ਹਰਕੰਵਲ ਸਿੰਘ ਕੰਗ
ਗਰਮੀ ਦੀ ਰੁੱਤ ਦਾ ਬਾਦਸ਼ਾਹ ਮਹੀਨਾ ਹਾੜ੍ਹ ਜਦੋਂ ਆਉਂਦਾ ਹੈ ਤਾਂ ਲੋਕ ਤਰਾਹ ਤਰਾਹ ਕਰਨ ਲੱਗਦੇ ਹਨ। ਦੇਸੀ ਸਾਲ ਦਾ ਇਹ ਚੌਥਾ ਮਹੀਨਾ 15 ਜੂਨ ਤੋਂ 15 ਜੁਲਾਈ ਤੱਕ ਹੁੰਦਾ ਹੈ। ਇਸ ਵੇਲੇ ਗਰਮੀ ਦੀ ਰੁੱਤ ਸਿਖਰਾਂ ਛੂਹ ਰਹੀ ਹੁੰਦੀ ਹੈ। ਪੌਦੇ ਗਰਮੀ ਨਾਲ ਮੁਰਝਾਉਣ ਲੱਗਦੇ ਹਨ। ਪਸ਼ੂ-ਪੰਛੀ ਪਾਣੀ ਬਿਨਾਂ ਤਿਹਾਏ ਮਰਨ ਲੱਗਦੇ ਹਨ। ਟੋਭੇ, ਖੂਹ, ਝਰਨੇ ਸੁੱਕਣ ਲੱਗਦੇ ਹਨ। ਗੱਲ ਕੀ ਪਾਣੀ ਦੇ ਸਾਰੇ ਛੋਟੇ ਸਰੋਤ ਇਸ ਮਹੀਨੇ ਸੁੱਕ ਜਾਂਦੇ ਹਨ।
• ਚੜ੍ਹਿਆ ਮਹੀਨਾ ਹਾੜ੍ਹ ਤਪਣ ਪਹਾੜ
ਕਿ ਬਲਣ ਅੰਗੀਠੀਆਂ।
• ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ,
ਹਾੜ੍ਹ ਮਹੀਨਾ ਤਪਦਾ ਹੈ ਸਾਨੂੰ ਅੰਦਰ ਰੱਖਦਾ ਹੈ।
ਜਦੋਂ ਸੂਰਜ ਦੀ ਤਪਸ਼ ਨਾਲ ਧਰਤੀ ਤੰਦੂਰ ਦੀ ਤਰ੍ਹਾਂ ਤਪਦੀ ਹੈ ਤਾਂ ਪਹਾੜ ਵੀ ਅੰਗੀਠੀਆਂ ਦੀ ਤਰ੍ਹਾਂ ਤਪਦੇ ਹਨ। ਅਜਿਹੇ ਮੌਸਮ ਵਿੱਚ ਲੋਕ ਮਨਾਂ ਅੰਦਰ ਮੀਂਹ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਜਦੋਂ ਕਣੀਆਂ ਪੈਂਦੀਆਂ ਹਨ ਤਾਂ ਜੰਗਲਾਂ ਵਿੱਚ ਬੀਂਡਾ ਅਤੇ ਬਾਗਾਂ ਦੀ ਕੋਇਲ ਕੂਕਦੀ ਹੈ। ਖੇਤਾਂ ਵਿੱਚ ਮੋਰ ਪੈਲਾਂ ਪਾਉਣ ਲੱਗਦੇ ਹਨ। ਅਧੁਨਿਕਤਾ ਦੇ ਇਸ ਦੌਰ ਵਿੱਚ ਜਿੱਥੇ ਗਰੀਬ ਲੋਕ ਇਸ ਰੁੱਤੇ ਅੰਬ, ਪਿੱਪਲ, ਬਰੋਟੇ, ਟਾਹਲੀਆਂ, ਜਾਮਣਾਂ ਅਤੇ ਤੂੰਤਾਂ ਦੀਆਂ ਛਾਵਾਂ ਵਿੱਚ ਦਿਨ ਕੱਟ ਲੈਂਦੇ ਹਨ, ਉੱਥੇ ਮੱਧ ਵਰਗ ਦੇ ਲੋਕ ਘਰਾਂ ਵਿੱਚ ਕੂਲਰ ਅਤੇ ਏਸੀ ਆਦਿ ਚਲਾ ਕੇ ਦਿਨ ਕੱਟਦੇ ਹਨ। ਕੁੱਝ ਸਰਦੇ-ਪੁੱਜਦੇ ਲੋਕ ਬਰਫ਼ਾਂ ਨਾਲ ਲੱਦੇ ਪਹਾੜਾਂ ਵੱਲ ਵਹੀਰਾਂ ਘੱਤ ਦਿੰਦੇ ਹਨ। ਲੋਕ ਚਸ਼ਮਿਆਂ ਵਿੱਚ ਨਹਾਉਂਦੇ ਹਨ ਤੇ ਕੁੱਝ ਸਮੇਂ ਲਈ ਗਰਮੀ ਦੀ ਰੁੱਤ ਨੂੰ ਭੁੱਲ ਜਾਂਦੇ ਹਨ ਪਰ ਲੋਕਾਂ ਦੀ ਬੇਮੁਹਾਰੀ ਆਮਦ ਨਾਲ ਇਨ੍ਹਾਂ ਹਸੀਨ ਵਾਦੀਆਂ ਦਾ ਸੁਹੱਪਣ ਫਿੱਕਾ ਪੈਣ ਲੱਗਾ ਹੈ। ਮਨੁੱਖ ਭਾਵੇਂ ਠੰਢੀਆਂ ਥਾਵਾਂ ’ਤੇ ਜਾ ਕੇ ਵਖਤੀ ਤੌਰ ’ਤੇ ਬਾਹਰੀ ਗਰਮੀ ਤੋਂ ਨਿਜਾਤ ਪਾ ਲੈਂਦਾ ਹੈ ਪਰ ਅੰਦਰ ਜੋ ਸੀਨਿਆਂ ਵਿੱਚ ਅੱਗ ਬਲਦੀ ਹੈ, ਜਿਸ ਵਿੱਚ ਮਨੁੱਖ ਸੜ ਰਿਹਾ ਹੈ, ਉਸ ਤੋਂ ਬਚਣਾ ਬੇਹੱਦ ਮੁਸ਼ਕਿਲ ਹੈ। ਹਿਰਦੇ ਨੂੰ ਸ਼ਾਂਤ ਰੱਖਣ ਦੀ ਯੁਗਤ ਬਾਰੇ ਸ਼ਾਂਤੀ ਦੇ ਪੁੰਜ ਤੇ ਸਬਰ ਸੰਤੋਖ ਦੀ ਮੂਰਤ ਗੁਰੂ ਅਰਜਨ ਦੇਵ ਬਾਰਾਮਾਹ ਰਾਗ ਮਾਂਝ ਵਿੱਚ ਹਾੜ੍ਹ ਮਹੀਨੇ ਬਾਰੇ ਇਸ ਤਰ੍ਹਾਂ ਫੁਰਮਾਉਂਦੇ ਹਨ:
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥
ਜ਼ਿਕਰਯੋਗ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਇਸ ਮਹੀਨੇ ਹੀ ਹੋਈ ਸੀ।
ਬਾਰਾਹ ਮਾਹ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਆਖਦੇ ਹਨ:
ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥
ਹਾੜ੍ਹ ਬਾਰੇ ਭਾਈ ਵੀਰ ਸਿੰਘ ‘ਕੰਤ ਮਹੇਲੀ’ ਬਾਰਾ ਮਾਹ ’ਚ ਹਾੜ੍ਹ ਮਹੀਨੇ ਬਾਰੇ ਆਖਦੇ ਹਨ:
ਚੜ੍ਹਿਆ ਹਾੜ੍ਹੋਂ ਮਹੀਨਾ
ਬਾਰਾਂ ਭੱਠ ਤਪੇਂਦੇ,
ਲੌਂਦੇ ਕਾਵਾਂ ਤੇ ਚਿੜੀਆਂ,
ਮੈਂ ਵਧ ਸਹਿਕਦੀ ਪਈਆਂ।
ਹਾੜ੍ਹ ਮਹੀਨੇ ਆਕਾਸ਼ ਵਿੱਚ ਤਪਦਾ ਸੂਰਜ ਧਰਤੀ ਦੀ ਸਿੱਲ੍ਹ ਸੁਕਾ ਦਿੰਦਾ ਹੈ ਅਤੇ ਧਰਤੀ ਤਪਸ਼ ਨਾਲ ਬੇਹਾਲ ਹੋ ਜਾਂਦੀ ਹੈ। ਧਰਤੀ ਦੇ ਸੀਨੇ ’ਚੋਂ ਨਮੀ ਆਦਿ ਸੁੱਕਣ ਲੱਗਦੀ ਹੈ। ਹਾੜ੍ਹ ਦੀ ਗਰਮੀ ਵਿੱਚ ਲੋਕ ਅਤੇ ਪਸ਼ੂ ਪਾਣੀ ਦੇ ਸਰੋਤਾਂ ਵਿੱਚ ਨਹਾ ਕੇ ਸਮਾਂ ਟਪਾਉਂਦੇ ਹਨ। ਸ਼ਾਇਦ ਪਾਣੀ ਦੀ ਇਸ ਬੇਸ਼ਕੀਮਤੀ ਅਹਿਮੀਅਤ ਕਾਰਨ ਹੀ ਲੋਕ ਮਨਾਂ ਵਿੱਚ ਇਸ ਨੂੰ ਜਲ ਦੇਵਤਾ ਸੱਦਿਆ ਜਾਣ ਲੱਗਾ। ਇਸ ਮਹੀਨੇ ਲੋਕ ਮੂੰਹ-ਸਿਰ ਢਕ ਕੇ ਨਿਕਲਦੇ ਹਨ। ਘੜਿਆਂ, ਸੁਰਾਹੀਆਂ, ਛਤਰੀਆਂ ਆਦਿ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਘੜਾ ਗਰੀਬਾਂ ਲਈ ਤਾਂ ਫਰਿੱਜ ਦਾ ਕੰਮ ਕਰਦਾ ਹੀ ਹੈ ਪਰ ਹੁਣ ਜਾਗਰੂਕਤਾ ਆਉਣ ਨਾਲ ਸਰਦੇ-ਪੁੱਜਦੇ ਲੋਕ ਵੀ ਫਰਿੱਜ ਦੇ ਪਾਣੀ ਦੇ ਮੁਕਾਬਲੇ ਘੜੇ ਦੇ ਪਾਣੀ ਨੂੰ ਤਰਜੀਹ ਦੇਣ ਲੱਗੇ ਹਨ। ਹਾੜ੍ਹ ਮਹੀਨੇ ਮੀਂਹ ਦੀ ਅਹਿਮੀਅਤ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਮਾਰੂ ਜ਼ਮੀਨਾਂ ਵਿੱਚ ਸਾਉਣੀ ਦੀਆਂ ਫਸਲਾਂ ਮੀਂਹ ’ਤੇ ਹੀ ਨਿਰਭਰ ਕਰਦੀਆਂ ਹਨ। ਇਸ ਮਹੀਨੇ ਜੀਰੀ ਵੀ ਲੱਗਣੀ ਸ਼ੁਰੂ ਹੋ ਜਾਂਦੀ ਜਾਂਦੀ ਹੈ। ਪਾਣੀ ਦੀ ਲੋੜ ਵਧ ਜਾਂਦੀ ਹੈ। ਮੀਂਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਇਸੇ ਕਰਕੇ ਕਿਹਾ ਜਾਂਦਾ ਹੈ:
ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ।
ਜੇਠ ਤਾਏ ਤੇ ਹਾੜ੍ਹ ਵਸਾਏ,
ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ।
ਜੇ ਕਿਤੇ ਹਾੜ੍ਹ ਮਹੀਨਾ ਬਿਨਾਂ ਮੀਂਹ ਤੋਂ ਸੁੱਕਾ ਲੰਘ ਜਾਵੇ ਤਾਂ ਹਾਲਾਤ ਸੋਕਾ ਪੈਣ ਵਰਗੇ ਹੋ ਜਾਂਦੇ ਹਨ। ਖੇਤ ਰੋਹੀ ਬੀਆਬਾਨ ਵਿੱਚ ਬਦਲ ਜਾਂਦੇ ਨੇ, ਘਾਹ ਸੁੱਕ ਜਾਂਦਾ ਹੈ, ਪਛੂਆਂ ਦਾ ਚਾਰਾ ਮੁੱਕ ਜਾਂਦਾ ਹੈ। ਪਛੂ ਭੁੱਖੇ ਮਰਨ ਲੱਗਦੇ ਹਨ ਪਰ ਅਜੋਕੇ ਵਿਗਿਆਨਕ ਯੁੱਗ ਵਿੱਚ ਜਦੋਂ ਖੂਹਾਂ ਦੀ ਥਾਂ ਟਿਊਬਵੈੱਲ ਆ ਗਏ ਨੇ ਤਾਂ ਵਖਤੀ ਤੌਰ ’ਤੇ ਮਨੁੱਖ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਪਾਣੀ ਦੀ ਦੁਰਵਰਤੋਂ ਅਤੇ ਕੁਦਰਤੀ ਸੋਮਿਆਂ ਦੀ ਸਹੀ ਸੰਭਾਲ ਨਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ ਅਤੇ ਪੰਜਾਬ ਦੀ ਸਥਿਤੀ ਬਹੁਤ ਮਾੜੀ ਹੈ। ਹਰਿਆਣਾ ਤੇ ਰਾਜਸਥਾਨ ਦੀ ਸਥਿਤੀ ਪੰਜਾਬ ਤੋਂ ਵੀ ਮਾੜੀ ਹੈ। ਸਾਨੂੰ ਕੁਦਰਤੀ ਸੋਮਿਆਂ ਨੂੰ ਸਾਂਭ ਕੇ ਕੁਦਰਤ ਦੇ ਹਾਣ ਦੇ ਹੋ ਕੇ ਜਿਊਣ ਦੀ ਜਾਚ ਸਿੱਖਣੀ ਚਾਹੀਦੀ ਹੈ। ਮਸ਼ੀਨੀ ਸੁੱਖ ਦੀ ਥਾਂ ਸਦੀਵੀ ਸੁੱਖ ਦੀ ਤਲਾਸ਼ ਕਰਨੀ ਚਾਹੀਦੀ ਹੈ। ਇਸ ਰੁੱਤ ਵਿੱਚ ਦਾਨੀ ਸੱਜਣ ਪੁਰਾਤਨ ਸਮਿਆਂ ਵਿੱਚ ਪਿਆਓ ਲਾ ਦਿੰਦੇ ਸਨ ਤਾਂ ਜੋ ਰਾਹੀ ਆਪਣੀ ਪਿਆਸ ਬੁਝਾ ਸਕਣ। ਹੁਣ ਵੀ ਸ਼ਹਿਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਲਾ ਦਿੱਤੀਆਂ ਜਾਂਦੀਆਂ ਹਨ।
ਜੇ ਕਿਤੇ ਹਾੜ੍ਹ ਵਿੱਖ ਔੜ ਪੈ ਜਾਵੇ ਤਾਂ ਮੀਂਹ ਵਰਸਾਉਣ ਲਈ ਯਗ ਕਰਨ ਤੇ ਗੁੱਡੀਆਂ ਫੂਕਣ ਵਰਗੀਆਂ ਰਸਮਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹ ਰਸਮ-ਰਿਵਾਜ਼ ਸਾਡੇ ਸਭਿਆਚਾਰ ਦਾ ਅੰਗ ਹਨ ਪਰ ਜੇ ਕੋਈ ਵਿਅਕਤੀ ਵਿਸ਼ੇਸ਼ ਆਪਣੀ ਕਰਾਮਾਤ ਨਾਲ ਮੀਂਹ ਪਵਾਉਣ ਦੀਆਂ ਬੇਥਵ੍ਹੀਆਂ ਮਾਰੇ ਤਾਂ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਹੁਣ ਸਮੇਂ ਦੇ ਨਾਲ ਇਹ ਸਿੱਧ ਹੋ ਚੁੱਕਾ ਹੈ ਕਿ ਮੀਂਹ ਪੈਣੇ ਵਿਗਿਆਨਕ ਵਰਤਾਰਾ ਹੈ ਪਰ ਅੱਜ-ਕੱਲ੍ਹ ਮੌਸਮ ਵਿੱਚ ਵਿਸ਼ਵ ਪੱਧਰ ’ਤੇ ਆਏ ਵਿਗਾੜ ਕਾਰਨ ਸਾਡੀਆਂ ਰੁੱਤਾਂ ਵਿੱਚ ਵੀ ਤਬਦੀਲੀ ਆ ਰਹੀ ਹੈ। ਇਸ ਵਾਰ ਵਿਸਾਖ ਤੇ ਜੇਠ ਮਹੀਨਿਆਂ ਵਿੱਚ ਆਸ ਅਨੁਸਾਰ ਗਰਮੀ ਨਹੀਂ ਪਈ ਸਗੋਂ ਜੇਠ ਮਹੀਨੇ ਵਿੱਚ ਕਈ ਮੀਂਹ ਪੈ ਗਏ। ਹਾੜ੍ਹ ਮਹੀਨੇ ਮੌਨਸੂਨ ਪੱਛੜ ਗਈ ਹੈ ਤੇ ਗਰਮੀ ਵਧਣ ਕਾਰਨ ਬਿਜਲੀ ਦੇ ਲੰਮੇ ਕੱਟਾਂ ਨੇ ਜੀਵਨ ਨਰਕ ਬਣਾ ਦਿੱਤਾ ਹੈ। ਇਸ ਦਾ ਦੋਸ਼ ਕਿਸੇ ਹੋਰ ਸਿਰ ਮੜ੍ਹਨ ਦੀ ਥਾਂ ਅਜਿਹੇ ਵਰਤਾਰਿਆਂ ਲਈ ਮਨੁੱਖ ਵੱਲੋਂ ਸਿਰਜਿਆ ਵਿਕਾਸ ਦਾ ਵਿਨਾਸ਼ਕਾਰੀ ਮਾਡਲ ਹੀ ਹੈ। ਏਸੀ ਜਿੱਥੇ ਕਮਰੇ ਨੂੰ ਠੰਢਾ ਰੱਖਦਾ ਹੈ ਉੱਥੇ ਬਾਹਰ ਕਈ ਡਿਗਰੀ ਤਾਪਮਾਨ ਵਧਾ ਦਿੰਦਾ ਹੈ। ਮੌਜੂਦਾ ਸਮੇਂ ਵਿੱਚ ਵਿਕਾਸ ਮਨੁੱਖਤਾ ਪੱਖੀ ਅਤੇ ਕੁਦਰਤ ਪੱਖੀ ਹੋਣਾ ਚਾਹੀਦਾ ਹੈ ਨਾ ਕਿ ਮੁਨਾਫ਼ਾਖੋਰੀ ਪੱਖੀ। ਸਾਨੂੰ ਗਰਮੀ ਤੋਂ ਬਚਾਅ ਲਈ ਰੁੱਖਾਂ ਨਾਲ ਪਿਆਰ ਪਾਉਣਾ ਚਾਹੀਦਾ ਹੈ ਅਤੇ ਆਪਣੇ ਕੁਦਰਤੀ ਜਲ ਸਰੋਤਾਂ ਖੂਹ-ਟੋਭਿਆਂ ਦੀ ਸੰਭਾਲ ਲਈ ਹੰਭਲੇ ਮਾਰਨੇ ਚਾਹੀਦੇ ਹਨ।
ਸੰਪਰਕ: 97819-78123