ਸੁੰਦਰਪਾਲ ‘ਪ੍ਰੇਮੀ’
ਉਹ ਵਕਤ ਕਿੰਨਾ ਭਾਗਾਂ ਭਰਿਆ ਸੀ ਜਦੋਂ ਲੋਕਾਂ ਵਿਚ ਆਪਸੀ ਮਿਲਵਰਤਨ ਤੇ ਭਾਈਚਾਰਕ ਸਾਂਝ ਦੀ ਗੁੱਡੀ ਚੜ੍ਹੀ ਹੋਈ ਸੀ। ਇਕ-ਦੂਜੇ ਦੇ ਦੁਖ-ਸੁਖ ਵੰਡਾਉਣ ਵਿਚ ਮੋਹਰੀ ਰੋਲ ਨਿਭਾਇਆ ਜਾਂਦਾ ਸੀ। ਰਿਸ਼ਤੇ-ਨਾਤੇ ਕਰਾਉਣ ਵਿਚ ਖ਼ੁਸ਼ੀ ਦਾ ਅਹਿਸਾਸ ਕੀਤਾ ਜਾਂਦਾ ਸੀ। ਜ਼ਬਾਨ ਦਾ ਮੁੱਲ ਸੀ। ਆਪਸੀ ਵਿਸ਼ਵਾਸ ਦੀ ਤੰਦ ਮਜ਼ਬੂਤ ਸੀ। ਪਿੱਠ ਵਿਚ ਛੁਰੀ ਮਾਰਨ ਤੇ ਦੂਜੇ ਨੂੰ ਗੁਮਰਾਹ ਕਰਨ ਦਾ ਰੁਝਾਨ ਹਾਸ਼ੀਏ ’ਤੇ ਸੀ। ਪਰਿਵਾਰਕ, ਸਮਾਜਿਕ ਜੀਵਨ ਸੁਖਮਈ ਸੀ। ਜ਼ਮੀਨ-ਜਾਇਦਾਦ ਦੇ ਝਗੜੇ ਆਟੇ ਵਿਚ ਲੂਣ ਸਮਾਨ ਸਨ। ਸਾਂਝੇ ਪਰਿਵਾਰ ਵਾਲਾ, ਘਰੇਲੂ ਮਾਹੌਲ ਸੁਖਾਵਾਂ ਸੀ। ਨਗਰ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਿਆ ਜਾਂਦਾ ਸੀ। ਅਜੋਕੇ ਯੁੱਗ ਵਿਚ ਇਮਾਨਦਾਰੀ, ਸੱਚਾਈ ਤੇ ਪਰਿਵਾਰਕ ਪ੍ਰੇਮ ਦਾ ਸਮਾਜਿਕ ਤੌਰ ’ਤੇ ਕਾਬਲੇ-ਤਾਰੀਫ਼ ਵਰਤ-ਵਰਤਾਰਾ ਬੀਤੇ ਸਮੇਂ ਦੀ ਕਹਾਣੀ ਬਣ ਗਿਆ ਹੈ। ਇਨਸਾਨੀ ਰਿਸ਼ਤਿਆਂ ਨਾਲੋਂ ਪੈਸੇ ਨੂੰ ਪਹਿਲ ਦਿੱਤੀ ਜਾਂਦੀ ਹੈ। ਖ਼ੂਨ ਦੇ ਰਿਸ਼ਤਿਆਂ ਵਿਚ ਵੀ ਪਿਆਰ ਦੀ ਗੰਗਾ ਗੰਧਲੀ ਹੋ ਗਈ ਹੈ। ਵੰਡ-ਵੰਡਾਰੇ ਸਮੇਂ ਮਾਪੇ ਵੀ ਵੰਡੇ ਜਾਂਦੇ ਹਨ। ਬਜ਼ੁਰਗਾਂ ਦਾ ਮਾਣ-ਸਨਮਾਨ ਸੁਪਨਾ ਬਣ ਗਿਆ ਹੈ। ਘਰਾਂ ਵਿਚ ਇਨ੍ਹਾਂ ਦੀ ਕੋਈ ਅਹਿਮੀਅਤ ਪਛਾਣੀ ਨਹੀਂ ਜਾਂਦੀ। ਇਸੇ ਕਰਕੇ ਬਿਰਧ ਆਸ਼ਰਮਾਂ ਦਾ ਮੰਦਭਾਗਾ ਸੱਭਿਆਚਾਰ ਜੋਬਨ ’ਤੇ ਆ ਗਿਆ ਹੈ। ਬਜ਼ੁਰਗ ਆਪਣੇ ਧੀਆਂ-ਪੁੱਤਾਂ, ਪੋਤੇ-ਪੋਤੀਆਂ ਦੇ ਪਿਆਰ ਤੋਂ ਵਾਂਝੇ ਹੋ ਗਏ ਹਨ। ਆਮ ਤੌਰ ’ਤੇ ਘਰਾਂ ਵਿਚ ਬਜ਼ੁਰਗਾਂ ਦੀ ਹੋਣੀ ਫਟੇ ਹੋਏ ਦੁੱਧ ਵਰਗੀ ਨਜ਼ਰ ਆ ਰਹੀ ਹੈ। ਘਰੇਲੂ ਮਾਹੌਲ ਨੂੰ ਗ੍ਰਹਿਣ ਲੱਗਣ ਕਰਕੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਦ੍ਰਿਸ਼ਟੀ ਦੀ ਅਣਹੋਂਦ, ਇਨਸਾਨੀ ਕਦਰਾਂ-ਕਮੀਤਾਂ ਨੂੰ ਨਕਾਰਨ ਕਰਕੇ ਹੈ।
ਇਨਸਾਨੀ ਕਦਰਾਂ ਨੂੰ ਖੂੰਜੇ ਲਾਉਣ ਕਰਕੇ ਦਾਜ ਦੀ ਸਮਾਜਿਕ ਬੁਰਾਈ ਕਰਕੇ ਲੜਕੇ ਦਾ ਮੁੱਲ ਪਾਇਆ ਜਾਂਦਾ ਹੈ। ਫਿਰ ਵੀ ਸਹੁਰੇ ਘਰ ਨੂੰਹ ਦੇ ਰੂਪ ਵਿਚ ਬਣਦਾ ਮੋਹ-ਪਿਆਰ ਨਹੀਂ ਕੀਤਾ ਜਾਂਦਾ। ਤਿਉਹਾਰਾਂ ਵੇਲੇ ਵੀ ਸਹੁਰਿਆਂ ਦਾ ਲਾਲਚ ਸਿਖਰ ’ਤੇ ਹੁੰਦਾ ਹੈ। ਉਂਗਲਾਂ ਦੇ ਗਿਣੇ ਜਾਣ ਵਾਲੇ ਨੇਕ, ਸਾਊ ਸਹੁਰੇ ਕਿਸੇ ਕਿਸਮ ਦੇ ਲੋਭ ਤੋਂ ਕਿਨਾਰਾ ਕਰਕੇ ਨੂੰਹ ਨੂੰ ਧੀ ਵਾਂਗ ਸਮਝਦੇ ਹਨ। ਇਨਸਾਨੀਅਤ ਦਾ ਗਲਾ ਘੁੱਟਣ ਕਰਕੇ, ਨਿੱਤ ਕੋਈ ਨਾ ਕੋਈ ਨੂੰਹ ਦਾਜ ਦੀ ਬਲੀ ਚੜ੍ਹਦੀ ਹੈ। ਖਾਕੀ ਵਰਦੀ ਵੀ ਇਨਸਾਨੀ ਕਦਰਾਂ-ਕਮੀਤਾਂ ਨੂੰ ਟਿੱਚ ਜਾਣਦੀ ਹੋਈ ਪੀੜਤਾ ਨਾਲ ਇਨਸਾਫ ਨਹੀਂ ਕਰਦੀ। ਸਰਕਾਰਾਂ ਵੀ ਇਨਸਾਨੀਅਤ ਤੋਂ ਮੁਖ ਮੋੜ ਕੇ ਪੀੜਤਾਂ ਦਾ ਸਹਾਰਾ ਨਹੀਂ ਬਣਦੀਆਂ। ਇਸੇ ਰੋਸ ਵਜੋਂ ਧਰਨੇ ਮਜ਼ਾਹਰਿਆਂ ਲਈ ਪੀੜਤਾਂ ਨੂੰ ਮਜਬੂਰ ਹੋਣਾ ਪੈਂਦਾ ਹੈੈ। ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿਲਾਵਟਖੋਰਾਂ ਦੇ ਗੋਰਖਧੰਦੇ ਨੇ ਇਨਸਾਨੀ ਜ਼ਿੰਦਗੀ ਨੂੰ ਕੱਖੋਂ ਹੌਲੀ ਕਰਕੇ ਬਿਮਾਰੀਆਂ ਦੇ ਵੱਸ ਪਾ ਦਿੱਤਾ ਹੈ। ਮਿਲਾਵਟਖੋਰੀ ਨੇ ਜਿੱਥੇ ਇਨਸਾਨੀ ਕਦਰਾਂ-ਕੀਮਤਾਂ ਨੂੰ ਠੁਕਰਾਇਆ ਹੈ, ਉੱਥੇ ਸ਼ੁੱਧ ਚੀਜ਼ਾਂ ਲਈ ਮਨੁੱਖ ਤਰਸ ਰਿਹਾ ਹੈ। ਅਨਮੋਲ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰ ਬੇਸ਼ੱਕ ਪਾਪਾਂ ਦੇ ਭਾਗੀ ਬਣਦੇ ਹਨ, ਪਰ ਇਹ ਅੰਨ੍ਹੇ ਲੋਭ ਨੂੰ ਪਹਿਲ ਦਿੰਦੇ ਹਨ। ਨਕਲੀ ਖਾਦ, ਨਕਲੀ ਬੀਜ ਹੋਰ ਚੀਜ਼ਾਂ ਦੇ ਮਿਆਰ ਨਾਲ ਵਾਸਤਾ ਪਾਉਣ ਵਿਚ ਕੋਈ ਰੁਚੀ ਨਹੀਂ ਹੈ। ਕੀਟਨਾਸ਼ਕ ਦਵਾਈਆਂ ਵੀ ਇਨਸਾਨੀ ਕਦਰਾਂ ਕੀਮਤਾਂ ਦਾ ਗਲਾ ਘੁਟਦੀਆਂ ਹਨ।
ਭ੍ਰਿਸ਼ਟਾਚਾਰ ਦਾ ਦੈਂਤ ਇਨਸਾਨੀ ਕਦਰਾਂ ਦਾ ਮੂੰਹ ਚਿੜਾਉਂਦਾ ਹੋਇਆ ਆਪਣੀ ਦਾਦਾਗਿਰੀ ਦਾ ਸਿੱਕਾ ਜਮਾ ਰਿਹਾ ਹੈ। ਜਾਇਜ਼/ਨਜਾਇਜ਼ ਕੰਮ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਸਿਰੇ ਨਹੀਂ ਚੜ੍ਹ ਸਕਦੇ। ਜ਼ਿਆਦਾਤਰ ਮਹਿਕਮਿਆਂ, ਅਦਾਰਿਆਂ ਨੇ ਇਨਸਾਨੀ ਕਦਰਾਂ-ਕੀਮਤਾਂ ਦਾ ਗਲਾ ਘੁੱਟ ਕੇ ਭ੍ਰਿਸ਼ਟਾਚਾਰ ਨੂੰ ਗਲ ਲਾਇਆ ਹੋਇਆ ਹੈ। ਬਿਨਾਂ ਮੱਥਾ ਡੰਮ੍ਹਿਆਂ, ਖੱਜਲ ਖੁਆਰੀ ਦਾ ਸੰਤਾਪ ਭੋਗਣਾ ਪੈਂਦਾ ਹੈ। ਨੈਤਿਕਤਾ ਦੇ ਸੁਨਹਿਰੀ ਅਸੂਲਾਂ ਨੂੰ ਅਪਨਾਏ ਬਿਨਾਂ ਮਨੁੱਖਤਾ ਦੀ ਭਲਾਈ ਨਹੀਂ ਹੋ ਸਕਦੀ। ਅਮਨ-ਅਮਾਨ ਦੇ ਫੁੱਲ ਨਹੀਂ ਖਿੜ ਸਕਦੇ। ਇਨਸਾਨੀ ਕਦਰਾਂ-ਕੀਮਤਾਂ ਵਿਚ ਖੇੜਾ ਹੈ। ਆਪਸੀ ਪਿਆਰ ਹੈ। ਧੋਖਾ, ਹੇਰਾਫੇਰੀ, ਬੇਈਮਾਨੀ ਨੂੰ ਠੋਕਰ ਮਾਰੀ ਜਾਂਦੀ ਹੈ। ਲੋਭ-ਲਾਲਚ ਨੂੰ ਕੋਈ ਸਥਾਨ ਦੇਣ ਦੀ ਬਜਾਏ ਇਨਸਾਨੀ ਰਿਸ਼ਤਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਨਸਾਨੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨ। ਆਪਣੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਅਹਿਮ ਸਥਾਨ ਦੇ ਕੇ ਲੋਕਾਂ ਦੀ ਭਲਾਈ ਕਰਨ ਵਿਚ ਮੋਹਰੀ ਯੋਗਦਾਨ ਆਉਣ। ਖ਼ੁਦ ਇਮਾਨਦਾਰੀ, ਇਨਸਾਫ਼ਪਸੰਦਗੀ, ਨਿਮਰਤਾ, ਸੱਚਾਈ ਦਾ ਮਾਡਲ ਬਣ ਕੇ ਲੋਕਾਂ ਪ੍ਰਤੀ ਆਪਣਾ ਨੈਤਿਕ ਧਰਮ ਨਿਭਾਉਣ। ਫਿਰ ਹੀ ਹੜਤਾਲਾਂ ਤੇ ਧਰਨੇ ਮੁਜ਼ਾਹਰਿਆਂ (ਅਰਥੀ -ਫੂਕ) ਤੋਂ ਛੁਟਕਾਰਾ ਮਿਲ ਸਕਦਾ ਹੈ।
ਇਸ ਸਭ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਨਸਾਨੀ ਕਦਰਾਂ-ਕੀਮਤਾਂ ਦੇ ਆਸ਼ਕ ਬਣੇ ਬਿਨਾਂ ਸੁੱਖ-ਸ਼ਾਂਤੀ ਤੇ ਖੇੜਿਆਂ ਭਰਪੂਰ ਜੀਵਨ ਦਾ ਆਨੰਦ ਨਹੀਂ ਲਿਆ ਜਾ ਸਕਦਾ। ਆਪਸੀ ਪਿਆਰ, ਆਪਸੀ ਸਹਿਚਾਰ, ਮਿਲਵਰਤਨ ਦੇ ਫੁੱਲ ਇਨਸਾਨੀ ਕਦਰਾਂ ਦੇ ਬਗੀਚੇ ਵਿਚ ਖਿੜ ਸਕਦੇ ਹਨ। ਇਨਸਾਨੀ ਕਦਰਾਂ-ਕੀਮਤਾਂ ਦੀ ਚੜ੍ਹਤ ਜ਼ਿੰਦਗੀ ਨੂੰ ਵਰਦਾਨ ਬਣਾ ਸਕਦੀ ਹੈ, ਮੋਰਾਂ ਵਾਂਗ ਪੈਲਾਂ ਪੁਆ ਸਕਦੀ ਹੈ। ਇਨ੍ਹਾਂ ਕਦਰਾਂ ਨੂੰ ਅਪਣਾਏ ਬਿਨਾਂ ਸੱਭਿਆ ਸਮਾਜ ਦੀ ਆਸ ਨਹੀਂ ਕੀਤੀ ਜਾ ਸਕਦੀ। ਜ਼ਿੰਦਗੀ ਸਰਾਪ ਬਣ ਸਕਦੀ ਹੈ।
ਸੰਪਰਕ: 98140-51099