ਡਾ. ਸੁਰਿੰਦਰ ਗਿੱਲ
ਇਨਵਰਲਾਕ ਐਂਡਰਸਨ ਉਪ ਖਾੜੀ ’ਚ ਸਥਿਤ ਹੈ। ਪਹਿਲਾਂ-ਪਹਿਲ ਇਹ ਐਂਡਰਸਨ ਉਪ ਖਾੜੀ ਦੇ ਸ਼ਾਂਤ ਵਸਦੇ ਪਾਣੀਆਂ ਕਰਕੇ ਪ੍ਰਸਿੱਧ ਸੀ, ਪਰ ਅੱਜਕੱਲ੍ਹ ਇਹ 2011 ਵਿਚ ਆਸਟਰੇਲੀਆ ਵਿਚੋਂ ਪਹਿਲੀ ਡਾਇਨਾਸੋਰ ਦੀ ਹੱਡੀ ਲੱਭਣ ਕਰਕੇ ਪ੍ਰਸਿੱਧ ਹੈ।
2011 ਵਿਚ ਹੋਈ ਜਨਗਣਨਾ ਅਨੁਸਾਰ ਇਨਵਰਲਾਕ ਦੀ ਕੁੱਲ ਵਸੋਂ 5437 ਸੀ। ਬਹੁਤ ਸੁੰਦਰ ਸੈਲਾਨੀ ਸਥਾਨ ਇਨਵਰਲਾਕ ਤੈਰਾਕੀ, ਕਾਈਟ ਸਰਫਿੰਗ ਅਥਵਾ ਪਤੰਗਬਾਜ਼ੀ ਅਤੇ ਹਵਾਬਾਜ਼ੀ ਕਰਕੇ ਜਾਣਿਆ ਜਾਂਦਾ ਹੈ। ਇਸ ਨਗਰ ਦਾ ਪ੍ਰਥਮ ਨਾਮ ਇੱਥੇ ਸਭ ਤੋਂ ਪਹਿਲਾਂ ਆ ਕੇ ਵਸਣ ਵਾਲੇ ਯੂਰੋਪੀਅਨ ਸੈਮੂਅਲ ਐਂਡਰਸਨ ਦੇ ਨਾਂ ’ਤੇ ਐਂਡਰਸਨ ਇਨਲੈੱਟ ਅਰਥਾਤ ਐਂਡਰਸਨ ਉਪ ਖਾੜੀ ਸੀ, ਪਰ ਬਾਅਦ ਵਿਚ ਇਸ ਦਾ ਨਾਂ ਸਕਾਟਲੈਂਡ ਦੀ ਝੀਲ ਐਂਟ੍ਰੈਂਸ ਦੇ ਨਾਂ ’ਤੇ ਇੰਟਰਲਾਕ ਪ੍ਰਸਿੱਧ ਹੋ ਗਿਆ।
ਇਨਵਰਲਾਕ, ਆਸਟਰੇਲੀਆ ਦੇ ਰਾਜ ਵਿਕਟੋਰੀਆ ਵਿਚ ਸਮੁੰਦਰ ਦੇ ਕੰਢੇ ਵਸਿਆ ਇਕ ਸੁੰਦਰ ਨਗਰ ਹੈ। ਇਹ ਮੈਲਬਰਨ ਤੋਂ 143 ਕਿਲੋਮੀਟਰ ਜਾਂ 89 ਮੀਲ ਦੱਖਣ-ਪੂਰਬ ਅਤੇ ਦੱਖਣੀ ਗਿਪਸਲੈਂਡ ਰਾਹੀਂ ਬਾਸ ਹਾਈਵੇਅ ’ਤੇ ਐਂਡਰਸਨ ਉਪ ਖਾੜੀ ’ਚ ਸਥਿਤ ਹੈ।
ਪਹਿਲਾਂ-ਪਹਿਲ ਇਹ ਐਂਡਰਸਨ ਉਪ ਖਾੜੀ ਦੇ ਸ਼ਾਂਤ ਵਸਦੇ ਪਾਣੀਆਂ ਕਰਕੇ ਪ੍ਰਸਿੱਧ ਸੀ, ਪਰ ਅੱਜਕੱਲ੍ਹ ਇਹ 2011 ਵਿਚ ਆਸਟਰੇਲੀਆ ਵਿਚੋਂ ਪਹਿਲੀ ਡਾਇਨਾਸੋਰ ਦੀ ਹੱਡੀ ਲੱਭਣ ਕਰਕੇ ਪ੍ਰਸਿੱਧ ਹੈ।
2011 ਵਿਚ ਹੋਈ ਜਨਗਣਨਾ ਅਨੁਸਾਰ ਇਨਵਰਲਾਕ ਦੀ ਕੁੱਲ ਵਸੋਂ 5437 ਸੀ। ਬਹੁਤ ਸੁੰਦਰ ਸੈਲਾਨੀ ਸਥਾਨ ਇਨਵਰਲਾਕ ਤੈਰਾਕੀ, ਕਾਈਟ ਸਰਫਿੰਗ ਅਥਵਾ ਪਤੰਗਬਾਜ਼ੀ ਅਤੇ ਹਵਾਬਾਜ਼ੀ ਕਰਕੇ ਜਾਣਿਆ ਜਾਂਦਾ ਹੈ। ਇਸ ਨਗਰ ਦਾ ਪ੍ਰਥਮ ਨਾਮ ਇੱਥੇ ਸਭ ਤੋਂ ਪਹਿਲਾਂ ਆ ਕੇ ਵਸਣ ਵਾਲੇ ਯੂਰੋਪੀਅਨ ਸੈਮੂਅਲ ਐਂਡਰਸਨ ਦੇ ਨਾਂ ’ਤੇ ਐਂਡਰਸਨ ਇਨਲੈੱਟ ਅਰਥਾਤ ਐਂਡਰਸਨ ਉਪ ਖਾੜੀ ਸੀ, ਪਰ ਬਾਅਦ ਵਿਚ ਇਸ ਦਾ ਨਾਂ ਸਕਾਟਲੈਂਡ ਦੀ ਝੀਲ ਐਂਟ੍ਰੈਂਸ ਦੇ ਨਾਂ ’ਤੇ ਇੰਟਰਲਾਕ ਪ੍ਰਸਿੱਧ ਹੋ ਗਿਆ।
ਇਨਵਰਲਾਕ ਦਾ ਘੋਗਾ ਅਜਾਇਬਘਰ:
ਸਾਗਰ ਕੰਢੇ ਬੀਚ ਦੀ ਰੇਤ ਵਿਚੋਂ ਪਣ-ਜੀਵਾਂ ਦੇ ਖੋਲ ਅਥਵਾ ਘੋਗੇ ਬਹੁਤ ਮਿਲਦੇ ਸਨ। ਸਾਗਰ ਦੀਆਂ ਸ਼ਕਤੀਸ਼ਾਲੀ ਅਤੇ ਤੇਜ਼ ਲਹਿਰਾਂ ਨਾਲ ਅਜਿਹੇ ਅਨੇਕਾਂ ਘੋਗੇ ਬੀਚ ਦੀ ਰੇਤ ਉਪਰ ਆ ਜਾਂਦੇ ਹਨ। ਅਜਿਹੇ ਘੋਗੇ, ਸਿੱਪੀਆਂ ਅਤੇ ਹੋਰ ਸਮੱਗਰੀ ਇਕੱਠੀ ਕਰਕੇ ਇਨਵਰਲਾਕ ਵਿਖੇ ਇਕ ਸ਼ੈੱਲ ਮਿਊਜ਼ੀਅਮ (SHELL MUSEUM) ਸਥਾਪਿਤ ਕੀਤਾ ਗਿਆ ਹੈ। ਇਸ ਘੋਗਾ ਅਜਾਇਬਘਰ ਵਿਚ ਕੇਵਲ ਘੋਗੇ, ਸਿੱਪੀਆਂ ਅਤੇ ਸੰਖ ਹੀ ਨਹੀਂ ਸਗੋਂ ਵੱਡੀਆਂ-ਵੱਡੀਆਂ ਮੱਛੀਆਂ ਅਤੇ ਹੋਰ ਕਈ ਅਦਭੁੱਤ ਸਮੁੰਦਰੀ ਜੀਵਾਂ ਦੇ ਪਿੰਜਰ ਜਾਂ ਹੱਡੀਆਂ ਵੀ ਸਥਾਪਿਤ ਹਨ। ਆਸਟਰੇਲੀਆ ਵਿਚ ਪ੍ਰਾਪਤ ਹੋਈ ਡਾਇਨਾਸੋਰ ਦੀ ਪਹਿਲੀ ਹੱਡੀ ਅਤੇ ਹੋਰ ਡਾਇਨਾਸੋਰਾਂ ਦੀਆਂ ਹੱਡੀਆਂ ਵੀ ਇਸ ਅਜਾਇਬਘਰ ਦਾ ਸ਼ਿੰਗਾਰ ਹਨ।
ਇਸ ਘੋਗਾ ਅਜਾਇਬਘਰ ਤੋਂ ਬਿਨਾਂ ਯਾਤਰੀਆਂ ਜਾਂ ਦਰਸ਼ਕਾਂ ਦੇ ਵੇਖਣ, ਮਾਣਨ ਅਤੇ ਜਾਣਨ ਲਈ ਹੋਰ ਵੀ ਥਾਵਾਂ ਹਨ। ਇਨ੍ਹਾਂ ਵਿਚ ਫਲੈਟ ਰੌਕਸ ਭਾਵ ਪੱਧਰੀਆਂ ਚੱਟਾਨਾਂ, ਮੇਨ ਸਰਫ਼ ਬੀਚ (ਮੁੱਖ ਸਰਫਿੰਗ ਕਰਨ ਵਾਲਾ ਸਮੁੰਦਰ ਦਾ ਰੇਤਲਾ ਕਿਨਾਰਾ), ਟਵਿੰਨ ਰੀਫ਼ਜ਼ (ਜੌੜੀਆਂ ਸਮੁੰਦਰੀ ਚੱਟਾਨਾਂ), ਐਂਡਰਸਨ ਇਨਲੈੱਟ (ਐਂਡਰਸਨ ਪ੍ਰਵੇਸ਼ ਦਵਾਰ), ਈਗਲਜ਼ ਨੈੱਸਟ (ਇੱਲ੍ਹ ਦਾ ਆਲਣਾ), ਸੈਕ ਬੇ (ਬੋਰੀ ਖਾੜੀ) ਆਦਿ ਪ੍ਰਸਿੱਧ ਹਨ ਅਤੇ ਦੇਖਣ ਯੋਗ ਹਨ।
ਇਨਵਰਲਾਕ ਰਿਜ਼ੌਰਟ R.A.C.V.: ਇਨਵਰਲਾਕ ਦੇ ਪ੍ਰਾਕ੍ਰਿਤਕ ਦ੍ਰਿਸ਼ਾਂ ਦਾ ਸੰਪੂਰਨ ਆਨੰਦ ਮਾਣਨਾ ਯਾਤਰੀਆਂ ਵਾਸਤੇ ਐਨਾ ਸੁਖਾਲਾ ਨਾ ਹੁੰਦਾ, ਜੇਕਰ R.A.C.V. ਦਾ ਇਨਵਰਲਾਕ ਰਿਜ਼ੌਰਟ ਹੋਂਦ ਵਿਚ ਨਾ ਆਉਂਦਾ। ਸਮੁੰਦਰ ਕਿਨਾਰੇ ਉਸਾਰਿਆ ਗਿਆ ਇਹ ਰਿਜ਼ੌਰਟ ਕਈ ਫਰਲਾਂਗਾਂ ਵਿਚ ਫੈਲਿਆ ਹੋਇਆ ਹੈ। ਰਿਜ਼ਾਰਟ ਦੇ ਸਵਾਗਤੀ ਹਾਲ ਵਿਚ ਪ੍ਰਵੇਸ਼ ਕਰਦਿਆਂ ਹੀ ਯਾਤਰੀ ਉੱਥੇ ਰਹਿ ਕੇ ਉੱਥੋਂ ਦੇ ਮਨਮੋਹਕ ਦ੍ਰਿਸ਼ ਮਾਣਨ ਲਈ ਕੀਲਿਆ ਜਾਂਦਾ ਹੈ। ਰਿਹਾਇਸ਼ੀ ਕਮਰਿਆਂ ਤੋਂ ਬਿਨਾਂ ਰਿਜ਼ੌਰਟ ਵਿਚ ਇਕ ਵਿਸ਼ਾਲ ਖਾਣ-ਪੀਣ ਦਾ ਹਾਲ (ਡਾਈਨਿੰਗ ਹਾਲ), ਦਾਰੂ ਸਿੱਕੇ ਅਰਥਾਤ ਵਿਸਕੀ, ਵਾਈਨ ਜਾਂ ਬੀਅਰ ਦੇ ਚਾਹਵਾਨਾਂ ਵਾਸਤੇ ਇਕ ‘ਬਾਰ’, ਬੱਚਿਆਂ ਦੇ ਖੇਡਣ ਦਾ ਵਿਸ਼ੇਸ਼ ਪ੍ਰਬੰਧ, ਕਈ ਕਾਰ ਪਾਰਕਾਂ ਅਤੇ ਹੋਰ ਕਈ ਸਹੂਲਤਾਂ ਪ੍ਰਾਪਤ ਹਨ।
ਇਸ ਰਿਜ਼ੌਰਟ ਵਿਚ ਅਨੇਕ ਰਿਹਾਇਸ਼ੀ ਕਮਰੇ ਅਤੇ ਡਬਲ ਸੈੱਟ ਅਰਥਾਤ ਦੂਹਰੇ ਰਿਹਾਇਸ਼ੀ ਪ੍ਰਬੰਧ ਹਨ। ਹਰ ਇਕ ਕਮਰੇ ਵਿਚ ਇਕ ਵੱਡਾ ਸੌਣ ਕਮਰਾ, ਦੂਹਰਾ ਮੰਜਾ ਬਿਸਤਰਾ, ਜਿਹੜੇ ਲੋੜ ਪੈਣ ’ਤੇ ਵੱਖ-ਵੱਖ ਵੀ ਕੀਤੇ ਜਾ ਸਕਦੇ ਹਨ। ਸੋਫ਼ਾ, ਕੁਰਸੀਆਂ, ਟੈਲੀਵਿਜ਼ਨ, ਕੇਤਲੀ ਸਮੇਤ ਚਾਹ ਦਾ ਸਾਮਾਨ ਅਤੇ ਇਕ ਰੈਫਰੀਜਰੇਟਰ ਜਿਸ ਵਿਚ ਠੰਢੀ ਵਿਸਕੀ, ਵਾਈਨ, ਬੀਅਰ ਅਤੇ ਖਾਣ-ਪੀਣ ਦਾ ਕਈ ਕੁਝ ਹੋਰ ਪ੍ਰਾਪਤ ਹੁੰਦਾ ਹੈ।
ਫਰਿੱਜ ਵਿਚ ਪਈਆਂ ਚੀਜ਼ਾਂ ਵਿਚੋਂ ਯਾਤਰੀ ਜੋ ਕੁਝ ਵਰਤ ਲੈਂਦਾ ਹੈ ਤਾਂ ਚੈੱਕ ਆਊਟ ਭਾਵ ਹੋਟਲ ਛੱਡਣ ਸਮੇਂ ਉਸ ਦਾ ਮੁੱਲ ਲੈ ਲਿਆ ਜਾਂਦਾ ਹੈ।
ਕਮਰੇ ਦੇ ਕਿਰਾਏ ਵਿਚ ਸ਼ਾਮਲ ਖਾਣ-ਪੀਣ ਦੀਆਂ ਚੀਜ਼ਾਂ ਸਮਝ ਕੇ ਸਭ ਕੁਝ ਚੱਟਮ ਕਰ ਜਾਣ ਵਾਲੇ ਗਾਹਕਾਂ ਨੂੰ ਹੋਟਲ ਛੱਡਣ ਵੇਲੇ ਪਛਤਾਉਣਾ ਵੀ ਪੈਂਦਾ ਹੈ, ਪਰ ਚਾਹ ਕੌਫੀ ਦਾ ਕੁਝ ਨਹੀਂ ਲਿਆ ਜਾਂਦਾ।
ਦਿਨ ਢਲਦਿਆਂ ਹੀ ਰਿਜ਼ੌਰਟ ਦੇ ਰੈਸਤੋਰਾਂ ਅਤੇ ਬਾਰ ਵਿਚ ਰੌਣਕ ਵਧਣ ਲੱਗਦੀ ਹੈ। ਕਾਊਂਟਰ ’ਤੇ ਆਪਣੀ ਮਨਪਸੰਦ ਵਸਤੂ ਦਾ ਆਰਡਰ ਦੇ ਕੇ ਯਾਤਰੀ ਸਾਹਮਣੇ ਵਿਸ਼ਾਲ ਹਾਲ ਵਿਚ ਲੱਗੇ ਸੋਫ਼ਿਆਂ ’ਤੇ ਬੈਠ ਜਾਵੇ। ਉਸ ਦੇ ਮੇਜ਼ ’ਤੇ ਮਨਇੱਛਤ ਵਸਤੂ ਪੁੱਜਦੀ ਰਹਿੰਦੀ ਹੈ।
ਮੇਰਾ ਪਰਿਵਾਰ, ਪ੍ਰਭਾ, ਨੀਰਜ, ਮੋਨਾ ਅਤੇ ਦੋਵੇਂ ਬੱਚੇ ਬਾਹਰ ਘੁੰਮਣ ਚਲੇ ਗਏ, ਪਰ ਥਕੇਵੇਂ ਕਾਰਨ ਮੈਂ ਰਿਜ਼ੌਰਟ ਵਿਚ ਠਹਿਰਨਾ ਹੀ ਠੀਕ ਸਮਝਿਆ।
ਵਿਸ਼ਾਲ ਹਾਲ ਵਿਚ ਪ੍ਰਵੇਸ਼ ਕਰਕੇ ਵਾਈਨ ਦਾ ਆਰਡਰ ਦੇ ਕੇ ਮੈਂ ਸਮੁੰਦਰ ਵੱਲ ਖੁੱਲ੍ਹਦੀ ਇਕ ਬਾਰੀ ਪਾਸ ਬੈਠ ਗਿਆ। ਹੌਲੀ-ਹੌਲੀ ਸਾਰਾ ਹਾਲ ਯਾਤਰੀਆਂ ਨਾਲ ਭਰ ਗਿਆ। ਆਸਟਰੇਲੀਅਨ ਅਮਰੀਕਨ, ਬਰਤਾਨਵੀ, ਗੋਰੇ-ਗੋਰੀਆਂ, ਅਫ਼ਰੀਕਾ, ਨਾਇਜੀਰੀਆ ਤੇ ਅਮਰੀਕਾ ਦੇ ਮੋਟੇ ਬੁੱਲ੍ਹਾਂ ਨਿੱਕੇ ਘੁੰਗਰਾਲੇ ਵਾਲਾਂ ਤੇ ਸੁਡੌਲ ਸਰੀਰਾਂ ਵਾਲੇ ਸਿਆਹਫ਼ਾਮ, ਕਾਲੀ ਸੂਫ਼ ਜਾਂ ਰੇਸ਼ਮ ਦੇ ਕਾਲੇ ਤੇ ਲੰਮੇ ਫ਼ਰਲਿਆਂ ਵਾਲੇ ਅਰਬਾਂ ਅਤੇ ਕੁਝ ਕੁ ਭਾਰਤੀਆਂ ਵਿਚ ਪੱਗ ਵਾਲਾ ਕੇਵਲ ਲੇਖਕ ਹੀ ਸੀ। ਮੇਰੀ ਦਿੱਖ ਭਾਵੇਂ ਆਕਰਸ਼ਕ ਨਹੀਂ ਸੀ, ਪਰ ਮੇਰੀ ਪੱਗ ਜ਼ਰੂਰ ਲੋਕਾਂ ਦਾ ਧਿਆਨ ਖਿੱਚਦੀ ਸੀ।
ਸੰਗੀਤ ਦੀ ਧੀਮੀ ਜਿਹੀ ਧੁਨ ਸੁਣ ਰਹੀ ਸੀ। ਕੋਈ ਸੌ ਸਵਾ ਸੌ ਲੋਕ ਹਾਲ ਵਿਚ ਬੈਠੇ ਵਾਈਨ, ਵਿਸਕੀ, ਬੀਅਰ ਜਾਂ ਕੌਫੀ ਚਾਹ ਆਦਿ ਪੀ ਰਹੇ ਸਨ। ਆਪਣੇ-ਆਪਣੇ ਮੇਜ਼ ਦੁਆਲੇ ਬੈਠੇ ਗੱਲਾਂ ਕਰ ਰਹੇ ਸਨ, ਪਰ ਕੋਈ ਰੌਲਾ ਨਹੀਂ ਸੀ ਪੈ ਰਿਹਾ। ਹਾਂ ਕਦੇ-ਕਦੇ ਕਿਸੇ ਮੇਜ਼ ਤੋਂ ਹੱਸਣ ਜਾਂ ਠਹਾਕਾ ਵੱਜਣ ਦੀ ਆਵਾਜ਼ ਜ਼ਰੂਰ ਸੁਣਦੀ ਸੀ। ਮੈਨੂੰ ਖ਼ਿਆਲ ਆਇਆ ਕਿ ਸਾਡੇ ਦੇਸ਼ ਭਾਰਤ ਵਿਚ ਤਾਂ ਪੰਜ-ਸੱਤ ਵਿਅਕਤੀ ਹੀ ਇਕੱਠੇ ਦਾਰੂ ਪੀ ਰਹੇ ਹੋਣ ਤਾਂ ਦੂਜੇ ਜਾਂ ਤੀਜੇ ਪੈੱਗ ਪਿੱਛੋਂ ਮਾਹੌਲ ਗਰਮਾ ਜਾਂਦਾ ਹੈ ਅਤੇ ਤੂੰ-ਤੂੰ, ਮੈਂ-ਮੈਂ ਜਾਂ … ਦੇ ਸਲੋਕ ਸੁਣਨੇ ਸ਼ੁਰੂ ਹੋ ਜਾਂਦੇ ਹਨ। ਗ਼ਾਲ੍ਹਾਂ ਦਾ ਆਦਾਨ-ਪ੍ਰਦਾਨ ਨਾ ਹੋਵੇ ਤਾਂ ਚੀਕਾਂ, ਕੂਕਾਂ ਤੇ ਕਿਲਕਾਰੀਆਂ ਤਾਂ ਕਿਤੇ ਨਹੀਂ ਗਈਆਂ। ਅਸਲ ਵਿਚ ਅੰਤਰ ਇਹ ਹੈ ਕਿ ਅਸੀਂ ਪੰਜਾਬੀ ਪੀਂਦੇ ਨਹੀਂ ਸੁੜਕਦੇ ਹਾਂ ਅਤੇ ਵਿਕਸਤ ਸਭਿਆਚਾਰਕ ਲੋਕ ਕੇਵਲ ‘ਸਿੱਪ’ ਕਰਦੇ ਅਰਥਾਤ ਚੁਸਕੀਆਂ ਲੈਂਦੇ ਹਨ। ਸਾਡੇ ਲੋਕ ਜਦੋਂ ਸ਼ਰਾਬ ਪੀਣ ਤਾਂ ਕੇਵਲ ਮਰਦ ਹੀ ਹੁੰਦੇ ਹਨ ਅਤੇ ਗੋਰਿਆਂ ਦੀ ਸੰਗਤ ਵਿਚ ਦੋਸਤਾਂ ਤੇ ਉਨ੍ਹਾਂ ਦੀਆਂ ਪਤਨੀਆਂ, ਭੈਣਾਂ ਅਤੇ ਕਈ ਵਾਰ ਮੁਟਿਆਰ ਧੀਆਂ ਵੀ ਬੈਠਦੀਆਂ ਹਨ। ਇਹ ਤਾਂ ਪ੍ਰਤੱਖ ਸੱਚਾਈ ਹੈ ਕਿ ਇਸਤਰੀਆਂ ਦੀ ਹਾਜ਼ਰੀ ਵਿਚ ਗੱਲਾਂਬਾਤਾਂ ਸਭਿਅਕ ਅਤੇ ਸੰਜੀਦਾ ਹੁੰਦੀਆਂ ਹਨ।
ਮੈਂ ਇਕੱਲਾ ਬੈਠਾ ਸਾਂ। ਆਪਣੀ ਗਲਾਸੀ ਸਿਰੇ ਲਾ ਕੇ ਮੈਂ ਆਲੇ-ਦੁਆਲੇ ਸੁਸ਼ੋਭਿਤ ਲੋਕਾਂ ਦਾ ਅਧਿਐਨ ਕਰ ਹੀ ਰਿਹਾ ਸਾਂ ਕਿ ਬਾਰ ਦਾ ਬੈਰਾ ਆਇਆ ਅਤੇ ਮੇਰੇ ਮੇਜ਼ ਉੱਤੇ ਇਕ ਪੈੱਗ ਹੋਰ ਰੱਖ ਕੇ ਤਲੀ ਹੋਈ ਮੱਛੀ ਦੇ ਕੁਝ ਟੁਕੜੇ ਰੱਖਣ ਲੱਗਾ।
‘‘ਮੈਂ ਤਾਂ ਪੀ ਚੁੱਕਾ ਹਾਂ। ਮੈਂ ਹੋਰ ਆਰਡਰ ਨਹੀਂ ਦਿੱਤਾ।’’ ਮੈਂ ਕਿਹਾ।
‘‘ਸਰ! ਤੁਹਾਡੇ ਲਗਾਤਾਰ ਬਾਰ ਵਿਚ ਹਾਜ਼ਰ ਰਹਿਣ ਕਰਕੇ, ਮੈਨੇਜਰ ਵੱਲੋਂ ਇਹ ਧੰਨਵਾਦ ਵਜੋਂ ਹੈ।’’ ਬੈਰੇ ਦਾ ਉੱਤਰ ਸੀ। ਪਹਿਲਾਂ ਮੈਂ ਡਾਲਰ ਖ਼ਰਚੇ ਸਨ, ਪਰ ਇਹ ਮੁਫ਼ਤ ਵਿਚ ਪ੍ਰਾਪਤ ਹੋਇਆ ਸੀ ਅਤੇ ਇਸ ਦਾ ਸਰੂਰ ‘ਨਾਭੇ ਦੀ ਬੰਦ ਬੋਤਲ’ ਦੇ ਸਰੂਰ ਬਰਾਬਰ ਸੀ।
ਸੰਪਰਕ: 99154-73505