ਪ੍ਰਿੰ. ਸਰਵਣ ਸਿੰਘ
ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ ਨੇ ਪੰਜਾਬੀ ਸਾਹਿਤ ਪੜ੍ਹਾਉਣ, ਸਾਹਿਤਕ ਆਲੋਚਨਾ ਕਰਨ ਅਤੇ ਕਹਾਣੀਆਂ ਤੇ ਲੇਖ ਲਿਖਣ ਤੋਂ ਲੈ ਕੇ ਖੇਡਾਂ ਖਿਡਾਰੀਆਂ ਬਾਰੇ ਪੱਤਰਕਾਰੀ ਕਰਨ ਤਕ ਦਾ ਸਫ਼ਰ ਤੈਅ ਕੀਤਾ ਹੈ। ਉਹਨੇ ਸਾਹਿਤਕ ਆਲੋਚਨਾ ਤੇ ਲੇਖਾਂ ਦੀਆਂ ਅੱਠ ਪੁਸਤਕਾਂ ਲਿਖਣ ਦੇ ਨਾਲ ਨਾਲ ਉਸ ਨੇ ਕਹਾਣੀ ਸੰਗ੍ਰਹਿ ‘ਬਾਰਾਂ ਘਰਾਂ ਦੀ ਰਾਣੀ’ ਵੀ ਰਚਿਆ। ਉਹਦੇ ਖੇਡਾਂ ਖਿਡਾਰੀਆਂ ਬਾਰੇ ਪੁਸਤਕਾਂ ਦੇ ਚਾਰ ਖਰੜੇ- ਭਾਰਤੀ ਬੈਡਮਿੰਟਨ ਦੇ ਸਿਤਾਰੇ, ਭਾਰਤੀ ਬੈਡਮਿੰਟਨ ਦਾ ਧਰੂ ਤਾਰਾ ਪ੍ਰਕਾਸ਼ ਪਾਦੂਕੋਨ, ਕੁਮੈਂਟੇਟਰ ਮੈਲਵਿਲ ਡੀਮੈਲੋ ਤੇ ਜਸਦੇਵ ਸਿੰਘ ਅਤੇ ਵਿਸ਼ਵ ਫੁੱਟਬਾਲ ਦੇ ਚਮਕਦੇ ਸਿਤਾਰੇ, ਛਪਣ ਲਈ ਤਿਆਰ ਹਨ।
ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ ਬਹੁਪੱਖੀ ਲੇਖਕ ਹੈ। ਉਸ ਨੇ ਪੰਜਾਬੀ ਸਾਹਿਤ ਪੜ੍ਹਾਉਣ, ਸਾਹਿਤਕ ਆਲੋਚਨਾ ਕਰਨ ਅਤੇ ਕਹਾਣੀਆਂ ਤੇ ਲੇਖ ਲਿਖਣ ਤੋਂ ਲੈ ਕੇ ਖੇਡਾਂ ਖਿਡਾਰੀਆਂ ਬਾਰੇ ਪੱਤਰਕਾਰੀ ਕਰਨ ਤਕ ਦਾ ਸਫ਼ਰ ਤੈਅ ਕੀਤਾ ਹੈ। ਹੁਣ ਉਹ ਅੱਸੀਵਿਆਂ ਦੇ ਗੇੜ ਵਿਚ ਹੈ। ਉਸ ਨੇ ਆਪਣੀ ਪਹਿਲੀ ਪੁਸਤਕ ਦਾ ਨਾਂ ‘ਕਸੁੰਭੜਾ ਚੁਗ ਚੁਗ ਹਾਰੀ’ ਤੇ ਦੂਜੀ ਦਾ ਨਾਂ ‘ਰਾਮਾ ਨਹੀਂ ਮੁਕਦੀ ਫੁਲਕਾਰੀ’ ਰੱਖਿਆ ਸੀ। ਸੱਚੀ ਗੱਲ ਹੈ, ਲੇਖਕਾਂ ਦੀ ਫੁਲਕਾਰੀ ਕਦੇ ਮੁਕਦੀ ਵੀ ਨਹੀਂ ਹੁੰਦੀ। ਸਾਹਿਤਕ ਆਲੋਚਨਾ ਤੇ ਲੇਖਾਂ ਦੀਆਂ ਅੱਠ ਪੁਸਤਕਾਂ ਲਿਖਣ ਦੇ ਨਾਲ ਉਸ ਨੇ ਕਹਾਣੀ ਸੰਗ੍ਰਹਿ ‘ਬਾਰਾਂ ਘਰਾਂ ਦੀ ਰਾਣੀ’ ਵੀ ਰਚਿਆ। ਉਸ ਦੀ ਇਕ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਰ੍ਹੇ ਦੀ ਸਰਵੋਤਮ ਪੁਸਤਕ ਦਾ ਇਨਾਮ ਵੀ ਮਿਲਿਆ ਹੈ। ਉਹਦੇ ਖੇਡਾਂ ਖਿਡਾਰੀਆਂ ਬਾਰੇ ਪੁਸਤਕਾਂ ਦੇ ਚਾਰ ਖਰੜੇ- ਭਾਰਤੀ ਬੈਡਮਿੰਟਨ ਦੇ ਸਿਤਾਰੇ, ਭਾਰਤੀ ਬੈਡਮਿੰਟਨ ਦਾ ਧਰੂ ਤਾਰਾ ਪ੍ਰਕਾਸ਼ ਪਾਦੂਕੋਨ, ਕੁਮੈਂਟੇਟਰ ਮੈਲਵਿਲ ਡੀਮੈਲੋ ਤੇ ਜਸਦੇਵ ਸਿੰਘ ਅਤੇ ਵਿਸ਼ਵ ਫੁੱਟਬਾਲ ਦੇ ਚਮਕਦੇ ਸਿਤਾਰੇ, ਛਪਣ ਲਈ ਤਿਆਰ ਹਨ। ਬੈਡਮਿੰਟਨ ਤੇ ਟੈਨਿਸ ਦੇ ਸਟਾਰ ਖਿਡਾਰੀਆਂ ਬਾਰੇ ਉਸ ਦੇ ਲੇਖ ਕਈ ਸਾਲਾਂ ਤੋਂ ਅਖ਼ਬਾਰਾਂ ਵਿਚ ਛਪ ਰਹੇ ਹਨ।
ਉਹ ਅੰਗਰੇਜ਼ੀ ਵਿਚ ਲਿਖਣ ਦਾ ਵੀ ਮਾਹਿਰ ਹੈ। ਉਸ ਦੇ ਅਨੇਕਾਂ ਮਿਡਲ ਦਿ ਟ੍ਰਿਬਿਊਨ, ਹਿੰਦੋਸਤਾਨ ਟਾਈਮਜ਼ ਤੇ ਇੰਡੀਅਨ ਐਕਸਪ੍ਰੈਸ ਵਿਚ ਛਪੇ ਹਨ। ਉਹ ਪੰਜਾਬ ਯੂਨੀਵਰਸਿਟੀ ਦੇ ਐੱਮਏ ਪੰਜਾਬੀ ਦੇ ਇਮਤਿਹਾਨ ਵਿਚੋਂ ਅੱਵਲ ਆਇਆ ਸੀ। ਉਹ ਪੰਜਾਬੀ ਨਾਲ ਅੰਗਰੇਜ਼ੀ ਦੀ ਐੱਮਏ, ਸੰਸਕ੍ਰਿਤ ਦੀ ਬੀਏ ਤੇ ਹਿੰਦੀ ਉਰਦੂ ਦਾ ਵੀ ਚੰਗਾ ਜਾਣਕਾਰ ਹੈ। ਉਸ ਨੇ ਪੰਜਾਬੀ ਆਨਰਜ਼ ਵੀ ਕੀਤੀ ਹੈ। ਉਸ ਦਾ ਸਾਹਿਤਕ ਸਫਰ 1963-64 ਵਿਚ ਸਰਕਾਰੀ ਕਾਲਜ ਲੁਧਿਆਣੇ ਦਾ ਵਿਦਿਆਰਥੀ ਹੁੰਦਿਆਂ ਸ਼ੁਰੂ ਹੋਇਆ ਸੀ। ਉਦੋਂ ਚੋਟੀ ਦੇ ਵਿਦਵਾਨ ਲੇਖਕ ਉਸ ਕਾਲਜ ਵਿਚ ਪੰਜਾਬੀ ਪੜ੍ਹਾ ਰਹੇ ਸਨ।ਉਨ੍ਹਾਂ ਵਿਚ ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਗੁਲਵੰਤ ਸਿੰਘ, ਪ੍ਰੋ. ਪਿਆਰ ਸਿੰਘ, ਪ੍ਰੋ. ਪਰਮਿੰਦਰ ਸਿੰਘ ਅਤੇ ਪ੍ਰੋ. ਕਿਰਪਾਲ ਸਿੰਘ ਕਸੇਲ ਸ਼ਾਮਲ ਸਨ।
ਉਨ੍ਹੀਂ ਦਿਨੀਂ ਕਾਲਜ ਦੇ ਮੈਗਜ਼ੀਨ ‘ਸਤਲੁਜ’ ਵਿਚ ਛਪਣਾ ਮਾਅਰਕੇ ਦਾ ਕਾਰਨਾਮਾ ਸਮਝਿਆ ਜਾਂਦਾ ਸੀ। ਨੰਦੇ ਦੀ ਪਹਿਲੀ ਰਚਨਾ ਬੀਏ ਵਿਚ ਪੜ੍ਹਦਿਆਂ ‘ਸਤਲੁਜ’ ਵਿਚ ਛਪੀ ਜੋ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਵਾਰਤਕ ਸ਼ੈਲੀ ਬਾਰੇ ਸੀ।ਐੱਮਏ ਕਰਦਿਆਂ ਉਹ ਖ਼ੁਦ ‘ਸਤਲੁਜ’ ਦੇ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ ਬਣ ਗਿਆ। 1966 ਵਿਚ ਉਹ ਐੱਮਏ ਪੰਜਾਬੀ ਦਾ ਗੋਲਡ ਮੈਡਲਿਸਟ ਬਣਿਆ ਤਾਂ ਪੰਜਾਬ ਦੇ ਗਵਰਨਰ ਨੇ ਕਾਲਜ ਦਾ ਰੋਲ ਆਫ ਆਨਰ ਦਿੱਤਾ। ਫਿਰ ਉਸ ਨੇ ਲਗਭਗ ਤੀਹ ਸਾਲ ਸਰਕਾਰੀ ਕਾਲਜ ਲੁਧਿਆਣੇ ਵਿਚ ਹੀ ਪੜ੍ਹਾਇਆ ਤੇ ਉਥੋਂ ਹੀ ਰਿਟਾਇਰ ਹੋ ਕੇ ਪੱਕੇ ਤੌਰ ਤੇ ਲੁਧਿਆਣੇ ਦਾ ਵਾਸੀ ਬਣ ਗਿਆ। ਹੁਣ ਉਸ ਦੀ ਰਹਾਇਸ਼ ਉਥੋਂ ਦੇ ਮਾਡਲ ਟਾਊਨ ਵਿਚ ਹੈ।
ਉਸ ਦਾ ਜਨਮ 5 ਅਪਰੈਲ 1943 ਨੂੰ ਪਿੰਡ ਰਵਾਤ (ਜਿ਼ਲ੍ਹਾ ਰਾਵਲਪਿੰਡੀ) ਵਿਚ ਹੋਇਆ ਸੀ। ਇਹ ਪਿੰਡ ਦੋ ਗੱਲਾਂ ਕਰਕੇ ਮਸ਼ਹੂਰ ਸੀ। ਇਕ ਤਾਂ ਪੰਜਾਬ ਦਾ ਪੁਰਾਤਤਵ ਵਿਭਾਗ ਇਥੇ ਕੋਈ ਨਾ ਕੋਈ ਕੈਂਪ ਲਾਈ ਰਖਦਾ। ਨਾਲ ਖੁਦਾਈ ਦਾ ਕੰਮ ਚਲਦਾ ਰਹਿੰਦਾ। ਦੂਸਰਾ ਇਥੋਂ ਦਾ ਭਾਈ ਪੁਣਛੂ ਸਾਹਿਬ ਦਾ ਮੇਲਾ ਮਸ਼ਹੂਰ ਹੋਇਆ ਜਿਸ ਨੂੰ ਦੇਖਣ ਲੋਕ ਦੂਰ ਦੂਰ ਤੋਂ ਆਉਂਦੇ। ਦੇਸ਼ ਦੀ ਵੰਡ ਹੋਈ ਤਾਂ ਉਜਾੜੇ ਦੇ ਦ੍ਰਿਸ਼, ਸਿਰਾਂ `ਤੇ ਗੱਠੜੀਆਂ ਚੁੱਕੀ ਤੁਰਦੇ ਰੋਂਦੇ ਕੁਰਲਾਉਂਦੇ ਕਾਫ਼ਲੇ, ਗੱਡੀਆਂ ਦੀਆਂ ਛੱਤਾਂ ਉਤੇ ਬੈਠੇ ਮੁਸਾਫਿ਼ਰ ਤੇ ਬਾਰੀਆਂ ਨਾਲ ਲਟਕਦੇ ਲੋਕ ਅਜੇ ਵੀ ਉਸ ਦੇ ਮਨ ਮਸਤਕ ਨੂੰ ਠਕੋਰਦੇ ਰਹਿੰਦੇ ਹਨ।
ਉਹ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣੇ ਵਿਚ ਪੜ੍ਹਿਆ ਜਿਥੇ ਖੇਡਾਂ ਖੇਡਣ ਦੀ ਚੇਟਕ ਲੱਗ ਗਈ। ਵੱਡਾ ਹੋ ਕੇ ਟੈਲੀਵਿਜ਼ਨ ਤੋਂ ਓਲੰਪਿਕ ਖੇਡਾਂ, ਏਸ਼ੀਅਨ ਤੇ ਕਾਮਨਵੈਲਥ ਖੇਡਾਂ, ਵਿਸ਼ਵ ਕੱਪ ਆਦਿ ਦੇਖਣ ਤੇ ਉਨ੍ਹਾਂ ਬਾਰੇ ਆਰਟੀਕਲ ਲਿਖਣ ਲੱਗਾ ਜਿਵੇਂ ਭਾਰਤੀ ਖੇਡ ਜਗਤ ਦੀਆਂ ਸਤ ਚੋਟੀਆਂ, ਭਾਰਤੀ ਬੈਡਮਿੰਟਨ ਦਾ ਲੇਖਾ ਜੋਖਾ, ਭਾਰਤੀ ਹਾਕੀ ਦੇ ਨਵੇਂ ਯੁੱਗ ਦਾ ਆਰੰਭ ਬਗ਼ੈਰਾ ਬਗ਼ੈਰਾ। ਪੇਸ਼ ਹਨ ਉਸ ਦੀਆਂ ਖੇਡ ਲਿਖਤਾਂ ਦੇ ਕੁਝ ਅੰਸ਼:
ਪ੍ਰਕਾਸ਼ ਪਾਦੂਕੋਨ ਤੋਂ ਸਿੰਧੂ ਤੱਕ ਦਾ ਸਫ਼ਰ
ਭਾਰਤੀ ਬੈਡਮਿੰਟਨ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ। ਪ੍ਰਕਾਸ਼ ਪਾਦੂਕੋਨ ਨੇ ਪਹਿਲੀ ਵਾਰ ਬੈਡਮਿੰਟਨ ਵਿਚ ਜਦੋਂ ਜੂਨੀਅਰ ਤੇ ਸੀਨੀਅਰ ਵਰਗ ਦੇ ਦੋਵੇਂ ਤਗਮੇ ਇਕ ਸਾਲ ਵਿਚ ਹੀ ਆਪਣੀ ਝੋਲੀ ਵਿਚ ਪਾਏ ਤਾਂ ਇਸ ਨੂੰ ਇਸ ਖੇਡ ਦੇ ਜਨਮ ਦਾ ਸ਼ੁਭ ਆਗਮਨ ਸਮਝਿਆ ਗਿਆ।ਉਸ ਸਮੇਂ ਇਹ ਮਹਿਸੂਸ ਕੀਤਾ ਗਿਆ ਕਿ ਭਾਰਤੀ ਖਿਡਾਰੀ ਹੋਰ ਵੀ ਤਗਮੇ ਜਿੱਤ ਸਕਦੇ ਹਨ। ਇਹ ਬੜੀ ਸੰਤੋਸ਼ ਭਰੀ ਗੱਲ ਹੈ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਭਾਰਤ ਨੇ ਓਲੰਪਿਕ ਖੇਡਾਂ ਦੇ ਤਿੰਨ ਮੈਡਲ ਜਿੱਤ ਲਏ ਹਨ। ਭਾਰਤ ਦੇ ਦੋ ਖਿਡਾਰੀ ਵਿਸ਼ਵ ਰੈਂਕ ਵਿਚ ਨੰਬਰ ਇਕ `ਤੇ ਰਹੇ ਹਨ। ਭਾਰਤ ਨੇ ਦੋ ਵਾਰੀ ਬਹੁਤ ਹੀ ਗੌਰਵਸ਼ਾਲੀ ਆਲ ਇੰਗਲੈਂਡ ਬੈਡਮਿੰਟਨ ਕੱਪ ਵੀ ਜਿਤੇ ਹਨ ਤੇ ਇਸ ਖੇਡ ਦੀ ਖੁਸ਼ਬੂ ਸਾਰੇ ਵਿਸ਼ਵ ਵਿਚ ਪਹੁੰਚਾਈ ਹੈ। ਏਸ਼ੀਅਨ ਦੇਸ਼ਾਂ ਜਿਵੇਂ ਚੀਨ, ਇੰਡੋਨੇਸ਼ੀਆ, ਸਿੰਘਾਪੁਰ ਤੇ ਜਾਪਾਨ ਵਾਂਗ ਭਾਰਤ ਨੂੰ ਵੀ ਬੈੇਡਮਿੰਟਨ ਜਗਤ ਦੀ ਵੱਡੀ ਤਾਕਤ ਸਮਝਿਆ ਜਾਣ ਲੱਗ ਪਿਆ ਹੈ।
ਇਸ ਤੋਂ ਬਿਨਾਂ ਭਾਰਤ ਦੋ ਵਾਰੀ ਕਾਮਨਵੈਲਥ ਗੇਮਜ਼ ਦਾ ਇਸ ਖੇਡ ਵਿਚ ਸੋਨੇ ਦਾ ਮੈਡਲ ਪ੍ਰਾਪਤ ਕਰ ਚੁੱਕਾ ਹੈ।ਇਸ ਖੇਡ ਦਾ ਮੋਢੀ ਬਣਿਆ ਪ੍ਰਕਾਸ਼ ਪਾਦੂਕੋਨ ਜਿਸ ਨੇ ਜਦੋਂ ਬੈਡਮਿੰਟਨ ਦਾ ਓਲੰਪਿਕ ਖੇਡਾਂ ਦੇ ਬਰਾਬਰ ਦਾ ਟੂਰਨਾਮੈਂਟ ਆਲ ਇੰਗਲੈਂਡ ਭਾਰਤ ਲਈ ਜਿਤਿਆ ਤਾਂ ਉਸ ਨੇ ਭਾਰਤੀ ਨੌਜਵਾਨਾਂ ਵਿਚ ਇਸ ਖੇਡ ਲਈ ਹੋਰ ਉਤਸ਼ਾਹ ਪੈਦਾ ਕਰ ਦਿਤਾ। ਪ੍ਰਕਾਸ਼ ਨੇ ਇਸ ਖੇਡ ਨੂੰ ਵਧੇਰੇ ਵਿਕਸਤ ਕਰਨ ਲਈ ਆਪਣਾ ਸਾਰਾ ਜੀਵਨ ਹੀ ਲਗਾ ਦਿੱਤਾ।
ਨਾ ਕੇਵਲ ਖੇਡ ਮੈਦਾਨ ਵਿਚ ਸਗੋਂ ਖਿਡਾਰੀਆਂ ਲਈ ਨੈਤਿਕਤਾ ਦੇ ਗੁਣ ਵੀ ਇਸ ਖਿਡਾਰੀ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਮਿਲਦੇ ਹਨ। ਇਕ ਵਾਰ ਇਕ ਵੱਕਾਰੀ ਟੂਰਨਾਮੈਂਟ ਵਿਚ ਜਦੋਂ ਰੈਫਰੀ ਨੇ ਆਪਣੀ ਗ਼ਲਤ ਜੱਜਮੈਂਟ ਕਾਰਨ ਸ਼ਟਲ ਬਾਹਰ ਡਿੱਗਣ ਕਰਕੇ ਮੈਚ ਪ੍ਰਕਾਸ਼ ਨੂੰ ਜਿਤਾ ਦਿੱਤਾ ਤਾਂ ਪ੍ਰਕਾਸ਼ ਨੇ ਰੋਸ ਪ੍ਰਗਟ ਕੀਤਾ ਤੇ ਮੈਚ ਆਪਣੇ ਵਿਰੋਧੀ ਨੂੰ ਜਿਤਾ ਦਿਤਾ।
ਇਸ ਸੰਸਾਰ ਪ੍ਰਸਿਧ ਖਿਡਾਰੀ ਬਾਰੇ ਦੂਸਰੀ ਵਿਸ਼ੇਸ਼ ਗੱਲ ਇਹ ਕੀਤੀ ਜਾਂਦੀ ਹੈ ਕਿ ਉਹ ਸਦਾ ਮਰਿਆਦਾ ਵਿਚ ਖੇਡ ਕੇ ਤੇ ਅਦਬੀ ਗੱਲ ਕਰ ਕੇ ਆਪਣੀ ਰਾਏ ਪ੍ਰਗਟ ਕਰਦਾ ਹੈ। ਉਸ ਦੇ ਫੈਸਲੇ ਦੀ ਖਿਡਾਰੀਆਂ ਵੱਲੋਂ ਹਮੇਸ਼ਾ ਕਦਰ ਕੀਤੀ ਜਾਂਦੀ ਹੈ। ਮੁਲਤਵੀ ਹੋਈਆਂ ਓਲੰਪਿਕ ਖੇਡਾਂ ਵਿਚ ਜਾਣ ਲਈ ਚੋਣ ਕਰਨ ਦਾ ਜੋ ਪੈਮਾਨਾ ਬਣਾਇਆ ਗਿਆ, ਉਸ ਅਨੁਸਾਰ ਸਾਡੇ ਕੁਝ ਖਿਡਾਰੀ, ਖਾਸ ਤੌਰ ਤੇ ਸਾਇਨਾ, ਓਲੰਪਿਕ ਨਹੀਂ ਖੇਡ ਸਕੇ ਤਾਂ ਇਸ ਮਸਲੇ ਨੂੰ ਲੈ ਕੇ ਉਹ ਜਥੇਬੰਦੀ ਦਾ ਹੀ ਫੈਸਲਾ ਮੰਨਣ ਲਈ ਕਹਿੰਦਾ ਰਿਹਾ। ਉਹ ਆਪਣੀ ਲੜਕੀ ਦੀਪਕਾ ਪਾਦੂਕੋਨ ਨੂੰ ਵੀ ਇਸ ਖੇਡ ਵਿਚ ਪਾਉਣਾ ਚਾਹੁੰਦਾ ਸੀ ਅਤੇ ਲੜਕੀ ਖੇਡ ਵਿਚ ਪਰਪੱਕ ਵੀ ਸੀ ਪਰ ਉਸ ਦਾ ਪਹਿਲਾ ਸ਼ੌਕ ਫਿਲਮਾਂ ਵਿਚ ਕੰਮ ਕਰਨਾ ਸੀ। ਪ੍ਰਕਾਸ਼ ਲੜਕੀ ਦੇ ਸ਼ੌਕ ਅੱਗੇ ਨਹੀਂ ਆਇਆ ਤੇ ਉਸ ਨੂੰ ਇਹ ਖੇਡ ਨਾ ਅਪਨਾਉਣ ਦੀ ਇਜਾਜ਼ਤ ਦੇ ਦਿਤੀ। ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਨਾਲ ਇਸ ਦਿੱਗਜ ਖਿਡਾਰੀ ਨੇ ਨੈਤਿਕਤਾ ਦੇ ਪੂਰਨੇ ਪਾਏ ਜਿਸ `ਤੇ ਹੋਰ ਖਿਡਾਰੀ ਵੀ ਚਲਦੇ ਹਨ।
ਉਸ ਦੇ ਰਸਤੇ ‘ਤੇ ਤੁਰਦੇ ਹੋਏ ਉਸ ਦੇ ਸਿਸ਼ ਗੋਪੀ ਚੰਦ ਦਾ ਵੀ ਬਹੁਤ ਯੋਗਦਾਨ ਹੈ ਜਿਸ ਨੇ ਬੈਡਮਿੰਟਨ ਦੇ ਬੂਟੇ ਨੂੰ ਫਿਰ ਸਿੰਜਿਆ ਤੇ ਆਪਣੀ ਯੋਗ ਅਗਵਾਈ ਦਿੱਤੀ। ਆਪਣੇ ਗੁਰੂ ਪ੍ਰਕਾਸ਼ ਦੀ ਤਰ੍ਹਾਂ ਹੀ ਭਾਰਤ ਦੇ ਗੌਰਵ ਗੋਪੀ ਚੰਦ ਨੇ ਆਲ ਇੰਗਲੈਂਡ ਦਾ ਦੂਜਾ ਇਨਾਮ ਭਾਰਤ ਦੀ ਝੋਲੀ ਪਾਇਆ। ਪ੍ਰਕਾਸ਼ ਦੀ ਅਕੈਡਮੀ ਵਿਚ ਸਭ ਤੋਂ ਪਹਿਲਾ ਉਸ ਸਮੇਂ ਹਰਿਆਣਾ ਦੇ ਸ਼ਹਿਰ ਹਿਸਾਰ ਵਿਚ ਰਹਿਣ ਵਾਲੀ ਇਕ ਪ੍ਰੋਫੈਸਰ ਦੀ ਲੜਕੀ ਸਾਇਨਾ ਨੇਹਵਾਲ ਨੇ ਪ੍ਰਕਾਸ਼ ਤੋਂ ਬਕਾਇਦਾ ਕੋਚਿੰਗ ਲਈ ਅਤੇ ਇਸ ਖੇਡ ਵਿਚ ਭਾਰਤ ਲਈ ਪਹਿਲਾ ਓਲੰਪਿਕ ਮੈਡਲ ਜਿਤਿਆ। ਇਸ ਅਕੈਡਮੀ ਤੋਂ ਸਿੱਖੇ ਸਿਧਾਏ ਖਿਡਾਰੀਆਂ ਨੇ ਦੇਸ਼ ਲਈ ਕਈ ਮਾਅਰਕੇ ਮਾਰੇ ਹਨ।
ਬੈਡਮਿੰਟਨ ਦੇ ਸੁਨਹਿਰੇ ਰਸਤੇ ’ਤੇ ਚਲਦੇ ਹੋਏ ਪੀਵੀ ਸਿੰਧੂ ਹੋਰ ਵੀ ਉਚਾਈ `ਤੇ ਜਾ ਕੇ ਓਲੰਪਿਕ ਖੇਡਾਂ ਦੇ ਦੋ ਮੈਡਲ ਆਪਣੇ ਨਾਂ ਕਰ ਚੁੱਕੀ ਹੈ। ਉਸ ਦੇ ਮਾਤਾ ਪਿਤਾ ਦੋਵੇਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹੋਣ ਕਰਕੇ ਉਸ ਤੋਂ ਸਦਾ ਇਹ ਉਮੀਦ ਕੀਤੀ ਜਾਂਦੀ ਰਹੀ ਹੈ ਕਿ ਉਹ ਜ਼ਰੂਰ ਲੋਕਾਂ ਦੀ ਉਮੀਦ ਤੇ ਖਰਾ ਉਤਰੇਗੀ।
ਭਾਰਤੀ ਬੈਡਮਿੰਟਨ ਦੇ ਇਸ ਸੁਨਹਿਰੇ ਸਫ਼ਰ ’ਤੇ ਚਲਦੇ ਹੋਏ ਸਾਡੇ ਕੁਝ ਪੁਰਸ਼ ਖਿਡਾਰੀਆਂ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅਤੇ ਸਾਡੀ ਇਸ ਮਨਮੋਹਕ ਖੇਡ ਦੇ ਜੱਸ ਨੂੰ ਸਾਰੀ ਦੁਨੀਆਂ ਵਿਚ ਪਹੁੰਚਾਇਆ ਹੈ। ਖਾਸ ਤੌਰ ‘ਤੇ ਸਾਇਨਾ ਦੇ ਪਤੀ ਪਰੂਪਲੀ ਕੇਸ਼ਵ ਨੇ 2012 ਦੀਆਂ ਓਲੰਪਿਕ ਖੇਡਾਂ ਵਿਚ ਕੁਆਰਟਰ ਫਾਈਨਲ ਵਿਚ ਚੀਨ ਦੇ ਲੀ ਨਾਲ ਸੰਘਰਸ਼ਮਈ ਮੁਕਾਬਲਾ ਕੀਤਾ ਸੀ ਅਤੇ ਅਮਿੱਟ ਛਾਪ ਛੱਡੀ ਸੀ। ਭਾਰਤ ਚ ਇਸ ਸਮੇਂ ਮਹਿਲਾਵਾਂ ਨਾਲ ਪੁਰਸ਼ ਖਿਡਾਰੀਆਂ ਦਾ ਵੀ ਭੰਡਾਰ ਹੈ ਜਿਨ੍ਹਾਂ ਵਿਚ ਕਿਦਾਂਬੀ ਸ਼੍ਰੀ ਕਾਂਤ ਜੋ 2018 ਵਿਚ ਵਿਸ਼ਵ ਨੰਬਰ ਅੱਵਲ ਰਿਹਾ। ਉਸ ਤੋਂ ਬਿਨਾਂ ਨਵੀਂ ਪ੍ਰਤਿਭਾ ਲਕਸ਼ੇ ਸੇਨ, ਰੈਕੀ ਤੇ ਸ਼ੈਟੀ ਦੀ ਜੋੜੀ ਅਤੇ ਕਈ ਹੋਰ ਪੁਰਸ਼ ਖਿਡਾਰੀ ਬੈਡਮਿੰਟਨ ਦੇ ਖੇਤਰ ਵਿਚ ਮਿਹਨਤ ਕਰ ਰਹੇ ਹਨ ਜਿਸ ਨਾਲ ਭਾਰਤੀ ਬੈਡਮਿੰਟਨ ਦਾ ਸਫ਼ਰ ਹੋਰ ਸੁਨਹਿਰੀ ਹੋ ਜਾਵੇਗਾ।
ਪੀਵੀ ਸਿੰਧੂ ਨੇ ਰਚਿਆ ਨਵਾਂ ਇਤਿਹਾਸ
ਪੀਵੀ ਸਿੰਧੂ ਨੇ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦੂਜੀ ਵਾਰ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਜਦ ਕੋਈ ਖਿਡਾਰੀ ਵਾਰ ਵਾਰ ਜਿੱਤ ਦੀ ਸਫਲਤਾ ਦੁਹਰਾਂਦਾ ਹੈ ਤਾਂ ਲੋਕ ਇਸ ਤੱਥ ਨੂੰ ਸਵੀਕਾਰ ਕਰ ਲੈਂਦੇ ਹਨ ਕਿ ਉਹ ਆਪਣੀ ਖੇਡ ਵਿਚ ਪ੍ਰਵੀਨ ਹੈ ਤੇ ਨਵਾਂ ਇਤਿਹਾਸ ਰਚਨ ਦੀ ਵਿਸ਼ੇਸ਼ਤਾ ਸਦਾ ਲਈ ਉਸ ਨਾਲ ਜੁੜ ਜਾਂਦੀ ਹੈ। 2020 ਦੇ ਸਾਲ ਮੁਲਤਵੀ ਹੋਈਆਂ ਓਲੰਪਿਕ ਖੇਡਾਂ ਵਿਚ ਹੋਣਹਾਰ ਖਿਡਾਰਨ ਪੀਵੀ ਸਿੰਧੂ ਨੇ ਓਲੰਪਿਕ ਵਿਚ ਆਪਣਾ ਪ੍ਰਦਰਸ਼ਨ ਸੁਧਾਰ ਲਿਆ ਸੀ। ਉਹ ਇਕ ਤੋਂ ਦੋ ਓਲੰਪਿਕ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ। ਫਿਰ ਉਸ ਨੇ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਜਿੱਤ ਕੇ ‘ਹੱਥ ਕੰਗਣ ਨੂੰ ਆਰਸੀ ਕੀ’ ਦਾ ਕਥਨ ਸੱਚਾ ਸਾਬਤ ਕਰ ਦਿਤਾ। ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਭਾਰਤ ਵਿਚ ਹੋਣ ਵਾਲਾ ਅਜਿਹਾ ਟੂਰਨਾਮੈਂਟ ਹੈ ਕਿ ਜਿਸ ਦੀ ਮਾਨਤਾ ਵਿਸ਼ਵ ਪੱਧਰ ਤੇ ਸਵੀਕਾਰ ਕੀਤੀ ਜਾਂਦੀ ਹੈੇ। ਇਸ ਪ੍ਰਤੀਯੋਗਤਾ ਵਿਚ ਉਸ ਨੇ ਮੁੱਢਲੇ ਮੈਚ ਬਹੁਤ ਹੀ ਸੰਘਰਸ਼ਪੂਰਨ ਖੇਡੇ। ਜੋ ਉਮੀਦਾਂ ਲੋਕਾਂ ਨੇ ਲਗਾਈਆਂ ਸਨ, ਉਹ ਉਨ੍ਹਾਂ ਤੇ ਖਰੀ ਉਤਰੀ। ਉਹ ਇਸ ਕਰਕੇ ਕਿ ਸਿੰਧੂ ਕਈ ਵਾਰ ਕਿਸੇ ਟੂਰਨਾਮੈਂਟ ਵਿਚ ਕਿਸੇ ਅਨਸੀਡਿਡ ਖਿਡਾਰੀ ਤੋਂ ਹਾਰ ਵੀ ਜਾਂਦੀ ਰਹੀ ਸੀ।
ਪਿਛਲੇ ਕੁਝ ਅਰਸੇ ਤੋਂ ਦਰਸ਼ਕ ਬੜੇ ਵਿਆਕੁਲ ਹੋ ਕੇ ਇਸ ਗੱਲ ਦਾ ਵਿਸ਼ਲੇਸ਼ਣ ਕਰ ਰਹੇ ਸਨ ਕਿ ਕਈ ਮੈਚਾਂ ਵਿਚ ਨਿਰੰਤਰਤਾ ਦੀ ਘਾਟ ਦੀ ਪ੍ਰਵਿਰਤੀ ਖਿਡਾਰੀਆਂ ਵਿਚ ਦਬਾਓ ਬਣਾ ਰਹੀ ਹੈ। ਸਿੰਧੂ ਨੂੰ ਮੋਦੀ ਟੂਰਨਾਮੈਂਟ ਵਿਚ ਥਾਈਲੈਂਡ ਦੇ ਗਰੁੱਪ ਮੈਚ ਨੂੰ ਜਿੱਤਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਪਹਿਲੀ ਗੇਮ ਵਿਚ ਥਾਈਲੈਂਡ ਦੀ ਖਿਡਾਰਨ ਨੇ 21-11 ਨਾਲ ਜਿੱਤ ਪ੍ਰਾਪਤ ਕੀਤੀ ਤੇ ਸਿੰਧੂ ਨੂੰ ਚੈਲੰਜ ਦਿਤਾ ਕਿ ਉਹ ਮੈਚ ਦੀਆਂ ਅਗਲੀਆਂ ਦੋ ਗੇਮਾਂ ਜੇ ਜਿਤੇਗੀ ਤਾਂ ਹੀ ਉਹ ਜੇਤੂ ਬਣ ਸਕਦੀ ਹੈ। ਭਾਰਤ ਦੀ ਇਸ ਹੋਣਹਾਰ ਮੁਟਿਆਰ ਨੇ ਥਾਈਲੈਂਡ ਦੀ ਖਿਡਾਰਨ ਦੇ ਇਸ ਚੈਲੰਜ ਨੂੰ ਬਾਖੂਬੀ ਸਵੀਕਾਰ ਕੀਤਾ ਅਤੇ ਦੂਜੀ ਗੇਮ ਭਾਰਤੀ ਖਿਡਾਰਨ ਨੇ 21-11 ਨਾਲ ਬਰਾਬਰ ਕਰ ਲਈ। ਇਸ ਨਾਲ ਮੈਚ ਤੀਸਰੀ ਗੇਮ ਵਿਚ ਚਲਾ ਗਿਆ। ਤੀਸਰੀ ਗੇਮ ਬੜੇ ਆਤਮ-ਵਿਸ਼ਵਾਸ ਨਾਲ ਖੇਡੀ ਗਈ। ਤੀਸਰੀ ਗੇਮ ਵਿਚ ਥਾਈਲੈਂਡ ਦੀ ਖਿਡਾਰਨ ਨੇ ਬਹੁਤ ਸੰਘਰਸ਼ ਪੁੂੁਰਨ ਮੁਕਾਬਲਾ ਕੀਤਾ ਪਰ ਨਵੀ ਊਰਜਾ ਨਾਲ ਭਰੀ ਹੋਈ ਪੀਵੀ ਸਿੰਧੂ ਅੱਗੇ ਉਸ ਦੀ ਇਕ ਨਾ ਚੱਲੀ ਤੇ ਮੈਚ 21-17 ਨਾਲ ਭਾਰਤ ਨੇ ਜਿਤ ਲਿਆ। ਪਾਰਖੂਆਂ ਅਨੁਸਾਰ ਇਹ ਮੈੇਚ ਭਾਰਤ ਨੂੰ ਬਹੁਤ ਰਾਸ ਆਇਆ ਜਿਸ ਨਾਲ&ਨਬਸਪ; ਭਾਰਤ ਅਗਲੀ ਮੰਜ਼ਲ ਵੱਲ ਵਧਿਆ।
ਸੈਮੀ ਫਾਈਨਲ ਵਿਚ ਸਿੰਧੂ ਦਾ ਮੁਕਾਬਲਾ ਰੂਸ ਦੀ ਇਵਜੋਨੀਆ ਨਾਲ ਸੀ। ਭਾਰਤੀ ਖਿਡਾਰਨ ਨੇ ਬਹੁਤ ਸਾਵਧਾਨੀ ਨਾਲ ਪਹਿਲੀ ਗੇਮ 21-11 ਨਾਲ ਜਿੱਤ ਲਈ। ਦੂਸਰੀ ਗੇਮ `ਚੋਂ ਰੂਸੀ ਖਿਡਾਰਨ ਸੱਟ ਖਾਣ ਕਾਰਨ ਰਿਟਾਇਰ ਹੋ ਗਈ ਤੇ ਖੇਡ ਹੀ ਪੂਰੀ ਨਾ ਹੋ ਸਕੀ। ਇਸ ਤਰ੍ਹਾਂ ਦੇ ਹਾਦਸੇ ਖੇਡਾਂ ਖੇਡਦਿਆਂ ਅਕਸਰ ਹੋ ਜਾਂਦੇ ਹਨ ਤੇ ਕਈ ਵੱਡੇ ਟੂਰਨਾਮੈਂਟਾਂ ਦਾ ਫੈਸਲਾ ਵਾਕਓਵਰ ਮਿਲਣ ਕਰਕੇ ਹੁੰਦਾ ਹੈ। ਸਾਇਨਾ ਨੇਹਵਾਲ ਨੇ ਵੀ 2012 ਵਿਚ ਲੰਡਨ ਦੀਆਂ ਓਲੰਪਿਕ ਸਮੇਂ ਇਸੇ ਤਰ੍ਹਾਂ ਮੈਚ ਜਿਤਿਆ ਸੀ ਤੇ ਕਾਂਸੀ ਦਾ ਮੈਡਲ ਜਿੱਤਿਆ ਸੀ। ਮੋਦੀ ਟੂਰਨਾਮੈਂਟ ਵਿਚ ਵੀ ਇਹ ਵਾਕਓਵਰ ਦੇਖਣ ਨੂੰ ਮਿਲਿਆ ਤੇ ਭਾਰਤੀ ਖਿਡਾਰਨ ਨੂੰ ਇਸ ਦਾ ਲਾਭ ਮਿਲਿਆ। ਫਿਰ ਇਹ ਟੂਰਨਾਮੈਂਟ ਕੇਵਲ ਉਪਚਾਰਿਕਤਾ ਬਣ ਕੇ ਰਹਿ ਗਿਆ ਅਤੇ ਕੇਵਲ ਭਾਰਤੀ ਖਿਡਾਰੀਆਂ ਤਕ ਹੀ ਸੀਮਤ ਹੋ ਕੇ ਰਹਿ ਗਿਆ ਜੋ ਕਦੇ ਕਦਾਈਂ ਹੀ ਹੁੰਦਾ ਹੈ। ਭਾਰਤ ਦੀ ਹੀ ਨਵੀਂ ਉਭਰਦੀ ਖਿਡਾਰਨ ਮਾਲਵਿਕਾ ਨੇ ਫਿਰ ਆਪਣੀ ਹਮਵਤਨ ਪੀਵੀ ਸਿੰਧੂ ਨਾਲ ਗਰੁੱਪ ਦਾ ਫਾਈਨਲ ਮੈਚ ਖੇਡਿਆ।
ਪਰ ਇਕ ਖ਼ਾਸ ਮੈਚ ਸਾਇਨਾ ਨੇਹਵਾਲ ਜੋ ਇਕ ਸਮੇਂ ਵਿਸ਼ਵ ਦੇ ਪਹਿਲੇ 5 ਖਿਡਾਰੀਆਂ ਵਿਚ ਸ਼ੁਮਾਰ ਕੀਤੀ ਜਾਂਦੀ ਸੀ ਅਤੇ ਭਾਰਤ ਦੀ ਪਹਿਲੀ ਮਹਿਲਾ ਓਲੰਪਿਕ ਮੈਡਲ ਜਿੱਤਣ ਵਾਲੀ ਬਣੀ ਸੀ, ਨਾਲ ਮੈਚ ਗਰੁੱਪ ਵਿਚ ਖੇਡਿਆ। ਇਹ ਮੋਦੀ ਟੂਰਨਾਮੈਂਟ ਦਾ ਸਭ ਤੋਂ ਸ੍ਰੇਸ਼ਠ ਮੈਚ ਬਣਿਆ ਜਿਸ ਵਿਚ ਮਾਲਵਿਕਾ ਨੇ ਜ਼ਬਰਦਸਤ ਮੁਕਾਬਲਾ ਕਰ ਕੇ ਸਾਇਨਾ ਕੋਲੋਂ ਇਹ ਮੈਚ ਖੋਹਿਆ ਜਿਸ ਦੀ ਦਾਦ ਦੇਣੀ ਬਣਦੀ ਹੈ। ਫਿਰ ਮਾਲਵਿਕਾ ਨੇ ਆਪਣੀ ਇਕ ਹੋਰ ਹਮਵਤਨ ਅਨੁਪਮਾ ਨੂੰ 19-21, 21-19, 21-7 ਨਾਲ ਹਾਰ ਦਿਤੀ। ਫਾਈਨਲ ਮੈਚ ਇਸੇ ਤਰ੍ਹਾਂ ਪੀਵੀ ਸਿੰਧੂ ਤੇ ਮਾਲਵਿਕਾ ਦੋ ਦਿਗਜ ਖਿਡਾਰਨਾਂ ਵਿਚਕਾਰ ਖੇਡਿਆ ਗਿਆ। ਪੂਰੀ ਆਸ ਸੀ ਕਿ ਇਹ ਟੱਕਰ ਬਹੁਤ ਸੰਘਰਸ਼ਪੂਰਨ ਹੋਵੇਗੀ ਪਰ ਅਜਿਹਾ ਨਹੀ ਹੋਇਆ। ਖੇਡ ਬਹੁਤ ਦਿਲਚਸਪ ਢੰਗ ਨਾਲ ਸ਼ੁਰੂ ਹੋਈ। ਪਹਿਲੇ ਸੱਤ ਅੰਕਾਂ ਵਿਚੋਂ ਮਾਲਵਿਕਾ ਕੋਈ ਵੀ ਅੰਕ ਨਾ ਲੈ ਸਕੀ। ਦਰਸ਼ਕ ਸੋਚਣ ਲੱਗੇ ਕਿ ਕਿਥੇ ਗਈ ਉਹ ਕੁੜੀ ਜਿਸ ਨੇ ਸਾਇਨਾ ਨੂੰ ਹਰਾਇਆ ਸੀ। ਇਹ ਕਦੇ ਕਦਾਈਂ ਹੀ ਹੁੰਦਾ ਹੈ ਕਿ ਮੱਧ ਦੀ ਬ੍ਰੇਕ ਵਿਚ ਸਕੋਰ 11-01 ਹੋਵੇ। ਇਸ ਤੋਂ ਬਾਅਦ ਮਾਲਵਿਕਾ ਨੇ ਖੇਡਣਾ ਆਰੰਭ ਕੀਤਾ ਤੇ ਪਹਿਲੀ ਗੇਮ ਸਸਤੇ ਵਿਚ ਹੀ 21-13 `ਤੇ ਮਾਲਵਿਕਾ ਹਾਰ ਗਈ। ਦੂਸਰੀ ਗੇਮ ਵਿਚ ਵੀ ਪਹਿਲੀ ਕਹਾਣੀ ਦੁਹਰਾਈ ਗਈ। ਇਸ ਤ੍ਵਰਾਂ ਪੀਵੀ ਸਿੰਧੂ ਨੇ ਦੋ ਸਾਲ ਬਾਅਦ ਆਪਣਾ ਦੂਸਰਾ ਮੋਦੀ ਟੂਰਨਾਮੈਂਟ ਆਪਣੇ ਹੀ ਦਰਸ਼ਕਾਂ ਸਾਹਮਣੇ ਜਿਤਿਆ ਜਿਸ ਨਾਲ ਉਹਦੀ ਜੈ-ਜੈਕਾਰ ਹੋ ਗਈ।
ਭਾਰਤ ਦਾ ਗੌਰਵ ਬਣੀਆਂ ਖਿਡਾਰਨਾਂ
8 ਮਾਰਚ ਦਾ ਦਿਨ ਸਾਰੀ ਦੁਨੀਆ ਵਿਚ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸਾਡੇ ਦੇਸ਼ ਦੀਆਂ ਮਹਿਲਾਵਾਂ ਨੂੰ ਵੀ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਪਿਛਲੇ ਕੁਝ ਸਮੇ ਤੋਂ ਆਰਥਿਕ, ਸਮਾਜਿਕ, ਕਲਚਰਲ, ਵਿਗਿਆਨਕ, ਵਿਸ਼ੇਸ਼ ਕਰ ਕੇ ਖੇਡਾਂ ਦੇ ਖੇਤਰ ਜਿਨ੍ਹਾਂ ਔਰਤਾਂ ਨੇ ਮੱਲਾਂ ਮਾਰੀਆਂ, ਉਨ੍ਹਾਂ ਨੂੰ ਉਚੇਚਾ ਯਾਦ ਕੀਤਾ ਜਾਂਦਾ ਹੈ। ਪਾਲਿਸੀ ਬਣਾਈ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਚ ਖੇਡ ਪ੍ਰਾਪਤੀਆਂ ਦਾ ਸਿਲਸਲਾ ਹੋਰ ਵਧੇ। ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਦਾ ਜੋ ਵਿਸ਼ੇਸ਼ ਮਾਣ ਭਾਰਤੀ ਮਹਿਲਾਵਾਂ ਨੇ ਦੇਸ਼ ਦੀ ਝੋਲੀ ਪਾਇਆ ਹੈ, ਉਨ੍ਹਾਂ ਦੀ ਮਿਹਨਤ ਦੀ ਕਹਾਣੀ ਬੜੀ ਦਿਲਚਸਪ ਤੇ ਪ੍ਰੇਰਨਾ ਦਾਇਕ ਹੈ।
ਬੈਡਮਿੰਟਨ ਸਟਾਰ ਪੀਵੀ ਸਿੰਧੂ
ਬੈਡਮਿੰਟਨ ਵਿਚ ਭਾਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਪੀਵੀ ਸਿੰਧੂ ਦੁਆਰਾ ਹੋਈ ਜਿਸ ਨੇ ਦੋ ਓਲੰਪਿਕ ਮੈਡਲ ਭਾਰਤ ਲਈ ਜਿੱਤੇ ਜੋ ਹੋਰ ਕਿਸੇ ਭਾਰਤੀ ਖਿਡਾਰੀ ਨੇ ਕਿਸੇ ਵਿਅਕਤੀਗਤ ਓਲੰਪਿਕ ਮੁਕਾਬਲੇ `ਚੋਂ ਪਹਿਲਾਂ ਨਹੀ ਸੀ ਜਿੱਤੇ। ਉਹ ਵਿਸ਼ਵ ਦੀ ਅਵਲ ਨੰਬਰ ਖਿਡਾਰਨ ਰਹਿ ਚੁੱਕੀ ਹੈ। ਕਈ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਦੇਸ਼ ਲਈ ਜਿੱਤ ਚੁੱਕੀ ਹੈ। ਉਸ ਦੀ ਆਪਣੀ ਜੂਝਾਰੂ ਖੇਡ ਸ਼ੈਲੀ ਹੈ। ਪਹਿਲਾ ਮੈਡਲ ਉਸ ਨੇ ਚਾਂਦੀ ਦੇ ਰੂਪ ਵਿਚ ਰੀਓ ਦੀਆਂ ਓਲੰਪਿਕ ਖੇਡਾਂ ਵਿਚੋਂ ਜਿੱਤਿਆ ਸੀ ਅਤੇ ਦੂਜਾ ਤਾਂਬੇ ਦੇ ਰੂਪ ਵਿਚ 2021 ਚ ਹੋਈਆਂ ਟੋਕੀਓ ਦੀਆਂ ਓਲੰਪਿਕ ਖੇਡਾਂ ਚੋਂ ਜਿੱਤਿਆ।
ਰੀਓ ਓਲੰਪਿਕ ਵਿਚ ਪੀਵੀ ਸਿੰਧੂ ਅਤੇ ਸਪੇਨ ਦੀ ਕਾਰੋਲੀਨਾ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ ਸੀ। ਸਿੰਧੂ ਨੇ ਦੁਨੀਆ ਦੀ ਦਿਗਜ ਖਿਡਾਰਨ ਕਾਰੋਲੀਨਾ ਨੂੰ ਪਹਿਲੀ ਗੇਮ ਵਿਚ ਤਾਂ ਹਾਰ ਦੇ ਦਿਤੀ ਪਰ ਦੂਜੀ ਗੇਮ ਵਿਚ ਕਾਰੋਲੀਨਾ ਨੇ ਖੇਡ ਵਿਚ ਵਾਪਸੀ ਕੀਤੀ ਅਤੇ ਸੋਨੇ ਦੇ ਮੈਡਲ ਲਈ ਖੇਡ ਹੋਰ ਵੀ ਸੰਘਰਸ਼ਪੂਰਨ ਹੋ ਗਈ ਪਰ ਇਹ ਦਿਨ ਭਾਰਤ ਦਾ ਨਹੀਂ ਸੀ। ਤੀਜੀ ਗੇਮ ਜਿੱਤ ਕੇ ਕਾਰੋਲੀਨਾ ਨੇ ਸੋਨੇ ਦਾ ਮੈਡਲ ਆਪਣੇ ਨਾਂ ਕਰ ਲਿਆ ਅਤੇ ਪੀਵੀ ਸਿੰਧੂ ਨੂੰ ਚਾਂਦੀ ਦਾ ਮੈਡਲ ਮਿਲਿਆ। ਫਿਰ 2020 ਦੀਆਂ ਮੁਲਤਵੀ ਹੋਈਆਂ ਟੋਕੀਓ ਦੀਆਂ ਓਲੰਪਿਕ ਖੇਡਾਂ-2021 ਵਿਚ ਸਿੰਧੂ ਨੇ ਆਪਣੀ ਖੇਡ ਦੇ ਪਰਦਰਸ਼ਨ ਰਾਹੀ ਤਾਂਬੇ ਦਾ ਮੈਡਲ ਜਿੱਤ ਕੇ ਇਹ ਸਾਬਤ ਕਰ ਦਿਤਾ ਕਿ ਉਹ ਦੇਸ਼ ਦੀ ਸਭ ਤੋਂ ਤਕੜੀ ਬੈਡਮਿੰਟਨ ਖਿਡਾਰਨ ਹੈ। ਇਸ ਤਰ੍ਹਾਂ ਹੈਦਰਾਬਾਦ ਦੀ ਮੁਟਿਆਰ ਆਪਣੇ ਖਿਡਾਰੀ ਮਾਪਿਆਂ ਦੇ ਹੋਰ ਸੁਪਨੇ ਵੀ ਪੂਰੇ ਕਰ ਸਕਦੀ ਹੈ।
ਹਿਸਾਰ ਦੀ ਸਾਇਨਾ ਨੇਹਵਾਲ
ਭਾਰਤ ਵਿਚ ਬੈਡਮਿੰਟਨ ਦਾ ਪੌਦਾ ਲਾਉਣ ਵਾਲੀ, ਹਿਸਾਰ ਵਿਚ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫ਼ਸਰ ਦੀ ਧੀ ਤੇ ਉਥੋਂ ਦੇ ਹੀ ਮਾਡਲ ਸਕੂਲ ਵਿਚ ਪੜ੍ਹੀ ਸਾਇਨਾ ਨੇਹਵਾਲ ਨੂੰ ਇਹ ਮਾਣ ਜਾਂਦਾ ਹੈ ਕਿ ਉਹ ਲੰਡਨ ਦੀਆਂ ਓਲੰਪਿਕ ਖੇਡਾਂ-2012 ਵਿਚੋਂ ਭਾਰਤ ਲਈ ਪਹਿਲਾ ਓਲੰਪਿਕ ਮੈਡਲ ਜਿੱਤੀ। ਸਾਇਨਾ ਵੀ ਇਕ ਸਮੇਂ ਵਿਸ਼ਵ ਦੀ ਨੰਬਰ ਅਵਲ ਨੰਬਰ ਬੈਡਮਿੰਟਨ ਖਿਡਾਰਨ ਰਹੀ ਜਿਸ ਨੇ ਕਈ ਦੇਸ਼ਾਂ ਦੇ ਕਈ ਅੰਤਰਰਾਸ਼ਟਰੀ ਟੂਰਨਾਮੈਂਟ ਆਪਣੇ ਨਾਂ ਕੀਤੇ। ਉਸ ਦਾ ਹਰ ਮਹਿਲਾ ਦਿਵਸ ਤੇ ਉਚੇਚਾ ਮਾਣ ਸਨਮਾਨ ਕੀਤਾ ਜਾਂਦਾ ਹੈ।
ਟੈਨਿਸ ਸਟਾਰ ਸਾਨੀਆ ਮਿਰਜ਼ਾ
ਖੇਡ ਜਗਤ ਵਿਚ ਸਾਨੀਆ ਮਿਰਜ਼ਾ ਨੂੰ ਭਲਾ ਕੌਣ ਨਹੀ ਜਾਣਦਾ? ਸਾਨੀਆ ਰੈਕਟ ਨਾਲ ਖੇਡਣ ਵਾਲੀ ਟੈਨਸ ਦੀ ਮਹਾਨ ਖਿਡਾਰਨ ਹੈ। ਹੈਦਰਾਬਾਦ ਦੀ ਰਹਿਣ ਵਾਲੀ ਨਸੀਮਾ ਤੇ ਇਮਰਾਨ ਮਿਰਜ਼ਾ ਦੀ ਧੀ ਸਾਨੀਆ ਦਾ ਟੈਨਿਸ ਡਬਲਜ਼ ਵਿਚ ਕੋਈ ਸਾਨੀ ਨਹੀਂ। ਜਿੰਨੇ ਮੈਡਲ ਇਸ ਲੜਕੀ ਨੇ ਆਪਣੇ ਨਾਂ ਕੀਤੇ ਹਨ, ਉਸ ਤੋਂ ਕੋਈ ਭਾਰਤੀ ਮੁਟਿਆਰ ਅੱਗੇ ਨਹੀ ਲੰਘ ਸਕੀ। ਇਕ ਵਾਰ ਅਮਰੀਕਾ ਦਾ ਭੂਤਪੂਰਵ ਰਾਸ਼ਟਰਪਤੀ ਭਾਰਤ ਆਇਆ ਤਾਂ ਉਸ ਨੇ ਕਿਹਾ ਕਿ ਸਾਨੀਆ ਮਿਰਜ਼ਾ ਦੇ ਦੇਸ਼ ਆ ਕੇ ਉਸ ਨੂੰ ਬਹੁਤ ਚੰਗਾ ਚੰਗਾ ਲੱਗ ਰਿਹਾ ਹੈ। ਸਾਨੀਆ ਮਿਰਜ਼ਾ ਦੀ ਸ਼ਾਦੀ ਪਕਿਸਤਾਨ ਦੇ ਭੂਤਪੂਰਵ ਕ੍ਰਿਕਟ ਕਪਤਾਨ ਸ਼ੋਇਬ ਮਲਿਕ ਨਾਲ ਹੋਈ ਪਰ ਇਹ ਸ਼ਾਦੀ ਕਈ ਕਿਸਮਾਂ ਦੇ ਵਿਵਾਦਾਂ ਵਿਚੋਂ ਵੀ ਲੰਘੀ। 2003 ਵਿਚ ਜਦੋ ਸ਼ੋਇਬ ਮਲਿਕ ਦਿੱਲੀ ਵਿਚ ਖੇਡ ਰਿਹਾ ਸੀ ਤਾਂ ਸਾਨੀਆ ਮਿਰਜ਼ਾ ਵੀ ਦਿੱਲੀ ਕੋਚਿੰਗ ਕੈਂਪ ਲਗਾ ਰਹੀ ਸੀ। ਉਥੇ ਦੋਹਾਂ ਦੀ ਸਾਂਝੇ ਸਰਕਲ ਵੱਲੋਂ ਕਰਵਾਏ ਸਮਾਗਮ ਵਿਚ ਮੁਲਾਕਾਤ ਹੋਈ। ਇਹ ਮੁਲਾਕਾਤ ਫਿਰ ਪਿਆਰ ਵਿਚ ਬਦਲ ਗਈ ਤੇ ਦੋਹਾਂ ਨੇ ਵਿਵਾਹ ਬੰਧਨ ਵਿਚ ਬੰਧ ਜਾਣ ਦਾ ਫੈਸਲਾ ਕਰ ਲਿਆ। ਹੁਣ ਉਨ੍ਹਾਂ ਦਾ ਇਕ ਲੜਕਾ ਇਜ਼ਹਾਨ ਹੈ। ਸਾਨੀਆ ਦੀ ਟੈਨਿਸ ਵਿਚ ਨਿਆਰੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਾਥੀ ਖਿਡਾਰੀ ਨਾਲ ਜੋੜੀ ਇਸ ਪ੍ਰਕਾਰ ਦੀ ਬਣਾਉਂਦੀ ਹੈ ਕਿ ਦੋਹਾਂ ਦਾ ਲਾਭ ਇਕ ਦੂਜੇ ਨੂੰ ਪ੍ਰਾਪਤ ਹੋਵੇ। ਦੂਸਰਾ ਸਾਥੀ ਭਾਵੇਂ ਪੁਰਸ਼ ਹੋਵੇ ਜਾਂ ਇਸਤਰੀ, ਦੋਹਾਂ ਵਿਚ ਇਕਸਾਰਤਾ ਦੇਖੀ ਜਾ ਸਕਦੀ ਹੈ। ਉਹ ਸੰਸਾਰ ਦੇ ਦਿਗਜ ਖਿਡਾਰੀਆਂ ਨਾਲ ਜੋੜੀ ਬਣਾ ਕੇ ਖੇਡੀ ਹੈ ਤੇ ਕਈ ਅੰਤਰਰਾਸ਼ਟਰੀ ਟੂਰਨਾਮੈਂਟ ਆਪਣੇ ਨਾਂ ਕੀਤੇ ਹਨ।
ਮਨੀਪੁਰ ਦੀ ਮੈਰੀ ਕਾੱਮ
ਵਿਸ਼ਵ ਦੀ ਨੰਬਰ ਇੱਕ ਮੰਨੀ ਜਾਂਦੀ ਬੌਕਸਰ ਮੈਰੀ ਕਾੱਮ ਮਨੀਪੁਰ ਦੀ ਮਹਾਨ ਮੁੱਕੇਬਾਜ਼ ਹੈ ਜੋ ਭਾਰਤ ਵਿਚ ਬੜੀ ਹਰਮਨ ਪਿਆਰੀ ਹੈ। ਉਸ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਉਸ ਦੇ ਖੇਡ ਜੀਵਨ ਤੇ ਫਿਲਮ ਬਣੀ ਜਿਸ ਨੇ ਲੋਕਾਂ ਵਿਚ ਖੇਡਾਂ ਵੱਲ ਵਿਸ਼ੇਸ਼ ਜਾਗਰਿਤਾ ਪੈਦਾ ਕੀਤੀ ਹੈ। ਮਨੀਪੁਰ ਦੇ ਪਛੜੇ ਇਲਾਕੇ ਦੀ ਜੰਮਪਲ ਨੇ ਦੇਸ਼ ਦੀਆਂ ਔਰਤਾਂ ਨੂੰ ਖੇਡਾਂ ਵਿਚ ਰੁਚੀ ਦਿਖਾਉਣ ਦਾ ਮਹਾਨ ਕਾਰਜ ਕੀਤਾ ਹੈ। ਇੱਕੀਵੀਂ ਸਦੀ ਵਿਚ ਉਹ ਨਾਮਵਰ ਮਹਿਲਾ ਬਣ ਗਈ ਹੈ। ਮਹਿਲਾ ਦਿਵਸ ਤੇ ਭਾਰਤਵਾਸੀ ਉਸ ਨੂੰ ਮਾਣ ਸਨਮਾਨ ਦੇ ਕੇ ਮਾਣ ਮਹਿਸੂਸ ਕਰਦੇ ਹਨ।
ਕ੍ਰਿਕਟ ਦੀ ਮਥਾਲੀ ਰਾਜ
ਕ੍ਰਿਕਟ ਦੀ ਖੇਡ ਵਿਚ ਮਥਾਲੀ ਰਾਜ ਵੱਡਾ ਨਾਂ ਹੈ। ਇਹ ਮਹਿਲਾ ਆਪਣੇ ਬਲ ਅਤੇ ਨੇਕ ਸੁਭਾਅ ਕਰਕੇ ਵੀ ਜਾਣੀ ਜਾਂਦੀ ਹੈ। ਕਈ ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਰਹੀ ਇਹ ਮਹਿਲਾ ਜਿਥੇ ਕ੍ਰਿਕਟ ਗਰਾਊਂਡ ਵਿਚ ਜ਼ੋਰਦਾਰ ਖੇਡ ਖੇਡਣ ਦੀ ਆਦੀ ਹੈ, ਉਥੇ ਪੱਤਰਕਾਰਾਂ ਨੂੰ ਉਨ੍ਹਾਂ ਦੁਆਰਾ ਕੀਤੇ ਤਿੱਖੇ ਸੁਆਲਾਂ ਦੇ ਜੁਆਬ ਵੀ ਦਲੇਰੀ ਨਾਲ ਦੇਂਦੀ ਹੈ। ਮਿਥਾਲੀ ਰਾਜ ਨੇ 10000 ਦੌੜਾਂ ਦਾ ਅਜਿਹਾ ਇਤਿਹਾਸ ਸਿਰਜ ਦਿਤਾ ਹੈ ਜਿਸ ਨਾਲ ਉਹ ਭਾਰਤ ਵਿਚ ਪਹਿਲੀ ਤੇ ਦੁਨੀਆ ਵਿਚ ਦੂਜੀ ਔਰਤ ਬਣ ਗਈ ਹੈ। ਵਿਸ਼ਵ ਦੀ ਪਹਿਲੀ ਔਰਤ ਇੰਗਲੈਂਡ ਦੀ ਐਡਵਰਡ ਸੀ। ਮਹਿਲਾ ਦਿਵਸ ਤੇ ਉਸ ਨੂੰ ਸਨਮਾਨਿਤ ਕਰਨਾ ਸੁਖਦ ਅਹਿਸਾਸ ਦੇਂਦਾ ਹੈ।
ਸ਼ਾਹਬਾਦ ਦੀ ਰਾਣੀ ਰਾਮਪਾਲ
ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਖੇਡ ਦਾ ਉਤਮ ਪਰਦ੍ਰਸ਼ਨ ਕਰ ਕੇ ਸਭਨਾਂ ਦੇ ਮਨ ਜਿੱਤ ਲਏ ਹਨ। ਸ਼ਾਹਬਾਦ ਹਰਿਆਣੇ ਵਿਚ ਰਹਿਣ ਵਾਲੀ ਸਾਧਾਰਨ ਤਾਂਗੇ ਵਾਲੇ ਦੀ ਧੀ ਨੇ ਆਪਣੀ ਤਰ੍ਹਾਂ ਦਾ ਇਤਿਹਾਸ ਸਿਰਜ ਦਿਤਾ ਹੈ ਅਤੇ ਹਾਕੀ ਨੂੰ ਘਰ ਘਰ ਦੀ ਖੇਡ ਬਣਾ ਦਿਤਾ ਹੈ। ਉਸ ਨੂੰ ਦੇਸ਼ ਦੇ ਢੇਰ ਸਾਰੇ ਖੇਡ ਅਵਾਰਡ ਮਿਲ ਚੁਕੇ ਹਨ। ਖੇਡ ਖੇਤਰ ਵਿਚ ਭਾਰਤ ਦੀਆਂ ਹੋਰ ਮਹਿਲਾਵਾਂ ਜੋ ਭਾਰਤ ਦੀ ਸ਼ਾਨ ਬਣੀਆਂ, ਉਨ੍ਹਾਂ ਵਿਚ ਕਮਲਜੀਤ ਸੰਧੂ, ਪੀਟੀ ਊਸ਼ਾ, ਮਨਜੀਤ ਕੌਰ, ਵੰਦਨਾ ਕਟਾਰੀਆ, ਮੋਨੀਕਾ ਬਤਰਾ, ਸਾਕਸ਼ੀ ਮਲਿਕ, ਗੁਰਜੀਤ ਕੌਰ ਆਦਿ ਹਨ ਜਿਨ੍ਹਾਂ ਦੀ ਸੂਚੀ ਕਾਫੀ ਲੰਮੀ ਹੈ। ਔਰਤਾਂ ਮਰਦਾਂ ਤੋਂ ਕਿਸੇ ਖੇਤਰ ਵਿਚ ਵੀ ਪਿੱਛੇ ਨਹੀਂ।
ਸੰਪਰਕ: principalsarwansingh@gmail.com