ਪ੍ਰਿੰ. ਸਰਵਣ ਸਿੰਘ
ਸਿਡਨੀ ਓਲੰਪਿਕ ਖੇਡਾਂ-2000 ਵਿਚ ਜਦੋਂ ਭਾਰਤੀ ਹਾਕੀ ਟੀਮ ਸੈਮੀ ਫਾਈਨਲ ਵਿਚ ਪੁੱਜਦੀ ਪੁੱਜਦੀ 7ਵੇਂ ਸਥਾਨ ’ਤੇ ਰਹਿ ਗਈ ਤਾਂ ਭਾਰਤ ਭਰ ਦੇ ਹਾਕੀ ਪ੍ਰੇਮੀਆਂ ਨੂੰ ਬੜੀ ਨਮੋਸ਼ੀ ਹੋਈ। ਨਮੋਸ਼ੀ ਦੇ ਅਹਿਸਾਸ ਨੂੰ ਬਿਆਨ ਕਰਦਾ ਖੁੱਲ੍ਹਾ ਖ਼ਤ ਭਾਰਤੀ ਹਾਕੀ ਟੀਮ ਦੇ ਕਪਤਾਨ ਰਮਨਦੀਪ ਸਿੰਘ ਤੇ ਉਹਦੇ ਸਾਥੀਆਂ ਦੇ ਨਾਂ ਅਖ਼ਬਾਰਾਂ ਵਿਚ ਛਪਿਆ। ਖ਼ਤ ਲਿਖਣ ਵਾਲਾ ਪਰਮਜੀਤ ਸਿੰਘ ਰੰਧਾਵਾ, ਖੇਡ ਪਾਠਕਾਂ ਲਈ ਅਜਨਬੀ ਸੀ ਪਰ ਬਾਅਦ ਵਿਚ ਉਹ ਅਜਿਹਾ ਲੇਖਕ ਬਣਿਆ ਜਿਸ ਨੇ ਅੱਜ ਤੱਕ ਸਿਰਫ਼ ਹਾਕੀ ਬਾਰੇ ਹੀ ਲਿਖਿਆ ਹੈ। ਉਹ ਵੀਹ ਸਾਲਾਂ ਤੋਂ ਅਖ਼ਬਾਰਾਂ ਵਿਚ ਛਪ ਰਿਹੈ। ਉਸ ਦੀ ਪਹਿਲੀ ਲਿਖਤ ਤੋਂ ਹੀ ਉਸ ਦੀ ਉਡਾਣ ਦਾ ਅੰਦਾਜ਼ਾ ਹੋ ਗਿਆ ਸੀ।
ਪ੍ਰੋ. ਪਰਮਜੀਤ ਸਿੰਘ ਰੰਧਾਵਾ ਐਸਾ ਹਾਕੀ ਲੇਖਕ ਹੈ ਜਿਸ ਨੇ ਹਾਕੀ ਦੀ ਖੇਡ ਬਾਰੇ ਹੀ ਲਿਖਿਆ ਹੈ। ਉਹ ਵੀਹ ਸਾਲਾਂ ਤੋਂ ਅਖ਼ਬਾਰਾਂ ਵਿਚ ਛਪ ਰਿਹੈ। ਹਾਕੀ ਬਾਰੇ ਉਸ ਦੇ ਸੈਂਕੜੇ ਲੇਖ ਪ੍ਰਕਾਸ਼ਤ ਹੋ ਚੁੱਕੇ ਹਨ ਪਰ ਅਜੇ ਉਨ੍ਹਾਂ ਨੂੰ ਕਿਤਾਬੀ ਰੂਪ ਨਹੀਂ ਦਿੱਤਾ ਗਿਆ। ਹਾਕੀ ਉਸ ਲਈ ਧਰਮ ਹੈ, ਇਬਾਦਤ ਹੈ, ਮਿਸ਼ਨ ਹੈ, ਜਨੂਨ ਹੈ। ਉਸ ਦੇ ਖੇਡ ਲੇਖਕ ਬਣਨ ਦੀ ਸ਼ੁਰੂਆਤ ਇੰਜ ਹੋਈ: ਸਿਡਨੀ ਓਲੰਪਿਕ ਖੇਡਾਂ-2000 ਵਿਚ ਜਦੋਂ ਭਾਰਤੀ ਹਾਕੀ ਟੀਮ ਸੈਮੀ ਫਾਈਨਲ ਚ ਪੁੱਜਦੀ ਪੁੱਜਦੀ 7ਵੇਂ ਸਥਾਨ ’ਤੇ ਰਹਿ ਗਈ ਤਾਂ ਭਾਰਤ ਭਰ ਦੇ ਹਾਕੀ ਪ੍ਰੇਮੀਆਂ ਨੂੰ ਬੜੀ ਨਮੋਸ਼ੀ ਹੋਈ। ਨਮੋਸ਼ੀ ਦੇ ਅਹਿਸਾਸ ਨੂੰ ਬਿਆਨ ਕਰਦਾ ਖੁੱਲ੍ਹਾ ਖ਼ਤ ਭਾਰਤੀ ਹਾਕੀ ਟੀਮ ਦੇ ਕਪਤਾਨ ਰਮਨਦੀਪ ਸਿੰਘ ਤੇ ਉਹਦੇ ਸਾਥੀਆਂ ਦੇ ਨਾਂ ਅਖ਼ਬਾਰਾਂ ਵਿਚ ਛਪਿਆ। ਖ਼ਤ ਲਿਖਣ ਵਾਲਾ ਖੇਡ ਪਾਠਕਾਂ ਲਈ ਅਜਨਬੀ ਸੀ। ਭਾਰਤੀ ਹਾਕੀ ਦੀ ਨਿਘਰਦੀ ਦਸ਼ਾ ਨੂੰ ਜਜ਼ਬਾਤੀ ਸ਼ਬਦਾਂ ਵਿਚ ਬਿਆਨ ਕਰਨ ਵਾਲਾ ਉਹ ਹਾਕੀ ਪ੍ਰੇਮੀ ਉਦੋਂ ਖੇਡ ਲੇਖਕ ਦੇ ਤੌਰ ’ਤੇ ਨਹੀਂ ਸੀ ਜਾਣਿਆ ਜਾਂਦਾ ਪਰ ਖੇਡ ਪਾਰਖੂਆਂ ਨੂੰ ਉਸ ਦੀ ਲੇਖਣੀ ਵਿਚੋਂ ਚੰਗਾ ਖੇਡ ਲੇਖਕ ਬਣਨ ਦੀਆਂ ਸੰਭਾਵਨਾਵਾਂ ਜ਼ਰੂਰ ਨਜ਼ਰ ਆਈਆਂ।
ਉਸ ਦੀ ਪਹਿਲੀ ਲਿਖਤ ਤੋਂ ਹੀ ਖੇਡ ਲੇਖਕਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਹਾਕੀ ਦੀ ਖੇਡ ਨੂੰ ਹੀ ਆਪਣੀ ਲਿਖਤ ਦਾ ਮੁੱਖ ਵਿਸ਼ਾ ਬਣਾਏਗਾ। ਉਦੋਂ ਤੋਂ ਹੀ ਉਸ ਦਾ ਹਾਕੀ ਖਿਡਾਰੀਆਂ, ਪ੍ਰੇਮੀਆਂ, ਕੋਚਾਂ ਤੇ ਪ੍ਰਮੋਟਰਾਂ ਨਾਲ ਨਿੱਤ ਦਾ ਵਾਹ ਹੈ। ਡੀਏਵੀ ਕਾਲਜ ਅੰਮ੍ਰਿਤਸਰ ਵਿਚ ਪੰਜਾਬੀ ਪੜ੍ਹਾਉਣ ਵਾਲੇ ਹਾਕੀ ਦੇ ਉਸ ਲੇਖਕ ਦਾ ਪੂਰਾ ਨਾਂ ਹੈ ਪਰਮਜੀਤ ਸਿੰਘ ਰੰਧਾਵਾ। ਬਤੌਰ ਪੰਜਾਬੀ ਲੈਕਚਰਾਰ ਉਸ ਦੀ ਨੌਕਰੀ ਤਾਂ ਬਾਬਾ ਫਰੀਦ, ਗੁਰੂ ਨਾਨਕ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਸ ਸ਼ਾਹ, ਸ਼ਾਹ ਮੁਹੰਮਦ, ਭਾਈ ਵੀਰ ਸਿੰਘ, ਗੁਰਬਖ਼ਸ਼ ਸਿੰਘ, ਨਾਨਕ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਤੇ ਸ਼ਿਵ ਕੁਮਾਰ ਹੋਰਾਂ ਦੀਆਂ ਰਚਨਾਵਾਂ ਪੜ੍ਹਾਉਣ ਤੇ ਸਮਝਾਉਣ ਦੀ ਹੈ ਪਰ ਉਹ ਨਾਲ ਦੀ ਨਾਲ ਗੱਲਾਂ ਕਰੀ ਜਾਂਦੈ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ, ਗੋਲ ਕਿੰਗ ਬਲਬੀਰ ਸਿੰਘ, ਹਾਕੀ ਦੇ ਬਾਬਾ ਬੋਹੜ ਊਧਮ ਸਿੰਘ, ਪੈਨਲਟੀ ਕਾਰਨਰ ਦੇ ਬਾਦਸ਼ਾਹ ਪ੍ਰਿਥੀਪਾਲ ਸਿੰਘ, ਆਲਰਾਊਂਡਰ ਅਜੀਤਪਾਲ ਸਿੰਘ, ਧਨਰਾਜ ਪਿੱਲੇ, ਅਜਿੰਦਰ ਕੌਰ, ਰੂਪਾ ਸੈਣੀ, ਰਾਜਬੀਰ ਕੌਰ ਤੇ ਸਰਦਾਰਾ ਸਿੰਘ ਦੀਆਂ।
ਪਰਮਜੀਤ ਸਿੰਘ ਰੰਧਾਵਾ ਦੇ ਆਪਣੇ ਸ਼ਬਦਾਂ ਵਿਚ ‘ਪੰਜਾਬੀ ਅਧਿਆਪਨ ਮੇਰਾ ਪੇਸ਼ਾ ਹੈ ਤੇ ਹਾਕੀ ਬਾਰੇ ਲਿਖਣਾ ਮੇਰਾ ਮਿਸ਼ਨ।’ ਹਾਕੀ ਦੀ ਖੇਡ ਉਸ ਦੀ ਇਬਾਦਤ ਹੈ। ਇਹ ਸਮਝ ਲਓ ਕਿ ਉਸ ਉਤੇ ਖੇਡ ਸਾਹਿਤ ਦਾ ਇਸ਼ਕ ਹਾਵੀ ਹੈ।
ਇਹ ਹਕੀਕਤ ਹੈ ਕਿ ਭਾਰਤ ਦੀ ਓਲੰਪਿਕ ਖੇਡਾਂ ਵਿਚ ਹੋਂਦ ਹਾਕੀ ਦੀ ਖੇਡ ਕਰਕੇ ਹੀ ਹੈ ਤੇ ਭਾਰਤੀ ਹਾਕੀ ਦੀ ਹੋਂਦ ਪੰਜਾਬੀ ਖਿਡਾਰੀਆਂ ਕਰਕੇ ਹੈ। ਭਾਰਤ ਨੇ ਹਾਕੀ ਦੇ 8 ਸੋਨੇ, 1 ਚਾਂਦੀ ਤੇ 3 ਤਾਂਬੇ ਦੇ ਤਗ਼ਮੇ ਜਿੱਤੇ ਹਨ। ਹਾਕੀ ਦੇ ਇੰਨੇ ਓਲੰਪਿਕ ਗੋਲਡ ਮੈਡਲ ਕੋਈ ਹੋਰ ਮੁਲਕ ਨਹੀਂ ਜਿੱਤ ਸਕਿਆ। ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉਥੋਂ ਇਹ ਯੂਨਾਨ ਗਈ ਤੇ ਰੋਮਨਾਂ ਵਿਚ ਪ੍ਰਚੱਲਤ ਹੋਈ। ਰੋਮਨਾਂ ਨੇ ਇਹਦਾ ਨਾਂ ‘ਪਗਨੇਸ਼ੀਆ’ ਰੱਖਿਆ ਤੇ ਉਹ ਇਹਨੂੰ ਯੂਰੋਪ ਦੇ ਹੋਰਨਾਂ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ ‘ਹਰਲੇ’ ਕਹਿਣ ਲੱਗੇ ਤੇ ਸਕਾਟਲੈਂਡ ਵਾਲੇ ‘ਸ਼ਿੰਟੀ’। ਫਰਾਂਸ ਵਿਚ ਇਸ ਨੂੰ ‘ਹੌਕਿਟ’ ਕਿਹਾ ਜਾਣ ਲੱਗਾ। ਇੰਗਲੈਂਡ ਵਿਚ ਪਹਿਲਾਂ ਇਸ ਦਾ ਨਾਂ ‘ਕਾਮਕ’ ਰੱਖਿਆ ਗਿਆ ਤੇ ਪਿੱਛੋਂ ‘ਬੈਂਡੀ’। ‘ਹਾਕੀ’ ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ।
1908 ਵਿਚ ਹਾਕੀ ਪਹਿਲੀ ਵਾਰ ਲੰਡਨ ਦੀਆਂ ਓਲੰਪਿਕ ਖੇਡਾਂ ਦੌਰਾਨ ਖੇਡੀ ਗਈ ਜਿਸ ਦਾ ਗੋਲਡ ਮੈਡਲ ਬਰਤਾਨੀਆ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਬਰਤਾਨੀਆ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪੁਚਾ ਦਿੱਤੀ ਸੀ। ਪੰਜਾਬ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਪੰਜਾਬੀਆਂ ਵਿਚ ਹਰਮਨ ਪਿਆਰੀ ਹੋ ਗਈ। 1928 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਤੇ ਸੋਨੇ ਦਾ ਤਗ਼ਮਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ਵਿਚ ਬਰਲਿਨ, 1948 ਵਿਚ ਲੰਡਨ, 1952 ਵਚ ਹੇਲਸਿੰਕੀ ਤੇ 1956 ਵਿਚ ਮੈਲਬਰਨ ਦੀਆਂ ਓਲੰਪਿਕ ਖੇਡਾਂ ਵਿਚੋਂ ਭਾਰਤੀ ਹਾਕੀ ਟੀਮ ਲਗਾਤਾਰ ਸੋਨੇ ਦੇ ਤਗ਼ਮੇ ਜਿੱਤਦੀ ਰਹੀ। ਮੈਲਬਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਪਰ ਆਪਣੇ ਸਿਰ ਇੱਕ ਵੀ ਗੋਲ ਨਾ ਹੋ ਸਕਿਆ! ਰੋਮ-1960 ਵਿਚ ਭਾਰਤੀ ਟੀਮ ਪਾਕਿਸਤਾਨ ਤੋਂ 0-1 ਗੋਲ ’ਤੇ ਹਾਰੀ ਪਰ ਟੋਕੀਓ-1964 ਵਿਚੋਂ ਫਿਰ ਸੋਨੇ ਦਾ ਤਗ਼ਮਾ ਜਿੱਤ ਲਿਆ। ਮਾਸਕੋ ਓਲੰਪਿਕ-1980 ਵਿਚੋਂ ਆਖ਼ਰੀ ਵਾਰ ਸੋਨੇ ਦਾ ਤਗ਼ਮਾ ਹਾਸਲ ਕੀਤਾ। ਉਸ ਪਿਛੋਂ ਚਾਲੀ ਸਾਲ ਭਾਰਤੀ ਹਾਕੀ ਖੇਤਰ ਵਿਚ ਓਲੰਪਿਕ ਮੈਡਲ ਜਿੱਤਣ ਦਾ ਸੋਕਾ ਪਿਆ ਰਿਹਾ। ਲੰਮੀ ਔੜ ਬਾਅਦ 2021 ਵਿਚ ਹੋਈਆਂ ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚੋਂ ਭਾਰਤੀ ਹਾਕੀ ਟੀਮ ਨੇ ਬਰਾਂਜ਼ ਮੈਡਲ ਜਿੱਤ ਕੇ ਚਾਰ ਦਹਾਕੇ ਪੁਰਾਣਾ ਜੰਗਾਲ ਲਾਹਿਆ।
ਇੰਜ ਹੋਇਆ ਹਾਕੀ ਦਾ ਇਸ਼ਕ
ਪ੍ਰੋ. ਪਰਮਜੀਤ ਰੰਧਾਵਾ ਦਾ ਮੱਤ ਹੈ ਕਿ ਖੇਡਾਂ ਖੇਡਣ ਤੇ ਦੇਖਣ ਵਾਂਗ ਖੇਡਾਂ ਤੇ ਖਿਡਾਰੀਆਂ ਬਾਰੇ ਉਸਾਰੂ ਲਿਖਣਾ ਵੀ ਜ਼ਰੂਰੀ ਹੈ। ਖੇਡ ਸਭਿਆਚਾਰ ਦੀ ਉਸਾਰੀ ਬਗੈਰ ਕੋਈ ਵੀ ਸਮਾਜ ਪੂਰਨ ਵਿਕਾਸ ਨਹੀਂ ਕਰ ਸਕਦਾ। ਇਹੀ ਸੋਚ ਲੈ ਕੇ ਗੁਲਜ਼ਾਰ ਸਿੰਘ ਰੰਧਾਵਾ, ਹੈੱਡਮਾਸਟਰ ਸ਼ਹੀਦ ਲਛਮਣ ਸਿੰਘ ਸਰਕਾਰੀ ਹਾਈ ਸਕੂਲ ਧਾਰੋਵਾਲੀ ਦਾ ਪੁੱਤਰ ਪਰਮਜੀਤ ਹਾਕੀ ਦੀ ਖੇਡ ਬਾਰੇ ਲਿਖਣ ਲਈ ਪ੍ਰੇਰਤ ਹੋਇਆ। ਉਸ ਦਾ ਹਾਕੀ ਵੱਲ ਝੁਕਾਅ ਉਹਦੇ ਪਿਤਾ ਦੁਆਰਾ ਉਮਰ ਦੇ ਛੇਵੇਂ ਸਾਲ ਵਿਚ ਲੈ ਕੇ ਦਿੱਤੀ ਹਾਕੀ ਸਟਿੱਕ ਤੋਂ ਸ਼ੁਰੂ ਹੋ ਗਿਆ ਸੀ। ਆਪਣੀ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਜੀ ਦੇ ਅਕਾਲ ਚਲਾਣੇ ਪਿੱਛੋਂ ਹਾਲਾਤ ਕੁਝ ਐਸੇ ਬਣੇ ਕਿ ਉਸ ਨੂੰ ਦਸਵੀਂ ਤਕ ਦੀ ਪੜ੍ਹਾਈ ਆਪਣੇ ਨਾਨਕੇ ਪਿੰਡ ਰਾਜਾਸਾਂਸੀ ਦੇ ਸਰਕਾਰੀ ਹਾਈ ਸਕੂਲ ਤੋਂ ਕਰਨੀ ਪਈ।
ਕਿਸੇ ਵੇਲੇ ਰਾਜਾਸਾਂਸੀ ਜੋ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਅਸਲੋਂ ਨੇੜੇ ਹੈ, ਹਾਕੀ ਦਾ ਗੜ੍ਹ ਸੀ। ਮੇਜਰ ਹਰਿੰਦਰ ਸਿੰਘ ਦੀ ਕੋਠੀ ਲਾਗਲੀ ਗਰਾਊਂਡ ਵਿਚ ਮੁੰਡੇ ਦੁਪਹਿਰਾ ਢਲਦੇ ਹੀ ਤਿੰਨ ਵਜੇ ਪਹੁੰਚ ਜਾਂਦੇ ਤੇ ਸ਼ਾਮ ਦੇ ਸੱਤ ਅੱਠ ਵਜੇ ਤਕ ਹਾਕੀ ਖੇਡਦੇ ਰਹਿੰਦੇ। ਪਰਮਜੀਤ ਨੂੰ ਹਾਕੀ ਖੇਡਣ ਦੀ ਪ੍ਰੇਰਨਾ ਇਸੇ ਸਕੂਲ ਵਿਚ ਪੀਟੀ ਮਾਸਟਰ ਜੋਗਿੰਦਰ ਸਿੰਘ ਤੋਂ ਮਿਲੀ। ਫਿਰ ਡੀਏਵੀ ਕਾਲਜ ਅੰਮ੍ਰਿਤਸਰ ਤੋਂ ਬੀਏ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮਏ ਐੱਮਫਿੱਲ ਕਰ ਕੇ ਉਸੇ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕਰ ਲਿਆ। ਨਾਲ ਦੀ ਨਾਲ ਕਾਲਜ ਅਤੇ ਅੰਮ੍ਰਿਤਸਰ ਦੀਆਂ ਸਾਹਿਤਕ, ਸਭਿਆਚਾਰਕ ਤੇ ਖੇਡ ਸਰਗਰਮੀਆਂ ਵਿਚ ਯੋਗਦਾਨ ਪਾਉਣਾ ਆਪਣਾ ਮਿਸ਼ਨ ਮਿਥ ਲਿਆ।
ਲਗਭਗ 20 ਸਾਲਾਂ ਤੋਂ ਹਾਕੀ ਦੇ ਪ੍ਰਚਾਰ ਅਤੇ ਪੱਤਰਕਾਰੀ ਵਿਚ ਰੁੱਝੇ ਪ੍ਰੋ. ਰੰਧਾਵਾ ਅਨੁਸਾਰ ਇਹੋ ਜਿਹੇ ਕਾਰਜਾਂ ਲਈ ਕਈ ਵਾਰ ਅਨੀਂਦਰੀਆਂ ਰਾਤਾਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ ਅਤੇ ਮਿਸ਼ਨਰੀ ਬਣ ਕੇ ਨੰਗੇ ਧੜ ਕੰਮ ਕਰਨਾ ਪੈਂਦਾ ਹੈ। ਉਹ ਐਸਾ ਹਾਕੀ ਲੇਖਕ ਹੈ ਜੋ ਕਈ ਵਾਰ ਇਸ ਖੇਡ ਨਾਲ ਕੌਮੀ ਪੱਧਰ ’ਤੇ ਹੁੰਦੀਆਂ ਬੇਇਨਸਾਫ਼ੀਆਂ ਵਿਰੁੱਧ ਰੋਸ ਮੁਜ਼ਾਹਰੇ ਤੇ ਰੈਲੀਆਂ ਕਰਨ ਲਈ ਸੜਕਾਂ ’ਤੇ ਆਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਉਹ ਬੇਖੌਫ਼ ਬੋਲਦਾ ਤੇ ਲਿਖਦਾ ਹੈ। ਅਸਲੀ ਖੇਡ ਲੇਖਕ ਉਹੋ ਹੁੰਦੈ ਜੋ ਖੇਡ ਪੱਤਰਕਾਰੀ ਸਦਕਾ ਮਾੜੇ ਖੇਡ ਸਿਸਟਮ ਵਿਚ ਚੰਗੇਰੀ ਤਬਦੀਲੀ ਦੇ ਮਿਸ਼ਨ ਨੂੰ ਲੈ ਕੇ ਚੱਲੇ। ਲਗਾਤਾਰ ਅੱਠ ਸਾਲ ਲਿਖਣ ਬਾਅਦ ਉਸ ਨੇ ਸੋਚਿਆ ਸੀ ਕਿ ਵੱਖ ਵੱਖ ਸਕੂਲਾਂ ਵਿਚ ਜਾ ਕੇ ਹਾਕੀ ’ਤੇ ਲੈਕਚਰ ਦਿੱਤੇ ਜਾਣ ਅਤੇ ਪ੍ਰਿੰਸੀਪਲਾਂ ਤੇ ਖੇਡ ਵਿਭਾਗ ਦੇ ਅਧਿਆਪਕਾਂ ਨੂੰ ਵਿਦਿਅਕ ਸੰਸਥਾਵਾਂ ਵਿਚ ਹਾਕੀ ਸ਼ਾਮਲ ਕਰਨ ਲਈ ਪ੍ਰੇਰਿਆ ਜਾਵੇ। ਪ੍ਰੋ. ਰੰਧਾਵਾ ਹੁਣ ਤਕ 22 ਸਕੂਲਾਂ ਵਿਚ ਹਾਕੀ ’ਤੇ ਲੈਕਚਰ ਦੇ ਚੁੱਕਾ ਹੈ ਅਤੇ ਕਾਨਵੈਂਟ ਤੇ ਪਬਲਿਕ ਸਕੂਲਾਂ ਵਿਚ ਜਿਥੇ ਹਾਕੀ ਦਾ ਕੋਈ ਨਾਂ ਥਾਂ ਨਹੀਂ ਸੀ, ਉਥੇ ਹਾਕੀ ਦੀ ਖੇਡ ਸ਼ੁਰੂ ਕਰਵਾ ਚੁੱਕਾ ਹੈ। ਉਸ ਨੇ ਮੁਲਕ ਭਰ ਦੇ ਹਾਕੀ ਪ੍ਰੇਮੀਆਂ ਦਾ ਕਾਰਵਾਂ ਤਿਆਰ ਕੀਤਾ ਹੈ। ਪਰਮਜੀਤ ਸਿੰਘ ਰੰਧਾਵਾ ਦੇ ਦੱਸਣ ਅਨੁਸਾਰ ਹੁਣ ਤਕ ਇਕ ਲੱਖ ਐੱਸਐੱਮਐੱਸ ਭਾਰਤ ਤੇ ਵਿਦੇਸ਼ ਦੇ ਲੋਕਾਂ ਨੂੰ ਭੇਜ ਚੁੱਕਾ ਹੈ। ਮਿਸ਼ਨ ਇਕੋ ਹੈ- ਹਾਕੀ ਦਾ ਵਿਕਾਸ, ਹਾਕੀ ਦੀ ਲੋਕਪ੍ਰਿਯਤਾ ਤੇ ਹਾਕੀ ਦੀ ਚੜ੍ਹਦੀ ਕਲਾ।
ਉਸ ਦੇ ਡਰਾਇੰਗ ਰੂਮ ਵਿਚ ਇਕ ਨੁੱਕਰੇ ਹਾਕੀ ਸਟਿੱਕ ਤੇ ਗੇਂਦ ਹਰ ਵੇਲੇ ਪਈ ਦਿਸਦੀ ਹੈ। ਕਿਤੇ ਛੋਟੇ ਛੋਟੇ ਬੱਚਿਆਂ ਦੀਆਂ ਹਾਕੀ ਖੇਡਦਿਆਂ ਦੀਆਂ ਤਸਵੀਰਾਂ ਲਟਕ ਰਹੀਆਂ, ਕਿਤੇ ਮੇਜਰ ਧਿਆਨ ਚੰਦ ਤੇ ਧਨਰਾਜ ਪਿੱਲੇ ਦੇ ਚਿੱਤਰ ਜੋ ਘਰ ਆਉਣ ਵਾਲਿਆਂ ਨੂੰ ਜੀ ਆਇਆਂ ਆਖਦੇ, ਲੇਖਕ ਨੂੰ ਲਿਖਣ ਲਈ ਉਤਸ਼ਾਹ ਤੇ ਬਲ ਬਖ਼ਸ਼ਦੇ ਹਨ। ਨੇੜਲੇ ਪਰਿਵਾਰਾਂ ਵਿਚ ਕਿਸੇ ਵੀ ਬੱਚੇ ਦੇ ਜਨਮ ਦਿਨ ’ਤੇ ਉਹ ਹਾਕੀ ਸਟਿੱਕ ਤੇ ਗੇਂਦ ਹੀ ਤੋਹਫ਼ੇ ਵਜੋਂ ਭੇਟ ਕਰਦਾ ਹੈ। ਉਸ ਨੂੰ ਫੋਨ ਕਰ ਕੇ ਦੇਖ ਲਵੋ- ‘ਚੱਕ ਦੇ ਓ ਚੱਕ ਦੇ… ਇੰਡੀਆ… ਓ ਚੱਲ ਕੋਈ ਜਿ਼ੱਦ ਫੜੀਏ’ ਗਾਣੇ ਦੀ ਟਿਊਨ ਤੁਹਾਡਾ ਸਵਾਗਤ ਕਰਦੀ ਤੁਹਾਨੂੰ ਵੀ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਜ਼ਿੱਦ ਫੜਨ ਲਈ ਮਜਬੂਰ ਕਰੇਗੀ। ਮੋਬਾਈਲ ਦੀ ਸਕਰੀਨ ’ਤੇ ਵੀ ਹਾਕੀ ਦੇ ਐਕਸ਼ਨ ਪੇਜ਼ ਹੀ ਹੁੰਦੇ ਹਨ। ਕਾਰ ’ਤੇ ਵੀ ਹਾਕੀ ਦੀ ਖੇਡ ਵੱਲ ਦੇਖਣ ਵਾਲਿਆਂ ਦਾ ਧਿਆਨ ਖਿੱਚਣ ਲਈ ਕੁਝ ਨਾ ਕੁਝ ਛਪਿਆ ਮਿਲ ਜਾਂਦੈ। ਅੰਮ੍ਰਿਤਸਰ ਦੇ ਇਸ ਹਾਕੀ ਉਪਾਸ਼ਕ ਨੂੰ ਅਕਸਰ ਖੇਡ ਮੇਲਿਆਂ ਵਿਚ ਬੁਲਾਇਆ ਜਾਂਦਾ ਹੈ ਤੇ ਮਾਨ ਸਨਮਾਨ ਬਖ਼ਸ਼ੇ ਜਾਂਦੇ ਹਨ। ਉਹ ਪਾਕਿਸਤਾਨੀ ਸੰਗੀਤ ਦਾ ਰਸੀਆ ਹੈ, ਕੁਝ ਵੱਖਰਾ ਕਰਨ ਦੀ ਜਿ਼ੱਦ ਰੱਖਣ ਵਾਲਾ ਉਤਸ਼ਾਹੀ ਤੇ ਹਿੰਮਤੀ ਜਿਊੜਾ ਹੈ ਜੋ ਮਾਤਾ ਰੂਪਿੰਦਰ ਕੌਰ, ਪਤਨੀ ਪ੍ਰੋ. ਰਾਜਵਿੰਦਰ ਕੌਰ ਰੰਧਾਵਾ ਤੇ ਹਾਕੀ ਦੇ ਸ਼ੌਂਕੀ ਬੱਚਿਆਂ ਦਾ ਬਾਪ ਬਣ ਕੇ ਆਪਣਾ ਮਿਸ਼ਨ ਪੂਰਾ ਕਰਨ ਵੱਲ ਲੱਗਾ ਹੋਇਆ ਹੈ। ਪੇਸ਼ ਹਨ ਉਹਦੀਆਂ ਲਿਖਤਾਂ ਦੇ ਕੁਝ ਰੰਗ:
ਖੇਡਾਂ ਅਤੇ ਭਾਰਤੀ ਸਰਕਾਰਾਂ
ਖੇਡਾਂ ਪੱਖੋਂ ਭਾਰਤ ‘ਮਹਾਨ’ ਦਾ ਜੋ ਮਿਆਰ ਹੈ, ਉਹ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ। ਇਸ ਦੇ ਮੁਕਾਬਲੇ ਚੀਨ, ਰੂਸ, ਅਮਰੀਕਾ, ਬਰਤਾਨੀਆ, ਦੱਖਣੀ ਕੋਰੀਆ, ਆਸਟਰੇਲੀਆ ਆਦਿ ਦੇਸ਼ ਹਨ ਜਿਨ੍ਹਾਂ ਦੀ ਖੇਡਾਂ ਦੇ ਖੇਤਰ ’ਚ ਸਰਦਾਰੀ ਹੈ। ਭਾਰਤ ਸਰਕਾਰ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਾਂਗ ਨਹੀਂ ਜੋ ਦੇਸ਼ ’ਚ ਖੇਡ ਕ੍ਰਾਂਤੀ ਲਿਆਉਣ ਲਈ ਯਤਨਸ਼ੀਲ ਹੋਣ। ਉਹ ਆਪਣੇ ਬਜਟ ਦਾ ਕਾਫੀ ਹਿੱਸਾ ਖੇਡਾਂ ਦੇ ਵਿਕਾਸ ਲਈ ਰਖਦੀਆਂ ਹਨ। ਭਾਰਤ ਵਿਚ ਖੇਡਾਂ ਲਈ ਨਾਮਾਤਰ ਬਜਟ ਰੱਖਿਆ ਜਾਂਦਾ ਹੈ। ਸਾਨੂੰ ਤਾਂ ਇੰਜ ਲਗਦਾ ਹੈ ਜਿਵੇਂ ਖੇਡਾਂ ਸਾਡੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ’ਤੇ ਇੱਕ ਬੇਲੋੜਾ ਬੋਝ ਹੋਣ। ਇਸ ਲਈ ਖੇਡ ਮੈਦਾਨ ਬਣਾਉਣ, ਖੇਡ ਸਮਾਨ ਮੁਹੱਈਆ ਕਰਨ ਅਤੇ ਲੋੜੀਂਦੇ ਕੋਚ ਰੱਖਣ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਨਰੋਈ ਸਿਹਤ, ਸਿਹਤਮੰਦ ਸਮਾਜ, ਤੰਦਰੁਸਤ ਸਰੀਰ ਤੇ ਤੰਦਰੁਸਤ ਦਿਮਾਗ ਅਤੇ ਨਸ਼ਿਆਂ ਤੋਂ ਦੂਰੀ ਖੇਡਾਂ ਅਤੇ ਖੇਡ ਮੈਦਾਨਾਂ ਦੀ ਬਦੌਲਤ ਹੀ ਹੋ ਸਕਦੀ ਹੈ। ਇਹ ਗੱਲ ਪਤਾ ਨਹੀਂ ਸਾਡੇ ਮਨਾਂ ਵਿਚ ਕਿਉਂ ਨਹੀਂ ਆਉਂਦੀ ਕਿ ਖੇਡਾਂ ਦੀ ਬਦੌਲਤ ਸਾਡੇ ਦੇਸ਼ ’ਚ ਸਿਹਤਮੰਦ ਮਾਹੌਲ ਮਿਲ ਸਕਦਾ ਹੈ। ਚੰਗੀ ਸਿਹਤ ਨਾਲ ਸਾਡੇ ਦੇਸ਼ ਅਤੇ ਸਮਾਜ ਦਾ ਵਿਕਾਸ ਹਰ ਪੱਖੋਂ ਹਰ ਖੇਤਰ ’ਚ ਹੋਰ ਤੇਜ਼ ਗਤੀ ਨਾਲ ਹੋ ਸਕਦਾ ਹੈ। ਇਹਦੇ ਨਾਲ ਕੌਮਾਂਤਰੀ ਪੱਧਰ ’ਤੇ ਵੀ ਸਾਡੇ ਦੇਸ਼ ਅਤੇ ਸਮਾਜ ਦਾ ਵਿਕਾਸ ਹਰ ਪੱਖੋਂ ਹਰ ਖੇਤਰ ’ਚ ਹੋਰ ਤੇਜ਼ ਗਤੀ ਨਾਲ ਹੋ ਸਕੇਗਾ। ਇਸ ਨਾਲ ਦੇਸ਼ ਨੂੰ ਹੋਰ ਇੱਜ਼ਤ ਤੇ ਮਾਣ ਵਡਿਆਈ ਮਿਲ ਸਕੇਗੀ…।
ਇਸ ਪੱਖੋਂ ਅਸੀਂ ਭਾਰਤੀ ਖੇਡਾਂ ਦਾ ਸੁਨਹਿਰੀ ਅੱਖਰਾਂ ’ਚ ਨਾਂ ਲਿਖਵਾਉਣ ਵਾਲੀਆਂ ਕੁਝ ਖੇਡ ਹਸਤੀਆਂ ਨਾਲ ਸੰਪਰਕ ਕੀਤਾ ਤਾਂ ਉਹ ਰਾਜਨੀਤਕ ਲੀਡਰਾਂ ਦੇ ਖੇਡਾਂ ਪ੍ਰਤੀ ਲਾਪ੍ਰਵਾਹੀ ਵਾਲੇ ਰਵੱਈਏ ਤੋਂ ਬਹੁਤ ਨਾਰਾਜ਼ ਨਜ਼ਰ ਆਏ। ਉਨ੍ਹਾਂ ਰਾਜਨੇਤਾਵਾਂ ਨੂੰ ਖੇਡਾਂ ਪ੍ਰਤੀ ਸੰਜੀਦਾ ਹੋਣ ਦਾ ਸੁਝਾਅ ਦਿੱਤਾ। ਪੰਜਾਬ ’ਚ ਹੀ ਨਹੀਂ ਸਗੋਂ ਲੋੜ ਹੈ ਵੱਖ ਵੱਖ ਰਾਜਾਂ ਦਾ ਖਿਡਾਰੀ ਵਰਗ ਰਾਜ ਭਰ ’ਚ ਛੋਟੇ ਛੋਟੇ ਯੂਨਿਟ ਬਣਾ ਕੇ ਸਾਂਝੇ ਮੰਚ ਹੇਠ ਜੁੜੇ ਤਾਂ ਕਿ ਉਹ ਖੇਡਾਂ ਦੇ ਖੇਤਰ ’ਚ ਹੋ ਰਹੀਆਂ ਬੇਇਨਸਾਫੀਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਸਕੇ। ਆਓ, ਖੇਡਾਂ ਨਾਲ ਮੋਹ ਰੱਖਣ ਵਾਲੇ ਸਾਰੇ ਵੋਟਰ ਆਪੋ-ਆਪਣੇ ਇਲਾਕਿਆਂ ’ਚ ਅਜਿਹੀ ਖੇਡ ਮੁਹਿੰਮ ਚਲਾਈਏ ਕਿ ਚੋਣਾਂ ’ਚ ਖੇਡਾਂ ਵੀ ਮੁੱਦਾ ਬਣ ਸਕਣ। ਰਾਜਨੀਤਕ ਲੀਡਰ ਤੇ ਚੋਣ ਮੈਦਾਨ ’ਚ ਉਤਰੇ ਉਮੀਦਵਾਰ ਖਿਡਾਰੀ ਵਰਗ ਦੀ ਸ਼ਕਤੀ ਨੂੰ ਪਛਾਣਨ ਕਿ ਇਹ ਵੀ ਵਕਤ ਆਉਣ ’ਤੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਖੇਡ ਭਾਵਨਾ ਤੇ ਮੀਡੀਆ
ਕਿਸੇ ਦੇਸ਼ ਦੀ ਕੋਈ ਵੀ ਖੇਡ ਹੋਵੇ, ਉਹਦੇ ਸਮਰਥਕ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਖਿਡਾਰੀ ਜਿੱਤ ਕੇ ਹੀ ਆਉਣ। ਰਾਸ਼ਟਰ ਭਗਤੀ ਦੀ ਆਪਣੀ ਮਹੱਤਤਾ ਹੈ ਪਰ ਨਾਲ ਨਾਲ ਉਹਨਾਂ ਨੂੰ ਦੂਜੇ ਦੇਸ਼ਾਂ ਦੇ ਬਿਹਤਰੀਨ ਖਿਡਾਰੀਆਂ ਨੂੰ ਦਾਦ ਦੇਣੀ ਵੀ ਆਉਣੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਖੇਡ ’ਚ ਜਿੱਤ-ਹਾਰ ਦਾ ਮਜ਼ਾ ਹੀ ਇਸ ਦੀ ਅਨਿਸ਼ਚਤਾ ਵਿਚ ਹੁੰਦਾ ਹੈ। ਇਹ ਕੋਈ ਨਹੀਂ ਕਹਿ ਸਕਦਾ ਕਿ ਕਿਸੇ ਖ਼ਾਸ ਦਿਨ ਖੇਡ ਰਹੇ ਖਿਡਾਰੀ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ਅਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸਮਤ ਕਦੋਂ ਕਿਸੇ ਖਿਡਾਰੀ ਦਾ ਸਾਥ ਦੇ ਦੇਵੇ। ਇਸ ਲਈ ਖੇਡਾਂ ਵਿਚਲੀ ਹਾਰ-ਜਿੱਤ ਨੂੰ ਖੇਡ ਭਾਵਨਾ ਨਾਲ ਹੀ ਲਿਆ ਜਾਣਾ ਚਾਹੀਦਾ ਹੈ। ਇਹ ਭਾਵਨਾ ਬਿਮਾਰ ਮਾਨਸਿਕਤਾ ਵੱਲ ਨਹੀਂ ਵਧਣੀ ਚਾਹੀਦੀ ਸਗੋਂ ਤੰਦਰੁਸਤ ਸੋਚ ਦੀ ਧਾਰਨੀ ਹੋਣੀ ਚਾਹੀਦੀ ਹੈ।
ਇਸ ਪੱਖੋਂ ਮੀਡੀਆ ਨੂੰ ਵੀ ਆਪਣਾ ਰੋਲ ਨਿਰਪੱਖ ਨਿਭਾਉਣਾ ਚਾਹੀਦਾ ਹੈ। ਭਾਰਤ ’ਚ ਮੀਡੀਆ ਨੇ ਹੀ ਕ੍ਰਿਕਟ ਨੂੰ ਖ਼ਾਸ ਤਰ੍ਹਾਂ ਦਾ ਜਨੂਨ ਬਣਾ ਦਿੱਤਾ ਹੈ। ਕ੍ਰਿਕਟਰਾਂ ਨਾਲ ਮੀਡੀਏ ਦੀ ਆਪਣੀ ਕਮਾਈ ਵੀ ਇਸੇ ’ਚ ਲੁਕੀ ਹੋਈ ਹੈ। ਅੱਜ ਕੱਲ੍ਹ ਯੂਟਿਊਬ ਚੈਨਲਾਂ ਦਾ ਵੀ ਜ਼ਮਾਨਾ ਹੈ। ਹਰ ਕੋਈ ਆਪਣੇ ਚੈਨਲ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਆਮ ਖ਼ਬਰ ਨੂੰ ਖ਼ਾਸ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ। ਕਈ ਵਾਰ ਲੋਕ ਇਨ੍ਹਾਂ ਖ਼ਾਸ ਬਣੀਆਂ ਖ਼ਬਰਾਂ ਨਾਲ ਉਪਭਾਵੁਕ ਜਿਹੇ ਹੋ ਜਾਂਦੇ ਹਨ। ਸਾਡੇ ਦੇਸ਼ ’ਚ ਕ੍ਰਿਕਟ ਦੇ ਹਾਰਨ ਦਾ ਦੁੱਖ ਉਸ ਸ਼ਿੱਦਤ ਨਾਲ ਖੇਡ ਪ੍ਰੇਮੀਆਂ ਨੂੰ ਨਹੀਂ ਹੁੰਦਾ ਜਿਸ ਤੀਬਰਤਾ ਨਾਲ ਮੀਡੀਆ ਨੂੰ ਹੁੰਦਾ ਹੈ; ਖਾਸ ਕਰਕੇ ਬਿਜਲਈ ਮੀਡੀਆ ਨੂੰ ਭਾਰਤ ’ਚ ਕ੍ਰਿਕਟ ਦੀ ਹਾਰ ਕਰਕੇ ਵੱਖ ਵੱਖ ਬਿਜਲਈ ਚੈਨਲਾਂ ਦੀ ਦਿਲਚਸਪ ਸਮੱਗਰੀ ਜੋ ਉਨ੍ਹਾਂ ਨੇ ਆਪਣੇ ਦਰਸ਼ਕਾਂ ਅੱਗੇ ਪਰੋਸਣੀ ਹੁੰਦੀ ਹੈ, ਉਹ ਰਹਿ ਜਾਂਦੀ ਹੈ। ਜਿੱਤ ਦੇ ਜਸ਼ਨ ’ਚ ਜੋ ਪਰੋਸਣਾ ਰਹਿ ਜਾਂਦਾ, ਚਾਲੂ ਮੀਡੀਆ ਉਸ ਨੂੰ ਫਿਰ ਦੇਸ਼ ’ਚ ਪਿੱਟ-ਸਿਆਪਾ ਪਾ ਕੇ ਪੂਰਾ ਕਰਨਾ ਚਾਹੁੰਦਾ ਹੈ!
ਜੋ ਲੋਕ ਹਾਰਨ ਵਿਰੁੱਧ ਮੁਜ਼ਾਹਰੇ ਕਰਦੇ ਹਨ, ਉਨ੍ਹਾਂ ਨੂੰ ਸਹੀ ਅਰਥਾਂ ਵਿਚ ਖੇਡ ਦੇ ਫੈਨ ਨਹੀਂ ਕਿਹਾ ਜਾ ਸਕਦਾ। ਇਹ ਲੋਕ ਇੱਕ ਤਰ੍ਹਾਂ ਨਾਲ ਪ੍ਰਚਾਰ ਦੇ ਭੁੱਖੇ ਹੁੰਦੇ ਹਨ। ਮੀਡੀਆ ਨੂੰ ਇਹੋ ਜਿਹੇ ਲੋਕਾਂ ਦੀ ਲੋੜ ਹੁੰਦੀ ਹੈ। ਜੇ ਟੀਵੀ ਕੈਮਰਾ ਸ਼ੁਹਰਤ ਦੇ ਭੁੱਖੇ ਇਨ੍ਹਾਂ ਲੋਕਾਂ ਅੱਗੇ ਨਾ ਘੁੰਮੇ ਤਾਂ ਤੁਸੀਂ ਯਕੀਨ ਕਰੋ ਕਿ ਕੋਈ ਵੀ ਅਜਿਹਾ ਮੁਜ਼ਾਹਰਾ ਕਰਨ ਲਈ ਤਿਆਰ ਨਹੀਂ ਹੋਵੇਗਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਠੀਕ ਹੈ ਕਿ ਦੇਸ਼ ਵਾਸੀਆਂ ਨੂੰ ਆਪਣੇ ਖਿਡਾਰੀਆਂ ਦੀ ਜਿੱਤ ’ਤੇ ਖੁਸ਼ੀ ਹੁੰਦੀ ਹੈ ਪਰ ਹਾਰ ਵੀ ਤਾਂ ਉਸੇ ਖੇਡ ਦਾ ਇੱਕ ਪਹਿਲੂ ਹੁੰਦਾ ਹੈ। ਉਸ ’ਤੇ ਹੱਦ ਦਰਜੇ ਦੀ ਨਾਰਾਜ਼ਗੀ ਪ੍ਰਗਟਾਉਣਾ ਜਾਂ ਨਾਰਾਜ਼ਗੀ ਪ੍ਰਗਟਾਉਣ ਲਈ ਦੇਸ਼ ਦੇ ਮੀਡੀਆ ਵਲੋਂ ਹੱਲਾਸ਼ੇਰੀ ਦੇਣੀ ਕਿਸੇ ਤਰ੍ਹਾਂ ਵੀ ਅਸਲੀ ਖੇਡ ਭਾਵਨਾ ਨਹੀਂ। ਸਾਡੇ ਬਹੁਤੇ ਲੋਕਾਂ ਦਾ ਖੇਡਾਂ ਵਿਚਲੀ ਜਿੱਤ ਹਾਰ ਪ੍ਰਤੀ ਅਜੀਬ ਵਰਤਾਰਾ ਹੈ। ਨਾ ਸਾਡੇ ਕੋਲੋਂ ਹਾਰ ਸਹਾਰੀ ਜਾਂਦੀ ਹੈ, ਨਾ ਜਿੱਤ ਪਚਾਈ ਜਾਂਦੀ ਹੈ। ਆਪਣੀ ਟੀਮ ਜਿੱਤ ਜਾਵੇ ਤਾਂ ਸਾਨੂੰ ਜਿੱਤ ਦਾ ਬੁਖਾਰ ਚੜ੍ਹ ਜਾਂਦਾ ਹੈ, ਜੇ ਹਾਰ ਜਾਵੇ ਤਾਂ ਹਾਰ ਦੇ ਨਮੂਨੀਏ ਤੋਂ ਵੀ ਨਹੀਂ ਬਚ ਸਕਦੇ ਪਰ ਸਿਹਤਮੰਦ ਖੇਡ ਪ੍ਰੇਮੀ ਕਦੇ ਵੀ ਇੰਜ ਨਾ ਸੋਚੇ, ਉਸ ਨੂੰ ਤਾਂ ਬਸ ਖੇਡ ਹੀ ਪਿਆਰੀ ਹੋਵੇ ਕਿ ਖੇਡ ਕਿੰਨੀ ਚੰਗੀ ਜਾਂ ਮਾੜੀ ਖੇਡੀ ਗਈ।
ਹਾਕੀ ਕਲੱਬ ਤੇ ਆਸਟਰੋ ਟਰਫ
1955 ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਵਿਚ ਹਾਕੀ ਦੇ ਕਾਫੀ ਕਲੱਬ ਬਣੇ ਸਨ ਪਰ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਦਮ ਤੋੜਦੇ ਗਏ। ਕਈ ਨਵੇਂ ਕਲੱਬਾਂ ਨੇ ਆਪਣੀ ਹੋਂਦ ਜਤਲਾਉਣ ਦੀ ਕੋਸ਼ਿਸ਼ ਕੀਤੀ। ਕਈ ਪਿੰਡਾਂ ’ਚ ਟੂਰਨਾਮੈਂਟ ਹੁੰਦੇ ਰਹੇ। ਫਿਰ ਹੌਲੀ ਹੌਲੀ 1985 ਤੋਂ ਇਨ੍ਹਾਂ ਦਾ ਕੰਮ ਵੀ ਠੰਢਾ ਪੈ ਗਿਆ। 1990 ਤੋਂ ਬਾਅਦ ਪਿੰਡਾਂ ਵਿਚ ਕ੍ਰਿਕਟ ਦਾ ਕ੍ਰੇਜ ਵਧਦਾ ਗਿਆ ਅਤੇ ਕੁਝ ਲੋਕਾਂ ਨੇ ਜਾਂ ਕਹਿ ਲਵੋ ਨੌਜਵਾਨ ਵਰਗ ਨੇ ਪੇਂਡੂ ਕ੍ਰਿਕਟ ਟੂਰਨਾਮੈਂਟਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਇਹ ਉਹ ਕਾਰਨ ਹਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ’ਤੇ ਹਾਕੀ ਦੇ ਖੇਡ ਪਿਆਰ ਨੂੰ ਠੇਸ ਪਹੁੰਚਾਈ। ਹਾਕੀ ਲਈ ਮਸ਼ਹੂਰ ਰਹੀ ਪੰਜਾਬ ਦੀ ਧਰਤੀ ਨੂੰ ਉਸ ਵਕਤ ‘ਹਰੀ ਕ੍ਰਾਂਤੀ’ ਵਾਂਗ ‘ਹਾਕੀ ਕ੍ਰਾਂਤੀ’ ਲਿਆਉਣ ਲਈ ਸਰਕਾਰ, ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਕ੍ਰਾਂਤੀਕਾਰੀ ਹਾਕੀ ਪ੍ਰੇਮੀਆਂ ਦੀ ਲੋੜ ਸੀ ਜੋ ਹਾਕੀ ਦੇ ਮਸੀਹੇ ਬਣਦੇ ਪਰ ਇੰਜ ਹੋ ਨਾ ਸਕਿਆ। ਪੂਰੀ ਸ਼ਿੱਦਤ ਨਾਲ ਪਿੰਡਾਂ ’ਚ ਹਾਕੀ ਦੀ ਲਹਿਰ ਉਭਾਰਨ ਲਈ, ਹਾਕੀ ਕ੍ਰਾਂਤੀ ਲਿਆਉਣ ਲਈ ਵੱਧ ਤੋਂ ਵੱਧ ਹਾਕੀ ਕਲੱਬ ਬਣਾਏ ਜਾਣ ਦੀ ਜ਼ਰੂਰਤ ਹੈ। ਇਹੀ ਕਲੱਬ ਬਾਅਦ ’ਚ ਹਾਕੀ ਟੂਰਨਾਮੈਂਟ ਕਰਵਾਉਣ ਤਾਂ ਕੋਈ ਕਾਰਨ ਨਹੀਂ ਕਿ ਸਾਰਾ ਸਾਲ ਸਵੇਰੇ-ਸ਼ਾਮ ਪਿੰਡਾਂ ’ਚ ਹਾਕੀ ਦਾ ਬੋਲਬਾਲਾ ਨਾ ਹੋਵੇ। ਇਸ ਤਰ੍ਹਾਂ ਪਿੰਡਾਂ ’ਚੋਂ ਨਿਕਲਣ ਵਾਲੀ ਹਾਕੀ ਪ੍ਰਤਿਭਾ ’ਚ ਹੋਰ ਨਿਖਾਰ ਹੋਵੇਗਾ।
25 ਪਿੰਡਾਂ ਕੋਲ ਇੱਕ ਐਸਟਰੋ ਟਰਫ਼ ਮੈਦਾਨ ਦੀ ਵੀ ਜ਼ਰੂਰਤ ਹੈ ਪਰ ਇਸ ਸਭ ਕਾਸੇ ਲਈ ਸਰਕਾਰੀ ਮਦਦ ਦੀ ਲੋੜ ਹੈ। ਸਰਕਾਰੀ ਥਾਪੀ ਚਾਹੀਦੀ ਹੈ। ਖੇਡਾਂ ਲਈ ਵਚਨਬੱਧ ਸਰਕਾਰ ਨੂੰ ਇਸ ਪੱਖੋਂ ਪੇਂਡੂ ਹਾਕੀ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਉਣਾ ਚਾਹੀਦੈ। ਇਸ ਮੁਹਿੰਮ ਤਹਿਤ ਹੀ ਹਾਕੀ ਪਿੰਡ ਪਿੰਡ ਤੱਕ ਜਾਵੇਗੀ। ਜਦੋਂ ਕਿਸੇ ਪੇਂਡੂ ਹਾਕੀ ਕਲੱਬ ਦੀ ਟੀਮ ਆਲ ਇੰਡੀਆ ਪੱਧਰ ਦੇ ਟੂਰਨਾਮੈਂਟ ’ਚ ਆਪਣੇ ਖੇਡ ਹੁਨਰ ਸਦਕਾ ਛਾਏਗੀ ਤਾਂ ਫਿਰ ਹੋਰਨਾਂ ਕਲੱਬਾਂ ਨੂੰ ਵੀ ਉਤਸ਼ਾਹ ਮਿਲੇਗਾ। ਪੇਂਡੂ ਹਾਕੀ ਕਲੱਬਾਂ ਦੇ ਦਮਦਾਰ ਪ੍ਰਦਰਸ਼ਨ ਲਈ ਆਸਟਰੋ ਟਰਫ਼ ਮੈਦਾਨਾਂ ਦੀ ਵੀ ਜ਼ਰੂਰਤ ਹੈ। ਪੇਂਡੂ ਹਾਕੀ ਕਲੱਬਾਂ ਦੇ ਪ੍ਰਬੰਧਕ ਇਹ ਇੰਤਜ਼ਾਮ ਕਿਵੇਂ ਕਰਨ? ਮਾਝੇ, ਮਾਲਵੇ ਅਤੇ ਦੁਆਬੇ ਦੇ ਕਈ ਪੇਂਡੂ ਹਾਕੀ ਕਲੱਬਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਜਿਨ੍ਹਾਂ ਨੂੰ ਨਾ ਤਾਂ ਕਿਸੇ ਪਰਵਾਸੀ ਵਲੋਂ ਕੋਈ ਸਹਿਯੋਗ ਮਿਲਿਆ, ਨਾ ਸਰਕਾਰੇ-ਦਰਬਾਰੇ, ਮੰਤਰੀਆਂ, ਵਿਧਾਇਕਾਂ ਨੇ ਕਦੇ ਕੋਈ ਸਾਰ ਲਈ; ਬਸ ਪਿੰਡ ਦੇ ਕੁਝ ਪਤਵੰਤੇ ਹੀ ਹਾਕੀ ਖਾਤਰ ਇਹ ਹਾਕੀ ਕਲੱਬ ਚਲਾਉਂਦੇ ਰਹੇ ਤੇ ਕਈ ਮਾਣਯੋਗ ਪ੍ਰਾਪਤੀਆਂ ਕੀਤੀਆਂ। ਕਈ ਵਾਰ ਕਿਸੇ ਜ਼ਿਮੀਂਦਾਰ ਨੇ ਆਪਣੀ ਜ਼ਮੀਨ ਨੂੰ ਹਾਕੀ ਗਰਾਊਂਡ ਬਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਹੀ ਕਾਰਨ ਹੈ ਕਿ ਪਿਛਲੇ ਬੁਰੇ ਵਕਤਾਂ ’ਚ ਪੰਜਾਬ ਦੇ ਪਿੰਡਾਂ ’ਚ ਹਾਕੀ ਦੀ ਖੇਤੀ ਵੀ ਹੁੰਦੀ ਰਹੀ। ਉੱਦਮੀ ਲੋਕਾਂ ਨੇ ਖੇਡ ਸਟੇਡੀਅਮ ਵੀ ਆਪਣੇ ਹੀ ਬਲਬੂਤੇ ਬਣਾ ਦਿੱਤੇ ਪਰ ਪਿੰਡਾਂ ਦੀਆਂ ਪੰਚਾਇਤਾਂ ਕੁੰਭਕਰਨੀ ਨੀਂਦ ਸੁੱਤੀਆਂ ਰਹੀਆਂ। ਮੌਜੂਦਾ ਦੌਰ ’ਚ ਸਰਕਾਰ ਨੂੰ ਇਸ ਹੰਭਲੇ ਤਹਿਤ ਪਿੰਡਾਂ ’ਚ ਲੋਕ ਭਲਾਈ ਦੇ ਕੰਮਾਂ ’ਚ ਜ਼ੀਰੋ ਹੋ ਚੁੱਕੀਆਂ ਪੰਚਾਇਤਾਂ ਨਾਲ ਵੀ ਸਖ਼ਤੀ ਨਾਲ ਪੇਸ਼ ਆਉਣਾ ਪਵੇਗਾ। ਸਰਕਾਰੀ ਗਰਾਂਟਾਂ ਖਾਣ ਦੀ ਇਨ੍ਹਾਂ ਦੀ ਆਦਤ ਹੈ, ਕਿਸੇ ਖੇਡ ਦੇ ਵਿਕਾਸ ਲਈ ਅੱਗੇ ਆਉਣ ਦੀ ਥਾਂ ਉਹ ਸਿਰਫ਼ ਰਾਜਨੀਤੀ ਅਤੇ ਧੜੇਬੰਦੀ ਦੀਆਂ ਝੰਡਾ ਬਰਦਾਰ ਹੀ ਬਣ ਬੈਠੀਆਂ ਹਨ।
ਸਰਕਾਰ ਹਾਕੀ ਉਤਸ਼ਾਹਿਤ ਕਰਨ ਦਾ ਟੀਚਾ ਲੈ ਕੇ ਕਾਰਵਾਂ ਬਣਾ ਕੇ ਚੱਲਣ ਵਾਲੇ ਪਿੰਡ ਦੇ ਪਤਵੰਤੇ ਲੋਕਾਂ ਦੀ ਹਰ ਪੱਖੋਂ ਮਦਦ ਕਰਨ ਲਈ ਅੱਗੇ ਆਏ। ਵੱਧ ਤੋਂ ਵੱਧ ਹਾਕੀ ਕਲੱਬ ਹੋਂਦ ’ਚ ਲਿਆਉਣ ਦਾ ਸਰਕਾਰੀ ਫ਼ਰਮਾਨ ਹੋਵੇ। ਪਿੰਡਾਂ ’ਚ ਚੰਗੀਆਂ ਗਰਾਊਂਡਾਂ ਬਣਾਉਣ ਦਾ ਪ੍ਰਬੰਧ ਕਰੇ। ਸਰਕਾਰੀ ਫੰਡਾਂ ਤੋਂ ਬਗੈਰ ਹਾਕੀ ਕਲੱਬ ਨਾ ਪੈਦਾ ਹੋ ਸਕਦੇ ਹਨ ਤੇ ਨਾ ਹੀ ਸੁਰਜੀਤ ਰਹਿ ਸਕਦੇ ਹਨ ਅਤੇ ਪੇਂਡੂ ਹਾਕੀ ਕਲੱਬਾਂ ਦੀ ਹੋਂਦ ਤੋਂ ਬਗੈਰ ਹਾਕੀ ਦੀ ਪੁਨਰ ਸੁਰਜੀਤੀ ਦੀ ਗੱਲ ਕਰਨੀ ਸੰਭਵ ਨਹੀਂ ਲਗਦੀ। ਸੰਸਾਰ ਨੇ ਭਾਰਤ ਦੇ ਜਾਦੂਗਰ ਹਾਕੀ ਖਿਡਾਰੀਆਂ ਦਾ ਕਮਾਲ ਦੇਖਿਆ ਹੈ ਤੇ ਸਾਡੇ ਦੇਸ਼ ਨੂੰ ‘ਹਾਕੀ’ ਦੇ ਜਾਦੂਗਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਪਰ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਹਾਕੀ ਜਾਦੂਗਰਾਂ ਦੇ ਇਸ ਦੇਸ਼ ਵਿਚ ਆਸਟਰੋ ਟਰਫ ਮੈਦਾਨ ਉਂਗਲਾਂ ’ਤੇ ਗਿਣੇ ਜਾਣ ਜੋਗੇ ਹੀ ਬਣ ਸਕੇ ਹਨ।
ਖਿਡਾਰੀਆਂ ਲਈ ਮਿਆਰੀ ਖੇਡ ਮੈਦਾਨ ਬਣਾਉਣੇ, ਖੇਡ ਵਿੰਗਾਂ ਦੀ ਰਾਸ਼ੀ ਨੂੰ ਸਹੀ ਇਸਤੇਮਾਲ ਕਰਨਾ, ਪ੍ਰਦਰਸ਼ਨੀ ਮੈਚ ਕਰਵਾਉਣੇ, ਖੇਡ ਟੂਰਨਾਮੈਂਟ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨੇ, ਖੇਡ ਪ੍ਰੇਮੀਆਂ ਦੇ ਭਰਵੇਂ ਇਕੱਠ ਕਰਨੇ, ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ ਯਕੀਨੀ ਬਣਾਉਣੀ, ਖਿਡਾਰੀਆਂ ਦਾ ਪੜ੍ਹਾਈ ਵੱਲ ਵੀ ਬਣਦਾ ਧਿਆਨ ਰੱਖਣਾ, ਉਨ੍ਹਾਂ ਦੀ ਸ਼ਖ਼ਸੀਅਤ ਬਹੁਪੱਖੀ ਬਣਾਉਣੀ, ਉਨ੍ਹਾਂ ਲਈ ਢੁੱਕਵੀਆਂ ਮੈਡੀਕਲ ਸਹੂਲਤਾਂ ਦਾ ਇੰਤਜ਼ਾਮ ਕਰਨਾ, ਇਨ੍ਹਾਂ ਸਾਰੇ ਪੱਖਾਂ ਦੀ ਜਿਨ੍ਹਾਂ ਖੇਡ ਸੰਸਥਾਵਾਂ ’ਚ ਕਮੀ ਹੋਵੇ, ਉਹ ਪੂਰੀ ਕਰਨ ਦੀ ਲੋੜ ਹੈ। ਤਦ ਹੀ ਹਾਕੀ ਦਾ ਸੁਨਹਿਰੀ ਭਵਿੱਖ ਸਿਰਜਿਆ ਜਾ ਸਕਦੈ।
ਸੰਪਰਕ: principalsarwansingh@gmail.com