ਡਾ. ਗੁਰਤੇਜ ਸਿੰਘ
ਜ਼ਿੰਦਗੀ ਵਿੱਚ ਸਫ਼ਲਤਾ ਨੂੰ ਹਾਸਲ ਕਰਨ ਲਈ ਸਭ ਕੁਝ ਕੁਰਬਾਨ ਕਰਨ ਦਾ ਜੋ ਜਜ਼ਬਾ ਹੁੰਦਾ ਹੈ, ਉਹ ਬਾ-ਕਮਾਲ ਹੁੰਦਾ ਹੈ। ਸਫ਼ਲਤਾ ਆਪਣੇ ਵੱਲੋਂ ਮਾਪੀ ਨਹੀਂ ਜਾਂਦੀ। ਇਹ ਫ਼ੈਸਲਾ ਹਮੇਸ਼ਾ ਲੋਕ ਕਰਦੇ ਹਨ ਕਿ ਉਹ ਸਫ਼ਲ ਹੈ ਜਾਂ ਫਿਰ ਅਸਫ਼ਲ। ਸਫ਼ਲਤਾ ਕਦੇ ਵੀ ਸਿੱਧੀ ਨਹੀਂ ਉਪਜਦੀ, ਬਲਕਿ ਅਸਫ਼ਲਤਾ ਦੇ ਗਹਿਰੇ ਹਨੇਰੇ ਨੂੰ ਚੀਰ ਕੇ ਪ੍ਰਗਟ ਹੁੰਦੀ ਹੈ। ਸਫ਼ਲ ਵਿਅਕਤੀਆਂ ਦੀ ਸਫ਼ਲਤਾ ਰੂਪੀ ਚਮਕ ਨੂੰ ਦੇਖ ਕੇ ਸਭ ਹੈਰਾਨ ਹੰਦੇ ਹਨ ਪਰ ਉਨ੍ਹਾਂ ਦੁਆਰਾ ਦੇਖੇ ਹਨੇਰਿਆਂ ਤੋਂ ਸੰਸਾਰ ਸਦਾ ਹੀ ਅਣਜਾਣ ਰਿਹਾ ਹੈ। ਜਿਸ ਦੀਆਂ ਕੋਸ਼ਿਸ਼ਾਂ ਸਹੀ ਦਿਸ਼ਾ ’ਚ ਹੋਣ, ਅੰਦਰ ਕੁਝ ਕਰ ਗੁਜ਼ਰਨ ਦੀ ਇੱਛਾ ਪ੍ਰਬਲ ਹੋਵੇ, ਉਸ ਦੇ ਸਫ਼ਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹਾ ਮਨੁੱਖ ਹਾਰ ਕੇ ਵੀ ਹਾਰ ਨਹੀਂ ਮੰਨਦਾ ਕਿਉਂਕਿ ਹਾਰਨਾ ਮਨ ਦੀ ਇੱਕ ਸਥਿਤੀ ਹੈ। ਅਕਸਰ ਹੀ ਮਨੁੱਖ ਉਦੋਂ ਹਾਰਦਾ ਹੈ, ਜਦੋਂ ਉਸ ਦੇ ਦਿਮਾਗ ਦੇ ਕਿਸੇ ਕੋਨੇ ਵਿੱਚ ਇਹ ਗੱਲ ਬੈਠ ਜਾਵੇ ਕਿ ਹੁਣ ਜਿੱਤਣਾ ਅਸੰਭਵ ਹੈ।
ਆਪਣੀ ਪ੍ਰਤਿਭਾ ਨੂੰ ਪਛਾਣ ਕੇ ਚੁਣਿਆ ਰਸਤਾ ਹੀ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਸੰਸਾਰ ਦਾ ਹਰੇਕ ਮਨੁੱਖ ਕੋਈ ਨਾ ਕੋਈ ਪ੍ਰਤਿਭਾ ਦਾ ਮਾਲਕ ਹੈ। ਇਸੇ ਲਈ ਕਿਸੇ ਦਾਰਸ਼ਨਿਕ ਨੇ ਕਿਹਾ ਹੈ ‘ਹਾਂ ! ਮੈਂ ਵੀ ਕੋਈ ਸ਼ੈਅ ਹਾਂ ਕਿਉਂਕਿ ਕੁਦਰਤ ਨੇ ਕੁਝ ਵੀ ਫਾਲਤੂ ਨਹੀਂ ਰਚਿਆ ਹੈ’। ਜ਼ਿੰਦਗੀ ਫ਼ੈਸਲਿਆਂ ਦਾ ਇੱਕ ਰੰਗਮੰਚ ਹੈ, ਜਿੱਥੇ ਸਾਡੇ ਫ਼ੈਸਲੇ ਸਾਡੀਆਂ ਗਤੀਵਿਧੀਆਂ ਨੂੰ ਨਿਰਦੇਸ਼ਨ ਬਖਸ਼ਦੇ ਹਨ। ਸਹੀ ਫ਼ੈਸਲਾ ਲੈਣ ਦੀ ਸ਼ਕਤੀ ਆਤਮ-ਵਿਸ਼ਵਾਸ ਨਾਲ ਉਪਜਦੀ ਹੈ। ਆਤਮ-ਵਿਸ਼ਵਾਸ ਦੀ ਪੈਦਾਇਸ਼ ਜ਼ਿੰਮੇਵਾਰੀਆਂ ਵਿੱਚੋਂ ਹੁੰਦੀ ਹੈ, ਜੋ ਜਿੰਨਾ ਜ਼ਿੰਮੇਵਾਰ ਹੋਵੇਗਾ, ਉਹ ਉਨਾ ਹੀ ਆਤਮ-ਵਿਸ਼ਵਾਸ ਨਾਲ ਲਬਰੇਜ਼ ਹੋਵੇਗਾ। ਕਿਸੇ ਕੰਮ ਪ੍ਰਤੀ ਸਾਡਾ ਲਿਆ ਗਿਆ ਫ਼ੈਸਲਾ ਕਿੰਨਾ ਗਲਤ ਜਾਂ ਸਹੀ ਹੈ, ਉਸ ਨੂੰ ਸਮੇਂ ਦੀ ਕਸਵੱਟੀ ਹੀ ਵਧੀਆ ਪਰਖਦੀ ਹੈ। ਜੋ ਸਮੇਂ ਦੀ ਕਦਰ ਕਰਦਾ ਹੈ, ਸਮਾਂ ਵੀ ਉਸ ਨੂੰ ਕਦਰਵਾਨ ਬਣਾ ਦਿੰਦਾ ਹੈ। ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੀ ਪ੍ਰਤਿਭਾ ਨੂੰ ਜ਼ਰੂਰ ਟਟੋਲੋ। ਉਸ ਕੰਮ ਵਿੱਚ ਦਿਲਚਸਪੀ ਲਾਜ਼ਮੀ ਹੈ ਅਤੇ ਸਮਾਂ ਸਹੀ ਹੋਵੇ। ਕਰੀਅਰ ਸਬੰਧੀ ਫ਼ੈਸਲਾ ਸਭ ਤੋਂ ਪਹਿਲਾਂ ਆਪਣੇ-ਆਪ ਵਿੱਚ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਦਿਸ਼ਾ ਵਿੱਚ ਜਾਣਾ ਹੈ, ਜਿਸ ਖੇਤਰ ਵਿੱਚ ਅਸੀਂ ਜਾਣ ਦਾ ਦ੍ਰਿੜ ਨਿਸ਼ਚਾ ਕਰ ਲਿਆ ਹੋਵੇ ਤਾਂ ਉਸ ਖੇਤਰ ਦੇ ਮਾਹਿਰ ਦਾ ਮਸ਼ਵਰਾ ਜ਼ਰੂਰ ਲੈਣਾ ਚਾਹੀਦਾ ਹੈ। ਜੇਕਰ ਸਾਨੂੰ ਬਹੁਤ ਸਾਰੀਆਂ ਦਿਸ਼ਾਵਾਂ ਵੱਲ ਜਾਣ ਦੇ ਸੁਝਾਅ ਮਿਲ ਰਹੇ ਹਨ ਤਾਂ ਸਾਨੂੰ ਆਪਣੀ ਪ੍ਰਤਿਭਾ ਖੁਦ ਖੋਜਣੀ ਹੋਵੇਗੀ। ਆਪਣੇ ਦਿਲ ਦੀ ਸੁਣੋ ਜ਼ਰੂਰ ਪਰ ਫ਼ੈਸਲੇ ਦਿਮਾਗ ਨਾਲ ਹੀ ਹੋਣੇ ਚਾਹੀਦੇ ਹਨ।
ਕਈ ਵਾਰ ਬੱਚੇ ਦੀ ਰੁਚੀ ਜਾਣੇ ਬਿਨਾਂ ਹੀ ਉਸ ਨੂੰ ਕਿਸੇ ਖੇਤਰ ਵਿੱਚ ਜ਼ਬਰਦਸਤੀ ਧੱਕਿਆ ਜਾਂਦਾ ਹੈ, ਉਸ ਦੀ ਰੁਚੀ, ਅਰਮਾਨਾਂ ਦਾ ਜਨਾਜ਼ਾ ਉਠਾ ਦਿੱਤਾ ਜਾਂਦਾ ਹੈ। ਉਹ ਨਾ ਚਾਹੁੰਦੇ ਹੋਏ ਵੀ ਮਾਪਿਆਂ ਦੇ ਸੁਫਨੇ ਨੂੰ ਪੂਰਾ ਕਰਨ ਹਿੱਤ ਆਪਣੇ ਅਰਮਾਨਾਂ ਨੂੰ ਤਿਲ-ਤਿਲ ਕਰਕੇ ਮਾਰੇਗਾ ਅਤੇ ਸਾਰੀ ਉਮਰ ਤਣਾਅ ਦੇ ਆਲਮ ਵਿੱਚ ਡੁੱਬਿਆ ਰਹੇਗਾ। ਉਹ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕੇਗਾ ਕਿਉਂਕਿ ਉਸ ਦਾ ਮਨ ਦੋਪਾਸੜ ਤਲਵਾਰ ਵਰਗਾ ਹੋ ਜਾਵੇਗਾ। ਚੰਗਾ ਹੋਵੇ ਮਾਪੇ ਬੱਚੇ ਦੀ ਰਾਇ ਜਾਨਣ ਕਿ ਉਹ ਕਿਸ ਖੇਤਰ ਵਿੱਚ ਜਾਣਾ ਚਾਹੁੰਦੇ ਹਨ। ਅਗਰ ਬੱਚਾ ਇਸ ਸਮਰੱਥ ਨਹੀਂ ਹੈ ਤਾਂ ਉਸ ਦੇ ਅਧਿਆਪਕਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਬੱਚਿਆਂ ਦੀ ਪ੍ਰਤਿਭਾ ਦਾ ਅਨੁਮਾਨ ਹੁੰਦਾ ਹੈ। ਬੱਚਿਆਂ ਨੂੰ ਦਸਵੀਂ ਕਲਾਸ ਤੱਕ ਜਾਂਦੇ-ਜਾਂਦੇ ਆਪਣਾ ਨਿਸ਼ਾਨਾ ਜ਼ਰੂਰ ਪਤਾ ਹੋਵੇ ਕਿਉਂਕਿ ਅਗਲੇਰੀ ਪੜ੍ਹਾਈ ਕਿੱਤਾ ਮੁਖੀ ਹੋ ਜਾਂਦੀ ਹੈ।
ਇਹ ਆਮ ਵੇਖਣ ਵਿੱਚ ਆਉਦਾ ਹੈ ਕਿ ਖਾਸ ਕਰਕੇ ਪਿੰਡਾਂ ਦੇ ਬੱਚਿਆਂ ਵਿੱਚ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਦੀ ਕਿ ਉਹ ਕਿਸ ਤਰ੍ਹਾਂ ਦੀ ਪੜ੍ਹਾਈ ਕਰਨ ਜਾਂ ਕਿਸ ਖੇਤਰ ਵੱਲ ਰੁਖ਼ ਕਰਨ। ਪ੍ਰਤਿਭਾ ਪਛਾਣੇ ਬਿਨਾਂ ਅਤੇ ਮਾਰਗ ਦਰਸ਼ਕ ਦੀ ਅਣਹੋਂਦ ਕਰਕੇ ਉਹ ਗ਼ਲਤ ਰਾਹ ਚੁਣ ਕੇ ਆਪਣਾ ਕੀਮਤੀ ਸਮਾਂ, ਪੈਸਾ ਤੇ ਪ੍ਰਤਿਭਾ ਨੂੰ ਨਸ਼ਟ ਕਰਦੇ ਹਨ। ਸਮਾਂ ਅਤੇ ਤੀਰ ਕਦੇ ਵਾਪਸ ਨਹੀਂ ਆਉਂਦੇ। ਡਾਵਾਂਡੋਲ ਸਥਿਤੀ ਵਿੱਚ ਇਹ ਪੜ੍ਹਾਈ ਪੂਰੀ ਕਰਦੇ ਹਨ। ਗਰੀਬੀ, ਚਿੰਤਾ ਇਨ੍ਹਾਂ ਦੇ ਹਾਣੀ ਬਣ ਜਾਂਦੇ ਹਨ। ਬਹੁਤ ਵਾਰ ਬੱਚਿਆਂ ਵਿੱਚ ਕਿਸੇ ਖੇਤਰ ਦੀ ਪੜ੍ਹਾਈ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਪ੍ਰਤਿਭਾ ਹੁੰਦੇ ਹੋਏ ਵੀ ਉਹ ਉਸ ਖੇਤਰ ਵਿੱਚ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ। ਇੱਥੇ ਆਸਾਨ ਜਾਂ ਮੁਸ਼ਕਲ ਦੀ ਗੱਲ ਨਹੀਂ ਹੁੰਦੀ, ਜਨੂੰਨ ਮੁਸ਼ਕਿਲਾਂ ਨੂੰ ਅਸਾਨ ਵੇਖਣਾ ਸ਼ੁਰੂ ਕਰ ਦਿੰਦਾ ਹੈ।
ਪ੍ਰਤਿਭਾ ਦੀ ਪਹਿਚਾਣ ਕਰਨੀ ਸੌਖਾ ਕੰਮ ਨਹੀਂ ਪਰ ਨਾ ਮੁਮਕਿਨ ਨਹੀਂ ਹੈ। ਕਈ ਵਾਰ ਜ਼ਿੰਦਗੀ ਦਾ ਕਾਫੀ ਸਮਾਂ ਬੀਤਣ ਤੋਂ ਬਾਅਦ ਆਪਣੇ ਮੂਲ ਦੀ ਪਛਾਣ ਹੁੰਦੀ ਹੈ। ਬਹੁਤੇ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਆਦਮੀ ਨੇ ਆਪਣੀ ਕਲਾ ਵੀ ਪਛਾਣ ਲਈ ਹੋਵੇ ਤੇ ਮਿਹਨਤ ਵੀ ਕੀਤੀ ਹੋਵੇ ਪਰ ਫਿਰ ਵੀ ਅਸਫ਼ਲ ਹੋ ਜਾਵੇ, ਇਸ ਦਾ ਕੀ ਕਾਰਨ ਹੈ? ਇਸ ਦਾ ਜਵਾਬ ਇਹ ਹੈ ਕਿ ਜਮਾਤ ਦੇ ਤੀਹ ਬੱਚਿਆਂ ਨੇ ਡਾਕਟਰ ਬਣਨ ਦਾ ਸੰਕਲਪ ਲਿਆ ਹੈ ਅਤੇ ਦ੍ਰਿੜ ਨਿਸ਼ਚੇ ਨਾਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਇੱਕੋ ਹੀ ਕੋਚਿੰਗ ਸੈਂਟਰ ਤੋਂ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਵਿੱਚੋਂ ਸਿਰਫ ਪੰਜ ਬੱਚੇ ਹੀ ਪ੍ਰਵੇਸ਼ ਪ੍ਰੀਖਿਆ ਪਾਸ ਕਰਦੇ ਹਨ। ਇੱਥੇ ਸੂਝ-ਬੂਝ ਅਤੇ ਮਿਹਨਤ ਕਰਨ ਦੇ ਤਰੀਕੇ ਦਾ ਅੰਤਰ ਹੋ ਸਕਦਾ ਹੈ।
ਮੇਰੇ ਇੱਕ ਜਾਣਕਾਰ ਡਾਕਟਰ ਹਨ, ਜਿਨ੍ਹਾਂ ਨੇ ਆਪਣਾ ਸੰਘਰਸ਼ ਇੱਕ ਕੰਪਾਊਂਡਰ ਤੋਂ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਐੱਮ.ਬੀ.ਬੀ.ਐੱਸ. ਕਰਕੇ ਡਾਕਟਰ ਬਣੇ। ਉਨ੍ਹਾਂ ਨੇ ਆਪਣੀ ਕਲਾ ਤਾਂ ਪਹਿਲਾਂ ਹੀ ਪਛਾਣ ਲਈ ਸੀ ਪਰ ਮਾਰਗ ਦਰਸ਼ਕ ਅਤੇ ਘਰ ਦੇ ਹਾਲਾਤਾਂ ਕਾਰਨ ਕੰਪਾਊਂਡਰ ਤੱਕ ਸੀਮਤ ਹੋ ਗਏ ਸਨ, ਜਦ ਉਹ ਕਲੀਨਿਕ ’ਤੇ ਹੁੰਦੇ ਤਾਂ ਉਨ੍ਹਾਂ ਦਾ ਬੌਸ ਉਸ ਨੂੰ ਤਾਅਨੇ ਦਿੰਦਾ ਕਿ ਤੂੰ ਇੱਥੇ ਜੋਗਾ ਹੀ ਰਹਿ ਜਾਣਾ। ਇਹ ਤਾਅਨੇੇ ਅਤੇ ਉਨ੍ਹਾਂ ਦੀ ਪ੍ਰਤਿਭਾ ਉਸਨੂੰ ਹਲੂਣਦੀ ਸੀ, ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮੰਜ਼ਿਲ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਦੇ ਮਜ਼ਾਕ ਅਤੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਅਠੱਤੀ ਸਾਲ ਦੀ ਉਮਰ ਵਿੱਚ ਆਪਣੀ ਗ੍ਰੈਜੂਏਸ਼ਨ (ਐੱਮ.ਬੀ.ਬੀ.ਐਸ.) ਪੂਰੀ ਕੀਤੀ। ਕਾਲਜ ਵਿੱਚ ਉਨ੍ਹਾਂ ਦੇ ਸਹਿਪਾਠੀ ਉਸਨੂੰ ਬਾਬਾ ਜੀ ਕਹਿ ਕੇ ਛੇੜਦੇ ਸਨ ਪਰ ਉਨ੍ਹਾਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਦੁਨੀਆਂ ਤੋਂ ਵੱਖਰਾ ਸੋਚਣ, ਕਰਨ ਵਾਲਿਆਂ ’ਤੇ ਲੋਕ ਹੱਸਦੇ ਆਏ ਹਨ ਅਤੇ ਹੱਸਦੇ ਰਹਿਣਗੇ। ਸਮਾਂ ਉਨ੍ਹਾਂ ਨੂੰ ਚੁੱਪ ਕਰਵਾਉਂਦਾ ਹੈ। ਇਸ ਲਈ ਹਮੇਸ਼ਾਂ ਹਾਂ-ਪੱਖੀ ਰਹੋ ਤੇ ਆਸ਼ਾਵਾਦੀ ਬਣੋ। ਆਸ਼ਾਵਾਦੀ ਅਸਫ਼ਲਤਾ ਨੂੰ ਵੀ ਸਫਲਤਾ ਵਾਂਗ ਮਾਣਦਾ ਹੈ।
ਆਪਣੀ ਪ੍ਰਤਿਭਾ ਦੀ ਪਛਾਣ ਕਰਨੀ, ਸਖਤ ਮਿਹਨਤ, ਸੰਜਮ ਤੇ ਮੁਸ਼ਕਿਲਾਂ ਨੂੰ ਹੱਸ ਕੇ ਜਰਨ ਦੀ ਸ਼ਕਤੀ ਸਫਲਤਾ ਦਾ ਮੂਲ ਮੰਤਰ ਹੈ। ਹਰ ਪ੍ਰਤਿਭਾ ਦਾ ਕੋਈ ਆਦਰਸ਼ ਜ਼ਰੂਰ ਹੁੰਦਾ ਹੈ, ਉਸ ਦੇ ਵਿਖਾਏ ਰਾਹ ’ਤੇ ਚੱਲਣਾ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਪਰ ਹੂਬਹੂ ਉਸ ਦੀ ਨਕਲ ਕਰਨੀ ਸਾਨੂੰ ਮਜ਼ਾਕ ਦਾ ਪਾਤਰ ਬਣਾ ਸਕਦੀ ਹੈ। ਆਪਣੀ ਪ੍ਰਤਿਭਾ ਨੂੰ ਪਛਾਣੋ ਅਤੇ ਨਿਖਾਰਨ ਦੀ ਕੋਸ਼ਿਸ਼ ਕਰੋ, ਜਹਾਨ ਸਾਡੀ ਮੁੱਠੀ ਵਿੱਚ ਹੋਵੇਗਾ। ਦੌਲਤ, ਸ਼ੋਹਰਤ ਤੇ ਐਸ਼ੋ-ਆਰਾਮ ਪ੍ਰਤਿਭਾਸ਼ਾਲੀ ਲੋਕਾਂ ਦਾ ਪਿੱਛਾ ਕਰਦੇ ਹਨ ਪਰ ਆਮ ਲੋਕ ਇਨ੍ਹਾਂ ਲਈ ਸਾਰੀ ਉਮਰ ਖਪਦੇ ਹਨ, ਫਿਰ ਵੀ ਨਸੀਬ ਨਹੀਂ ਹੁੰਦਾ। ਫੈਸਲਾ ਅਸੀਂ ਕਰਨਾ ਹੈ ਕਿ ਪ੍ਰਤਿਭਾਸ਼ਾਲੀ ਬਣਨਾ ਹੈ ਜਾਂ ਆਮ ਹੀ ਭੀੜ ਦਾ ਹਿੱਸਾ ਬਣ ਕੇ ਰਹਿਣਾ ਹੈ। ਚੰਗਾ ਸਾਹਿਤ ਪ੍ਰਤਿਭਾ ਨੂੰ ਤਰਾਸ਼ਦਾ ਹੈ, ਜੋ ਲੋਕ ਚੰਗਾ ਸਾਹਿਤ ਪੜ੍ਹਦੇ ਹਨ, ਉਨ੍ਹਾਂ ਦਾ ਪ੍ਰਤਿਭਾਸ਼ਾਲੀ ਬਣਨਾ ਲਾਜ਼ਮੀ ਹੋ ਜਾਂਦਾ ਹੈ। ਅਜਿਹੇ ਲੋਕਾਂ ਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਉਨ੍ਹਾਂ ਦੀ ਰੁਚੀ ਕੁਝ ਚੰਗਾ ਕਰਨ ਦੀ ਬਣ ਜਾਂਦੀ ਹੈ ਅਤੇ ਫਿਰ ਸਫਲਤਾ-ਅਸਫਲਤਾ ਤੋਂ ਉੱਪਰ ਉੱਠੇ ਇਹ ਲੋਕ ਹੀ ਸੰਤ ਕਹਾਉਂਦੇ ਹਨ।
ਸੰਪਰਕ: 95173-96001