ਤਜਿੰਦਰ
ਅਰਬ ਮੁਲਕਾਂ ਉੱਪਰ ਬਣੀਆਂ ਹਾਲੀਵੁੱਡ ਫਿਲਮਾਂ, ਵੀਡਿਓ ਗੇਮਾਂ ਅਤੇ ਮੀਡੀਆ ਦੇ ਹੋਰਨਾਂ ਮਾਧਿਅਮਾਂ ਰਾਹੀਂ ਇਹ ਬਿਰਤਾਂਤ ਆਮ ਹੀ ਪੇਸ਼ ਕੀਤਾ ਜਾਂਦਾ ਹੈ ਕਿ ਅਰਬ ਮੁਲਕਾਂ ਦੀ ਲੋਕਾਈ ਫਿਰਕੂ ਕੱਟੜਪੰਥੀਆਂ, ਤਾਨਾਸ਼ਾਹਾਂ ਦੇ ਰਾਜ ਵਿਚ ਪਿਸ ਰਹੀ ਹੈ ਤੇ ਅਮਰੀਕੀ ਫੌਜ ਇਨ੍ਹਾਂ ਕੱਟੜਪੰਥੀ ਤਾਕਤਾਂ ਅਤੇ ਤਾਨਾਸ਼ਾਹਾਂ ਵਿਰੁੱਧ ‘ਜਮਹੂਰੀਅਤ’ ਦੀ ਕਾਇਮੀ ਲਈ ਲੜ ਰਹੀ ਹੈ। ਅਮਰੀਕਾ ਨੂੰ ਅਰਬ ਮੁਲਕਾਂ ਦੀ ‘ਵਿਚਾਰੀ’ ਲੋਕਾਈ ਲਈ ਬਹੁੜੇ ਆਧੁਨਿਕ ਹਥਿਆਰਾਂ ਵਾਲ਼ੇ ਮਸੀਹੇ ਵਜੋਂ ਪੇਸ਼ ਕੀਤਾ ਜਾਂਦਾ ਹੈ ਜਿਸ ਦੀ ਗੈਰ-ਹਾਜ਼ਰੀ ਦਾ ਮਤਲਬ ਹੋਵੇਗਾ, ਇਨ੍ਹਾਂ ਖਿੱਤਿਆਂ ਵਿਚ ਮੱਧ-ਯੁਗੀ ਬਰਬਰਤਾ ਦਾ ਫੇਲਣਾ, ਤੇ ਜਿਸ ਦਾ ਸ਼ਿਕਾਰ ਨਾ ਸਿਰਫ ਇਥੋਂ ਦੀ ਲੋਕਾਈ ਹੋਵੇਗੀ ਸਗੋਂ ਇਹ ਬਰਬਰਤਾ ਪੱਛਮ ਦੀ ਜਮਹੂਰੀ ਸੱਭਿਅਤਾ ਤੇ ਸੰਸਾਰ ਅਮਨ ਲਈ ਵੀ ਖਤਰਨਾਕ ਹੋਵੇਗੀ।
ਪਿਛਲੀ ਤਕਰੀਬਨ ਅੱਧੀ ਸਦੀ ਤੋਂ ਘੜੇ ਅਤੇ ਮੀਡੀਆ ਰਾਹੀਂ ਪ੍ਰਚਾਰੇ ਇਸ ਬਿਰਤਾਂਤ ਰਾਹੀਂ ਵੱਡੇ ਪੱਧਰ ਤੇ ਇਸਲਾਮੀ ਦਿੱਖ ਨੂੰ ਦਹਿਸ਼ਤਗਰਦ ਦੇ ਸਮਾਨਾਂਤਰ ਲੋਕਾਂ ਦੀ ਚੇਤਨਾ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਹਕੀਕਤ ਇਹ ਹੈ ਕਿ ਜਿਸ ਇਸਲਾਮੀ ਕੱਟੜਤਾ ਤੇ ਦਹਿਸ਼ਤਗਰਦੀ ਵਿਰੁੱਧ ਅਮਰੀਕਾ ਵਰਗੀਆਂ ਸਾਮਰਾਜੀ ਤਾਕਤਾਂ ਲੜਨ ਦਾ ਦਾਅਵਾ ਕਰਦੀਆਂ ਹਨ, ਉਸ ਨੂੰ ਪਾਲਣ ਪੋਸਣ ਵਾਲ਼ੀਆਂ ਵੀ ਅਮਰੀਕਾ ਵਰਗੀਆਂ ਤਾਕਤਾਂ ਹੀ ਹਨ। ਜਿੱਥੇ ਇੱਕ ਪਾਸੇ ਲੁੱਟ ਲਈ ਇਨ੍ਹਾਂ ਸਾਮਰਾਜੀਆਂ ਦੁਆਰਾ ਫੈਲਾਏ ਫਿਰਕੂ ਜ਼ਹਿਰ ਦਾ ਸੰਤਾਪ ਭੋਗਣ ਲਈ ਅਰਬ ਮੁਲਕਾਂ ਦੀ ਲੋਕਾਈ ਸਰਾਪੀ ਹੋਈ ਹੈ, ਦੂਜੇ ਪਾਸੇ ‘ਦਹਿਸ਼ਤਗਰਦੀ ਵਿਰੁੱਧ ਜੰਗ’ ਤੇ ‘ਸੰਸਾਰ ਸ਼ਾਤੀ’ ਲਈ ਅਮਰੀਕਾ ਵਰਗੀਆਂ ਤਾਕਤਾਂ ਦੁਆਰਾ ਥੋਪੀਆਂ ਜੰਗਾਂ ਨੇ ਵੀ ਆਮ ਲੋਕਾਈ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਹੈ। ਅਕਸਰ ਮੀਡੀਆ ਵਿਚ ਇਸਲਾਮੀ ਕੱਟੜਪੰਥੀਆਂ ਦੀ ਬਰਬਰਤਾ ਦੀ ਤਾਂ ਚਰਚਾ ਹੁੰਦੀ ਹੈ ਪਰ ਇਨ੍ਹਾਂ ਨੂੰ ਪੈਦਾ ਕਰਨ ਵਾਲ਼ੇ, ਸੂਟ-ਬੂਟ ਵਾਲ਼ੇ ਪੱਛਮ ਦੇ ਉਨ੍ਹਾਂ ਹਾਕਮਾਂ ਦੀ ਬਰਬਰਤਾ ਉੱਪਰ ‘ਜਮਹੂਰੀਅਤ ਤੇ ਸੰਸਾਰ ਸ਼ਾਤੀ’ ਦਾ ਪਰਦਾ ਪਾ ਦਿੱਤਾ ਜਾਂਦਾ ਹੈ। ਸਮੇਂ ਸਮੇਂ ਅਖੌਤੀ ਜਮਹੂਰੀਅਤ ਤੇ ਸੰਸਾਰ ਅਮਨ ਦੇ ਇਨ੍ਹਾਂ ਆਪੂੰ ਬਣੇ ਠੇਕੇਦਾਰਾਂ ਦੇ ਜੰਗੀ ਅਪਰਾਧਾਂ ਦੇ ਘਿਨਾਉਣੇ ਤੱਥ ਲੋਕਾਂ ਸਾਹਮਣੇ ਨਸ਼ਰ ਹੁੰਦੇ ਰਹੇ ਹਨ। ਅਜਿਹੇ ਹੀ ਜੰਗੀ ਅਪਰਾਧਾਂ ਦਾ ਖੁਲਾਸਾ ਪਿਛਲੇ ਦਿਨੀਂ ‘ਨਿਊ ਯਾਰਕ ਟਾਈਮਜ਼’ ਵਿਚ ਛਾਪੀਆਂ ਜਾ ਰਹੀਆਂ ਰਿਪੋਰਟਾਂ ਵਿਚ ਹੋਇਆ ਹੈ।
ਅਮਰੀਕੀ ਬੰਬਾਂ ਨਾਲ ਇਰਾਕ ਅਤੇ ਸੀਰੀਆ ਵਿਚ ਕੀਤੇ ਕਤਲੇਆਮ ਸੰਬੰਧੀ ਪੱਤਰਕਾਰ ਅਜ਼ਮਤ ਖਾਨ ਦੁਆਰਾ ਪੈਂਟਾਗਨ ਤੋਂ ਹਾਸਲ ਕੀਤੀਆਂ 1311 ਰਿਪੋਰਟਾਂ ਅਤੇ ਇਨ੍ਹਾਂ ਹਮਲਿਆਂ ਦੇ ਪੀੜਤਾਂ ਨਾਲ਼ ਕੀਤੀਆਂ ਮੁਲਾਕਾਤਾਂ ਦੇ ਆਧਾਰ ਤੇ ਦੋ ਲੇਖ ‘ਨਿਊ ਯੌਾਰਕ ਟਾਈਮਜ਼’ ਵਿਚ ਲਿਖੇ ਗਏ ਹਨ। ‘ਨਿਊ ਯਾਰਕ ਟਾਈਮਜ਼’ ਦੁਆਰਾ ਪੈਂਟਾਗਨ ਦੀਆਂ ਇਨ੍ਹਾਂ ਰਿਪੋਰਟਾ ਵਿਚੋਂ ਹੁਣ ਤੱਕ ਸੈਂਕੜੇ ਰਿਪੋਰਟ 22 ਦਸੰਬਰ ਨੂੰ ਆਪਣੀ ਵੈੱਬਸਾਈਟ ਉੱਪਰ ਜਨਤਕ ਕੀਤੀਆਂ ਗਈਆਂ ਹਨ।
ਸੀਰੀਆ ਅਤੇ ਇਰਾਕ ਵਿਚ ਅਮਰੀਕੀ ਹਵਾਈ ਹਮਲੇ ਦੌਰਾਨ ਮਾਰੇ ਗਏ ਆਮ ਨਾਗਰਿਕਾਂ ਬਾਰੇ ਪੈਂਟਾਗਨ ਦੁਆਰਾ 2014-2018 ਦੌਰਾਨ 2,866 ਰਿਪੋਰਟ ਜਾਰੀ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਵਿਚੋਂ ਦਰਜਨ ਦੇ ਲਗਭਗ ਰਿਪੋਰਟ ਹੀ ਜਨਤਕ ਕੀਤੀਆਂ ਗਈਆਂ ਸਨ। ਪੰਜ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਹੁਣ ਇਨ੍ਹਾਂ ਵਿਚੋਂ 1,311 ਰਿਪੋਰਟ ‘ਨਿਊ ਯਾਰਕ ਟਾਈਮਜ਼’ ਨੂੰ ਦਿੱਤੀਆਂ ਗਈਆਂ ਹਨ। ਪੈਂਟਾਗਨ ਦੀਆਂ ਇਨ੍ਹਾਂ ਰਿਪੋਰਟਾਂ ਵਿਚ (ਜੋ ਪਹਿਲਾਂ ਗੁਪਤ ਸਨ) ਹਵਾਈ ਹਮਲੇ ਦੌਰਾਨ ਮਾਰੇ ਗਏ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਮੌਤ ਦਾ ਸੱਚ ਕਬੂਲਿਆ ਗਿਆ ਹੈ। ਪੱਤਰਕਾਰ ਅਜ਼ਮਤ ਖਾਨ ਦੁਆਰਾ ਇਨ੍ਹਾਂ ਰਿਪੋਰਟਾਂ ਦੇ ਆਧਾਰ ਤੇ ਇਰਾਕ ਅਤੇ ਸੀਰੀਆ ਵਿਚ ਹਮਲਿਆਂ ਦੀਆਂ 100 ਥਾਵਾਂ ਤੇ ਜਾ ਕੇ ਪੀੜਤਾਂ ਨਾਲ਼ ਮੁਲਾਕਾਤਾਂ ਕਰਕੇ ਰਿਪੋਰਟ ਵਿਚਲੇ ਤੱਥਾਂ ਦੀ ਪੜਤਾਲ ਕੀਤੀ ਗਈ ਹੈ। ਉਸ ਨੂੰ ਆਪਣੀ ਪੜਤਾਲ ਵਿਚ ਇਹ ਪਤਾ ਲੱਗਾ ਹੈ ਕਿ ਹਵਾਈ ਹਮਲਿਆਂ ਦੌਰਾਨ ਹੋਈਆਂ ਬਹੁਤ ਸਾਰੀਆਂ ਮੌਤਾਂ ਨੂੰ ਤਾਂ ਪੂਰੀ ਤਰ੍ਹਾਂ ਅੱਖੋਂ ਓਹਲੇ ਹੀ ਕਰ ਦਿੱਤਾ ਗਿਆ ਹੈ ਤੇ ਜਿੱਥੇ ਕਿਤੇ ਆਮ ਲੋਕਾਂ ਦੀ ਮੌਤ ਨੂੰ ਮੰਨਿਆ ਵੀ ਗਿਆ ਹੈ, ਉਥੇ ਇਸ ਦੀ ਗਿਣਤੀ ਕਾਫੀ ਘੱਟ ਹੈ।
19 ਜੁਲਾਈ 2016 ਨੂੰ ਅਮਰੀਕੀ ਫੌਜ ਦੁਆਰਾ ਸੀਰੀਆ ਦੇ ਤੋਖਾਰ ਇਲਾਕੇ ਉੱਤੇ ਇਹ ਕਹਿ ਕੇ ਬੰਬ ਸੁੱਟਿਆ ਗਿਆ ਕਿ ਉੱਥੇ ਆਈਐੱਸਆਈਐੱਸ (ਇਸਲਾਮਿਕ ਸਟੇਟ) ਦੇ ਤਿੰਨ ਟਿਕਾਣੇ ਹਨ। ਇਸ ਹਮਲੇ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਇਸਲਾਮਿਕ ਸਟੇਟ ਦੇ 85 ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ ਪਰ ਪੱਤਰਕਾਰ ਅਜ਼ਮਤ ਖਾਨ ਦੀ ਪੜਤਾਲ ਅਨੁਸਾਰ ਅਮਰੀਕੀ ਫੌਜ ਨੇ ਇਸ ਹਮਲੇ ਦੌਰਾਨ ਉਨ੍ਹਾਂ ਘਰਾਂ ਉੱਪਰ ਬੰਬ ਸੁੱਟੇ ਜੋ ਲੜਾਈ ਦੇ ਮੋਰਚੇ ਤੋਂ ਬਹੁਤ ਜ਼ਿਆਦਾ ਦੂਰ ਸਨ, ਜਿੱਥੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਵਾਲ਼ੇ ਤੇ ਹੋਰ ਸਥਾਨਕ ਲੋਕ ਬੰਬਾਂ ਤੇ ਗੋਲ਼ੀਆਂ ਤੋਂ ਬਚਣ ਲਈ ਰਾਤ ਗੁਜ਼ਾਰਨ ਲਈ ਠਹਿਰੇ ਸਨ। 85 ਦਸ਼ਿਤਗਰਦਾਂ ਦੀ ਬਜਾਇ ਅਸਲ ਵਿਚ ਅਮਰੀਕੀ ਬੰਬਾਂ ਨੇ 120 ਤੋਂ ਵੱਧ ਆਮ ਲੋਕਾਂ ਦਾ ਕਤਲ ਕਰ ਦਿੱਤਾ।
ਪੱਤਰਕਾਰ ਅਜ਼ਮਤ ਖਾਨ ਨੇ ਆਮ ਨਾਗਰਿਕਾਂ ਦੀਆਂ ਅਜਿਹੀਆਂ ਹਜ਼ਾਰਾਂ ਮੌਤਾਂ ਤੋਂ ਪਰਦਾ ਚੁੱਕਿਆ ਹੈ ਜਿਨ੍ਹਾਂ ਵਿਚ ਬਹੁਤ ਸਾਰੇ ਮਸੂਮ ਬੱਚੇ ਵੀ ਸ਼ਾਮਲ ਹਨ। ਪੈਂਟਾਗਨ ਦੀਆਂ ਰਿਪੋਰਟਾਂ ਅਨੁਸਾਰ ਕੁੱਲ ਹਵਾਈ ਹਮਲਿਆਂ ਵਿਚੋਂ 27 ਫੀਸਦੀ ਹਮਲਿਆਂ ਵਿਚ ਬੱਚਿਆਂ ਦੀ ਮੌਤ ਹੋਈ ਜਾਂ ਉਹ ਜ਼ਖਮੀ ਹੋਏ ਹਨ। ਪੱਤਰਕਾਰ ਅਜ਼ਮਤ ਖਾਨ ਦੀ ਪੜਤਾਲ ਅਨੁਸਾਰ 27 ਨਹੀਂ ਸਗੋਂ 67 ਫੀਸਦੀ ਹਮਲਿਆਂ ਵਿਚ ਬੱਚੇ ਨਿਸ਼ਾਨਾ ਬਣੇ ਹਨ।
ਇਹ ਨਹੀਂ ਕਿ ਅਮਰੀਕੀ ਫੌਜ ਦੇ ਹਵਾਈ ਹਮਲਿਆਂ ਵਿਚ ਨਿਰਦੋਸ਼ ਨਾਗਰਿਕਾਂ ਦਾ ਮਾਰਿਆ ਜਾਣਾ ਕੋਈ ਗਲਤੀ ਕਾਰਨ ਸੀ ਜਾਂ ਹਮਲੇ ਵਿਚ ਆਮ ਨਾਗਰਿਕਾਂ ਦੇ ਮਾਰੇ ਜਾਣ ਬਾਰੇ ਫੌਜ ਦੇ ਅਧਿਕਾਰੀ ਅਣਜਾਣ ਸਨ। ਪੈਂਟਾਗਨ ਦੀਆਂ ਰਿਪਰੋਟਾਂ ਵਿਚ ਖੁਦ ਕਬੂਲਿਆ ਗਿਆ ਹੈ ਕਿ ਇਹ ਜਾਣਕਾਰੀ ਹੁੰਦੇ ਹੋਏ ਵੀ ਕਿ ਇਸ ਵਿਚ ਆਮ ਨਾਗਰਿਕ, ਇਥੋਂ ਤੱਕ ਕਿ ਬੱਚੇ ਵੀ ਮਾਰੇ ਜਾਣਗੇ, ਅਮਰੀਕੀ ਫੌਜ ਦੁਆਰਾ ਜਾਣ ਬੁੱਝ ਕੇ ਬੰਬ ਸੁੱਟੇ ਗਏ।
ਇਸ ਤੋਂ ਘਿਨਾਉਣਾ ਅਤੇ ਬਰਬਰ ਕੀ ਹੋ ਸਕਦਾ ਹੈ ਕਿ ਅਮਰੀਕੀ ਫੌਜ ਦੇ ਅਫਸਰਾਂ ਲਈ ਇਹ ਆਮ ਲੋਕ ਸਿਰਫ ਹਿਸਾਬ ਦੀ ਗਿਣਤੀ ਹੈ ਤੇ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਹਮਲੇ ਵਿਚ ਆਮ ਲੋਕ ਵੀ ਮਾਰੇ ਜਾਣਗੇ। ਇਸ ਕਤਲੇਆਮ ਲਈ ਅਮਰੀਕੀ ਫੌਜ ਨੇ ਇੱਕ ਹਿਸਾਬ ਦਾ ਫਾਰਮੂਲਾ ਵੀ ਤਿਆਰ ਕੀਤਾ ਹੈ ਜਿਸ ਰਾਹੀਂ ਪੱਛਮ ਦੇ ਇਨ੍ਹਾਂ ਬਰਬਰਾਂ ਦੁਆਰਾ ਹਿਸਾਬ ਲਗਾਇਆ ਜਾਂਦਾ ਹੈ ਕਿ ਇੱਕ ਖਾਸ ਨਿਸ਼ਾਨੇ ਪਿੱਛੇ ਉਹ ਕਿੰਨੇ ਮਾਸੂਮ ਲੋਕਾਂ ਦੀ ਬਲੀ ਦੇ ਸਕਦੇ ਹਨ ਤੇ ਜੇ ਗਿਣਤੀ 6-10 ਦੇ ਵਿਚਕਾਰ ਹੈ, ਭਾਵੇਂ ਉਹ ਬੱਚੇ ਹਨ ਤਾਂ ਇਹ ਅਮਰੀਕੀ ਫੌਜ ਲਈ ਆਮ ਗੱਲ ਹੈ।
20 ਮਾਰਚ 2017 ਨੂੰ ਸੀਰੀਆ ਦੇ ਤਬਕਾ ਵਿਚ ਸੰਘਣੀ ਆਬਾਦੀ ਵਾਲ਼ੇ ਇਲਾਕੇ ਵਿਚ ਫੈਕਟਰੀ ਉੱਪਰ ਬੰਬ ਸੁੱਟਿਆ ਗਿਆ। ਬੰਬ ਸੁੱਟਣ ਤੋਂ ਪਹਿਲਾਂ ‘ਟਾਰਗੇਟ ਐਂਗੇਜ਼ਮੈਂਟ ਅਥਾਰਿਟੀ’ ਦੁਆਰਾ ਹਿਸਾਬ ਲਗਾਇਆ ਗਿਆ ਤੇ ਚਿਤਾਵਨੀ ਦਿੱਤੀ ਗਈ ਕਿ ਇਸ ਵਿਚ ਮਾਰੇ ਜਾਣ ਵਾਲ਼ੇ ਆਮ ਲੋਕਾਂ ਦੀ ਗਿਣਤੀ ‘ਸਹਿਣਯੋਗ’ ਗਿਣਤੀ ਤੋਂ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਹਮਲਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਹਮਲੇ ਵਿਚ ਬੱਚਿਆਂ ਸਮੇਤ ਘੱਟੋ-ਘੱਟ 10 ਆਮ ਲੋਕ ਮਾਰੇ ਗਏ।
ਆਮ ਨਾਗਰਿਕਾਂ ਨੂੰ ਮਾਰਨ ਦੀ ਚੋਣ ਸਿਰਫ ਸੰਭਾਵੀ ਔਸਤ ਮੌਤਾਂ ਦਾ ਹੀ ਮਸਲਾ ਨਹੀਂ ਹੈ। ਪੈਂਟਾਗਨ ਦੀਆਂ ਰਿਪੋਰਟ ਇਸ ਤੱਥ ਨੂੰ ਵੀ ਉਜਾਗਰ ਕਰਦੀਆਂ ਹਨ ਕਿ ਅਮਰੀਕੀ ਫੌਜ ਦੁਆਰਾ ਡਰੋਨ ਕੈਮਰੇ ਰਾਹੀਂ ਸਕਰੀਨ ਉੱਪਰ ਸਾਫ ਸਾਫ ਬੱਚਿਆਂ ਨੂੰ ਦੇਖਣ ਤੋਂ ਬਾਅਦ ਵੀ ਬੰਬ ਸੁੱਟੇ ਗਏ। ਇੱਕ ਜਗ੍ਹਾ ਛੱਤ ਉੱਪਰ ਖੇਡ ਰਹੇ ਬੱਚਿਆਂ ਉੱਪਰ ਬੰਬ ਸੁੱਟਿਆ ਗਿਆ, ਇਸ ਹਮਲੇ ਵਿਚ ਬੱਚਿਆਂ ਸਮੇਤ 11 ਨਿਰਦੋਸ਼ ਲੋਕ ਮਾਰੇ ਗਏ ਜਦਕਿ ਉੱਥੇ ਇਸਲਾਮਿਕ ਸਟੇਟ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ। ਬਗਦਾਦ ਦੇ ਰਿਹਾਇਸ਼ੀ ਇਲਾਕੇ ਉੱਤੇ ਬੰਬ ਸੁੱਟੇ ਗਏ ਤੇ 70 ਨਿਰਦੋਸ਼ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਇਸ ਹਮਲੇ ਵਿਚ ਬਚੀ ਔਰਤ ਨੇ ਪੱਤਰਕਾਰ ਅਜ਼ਮਤ ਖਾਨ ਨੂੰ ਦੱਸਿਆ ਕਿ ਉਸ ਦੇ 3, 12 ਅਤੇ 13 ਸਾਲਾਂ ਦੇ ਤਿੰਨ ਬੱਚੇ ਇਸ ਹਮਲੇ ਵਿਚ ਮਾਰੇ ਗਏ ਹਨ। ਸਫੈਦ ਝੋਲੇ ਜਿਨ੍ਹਾਂ ਬਾਰੇ ਇਹ ਕਿਹਾ ਗਿਆ ਕਿ ਇਹ ਬੰਬ ਹਨ, ਬਾਰੇ ਬਾਅਦ ਵਿਚ ਪਤਾ ਲੱਗਾ ਕਿ ਇਹ ਝੋਲ਼ੇ ਅਸਲ ਵਿਚ ਰੂੰ ਦੀਆਂ ਪੰਡਾਂ ਸਨ। ਫੈਕਟਰੀ ਉੱਪਰ ਹਵਾਈ ਬੰਬ ਸੁੱਟਿਆ ਗਿਆ ਜਿਸ ਵਿਚ 9 ਮਜ਼ਦੂਰ ਮਾਰੇ ਗਏ।
ਇੱਕ ਆਦਮੀ ਨੂੰ ਹਵਾਈ ਹਮਲੇ ਰਾਹੀਂ ਮਾਰ ਦਿੱਤਾ ਗਿਆ ਜਿਸ ਬਾਰੇ ਕਿਹਾ ਗਿਆ ਕਿ ਉਹ ਕੋਈ ‘ਅਣਜਾਣ ਭਾਰੀ ਚੀਜ਼’ ਖਿੱਚ ਰਿਹਾ ਸੀ; ਅਸਲ ਵਿਚ ਇਹ ਆਦਮੀ ਆਪਣੇ ਮਾਰੇ ਗਏ ਬੱਚੇ ਦੀ ਲਾਸ਼ ਧਰੀਕ ਰਿਹਾ ਸੀ।
ਉਪਰੋਕਤ ਖੁਲਾਸੇ ਵਿਚ ਜਿੰਨੇ ਤੱਥ ਸਾਹਮਣੇ ਆਏ ਹਨ, ਇਹ ਬਰਾਕ ਓਬਾਮਾ, ਡੋਨਲਡ ਟਰੰਪ ਅਤੇ ਫੌਜੀ ਕਮਾਂਡਰਾਂ ਵਿਰੁੱਧ ਜੰਗੀ ਅਪਰਾਧਾਂ ਦਾ ਮੁਕੱਦਮਾ ਚਲਾਉਣ ਲਈ ਕਾਫੀ ਹਨ ਪਰ ਇਸ ਤੋਂ ਘਿਨਾਉਣਾ ਮਜ਼ਾਕ ਹੋਰ ਕੀ ਹੋ ਸਕਦਾ ਹੈ ਕਿ ਉਲਟਾ ਓਬਾਮਾ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ਼ ਨਿਵਾਜਿਆ ਗਿਆ!
ਮੱਧ ਪੂਰਬ ਵਿਚ ਅਮਰੀਕਾ ਦੁਆਰਾ ਕੀਤੇ ਹਜ਼ਾਰਾਂ ਲੋਕਾਂ ਦੇ ਕਤਲੇਆਮ ਜਿਸ ਦਾ ਕਬੂਲਨਾਮਾ ਪੈਂਟਾਗਨ ਦੀਆਂ ਰਿਪੋਰਟਾਂ ਵਿਚ ਦਰਜ ਹੈ, ਕੋਈ ਤਕਨੀਕੀ ਗਲਤੀ ਦਾ ਨਤੀਜਾ ਨਹੀਂ ਸਗੋਂ ਇਨ੍ਹਾਂ ਰਿਪੋਰਟਾਂ ਦਾ ਹਰ ਤੱਥ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਮਰੀਕਾ ਆਪਣੇ ਯੁੱਧਨੀਤਕ ਮਕਸਦ ਦੇ ਵਿਚਕਾਰ ਆਉਣ ਵਾਲ਼ੇ ਕਿਸੇ ਨੂੰ ਵੀ, ਭਾਵੇਂ ਉਹ ਬੱਚੇ ਹੀ ਕਿਉਂ ਨਾ ਹੋਣ, ਦੀ ਬਲੀ ਦੇ ਸਕਦਾ ਹੈ। ਇਨ੍ਹਾਂ ਦਸਤਵੇਜ਼ਾਂ ਅਤੇ ਪੱਤਰਕਾਰ ਅਜ਼ਮਤ ਖਾਨ ਦੁਆਰਾ ਕੀਤੀ ਪੜਤਾਲ ਅਮਰੀਕਾ ਦੇ ‘ਸੰਸਾਰ ਅਮਨ’ ਅਤੇ ‘ਦਹਿਸ਼ਤਗਰਦੀ ਵਿਰੁੱਧ ਜੰਗ’ ਦੇ ਬੁਰਕੇ ਨੂੰ ਲੀਰੋ-ਲੀਰ ਕਰ ਦਿੰਦੇ ਹਨ। ਇਹ ਸਿਰਫ ਅਮਰੀਕਾ ਦੁਆਰਾ ਇਰਾਕ ਅਤੇ ਸੀਰੀਆ ਵਿਚ 2014-2018 ਦੌਰਾਨ ਇਸਲਾਮਿਕ ਸਟੇਟ ‘ਵਿਰੁੱਧ’ ਜੰਗ ਦੌਰਾਨ ਕੀਤੇ ਆਮ ਲੋਕਾਂ ਦੇ ਕਤਲੇਆਮ ਦੇ ਅੰਕੜੇ ਹਨ; ਪੂਰੇ ਮੱਧ-ਪੂਰਬੀ ਖਿੱਤੇ ਵਿਚ ਅਮਰੀਕੀ ਫੌਜਾਂ ਨੇ ਕਿੰਨੇ ਲੋਕਾਂ ਦੀ ਬਲੀ ਦਿੱਤੀ ਹੋਵੇਗੀ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸੰਪਰਕ: 98155-87807