ਡਾ. ਰਣਜੀਤ ਸਿੰਘ
ਸਮਾਜ ਵਿਚ ਵਾਪਰ ਰਿਹਾ ਦੁਖਾਂਤ ਦੂਰ ਕਰਨ ਅਤੇ ਸਰਿਆਂ ਨੂੰ ਬਰਾਬਰੀ ਦੀ ਬਖਸ਼ਿਸ਼ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਇਕ ਮੁਹਿੰਮ ਸ਼ੁਰੂ ਕੀਤੀ, ਜਿਸ ਦੀ ਸੰਪੂਰਨਤਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਨਾਲ ਕੀਤੀ। ਉਨ੍ਹਾਂ ਨੇ ਜਾਤ-ਪਾਤ, ਅਮੀਰੀ-ਗਰੀਬੀ ਅਤੇ ਧਰਮਾਂ ਦੇ ਨਾਂ ’ਤੇ ਪਾਈਆਂ ਵੰਡੀਆਂ ਮੇਟ ਦਿੱਤੀਆਂ। ਸਦੀਆਂ ਤੋਂ ਦੱਬੀ ਕੁਚਲੀ ਲੋਕਾਈ, ਜਿਹੜੀ ਆਪਣੇ ਆਪ ਨੂੰ ਨਿਮਾਣੀ, ਨਿਤਾਣੀ ਤੇ ਕਮਜ਼ੋਰ ਸਮਝਦੀ ਸੀ, ਉਨ੍ਹਾਂ ਨੂੰ ਬਰਾਬਰੀ ਦਾ ਅਹਿਸਾਸ ਕਰਵਾਇਆ। ਗੁਰੂ ਸਾਹਿਬ ਨੇ ਰਿਵਾਇਤੀ ਤਿਉਹਾਰਾਂ ਦੀ ਵਰਤੋਂ ਆਪਣੇ ਮਿਸ਼ਨ ਦੀ ਪੂਰਤੀ ਲਈ ਕੀਤੀ। ਹੋਲੀ ਨੂੰ ਹੋਲੇ ਦਾ ਰੂਪ ਦੇ ਦਿੱਤਾ। ਗੁਰੂ ਜੀ ਨੇ ਲੋਕਾਂ ਨੂੰ ਨਸ਼ਿਆਂ ਦੇ ਚੁੰਗਲ ’ਚੋਂ ਕੱਢ ਕੇ ਸਵੈ-ਭਰੋਸੇ ਦੀ ਪਹੁਲ ਪਿਲਾ ਕੇ ਹਥਿਆਰ ਚੁੱਕਣ ਲਈ ਪ੍ਰੇਰਿਆ। ਹੋਲੀ ਵਾਲੇ ਦਿਨ ਰੰਗ ਵਿਲਾਸ ਕਰਨ ਦੀ ਥਾਂ ਹਥਿਆਰਾਂ ਨਾਲ ਖੇਡਣ ਦੀ ਜਾਚ ਸਿਖਾਈ। ਗੁਰੂ ਜੀ ਨੇ ਪ੍ਰੇਰਿਆ ਕਿ ਜੇ ਤੁਸੀਂ ਸੱਚਮੁੱਚ ਆਜ਼ਾਦੀ ਅਤੇ ਬਰਾਬਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਤਾਕਤ ਪਹਿਚਾਣੋ, ਆਪਣੇ ਹੱਕਾਂ ਦੀ ਰਾਖੀ ਲਈ ਤਾਕਤ ਦੀ ਵਰਤੋਂ ਕਰੋ। ਇਸ ਦਾ ਨਮੂਨਾ ਲੋਕ ਭੰਗਾਣੀ ਦੇ ਯੁੱਧ ਸਮੇਂ ਵੇਖ ਚੁੱਕੇ ਸਨ। ਗੁਰੂ ਜੀ ਨੇ ਸਮਾਜ ਦੇ ਕਮਜ਼ੋਰ ਸਮਝੇ ਜਾਂਦੇ ਵਰਗ ਨੂੰ ਹੋਲੀ ਦੀਆਂ ਰੰਗਰਲੀਆਂ ਤੋਂ ਮੋੜ ਕੇ ਹੋਲੇ ਮਹੱਲੇ ਦੇ ਰੂਪ ਵਿਚ ਬੀਰਤਾ ਦਾ ਪ੍ਰਗਟਾਵਾ ਕਰਨ ਲਈ ਉਤਸਾਹਿਤ ਕੀਤਾ। ਹੋਲੇ ਮੌਕੇ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣ ਲੱਗੇ ਜਿੱਥੇ ਤੀਰ, ਤਲਵਾਰ, ਗੱਤਕੇ ਆਦਿ ਦੇ ਮਾਹਿਰਾਂ ਨੂੰ ਇਨਾਮ ਦਿੱਤੇ ਜਾਂਦੇ। ਇੰਝ ਸ਼ਸਤਰ ਵਿਦਿਆ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ। ਹੱਥਾਂ ਵਿਚ ਟੋਕਰੀਆਂ, ਝਾੜੂ ਅਤੇ ਹਲ ਵਾਹੁਣ ਵਾਲੇ ਲੋਕਾਂ ਨੇ ਧੌਣਾਂ ਨੂੰ ਉੱਚਾ ਚੁੱਕਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ। ਗੁਰੂ ਜੀ ਨੇ ਲੋਕਾਂ ਦੇ ਮਨਾਂ ਵਿਚੋਂ ਮੌਤ ਦਾ ਡਰ ਦੂਰ ਕਰ ਕੇ ਉਨ੍ਹਾਂ ਨੂੰ ਮਰਜੀਵੜੇ ਬਣਾਇਆ। ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ। ਉਨ੍ਹਾਂ ਨੇ ਲੋਕਾਈ ਖਾਤਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਗੁਰੂ ਦੇ ਸਿੱਖਾਂ ਨੇ ਵੀ ਆਪਣੇ ਗੁਰੂ ਨੂੰ ਕਦੇ ਪਿੱਠ ਨਹੀਂ ਵਿਖਾਈ, ਸਗੋਂ ਇਕ ਦੂਜੇ ਤੋਂ ਅੱਗੇ ਹੋ ਕੇ ਜੰਗ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਵੀ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ਹੈ।