ਜਿੱਥੇ ਭਾਰਤ ਵਿਚ 1971 ਦੀ ਜੰਗੀ ਜਿੱਤ ਦੀ ਗੋਲਡਨ ਜੁਬਲੀ ਦੇ ਜਸ਼ਨ ਮਨਾਏ ਜਾ ਰਹੇ ਹਨ, ਉੱਥੇ ਪਾਕਿਸਤਾਨੀ ਮੀਡੀਆ ਇਸ ਜੰਗ ਬਾਰੇ ਅਮੂਮਨ ਖ਼ਾਮੋਸ਼ ਰਿਹਾ ਹੈ। ਰਿਕਾਰਡ ਦੇ ਤੌਰ ’ਤੇ ਚੰਦ ਅੰਗਰੇਜ਼ੀ ਅਖ਼ਬਾਰਾਂ ਵਿਚ ਕੁਝ ਅਜਿਹੀਆਂ ਤਹਿਰੀਰਾਂ ਜ਼ਰੂਰ ਛਪੀਆਂ ਹਨ ਜੋ ਜੰਗ ਜਾਂ ਬੰਗਲਾਦੇਸ਼ ਦੇ ਜਨਮ ਸਮੇਂ ਹੋਈਆਂ ਗ਼ਲਤੀਆਂ ਦੀ ਗੱਲ ਜ਼ਰੂਰ ਕਰਦੀਆਂ ਹਨ, ਪਰ ਨਾਲ ਹੀ ਸਮੁੱਚੇ ਘਟਨਾਕ੍ਰਮ ਲਈ ਭਾਰਤ ਨੂੰ ਕਸੂਰਵਾਰ ਠਹਿਰਾਉਣ ਤੋਂ ਅੱਗੇ ਨਹੀਂ ਜਾਂਦੀਆਂ। ਹਾਂ, ਅੰਗਰੇਜ਼ੀ ਅਖ਼ਬਾਰ ‘ਡਾਅਨ’ ਵਿਚ ਪ੍ਰਕਾਸ਼ਿਤ ਮਾਹਿਰ ਅਲੀ ਦਾ ਲੇਖ ਕੁਝ ਕੁ ਹਟਵਾਂ ਹੈ। ਇਹ ਢਾਕਾ ਵਿਚ ਪਾਕਿਸਤਾਨੀ ਫ਼ੌਜ ਵੱਲੋਂ ਭਾਰਤੀ ਫ਼ੌਜ ਅੱਗੇ ਹਥਿਆਰ ਸੁੱਟਣ ਤੋਂ ਤੁਰੰਤ ਬਾਅਦ ਇਸਲਾਮਾਬਾਦ ਵਿਚ ਸੱਤਾ ਪਰਿਵਰਤਨ ਦੀ ਦ੍ਰਿਸ਼ਾਵਲੀ ਨਿਵੇਕਲੇ ਅੰਦਾਜ਼ ਨਾਲ ਪੇਸ਼ ਕਰਦਾ ਹੈ।
ਲੇਖ ਮੁਤਾਬਿਕ 50 ਵਰ੍ਹੇ ਪਹਿਲਾਂ ਜਦੋਂ ਪਾਕਿਸਤਾਨ ਦੇ ਹਕੀਕੀ ਤੌਰ ’ਤੇ ਦੋ ਟੁਕੜੇ ਹੋਏ ਤਾਂ ਉਮੀਦ ਕੀਤੀ ਜਾਂਦੀ ਸੀ ਕਿ ਫ਼ੌਜੀ ਹੁਕਮਰਾਨ ਜਨਰਲ ਯਾਹੀਆ ਖ਼ਾਨ ਕੌਮੀ ਟੈਲੀਵਿਜ਼ਨ ’ਤੇ ਆਪਣੀ ਵਿਦਾਇਗੀ ਤਕਰੀਰ ਕਰਨਗੇ। ਪਰ ਅਜਿਹਾ ਕੁਝ ਨਹੀਂ ਹੋਇਆ। ਤਕਰੀਰ ਦੇ ਟੁਕੜੇ ਰੇਡੀਓ ਪਾਕਿਸਤਾਨ ਤੋਂ ਨਸ਼ਰ ਹੋਏ। ਇਹੋ ਪੀਟੀਵੀ ਨੇ ਵੀ ਪ੍ਰਸਾਰਿਤ ਕੀਤੇ। ਪਰ ਟੀਵੀ ਸਕਰੀਨ ’ਤੇ ਯਾਹੀਆ ਖ਼ਾਨ ਦੀ ਥਾਂ ਟ੍ਰਾਂਜ਼ਿਸਟਰ ਦਾ ਅਕਸ ਦਿਖਾਇਆ ਜਾਂਦਾ ਰਿਹਾ। ਜਾਣਕਾਰਾਂ ਦਾ ਕਹਿਣਾ ਸੀ ਕਿ ਜਨਰਲ ਉਸ ਸਮੇਂ ਨਸ਼ੇ ਵਿਚ ਏਨੇ ਜ਼ਿਆਦਾ ਧੁੱਤ ਸੀ ਕਿ ਉਸ ਦਾ ਚਿਹਰਾ ਸਕਰੀਨ ’ਤੇ ਦਿਖਾਇਆ ਹੀ ਨਹੀਂ ਸੀ ਜਾ ਸਕਦਾ। ਜਨਰਲ ਦੀ ਥਾਂ ਜ਼ੁਲਫ਼ਿਕਾਰ ਅਲੀ ਭੁੱਟੋ ਨੇ ਰਾਸ਼ਟਰਪਤੀ ਤੇ ਮੁੱਖ ਮਾਰਸ਼ਲ ਲਾਅ ਪ੍ਰਸ਼ਾਸਕ ਦਾ ਅਹੁਦਾ ਸੰਭਾਲਣਾ ਸੀ। ਉਹ ਜੰਗ ਦੇ ਦਿਨਾਂ ਦੌਰਾਨ ਪਾਕਿਸਤਾਨ ਲਈ ਕੌਮਾਂਤਰੀ ਹਮਾਇਤ ਜੁਟਾਉਣ ਖ਼ਾਤਿਰ ਨਿਊਯਾਰਕ ਵਿਚ ਟਿਕੇ ਹੋਏ ਸਨ। ਰਸਮੀ ਸੱਤਾ ਪਰਿਵਰਤਨ ਤੋਂ ਪਹਿਲਾਂ ਹੀ ਭੁੱਟੋ ਨੇ ਨਿਊਯਾਰਕ ਤੇ ਹੋਰ ਅਮਰੀਕੀ ਸ਼ਹਿਰਾਂ ਵਿਚ ਪਾਕਿਸਤਾਨ ਦੇ ਨਵੇਂ ਹੁਕਮਰਾਨ ਵਜੋਂ ਪੇਸ਼ ਆਉਣਾ ਸ਼ੁਰੂ ਕਰ ਦਿੱਤਾ ਸੀ।
ਜੰਗ ਵਿਚ ਪਾਕਿਸਤਾਨ ਦੀ ਹਾਰ ਆਮ ਪਾਕਿਸਤਾਨੀਆਂ ਲਈ ਵੱਡੇ ਸਦਮੇ ਵਾਂਗ ਸੀ। ਸਰਕਾਰੀ ਮੀਡੀਆ ਇਹ ਦਰਸਾਉਂਦਾ ਆਇਆ ਸੀ ਕਿ ਪਾਕਿਸਤਾਨ ਜਲਦ ਹੀ ਜੰਗ ਜਿੱਤਣ ਵਾਲਾ ਹੈ। ਇਕ-ਦੋ ਅਖ਼ਬਾਰਾਂ ਨੂੰ ਛੱਡ ਕੇ ਬਾਕੀ ਸਾਰਾ ਗ਼ੈਰ-ਸਰਕਾਰੀ ਮੀਡੀਆ ਵੀ ਸਰਕਾਰੀ ਜ਼ੁਬਾਨ ਬੋਲਦਾ ਰਿਹਾ। ਆਜ਼ਾਦਾਨਾ ਰਿਪੋਰਟਿੰਗ ਨੂੰ ਸਰਕਾਰ ਨੇ ਬਲਾਕ ਕੀਤਾ ਹੋਇਆ ਸੀ। ਦੂਜੇ ਪਾਸੇ ਸਰਹੱਦੀ ਇਲਾਕੇ ਵਿਚ ਭਾਰਤੀ ਰੇਡੀਓ ਟ੍ਰਾਂਸਮੀਟਰ ਏਨੇ ਘੱਟ ਸਨ ਕਿ ਭਾਰਤੀ ਪ੍ਰਚਾਰ ਵੀ ਬਹੁਤ ਘੱਟ ਪਾਕਿਸਤਾਨੀਆਂ ਤਕ ਪਹੁੰਚ ਰਿਹਾ ਸੀ। ਬੰਗਾਲੀ ਨੇਤਾ ਸ਼ੇਖ਼ ਮੁਜੀਬ-ਉਰ-ਰਹਿਮਾਨ ਕਰਾਚੀ ਵਿਚ ਕੈਦ ਸੀ। ਉਸ ਨੂੰ ਵੀ ਇਹ ਇਲਮ ਨਹੀਂ ਸੀ ਕਿ ਪੂਰਬੀ ਪਾਕਿਸਤਾਨ, ਆਲਮੀ ਨਕਸ਼ੇ ਤੋਂ ਮਿਟ ਚੁੱਕਾ ਹੈ। ਉਸ ਦੀ ਥਾਂ ਆਜ਼ਾਦ ਬੰਗਲਾਦੇਸ਼ ਵਜੂਦ ਵਿਚ ਆ ਚੁੱਕਾ ਹੈ। ਕਮਾਲ ਦੀ ਗੱਲ ਹੈ ਕਿ ਬੰਗਲਾਦੇਸ਼ ਦੇ ਵਜੂਦ ਵਿਚ ਆਉਣ ਤੋਂ ਬਾਅਦ ਵੀ ਭੁੱਟੋ ਨੇ ਸ਼ੇਖ਼ ਮੁਜੀਬ ਨੂੰ ਹਨੇਰੇ ਵਿਚ ਰੱਖਿਆ। ਉਸ ਨੇ ਕਰਾਚੀ ਜੇਲ੍ਹ ਜਾ ਕੇ ਮੁਜੀਬ ਨਾਲ ਮੁਲਾਕਾਤ ਕੀਤੀ ਅਤੇ ਪੱਛਮੀ ਪਾਕਿਸਤਾਨ ਤੇ ‘ਪੂਰਬੀ ਪਾਕਿਸਤਾਨ’ ਦੀ ਮਹਾਂਸੰਘ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ। ਤਜਵੀਜ਼ ਮੁਤਾਬਿਕ ਦੋਵੇਂ ਇਕਾਈਆਂ ਖ਼ੁਦਮੁਖ਼ਤਾਰ ਹੋਣੀਆਂ ਸਨ, ਪਰ ਰੱਖਿਆ ਤੇ ਵਿਦੇਸ਼ ਨੀਤੀ ਸਾਂਝੀ ਹੋਣੀ ਸੀ। ਸ਼ੇਖ਼ ਨੂੰ ਇਹ ਤਜਵੀਜ਼ ਵਾਜਬ ਲੱਗੀ, ਪਰ ਸਹਿਮਤੀ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਢਾਕਾ ਜਾ ਕੇ ਆਪਣੇ ਸਾਥੀਆਂ-ਸਹਿਯੋਗੀਆਂ ਦੀ ਰਾਇ ਜਾਣਨ ਦੀ ਇੱਛਾ ਜ਼ਾਹਿਰ ਕੀਤੀ। ਜੇਲ੍ਹ ਵਿਚੋਂ ਆਪਣੀ ਰਿਹਾਈ ਅਤੇ ਪਾਕਿਸਤਾਨ ਦੇ ਸਰਕਾਰੀ ਜਹਾਜ਼ ਰਾਹੀਂ ਲੰਡਨ ਪੁੱਜਣ ਤਕ ਸ਼ੇਖ਼ ਨੂੰ ਯਕੀਨ ਨਹੀਂ ਸੀ ਕਿ ਬੰਗਲਾਦੇਸ਼ ਸਥਾਪਿਤ ਹੋ ਚੁੱਕਾ ਹੈ। ਉਹ ਲੰਡਨ ਤੋਂ ਭਾਰਤੀ ਜਹਾਜ਼ ਰਾਹੀਂ ਸਿੱਧੇ ਦਿੱਲੀ ਅਤੇ ਫਿਰ ਉੱਥੋਂ ਢਾਕਾ ਪੁੱਜੇ। ਇਨ੍ਹਾਂ ਦੋਵਾਂ ਥਾਵਾਂ ’ਤੇ ਹੋਏ ਲਾਮਿਸਾਲ ਸਵਾਗਤ ਨੇ ਉਨ੍ਹਾਂ ਦੇ ਸਾਰੇ ਸੰਸੇ ਸਮਾਪਤ ਕਰ ਦਿੱਤੇ। ਇਹ ਵੱਖਰੀ ਗੱਲ ਹੈ ਕਿ 1971 ਵਾਲੇ ਪ੍ਰਕਰਣ ਰਾਹੀਂ ਸੱਤਾਵਾਨ ਬਣਨ ਵਾਲੀਆਂ ਇਹ ਦੋਵੇਂ ਸ਼ਖ਼ਸੀਅਤਾਂ ਬਹੁਤ ਲੰਮਾ ਸਮਾਂ ਸੱਤਾ-ਸੁੱਖ ਨਾ ਮਾਣ ਸਕੀਆਂ। ਸ਼ੇਖ਼ ਚਾਰ ਵਰ੍ਹੇ ਬਾਅਦ ਫ਼ੌਜੀ ਰਾਜ-ਪਲਟੇ ਦੌਰਾਨ ਜਾਨ ਗੁਆ ਬੈਠੇ। ਭੁੱਟੋ ਨੂੰ 1977 ਵਿਚ ਉਨ੍ਹਾਂ ਦੇ ਹੀ ‘ਲਾਡਲੇ’ ਜਰਨੈਲ ਜ਼ਿਆ-ਉਲ-ਹੱਕ ਨੇ ਫਾਹੇ ਲਾ ਦਿੱਤਾ।
ਸਿਆਲਕੋਟ ਕਾਂਡ: ਹੋਰ ਗ੍ਰਿਫ਼ਤਾਰੀਆਂ
ਸਿਆਲਕੋਟ ਦੀ ਰਾਜਕੋ ਇੰਡਸਟਰੀਜ਼ ਦੇ ਸ੍ਰੀਲੰਕਨ ਜਨਰਲ ਮੈਨੇਜਰ ਪ੍ਰਿਯੰਤਾ ਕੁਮਾਰ ਨੂੰ ਹਜੂਮ ਵੱਲੋਂ ਕੁੱਟ-ਕੁੱਟ ਕੇ ਮਾਰਨ ਅਤੇ ਫਿਰ ਉਸ ਦੀ ਲਾਸ਼ ਨੂੰ ਅੱਗ ਲਾ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ 85 ਹੋ ਗਈ ਹੈ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ 33 ਨਵੀਆਂ ਗ੍ਰਿਫ਼ਤਾਰੀਆਂ ਇਸ ਸ਼ੁੱਕਰਵਾਰ ਤਕ ਕੀਤੀਆਂ ਗਈਆਂ। ਇਹ ਸਾਰੀਆਂ ਗ੍ਰਿਫ਼ਤਾਰੀਆਂ ਸਮੁੱਚੇ ਕਾਂਡ ਦੀਆਂ ਵੀਡੀਓਜ਼ ਤੇ ਸੀਸੀਟੀਵੀ ਕਵਰੇਜ ਦੇ ਆਧਾਰ ’ਤੇ ਕੀਤੀਆਂ ਗਈਆਂ। 49 ਵਰ੍ਹਿਆਂ ਦੇ ਪ੍ਰਿਯੰਤਾ ਕੁਮਾਰ ਉੱਤੇ ‘ਕੁਫ਼ਰ’ ਤੋਲਣ, ਭਾਵ ਇਸਲਾਮ ਦੀ ਤੌਹੀਨ ਕਰਨ ਦਾ ਦੋਸ਼ ਸੀ। ਪੁਲੀਸ ਦਾ ਕਹਿਣਾ ਹੈ ਕਿ ਇਸ ਦੋਸ਼ ਨੂੰ ਉਸ ਦੀ ਜਾਨ ਲੈਣ ਦੇ ਬਹਾਨੇ ਵਜੋਂ ਵਰਤਿਆ ਗਿਆ। ਸਿਆਲਕੋਟ ਦੇ ਉੱਗੋਕੀ ਥਾਣੇ ਦੇ ਇੰਚਾਰਜ ਤਾਰਿਕ ਮਹਿਮੂਦ ਨੇ ਅਖ਼ਬਾਰ ਨੂੰ ਦੱਸਿਆ ਕਿ ਵਾਇਰਲ ਵੀਡੀਓਜ਼ ਦੇ ਆਧਾਰ ’ਤੇ ਹੋਰਨਾਂ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਦੇ ਯਤਨ ਜਾਰੀ ਹਨ ਅਤੇ ਗ੍ਰਿਫ਼ਤਾਰੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ 57, ਸਬੰਧਤ ਫੈਕਟਰੀ ਦੇ ਮੁਲਾਜ਼ਮ ਹੀ ਹਨ। ਸਾਰੇ ਮੁਲਜ਼ਮਾਂ ਦਾ ਗੁੱਜਰਾਂਵਾਲਾ ਦੀ ਦਹਿਸ਼ਤ-ਵਿਰੋਧੀ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਇਸੇ ਦੌਰਾਨ ਪਾਕਿਸਤਾਨੀ ਵਿਦੇਸ਼ ਮੰਤਰੀ ਮਖ਼ਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਅਵਾ ਕੀਤਾ ਹੈ ਕਿ ਪ੍ਰਿਯੰਤਾ ਕੁਮਾਰ ਕਾਂਡ ਵਿਚ ਪਾਕਿਸਤਾਨੀ ਹੁੱਕਾਮ ਵੱਲੋਂ ਦਿਖਾਈ ਸੰਜੀਦਗੀ ਤੇ ਮੁਸਤੈਦੀ ਦੀ ਦੁਨੀਆਂ ਭਰ ਵਿਚ ਸ਼ਲਾਘਾ ਹੋਈ ਹੈ। ਪਾਕਿਸਤਾਨ ਨੇ ਦਰਸਾ ਦਿੱਤਾ ਹੈ ਕਿ ਉਹ ਮਜ਼ਹਬੀ ਤੁਅੱਸਬ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ।
ਸਰਦੀਆਂ ਦੀਆਂ ਛੁੱਟੀਆਂ
ਵਿੱਦਿਅਕ ਅਦਾਰਿਆਂ ਵਿਚ ਸਰਦੀਆਂ ਦੀਆਂ ਛੁੱਟੀਆਂ ਕਦੋਂ ਹੋਣ, ਇਸ ਬਾਰੇ ਘਚੋਲਾ ਇਕ ਵਾਰ ਖ਼ਤਮ ਹੋ ਗਿਆ ਹੈ। ਕੋਵਿਡ-19 ਬਾਰੇ ਨੈਸ਼ਨਲ ਕਮਾਂਡ ਐਂਡ ਅਪਰੇਸ਼ਨ ਸੈਂਟਰ (ਐਨਸੀਓਸੀ) ਨੇ ਸ਼ੁੱਕਰਵਾਰ ਨੂੰ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਪੂਰੇ ਮੁਲਕ ਦੇ ਸਕੂਲਾਂ-ਕਾਲਜਾਂ ਵਿਚ ਸਰਦੀਆਂ ਦੀਆਂ ਛੁੱਟੀਆਂ 3 ਜਨਵਰੀ ਤੋਂ ਹੋਣਗੀਆਂ। ਪਹਿਲਾਂ ਸਿੰਧ ਸਰਕਾਰ ਨੇ 20 ਦਸੰਬਰ ਤੋਂ ਛੁੱਟੀਆਂ ਦਾ ਐਲਾਨ ਕੀਤਾ ਸੀ ਜਦੋਂਕਿ ਤਾਲੀਮ ਬਾਰੇ ਕੌਮੀ ਵਜ਼ੀਰ ਸ਼ਫ਼ਕਤ ਮਹਿਮੂਦ ਨੇ ਵਿੱਦਿਅਕ ਅਦਾਰੇ 25 ਦਸੰਬਰ ਤੋਂ ਬੰਦ ਰੱਖੇ ਜਾਣ ਦੇ ਹੁਕਮ ਦਿੱਤੇ ਸਨ। ਲਾਹੌਰ ਹਾਈ ਕੋਰਟ ਨੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਕੂਲ 20 ਦਸੰਬਰ ਤੋਂ ਬੰਦ ਕੀਤੇ ਜਾਣ ਦਾ ਮਸ਼ਵਰਾ ਦਿੱਤਾ ਸੀ। ਅਖ਼ਬਾਰ ‘ਡੇਲੀ ਟਾਈਮਜ਼’ ਦੀ ਖ਼ਬਰ ਅਨੁਸਾਰ ਐਨਸੀਓਸੀ ਨੇ ਸਮੁੱਚੀ ਸਥਿਤੀ ਉੱਤੇ ਵਿਚਾਰ ਕੀਤਾ ਅਤੇ ਮਹਿਸੂਸ ਕੀਤਾ ਕਿ ਵਿੱਦਿਅਕ ਅਦਾਰੇ, ਖ਼ਾਸ ਕਰਕੇ ਕਾਲਜ ਤੇ ਯੂਨੀਵਰਸਿਟੀਆਂ ਛੇਤੀ ਬੰਦ ਕਰਨ ਦਾ ਸਿੱਧਾ ਅਸਰ ਕੋਵਿਡ ਵਿਰੋਧੀ ਟੀਕਾਕਰਨ ਮੁਹਿੰਮ ਉੱਤੇ ਪਵੇਗਾ। ਬਿਹਤਰ ਇਹੀ ਰਹੇਗਾ ਕਿ ਵਿਦਿਆਰਥੀਆਂ ਦੇ ਟੀਕਾਕਰਨ ਦੇ ਟੀਚੇ ਛੇਤੀ ਮੁਕੰਮਲ ਕਰ ਲਏ ਜਾਣ ਅਤੇ ਫਿਰ ਛੁੱਟੀਆਂ ਕੀਤੀਆਂ ਜਾਣ। ਉਂਜ ਇਹ ਵੀ ਨਿਰਣਾ ਲਿਆ ਗਿਆ ਕਿ ਜਿੱਥੇ ਕਿਤੇ ਵੀ ਮੌਸਮੀ ਹਾਲਾਤ ਬਹੁਤੇ ਖ਼ਰਾਬ ਹੋਣ, ਉੱਥੇ ਸੂਬਾਈ ਸਰਕਾਰਾਂ ਨਿਰਧਾਰਤ ਤਾਰੀਖ਼ ਤੋਂ ਪਹਿਲਾਂ ਵੀ ਛੁੱਟੀਆਂ ਕਰ ਸਕਦੀਆਂ ਹਨ।
ਫ਼ਵਾਦ ਖ਼ਾਨ ਦਾ ਮੁੰਬਈਆ ਹੇਜ
ਪਾਕਿਸਤਾਨੀ ਸੁਪਰ ਸਟਾਰ ਫ਼ਵਾਦ ਖ਼ਾਨ ਦਾ ਕਹਿਣਾ ਹੈ ਕਿ ਉਸ ਨੂੰ ਭਾਰਤੀ ਫਿਲਮ ਜਗਤ ਨਾਲ ਮੋਹ ਹੈ ਅਤੇ ਚਾਹੁੰਦਾ ਹੈ ਕਿ ਉਸ ਨੂੰ ਮੁੰਬਈ ਜਾਣ ਦਾ ਮੌਕਾ ਛੇਤੀ ਤੋਂ ਛੇਤੀ ਮਿਲੇ। ਪਾਕਿਸਤਾਨੀ ਵੀਡੀਓ ਰਸਾਲੇ ‘ਫਿਲਮ ਇਨਫਰਮੇਸ਼ਨ’ ਨਾਲ ਲੰਮੀ ਇੰਟਰਵਿਊ ਵਿਚ ਉਸ ਨੇ ਹਾਲੀਵੁੱਡ ਵਿਚ ਆਪਣੇ ਦਾਖ਼ਲੇ, ਪਾਕਿਸਤਾਨੀ ਫਿਲਮਾਂ ਦੀ ਸਥਿਤੀ ਅਤੇ ਆਪਣੇ ਪਰਿਵਾਰਕ ਰਿਸ਼ਤਿਆਂ ਸਬੰਧੀ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ। ਉਸ ਨੇ ਦੱਸਿਆ ਕਿ ਉਹ ‘ਜ਼ੀ-5’ ਦੀ ਵੈੱਬ ਸੀਰੀਜ਼ ਵਿਚ ਕੰਮ ਕਰ ਰਿਹਾ ਹੈ ਜਿਸ ਦੀ ਸ਼ੂਟਿੰਗ ਲੰਡਨ ਵਿਚ ਹੋਈ। ਇਸ ਸ਼ੂਟਿੰਗ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਉਹ ਭਾਰਤੀ ਫਿਲਮ ਸਨਅਤ ਤੋਂ ਕਿੰਨਾ ਪ੍ਰਭਾਵਿਤ ਹੈ। ਉਸ ਨੇ ਇਹ ਵੀ ਕਿਹਾ ਕਿ 2018 ਦੀ ਫਿਲਮ ‘ਕਪੂਰ ਐਂਡ ਸੰਜ਼’ ਤੋਂ ਬਾਅਦ ਉਸ ਨੂੰ ਪਹਿਲੀ ਵਾਰ ‘ਜ਼ੀ-5’ ਦੀ ਸੀਰੀਜ਼ ਦੌਰਾਨ ਪਰਿਵਾਰਕ ਮਾਹੌਲ ਮਿਲਿਆ। ਵੈੱਬ ਸੀਰੀਜ਼ ਦੀ ਪੂਰੀ ਯੂਨਿਟ ਨੇ ਉਸ ਨੂੰ ਆਪਣਿਆਂ ਵਾਂਗ ਅਪਣਾਇਆ। ਇਸ ਤੋਂ ਜੋ ਸਾਕਾਰਾਤਮਕ ਊਰਜਾ ਮਿਲਦੀ ਹੈ, ਉਹ ਕਲਾਕਾਰ ਦੀ ਉਮਰ ਲੰਮੀ ਕਰ ਦਿੰਦੀ ਹੈ।
– ਪੰਜਾਬੀ ਟ੍ਰਿਬਿਊਨ ਫੀਚਰ