ਡਾ. ਜੁਗਰਾਜ ਸਿੰਘ, ਡਾ. ਦੇਂਨੇਸਵਰ ਮਦਨੇ, ਡਾ. ਰਾਕੇਸ਼ ਸ਼ਾਰਦਾ
ਫ਼ਸਲ ਦੀ ਉਤਪਾਦਕਤਾ ਵਧਾਉਣ ਵਿੱਚ ਤੁਪਕਾ ਸਿੰਜਾਈ ਦਾ ਅਹਿਮ ਰੋਲ ਹੈ। ਤੁਪਕਾ ਸਿੰਜਾਈ ਪ੍ਰਣਾਲੀ ਤੋਂ ਸਹੀ ਕੰਮ ਲੈਣ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਰੱਖ ਰਖਾਅ ਚੰਗੇ ਤਰੀਕੇ ਨਾਲ ਕੀਤਾ ਜਾਵੇ। ਕਿਸੇ ਵੀ ਜਗ੍ਹਾ ਉੱਪਰ ਤੁਪਕਾ ਸਿੰਜਾਈ ਪ੍ਰਣਾਲੀ ਲਗਾਉਣ ਤੋਂ ਪਹਿਲਾਂ ਕੁਝ ਬੁਨਿਆਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਜਾਣਕਾਰੀ ਵਿੱਚ ਮਿੱਟੀ ਦੀ ਕਿਸਮ, ਪਾਣੀ ਦੀ ਗੁਣਵੱਤਾ (ਪੀਐੱਚ ਅਤੇ ਈਸੀ), ਫ਼ਸਲ ਦੀ ਕਿਸਮ, ਫ਼ਸਲ ਦੀਆਂ ਕਤਾਰਾਂ ਵਿੱਚ ਵਿੱਥ, ਖੇਤ ਦਾ ਆਕਾਰ ਅਤੇ ਖੇਤਰਫਲ ਅਤੇ ਖੇਤ ਵਿੱਚ ਉਚਾਣ ਅਤੇ ਨਿਵਾਨ ਸ਼ਾਮਲ ਹੈ। ਸਿੰਜਾਈ ਪ੍ਰਣਾਲੀ ਵਿਚਲੇ ਪੰਪ ਦੀ ਚੋਣ ਕਿੰਨਾ ਹੈੱਡ ਰੱਖਿਆ ਜਾਣਾ ਹੈ, ਡਿਸਚਾਰਜ ਕਿੰਨਾ ਹੈ ਅਤੇ ਪੰਪ ਦੀ ਹਾਰਸਪਾਵਰ ਕਿੰਨੀ ਚਾਹੀਦੀ ਹੈ, ਉੱਪਰ ਨਿਰਭਰ ਕਰਦਾ ਹੈ ਅਤੇ ਇਸ ਤੋਂ ਬਾਅਦ ਮੇਨ ਲਾਈਨ, ਸਬ-ਮੇਨ ਲਾਈਨ, ਅਤੇ ਲੇਟਰਲ ਪਾਈਪਾਂ ਦੀ ਚੋਣ ਪਾਣੀ ਦੇ ਵਹਾਅ ਦਰ ਨੂੰ ਦੇਖ ਕੇ ਕੀਤੀ ਜਾਂਦੀ ਹੈ। ਬਾਗ਼ਬਾਨੀ ਫ਼ਸਲਾਂ ਵਿੱਚ ਜੇ ਬੂਟੇ ਤੋਂ ਬੂਟੇ ਦੀ ਦੂਰੀ ਜ਼ਿਆਦਾ ਹੋਣ ਕਰ ਕੇ ਆਨਲਾਈਨ ਲੇਟਲਰਲ ਪਾਈਪਾਂ ਤੇ ਡਰਿੱਪਰ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਖੇਤਰ ਆਵਾਰਾ ਪਸ਼ੂਆਂ ਤੋਂ ਸੁਰੱਖਿਅਤ ਹੈ ਅਤੇ ਫ਼ਸਲ ਵਿੱਚ ਬੂਟੇ ਤੋਂ ਬੂਟੇ ਦੀ ਦੂਰੀ ਨਿਸ਼ਚਿਤ ਹੈ ਤਾਂ ਇਨ ਲਾਈਨ ਲੇਟਰਲ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਖੇਤਰ ਦੀ ਭੂਗੌਲਿਕ ਸਥਿਤੀ ਉੱਚੀ ਨੀਵੀ ਹੈ ਤਾਂ ਆਨਲਾਈਨ ਜਾਂ ਇਨਲਾਈਨ ਲੇਟਰਲ ਵਿੱਚ ਪ੍ਰੈਸ਼ਰ ਕੰਪਨਸੈਟਿੰਗ ਡਰਿੱਪਰ ਦੀ ਵਰਤੋਂ ਕੀਤੀ ਜਾਂਦੀ ਹੈ।
ਡਰਿੱਪ ਲਗਾਉਣ ਉਪਰੰਤ ਡਰਿੱਪ ਸੈੱਟ ਦੀ ਸਾਂਭ-ਸੰਭਾਲ ਅਤੇ ਰੱਖ ਰਖਾਅ: ਡਰਿੱਪ ਲਗਾਉਣ ਉਪਰੰਤ ਲੇਟਰਲ ਦੇ ਅਖੀਰ ਵਿਚਲੇ ਐਂਡ ਕੈਪ ਨੂੰ ਖੋਲ੍ਹ ਕੇ ਪਾਣੀ 5 ਤੋਂ 10 ਮਿੰਟ ਲਈ ਖੁੱਲ੍ਹਾ ਚਲਾ ਕੇ ਦੇਖਣਾ ਚਾਹੀਦਾ ਹੈ ਤਾਂ ਜੋ ਲੇਟਰਲ ਵਿੱਚ ਮੌਜੂਦ ਕੋਈ ਗੰਦਗੀ ਖੁੱਲ੍ਹੇ ਪਾਣੀ ਨਾਲ ਬਾਹਰ ਨਿਕਲ ਜਾਵੇ। ਜੇ ਚਲਾਉਣ ਸਮੇਂ ਡਰਿੱਪਰ ਜਾ ਕਿਸੇ ਜੋੜ ਤੋਂ ਪਾਣੀ ਦੀ ਲੀਕੇਜ ਮਹਿਸੂਸ ਹੋਵੇ ਤਾਂ ਉਸ ਹਿੱਸੇ ਦੀ ਤੁਰੰਤ ਬਦਲੀ ਕਰ ਦਿੱਤੀ ਜਾਣੀ ਚਾਹੀਦੀ ਹੈ। ਹਰ ਡਰਿੱਪਰ ਜਾਂ ਇਮੀਟਰ ਤੋਂ ਇਹ ਨੋਟ ਕਰੋ ਕਿ ਪਾਣੀ ਬਾਕੀ ਡਰਿੱਪਰ ਜਾਂ ਇਮੀਟਰ ਦੇ ਬਰਾਬਰ ਨਿਕਲੇ। ਇਸ ਲਈ ਅਲੱਗ-ਅਲੱਗ ਡਰਿੱਪਰ ਥੱਲੇ ਖੁੱਲ੍ਹੇ ਭਾਂਡੇ ਰੱਖ ਕੇ ਪ੍ਰਣਾਲੀ ਨੂੰ 5 ਮਿੰਟ ਚਲਾ ਕੇ ਇਨ੍ਹਾਂ ਭਾਂਡਿਆਂ ਵਿੱਚ ਇਕੱਠੇ ਹੋਏ ਪਾਣੀ ਨੂੰ ਦੇਖ ਕੇ ਅੰਦਾਜ਼ਾ ਲਗਾਓ ਕਿ ਹਰ ਭਾਂਡੇ ਵਿੱਚ ਪਾਣੀ ਇੱਕੋ ਜਿੰਨਾ ਹੀ ਹੋਵੇ। ਜੇ ਫ਼ਰਕ ਦਿਸੇ ਤਾਂ ਸਬੰਧਤ ਡਰਿੱਪਰ ਨੂੰ ਬਦਲ ਦਿਉ। ਇਸ ਤਰ੍ਹਾਂ ਕਰਨ ਨਾਲ ਸਾਰੇ ਖੇਤ ਵਿੱਚ ਇਕਸਾਰ ਪਾਣੀ ਲੱਗੇਗਾ।
ਡਰਿੱਪ ਸਿਸਟਮ ਵਿੱਚ ਫਿਲਟਰਾਂ ਦਾ ਰੱਖ-ਰਖਾਅ: ਫਿਲਟਰ ਤੁਪਕਾ ਸਿੰਜਾਈ ਪ੍ਰਣਾਲੀ ਦਾ ਇੱਕ ਅਹਿਮ ਅੰਗ ਹੈ। ਫਿਲਟਰ ਦੀ ਚੋਣ ਪਾਣੀ ਦੇ ਸੋਮੇ ਅਤੇ ਉਸ ਦੀ ਗੁਣਵੱਤਾ ਉੱਪਰ ਨਿਰਭਰ ਕਰਦੀ ਹੈ। ਸਿੰਜਾਈ ਵਿੱਚ ਨਹਿਰੀ, ਦਰਿਆ, ਖੂਹ ਅਤੇ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਹੁੰਦੀ ਹੈ। ਰੇਤੇ ਵਾਲੇ ਸਕਰੀਨ ਫਿਲਟਰ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਪਾਣੀ ਦਾ ਸੋਮਾ ਟੋਭਾ/ਡਿੱਗੀ ਹੋਵੇ। ਰੇਤੇ ਵਾਲੇ ਅਤੇ ਸਕਰੀਨ ਫਿਲਟਰ ਜੈਵਿਕ ਸਮੱਗਰੀ ਜਿਵੇਂ ਕਿ ਕਾਈ ਜਾਂ ਫ਼ਸਲੀ ਰਹਿੰਦ-ਖੂੰਹਦ ਨੂੰ ਫਿਲਟਰ ਕਰਨ ਲਈ ਵਰਤੇ ਜਾਂਦੇ ਹਨ। ਹਾਈਡ੍ਰੋਸਾਈਕਲੋਨ ਅਤੇ ਡਿਸਕ ਫਿਲਟਰ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਵਿਚਲੀ ਘੁਲੀ ਹੋਈ ਰੇਤ ਨੂੰ ਸਾਫ਼ ਕਰਨ ਲਈ ਸੈਕੰਡਰੀ ਫਿਲਟਰ ਦੇ ਤੌਰ ’ਤੇ ਵਰਤੇ ਜਾਂਦੇ ਹਨ। ਪਾਣੀ ਵਿਚਲੀ ਗੰਦਗੀ ਸਾਫ਼ ਕਰਨ ਲਈ ਬੈਕਵਾਸ਼ਿੰਗ ਦੀ ਵਿਵਸਥਾ ਵੀ ਪ੍ਰਣਾਲੀ ਵਿੱਚ ਕੀਤੀ ਜਾਂਦੀ ਹੈ। ਫਿਲਟਰਾਂ ਦੇ ਦਾਖ਼ਲੇ ਅਤੇ ਨਿਕਾਸੀ ਦੁਆਰ ਉੱਪਰ ਦਬਾਅ ਰੋਜ਼ਾਨਾ ਚੈੱਕ ਕਰਦੇ ਰਹੋ। ਰੇਤੇ ਵਾਲੇ ਫਿਲਟਰ ਦੀ ਬੈਕ ਵਾਸ਼ਿੰਗ ਰੋਜ਼ਾਨਾ ਕਰੋ। ਸੈਂਡ ਫਿਲਟਰ ਦੇ ਦਾਖ਼ਲੇ ਅਤੇ ਨਿਕਾਸੀ ਰਾਹੀਂ ਉੱਪਰ ਦਬਾਅ ਦਾ ਫ਼ਰਕ 0.3 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਅਤੇ ਸਕਰੀਨ ਫਿਲਟਰ ਉੱਪਰ ਫ਼ਰਕ 0.2 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਤੋਂ ਵੱਧ ਨਾ ਹੋਵੇ।
ਡਰਿੱਪਰ ਜਾਂ ਇਮੀਟਰ ਦਾ ਬੰਦ ਹੋਣਾ:
ਡਰਿੱਪਰ ਜਾਂ ਇਮੀਟਰ ਦਾ ਬੰਦ ਜਾਂ ਚੋਕ ਹੋਣਾ ਆਮ ਸਮੱਸਿਆ ਹੈ। ਡਰਿੱਪਰ ਚੋਕ ਹੋਣ ਨਾਲ ਪਾਣੀ ਇਕਸਾਰ ਨਹੀਂ ਲੱਗੇਗਾ ਅਤੇ ਉਤਪਾਦਨ ਪ੍ਰਭਾਵਿਤ ਹੋਵੇਗਾ। ਇਹ ਦੇਖਿਆ ਗਿਆ ਹੈ ਕਿ ਡਰਿੱਪਰ ਆਮ ਤੌਰ ’ਤੇ ਮੀਂਹ ਦੇ ਸਮੇਂ ਦੌਰਾਨ ਬੰਦ ਹੋ ਜਾਂਦੇ ਹਨ ਜਦੋਂ ਖੇਤਾਂ ਵਿੱਚ ਮੀਂਹ ਪੈਣ ਸਮੇਂ ਪਾਣੀ ਖੜ੍ਹ ਜਾਂਦਾ ਹੈ। ਮੈਲਾ ਪਾਣੀ ਡਰਿੱਪਰ ਦੇ ਵਿੱਚ ਵੜ ਜਾਂਦਾ ਹੈ ਅਤੇ ਡਰਿੱਪਰ ਚੋਕ ਹੋ ਜਾਂਦੇ ਹਨ। ਕਈ ਵਾਰ ਫਿਲਟਰ ਸਿਸਟਮ ਵਿੱਚ ਨੁਕਸ ਪੈਣ ਨਾਲ ਵੀ ਇਮੀਟਰ ਚੋਕ ਹੋ ਜਾਂਦੇ ਹਨ। ਚੋਕਿੰਗ ਤੋਂ ਨਿਜ਼ਾਤ ਪਾਉਣ ਲਈ ਤੇਜ਼ਾਬ ਅਤੇ ਕਲੋਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਸਮੇਂ-ਸਮੇਂ ਉੱਪਰ ਪ੍ਰਣਾਲੀ ਦੀ ਫਲੱਸ਼ਿੰਗ ਕਰਦੇ ਰਹਿਣ ਨਾਲ ਵੀ ਚੋਕਿੰਗ ਤੋਂ ਰਾਹਤ ਮਿਲਦੀ ਹੈ। ਡਰਿੱਪ ਪ੍ਰਣਾਲੀ ਦੇ ਸਹੀ ਚੱਲਣ ਲਈ ਸਮੇਂ-ਸਮੇਂ ਉੱਤੇ ਚੋਕਿੰਗ ਦਾ ਨਿਰੀਖਣ ਕਰਦੇ ਰਹੋ।
ਕਾਈ ਦੀ ਸਮੱਸਿਆ:
ਕਾਈ ਦੀ ਸਮੱਸਿਆ ਆਮ ਤੌਰ ਉੱਤੇ ਟੈਂਕ ਵਿੱਚ ਸਥਿਰ ਪਾਣੀ ਵਿੱਚ ਆ ਜਾਂਦੀ ਹੈ। ਡਰਿੱਪ ਸਿਸਟਮ ਵਿੱਚ ਕਾਈ ਦੀ ਸਮੱਸਿਆ ਉਦੋਂ ਆਉਂਦੀ ਹੈ, ਜਦੋਂ ਅਸੀਂ ਪਾਣੀ ਨੂੰ ਟੋਭਿਆਂ ਜਾਂ ਸਟੋਰੇਜ ਟੈਂਕ ਵਿੱਚੋਂ ਚੁੱਕ ਕੇ ਵਰਤਦੇ ਹਾਂ ਅਤੇ ਪਾਰਦਰਸ਼ੀ ਪਾਈਪਾਂ ਦੀ ਵਰਤੋਂ ਕਰਦੇ ਹਾਂ। ਇਸ ਲਈ ਤੁਪਕਾ ਸਿੰਜਾਈ ਪ੍ਰਣਾਲੀ ਵਿੱਚ ਪਾਈਪਾਂ ਨੂੰ ਮਿੱਟੀ ਦੇ ਹੇਠਾਂ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਕਾਲੇ ਰੰਗ ਦੀਆਂ ਲੇਟਰਲ ਪਾਈਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਸੂਰਜੀ ਰੋਸ਼ਨੀ ਪਾਈਪਾਂ ਵਿੱਚ ਦੀ ਨਹੀਂ ਲੰਘਦੀ ਜਿਸ ਕਰ ਕੇ ਇਨ੍ਹਾਂ ਵਿੱਚ ਕਾਈ ਨਹੀਂ ਜੰਮ੍ਹਦੀ। ਜੇ ਫਿਰ ਵੀ ਕਾਈ ਪਾਈਪਾਂ ਵਿੱਚ ਜੰਮ੍ਹ ਜਾਵੇ ਤਾਂ ਕਲੋਰੀਨੇਸ਼ਨ ਵਿਧੀ ਨਾਲ ਇਸ ਨੂੰ ਹਟਾਇਆ ਜਾ ਸਕਦਾ ਹੈ। ਕਈ ਵਾਰ ਘੁਲਣਸ਼ੀਲ ਖਾਦਾਂ ਦੀ ਵਰਤੋਂ ਨਾਲ ਵੀ ਡਰਿੱਪਰ ਕਲੋਗਿੰਗ ਦੀ ਸਮੱਸਿਆ ਆ ਜਾਂਦੀ ਹੈ। ਫਾਸਫੋਰਸ ਤੱਤ ਵਾਲੀ ਖਾਦ ਖਾਸ ਕਰ ਕੇ ਪਾਣੀ ਵਿਚਲੇ ਮਾਦੇ ਨਾਲ ਪ੍ਰਤੀਕਰਮ ਕਰ ਕੇ ਡਰਿੱਪਰ ਕਲੋਗ ਕਰ ਸਕਦੀ ਹੈ। ਕਲੋਰੀਨੇਸ਼ਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇੱਥੇ ਇਹ ਗੱਲ ਯਾਦ ਰੱਖੋ ਕਿ ਕਲੋਰੀਨੇਸ਼ਨ ਅਤੇ ਫਰਟੀਗੇਸ਼ਨ (ਘੁਲਣਸ਼ੀਲ ਖਾਦਾਂ ਪਾਣੀ ਵਿੱਚ ਪਾਉਣ ਸਮੇਂ) ਇੱਕੋ ਸਮੇਂ ਨਹੀਂ ਕਰਨੀਆਂ ਚਾਹੀਦੀਆਂ।
ਰਸਾਇਣਕ ਸੋਧ ਦਾ ਢੰਗ਼:
ਡਰਿੱਪਰ ਦੇ ਬੰਦ ਹੋਣ ਦਾ ਕਾਰਨ, ਕੁਝ ਘੁਲਣਸ਼ੀਲ ਨਮਕੀਨ ਪਦਾਰਥਾਂ ਜਿਵੇਂ ਕਾਰਬੋਨੇਟ, ਲੋਹਾ, ਕੈਲਸ਼ੀਅਮ ਅਤੇ ਮੈਗਨੀਂਜ਼ ਆਦਿ ਦਾ ਟੈਂਕ ਵਿੱਚ ਜੰਮ੍ਹਣਾ ਹੋ ਸਕਦਾ ਹੈ। ਡਰਿੱਪਰ ਬੰਦ ਹੋਣ ਦਾ ਕਾਰਨ ਕੁਝ ਸੂਖਮਜੀਵ ਵੀ ਹੋ ਸਕਦੇ ਹਨ ਜਿਵੇਂ ਬੈਕਟੀਰੀਆ ਅਤੇ ਕਾਈ ਦੇ ਨਾਲ ਲੋਹੇ ਅਤੇ ਸਲਫਰ ਤੱਤਾਂ ਕਰ ਕੇ ਬਰੀਕ ਮਿੱਟੀ ਦੇ ਕਿਣਕੇ ਆਦਿ ਡਰਿੱਪਰ ਬੰਦ ਕਰਦੇ ਹਨ।
ਤੁਪਕਾ ਸਿੰਜਾਈ ਪ੍ਰਣਾਲੀ ਵਿੱਚ ਡਰਿੱਪਰ ਸਾਫ਼ ਕਰਨ ਲਈ ਪਾਣੀ ਨਾਲ ਕਲੋਰਾਈਡ ਦਾ ਘੋਲ ਜਾਂ ਤੇਜ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਵਪਾਰਕ ਸ਼੍ਰੇਣੀ ਦੇ ਤੇਜ਼ਾਬ ਦੀ ਵਰਤੋਂ ਸੋਧ ਕਰਨ ਲਈ ਕੀਤੀ ਜਾ ਸਕਦੀ ਹੈ।
(1) ਹਾਈਡ੍ਰੋਕਲੋਰਿਕ ਐਸਿਡ (HCL)-35%
(2) ਨਾਈਟ੍ਰਿਕ ਐਸਿਡ (HNO3)-33%
(3) ਗੰਧਕ ਦਾ ਤੇਜ਼ਾਬ (H2SO4)-65%
(4) ਅੋਰਥੋਫਾਸਫੋਰਿਕ ਦਾ (H3PO4)-85%
ਜ਼ਿਆਦਾਤਰ ਹਾਲਤਾਂ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀ ਵਰਤੋਂ ਕਾਰਗਰ ਸਾਬਿਤ ਹੁੰਦੀ ਹੈ ਅਤੇ ਇਹ ਬਾਕੀ ਦੇ ਤੇਜ਼ਾਬਾਂ ਤੋਂ ਸਸਤਾ ਹੈ। ਪਰ ਇਸ ਦੀ ਵਰਤੋਂ ਅਜਿਹੀਆਂ ਫ਼ਸਲਾਂ ਵਿੱਚ ਨਹੀਂ ਕੀਤੀ ਜਾ ਸਕਦੀ ਜੋ ਕਲੋਰਾਈਡ ਤੱਤ ਲਈ ਸਹਿਣਸ਼ੀਲ ਨਹੀਂ ਹਨ। ਅਜਿਹੀ ਸਥਿਤੀ ਵਿੱਚ ਨਾਈਟ੍ਰਿਕ ਐਸਿਡ ਜਾਂ ਗੰਧਕ ਦੇ ਤੇਜ਼ਾਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਨ੍ਹਾਂ ਹਾਲਤਾਂ ਵਿੱਚ ਪਾਣੀ ਵਿੱਚ ਘੁਲਿਆ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੀ ਸੰਘਣਤਾ 500 ਪੀਪੀਐੱਮ ਤੋਂ ਜ਼ਿਆਦਾ ਹੋਵੇ, ਉੱਥੇ ਗੰਧਕ ਦਾ ਤੇਜ਼ਾਬ ਨਾ ਵਰਤੋ।
ਤੁਪਕਾ ਸਿੰਜਾਈ ਪ੍ਰਣਾਲੀ ਦੀ ਤੇਜ਼ਾਬ ਰਾਹੀਂ ਸੋਧ ਕਲੋਰੀਨੇਸ਼ਨ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ, ਕਿਉਂਕਿ ਕਲੋਰੀਨੇਸ਼ਨ ਦੇ ਚੰਗੇ ਪ੍ਰਭਾਵ ਲਈ 6.5 ਤੋਂ 8.5 ਤੱਕ ਦਾ ਖਾਰੀ ਅੰਗ ਲੋੜੀਂਦਾ ਹੈ। ਜੇ ਪਾਣੀ ਵਿੱਚ ਲੋਹੇ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਅਜਿਹੀ ਹਾਲਤ ਵਿੱਚ ਆਰਥੋਫਾਸਫੋਰਿਕ ਐਸਿਡ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਲੋਹਾ ਫਾਸਫੋਰਿਕ ਐਸਿਡ ਨਾਲ ਕਿਰਿਆ ਕਰ ਕੇ ਪ੍ਰੈਸੀਪੀਟੇਟ ਬਣਾ ਦਿੰਦਾ ਹੈ। ਕਦੇ ਵੀ ਪਾਣੀ ਨੂੰ ਤੇਜ਼ਾਬ ਵਿੱਚ ਨਾ ਪਾਓ, ਸਗੋਂ ਤੇਜ਼ਾਬ ਨੂੰ ਪਾਣੀ ਵਿੱਚ ਪਾਓ। ਤੇਜਾਬ ਦੇ ਘੋਲ ਬਣਾਉਣ ਲਈ ਪਲਾਸਟਿਕ ਦੇ ਭਾਂਡੇ ਦੀ ਵਰਤੋਂ ਕਰੋ।
ਤੇਜ਼ਾਬ ਦੀ ਪਾਣੀ ਵਿੱਚ ਜਾਣ ਵਾਲੀ ਮਾਤਰਾ ਨਿਰਧਾਰਤ ਕਰਨਾ: ਇੱਕ ਪਲਾਸਟਿਕ ਦੀ ਬਾਲਟੀ ਵਿੱਚ 10 ਲਿਟਰ ਪਾਣੀ ਲਓ ਅਤੇ ਹੌਲੀ-ਹੌਲੀ ਥੋੜ੍ਹੀ ਮਾਤਰਾ ਵਿੱਚ ਤੇਜ਼ਾਬ ਪਾਉਂਦੇ ਜਾਓ, ਨਾਲ ਹੀ ਖਾਰੀ ਅੰਗ (ਪੀਐਚ) ਦੀ ਗਿਣਤੀ ਕਰੋ। ਜਦੋਂ ਪਾਣੀ ਦਾ ਲੋਂੜੀਂਦਾ ਖਾਰੀ ਅੰਗ (ਪੀਐਚ) 2.0 ’ਤੇ ਪਹੁੰਚ ਜਾਵੇ ਤਾਂ ਪਾਈ ਗਈ ਤੇਜ਼ਾਬ ਦੀ ਮਾਤਰਾ ਨੋਟ ਕਰੋ। ਹੁਣ ਤੁਪਕਾ ਸਿੰਜਾਈ ਸਿਸਟਮ ਵਿੱਚ ਇਹ ਖਾਰੀ ਅੰਗ ਪ੍ਰਾਪਤ ਕਰਨ ਲਈ ਪਹਿਲਾਂ ਵਰਤੀ ਗਈ ਤੇਜ਼ਾਬ ਦੀ ਮਾਤਰਾ ਨੂੰ 100 ਨਾਲ ਗੁਣਾ ਕਰੋ ਅਤੇ ਇਸ ਨੂੰ ਤੁਪਕਾ ਸਿੰਜਾਈ ਰਾਹੀਂ ਪ੍ਰਵਾਹਿਤ ਹੋਣ ਵਾਲੇ 1 ਮੀਟਰ 3 (1000 ਲਿਟਰ) ਪਾਣੀ ਵਿੱਚ ਪਾਓ।
ਉਦਾਹਰਨ:
• 10 ਲਿਟਰ ਪਾਣੀ ਦੀ ਬਾਲਟੀ ਵਿੱਚ ਖਾਰੀ ਅੰਗ (2.0) ਕਰਨ ਲਈ ਲੋੜੀਂਦੀ ਤੇਜ਼ਾਬ ਦੀ ਮਾਤਰਾ= 12 ਸੀਸੀ
• 12 ਸੀਸੀ×100= 1200 ਕਿਉਬਿਕ ਸੈਂਟੀਮੀਟਰ= 1.2 ਲਿਟਰ
• ਤੁਪਕਾ ਸਿੰਜਾਈ ਪ੍ਰਣਾਲੀ ਰਾਹੀਂ ਪ੍ਰਵਾਹਿਤ ਹੋਣ ਵਾਲੇ ਇਕ ਘਣਮੀਟਰ (1 ਮੀਟਰ 3) ਪਾਣੀ ਲਈ 1.2 ਲਿਟਰ ਤੇਜ਼ਾਬ ਪਾਓ।
• ਤੁਪਕਾ ਸਿੰਜਾਈ ਸਿਸਟਮ ਵਿੱਚੋਂ ਪਾਣੀ ਦਾ ਵਹਾਅ (ਸੋਧਿਤ ਹਿੱਸੇ)= 10 ਘਣਮੀਟਰ/ਪ੍ਰਤੀ ਘੰਟਾ ਜਾਂ 10 ਮੀਟਰ3/ ਪ੍ਰਤੀ ਘੰਟਾ।
• ਤੁਪਕਾ ਸਿੰਜਾਈ ਰਾਹੀਂ 15 ਮਿੰਟ ਸੋਧ ਸਮੇਂ ਵਗਣ ਵਾਲੇ ਪਾਣੀ ਦੀ ਮਾਤਰਾ= 2.5 ਮੀਟਰ 3
• ਲੋੜੀਂਦੀ ਤੇਜ਼ਾਬ ਦੀ ਮਾਤਰਾ=1.2 ਲਿਟਰ× 2.5 = 3.0 ਲਿਟਰ
• ਇੰਜੈਕਟਰ ਦਾ ਵੱਧ ਤੋਂ ਵੱਧ ਡਿਸਚਾਰਜ= 80 ਲਿਟਰ ਪ੍ਰਤੀ ਘੰਟਾ
• 20 ਲਿਟਰ ਤੇਜ਼ਾਬੀ ਘੋਲ ਲਈ 3 ਲਿਟਰ ਤੇਜ਼ਾਬ+ 17 ਲਿਟਰ ਪਾਣੀ
• ਤੇਜ਼ਾਬੀ ਘੋਲ ਨੂੰ ਪਾਉਣ ਦਾ ਸਮਾਂ= 15 ਮਿੰਟ (20 ਲਿਟਰ ਘੋਲ, 80 ਲਿਟਰ ਪ੍ਰਤੀ ਘੰਟੇ ਦੇ ਇੰਜੈਕਟਰ ਰਾਹੀਂ ਪਾਉਣਾ ਹੈ।
1. ਤੇਜ਼ਾਬ ਪਾਉਣ ਉਪਰੰਤ, ਤੇਜ਼ਾਬੀ ਘੋਲ ਵਾਲੇ ਪਾਣੀ ਨੂੰ ਪਾਈਪ ਵਿੱਚ ਜੰਮ੍ਹੇ ਹੋਏ ਲੂਣਾਂ ਨਾਲ ਘੱਟੋ-ਘੱਟ 4 ਤੋਂ 6 ਘੰਟਿਆਂ ਲਈ ਕਿਰਿਆ ਕਰਨ ਦਿਓ। ਚੰਗੇ ਨਤੀਜੇ ਲੈਣ ਲਈ ਇਸ ਘੋਲ ਨੂੰ 24 ਘੰਟੇ ਤੱਕ ਪਾਈਪਾਂ ਵਿੱਚ ਰੱਖਣ ਨੂੰ ਤਰਜ਼ੀਹ ਦਿਓ। ਇਸ ਤੋਂ ਉਪਰੰਤ ਲੇਟਰਲ ਦੇ ਸਿਰੇ ਖੋਲ੍ਹ ਦਿਓ ਅਤੇ ਸਬਮੇਨ ਵਾਲਵ ਵੀ ਫ਼ਲੱਸ਼ ਕਰੋ। ਹੁਣ ਤੁਪਕਾ ਸਿੰਜਾਈ ਵਾਲੇ ਪੰਪ ਨੂੰ ਚਲਾ ਕੇ ਪਾਣੀ ਨੂੰ ਵਗਣ ਦਿਓ। ਹੁਣ ਨਿਰਧਾਰਿਤ ਕੀਤੇ ਜਾਂ ਨਿਸ਼ਾਨਦੇਹੀ ਵਾਲੇ ਡਰਿੱਪਰ ਵਿੱਚੋਂ ਰਿਸਣ ਵਾਲੇ ਪਾਣੀ ਦੀ ਮਿਣਤੀ ਕਰੋ। ਮੇਨ, ਸਬਮੇਨ ਅਤੇ ਲੇਟਰਲ ਪਾਈਪਾਂ ਨੂੰ ਸਾਫ਼ ਪਾਣੀ ਨਾਲ ਫਲੱਸ਼/ਸਾਫ਼ ਕਰੋ। ਜੇ ਅਜਿਹਾ ਕਰਨ ਨਾਲ ਡਰਿੱਪਰ ’ਚੋਂ ਹੋਣ ਵਾਲੇ ਪਾਣੀ ਦੇ ਰਿਸਾਅ ਵਿੱਚ ਫ਼ਰਕ ਨਹੀਂ ਆ ਰਿਹਾ ਤਾਂ ਫਿਰ ਤੋਂ ਦੁਹਰਾਓ।
2. ਤੇਜ਼ਾਬ ਰਾਹੀਂ ਸੋਧ ਕਰਨ ਦਾ ਕੰਮ ਖਤਮ ਹੋਣ ਤੇ ਸਾਰੇ ਸੰਦ ਅਤੇ ਬਰਤਨਾਂ ਨੂੰ ਸਾਫ਼ ਪਾਣੀ ਨਾਲ ਧੋ ਲਵੋ, ਇਸ ਤੋਂ ਉਪਰੰਤ ਸਾਫ਼ ਕਪੜੇ ਨਾਲ ਤੇਜਾਬ ਦੇ ਬਚੇ ਖੁਚੇ ਹਿੱਸੇ ਨੂੰ ਉਤਾਰ ਦਿਓ। ਜੇਕਰ ਵੇਖਣ ਵਿੱਚ ਇਹ ਆਉਂਦਾ ਹੈ ਕਿ ਡਰਿੱਪਰ ਦੇ ਬੰਦ ਹੋਣ ਦਾ ਕਾਰਨ ਕਾਈ ਜਾਂ ਕੋਈ ਹੋਰ ਕਾਰਨਹੋਵੇ ਤਾਂ ਕਲੋਰੀਨੇਸ਼ਨ ਵਿਧੀ ਰਾਹੀਂ ਪਾਣੀ ਦੀ ਸੋਧ ਕਰੋ।
3. ਸੋਧ ਕਰਨ ਤੋਂ ਬਾਅਦ ਪਹਿਲਾ ਪਾਣੀ ਦਿੰਦੇ ਸਮੇਂ, ਤੁਪਕਾ ਸਿੰਜਾਈ ਪ੍ਰਣਾਲੀ ਨੂੰ ਆਮ ਪਾਣੀ ਦੇਣ ਦੇ ਸਮੇਂ ਤੋਂ ਅੱਧਾ ਘੰਟਾ ਵੱਧ ਸਮੇਂ ਤੱਕ ਚਲਾਓ ਤਾਂ ਜੋ ਫਾਲਤੂ ਤੇਜ਼ਾਬ ਦੀ ਮਾਤਰਾ ਫ਼ਸਲ ਦੀਆਂ ਜੜ੍ਹਾਂ ਦੇ ਘੇਰੇ ਤੋਂ ਦੂਰ ਹੋ ਜਾਵੇ।
ਜੇਕਰ ਪਾਣੀ ਵਿੱਚ ਲੋਹਾ ਜਾਂ ਮੈਂਗਨੀਜ਼ ਜ਼ਿਆਦਾ ਮਾਤਰਾ ਵਿੱਚ ਹੋਣ ਤਾਂ, ਪਾਣੀ ਦੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਔਕਸੀਡੇਸ਼ਨ ਤੇਜ਼ ਹੋਣ ਕਾਰਨਪ੍ਰਸਪੀਟੈਂਟ ਜਲਦੀ ਬਣਦੇ ਹਨ। ਅਜਿਹੀ ਸਥਿਤੀ ਵਿੱਚ ਸੈਟਲਮੈਂਟ ਟੈਂਕ ਦੀ ਵਰਤੋਂ ਕਰੋ ਤਾਂ ਜੋ ਪਾਣੀ ਸੈਟਲਮੈਂਟ ਟੈਂਕ ਵਿੱਚ ਭਰਨ ਸਮੇਂ ਹਵਾ ਦੇ ਸੰਪਰਕ ਵਿੱਚ ਆਵੇ। ਹੁਣ ਪੰਪ ਲਈ ਲੋੜੀਂਦਾ ਪਾਣੀ ਸੈਟਲਮੈਂਟ ਟੈਂਕ ਤੋਂ ਲਓ। ਕਲੋਰੀਨੇਸ਼ਨ ਵਿਧੀ ਹਵਾ ਦੇ ਨਾਲ ਕਰਨ ਨਾਲ ਅੋਕਸੀਡੇਸ਼ਨ ਕਿਰਿਆ ਦੀ ਗਤੀ ਵੱਧ ਹੁੰਦੀ ਹੈ। ਇੱਥੇ ਇਹ ਗੱਲ ਨੋਟ ਕਰਨ ਯੋਗ ਹੈ ਕਿ ਮੈਗਨੀਜ ਦੀਆਂ ਅਸ਼ੁੱਧੀਆਂ ਕਲੋਰੀਨ ਨਾਲ ਹੋਲੀ ਕਿਰਿਆ ਕਰਦੀਆਂ ਹਨ ਅਤੇ ਅਜਿਹਾ ਹੋਣ ਨਾਲ ਮੇਨ ਫਿਲਟਰ ਦੇ ਬੰਦ ਹੋਣ ਦਾ ਖਦਸ਼ਾ ਰਹਿੰਦਾ ਹੈ।
ਅਜਿਹੇ ਹਾਲਤਾਂ ਵਿੱਚ ਕਿਰਿਆ ਪੂਰੀ ਕਰਨ ਲਈ ਕੁਝ ਵੱਧ ਸਮਾਂ ਦਿੱਤਾ ਜਾ ਸਕਦਾ ਹੈ ਤਾਂ ਜੋ ਪ੍ਰੋਸੀਪੀਟੇਸ਼ਨ ਪੂਰੀ ਹੋ ਸਕੇ ਜਾਂ ਹਰੇਕ ਪਲਾਟ ਤੇ ਸੈਕੰਡਰੀ ਫਿਲਟਰ ਲਾਇਆ ਜਾ ਸਕਦਾ ਹੈ ਤਾਂ ਜੋ ਡਰਿੱਪਰ ਬੰਦ ਨਾ ਹੋ ਸਕੇ। ਇਸ ਤਰ੍ਹਾਂ ਬੰਦ ਹੋਏ ਡਰਿੱਪਰ ਨੂੰ ਕਿਸੇ ਰਸਾਇਣਕ ਵਿਧੀ ਦੀ ਵਰਤੋਂ ਰਾਹੀਂ ਨਹੀਂ ਖੋਲਿਆ ਜਾ ਸਕਦਾ।
ਕਲੋਰੀਨੇਸ਼ਨ ਸੋਧ ਦੀ ਵਿਧੀ:
ਕਲੋਰੀਨ ਦੀ ਵਰਤੋਂ ਨਾਲ ਬੈਕਟੀਰੀਆ ਅਤੇ ਕਾਈ ਜਿਹੇ ਛੋਟੇ ਜੀਵਾਂ ਨੂੰ ਮਾਰਿਆ ਜਾਂਦਾ ਹੈ। ਕਲੋਰੀਨ ਪਾਉਣ ਨਾਲ ਲਾਈਨਾਂ ਦਾ ਬੰਦ ਹੋਣਾ ਘੱਟ ਹੋਵੇਗਾ ਅਤੇ ਲੇਟਰਲ ਪਾਈਪਾਂ ਵਿੱਚ ਸਾਫ਼ ਪਾਣੀ ਦਾ ਵਹਾਅ ਹੋਵੇਗਾ। ਇਸ ਸੋਧ ਵਿਧੀ ਦੀ ਵਰਤੋਂ ਵਿੱਚੋਂ-ਵਿੱਚੋਂ ਕਰਦੇ ਰਹਿਣਾ ਚਾਹੀਦਾ ਹੈ ਜਾਂ ਅਜਿਹੇ ਪਾਣੀ ਜਿਨ੍ਹਾਂਂ ਵਿੱਚ ਜੈਵਿਕ ਮਾਦੇ ਦੀ ਬਹੁਤਾਤ ਹੁੰਦੀ ਹੈ, ਉੱਥੇ ਇਸ ਦੀ ਵਰਤੋਂ ਪ੍ਰਹੇਜ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ। ਕਲੋਰੀਨੇਸ਼ਨ ਇੰਜੈਕਸ਼ਨ ਕਲੋਗਿੰਗ ਨੂੰ ਘਟਾਉਂਦਾ ਹੈ ਅਤੇ ਪਾਣੀ ਵਾਲੀਆਂ ਨਾਲੀਆਂ ਸਾਫ਼ ਰੱਖਣ ਵਿੱਚ ਸਹਾਇਤਾ ਕਰਦਾ ਹੈ। ਕਲੋਰੀਨੇਸ਼ਨ ਲਈ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪਦਾਰਥ ਸੋਡੀਅਮ ਹਾਈਪੋਕਲੋਰਾਈਟ ਹੈ ਜਿਸ ਵਿੱਚ 10 ਤੋਂ 12 ਪ੍ਰਤੀਸ਼ਤ ਕਲੋਰੀਨ ਹੁੰਦੀ ਹੈ।