾਰੀ ਉਮਰ ਉਸ ਨੂੰ ਇਹ ਪਤਾ ਨਹੀਂ ਚੱਲਿਆ ਕਿ ਉਸਦਾ ਬਾਪ ਕੌਣ ਹੈ। 1945 ’ਚ ਰਿਚਰਡ ਰਾਈਟ ਦੀ ਸਵੈ-ਜੀਵਨੀ ‘ਬਲੈਕ ਬੌਇ’ ਛਪੀ। ਇਸ ਵਿਚ ਉਹ ਦੱਸਦਾ ਹੈ ਕਿ ਬੇਸ਼ੱਕ 1865 ’ਚ ਗ਼ੁਲਾਮੀ ਅੰਤ ਹੋ ਚੁੱਕਿਆ ਹੈ, ਪਰ ਸਿਆਹਫ਼ਾਮ ਲੋਕਾਂ ਦੇ ਜੀਵਨ ਅਤੇ ਸਮਾਜਿਕ ਸਥਿਤੀ ’ਚ ਕੋਈ ਬੁਨਿਆਦੀ ਅੰਤਰ ਨਹੀਂ ਆਇਆ। ਉਨ੍ਹਾਂ ਕੋਲ ਨਾ ਰੁਜ਼ਗਾਰ ਸੀ, ਨਾ ਜ਼ਮੀਨ ਦੀ ਮਲਕੀਅਤ ਦਾ ਅਧਿਕਾਰ ਅਤੇ ਨਾ ਹੀ ਸਨਮਾਨ ਦੀ ਜ਼ਿੰਦਗੀ। 1942 ’ਚ ਜ਼ੋਰਾ ਨੀਲ ਹਰਸਟਨ ਦੀ ਸਵੈ-ਜੀਵਨੀ ‘ਡਸਟ ਟ੍ਰੈਕ ਔਨ ਦਿ ਰੋਡ’ ਬਹੁਤ ਪੜ੍ਹੀ ਗਈ।
ਸਿਆਹਫ਼ਾਮ ਜ਼ਿੰਦਗੀ ਬਾਰੇ ਨਾਵਲ
ਸਭ ਤੋਂ ਪਹਿਲਾਂ ਵਿਲੀਅਮ ਵੈੱਲਜ਼ ਬਰਾਊਨ ਦਾ ਨਾਵਲ ‘ਕੋਲਟੇਲ ਔਰ ਦਿ ਪ੍ਰੈਜ਼ੀਡੈਂਟ’ਜ਼ ਡੌਟਰ’ 1853 ’ਚ ਛਪਿਆ ਜਿਸ ਵਿਚ ਉਹ ਅਮਰੀਕਾ ਨੂੰ ਦਾਸਤਾ ਦੀ ਧਰਤੀ ਕਹਿੰਦਾ ਹੈ। ਦੂਜਾ ਨਾਵਲ ਫਰੈਂਕ ਜੇ. ਵੈੱਬ ਦਾ ‘ਦਿ ਗੈਰੀਜ਼ ਐਂਡ ਦੇਅਰ ਫਰੈਂਡਜ਼’ ਆਇਆ ਜਿਸ ਵਿਚ ਅਮਰੀਕਾ ਦੀਆਂ ਉੱਤਰੀ ਸਟੇਟਾਂ ’ਚ ਸਿਆਹ ਲੋਕਾਂ ਦੇ ਸੱਭਿਆਚਾਰਕ ਜੀਵਨ ਦੀਆਂ ਸਮੱਸਿਆਵਾਂ ਦਾ ਬਿਰਤਾਂਤ ਪੇਸ਼ ਕੀਤਾ ਹੈ ਜਿਵੇਂ ਕਾਲ਼ੀ ਮਾਂ ਦੀ ਕੁੱਖ ’ਚੋਂ ਪੈਦਾ ਹੋਏ ਗੋਰੇ ਬਾਪ ਦੇ ਭੂਰੇ ਕਾਲੇ/ਮੁਲੈਟੋ ਪੁੱਤ ਦਾ ਵਿਆਹ ਕਿਵੇਂ ਹੋਵੇ? ਕਿਉਂਕਿ ਅਮਰੀਕਾ ’ਚ ਬੱਚੇ ਦੀ ਨਸਲ ਦਾ ਸਰੋਤ ਮਾਂ ਹੈ ਜਦੋਂਕਿ ਭਾਰਤ ’ਚ ਬੱਚੇ ਦੀ ਜਾਤ ਪਿਓ ਦੀ ਜਾਤ ਤੋਂ ਨਿਰਧਾਰਤ ਹੁੰਦੀ ਹੈ। ਇਸ ਦੌਰ ਦਾ ਇਕ ਹੋਰ ਨਾਵਲ ‘ਅਵਰ ਨਿੱਗ’ ਹੈਰੀਅਟ ਈ. ਵਿਲਸਨ ਨੇ ਲਿਖਿਆ। ਨਿੱਗ ਦਾ ਅਰਥ ਹੈ ਨੀਗਰੋ। ਇਸ ਨਾਵਲ ’ਚ ਉਹ ਇਹ ਮਿੱਥ ਤੋੜਦੀ ਹੈ ਕਿ ਗ਼ੁਲਾਮਾਂ ’ਤੇ ਜ਼ੁਲਮ ਸਿਰਫ਼ ਦੱਖਣੀ ਅਮਰੀਕਾ ’ਚ ਨਹੀਂ ਸਨ ਹੁੰਦੇ। 1862 ’ਚ ਮਾਰਟਿਨ ਰੌਬਿਨ ਡੀਲੇਨੀ ਦਾ ਨਾਵਲ ‘ਬਲੈਕ’ ਛਪਿਆ ਜਿਸ ਦਾ ਕੇਂਦਰੀ ਥੀਮ ਸਿਆਹਫ਼ਾਮ ਰਾਸ਼ਟਰਵਾਦ ਹੈ ਭਾਵ ਸਿਆਹਫ਼ਾਮ ਲੋਕਾਂ ਦਾ ਵੀ ਇਕ ਦੇਸ਼ ਹੋਣਾ ਚਾਹੀਦਾ ਹੈ। ਇਸ ਦੌਰਾਨ 1862 ’ਚ ਜੇਮਜ਼ ਰੌਬਰਟਸ ਗਿੱਲਮੋਰ ਦਾ ਨਾਵਲ ‘ਅਮੰਗ ਦਿ ਪਾਈਨਜ਼’ ਛਪਿਆ ਜਿਸ ਵਿਚ ਘਰੇਲੂ ਖਾਨਾਜੰਗੀ ਦੇ ਸਮਿਆਂ ਦੇ ਦੱਖਣ ਦੀ ਸਮਾਜਿਕ ਸਥਿਤੀ ਪਲਾਂਟੇਸ਼ਨਜ਼ ਦੀ ਜ਼ਿੰਦਗੀ ਦਾ ਵਰਣਨ ਹੈ। 1940 ’ਚ ਰਿਚਰਡ ਰਾਈਟ ਦਾ ਨਾਵਲ ਛਪਿਆ ‘ਦ ਨੇਟਿਵ ਸਨ’। ਇਸ ਨਾਵਲ ਦਾ ਥੀਮ ਨਸਲ ਅਤੇ ਨਸਲਵਾਦ ਹੈ। ਇਸ ਨਾਵਲ ’ਚ ਸਿਆਹ ਮੁੰਡਿਆਂ ਦੇ ਜੀਵਨ ’ਚ ਸ਼ਰਮਸਾਰੀ, ਤੰਗਹਾਲੀ, ਗ਼ੁਰਬਤ, ਬੇਕਾਰੀ ਦੇ ਨਾਲ ਨਾਲ ‘ਜਿੱਮ ਕਰੋਅ’ ਕਾਨੂੰਨਾਂ ਵਰਗੇ ਵੱਖਵਾਦੀ ਹਥਿਆਰ ਅਤੇ ‘ਕੂ ਕਲੱਸ ਕਲਾਨ’ ਵਰਗੇ ਗੋਰੇ ਨਸਲਵਾਦੀ ਗਰੋਹਾਂ ਨੂੰ ਸਿਆਹ ਲੋਕਾਂ ਦਾ ਜਿਉਣਾ ਬੇਹਾਲ ਕਰਦੇ ਦਿਖਾਇਆ ਗਿਆ ਹੈ। ਰੈਲਫ ਏਲੀਸਨ ਦਾ ਨਾਵਲ ‘ਇਨਵਿਜ਼ੀਬਲ ਮੈਨ’ 1914 ’ਚ ਛਪਿਆ ਜਿਸ ਦਾ ਕੇਂਦਰੀ ਥੀਮ ਪਛਾਣ ਦੀ ਤਲਾਸ਼ ਹੈ। ਇਸ ਦਾ ‘ਨਾਮ ਰਹਿਤ’ ਪਾਤਰ ਇਕ ਬਿੰਬ ਵਾਂਗ ਸਿਆਹਫ਼ਾਮ ਜੀਵਨ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ’ਚ ਇਸ ਨਸਲ ਦੀ ਲੋਕ ਧਾਰਾ ਅਤੇ ਸੱਭਿਆਚਾਰ ਨੂੰ ਮਾਧਿਅਮ ਬਣਾਇਆ ਗਿਆ ਹੈ। 1953 ’ਚ ਜੇਮਜ਼ ਬਾਲਡਵਿਨ ਦਾ ਨਾਵਲ ‘ਗੋ ਟੈੱਲ ਇਟ ਔਨ ਦਿ ਮਾਊਨਟੇਨ’ ਬਹੁਤ ਮਕਬੂਲ ਹੋਇਆ। 1937 ’ਚ ਜ਼ੋਰਾ ਨੀਲ ਹਰਸਟਨ ਦਾ ਨਾਵਲ ‘ਦੇਅਰ ਆਈਜ਼ ਵਰ ਵਾਚਿੰਗ ਗੌਡ’ ਛਪਿਆ। ਚਾਰਲਸ ਚੈਟਨੱਟ ਦੇ ਤਿੰਨ ਨਾਵਲ ਛਪੇ ਪਰ ‘ਦਿ ਹਾਊਸ ਬੀਹਾਇੰਡ ਦਿ ਸੀਡਾਰ’ ਜ਼ਿਆਦਾ ਮਸ਼ਹੂਰ ਹੋਇਆ। ਵਿਲੀਅਮ ਬਰਥਵੇਟ ਦੇ ਦੋ ਨਾਵਲ ‘ਦਿ ਕੈਨੇਡੀਅਨ’ ਅਤੇ ‘ਗੋਇੰਗ ਅੋਵਰ ਟਿੰਡਲ’ ਛਪੇ।
ਰੂਟਸ
1976 ’ਚ ਆਇਆ ਅਲੈਕਸ ਹੈਲੇ ਦਾ ਨਾਵਲ ‘ਰੂਟਸ’ ਸਿਆਹਫ਼ਾਮ ਸਾਹਿਤ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਇਸ ਦਾ ਪੰਜਾਬੀ ’ਚ ਅਨੁਵਾਦ ‘ਜੜ੍ਹਾਂ’ ਦੇ ਨਾਮ ਹੇਠ ਹੋਇਆ। ਇਹ ਬਿਰਤਾਂਤ ਸਭਿਆਚਾਰਕ ਵਿਸ਼ਵਾਸਾਂ ਤੇ ਸੰਸਕਾਰਾਂ ਦੇ ਟਕਰਾਓ, ਗ਼ੁਲਾਮ ਵਪਾਰ ਅਤੇ ਗ਼ੁਲਾਮ ਜੀਵਨ ਦੀਆਂ ਤ੍ਰਾਸਦਿਕ ਹਕੀਕਤਾਂ ਅਤੇ ਇਸ ਤੋਂ ਮੁਕਤੀ ਦੀ ਤਾਂਘ, ਸਮਜਿਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਕਾਨੂੰਨੀ ਵਿਤਕਰੇ ਅਤੇ ਬੇਇਨਸਾਫ਼ੀ ਦੇ ਲੰਮੇ ਅੰਤਰਾਲ (ਦੋ ਸਦੀਆਂ ਅਤੇ ਛੇ ਪੀੜ੍ਹੀਆਂ) ਉਪਰ ਆਧਾਰਿਤ ਹੋਣ ਕਰਕੇ ਬਹੁਪਰਤੀ, ਬਹੁਪਾਸਾਰੀ, ਬਹੁਅਰਥੀ, ਬਹੁਧੁਨੀ ਅਤੇ ਵੱਡ-ਆਕਾਰੀ ਹੈ।
ਨੋਬੇਲ ਪੁਰਸਕਾਰ ਯਾਫ਼ਤਾ ਟੋਨੀ ਮੌਰੀਸਨ ਨੇ ਨੌਂ ਨਾਵਲ ਲਿਖੇ, ਪਰ 1977 ’ਚ ਛਪੇ ‘ਸੌਂਗ ਔਫ ਏ ਸੋਲੋਮਨ’ ਅਤੇ 1987 ’ਚ ਛਪੇ ‘ਬਿਲੱਵਡ’ ਦਾ ਬਹੁਤ ਚਰਚਾ ਹੋਇਆ। ਉਸ ਦੇ ਨਾਵਲਾਂ ’ਚ ਸਿਆਹਫ਼ਾਮ ਮਰਦ ਹੀ ਨਹੀਂ, ਸਿਆਹਫ਼ਾਮ ਔਰਤ ਵੀ ਮੁੱਖ ਪਾਤਰ ਬਣ ਕੇ ਸਾਹਮਣੇ ਆਉਂਦੀ ਹੈ। ਉਹ ਸਿਆਹਫ਼ਾਮ ਔਰਤ ਨੂੰ ਸਿਆਹਫ਼ਾਮ ਮਰਦ ਦੀ ਸੰਪਤੀ ਹੋਣ ਦੇ ਯਥਾਰਥ ਨੂੰ ਪੇਸ਼ ਕਰਦੀ ਹੈ। ਉਸ ਦੇ ਰੰਗ ਨੂੰ ਸਿਆਹਫ਼ਾਮ ਆਦਮੀ ਵੀ ਗੋਰੇ ਦੇ ਸੁਹਜ ਦੇ ਪੈਮਾਨੇ ਤੋਂ ਦੇਖਦਾ ਹੈ। ਟੋਨੀ ਮੌਰੀਸਨ ਦੀ ਔਰਤ ਹੀਣਭਾਵਨਾ ਅਤੇ ਮਾਨਸਿਕ ਕੁੰਠਾ ਨਾਲ ਗ੍ਰਸੀ ਹੈ।
ਗ਼ੈਰ ਸਿਆਹਫ਼ਾਮ ਲੇਖਕਾਂ ਨੇ ਵੀ ਸਿਆਹ ਗ਼ੁਲਾਮਾਂ ਬਾਰੇ ਰਚਨਾਵਾਂ ਲਿਖੀਆਂ। ਹੈਰੀਅਟ ਬੀਚਰ ਸਟੋਅ ਦਾ ਨਾਵਲ ‘ਅੰਕਲ ਟੌਮ’ਜ਼ ਕੈਬਿਨ’ 1852 ’ਚ ਛਪਿਆ। ਇਹ ਨਾਵਲ ਏਨਾ ਮਸ਼ਹੂਰ ਹੋਇਆ ਕਿ ਇਕ ਸਾਲ ’ਚ ਹੀ ਅਮਰੀਕਾ ਤੇ ਇੰਗਲੈਂਡ ਵਿਚ ਤੇਰ੍ਹਾਂ ਲੱਖ ਕਾਪੀਆਂ ਵਿਕ ਗਈਆਂ। ਘਰੇਲੂ ਖਾਨਾਜੰਗੀ ਤੋਂ ਬਾਅਦ ਗ਼ੁਲਾਮੀ ਨੂੰ ਖ਼ਤਮ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਮੁਲਾਕਾਤ ਹੈਰੀਅਟ ਬੀਚਰ ਸਟੋ ਨਾਲ ਹੋਈ ਤਾਂ ਉਨ੍ਹਾਂ ਨੇ ਸਟੋ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਤਾਂ ਤੁਸੀਂ ਉਹ ਨਾਜ਼ੁਕ ਜਿਹੀ ਮਟਿਆਰ ਹੋ ਜਿਸਨੇ ਆਪਣੇ ਨਾਵਲ ਰਾਹੀਂ ਅਮਰੀਕਾ ਦੇ ਘਰੇਲੂ ਯੁੱਧ ਦੀ ਸ਼ੁਰੂਆਤ ਕਰਵਾਈ।’’ ਹਾਰਪਰ ਲੀ ਦਾ ਨਾਵਲ ‘ਟੂ ਕਿਲ ਏ ਮੌਕਿੰਗ ਬਰਡ’ 1960 ’ਚ ਛਪਿਆ ਤਾਂ ਸਾਰੇ ਵਿਸ਼ਵ ’ਚ ਚਰਚਾ ਦਾ ਵਿਸ਼ਾ ਬਣ ਗਿਆ। 1961 ’ਚ ਇਸ ਨੂੰ ਪੁਲਿਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ‘ਮੌਕਿੰਗ ਬਰਡ’ ਅਮਰੀਕਾ ’ਚ ਇਕ ਭੂਰੇ ਰੰਗ ਦੀ ਚਿੜੀ ਪਾਈ ਜਾਂਦੀ ਹੈ ਜਿਸ ਨੂੰ ਸਿਆਹਫ਼ਾਮ ਵਿਅਕਤੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ ਭਾਵ ਮੌਕਿੰਗ ਬਰਡ ਦਾ ਸ਼ਿਕਾਰ ਕਰਨਾ ਬੇਦੋਸ਼ੇ ਸਿਆਹ ਆਦਮੀ ਨੂੰ ਮਾਰਨ ਵਾਂਗ ਹੈ। ਇਸ ਦੀ ਨੌਂ ਸਾਲ ਦੀ ਨਾਇਕਾ ਸਕਾਊਟ ਆਪਣੇ ਭਰਾ ਜੇਮਜ਼ ਨੂੰ ਕਹਿੰਦੀ ਹੈ, ‘‘ਮੈਂ ਸਮਝਦੀ ਹਾਂ ਹਰ ਥਾਂ ਇਕੋ ਕਿਸਮ ਦੇ ਲੋਕ ਹੁੰਦੇ ਨੇ।’’
ਸਿਆਹਫ਼ਾਮ ਲੋਕਾਂ ਬਾਰੇ ਕਹਾਣੀਕਾਰੀ
ਹਰਲੇਮ ਜਾਗਰਤੀ ਲਹਿਰ ਨੇ ਬੜੇ ਕਮਾਲ ਦੇ ਕਹਾਣੀਕਾਰ ਵੀ ਪੈਦਾ ਕੀਤੇ। ਇਨ੍ਹਾਂ ’ਚੋਂ ਲੈਂਗਸਟਨ ਹੁਗਜ਼ ਆਪਣੀ ਕਹਾਣੀ ‘ਏ ਫਰਾਈਡੇਅ ਮੌਰਨਿੰਗ’, ਜੌਹਨ ਹੈਨਰੀ ਕਲਾਰਕ ਆਪਣੀ ਕਹਾਣੀ ‘ਦਿ ਬੌਇ ਹੂ ਪੇਂਟਡ ਕਰਾਈਸਟ ਬਲੈਕ’ ਅਤੇ ਅਮੀਰੀ ਬਰਾਕਾ ਆਪਣੀ ਕਹਾਣੀ ‘ਦਿ ਸਕਰੀਮਰਜ਼’ ਕਰਕੇ ਬਹੁਤ ਪ੍ਰਸਿੱਧ ਹੋਏ।
ਰਿਚਰਡ ਰਾਈਟ ਨੇ ਸ਼ਿਕਾਗੋ, ਡੈਟਰਾਇਟ ਅਤੇ ਨਿਊਯਾਰਕ ’ਚ ਸਿਆਹਫ਼ਾਮ ਲੋਕਾਂ ਦੀ ਆਬਾਦੀ ਵਧ ਜਾਣ ਕਰਕੇ ਵਧੀ ਬੇਰੁਜ਼ਗਾਰੀ, ਨਰਸੰਘਾਰ ਅਤੇ ਸਾੜ ਫੂਕ ਜਿਹੇ ਵਰਤਾਰਿਆਂ ਨੂੰ ਆਪਣੀ ਵਾਰਤਕ ਪੁਸਤਕ ‘12 ਮਿਲੀਅਨ ਬਲੈਕ ਵੋਆਇਸਿਜ਼’ ’ਚ ਪੇਸ਼ ਕੀਤਾ। ਵਿਲੀਅਮ ਡੂ ਬੋਇਸ ਦੀ ਲੇਖਾਂ ਦੀ ਪੁਸਤਕ ‘ਦਿ ਸੋਲਜ਼ ਔਫ ਬਲੈਕ ਫੋਕ’ ਵਿਚ ਵੀ ਇਨ੍ਹਾਂ ਲੋਕਾਂ ਦੇ ਮਸਲਿਆਂ ਦਾ ਬੜਾ ਵਿਸਤ੍ਰਿਤ ਵਰਨਣ ਕੀਤਾ ਹੈ।
ਗ਼ੁਲਾਮੀ ਦੀ ਕਵਿਤਾ
ਸਿਆਹਫ਼ਾਮ ਕਵਿਤਾ ’ਚ ਸਭ ਤੋਂ ਪਹਿਲਾਂ ਖੁੱਲ੍ਹੀ ਕਵਿਤਾ ਲਿਖਣ ਵਾਲੀ ਗ਼ੁਲਾਮ ਔਰਤ ਫਿਲਿਸ ਵ੍ਹੀਟਲੀ (1753-94) ਸੀ। ਉਸ ਤੋਂ ਬਾਅਦ ਜੁਪੀਟਰ ਹੱਮਨ ਨੇ ਲੰਬੀ ਕਵਿਤਾ ‘ਐਨ ਐਡਰੈੱਸ ਟੂ ਮਿੱਸ ਫਿਲਿਸ ਵ੍ਹੀਟਲੀ’ ਲਿਖੀ। ਅਲਬੇਰੀ ਆਲਸਨ ਵਿਟ੍ਹਮੈਨ ਨੇ ਵੀ ਇਕ ਲੰਬੀ ਕਵਿਤਾ ‘ਨੌਟ ਏ ਮੈਨ’। ਵਿਲੀਅਮ ਡੂ ਬੋਇ ਨੇ ਛੰਦਬੰਦੀ ’ਚ ‘ਗ਼ਮ ਦੇ ਗੀਤਾਂ’ ਰਾਹੀਂ ਸਿਆਹਫ਼ਾਮ ਮਨੁੱਖ ਦੇ ਦੁੱਖਾਂ ਨੂੰ ਅਮਰ ਕਰ ਦਿੱਤਾ। ਜਾਰਜ ਮੋਜ਼ਿਜ਼ ਹਾਰਟਨ (1800-80) ਨੇ ਪਹਿਲਾਂ ਪ੍ਰੇਮ ਕਵਿਤਾਵਾਂ ਲਿਖੀਆਂ। ਗ਼ੁਲਾਮੀ ਤੇ ਆਜ਼ਾਦੀ ਬਾਰੇ ਉਸ ਦੀਆਂ ਕਵਿਤਾਵਾਂ ਬਹੁਤ ਮਾਰਮਿਕ ਹਨ। ਫਰਾਂਸਿਸ ਹਾਰਪਰ (1825-1911) ਨੇ ਆਪਣੀ ਮਾਂ ਬਾਰੇ ‘ਗ਼ੁਲਾਮ ਮਾਂ’ ਅਤੇ ‘ਗ਼ੁਲਾਮਾਂ ਦੀ ਨੀਲਾਮੀ’ ਨਾਮ ਦੀਆਂ ਦੋ ਬੜੀਆਂ ਭਾਵਪੂਰਤ ਕਵਿਤਾਵਾਂ ਲਿਖੀਆਂ। ਉਸ ਦੀ ਕਵਿਤਾ ‘ਮੈਨੂੰ ਆਜ਼ਾਦ ਧਰਤੀ ’ਚ ਦਫ਼ਨਾਉਣਾ’ ਬੜੀ ਸੰਵੇਦਨਸ਼ੀਲ ਰਚਨਾ ਲਿਖੀ। ਪਾਲ ਲਾਰੈਂਸ ਡਨਬਰ (1872-1906) ਦੀ ਕਵਿਤਾ ‘ਅਸੀਂ ਨਕਾਬ ਪਾਉਂਦੇ ਹਾਂ’ ਬੜੀ ਪ੍ਰਸਿੱਧ ਹੋਈ। ਕਲਾਡ ਮਕੇਅ (1890-1948) ਆਪਣੀ ਕਵਿਤਾ ‘ਜੇ ਅਸੀਂ ਮਰਨਾ ਹੈ’ ਵਿਚ ਕਹਿੰਦਾ ਹੈ: ਜੇ ਅਸੀਂ ਮਰਨਾ ਹੀ ਹੈ ਤਾਂ ਸੂਰਾਂ ਵਾਂਗ ਨਾ ਮਰੀਏ। ਡੇਵਿਡ ਹੈਨਡਰਸਨ (1942-) ਨੇ ਨਿਊਯਾਰਕ ਦੇ ਹਰਲੇਮ ਇਲਾਕੇ ਦੇ ਦ੍ਰਿਸ਼ ਚਿੱਤਰਣ ਆਪਣੀਆਂ ਕਵਿਤਾਵਾਂ ’ਚ ਕੀਤੇ ਹਨ। ਉਸ ਦੀ ਕਵਿਤਾ ਹੈ: ‘‘ਸਿਆਹ ਮੁੰਡਾ ਮਾਂ ਨੂੰ ਪੁੱਛਦਾ ਹੈ, ਸੂਰਜ ਰਾਤੀਂ ਕਿਉਂ ਚਮਕਦਾ ਏ? ਤੇ ਮਾਂ ਕਹਿੰਦੀ ਏ- ਉਹ ਇੱਥੇ ਬਿਲਕੁਲ ਨਹੀਂ ਚਮਕਦਾ, ‘ਇਹ ਚੰਨ ਹੈ’। ਮਾਰਗਰੇਟ ਅਲੈਗਜ਼ਾਂਦਰ (1915-1998) ਨੇ ਆਪਣੇ ਬਚਪਨ ਬਾਰੇ ਕਵਿਤਾਵਾਂ ਲਿਖੀਆਂ। ਉਸ ਨੇ 1966 ’ਚ ਗ਼ੁਲਾਮ ਪ੍ਰਥਾ ਬਾਰੇ ‘ਜੁਬਲੀ’ ਨਾਮ ਦਾ ਨਾਵਲ ਵੀ ਲਿਖਿਆ। ਸਟਰਲਿੰਗ ਬਰਾਊਨ (1901-89) ਨੇ ਆਪਣੇ ਸਿਆਹਫ਼ਾਮ ਵਿਰਸੇ ਬਾਰੇ ਕਈ ਕਵਿਤਾਵਾਂ ਲਿਖੀਆਂ। ਉਸ ਦੀ ਕਵਿਤਾ ’ਚ ‘ਨੀਗਰੋ ਲੋਕਯਾਨ’ ਦਾ ਬਹੁਤ ਮਿਸ਼ਰਣ ਮਿਲਦਾ ਹੈ। ਗਵੈਂਡਲਿਨ ਬਰੁੱਕਸ (1917-2000) ਦੀ ਕਵਿਤਾ ਕਲਾਤਮਕ ਪੱਖ ਤੋਂ ਬੜੀ ਉੱਤਮ ਮੰਨੀ ਜਾਂਦੀ ਹੈ। ਕੌਂਟੇ ਕੁਲਨ (1903-1946) ‘ਹਰਲੇਮ ਜਾਗਰਤੀ’ ਦਾ ਪ੍ਰਮੁੱਖ ਕਵੀ ਮੰਨਿਆ ਜਾਂਦਾ ਹੈ। ਉਸ ਦੀ ਕਾਵਿ-ਪੁਸਤਕ ‘ਦਿ ਬੈਲੱਡ ਆਫ ਬਰਾਊਨ ਗਰਲ’ ਬੜੀ ਪ੍ਰਸਿੱਧ ਹੋਈ। ਰੇ ਦੁਰੇਮ (1915-63) ਖੱਬੇਪੱਖੀ ਵਿਚਾਰਧਾਰਾ ਦਾ ਕਵੀ ਸੀ। ਆਸਕੀਆ ਮੁਹੰਮਦ ਟੌਰੇ (1938-) ‘‘ਬਲੈਕ ਆਰਟਸ’ ਲਹਿਰ ਦਾ ਵੱਡਾ ਕਵੀ ਹੈ। ਤਿੰਨ ਪ੍ਰਮੁੱਖ ਸਿਆਹਫ਼ਾਮ ਕਵਿੱਤਰੀਆਂ ’ਚ ਲੂਸਲੀ ਕਲਿਫਟਨ (1936-2009), ਨਿੱਕੀ ਗਿਓਵਾਨੀ (1943-) ਅਤੇ ਐਲਿਜ਼ਾਬੈੱਥ ਅਲੈਗਜ਼ਾਂਦਰ (9162-) ਨੇ ਗ਼ੁਲਾਮੀ ਦੇ ਦੁੱਖਾਂ ਅਤੇ ਸਿਆਹਫ਼ਾਮ ਔਰਤ ਦੇ ਮਨੋਭਾਵਾਂ ਦੀ ਤਰਜਮਾਨੀ ਕਰਦੀਆਂ ਕਵਿਤਾਵਾਂ ਲਿਖੀਆਂ। ਇਨ੍ਹਾਂ ਦੇ ਜੀਵਨ ’ਤੇ ਹੌਲੀਵੁੱਡ ’ਚ ਬੜੀਆਂ ਭਾਵਪੂਰਤ ਫਿਲਮਾਂ ਬਣੀਆਂ ਜਿਨ੍ਹਾਂ ਰਾਹੀਂ ਸਿਆਹ ਲੋਕਾਂ ਦੇ ਦੁੱਖਾਂ ਦੀ ਗਾਥਾ ਨੂੰ ਦਿਖਾਇਆ ਗਿਆ ਹੈ। ‘ਬੈਮਬੂਜ਼ਲਡ’, ‘ਮੈਲਕੋਮ ਐਕਸ’, ‘12 ਯੀਅਰਜ਼ ਆਫ ਸਲੇਵਰੀ’, ‘ਦਿ ਬਟਲਰ’, ‘ਗੈੱਟ ਆਊਟ’ ਅਤੇ ‘ਲੌਂਗ ਵਾਕ’ ਦੇਖਣਯੋਗ ਫਿਲਮਾਂ ਹਨ।
ਇਸ ਸਾਰੇ ਸਾਹਿਤ ’ਤੇ ਝਾਤ ਮਾਰਿਆਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਕਈ ਗ਼ੁਲਾਮਾਂ ਨੇ ਆਪਣੀ ਗ਼ੁਲਾਮੀ ਨੂੰ ਭਾਣਾ ਮੰਨ ਕੇ ਚੁੱਪਚਾਪ ਸਵੀਕਾਰ ਕਰ ਲਿਆ। ਕਈਆਂ ਨੇ ਆਪਣੀ ਆਜ਼ਾਦੀ ਲਈ ਮਰਦੇ ਦਮ ਤੱਕ ਸੰਘਰਸ਼ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦਾ ਸੋਗ ਭਰਿਆ ਗੀਤ ਕਦੇ ਨਹੀਂ ਗਾਇਆ ਜਾ ਸਕਦਾ। ਉਨ੍ਹਾਂ ਦੀ ਆਤਮਾ ਦੇ ਸੰਤਾਪ ਦੀ ਪੂਰੀ ਕਹਾਣੀ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਉਨ੍ਹਾਂ ਦੀ ਮਾਨਸਿਕ ਘੁਟਣ ਦੀ ਪੂਰੀ ਕਥਾ ਕਦੇ ਨਹੀਂ ਦੁਹਰਾਈ ਜਾ ਸਕਦੀ। ਪਰ ਜਾਰਜ ਫਲੌਇਡ ਦੀ ਹੱਤਿਆ ਦੇ ਬਹਾਨੇ ਅਵਸਰ ਅਵੱਸ਼ ਮਿਲਿਆ ਹੈ ਕਿ ਕਾਲ਼ੀ ਲੋਕਾਈ ਦੇ ਦੁੱਖਾਂ ਨੂੰ, ਉਨ੍ਹਾਂ ਖ਼ਿਲਾਫ਼ ਹੋ ਰਹੇ ਨਸਲੀ ਜ਼ੁਲਮਾਂ ਨੂੰ ਸੰਵੇਦਨਾ ਤੇ ਗ਼ਹਿਰਾਈ ਨਾਲ ਸਮਝਿਆ ਜਾ ਸਕੇ।
ਸੰਪਰਕ: 82839-48811