ਕੇਵਲ ਧਾਲੀਵਾਲ
ਜਦੋਂ ਨੈਸ਼ਨਲ ਸਕੂਲ ਆਫ਼ ਡਰਾਮਾ ਭਾਵ ਐੱਨ.ਐੱਸ.ਡੀ. ਰਿਪੈਟਰੀ ਦੀ ਸਿਲਵਰ ਜੁਬਲੀ (1988-89) ਮਨਾਈ ਜਾ ਰਹੀ ਸੀ ਤਾਂ ਉਸ ਵੇਲੇ ਰੰਗਮੰਚ ਇਤਿਹਾਸ ਦੀ ਵਿਸ਼ਾਲ ਪ੍ਰਦਰਸ਼ਨੀ ਬੰਸੀ ਕੌਲ ਨੇ ਡਿਜ਼ਾਈਨ ਕੀਤੀ ਸੀ। ਮੈਂ ਪਹਿਲੇ ਸਾਲ ਦੇ ਵਿਦਿਆਰਥੀ ਵਜੋਂ ਉਸ ਪ੍ਰਦਰਸ਼ਨੀ ਲਈ ਬੰਸੀ ਕੌਲ ਹੋਰਾਂ ਦੇ ਨਾਲ ਸਹਾਇਕ ਸੀ। ਸਿਲਵਰ ਜੁਬਲੀ ਜਸ਼ਨ ਵਾਲੀ ਸ਼ਾਮ ਓਪਨ ਏਅਰ ਥੀਏਟਰ ਦੀ ਸਟੇਜ ਉੱਤੇ ਕੁਝ ਦਿੱਗਜ ਰੰਗਕਰਮੀ ਬੈਠੇ ਸਨ। ਸਟੇਜ ਤੋਂ ਰਿਪੈਟਰੀ ਚੀਫ਼ ਰਾਮ ਗੋਪਾਲ ਬਜਾਜ ਕੁਝ ਬੋਲ ਰਹੇ ਸਨ ਕਿ ਅਚਾਨਕ ਦਰਸ਼ਕਾਂ ਦੀ ਭੀੜ ਵਿਚੋਂ ਡੌਲੀ ਆਹਲੂਵਾਲੀਆ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿਚ ਕਿਹਾ ਕਿ ਹੋਰ ਗੱਲਾਂ ਬਾਅਦ ਵਿਚ ਕਰਿਓ, ਪਹਿਲਾਂ ਸਟੇਜ ਉੱਤੇ ਸਾਡੇ ਪਿਉ ਨੂੰ ਸੱਦ ਕੇ ਬਿਠਾਉ। ਡੌਲੀ ਦਾ ਇਸ਼ਾਰਾ ਇਬਰਾਹਿਮ ਅਲਕਾਜ਼ੀ ਹੋਰਾਂ ਵੱਲ ਸੀ ਜੋ ਦਰਸ਼ਕਾਂ ਵਿਚ ਸਭ ਤੋਂ ਪਿੱਛੇ ਬੈਠੇ ਸਨ। ਦਰਸ਼ਕਾਂ ਨੇ ਧੌਣਾਂ ਘੁਮਾ ਕੇ ਪਿੱਛੇ ਵੇਖਿਆ, ਅਲਕਾਜ਼ੀ ਹੋਰੀਂ ਸ਼ਾਂਤ ਬੈਠੇ ਸਨ। ਉਨ੍ਹਾਂ ਨੂੰ ਸਟੇਜ ਤੋਂ ਆਵਾਜ਼ ਦਿੱਤੀ ਗਈ, ਪਰ ਉਹ ਗਏ ਨਹੀਂ। ਉਨ੍ਹਾਂ ਬੜੀ ਨਿਮਰਤਾ ਨਾਲ ਕਿਹਾ, ‘‘ਮੇਰੀ ਜਗ੍ਹਾ ਏਹੀ ਹੈ, ਤੁਸੀਂ ਪ੍ਰੋਗਰਾਮ ਅੱਗੇ ਤੋਰੋ।’’ ਅਲਕਾਜ਼ੀ ਹੋਣਾ ਹਰ ਕਿਸੇ ਦੇ ਵੱਸ ’ਚ ਨਹੀਂ, ਅਲਕਾਜ਼ੀ ਹੋਣ ਲਈ ਇਮਾਨਦਾਰੀ, ਦ੍ਰਿੜ੍ਹ ਇਰਾਦਾ ਤੇ ਅਨੁਸ਼ਾਸਨ ਹੋਣਾ ਲਾਜ਼ਮੀ ਹੈ।
ਅਲਕਾਜ਼ੀ ਹੋਰਾਂ ਨੂੰ ਪਹਿਲਾਂ ਸੱਦ ਕੇ ਸਟੇਜ ’ਤੇ ਨਹੀਂ ਸੀ ਬਿਠਾਇਆ ਗਿਆ, ਇਹ ਕਿਸੇ ਨਾਰਾਜ਼ਗੀ ਦਾ ਹਿੱਸਾ ਸੀ, ਪਰ ਮੈਂ ਉਸ ਦਿਨ ਪਹਿਲੀ ਵਾਰ ਇਸ ਮਹਾਨ ਰੰਗਪੁਰਸ਼ ਦੇ ਦਰਸ਼ਨ ਕੀਤੇ ਸਨ। ਸ਼ਾਂਤ, ਖ਼ੁਸ਼ਅਸਲੂਬ ਤੇ ਮੁਸਕਰਾਉਂਦੇ ਚਿਹਰੇ ਵਾਲੀ ਸ਼ਖ਼ਸੀਅਤ ਦਾ ਕੱਦ ਭੀੜ ’ਚ ਬੈਠਿਆਂ ਵੀ ਸਭ ਤੋਂ ਉੱਚਾ ਸੀ। ਉਹ ਅਲਕਾਜ਼ੀ ਜਿਸ ਨੇ ਐੱਨ.ਐੱਸ.ਡੀ. ਰਿਪੈਟਰੀ ਨੂੰ ਜਨਮ ਦਿੱਤਾ ਸੀ, ਉਸ ਦੀ ਸਿਲਵਰ ਜੁਬਲੀ ’ਤੇ ਪ੍ਰਬੰਧਕਾਂ ਵੱਲੋਂ ਉਸ ਨੂੰ ਸਟੇਜ ’ਤੇ ਨਹੀਂ ਸੀ ਬਿਠਾਇਆ ਗਿਆ, ਪਰ ਉਸ ਦੇ ਵਿਦਿਆਰਥੀਆਂ ਨੇ ਵਿਰੋਧ ਕੀਤਾ ਸੀ। ਪ੍ਰੋਗਰਾਮ ਦੇ ਇੰਟਰਵਲ ਵਿਚ ਚਾਹ ਪੀਂਦਿਆਂ ਅਸੀਂ ਅਲਕਾਜ਼ੀ ਹੋਰਾਂ ਦੇ ਨੇੜੇ-ਨੇੜੇ ਹੋ ਕੇ ਉਨ੍ਹਾਂ ਨੂੰ ਘੜੀ-ਮੁੜੀ ਵੇਖ ਰਹੇ ਸੀ। ਸਾਡਾ ਦਿਲ ਕਰ ਰਿਹਾ ਸੀ ਕਿ ਅਸੀਂ ਇਸ ਮਹਾਨ ਸ਼ਖ਼ਸੀਅਤ ਨੂੰ ਛੂਹ ਕੇ ਵੇਖ ਲਈਏ, ਪਰ ਉਹ ਮਹਾਨ ਸ਼ਖ਼ਸੀਅਤ ਆਪ ਚੱਲ ਕੇ ਸਾਡੇ ਵਰਗੇ ਨਵੇਂ ਵਿਦਿਆਰਥੀਆਂ ਕੋਲ ਆ ਗਈ। ਹੱਥ ਵਿਚ ਚਾਹ ਦਾ ਕੱਪ, ਚਿਹਰੇ ’ਤੇ ਮੁਸਕਰਾਹਟ ਤੇ ਆਸ਼ੀਰਵਾਦ ਵਰਗੇ ਲਫ਼ਜ਼ਾਂ ਨਾਲ ਉਨ੍ਹਾਂ ਨੇ ਸਾਡੇ ਨਾਲ ਸਾਂਝ ਪਾਈ।
2006 ਵਿਚ ਦਿੱਲੀ ਵਿਖੇ ਇੰਟਰਨੈਸ਼ਨਲ ਥੀਏਟਰ ਫੈਸਟੀਵਲ (ਭਾਰੰਗਮ) ਦੇ ਉਦਘਾਟਨੀ ਸ਼ੋਅ ਰਤਨ ਥੀਆਮ ਦੇ ਨਾਟਕ ‘ਨਾਈਨ ਹਿਲਜ਼ ਵਨ ਵੈਲੀ’ ਦੀ ਪੇਸ਼ਕਾਰੀ ਤੋਂ ਬਾਅਦ ਦਰਸ਼ਕਾਂ ਵਿਚ ਬੈਠੇ ਅਲਕਾਜ਼ੀ ਨੂੰ ਸਟੇਜ ’ਤੇ ਬੁਲਾਇਆ ਗਿਆ। ਜਿਉਂ ਹੀ ਅਲਕਾਜ਼ੀ ਸਟੇਜ ਵੱਲ ਨੂੰ ਤੁਰੇ, ਸਾਰੇ ਹਾਲ ’ਚ ਬੈਠੇ ਦਰਸ਼ਕ ਤਾੜੀਆਂ ਵਜਾਉਂਦੇ ਖੜ੍ਹੇ ਹੋ ਗਏ ਤੇ ਸਟੇਜ ’ਤੇ ਖੜ੍ਹੇ ਰਤਨ ਥੀਆਮ ਸਮੇਤ ਨਾਟਕ ਦੇ ਸਾਰੇ ਲਗਭਗ 35-40 ਕਲਾਕਾਰ ਸਟੇਜ ’ਤੇ ਝੁਕ ਗਏ ਤੇ ਅਲਕਾਜ਼ੀ ਹੋਰਾਂ ਦੇ ਕਦਮਾਂ ’ਚ ਲੰਮੇ ਪੈ ਗਏ। ਸਨਮਾਨ ਦਾ ਇਹ ਦ੍ਰਿਸ਼ ਮੈਂ ਸਾਰੀ ਉਮਰ ਭੁੱਲ ਨਹੀਂ ਸਕਦਾ। ਸਟੇਜ ਤੋਂ ਅਲਕਾਜ਼ੀ ਨੇ ਬੜੇ ਮਾਣ ਨਾਲ ਆਪਣੇ ਸ਼ਾਗਿਰਦ ਬਾਰੇ ਕਿਹਾ, ‘‘ਅਜਿਹੀ ਕਮਾਲ ਦੀ ਪੇਸ਼ਕਾਰੀ ਸਿਰਫ਼ ਰਤਨ ਥੀਆਮ ਹੀ ਕਰ ਸਕਦਾ ਏ, ਮੈਂ ਵੀ ਨਹੀਂ।’’ ਕਲਾ ਦੀ ਸੰਸਥਾ ਰੂਪੀ ਇਹ ਸ਼ਖ਼ਸੀਅਤ ਅੱਜ ਸਾਡੇ ਵਿਚ ਨਹੀਂ ਰਹੀ।
ਆਜ਼ਾਦੀ ਤੋਂ ਬਾਅਦ ਆਧੁਨਿਕ ਰੰਗਮੰਚ, ਰੰਗਮੰਚ ਦੀ ਸਿਖਲਾਈ ਅਤੇ ਅਧਿਆਪਨ ਨੂੰ ਸਥਾਪਤ ਕਰਨ ਵਿਚ ਅਲਕਾਜ਼ੀ ਦਾ ਨਾਂ ਮੁੱਕਣ ਵਾਲਾ ਇਤਿਹਾਸਕ ਯੋਗਦਾਨ ਹੈ। ਅਲਕਾਜ਼ੀ ਨੇ ਸਾਨੂੰ ਦੱਸਿਆ ਕਿ ਆਪਣੇ ਕਿੱਤੇ ’ਤੇ ਹਮੇਸ਼ਾਂ ਮਾਣ ਕਰੋ।
ਇਬਰਾਹਿਮ ਅਲਕਾਜ਼ੀ ਨੇ ਲੰਦਨ ਤੋਂ 1947 ’ਚ ਰੋਇਲ ਅਕਾਦਮੀ ਆਫ਼ ਡਰਾਮੈਟਿਕ ਆਰਟਸ (ਰਾਡਾ) ਤੋਂ ਨਾਟਕ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਸ਼ੁਰੂ ਵਿਚ ਮੁੰਬਈ ’ਚ ਲਗਾਤਾਰ ਥੀਏਟਰ ਕੀਤਾ ਤੇ ਨਾਲ ਹੀ ਤਰੱਕੀਪਸੰਦ ਕਲਾਕਾਰ ਗਰੁੱਪ ਨਾਲ ਵੀ ਜੁੜੇ ਰਹੇ। ਫਿਰ ਅਲਕਾਜ਼ੀ ਨੇ ਮੁੰਬਈ ਵਿਚ ਸਕੂਲ ਆਫ਼ ਡਰੈਮੈਟਿਕ ਆਰਟ ਅਤੇ ਨਾਟਕ ਅਕਾਦਮੀ, ਮੁੰਬਈ ਦੀ ਸਥਾਪਨਾ ਕੀਤੀ ਤੇ ਉਸ ਦੇ ਨਿਰਦੇਸ਼ਕ ਵੀ ਬਣੇ। ਅਲਕਾਜ਼ੀ ਹੋਰਾਂ ਨੇ 1962 ’ਚ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਦੂਸਰੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ।
ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਾਇਰੈਕਟਰ ਦੇ ਰੂਪ ’ਚ ਉਨ੍ਹਾਂ ਦੀ ਰੰਗ ਕਲਾ ਨੂੰ ਨਵਾਂ ਆਕਾਸ਼ ਅਤੇ ਨਵੀਂ ਜ਼ਮੀਨ ਮਿਲੀ। ਇੱਥੇ ਉਨ੍ਹਾਂ ਨੇ ਨਾਟਕ ਦੀ ਪੇਸ਼ਕਾਰੀ ਤੋਂ ਲੈ ਕੇ ਸੈੱਟ, ਲਾਈਟ, ਡਿਜ਼ਾਈਨ ਦੇ ਖੇਤਰ ’ਚ ਬਹੁਤ ਕੰਮ ਕੀਤਾ। ਅਦਾਕਾਰਾਂ ਦੀ ਸਿਖਲਾਈ ਵਿਚ ਉਨ੍ਹਾਂ ਲਗਾਤਾਰ ਮਿਹਨਤ ਕੀਤੀ। ਇਸ ਦੇ ਨਾਲ ਨਾਲ ਆਧੁਨਿਕ, ਪਰ ਤਕਨੀਕੀ ਤੌਰ ’ਤੇ ਵਿਸ਼ਾਲ ਨਾਟ ਪ੍ਰਦਰਸ਼ਨੀਆਂ ਪੇਸ਼ ਕਰਕੇ ਤਕਨੀਕ ਤੇ ਸ਼ਿਲਪ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ। ਸੰਨ 1977 ’ਚ ਐੱਨ.ਐੱਸ.ਡੀ. ਛੱਡਣ ਤੋਂ ਬਾਅਦ ਉਸ ਨੇ ਲੰਮੇ ਸਮੇਂ ਤੱਕ ਵਾਪਸ ਰੰਗਮੰਚ ਵੱਲ ਮੁੜ ਕੇ ਨਹੀਂ ਦੇਖਿਆ ਅਤੇ ਪੇਂਟਿੰਗ ਤੇ ਕਲਾ ਦੇ ਇਤਿਹਾਸਕ ਕੰਮ ’ਚ ਲੱਗਿਆ ਰਿਹਾ।
ਨੁੱਕੜ ਨਾਟਕ ਕਰਦੇ ਹੋਏ ਸਫ਼ਦਰ ਹਾਸ਼ਮੀ ਦੀ ਹੱਤਿਆ ਮਗਰੋਂ ਹੋਈ ਵਿਰੋਧ ਸਭਾ ’ਚ ਇਬਰਾਹਿਮ ਅਲਕਾਜ਼ੀ ਨੇ ਲਗਾਤਾਰ ਹਿੱਸਾ ਲਿਆ। ਉਸ ਤੋਂ ਬਾਅਦ ’ਚ ਐੱਨ.ਐੱਸ.ਡੀ. ਰਿਪੈਟਰੀ ਦੇ ਨਾਲ ਤਿੰਨ ਨਾਟਕ ਕਰਨ ਲਈ ਉਹ ਰੰਗਮੰਚ ਦੀ ਦੁਨੀਆਂ ’ਚ ਵਾਪਸ ਆਏ। ਨਵਾਂ ਸੁਪਨਾ ਲੈ ਕੇ ਉਹ ਫਿਰ 1992 ਤੋਂ ਕੰਮ ’ਚ ਲੱਗ ਗਏ। ਲਗਭਗ ਤਿੰਨ ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਲਗਾਤਾਰਤਾ ਫਿਰ ਘੱਟ ਹੋ ਗਈ।
ਅੰਗਰੇਜ਼ੀ ਪਿੱਠਭੂਮੀ ਤੋਂ ਆਉਣ ਵਾਲੇ ਇਬਰਾਹਿਮ ਅਲਕਾਜ਼ੀ ਨੇ ਨਾਂ ਸਿਰਫ਼ ਹਿੰਦੀ ਰੰਗਮੰਚ ਦੀ ਮਜ਼ਬੂਤ ਨੀਂਹ ਰੱਖੀ ਸਗੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਰੰਗਮੰਚ ਨੂੰ ਨਵਾਂ ਤੇ ਸੋਹਣਾ ਭਵਿੱਖ ਦਿੱਤਾ। ਇਸੇ ਕਰਕੇ ਅੱਜ ਭਾਰਤ ਦਾ ਕੋਈ ਅਜਿਹਾ ਸੂਬਾ ਨਹੀਂ ਜਿੱਥੇ ਉਨ੍ਹਾਂ ਦੇ ਵਿਦਿਆਰਥੀ ਰੰਗਮੰਚ ਨਾ ਕਰ ਰਹੇ ਹੋਣ। ਇਸ ਸਿਰਕੱਢ ਹਸਤੀ ਨੇ ਸਿਰਫ਼ ਨਿਰਦੇਸ਼ਨ ਹੀ ਨਹੀਂ ਕੀਤਾ ਸਗੋਂ ਭਵਿੱਖ ਦਾ ਰੰਗਮੰਚ ਕਿਹੋ ਜਿਹਾ ਹੋਵੇਗਾ, ਉਸ ਬਾਰੇ ਵੀ ਰੂਪ-ਰੇਖਾ ਤਿਆਰ ਕੀਤੀ।
ਉਨ੍ਹਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ। ਉਨ੍ਹਾਂ ਨੇ ਆਧੁਨਿਕ ਨਾਟਕਕਾਰਾਂ ਧਰਮਵੀਰ ਭਾਰਤੀ, ਮੋਹਨ ਰਾਕੇਸ਼, ਗਿਰੀਸ਼ ਕਰਨਾਡ ਤੇ ਬਲਵੰਤ ਗਾਰਗੀ ਨੂੰ ਵਿਸ਼ਾਲ ਰੰਗਮੰਚ ਜ਼ਮੀਨ ਦਿੱਤੀ। ਅਲਕਾਜ਼ੀ ਨੇ ਆਪਣੇ ਅਜਿਹੇ ਵਿਦਿਆਰਥੀ ਤਿਆਰ ਕੀਤੇ ਜੋ ਹਿੰਦੋਸਤਾਨ ਦੇ ਕੋਨੇ-ਕੋਨੇ ’ਚ ਜਾ ਕੇ ਰੰਗਮਮੰਚ ਦੀਆਂ ਜੜ੍ਹਾਂ ਮਜ਼ਬੂਤ ਕਰਨ। ਉਨ੍ਹਾਂ ਦਾ ਯੁੱਗ ਰੰਗਮੰਚ ਦੀ ਰੂਹਾਨੀਅਤ ਦਾ ਯੁੱਗ ਸੀ। ਅਲਕਾਜ਼ੀ ਹੋਰਾਂ ਨੇ ਰੰਗਮੰਚ ਟ੍ਰੇਨਿੰਗ ਨੂੰ ਪਹਿਲ ਦਿੱਤੀ। ਆਧੁਨਿਕ ਰੰਗਮੰਚ ਦਾ ਅਜਿਹਾ ਦ੍ਰਿਸ਼ ਸਿਰਜਿਆ ਤਾਂ ਜੋ ਲੋਕ ਰੰਗਮੰਚ ਨੂੰ ਇੱਜ਼ਤ ਦੇਣ। ਉਨ੍ਹਾਂ ਨੇ 1962 ਤੋਂ ਲੈ ਕੇ 1977 ਤੱਕ ਬਤੌਰ ਐੱਨ.ਐੱਸ.ਡੀ. ਡਾਇਰੈਕਟਰ ਕੰਮ ਕੀਤਾ। ਇਸੇ ਸਮੇਂ ਦੌਰਾਨ ਉਨ੍ਹਾਂ ਨੇ ਐੱਨ.ਐੱਸ.ਡੀ. ਰਿਪੈਟਰੀ ਦੀ ਵੀ ਸਥਾਪਨਾ ਕੀਤੀ ਤਾਂ ਜੋ ਸਿਖਲਾਈਯਾਫ਼ਤਾ ਕਲਾਕਾਰਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਉਹ ਹਰ ਕੰਮ ਯੋਜਨਾਬੱਧ ਤਰੀਕੇ ਤੇ ਸਖ਼ਤ ਅਨੁਸ਼ਾਸਨ ਨਾਲ ਕਰਦੇ। ਅਲਕਾਜ਼ੀ ਨੇ ਗਰੀਕ ਥੀਏਟਰ, ਸ਼ੇਕਸਪੀਅਰ, ਮੌਲੀਅਰ ਨੂੰ ਵੱਡੇ ਤੇ ਵਿਸ਼ਾਲ ਰੰਗਮੰਚ ’ਤੇ ਪੇਸ਼ ਕੀਤਾ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ‘ਅੰਧਾ ਯੁੱਗ’ ਨਾਟਕ ਦਿੱਲੀ ਦੇ ਪੁਰਾਣੇ ਕਿਲ੍ਹੇ ਵਿਚ ਵਿਸ਼ਾਲ ਰੂਪ ਵਿਚ ਵੀ ਹੋ ਸਕਦਾ ਹੈ ਤੇ ਸ਼ੇਕਸਪੀਅਰ ਦਾ ‘ਕਿੰਗ ਲੀਅਰ’ ਸਟੂਡੀਓ ਥੀਏਟਰ ਦੀ 20×18 ਦੀ ਸਟੇਜ ’ਤੇ ਵੀ ਸਿਰਫ਼ 80 ਦਰਸ਼ਕਾਂ ਵਾਲੇ ਛੋਟੇ ਜਿਹੇ ਹਾਲ ’ਚ ਵੀ ਹੋ ਸਕਦਾ ਹੈ। ਅਲਕਾਜ਼ੀ ਦਾ ਦੌਰ ਨਵੀਆਂ ਰੰਗਮੰਚੀ ਉਪਲਬੱਧੀਆਂ ਦਾ ਦੌਰ ਸੀ। ਉਸ ਯੁੱਗ ਵਿਚ ਭਾਰਤੀ ਰੰਗਮੰਚ ਨੇ ਇਕ ਨਵਾਂ ਰੂਪ ਲਿਆ ਤੇ ਅਲਕਾਜ਼ੀ ਦੇ ਸਿਖਾਏ ਅਦਾਕਾਰਾਂ, ਨਿਰਦੇਸ਼ਕਾਂ ਦਾ ਇਕ ਕਾਫ਼ਲਾ ਤੁਰ ਪਿਆ ਜਿਸ ਵਿਚ ਓਮ ਸ਼ਿਵਪੁਰੀ, ਸੁਧਾ ਸ਼ਿਵਪੁਰੀ, ਬਲਰਾਜ ਪੰਡਿਤ, ਮਨੋਹਰ ਸਿੰਘ, ਸਾਈਂ ਪਰਾਂਜਪੇ, ਰੋਹਿਨੀ ਹਟੰਗੜੀ, ਮੋਹਨ ਮਹਾਂਰਿਸ਼ੀ, ਭਾਨੂੰ ਭਾਰਤੀ, ਬੰਸੀ ਕੌਲ, ਰਾਮ ਗੋਪਾਲ ਬਜਾਜ, ਉਤਰਾ ਬਾਵੇਕਰ, ਬੀ.ਐੱਮ. ਸ਼ਾਹ, ਅਨੁਪਮ ਖੇਰ, ਹਰਪਾਲ ਟਿਵਾਣਾ, ਨੀਨਾ ਟਿਵਾਣਾ, ਪੰਕਜ ਕਪੂਰ, ਨੀਲਮ ਮਾਨ ਸਿੰਘ, ਸੁਰੇਖਾ ਸੀਕਰੀ, ਗੁਰਚਰਨ ਚੰਨੀ, ਰਤਨ ਥਿਆਮ, ਅਮਾਲ ਅਲਾਨਾ, ਨਸੀਰੂਦੀਨ ਸ਼ਾਹ, ਡੌਲੀ ਆਹਲੂਵਾਲੀਆ, ਰਤਨਾ ਪਾਠਕ ਸ਼ਾਹ, ਐੱਮ.ਕੇ. ਰੈਨਾ, ਰਾਜ ਬੱਬਰ, ਓਮ ਪੁਰੀ, ਪ੍ਰਸੰਨਾ, ਰੰਜੀਤ ਕਪੂਰ, ਡੀ.ਆਰ. ਅੰਕੁਰ, ਵਿਜਿਆ ਮਹਿਤਾ, ਕੀਰਤੀ ਜੈਨ, ਸਤੀਸ਼ ਕੌਸ਼ਿਕ ਤੇ ਹੋਰ ਲੰਮੀ ਕਤਾਰ ਸ਼ਾਮਿਲ ਸੀ। ਅਲਕਾਜ਼ੀ ਦੇ ਵਿਦਿਆਰਥੀਆਂ ਨੇ ਬਤੌਰ ਅਦਾਕਾਰ ਤੇ ਬਤੌਰ ਨਿਰਦੇਸ਼ਕ ਨਿਵੇਕਲੀਆਂ ਪੈੜਾਂ ਪਾਈਆਂ। ਵੈਸੇ ਤਾਂ ਉਹ ਆਪਣੇ ਸਮਿਆਂ ਵਿਚ ਹੀ ਜਿਊਂਦੀ ਜਾਗਦੀ ਮਿਸਾਲ ਬਣ ਗਏ ਸਨ। ਉਹ ਹਮੇਸ਼ਾਂ ਲਗਾਤਾਰ ਕੰਮ ਕਰਦੇ ਤੇ ਸਾਕਾਰਾਤਮਕ ਊਰਜਾ ਉਨ੍ਹਾਂ ਦੇ ਕੰਮ ਦਾ ਹਿੱਸਾ ਬਣੀ ਰਹਿੰਦੀ। ਉਨ੍ਹਾਂ ਨੇ ਲੱਕੜਾਂ ਰੰਦਣ ਵਾਲੇ ਇਕ ਸਾਧਾਰਨ ਕਾਰਪੇਂਟਰ ਵਿਚ ਕਲਾਤਮਿਕ ਗੁਣ ਵੇਖੇ ਤੇ ਉਸ ਨੂੰ ਐੱਨ.ਐੱਸ.ਡੀ. ’ਚ ਲਿਆ ਕੇ ਕਾਰਪੇਂਟਰੀ
ਡਿਪਾਰਟਮੈਂਟ ਦਾ ਮੁਖੀ ਬਣਾ ਦਿੱਤਾ। ਉਸ ਸ਼ਖ਼ਸ ਨੂੰ ਅਸੀਂ ਗੁਰੂ ਜੀ ਤਰਸੇਮ ਲਾਲ ਦੇ ਨਾਮ ਨਾਲ ਜਾਣਦੇ ਹਾਂ। ਤਰਸੇਮ ਲਾਲ ਨੇ ਨਾਟਕਾਂ ਦੇ ਸੈੱਟਾਂ ਦੇ ਮਾਡਲ ਵੀ ਤਿਆਰ ਕੀਤੇ ਅਤੇ ਵਿਦਿਆਰਥੀਆਂ ਨੂੰ ਟਰੇਨਿੰਗ ਵੀ ਦਿੱਤੀ। ਅਲਕਾਜ਼ੀ ਨੇ ਮੋਹਨ ਉਪਰੇਤੀ
ਸੰਗੀਤਕਾਰ (ਇਪਟਾ ਲਹਿਰ ਤੋਂ) ਨੂੰ ਲਿਆ ਕੇ ਸੰਗੀਤ ਵਿਭਾਗ ਉਸ ਨੂੰ ਸੌਂਪ ਦਿੱਤਾ। ਸ਼ੀਲਾ ਭਾਟੀਆ ਦੀ ਅਦਾਕਾਰੀ ਦੇ ਗੁਣ ਵੇਖ ਕੇ ਉਸ ਨੂੰ ਐਕਟਿੰਗ ਵਿਭਾਗ ਸੌਂਪਿਆ।
ਅੱਜ ਵੀ ਐੱਨ.ਐੱਸ.ਡੀ. ਦੀ ਇਮਾਰਤ ਅੰਦਰ ਅਲਕਾਜ਼ੀ ਦੀ ਰੰਗ ਕਲਾ ਹਰ ਮੋੜ ’ਤੇ ਰਚਨਾਤਮਕ ਤੇ ਕਲਾਤਮਕ ਤਰੀਕੇ ਨਾਲ ਵੇਖਣ ਨੂੰ ਮਿਲਦੀ ਹੈ। ਉਹ ਬਹੁ-ਪ੍ਰਤਿਭਾਸ਼ਾਲੀ ਹਸਤੀ ਸਨ। ਉਨ੍ਹਾਂ ਦਾ ਤੁਰ ਜਾਣਾ ਇਕ ਰੰਗ ਯੁੱਗ ਦਾ ਤੁਰ ਜਾਣਾ ਹੈ। ਉਹ ਅਧਿਆਪਕ ਥੀਏਟਰ ਨਿਰਮਾਤਾ ਸੀ। ਉਸ ਨੇ ਰੰਗਮੰਚ ਦੀ ਸੁੰਦਰਤਾ ਤੇ ਭਾਸ਼ਾ ਸਥਾਪਿਤ ਕੀਤੀ। ਮੈਂ ਭਾਵੇਂ ਅਲਕਾਜ਼ੀ ਹੋਰਾਂ ਦਾ ਸਿੱਧੇ ਤੌਰ ’ਤੇ ਸ਼ਾਗਿਰਦ ਨਹੀਂ ਸੀ, ਪਰ ਮੈਂ ਉਨ੍ਹਾਂ ਦੇ ਸ਼ਾਗਿਰਦਾਂ ਦਾ ਸ਼ਾਗਿਰਦ ਹਾਂ। ਐੱਨ.ਐੱਸ.ਡੀ. ਪੜ੍ਹਦਿਆਂ ਮੈਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ ਕਿ ਅਲਕਾਜ਼ੀ ਹੋਰੀਂ ਐੱਨ.ਐੱਸ.ਡੀ. ਛੱਡ ਕੇ ਜਾ ਚੁੱਕੇ ਹਨ ਕਿਉਂਕਿ ਉਨ੍ਹਾਂ ਦਾ ਬਣਾਇਆ ਅਨੁਸ਼ਾਸਨ ਤੇ ਕੰਧਾਂ ’ਤੇ ਲੱਗੇ ਉਨ੍ਹਾਂ ਦੇ ਨਾਟਕਾਂ ਦੇ ਪੋਸਟਰ ਸਾਨੂੰ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਸਨ। ਯੁੱਗ ਪੁਰਸ਼ ਕਿਸੇ ਇਕ ਪੀੜ੍ਹੀ ਦੇ ਗੁਰੂ ਨਹੀਂ ਹੁੰਦੇ। ਉਹ ਆਪਣੇ ਵਿਦਿਆਰਥੀਆਂ ਰਾਹੀਂ ਕਈ ਪੀੜ੍ਹੀਆਂ ਤੱਕ ਪਹੁੰਚਦੇ ਹਨ। ਉਸ ਅਨੁਸ਼ਾਸਨ, ਭਾਸ਼ਾ, ਕਲਾਤਮਕਤਾ, ਸਿਰੜ, ਅਧਿਆਪਨ ਤੇ ਅਭਿਆਸ ਦਾ ਅਹਿਸਾਸ ਮੇਰੇ ਅੰਦਰ ਜਿਊਂਦਾ ਏ। ਇਸੇ ਲਈ ਮੈਂ ਕਹਿੰਦਾ ਕਿ ਉਹ ਰੰਗ ਮਸੀਹਾ ਆਪਣੇ ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਅੰਦਰ ਤੇ ਰੰਗ ਕਲਾ ਪ੍ਰੇਮੀਆਂ ਅੰਦਰ ਸਦਾ ਜਿਊਂਦਾ ਰਹੇਗਾ।
ਸੰਪਰਕ: 98142-99422