ਰਮੇਸ਼ ਬੱਗਾ ਚੋਹਲਾ
ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ 21 ਹਾੜ੍ਹ ਸੰਮਤ 1652 ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਅਤੇ 14 ਜੂਨ ਬਾਰੇ ਵੀ ਹੈ) ਨੂੰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵਸੇ ਨਗਰ ਵਡਾਲੀ (ਗੁਰੂ ਕੀ) ਵਿੱਚ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਦੇ ਘਰ ਹੋਇਆ। ਇਸ ’ਤੇ ਸੰਗਤ ਨੇ ਖ਼ੁਸ਼ੀਆਂ ਮਨਾਈਆਂ, ਪਰ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਦੁੱਖ ਹੋਇਆ। ਇਨ੍ਹਾਂ ਵਿੱਚ ਪ੍ਰਮੁੱਖ ਨਾਂ ਪ੍ਰਿਥੀ ਚੰਦ ਦਾ ਸੀ, ਜੋ ਪਰਿਵਾਰਕ ਤੌਰ ’ਤੇ ਗੁਰੂ ਸਾਹਿਬ ਦੇ ਤਾਇਆ ਜੀ ਲਗਦੇ ਸਨ। ਗੁਰਗੱਦੀ ’ਤੇ ਬੈਠਣ ਲਈ ਪ੍ਰਿਥੀ ਚੰਦ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਸ ਨੇ ਜ਼ਹਿਰੀਲੇ ਦੁੱਧ ਵਾਲੀ ਦਾਈ ਨੂੰ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ ਪਰ ਦਾਈ ਦੇ ਦੁੱਧ ਨੂੰ ਲੱਗਿਆ ਜ਼ਹਿਰ ਉਸ ਦੇ ਆਪਣੇ ਆਪ ਲਈ ਹੀ ਘਾਤਕ ਸਾਬਤ ਹੋਇਆ। ਇਸ ਤੋਂ ਬਾਅਦ ਉਸ ਨੇ ਇਕ ਸਪੇਰੇ ਨੂੰ ਗੰਢ ਲਿਆ। ਉਸ ਸਪੇਰੇ ਨੇ ਬਾਲ ਗੁਰੂ ਵੱਲ ਸੱਪ ਨੂੰ ਛੱਡ ਦਿੱਤਾ ਪਰ ਸਾਜ਼ਿਸ਼ ਸਫ਼ਲ ਨਾ ਹੋਈ।
ਗੁਰੂ ਅਰਜਨ ਦੇਵ ਲਾਹੌਰ ਤੋਂ ਪਰਿਵਾਰ ਸਣੇ 1597 ਈ. ਨੂੰ ਵਡਾਲੀ ਗੁਰੂ ਕੀ ਆ ਗਏ। ਵਡਾਲੀ ਤੋਂ ਗੁਰੂ ਜੀ ਨੂੰ ਅੰਮ੍ਰਿਤਸਰ ਆਉਣਾ ਪਿਆ। ਪ੍ਰਿਥੀ ਚੰਦ ਵੀ ਅੰਮ੍ਰਿਤਸਰ ਹੀ ਰਹਿੰਦਾ ਸੀ। ਇਸ ਵਾਰ ਉਹ ਚੌਕਸ ਹੋ ਗਿਆ। ਉਸ ਨੇ ਗੁਰੂ ਜੀ ’ਤੇ ਤੀਜਾ ਹਮਲਾ ਕਰ ਦਿੱਤਾ। ਇਸ ਹਮਲੇ ਤਹਿਤ ਉਸ ਨੇ ਇਕ ਖਿਡਾਵੇ ਨੂੰ ਲਾਲਚ ਦੇ ਕੇ ਬਾਲ-ਗੁਰੂ ਨੂੰ ਦਹੀਂ ਵਿਚ ਜ਼ਹਿਰ ਮਿਲਾ ਕੇ ਦੇਣ ਲਈ ਕਿਹਾ। ਪਰ ਗੁਰੂ ਸਾਹਿਬ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਉੱਥੇ ਗੁਰੂ ਅਰਜਨ ਦੇਵ ਵੀ ਪਹੁੰਚ ਗਏ।
1605 ਈਸਵੀ ਦੇ ਅਕਤੂਬਰ ’ਚ ਜਹਾਂਗੀਰ ਦੀ ਤਖ਼ਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਉਸ ਨੇ ਗ਼ੈਰ-ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੁੰਚ ਅਖ਼ਤਿਆਰ ਕਰ ਲਈ। ਇਸ ਦਾ ਢੁੱਕਵਾਂ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਬਾਲਕ ਹਰਿਗੋਬਿੰਦ ਨੂੰ ਹਰਫ਼ੀ ਇਲਮ ਦੇ ਨਾਲ ਨਾਲ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ। 6 ਅਪਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋਂ ਬਾਗ਼ੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫ਼ਤਿਆਂ ਬਾਅਦ ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾਂ ਵਿਚ ਗੁਰੂ ਅਰਜਨ ਦੇਵ ਜੀ ਖ਼ਿਲਾਫ਼ ਖੁਸਰੋ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ।
1606 ਦੇ ਮਈ ਮਹੀਨੇ ਦੇ ਆਖ਼ਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਤਤਕਾਲੀ ਸਿਆਸੀ ਹਾਲਾਤ ’ਤੇ ਚਰਚਾ ਕੀਤੀ। ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਿਗੋਬਿੰਦ ਜੀ ਨੂੰ ਸੌਂਪ ਦਿੱਤੀ। ਇਸ ਮੌਕੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇਕ ਮੀਰੀ ਅਤੇ ਦੂਜੀ ਪੀਰੀ ਦੀ) ਪਹਿਨਾਈਆਂ, ਜੋ ਸੰਸਾਰਕ ਅਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ।
ਗੁਰੂ ਹਰਿਗੋਬਿੰਦ ਜੀ ਨੇ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅਤਿਆਚਾਰੀ ਨੀਤੀ ਦਾ ਸਿਖ਼ਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ। ਇਸ ਨੀਤੀ ਦੇ ਸਮਰਥੱਕ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੀ ਕੋਸ਼ਿਸ਼ ਕਰਨਗੇ। ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ। ਇਸ ਰਾਹ ’ਤੇ ਸਫ਼ਲਤਾਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀਂ ਆਪਣੇ ਸਿੱਖਾਂ (ਵਿਸ਼ੇਸ਼ ਕਰ ਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ ਨਾਲ ਵਧੀਆ ਘੋੜੇ ਅਤੇ ਸ਼ਸਤਰ ਵੀ ਭੇਜਿਆ ਕਰਨ। ਗੁਰੂ ਜੀ ਨੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। 1608 ਈਸਵੀ ਨੂੰ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਹੋ ਗਈ। ਅਕਾਲ ਤਖ਼ਤ ਦੇ ਸਹਾਮਣੇ ਦੋ ਨਿਸ਼ਾਨ ਸਾਹਿਬ, ਰਾਜਨੀਤੀ ਅਤੇ ਧਰਮ ਦੇ ਪ੍ਰਤੀਕ ਵਜੋਂ ਸਥਾਪਿਤ ਕੀਤੇ ਗਏ। ਇਸ ਤਖ਼ਤ ਉੱਪਰ ਗੁਰੂ ਹਰਿਗੋਬਿੰਦ ਜੀ ਬਿਰਾਜਮਾਨ ਹੋ ਕੇ ਸੰਗਤ ਨੂੰ ਉਪਦੇਸ਼ ਦੇਣ ਦੇ ਨਾਲ-ਨਾਲ ਸਮੇਂ-ਸਮੇਂ ਹੁਕਮਨਾਮੇ ਵੀ ਜਾਰੀ ਕਰਿਆ ਕਰਦੇ ਸਨ। ਸਿੱਖ ਫ਼ੌਜੀਆਂ ਦੀ ਗਿਣਤੀ 500 ਤੱਕ ਪਹੁੰਚ ਗਈ। ਫ਼ੌਜ ਨੂੰ ਪੰਜ ਕਮਾਂਡਰਾਂ (ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ, ਭਾਈ ਪੈੜਾ ਤੇ ਭਾਈ ਮੋਖਾ ਜੀ) ਦੀ ਕਮਾਂਡ ਹੇਠ ਕਰ ਦਿੱਤਾ ਗਿਆ।
ਜਹਾਂਗੀਰ ਨੂੰ ਜਦੋਂ ਆਗਰਾ ਛੱਡ ਕੇ ਦੱਖਣ ਵੱਲ ਜਾਣਾ ਪਿਆ ਤਾਂ ਇਹ ਸਮਾਂ ਗੁਰੂ ਸਾਹਿਬ ਲਈ ਟਿਕਾਅ ਵਾਲਾ ਸਾਬਿਤ ਹੋਇਆ। ਗੁਰੂ ਜੀ ਨੇ ਮਾਲਵੇ ਅਤੇ ਦੁਆਬੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਦੁਆਬੇ ਦੀ ਦਿਸ਼ਾ ਵਿਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਕਰਤਾਰਪੁਰ ਨਗਰ ਪੁੱਜੇ ਸਨ, ਪੈਂਦੇ ਖਾਂ ਵੀ ਇੱਥੇ ਹੀ ਗੁਰੂ ਕੀ ਫ਼ੌਜ ਵਿਚ ਭਰਤੀ ਹੋਇਆ ਸੀ। ਦੁਆਬੇ ਤੋਂ ਬਾਅਦ ਗੁਰੂ ਜੀ ਆਪਣੇ ਸਾਂਢੂ (ਸਾਂਈ ਦਾਸ) ਦੇ ਪਿੰਡ ਡਰੋਲੀ ਭਾਈ ਕੀ ਵਿਖੇ ਆ ਗਏ। ਇੱਥੇ ਰਹਿ ਕੇ ਗੁਰੂ ਜੀ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ। ਇਸ ਦੌਰਾਨ ਜਦੋਂ ਗੁਰੂ ਜੀ ਨੂੰ ਕਸ਼ਮੀਰ ਦੀ ਮਾੜੀ ਆਰਥਿਕ ਹਾਲਤ ਕਾਰਨ ਲੋਕਾਂ ਦੇ ਔਖੇ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਕਸ਼ਮੀਰ ਪਹੁੰਚ ਗਏ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ।
ਗੁਰੂ ਸਾਹਿਬ ਦੀ ਸੇਵਾ-ਭਾਵਨਾ ਅਤੇ ਇਨਸਾਫ਼ਪਸੰਦੀ ਨੂੰ ਦੇਖ ਕੇ ਕਈ ਦੂਜੇ ਧਰਮਾਂ ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ। ਇਹ ਗੱਲ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋਈ ਜਾ ਰਹੀ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਹ ਕਿਲ੍ਹਾ ਸ਼ਾਹੀ ਕੈਦੀਆਂ ਅਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ’ਤੇ ਬਣਵਾਇਆ ਗਿਆ ਸੀ। ਛੇਵੇਂ ਪਾਤਸ਼ਾਹ ਜਦੋਂ ਕਿਲ੍ਹੇ ਵਿਚ ਗਏ ਤਾਂ ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਰਾਜੇ ਵੀ ਕੈਦ ਕੱਟ ਰਹੇ ਸਨ। ਗੁਰੂ ਜੀ ਦੀ ਆਮਦ ਨਾਲ ਇਹ ਕਿਲ੍ਹਾ ਧਰਮਸ਼ਾਲਾ ਦਾ ਰੂਪ ਵਟਾ ਗਿਆ। ਇਥੋਂ ਤੱਕ ਕਿ ਕਿਲ੍ਹੇ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਣੋਂ ਨਾ ਰਹਿ ਸਕਿਆ।
ਇੱਧਰ, ਜਦੋਂ ਸੰਗਤ ਨੂੰ ਗੁਰੂ ਜੀ ਗ੍ਰਿਫ਼ਤਾਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਦੂਜੇ ਪਾਸੇ, ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੀ ਸਭ ਤੋਂ ਵੱਧ ਖ਼ੁਸ਼ੀ ਪ੍ਰਿਥੀ ਚੰਦ ਨੂੰ ਹੋਈ। ਉਸ ਨੇ ਦਰੋਗੇ ਹਰੀਦਾਸ ਰਾਹੀਂ ਗੁਰੂ ਸਾਹਿਬ ਨੂੰ ਖ਼ਤਮ ਕਰਵਾਉਣ ਦਾ ਯਤਨ ਵੀ ਕੀਤਾ।
ਜਹਾਂਗੀਰ ਜ਼ਿਆਦਾ ਸ਼ਰਾਬ ਪੀਣ ਕਾਰਨ ਸਖ਼ਤ ਬਿਮਾਰ ਹੋ ਗਿਆ, ਜਦੋਂ ਦੁਆ ਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਇਸ ਹੁਕਮ ਦਾ ਪਤਾ ਲੱਗਣ ’ਤੇ ਸਿਆਸੀ ਕੈਦੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਵੀ ਜੇਲ੍ਹ ਤੋਂ ਬਾਹਰ ਕਢਵਾਉਣ। ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ’ਚੋਂ ਬਾਹਰ ਜਾਣਗੇ ਜੇ ਇਨ੍ਹਾਂ ਰਾਜਿਆਂ ਨੂੰ ਰਿਹਾਅ ਕੀਤਾ ਜਾਵੇਗਾ। ਗੁਰੂ ਜੀ ਦੀ ਮੰਨ ਨੇ ਜਹਾਂਗੀਰ ਨੇ 52 ਸਿਆਸੀ ਰਾਜਿਆਂ ਨੂੰ ਵੀ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।
ਗੁਰੂ ਹਰਿਗੋਬਿੰਦ ਸਾਹਿਬ ਦੀਆਂ ਸਰਗਰਮੀਆਂ ਜਿਵੇਂ ਆਪਣੀ ਫ਼ੌਜ ਰੱਖਣਾ, ਨਗਾਰਾ, ਸ਼ਿਕਾਰ ਖੇਡਣਾ ਅਤੇ ਕਲਗੀ ਲਗਾ ਕੇ ਅਕਾਲ ਤਖ਼ਤ ’ਤੇ ਬੈਠਣਾ ਆਦਿ ਮੁਗ਼ਲ ਸਰਕਾਰ ਲਈ ਸਿੱਧੀ ਵੰਗਾਰ ਸੀ।
1627 ਈਸਵੀ ਵਿੱਚ ਜਹਾਂਗੀਰ ਫੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਂ ਰਾਜਗੱਦੀ ਦਾ ਵਾਰਸ ਬਣ ਗਿਆ। ਉਸ ਨੇ ਗ਼ੈਰ-ਮੁਸਲਿਮ ਭਾਈਚਾਰੇ ’ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਨੂੰ ਸਮੇ-ਸਮੇਂ ਕਈ ਲੜਾਈਆਂ ਵੀ ਕਰਨੀਆਂ ਪਈਆਂ।
ਛੇਵੇਂ ਗੁਰਾਂ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਗੁਰੂ ਹਰਿਗੋਬਿੰਦ ਜੀ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ।
ਸੰਪਰਕ: 94631-32719