ਬਾਵਾ ਬਲਵੰਤ
ਆਪਣੇ ਕਲਮੀ ਨਾਂ ਨਿਰਾਲਾ ਨਾਲ ਪ੍ਰਸਿੱਧ ਹੋਏ ਹਿੰਦੀ ਸਾਹਿਤਕਾਰ ਸੂਰਿਆਕਾਂਤ ਤ੍ਰਿਪਾਠੀ (21 ਫਰਵਰੀ 1896 – 15 ਅਕਤੂਬਰ 1961) ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਉਹ ਕਵੀ, ਨਾਵਲਕਾਰ, ਵਾਰਤਾਕਾਰ ਅਤੇ ਕਹਾਣੀਕਾਰ ਹੋਣ ਦੇ ਨਾਲ ਨਾਲ ਰੇਖੀ ਚਿੱਤਰ ਵੀ ਖ਼ੂਬ ਉਲੀਕਦੇ ਸਨ।
ਅਨੋਖੀ ਵਜਹ ਹੈ ਸਾਰੇ ਜ਼ਮਾਨੇ ਸੇ ਨਿਰਾਲੇ ਹੈਂ।
ਯੇਹ ਆਸ਼ਿਕ ਕੌਨ ਸੀ ਬਸਤੀ ਕੇ ਯਾ ਰੱਬ ਰਹਿਨੇ ਵਾਲੇ ਹੈਂ।
ਮਹਾਂਕਵੀ ‘ਇਕਬਾਲ’ ਦਾ ਇਹ ਕਥਨ ਸਮਰੱਥ ਕਵੀ ਨਿਰਾਲਾ ਜੀ ਦੀ ਹਸਤੀ ’ਤੇ ਪੂਰੀ ਤਰ੍ਹਾਂ ਢੁੱਕਦਾ ਨਜ਼ਰ ਆਉਂਦਾ ਹੈ। ਕਵੀ ਨਿਰਾਲਾ ਮਾਨਵਤਾ ਦਾ ਨਿਰਾਲਾ ਹੀ ਆਸ਼ਕ ਸੀ, ਉਸ ਦਾ ਛੰਦ ਨਿਰਾਲਾ, ਉਸ ਦੀ ਕਾਵਿ-ਧਾਰਾ ਨਿਰਾਲੀ ਤੇ ਉਹ ਆਪ ਵੀ ਜ਼ਮਾਨੇ ਤੋਂ ਨਿਰਾਲਾ ਸੀ। ਉਨ੍ਹਾਂ ਦੇ ਨਿਰਾਲੇ ਜੀਵਨ ਦੀਆਂ ਕੁਝ ਝਲਕਾਂ ‘ਸੁਮਨ’ ਜੀ ਇਸ ਪ੍ਰਕਾਰ ਦੱਸਦੇ ਹਨ:
ਦਸੰਬਰ ਦਾ ਇਕ ਸੀਤਲ ਸਵੇਰਾ ਸੀ। ਨੌਂ ਵੱਜ ਚੁੱਕੇ ਸਨ। ਧੁੱਪ ਚਮਕ ਰਹੀ ਸੀ ਪਰ ਸਰਦੀ ਅਜੇ ਵੀ ਲੱਗ ਰਹੀ ਸੀ। ਮੈਂ ਹੌਲੀ-ਹੌਲੀ ਨਿਰਾਲਾ ਜੀ ਦੇ ਦੁਆਰ ’ਤੇ ਪਹੁੰਚ ਹੀ ਗਿਆ, ਦਰਵਾਜ਼ਾ ਖੜਕਾ ਤਾਂ ਦਿੱਤਾ, ਪਰ ਮਨ ਵਿਚ ਸੰਕੋਚ ਸੀ ਤੇ ਡਰ ਵੀ, ਸੰਕੋਚ ਇਸ ਲਈ ਕਿ ਉਨ੍ਹਾਂ ਨਾਲ ਸਾਧਾਰਨ ਜਾਣ-ਪਹਿਚਾਣ ਸੀ ਤੇ ਡਰ ਇਸ ਲਈ ਕਿ ਏਡੇ ਵੱਡੇ ਕਲਾਕਾਰ ਦੇ ਘਰ ਬਿਨਾਂ ਸੂਚਨਾ ਜਾਣਾ ਠੀਕ ਨਹੀਂ। ਪਰ ਮਜਬੂਰੀ ਸੀ ਅਲਾਹਾਬਾਦ ਪਹੁੰਚ ਚੁੱਕਾ ਸਾਂ ਤੇ ਕਿਤੇ ਠਹਿਰਨਾ ਵੀ ਜ਼ਰੂਰੀ ਸੀ। ਦਾਰਾ ਗੰਜ ਦੇ ਅੱਡੇ ’ਤੇ ਪੁੱਜ ਕੇ ਕੁਝ ਦੇਰ ਸੋਚਣ ਤੋਂ ਬਾਅਦ ਇਹੋ ਠੀਕ ਸਮਝਿਆ ਕਿ ‘ਨਿਰਾਲਾ’ ਜੀ ਦਾ ਪਤਾ ਪੁੱਛਿਆ ਜਾਵੇ। ਚਾਹੇ ਉੱਥੇ ਹੋਰ ਵੀ ਕਈ ਪਿਆਰੇ ਮਿੱਤਰ ਰਹਿੰਦੇ ਸਨ, ਪਰ ਉਸ ਵੇਲੇ ਆਸਾਨੀ ਨਾਲ ਪਤਾ ਲੱਗ ਸਕਦਾ ਸੀ ਤਾਂ ਇਸੇ ਕਲਾਕਾਰ ਦਾ। ਟਾਂਗੇ ਤੋਂ ਉਤਰ ਕੇ ਇਕ ਹਲਵਾਈ ਕੋਲੋਂ ਨਿਰਾਲਾ ਜੀ ਦਾ ਪਤਾ ਪੁੱਛਿਆ। ਉਸ ਨੇ ਘਰ ਦਾ ਪਤਾ ਦੱਸ ਦਿੱਤਾ। ਆਖ਼ਰ ਮੈਂ ਸੰਕੋਚ ਤੇ ਡਰ ਦਾ ਭਰਿਆ ਉਨ੍ਹਾਂ ਦੇ ਦੁਆਰ ’ਤੇ ਪੁੱਜਿਆ। ਦੁਆਰ ਖੜਕਾਉਣ ਤੋਂ ਬਾਅਦ ਦੋ ਮਿੰਟ ਉਡੀਕਦਾ ਰਿਹਾ, ਆਖ਼ਰ ਦਰਵਾਜ਼ਾ ਖੁੱਲ੍ਹਿਆ। ‘ਨਿਰਾਲਾ’ ਜੀ ਸਾਹਮਣੇ ਆਏ, ਪ੍ਰਣਾਮ ਕਰਨ ਤੋਂ ਬਾਅਦ ਜਦ ਮੈਂ ਅੱਖ ਮਿਲਾਈ ਤਾਂ ਉਨ੍ਹਾਂ ਬਿਸਤਰਾ ਉਪਰ ਲੈ ਆਉਣ ਦਾ ਇਸ਼ਾਰਾ ਕੀਤਾ। ਮੈਂ ਬਿਸਤਰਾ ਚੁੱਕ ਕੇ ਉਪਰ ਚੜ੍ਹਨ ਲੱਗ ਪਿਆ। ਉਪਰ ਪਹੁੰਚਿਆ ਹੀ ਸਾਂ ਕਿ ਉਹ ਕਹਿਣ ਲੱਗੇ- ‘‘ਵੇਖੋ ਇਹ ਝਾੜ ਹੈ। ਇਨ੍ਹਾਂ ਕੋਣਿਆਂ ਨੂੰ ਝਾੜ ਲਵੋ ਤੇ ਡੇਰੇ ਲਾ ਦਿਓ। ਸ਼ਾਮ ਨੂੰ ਤਖ਼ਤ ਵਿਛਾ ਲੈਣਾ।’’ ਮੈਂ ਤੁਰੰਤ ਹੀ ਉਨ੍ਹਾਂ ਦੀ ਆਗਿਆ ਦਾ ਪਾਲਣ ਕੀਤਾ। ਬਿਸਤਰਾ ਵਿਛਾ ਕੇ ਮੈਂ ਬਾਹਰ ਖੁੱਲ੍ਹੀ ਛੱਤ ’ਤੇ ਆ ਗਿਆ। ਛੱਤ ’ਤੇ ਇਕ ਤਖ਼ਤ ਪਿਆ ਸੀ ਜੋ ਛੱਤ ਵਾਂਗ ਹੀ ਵਿਚੋਂ ਝੁਕਿਆ ਪਿਆ ਸੀ। ਨਿਰਾਲਾ ਜੀ ਤਖ਼ਤ ਕੋਲ ਬੈਠੇ ਪਿਆਜ਼ ਕੱਟ ਰਹੇ ਸਨ, ਪਰ ਮੈਂ ਉਨ੍ਹਾਂ ਦਾ ਘਰ ਵੇਖ ਰਿਹਾ ਸਾਂ। ਘਰ ਕੀ ਹੈ ਕੋਈ ਸੌ-ਸਵਾ ਸੌ ਸਾਲ ਪਹਿਲਾਂ ਦੀ ਭਵਨ ਨਿਰਮਾਣ ਕਲਾ ਦਾ ਨਮੂਨਾ ਹੈ। ਘਰ ਦੇ ਦੋ ਹਿੱਸੇ ਹਨ, ਅਗਲਾ ਹਿੱਸਾ ਖਪਰੈਲ ਨਾਲ ਢਕਿਆ ਹੋਇਆ ਹੈ ਤੇ ਉਸ ਦੇ ਮਾਲਕ ਇਕ ਪੰਡਿਤ ਜੀ ਹਨ। ਪੰਡਿਤ ਜੀ ਇਕੱਲੇ ਹੀ ਰਹਿੰਦੇ ਹਨ, ਪਰ ਰਾਤ ਨੂੰ ਉਹ ਬੜੀ ਦੇਰ ਤੱਕ ਸਿਤਾਰ ਵਜਾ ਕੇ ਵਾਤਾਵਰਣ ਨੂੰ ਰਾਗਮਈ ਬਣਾਈ ਰੱਖਦੇ ਹਨ। ਪਿਛਲੇ ਹਿੱਸੇ ਵਿਚ ਨਿਰਾਲਾ ਜੀ ਰਹਿੰਦੇ ਹਨ। ਉਨ੍ਹਾਂ ਕੋਲ ਇਕ ਕੋਠੜੀ ਹੈ ਤੇ ਅੱਗੇ ਖੁੱਲ੍ਹਾ ਕੋਠਾ। ਨਾਲ ਹੀ ਛੋਟੀ ਜਿਹੀ ਰਸੋਈ ਹੈ ਜਿਸ ਨੂੰ ਬਾਂਸਾਂ ਦੀ ਜਾਫ਼ਰੀ ਕਹਿਣਾ ਚਾਹੀਦਾ ਹੈ। ਨਿਰਾਲਾ ਜੀ ਦੇ ਕੋਠੇ ਦੇ ਨਾਲ ਹੀ ਪੌੜੀਆਂ ਹਨ। ਵਿਹੜਾ ਬਹੁਤ ਛੋਟਾ ਹੈ, ਪਰ ਮਾਲੂਮ ਹੁੰਦਾ ਹੈ ਕਿ ਵਿਹੜਾ ਕਈ ਸਾਲਾਂ ਤੋਂ ਧੋਤਾ ਨਹੀਂ ਗਿਆ। ਦੀਵਾਰ ’ਤੇ ਮਿੱਟੀ ਦਾ ਪੋਚਾ ਫਿਰਿਆ ਹੋਇਆ ਹੈ। ਨਿਰਾਲਾ ਜੀ ਸ਼ਾਇਦ ਸੁਫੈ਼ਦੀ ਨੂੰ ਪਸੰਦ ਨਾ ਕਰਦੇ ਹੋਣ। ਹੇਠਲੇ ਹਿੱਸੇ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਕੇਵਲ ਉਪਰਲੇ ਹਿੱਸੇ ਦਾ ਸਹਾਰਾ ਮਾਤਰ ਹੀ ਹੈ, ਪਰ ਗਰਮੀਆਂ ਦੇ ਦਿਨਾਂ ਵਿਚ ਹੇਠਲੀ ਕੋਠੜੀ ਦਾ ਪ੍ਰਯੋਗ ਕਰਦੇ ਹਨ। ਇਸ ਕੋਠੜੀ ਵਿਚ ਉਨ੍ਹਾਂ ਦੀਆਂ ਕੁਝ ਪੁਸਤਕਾਂ ਪਈਆਂ ਹਨ। ਸਾਰਾ ਮਕਾਨ ਖ਼ਸਤਾ ਹਾਲਤ ਵਿਚ ਹੈ। ਸ਼ਾਇਦ ਏਸੇ ਲਈ ਇਸ ਦਾ ਨਿਵਾਸੀ ਇਕ ਵੈਰਾਗੀ ਦੀ ਤਰ੍ਹਾਂ ਰਹਿ ਰਿਹਾ ਹੈ। ਜਿਸ ਕੋਠੜੀ ਵਿਚ ਨਿਰਾਲਾ ਜੀ ਆਪ ਰਹਿੰਦੇ ਹਨ, ਉੱਥੇ ਦੋ-ਚਾਰ ਮਿੱਟੀ ਦੇ ਬਰਤਨ ਹਨ, ਕਿਸੇ ਵਿਚ ਆਟਾ ਹੈ ਤੇ ਕਿਸੇ ਵਿਚ ਦਾਲ। ਦੋ-ਤਿੰਨ ਇੱਟਾਂ ਦੇ ਟੋਟੇ ਹਨ ਜੋ ਬਰਤਨਾਂ ਦਾ ਠੁੰਮਣਾ ਹਨ। ਸੁੱਕੀ ਹੋਈ ਦਵਾਤ ਅਤੇ ਟੁੱਟਾ ਹੋਇਆ ਹੋਲਡਰ ਹੈ, ਇਸੇ ਨਾਲ ਕਲਾਕਾਰ ਆਪਣੀ ਅਮਰ ਰਚਨਾ ਨੂੰ ਤਿਆਰ ਕਰਦਾ ਹੈ। ਦੋ-ਤਿੰਨ ਬੰਗਲਾ, ਅੰਗਰੇਜ਼ੀ ਤੇ ਉਰਦੂ ਦੀਆਂ ਪੁਸਤਕਾਂ ਪਈਆਂ ਹਨ। ਇਕ-ਦੋ ਹਫ਼ਤਾਵਾਰੀ ਅਖ਼ਬਾਰਾਂ ਦੇ ਪੱਤਰੇ ਖਿਲਰੇ ਪਏ ਹਨ। ਇਕ ਛੋਟਾ ਜਿਹਾ ਟਰੰਕ ਹੈ ਜਿਸ ’ਤੇ ‘ਅਪਰਾ’ (ਨਿਰਾਲਾ ਜੀ ਦੀ ਨਵੀਂ ਕਾਵਿ-ਰਚਨਾ) ਦੇ ਫ਼ਰਮੇ ਰੱਖੇ ਹੋਏ ਹਨ। ਕਿੱਲੀ ’ਤੇ ਖੱਦਰ ਦਾ ਕੁੜਤਾ ਟੰਗਿਆ ਹੈ ਤੇ ਇਕ ਕੋਨੇ ਵਿਚ ਪੁਰਾਣਾ ਜੁੱਤੀਆਂ ਦਾ ਜੋੜਾ ਪਿਆ ਹੈ। ਸਾਹਮਣੇ ਦੀ ਬਾਰੀ ਵਿਚ ਕੌੜੇ ਤੇਲ ਦਾ ਦੀਵਾ ਬਿਰਾਜਮਾਨ ਹੈ। ਉਸ ਦੇ ਪਾਸ ਇਕ ਤੇਲ ਦੀ ਸ਼ੀਸ਼ੀ ਹੈ ਜੋ ਖ਼ਾਲੀ ਜਾਪਦੀ ਹੈ। ਕੋਠੜੀ ਦੇ ਫਰਸ਼ ’ਤੇ ਇਕ ਪਾਟੀ ਹੋਈ ਰਜ਼ਾਈ ਵਿਛੀ ਹੈ ਤੇ ਇਸੇ ’ਤੇ ਸ਼ਕਤੀਸ਼ਾਲੀ ਕਲਾਕਾਰ ਰੈਣ ਬਸੇਰਾ ਕਰਦਾ ਹੈ। ਇਹ ਉਸ ਦੀ ਕੋਠੜੀ ਦੀ ਹਾਲਤ ਏ, ਪਰ ਕੋਠਾ ਵੀ ਏਸੇ ਤਰ੍ਹਾਂ ਦਾ ਹੈ। ਕੜੀਆਂ ਦੇ ਲਿਫ਼ਣ ਕਾਰਨ ਛੱਤ ਝੁਕ ਗਈ ਹੈ। ਕਿਸੇ ਆਲੇ ਵਿਚ ਲੂਣ ਹੈ ਤੇ ਕਿਸੇ ਵਿਚ ਮਿਰਚਾਂ, ਕਿਸੇ ਵਿਚ ਪਿਆਜ਼ ਤੇ ਕਿਸੇ ਵਿਚ ਥੋਮ। ਇਕ ਅਲਮਾਰੀ ਦੋ ਭਾਂਡਿਆਂ ਨਾਲ ਸਜੀ ਪਈ ਹੈ। ਇਕ ਬਰਤਨ ਵਿਚ ਥੋੜ੍ਹਾ ਬਹੁਤਾ ਘਿਓ ਹੈ ਤੇ ਦੂਸਰੇ ਵਿਚ ਚੂਨਾ ਭਿੱਜਾ ਹੋਇਆ ਹੈ। ਇਸ ਭਾਂਡੇ ਦੇ ਕੋਲ ਹੀ ਖਾਣ ਵਾਲਾ ਤਮਾਕੂ ਖਿਲਰਿਆ ਪਿਆ ਹੈ। ਚੌਂਕੇ ਦਾ ਹੋਰ ਵੀ ਬੁਰਾ ਹਾਲ ਹੈ। ਸਾਰਾ ਫਰਸ਼ ਕੱਚਾ ਹੈ। ਮੂਲ ਇਹ ਕਿ ਸਾਰਾ ਘਰ ਕਲਾਕਾਰ ਦੀ ਲਾਪ੍ਰਵਾਹੀ ਦਾ ਸਬੂਤ ਹੈ।
ਮੈਂ ਇਸ ਟੁੱਟੇ-ਫੁੱਟੇ ਘਰ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਸਾਂ ਤੇ ਇਕ ਮਹਾਂਕਵੀ ਦੇ ਨਾਂ ਨਾਲ, ਉਸ ਦੀ ਕੁਟੀਆ ਦੀ ਤੁਲਨਾ ਕਰ ਰਿਹਾ ਸਾਂ। ਮੈਂ ਸੋਚ ਸਾਗਰ ਦੇ ਵਿਚ ਚੁੱਭੀ ਮਾਰੀ ਹੋਈ ਸੀ ਕਿ ਨਿਰਾਲਾ ਜੀ ਨੇ ਆਵਾਜ਼ ਦੇ ਕਿਹਾ, ‘‘ਮੈਂ ਬੜਾ ਥੱਕ ਗਿਆ ਹਾਂ ਬਾਜ਼ਾਰੋਂ ਜਾ ਕੇ ਆਲੂ, ਟਮਾਟਰ ਤੇ ਹਰੀ ਮਿਰਚ ਲੈ ਆਓ। ਤੁਹਾਡੇ ਲਈ ਹੋਰ ਤਰਕਾਰੀ ਬਣ ਜਾਵੇਗੀ।’’ ਤੇ ਮੇਰੇ ਹੱਥ ਵਿਚ ਇਕ ਦੁਆਨੀ ਦੇ ਦਿੱਤੀ। ਚਾਹੁੰਦਾ ਸਾਂ ਕਿ ਉਨ੍ਹਾਂ ਨੂੰ ਕਹਿ ਦਿਆਂ ਕਿ ਮੇਰੇ ਲਈ ਵੱਖਰੀ ਸਬਜ਼ੀ ਦੀ ਲੋੜ ਨਹੀਂ, ਪਰ ਉਨ੍ਹਾਂ ਦੀ ਆਦਤ ਨੂੰ ਜਾਣਦੇ ਹੋਇਆਂ ਵੀ ਨਾ ਕਹਿ ਸਕਿਆ ਕਿਉਂਕਿ ਉਹ ਆਪਣੀ ਗੱਲ ਵਿਚ ਸੰਸ਼ੋਧਨ ਘੱਟ ਹੀ ਚਾਹੁੰਦੇ ਹਨ। ਇਸ ਲਈ ਸਿੱਧਾ ਬਾਜ਼ਾਰ ਚਲਾ ਗਿਆ ਤੇ ਸਬਜ਼ੀ ਲੈ ਕੇ ਵਾਪਸ ਆਇਆ, ਉਸ ਵੇਲੇ ਦਸ ਵੱਜ ਚੁੱਕੇ ਸਨ।
ਨਿਰਾਲਾ ਜੀ ਚੌਂਕੇ ਵਿਚ ਸਨ। ਦਾਲ, ਸਬਜ਼ੀ ਤੇ ਰੋਟੀਆਂ ਬਣ ਰਹੀਆਂ ਹਨ। ਮੈਂ ਇਸ਼ਨਾਨ ਕੀਤਾ, ਕੱਪੜੇ ਧੋਤੇ ਤੇ ਆ ਕੇ ਧੁੱਪ ਸੇਕਣ ਲੱਗ ਪਿਆ। ਬੈਠੇ ਬੈਠਿਆਂ ਮੈਂ ਅਰਜ਼ ਕੀਤੀ ਕਿ ਮੈਂ ਵੀ ਰੋਟੀ ਬਣਾ ਸਕਦਾ ਹਾਂ, ਪਰ ਉਨ੍ਹਾਂ ਨਾਂਹ ਕਰ ਦਿੱਤੀ ਤੇ ਆਪ ਹੀ ਗਿੱਲੀਆਂ ਲੱਕੜਾਂ ’ਤੇ ਰੋਟੀ ਤਿਆਰ ਕਰਦੇ ਰਹੇ। ਇਕ ਵਾਰ ਉਹ ਚੌਂਕੇ ਵਿੱਚੋਂ ਨਿਕਲ ਕੇ ਆਏ ਤੇ ਮੈਨੂੰ ਇਕ ਗ਼ਜ਼ਲ ਨਕਲ ਕਰਨ ਵਾਸਤੇ ਦੇ ਗਏ। ਗ਼ਜ਼ਲ ਨਕਲ ਕਰ ਕੇ ‘ਨਯਾ-ਸਾਹਿਤ’ ਨੂੰ ਬੰਬਈ ਭੇਜ ਦਿੱਤੀ। ਉਨ੍ਹਾਂ ਦੇ ਕਹਿਣ ’ਤੇ ਮੈਂ ਇਹ ਸਭ ਕੁਝ ਕਰਦਾ ਰਿਹਾ।
ਇਸ ਤੋਂ ਬਾਅਦ ਉਹ ਰਸੋਈ ਵਿਚ ਚਲੇ ਗਏ ਤੇ ਪੰਜ-ਛੇ ਘੰਟੇ ਬਾਅਦ ਰੋਟੀ ਤਿਆਰ ਹੋਈ। ਹੁਣ ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਉਨ੍ਹਾਂ ਪਹਿਲਾਂ ਮੈਨੂੰ ਤੇ ਅਨਿਲ ਕੁਮਾਰ ਨੂੰ ਰੋਟੀ ਖਵਾਈ। ਅਨਿਲ ਕੁਮਾਰ ਇਕ ਦੇਸ਼ ਭਗਤ ਹੈ ਜੋ ਉਨ੍ਹਾਂ ਦਾ ਗੁਆਂਢੀ ਹੈ। ਬਾਅਦ ਉਨ੍ਹਾਂ ਆਪ ਰੋਟੀ ਖਾਧੀ। ਫੇਰ ਕਹਿਣ ਲੱਗੇ ‘ਤੂੰ ਤੁਰ ਫਿਰ ਕੇ ਸ਼ਹਿਰ ਵੇਖ ਆ’ ਤੇ ਨਾਲ ਹੀ ਇਕ ਨਕਸ਼ਾ ਬਣਾ ਦਿੱਤਾ ਕਿ ਮੈਂ ਆਸਾਨੀ ਨਾਲ ਵੇਖਣ ਵਾਲੀਆਂ ਚੀਜ਼ਾਂ ਸਭ ਵੇਖ ਲਵਾਂ। ਪਰ ਇਕ ਉਨ੍ਹਾਂ ਦਾ ਵਿਚਾਰ ਇਹ ਵੀ ਸੀ ਕਿ ਮੈਂ ਘਰ ਆਉਣ ਤੱਕ ਰਾਹ ਨਾ ਭੁੱਲਾਂ।
ਰਾਤ ਨੂੰ ਅੱਠ ਵਜੇ ਦੇ ਕਰੀਬ ਮੈਂ ਵਾਪਸ ਆਇਆ ਤੇ ਵੇਖਿਆ ਕਿ ਉਹ ਇੰਤਜ਼ਾਰ ਕਰ ਰਹੇ ਹਨ। ਵੇਖਦਿਆਂ ਹੀ ਕਹਿਣ ਲੱਗੇ- ‘‘ਆਓ! ਪਹਿਲਾਂ ਰੋਟੀ ਖਾ ਲਵੋ, ਦੋ ਰੋਟੀਆਂ ਰੱਖੀਆਂ ਹਨ, ਇਕ ਤੁਹਾਡੀ ਤੇ ਇਕ ਮੇਰੀ। ਰੋਟੀ ਤੋਂ ਬਾਅਦ ਨੀਂਦ ਚੰਗੀ ਆਏਗੀ।’’
ਰੋਟੀ ਤਾਂ ਚਾਰ ਵਜੇ ਹੀ ਖਾਧੀ ਸੀ, ਹੁਣ ਪੇਟ ਵਿਚ ਥਾਂ ਨਹੀਂ ਸੀ, ਫੇਰ ਵੀ ਉਨ੍ਹਾਂ ਦਾ ਹੁਕਮ ਮੰਨ ਕੇ ਰੋਟੀ ਖਾਣੀ ਹੀ ਪਈ।
ਦੂਸਰੇ ਦਿਨ ਸਵੇਰੇ ਛੇ ਵਜੇ ਉਨ੍ਹਾਂ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਾ। ਉਹ ਸੈਰ ਕਰਨ ਜਾਣ ਲਈ ਤਿਆਰ ਸਨ। ਉਨ੍ਹਾਂ ਨੂੰ ਵੇਖ ਮੈਂ ਵੀ ਉੱਠ ਖਲੋਤਾ। ਕਹਿਣ ਲੱਗੇ, ‘‘ਨੀਂਦ ਆਈ?’’ ਮੈਂ ਕਿਹਾ, ‘‘ਬਹੁਤ ਚੰਗੀ ਤਰ੍ਹਾਂ’’ ਤੇ ਨਾਲ ਤੁਰ ਪਿਆ। ਉਸ ਵੇਲੇ ਉਨ੍ਹਾਂ ਦੇ ਸਿਰ ’ਤੇ ਇਕ ਪੁਰਾਣਾ ਉਨੀ ਕੰਨ ਟੋਪ ਸੀ। ਬਦਨ ’ਤੇ ਇਕ ਪਾਟਾ ਹੋਇਆ ਕੋਟ ਜਿਸ ਨੂੰ ਉਹ ਰਾਤੀਂ ਉਪਰ ਲੈ ਕੇ ਸੁੱਤੇ ਸਨ। ਲੱਕ ਮੈਲਾ ਜਿਹਾ ਤੰਬਾ ਬੰਨ੍ਹਿਆ ਹੋਇਆ ਸੀ ਤੇ ਪੈਰਾਂ ਵਿਚ ਸਵਾ ਰੁਪਏ ਵਾਲੇ ਬਾਟਾ ਦੇ ਫਲੀਟ ਜਿਨ੍ਹਾਂ ਦਾ ਪਿਛਲਾ ਹਿੱਸਾ ਗਾਇਬ ਸੀ ਤੇ ਉਨ੍ਹਾਂ ਦੀਆਂ ਬਿਆਈਆਂ ਨਾਲ ਭਰੀਆਂ ਅੱਡੀਆਂ ਸਾਫ਼ ਨਜ਼ਰ ਆ ਰਹੀਆਂ ਸਨ। ਹਿੰਦੀ ਦਾ ਮਹਾਨ ਕਲਾਕਾਰ ਤੇ ਪ੍ਰਸਿੱਧ ਕਵੀ ਇਸ ਭੇਸ ਵਿਚ ਸੈਰ ਕਰ ਰਿਹਾ ਸੀ। ਕੌਣ ਕਲਪਨਾ ਕਰ ਸਕਦਾ ਹੈ ਕਿ ਉਸ ਦੇ ਕੋਲ ਸਰਦੀਆਂ ਲਈ ਕੱਪੜੇ ਵੀ ਨਹੀਂ ਹੋਣਗੇ? ਤੇ ਫੇਰ ਆਪ ਰੋਟੀ ਪਕਾਉਂਦਾ ਹੋਵੇਗਾ ਤੇ ਬਿਮਾਰ ਹੋਣ ’ਤੇ ਪਾਣੀ ਦੇ ਘੁੱਟ ਨੂੰ ਵੀ ਤਰਸਦਾ ਹੋਵੇਗਾ।
ਮੈਂ ਇਹ ਸਭ ਕੁਝ ਸੋਚ ਰਿਹਾ ਸਾਂ ਕਿ ਇਕ ਚਾਹ ਦੀ ਦੁਕਾਨ ਆ ਗਈ। ਅਸਾਂ ਮਿੱਟੀ ਦੇ ਕਸੋਰਿਆਂ ਵਿਚ ਚਾਹ ਪੀਤੀ ਤੇ ਗੰਗਾ ਦੇ ਬੰਨ੍ਹ ਵੱਲ ਤੁਰ ਪਏ। ਨਿਰਾਲਾ ਜੀ ਬੜੇ ਮੌਨ ਤੇ ਗੰਭੀਰ ਤੁਰੇ ਜਾ ਰਹੇ ਸਨ, ਆਪਣੇ ਆਪ ਵਿਚ ਡੁੱਬੇ ਹੋਏ। ਹੌਲੀ-ਹੌਲੀ ਗੰਗਾ ਦੇ ਬੰਨ੍ਹ ਕੋਲ ਆਏ, ਇੱਥੇ ਸੂਰਜ ਨਿਕਲ ਰਿਹਾ ਸੀ, ਬਸ ਇਸ ਦ੍ਰਿਸ਼ ਨੂੰ ਵੇਖਦੇ ਹੀ ਰਹਿ ਗਏ। ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਕਾਰਨ ਕੋਰ੍ਹਾ ਘਟ ਰਿਹਾ ਸੀ। ਨਿਰਾਲਾ ਜੀ ਵੀ ਗੰਗਾ ਦੇ ਆਰ-ਪਾਰ ਫੈਲੇ ਹੋਏ ਕੋਰ੍ਹੇ ਨੂੰ ਚੀਰਦੀਆਂ ਕਿਰਨਾਂ ਦੀ ਸੁੰਦਰਤਾ ਨੂੰ ਵੇਖਦੇ ਹੋਏ ਬੋਲੇ, ‘‘ਅਲਾਹਾਬਾਦ ਬੜਾ ਸੁੰਦਰ ਸ਼ਹਿਰ ਹੈ, ਏਨਾ ਚੰਗਾ ਦ੍ਰਿਸ਼ ਹੋਰ ਕਿਤੇ ਨਹੀਂ ਮਿਲਦਾ। ਸਵੇਰਾ ਤਾਂ ਹੈ ਹੀ ਪਰ ਏਥੋਂ ਦੀ ਸ਼ਾਮ ਵੀ ਬਹੁਤ ਸੁੰਦਰ ਤੇ ਦਿਲਕਸ਼ ਹੈ। ਸ਼ਾਮ ਨੂੰ ਦੂਸਰੇ ਪੁਲ ’ਤੇ ਚੱਲਾਂਗੇ।’’ ਉਹ ਏਨਾ ਕਹਿ ਕੇ ਚੁੱਪ ਹੋ ਗਏ। ਮੈਂ ਉਨ੍ਹਾਂ ਕੋਲੋਂ ਕੁਝ ਪ੍ਰਸ਼ਨ ਪੁੱਛਣਾ ਚਾਹੁੰਦਾ ਸਾਂ, ਪਰ ਉਨ੍ਹਾਂ ਨੂੰ ਗੰਭੀਰ ਅਤੇ ਆਪਣੇ ਵਿਚ ਡੁੱਬੇ ਵੇਖ ਕੇ ਖ਼ਾਮੋਸ਼ ਹੋ ਗਿਆ। ਆਉਂਦੀ ਵਾਰੀ ਪ੍ਰਗਤੀਸ਼ੀਲ ਸਾਹਿਤ ਬਾਰੇ ਗੱਲਬਾਤ ਚੱਲੀ ਤਾਂ ਕਹਿਣ ਲੱਗੇ, ‘‘ਸਭ ਤੋਂ ਪਹਿਲਾਂ ਮੈਂ ਪ੍ਰਗਤੀਸ਼ੀਲ ਕਵਿਤਾ ਲਿਖੀਆਂ, ਪਰ ਇਸ ਨੂੰ ਕੋਈ ਨਹੀਂ ਜਾਣਦਾ। ਕੀਤਾ ਕੀ ਜਾਏ, ਦੁਨੀਆਂ ਹੈ ਕਿ ਬਿਨਾਂ ਇਨਕਲਾਬ ਤੋਂ ਨਹੀਂ ਮੰਨਦੀ।’’
ਇਸ ਤੋਂ ਬਾਅਦ ਅਸੀਂ ਫੇਰ ਚਾਹ ਦੀ ਦੁਕਾਨ ’ਤੇ ਆਏ ਤੇ ਚਾਹ ਦੇ ਕੁੱਬਰ ਫੇਰ ਸਾਡੇ ਹੱਥਾਂ ਦੀ ਰੌਣਕ ਬਣ ਗਏ। ਅਸੀਂ ਇਕ ਹੋਰ ਚੱਕਰ ਗੰਗਾ ਦੇ ਕਿਨਾਰੇ ਲਾਇਆ ਤੇ ਬਾਅਦ ਵਿਚ ਘਰ ਆਏ ਤੇ ਤਖ਼ਤ ’ਤੇ ਬਿਰਾਜਮਾਨ ਹੋ ਗਏ। ਕੁਝ ਦੇਰ ਪਿੱਛੋਂ ਇਕ ਬੰਗਾਲੀ ਸੱਜਣ ਆਏ। ਉਸ ਮਿੱਤਰ ਨਾਲ ਗੱਲਾਂਬਾਤਾਂ ਕਰਦੇ ਫੇਰ ਚਾਹ ਦੀ ਦੁਕਾਨ ’ਤੇ ਆਏ। ਮੈਂ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਸਾਂ। ਇਕ ਵਾਰ ਫੇਰ ਸਾਰਿਆਂ ਮਿਲ ਕੇ ਚਾਹ ਪੀਤੀ, ਏਨੇ ਵਿਚ ਇਕ ਗਵਾਲਾ ਆ ਗਿਆ। ਨਿਰਾਲਾ ਜੀ ਇਸ ਕੋਲੋਂ ਦੁੱਧ ਲਿਆ ਕਰਦੇ ਸਨ, ਮੈਨੂੰ ਕਹਿਣ ਲੱਗੇ, ‘‘ਜਾਓ ਜਾ ਕੇ ਇਕ ਸੇਰ ਦੁੱਧ ਪੀ ਆਓ।’’ ਤਿੰਨ ਵਾਰ ਚਾਹ ਪੀ ਚੁੱਕਾ ਸਾਂ ਤੇ ਫੇਰ ਇਕ ਸੇਰ ਪੱਕਾ ਦੁੱਧ! ਮੁਸੀਬਤਾਂ ਤੇ ਮੁਸੀਬਤਾਂ! ਮੈਂ ਚੁੱਪ-ਚਾਪ ਗਵਾਲੇ ਦੇ ਪਿੱਛੇ ਚਲਾ ਗਿਆ। ਗਵਾਲਾ ਕਹਿ ਰਿਹਾ ਸੀ, ‘‘ਬਾਬੂ ਜੀ, ਨਿਰਾਲਾ ਜੀ, ਮਹਾਤਮਾ ਪੁਰਸ਼ ਹਨ। ਮੈਂ ਦੁੱਧ ਦੇ ਆਉਂਦਾ ਸਾਂ, ਪਰ ਅਕਸਰ ਇਨ੍ਹਾਂ ਨੂੰ ਦੁੱਧ ਦੀ ਯਾਦ ਭੁੱਲ ਜਾਂਦੀ ਸੀ। ਹੋਏ ਜੋ ਮਸਤ ਮੌਲਾ! ਇਸ ਤਰ੍ਹਾਂ ਬਹੁਤ ਵਾਰ ਦੁੱਧ ਬੇਕਾਰ ਜਾਣ ਲੱਗ ਪਿਆ। ਮੈਨੂੰ ਖ਼ਿਆਲ ਆਇਆ ਕਿ ਨਿਰਾਲਾ ਜੀ ਦੇ ਪੈਸੇ ਬਰਬਾਦ ਹੋ ਰਹੇ ਹਨ ਇਸ ਲਈ ਮੈਂ ਦੁੱਧ ਦੇਣਾ ਬੰਦ ਕਰ ਦਿੱਤਾ।’’ ਮੈਂ ਸੇਰ ਪੱਕਾ ਦੁੱਧ, ਖੜ੍ਹੇ-ਖੜ੍ਹੇ ਤੇ ਤੁਰਦੇ-ਫਿਰਦੇ ਪੀਤਾ ਤੇ ਆਖ਼ਰ ਘਰ ਆਇਆ। ਕੁਝ ਦੇਰ ਬਾਅਦ ਨਿਰਾਲਾ ਜੀ ਆਏ ਤੇ ਰਸੋਈ ਵਿਚ ਬੈਠ ਗਏ। ਅੱਜ ਮੇਰੇ ਕਹਿਣ ’ਤੇ ਉਨ੍ਹਾਂ ਨੇ ਰੋਟੀ ਮੈਨੂੰ ਪਕਾਉਣ ਦਿੱਤੀ। ਪਰ ਫੇਰ ਵੀ ਰੋਟੀਆਂ ਸੇਕਣ ਦਾ ਕੰਮ ਉਨ੍ਹਾਂ ਆਪ ਹੀ ਕੀਤਾ। ਉਹ ਚੁੱਲ੍ਹੇ ਸਾਹਮਣੇ ਬੈਠੇ ਅੱਗ ਬਾਲਦੇ ਤੇ ਰੋਟੀਆਂ ਸੇਕਦੇ ਰਹੇ। ਉਨ੍ਹਾਂ ਦੇ ਸਿਰ ਵਿਚ ਉੱਡ-ਉੱਡ ਕੇ ਸੁਆਹ ਪੈ ਰਹੀ ਸੀ, ਪਰ ਉਹ ਬੇਪ੍ਰਵਾਹੀ ਨਾਲ ਰੋਟੀਆਂ ਸੇਕਦੇ ਰਹੇ। ਦੋ ਘੰਟਿਆਂ ਬਾਅਦ ਖਾਣਾ ਤਿਆਰ ਹੋਇਆ। ਉਨ੍ਹਾਂ ਮੇਰੇ ਬੈਠਣ ਲਈ ਅਖ਼ਬਾਰ ਵਿਛਾ ਦਿੱਤਾ ਅਤੇ ਥਾਲੀ ਵਿਚ ਰੋਟੀਆਂ ਤੇ ਸਬਜ਼ੀਆਂ ਰੱਖ ਦਿੱਤੀਆਂ। ਆਪ ਉਹ ਧਰਤੀ ’ਤੇ ਬੈਠੇ, ਹੱਥ ’ਤੇ ਰੋਟੀ ਰੱਖੀ ਤੇ ਖਾਣ ਲੱਗ ਪਏ। ਰੋਟੀ ਖਾਂਦਿਆਂ ਉਨ੍ਹਾਂ ਕਿਹਾ, ‘‘ਵਰ੍ਹਿਆਂ ਦੀ ਸਾਹਿਤ ਸਾਧਨਾ ਵਿਚ ਮੇਰਾ ਇਹੋ ਭੋਜਨ ਰਿਹਾ ਹੈ। ਇਹੋ ਮੇਰੀ ਅਸਲੀ ਰੋਟੀ ਹੈ।’’
ਮੈਂ ਉਨ੍ਹਾਂ ਖੁਸ਼ਕ ਰੋਟੀਆਂ ਵਿਚ ਮਹਾਨ ਕਲਾਕਾਰ ਦੀ ਸਾਧਨਾ ਦੇ ਤਾਰ ਵੇਖ ਰਿਹਾ ਸਾਂ। ਉਹ ਜੋ ਹਿੰਦੀ ਦੀ ਸ਼ਕਤੀ ਹੈ ਇਸ ਤਰ੍ਹਾਂ ਚੁੱਲ੍ਹੇ ਵਿਚ ਫੂਕਾਂ ਮਾਰ ਰਿਹਾ ਹੈ। ਨਿਰਾਲਾ ਜੀ ਨੂੰ ਇਸ ਤਰ੍ਹਾਂ ਵੇਖੇ ਤੋਂ ਬਿਨਾਂ ਮੈਂ ਕਦੀ ਇਹ ਚੀਜ਼ ਸੁਪਨੇ ਵਿਚ ਨਹੀਂ ਵੇਖ ਸਕਦਾ ਹਾਂ। ਉਨ੍ਹਾਂ ਦਾ ਜੀਵਨ ਅਸਲ ਵਿਚ ਇਕ ਮਜ਼ਦੂਰ ਦਾ ਜੀਵਨ ਹੈ। ਇਸ ਵੇਲੇ ਮੈਨੂੰ ਸ੍ਰੀਮਤੀ ਦੇਵੀ ‘ਵਰਮਾ’ ਦੀ ਇਕ ਗੱਲ ਯਾਦ ਆਈ ਜੋ ਉਨ੍ਹਾਂ ਨਿਰਾਲਾ ਜੀ ਬਾਰੇ ਕਹੀ ਸੀ, ‘‘ਨਿਰਾਲਾ ਜੀ ਦਾ ਜੀਵਨ ਬਹੁਤ ਹੀ ਨੀਵੇਂ ਸਤਰ ਦੇ ਭਾਰਤੀ ਵਾਂਗ ਹੈ, ਤੇ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਕੇ ਉੱਚੇ ਤੋਂ ਉੱਚਾ ਸਾਹਿਤ ਰਚਣਾ ਕੇਵਲ ਨਿਰਾਲਾ ਜੀ ਦਾ ਹੀ ਕੰਮ ਹੈ।’’ ਇਸ ਤੋਂ ਬਾਅਦ ਮੈਂ ਤੁਰਨ-ਫਿਰਨ ਚਲਾ ਗਿਆ। ਰਾਤ ਨੂੰ ਦੇਰ ਨਾਲ ਵਾਪਸ ਆਇਆ ਤਾਂ ਪਿਆਰ ਭਰੀਆਂ ਰੋਟੀਆਂ ਮੇਰਾ ਇੰਤਜ਼ਾਰ ਕਰ ਰਹੀਆਂ ਸਨ। ਮੈਂ ਪ੍ਰਾਰਥਨਾ ਕੀਤੀ ਕਿ ਮੈਨੂੰ ਭੁੱਖ ਨਹੀਂ, ਦੇਰ ਨਾਲ ਰੋਟੀ ਖਾਣ ਕਾਰਨ ਪੇਟ ਭਰਿਆ ਪਿਆ ਹੈ। ਉਹ ਕੁਝ ਨਾ ਬੋਲੇ, ਮੈਂ ਬਿਸਤਰੇ ’ਤੇ ਲੇਟ ਗਿਆ। ਕੱਲ੍ਹ ਸਫ਼ਰ ਦੀ ਥਕਾਵਟ ਕਾਰਨ ਨੀਂਦ ਛੇਤੀ ਹੀ ਆ ਗਈ ਸੀ, ਪਰ ਅੱਜ ਨੀਂਦ ਨਹੀਂ ਆ ਰਹੀ ਸੀ। ਯਾਰਾਂ ਵੱਜ ਗਏ ਸਨ, ਪਰ ਨਿਰਾਲਾ ਜੀ ਅਜੇ ਵੀ ਆਪਣੀ ਕੋਠੜੀ ਵਿਚ ਜਾਗਦੇ ਸਨ। ਅਚਾਨਕ ਉਨ੍ਹਾਂ ਦੇ ਮੂੰਹ ’ਚੋਂ ਹਾਸੇ ਦੀ ਫੁਹਾਰ ਛੁੱਟ ਗਈ ਤੇ ਕੋਠੜੀ ਮਧੁਰ ਹਾਸੇ ਨਾਲ ਗੂੰਜ ਉੱਠੀ। ਇਹ ਕਲਾਕਾਰ ਦੀ ਬੇਪ੍ਰਵਾਹੀ ਹੀ ਸੀ ਜੋ ਹਨੇਰੇ ਵਿਚ ਪ੍ਰਕਾਸ਼ ਕਰ ਰਹੀ ਸੀ। ਮੈਨੂੰ ਇਹ ਅਜੀਬ ਜਿਹਾ ਹਾਸਾ ਜਾਪਿਆ ਤੇ ਮੈਂ ਇਸ ਅਚਾਨਕ ਹਾਸੇ ’ਤੇ ਗ਼ੌਰ ਕਰਦਾ ਰਿਹਾ, ਪਰ- ‘‘ਘਾਇਲ ਦੀ ਰਾਤ ਘਾਇਲ ਜਾਣੇਂ!’’ ਬਾਅਦ ਉਹ ਖੁੱਲ੍ਹੀ ਛੱਤ ’ਤੇ ਫਿਰਦੇ ਰਹੇ। ਜਦ ਉਹ ਤੁਰ ਫਿਰ ਰਹੇ ਸਨ, ਉਨ੍ਹਾਂ ਦੇ ਪੈਰਾਂ ਦੀ ਧਮਕ ਨਾਲ ਸਾਰਾ ਘਰ ਹਿੱਲ ਰਿਹਾ ਸੀ। ਇਕ ਬੇਚੈਨ ਸ਼ੇਰ ਵਾਂਗੂ ਚੱਕਰ ਕੱਟਦੇ ਹੋਏ ਕਲਾਕਾਰ ਨੂੰ ਵੇਖ ਕੇ ਮੈਨੂੰ ਇਕ ਗੀਤ ਦੀ ਤੁਕ ਯਾਦ ਆ ਗਈ:
‘‘ਯਾ ਨਿਸ਼ਾ ਸਰਣਭੂਤਾਨਾਂ ਤਸਯਾਮ ਜਾਂ ਗ੍ਰਤਿ ਸੰਯਮੀ।’’
ਇਹ ਹੀ ਕਿਉਂ, ਮੈਨੂੰ ਤਾਂ ਇੰਜ ਲੱਗਾ ਕਿ ਨਿਰਾਲਾ ਜੀ ’ਤੇ ਸੈਂਕੜੇ ਸੰਜਮੀ ਕੁਰਬਾਨ ਕੀਤੇ ਜਾ ਸਕਦੇ ਹਨ। ਕਾਰਨ, ਗੰਗਾ ਘਾਟ ’ਤੇ ਰਹਿਣ ਵਾਲੇ ਪੰਡੇ ਦਾ ਕਹਿਣਾ ਹੈ ਕਿ ਨਿਰਾਲਾ ਇਕ ਮਹਾਤਮਾ ਹੈ। ਮੈਨੂੰ ਕੋਈ ਵੀ ਐਸਾ ਬੰਦਾ ਨਾ ਮਿਲਿਆ ਜੋ ਉਨ੍ਹਾਂ ਨੂੰ ਮਹਾਤਮਾ ਨਾ ਸਮਝਦਾ ਹੋਵੇ, ਏਸੇ ਸੋਚ ਵਿਚ ਆਖ਼ਰ ਮੈਨੂੰ ਨੀਂਦ ਆ ਗਈ।
ਤੀਸਰੇ ਦਿਨ ਜਦ ਸਵੇਰੇ ਉੱਠਿਆ ਤਾਂ ਮੇਰੇ ਮੂੰਹ ’ਚੋਂ ਨਿਕਲਿਆ ਕਿ ਮੈਨੂੰ ਬੁਖ਼ਾਰ ਆ ਰਿਹਾ ਹੈ। ਇਹ ਗੱਲ ਮੂੰਹੋਂ ਨਿਕਲਣ ਦਾ ਇਕ ਕਾਰਨ ਵੀ ਸੀ, ਪਿਛਲੇ ਦਿਨ ਉਨ੍ਹਾਂ ਏਨਾ ਕੁਝ ਖੁਆਇਆ ਕਿ ਢਿੱਡ ਪੱਥਰ ਹੋ ਗਿਆ। ਮੇਰੀ ਥਾਂ ਕੋਈ ਵੀ ਹੁੰਦਾ, ਉਸ ਨੂੰ ਵੀ ਬੁਖ਼ਾਰ ਹੋ ਜਾਂਦਾ। ਮੈਨੂੰ ਇਸ ਗੱਲ ਦਾ ਵੀ ਡਰ ਸੀ ਕਿ ਫੇਰ ਕੱਲ੍ਹ ਵਾਂਗ ਹੀ ਨਾ ਖਾਣਾ ਪਵੇ। ਇਸ ਲਈ ਵੀ ਇਹ ਗੱਲ ਮੂੰਹੋਂ ਨਿਕਲ ਗਈ। ਇਹ ਸੁਣ ਕੇ ਨਿਰਾਲਾ ਜੀ ਕਹਿਣ ਲੱਗੇ, ‘‘ਅੱਜ ਰੋਟੀ ਨਾ ਖਾਓ ਤੇ ਚਾਹ ਵੀ ਬੰਦ ਰੱਖੋ। ਆਰਾਮ ਨਾਲ ਲੇਟੋ, ਜੇ ਭੁੱਖ ਮਹਿਸੂਸ ਹੋਵੇ ਤਾਂ ਦੁੱਧ ਪੀ ਲੈਣਾ।’’
ਤਬੀਅਤ ਤਾਂ ਨਹੀਂ ਕਰਦੀ ਸੀ, ਪਰ ਇਹੋ ਸੋਚਿਆ ਕਿ ਇਸ ਮਹਾਨ ਕਲਾਕਾਰ ਦਾ ਖ਼ਬਰੇ ਫੇਰ ਕਦ ਸਾਥ ਹੋਵੇ, ਇਸ ਲਈ ਉਸ ਦੇ ਨਾਲ ਹੀ ਸੈਰ ਨੂੰ ਤੁਰ ਪਿਆ। ਸੈਰ ਜਾਣ ਤੋਂ ਪਹਿਲਾਂ ਉਹ ਮੇਰੇ ਲਈ ਦੁੱਧ ਲੈ ਆਏ ਤੇ ਬਾਅਦ ਵਿਚ ਮਟਰਗਸ਼ਤੀ ਨੂੰ ਨਿਕਲੇ। ਅੱਜ ਗੰਗਾ ਦੇ ਪੁਲ ਤੋਂ ਪਾਰ ਤੱਕ ਤੁਰਦੇ-ਫਿਰਦੇ ਰਹੇ। ਵਾਪਸ ਆਏ ਤਾਂ ਕਹਿਣ ਲੱਗੇ, ‘‘ਤੁਸੀਂ ਥੱਕ ਗਏ ਹੋਵੋਗੇ, ਆਰਾਮ ਕਰੋ, ਮੈਂ ਇਕ ਹੋਰ ਚੱਕਰ ਲਾ ਆਉਂਦਾ ਹਾਂ।’’
ਉਹ ਦੁਬਾਰਾ ਸੈਰ ਕਰਨ ਗਏ, ਪਰ ਮੈਂ ਸੌਂ ਗਿਆ। ਨਿਰਾਲਾ ਜੀ ਦੁਪਹਿਰ ਦੇ ਕਰੀਬ ਵਾਪਸ ਆਏ ਤੇ ਮੈਨੂੰ ਦੋ ਆਨਿਆਂ ਦੀਆਂ ਲੱਕੜਾਂ ਲਿਆਉਣ ਵਾਸਤੇ ਕਿਹਾ ਅਤੇ ਨਾਲ ਹੀ ਕਹਿਣ ਲੱਗੇ ਦੁੱਧ ਗਰਮ ਕਰ ਲੈਣਾ। ਮੈਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੋਈ। ਇਸ ਦਾ ਕਾਰਨ ਇਹ ਸੀ ਕਿ ਟਾਲ ਵਾਲਾ ਇਨ੍ਹਾਂ ਨੂੰ ਗਿੱਲੀਆਂ ਲੱਕੜਾਂ ਦਿੰਦਾ ਸੀ। ਮੈਂ ਸੁੱਕੀਆਂ-ਸੁੱਕੀਆਂ ਲੱਕੜਾਂ ਚੁਣ ਕੇ ਲਿਆਇਆ। ਬਾਅਦ ਵਿਚ ਦੁੱਧ ਗਰਮ ਕੀਤਾ ਤੇ ਪੀ ਕੇ ਅਖ਼ਬਾਰ ਪੜ੍ਹਦਾ ਰਿਹਾ।
ਨਿਰਾਲਾ ਜੀ ਨੇ ਅੱਜ ਕੁਝ ਨਹੀਂ ਖਾਧਾ ਸੀ। ਮੈਂ ਦੁੱਧ ਵਾਸਤੇ ਕਿਹਾ ਤਾਂ ਉਨ੍ਹਾਂ ਨਾਂਹ ਕਰ ਦਿੱਤੀ। ਤਿੰਨ-ਚਾਰ ਵਜੇ ਦੇ ਕਰੀਬ ਉਨ੍ਹਾਂ ਨੇ ਕਿਹਾ, ‘‘ਮੂੰਗੀ ਦੀ ਦਾਲ ਤੇ ਰੋਟੀ ਬਣਾਉਂਦਾ ਹਾਂ, ਭੁੱਖ ਹੋਵੇ ਤਾਂ ਖਾ ਲੈਣਾ।’’ ਉਹ ਚੌਂਕੇ ਵਿਚ ਸਨ ਕਿ ਇਕ ਪ੍ਰਕਾਸ਼ ਜੀ ਆ ਗਏ। ਉਹ ਨਿਰਾਲਾ ਜੀ ਦਾ ਇਕ ਉਪਨਿਆਸ ਛਾਪ ਰਹੇ ਸਨ। ਉਪਨਿਆਸ ਦਾ ਨਾਂ ਹੈ ‘ਕਾਲੇ ਕਾਰਨਾਮੇ’। ਉਹ ਵਿਚ ਸਮਾਜ ਤੇ ਰਾਜਨੀਤੀ ਦਾ ਖੋਖਲਾਪਣ ਦੱਸਿਆ ਗਿਆ ਹੈ। ਉਸ ਦੀ ਭਾਸ਼ਾ ਤੇ ਸ਼ੈਲੀ ਦੀ ਪ੍ਰਸੰਸਾ ਕਰਦੇ ਹੋਏ ਕਹਿਣ ਲੱਗੇ, ‘‘ਨਿਰਾਲਾ ਜੀ, ਹੌਲੀ-ਹੌਲੀ ਲਿਖ ਰਹੇ ਹਨ, ਜਦ ਮੂਡ ਹੁੰਦਾ ਹੈ ਲਿਖਦੇ ਹਨ। ਇਕ ਲੇਖਕ ਮੈਨੂੰ ਉਪਨਿਆਸ ਦੇ ਰਿਹਾ ਹੈ, ਪਰ ਇਸ ਨਾਲ ਦੀ ਚੀਜ਼ ਨਹੀਂ।’’
ਪ੍ਰਕਾਸ਼ਕ ਦੀ ਗੱਲ ਸੁਣ ਕੇ ਨਿਰਾਲਾ ਜੀ ਕਹਿਣ ਲੰਗੇ, ‘‘ਸਾਹਿਤ ਸਾਧਨਾ ਨਾਲ ਬਣਦਾ ਹੈ। ਅਸਾਂ ਕੇਵਲ ਰੁਪਿਆ ਹੀ ਤਾਂ ਨਹੀਂ ਕਮਾਉਣਾ। ਸਾਹਿਤ ਐਸਾ ਹੋਵੇ, ਜਿਸ ਵਿਚ ਜਨ-ਹਿੱਤ ਹੋਵੇ, ਤੇ ਉਹ ਜੀਵਨ ਨਾਲ ਭਰਪੂਰ ਹੋਵੇ, ਪਰ ਲੋਕ ਸਮਝਦੇ ਨਹੀਂ।’’
ਏਧਰ ਓਧਰ ਦੀ ਕੁਝ ਗੱਲਬਾਤ ਹੁੰਦੀ ਰਹੀ, ਜਦ ਪ੍ਰਕਾਸ਼ਕ ਹੋਰੀਂ ਗਏ ਤਾਂ ਮੈਨੂੰ ਨਿਰਾਲਾ ਜੀ ਨੇ ਦੱਸਿਆ ਕਿ ਰੋਟੀ ਤਿਆਰ ਹੈ। ਉਨ੍ਹਾਂ ਛੇਤੀ ਹੀ ਮੇਰੇ ਅੱਗੇ ਰੋਟੀ ਰੱਖ ਦਿੱਤੀ। ਮੈਂ ਬਹੁਤੇਰਾ ਨਾਂਹ-ਨਾਂਹ ਕਰਦਾ ਰਿਹਾ, ਪਰ ਉਹ ਨਾ ਮੰਨੇ। ਆਖ਼ਰ ਕਿਸੇ ਨਾ ਕਿਸੇ ਤਰ੍ਹਾਂ ਰੋਟੀਆਂ ਖ਼ਤਮ ਕਰਨੀਆਂ ਹੀ ਪਈਆਂ। ਥਾਲੀ ਖਾਲੀ ਵੇਖ ਕੇ ਕਹਿਣ ਲੱਗੇ, ‘‘ਇਕ ਰੋਟੀ ਹੋਰ ਲੈ ਲਵੋ।’’ ਹੱਥ ਰੋਕਦਿਆਂ-ਰੋਕਦਿਆਂ ਉਨ੍ਹਾਂ ਰੋਟੀ ਮੇਰੀ ਥਾਲੀ ਵਿਚ ਸੁੱਟ ਦਿੱਤੀ। ਉਨ੍ਹਾਂ ਦਾ ਡੁੱਲ੍ਹ-ਡੁੱਲ੍ਹ ਪੈਂਦਾ ਪ੍ਰੇਮ ਵੇਖ ਕੇ ਮੈਨੂੰ ਇਹ ਰੋਟੀ ਵੀ ਖਾਣੀ ਪਈ।
ਰਾਤ ਹੋ ਗਈ ਸੀ। ਮੈਂ ਉਸਲਵੱਟੇ ਭੰਨ ਰਿਹਾ ਸਾਂ। ਉਹ ਇਹ ਬੇਕਾਰਾ ਸ਼ੇਰਨੀ ਦੀ ਤਰ੍ਹਾਂ ਤੁਰ ਫਿਰ ਕੇ ਹੱਸ ਰਹੇ ਸਨ। ਉਸ ਵੇਲੇ ਸਮਾਜ ਤੇ ਸਾਹਿਤ ਦੇ ਨਾਮ-ਧਰੀਕ ਸੇਵਕਾਂ ’ਤੇ ਮੈਨੂੰ ਗੁੱਸਾ ਆ ਰਿਹਾ ਸੀ ਤੇ ਘ੍ਰਿਣਾ ਦਾ ਤੂਫ਼ਾਨ ਮੇਰੇ ਸੀਨੇ ਵਿਚ ਉੱਠ ਰਿਹਾ ਸੀ। ਇਸ ਹਾਲਤ ਵਿਚ ਪਤਾ ਨਹੀਂ ਕਦ ਨੀਂਦ ਆ ਗਈ। ਚੌਥੇ ਦਿਨ ਜਦ ਉੱਠਿਆ ਕਾਫ਼ੀ ਧੁੱਪ ਨਿਕਲ ਆਈ ਸੀ ਤੇ ਸੂਰਜੀ ਤੇਜ਼ੀ ਨਾਲ ਚਮਕ ਰਿਹਾ ਸੀ। ਨਿਰਾਲਾ ਜੀ ਦੀ ਕੋਠੜੀ ਦੇ ਦਰਵਾਜ਼ੇ ਅਜੇ ਬੰਦ ਸਨ। ਸੋਚਿਆ, ਕਈ ਦਿਨਾਂ ਤੋਂ ਇਨ੍ਹਾਂ ਨੂੰ ਨੀਂਦ ਨਹੀਂ ਆਈ ਇਸੇ ਲਈ ਸ਼ਾਇਦ ਅਜੇ ਨਹੀਂ ਉੱਠੇ। ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਇਕ ਚਿੱਟ ’ਤੇ ਲਿਖ ਕੇ ਕਿ ਮੈਂ ‘ਮਹਾਂਦੇਵੀ’ ਜੀ ਨੂੰ ਮਿਲਣ ਜਾ ਰਿਹਾ ਹਾਂ, ਤੁਸੀਂ ਕੋਈ ਫ਼ਿਕਰ ਨਾ ਕਰਨਾ ਤੇ ਚਲਾ ਗਿਆ। ਚਾਰ-ਪੰਜ ਘੰਟੇ ਬਾਅਦ ਮੈਂ ਵਾਪਸ ਆਇਆ ਤਾਂ ਉਨ੍ਹਾਂ ਨੂੰ ਕਿਹਾ, ‘‘ਮੈਂ ਬਨਾਰਸ ਜਾਣਾ ਹੈ। ਅੱਜ ਮੈਨੂੰ ਆਗਿਆ ਦਿਓ।’’
ਇਹ ਸੁਣ ਕੇ ਕਹਿਣ ਲੱਗੇ, ‘‘ਵੇਖੋ ਖਿਚੜੀ ਬਣਾਈ ਹੈ। ਭੁੱਖ ਹੈ ਤਾਂ ਖਾ ਲਵੋ ਤੇ ਜਦ ਚਾਹੋ ਬਿਸਤਰਾ ਬੰਨ੍ਹ ਕੇ ਤਿਆਰ ਹੋ ਜਾਵੋ।’’
ਅਰਜ਼ ਕੀਤੀ, ਮੈਂ ਰੋਟੀ ਖਾ ਆਇਆ ਹਾਂ ਤੇ ਨਾਲ ਹੀ ਬਿਸਤਰਾ ਬੰਨ੍ਹਣਾ ਸ਼ੁਰੂ ਕਰ ਦਿੱਤਾ। ਮੈਂ ਕੱਪੜੇ ਸਮੇਟ ਹੀ ਰਿਹਾ ਸਾਂ ਕਿ ਉਨ੍ਹਾਂ ਕਿਹਾ, ‘‘ਇਹ ਸਾਬਣ ਤਾਂ ਲੈ ਲਵੋ,’’ ਤੇ ਅੱਧੀ ਟਿੱਕੀ ਮੇਰੇ ਹੱਥ ’ਤੇ ਰੱਖ ਦਿੱਤੀ।
ਇਹ ਵੇਖ ਕੇ ਮੈਂ ਦੰਗ ਰਹਿ ਗਿਆ। ਉਸ ਸਮੇਂ ਉਨ੍ਹਾਂ ਲਈ ਜੋ ਮੇਰੇ ਮਨ ਵਿਚ ਭਾਵ ਉੱਠ ਰਹੇ ਸਨ, ਮੈਂ ਬਿਆਨ ਨਹੀਂ ਕਰ ਸਕਦਾ। ਸਾਬਣ ਦੀ ਅੱਧੀ ਟਿੱਕੀ ਕੱਪੜੇ ਧੋਣ ਤੋਂ ਬਾਅਦ ਬਚ ਗਈ ਸੀ, ਜਾਣ ਲੱਗਿਆਂ ਉਹ ਮੈਨੂੰ ਵਾਪਸ ਕਰ ਦਿੱਤੀ। ਦੂਸਰੇ ਦੀ ਚੀਜ਼ ਦਾ ਉਹ ਕਿੰਨਾ ਖ਼ਿਆਲ ਰੱਖਦੇ ਹਨ, ਐਸਾ ਬੰਦਾ ਮੈਂ ਸ਼ਾਇਦ ਹੀ ਕੋਈ ਦੂਸਰਾ ਵੇਖਿਆ ਹੋਵੇ। ਹੁਣ ਮੈਨੂੰ ਇਹ ਵੀ ਸਮਝ ਆਈ ਕਿ ਮੇਰਾ ਕੰਬਲ ਲੈਣ ਤੋਂ ਉਨ੍ਹਾਂ ਨੇ ਕਿਉਂ ਇਨਕਾਰ ਕਰ ਦਿੱਤਾ ਸੀ ਤੇ ਭਿਆਨਕ ਸਰਦੀ ਵਿਚ ਆਪਣੇ ਪਾਟੇ ਹੋਏ ਕੋਟ ਵਿਚ ਹੀ ਸੌਂ ਗਏ ਸਨ। ਮੈਂ ਸਾਬਣ ਦੀ ਟਿੱਕੀ ਥੈਲੇ ਵਿਚ ਰੱਖ ਲਈ, ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਜਾਣ ਦੀ ਆਗਿਆ ਮੰਗੀ।
ਇਨ੍ਹਾਂ ਚਾਰ ਦਿਨਾਂ ਵਚ ਮੈਂ ਅਨੇਕਾਂ ਸਾਹਿਤਕਾਰਾਂ ਨੂੰ ਮਿਲਿਆ, ਪਰ ਸਭ ਨੇ ਇਹੋ ਸਵਾਲ ਕੀਤਾ ਕਿ ਨਿਰਾਲਾ ਜੀ ਦਾ ਕੀ ਹਾਲ ਹੈ? ਉਨ੍ਹਾਂ ਦਾ ਪ੍ਰਸ਼ਨ ਸੁਣ ਕੇ ਮੈਨੂੰ ਬੜੀ ਸ਼ਰਮ ਆਈ ਤੇ ਮੈਂ ਸਭ ਨੂੰ ਜਵਾਬ ਦਿੱਤਾ, ‘‘ਤੁਸੀਂ ਚੰਗਾ ਅਲਾਹਾਬਾਦ ਵਿਚ ਰਹਿੰਦੇ ਹੋ, ਜੋ ਮੈਨੂੰ ਬਾਹਰੋਂ ਆਉਣ ਵਾਲੇ ਨੂੰ ਨਿਰਾਲਾ ਜੀ ਦਾ ਹਾਲ ਪੁੱਛਦੇ ਹੋ?’’ ਪਰ ਏਸ ਗੱਲ ਦਾ ਉਨ੍ਹਾਂ ਕੋਲ ਕੋਈ ਉੱਤਰ ਨਹੀਂ ਸੀ। ਇਕ ਬੇਪ੍ਰਵਾਹੀ ਤੇ ਨਫ਼ਰਤ ਉਨ੍ਹਾਂ ਦੇ ਕੋਲ ਸੀ ਜੋ ਨਿਰਾਲਾ ਜੀ ਬਾਰੇ ਸਭ ਨੇ ਵਿਖਾਈ। ਉਨ੍ਹਾਂ ਦੇ ਇਸ ਵਿਹਾਰ ਤੋਂ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਹਿੰਦੀ ਵਾਲੇ ਆਪਣੇ ਕਲਾਕਾਰ ਦਾ ਕਿੰਨਾ ਕੁ ਆਦਰ ਕਰਦੇ ਹਨ। ਇਸ ਵੇਲੇ ਮੈਨੂੰ ਹਿੰਦੀ ਦੇ ਚੰਗੇ ਲਿਖਾਰੀਆਂ ਦੀ ਬਦਕਿਸਮਤੀ ਦਾ ਵੀ ਅਨੁਭਵ ਹੋਇਆ, ਪਰ ਇਸ ਦੀ ਸਾਰੀ ਜ਼ਿੰਮੇਵਾਰੀ ਸਾਡੇ ’ਤੇ ਹੈ ਤੇ ਨਿਰਾਲਾ ਜੀ ਦੀ ਦ੍ਰਿੜ੍ਹਤਾ ਦੇ ਜ਼ਿੰਮੇਵਾਰ ਵੀ ਅਸੀਂ ਹੀ ਹਾਂ ਜੋ ਮਹਾਨ ਕਲਾਕਾਰ ਦੀ ਕਦਰ ਨਹੀਂ ਕਰਦੇ। ਇਕੋ ਸ਼ਹਿਰ ਵਿਚ ਰਹਿ ਕੇ ਵੀ ਸਾਹਿਤਕਾਰ ਕਿਵੇਂ ਸ਼੍ਰੇਸ਼ਟ ਕਲਾਕਾਰ ਤੋਂ ਦੂਰ ਹਨ, ਇਹ ਅਨੁਭਵ ਬੜਾ ਹੀ ਦੁਖਦਾਈ ਹੈ ਤੇ ਬੜਾ ਹੀ ਕੌੜਾ।
ਮੈਂ ਆਪਣੀ ਗੱਲ ਕਰਦਾ ਹਾਂ ਜਦ ਮੈਂ ਅਲਾਹਾਬਾਦ ਆਇਆ ਤਾਂ ਸੋਚਿਆ ਸੀ ਕਿ ਉੱਥੇ ਤ੍ਰਿਵੈਣੀ ਦਾ ਸੰਗਮ ਹੈ, ਹਾਈ ਕੋਰਟ ਹੈ, ਯੂਨੀਵਰਸਿਟੀ ਹੈ, ‘ਲੀਡਰ’ ਤੇ ‘ਅੰਮ੍ਰਿਤ ਬਜ਼ਾਰ ਪੱਤ੍ਰਿਕਾ’ ਹੈ। ਉਨ੍ਹਾਂ ਦੇ ਵੱਡੇ-ਵੱਡੇ ਪ੍ਰੈਸ ਹਨ। ਮੂਲ ਇਹ ਕਿ ਇਹ ਸਭ ਚੀਜ਼ਾਂ ਮਨੋਰੰਜਨ ਵਿਚ ਵਾਧਾ ਕਰਨਗੀਆਂ ਤੇ ਮੈਂ ਸਭ ਕੁਝ ਸ਼ੌਕ ਨਾਲ ਵੇਖਾਂਗਾ, ਪਰ ਨਿਰਾਲਾ ਜੀ ਨੂੰ ਮਿਲ ਕੇ ਮੈਨੂੰ ਸਭ ਕੁਝ ਭੁੱਲ ਗਿਆ ਤੇ ਉਨ੍ਹਾਂ ਦੀ ਹਸਤੀ ਦੇ ਸਾਹਮਣੇ ਹਰ ਚੀਜ਼ ਹੇਚ ਜਾਪੀ। ਉਨ੍ਹਾਂ ਨਾਲ ਕੋਈ ਸਾਹਿਤਕ ਚਰਚਾ ਨਾ ਹੋਈ, ਪਰ ਉਨ੍ਹਾਂ ਦੇ ਕੋਲ ਰਹਿ ਕੇ ਜੋ ਸਿੱਖਿਆ-ਸਮਝਿਆ ਉਹ ਮੇਰੇ ਲਈ ਸਾਧਨਾ-ਪਥ ਦਾ ਕੰਮ ਦੇਵੇਗਾ। ਮੇਰਾ ਖ਼ਿਆਲ ਹੈ ਕਿ ਨਿਰਾਲਾ ਜੀ ਜਿਹਾ ਕਲਾਕਾਰ ਚਾਹੇ ਸਾਨੂੰ ਮਿਲ ਜਾਏ, ਪਰ ਉਨ੍ਹਾਂ ਜਿਹਾ ਇਨਸਾਨ ਮਿਲਣਾ ਬੜਾ ਕਠਿਨ ਹੈ।