ਸਰਵਣ ਸਿੰਘ ਭੰਗਲਾਂ
ਜੋਕੇ ਦੌਰ ’ਚ ਜਿਉਂ-ਜਿਉਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਧ ਰਹੀ ਹੈ, ਤਿਉਂ-ਤਿਉਂ ਹੀ ਸ਼ਾਤਰ ਕਿਸਮ ਦੇ ਠੱਗ ਨਿੱਤ ਨਵੇਂ-ਨਵੇਂ ਢੰਗ ਤਰੀਕੇ ਈਜ਼ਾਦ ਕਰ ਕੇ ਭੋਲੇ-ਭਾਲੇ ਲੋਕਾਂ, ਖਾਸਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਜਾਲ ‘ਚ ਉਲਝਾ ਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ, ਜਿਸ ਦਿਨ ਇਨ੍ਹਾਂ ਠੱਗਾਂ ਦੀਆਂ ਫਰਜ਼ੀ ਕਾਲਾਂ ਮੋਬਾਈਲ ਖ਼ਪਤਕਾਰਾਂ ਨੂੰ ਨਾ ਆਉਂਦੀਆਂ ਹੋਣ। ਸੂਝਬੂਝ ਵਾਲੇ ਤਾਂ ਇਨ੍ਹਾਂ ਫਰਜ਼ੀ ਕਾਲਾਂ ਤੋਂ ਬਚਾਅ ਕਰ ਲੈਂਦੇ ਹਨ ਪਰ ਭੋਲੇ-ਭਾਲੇ ਲੋਕ ਇਨ੍ਹਾਂ ਦੇ ਝਾਂਸੇ ’ਚ ਆ ਕੇ ਆਪਣੀ ਮਿਹਨਤ ਦੀ ਕਮਾਈ ਲੁਟਾ ਬੈਠਦੇ ਹਨ। ਜਦੋਂ ਤੱਕ ਉਨ੍ਹਾਂ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਇਹ ਸ਼ਾਤਰ ਠੱਗ ਆਪਣਾ ਕੰਮ ਪੂਰਾ ਕਰ ਕੇ ਅਗਲੇ ਸ਼ਿਕਾਰ ਦੀ ਭਾਲ ’ਚ ਜੁੱਟ ਜਾਂਦੇ ਹਨ।
ਫਰਜ਼ੀ ਕਾਲਾਂ ਨਾਲ ਠੱਗੀ ਮਾਰਨ ਵਾਲੇ ਜ਼ਿਆਦਾਤਰ ਠੱਗ ਅਜਿਹੇ ਨੰਬਰਾਂ ਤੋਂ ਫੋਨ ਕਰਦੇ ਹਨ ਜੋ ਵੇਖਣ ‘ਚ ਬਾਹਰਲੇ ਮੁਲਕਾਂ ਦੇ ਲਗਦੇ ਹਨ। ਫਰਜ਼ੀ ਦਸਤਾਵੇਜ਼ਾਂ ’ਤੇ ਹਾਸਲ ਕੀਤੇ ਇਨ੍ਹਾਂ ਨੰਬਰਾਂ ਨਾਲ ਉਹ ਗਾਹਕ ਨੂੰ ਫੋਨ ਕਾਲ ਕਰਦੇ ਹਨ, ਜਿਸ ਬਾਰੇ ਮੁਢਲੀ ਜਾਣਕਾਰੀ ਉਹ ਫੇਸਬੁੱਕ ’ਤੇ ਉਸ ਦਾ ਨੰਬਰ ਪਾ ਕੇ ਉਸ ਦੇ ਪ੍ਰੋਫਾਈਲ ਤੋਂ ਹਾਸਲ ਕਰ ਲੈਂਦੇ ਹਨ। ਠੱਗ ਫੋਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ ਤੁਹਾਡੀ ਲੱਖਾਂ ਡਾਲਰ ਦੀ ਲਾਟਰੀ ਲੱਗ ਗਈ ਹੈ ਤੇ ਇੰਝ ਉਹ ਗਾਹਕ ਕੋਲੋਂ ਉਸ ਦਾ ਆਧਾਰ ਕਾਰਡ ਨੰਬਰ, ਵੋਟਰ ਕਾਰਡ ਤੇ ਬੈਂਕ ਖਾਤੇ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਲੈਂਦੇ ਹਨ। ਜੇ ਫੋਨ ਸੁਣਨ ਵਾਲਾ ਲਾਟਰੀ ਦਾ ਇਨਾਮ ਹਾਸਲ ਕਰਨ ਦੇ ਚੱਕਰਾਂ ‘ਚ ਉਲਝ ਗਿਆ ਤਾਂ ਵੀ ਠੱਗੀ ਅਤੇ ਜੇ ਆਪਣੇ ਬੈਂਕ ਖਾਤੇ ਤੇ ਆਧਾਰ ਕਾਰਡ ਦੀ ਜਾਣਕਾਰੀ ਦੇ ਬੈਠਿਆ ਤਾਂ ਵੀ ਉਸ ਨਾਲ ਠੱਗੀ ਵੱਜਣ ਤੋਂ ਕੋਈ ਨਹੀਂ ਰੋਕ ਸਕਦਾ। ਇਨਾਮ ਦੇ ਲਾਲਚ ’ਚ ਆਏ ਵਿਅਕਤੀ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਜੇ ਇਨਾਮ ਹਾਸਲ ਕਰਨਾ ਹੈ ਤਾਂ ਇਨਾਮੀ ਰਕਮ ਦਾ 10 ਫੀਸਦੀ ਬਣਦਾ ਟੈਕਸ ਪਹਿਲਾਂ ਭਰਨਾ ਪਵੇਗਾ। ਇਹ ਰਕਮ ਜਮ੍ਹਾਂ ਕਰਵਾਉਣ ਲਈ ਬੈਂਕਾਂ ’ਚ ਖੁਲ੍ਹਵਾਏ ਖਾਤੇ ਵੀ ਫਰਜ਼ੀ ਦਸਤਾਵੇਜ਼ਾਂ ਵਾਲੇ ਹੁੰਦੇ ਹਨ। ਰਕਮ ਜਮ੍ਹਾਂ ਹੋਣ ਤੋਂ ਬਾਅਦ ਤੁਹਾਡਾ ਫੋਨ ਚੁੱਕਣਾ ਬੰਦ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਤੁਹਾਡੇ ਬੈਂਕ ਖਾਤਿਆਂ ਤੇ ਹੋਰ ਅਹਿਮ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਇਕੱਠੀ ਕਰਕੇ ਸ਼ਾਤਰ ਹੈਕਰ ਤੁਹਾਡਾ ਬੈਂਕ ਖਾਤਾ ਸਿੱਧਿਆਂ ਵੀ ਖਾਲੀ ਕਰ ਦਿੰਦੇ ਹਨ। ਕਈ ਵਾਰ ਭਾਰੀ ਰਕਮ ਜੋ ਲੱਖਾਂ ਡਾਲਰਾਂ ਜਾਂ ਪੌਂਡਾਂ ਵਿਚ ਦੱਸੀ ਜਾਂਦੀ ਹੈ, ਨਿਵੇਸ਼ ਕਰਨ ਦੇ ਨਾਂ ’ਤੇ ਇੰਝ ਹੀ ਠੱਗੀ ਮਾਰੀ ਜਾਂਦੀ ਹੈ। ਅਜਿਹੇ ਵੱਖ-ਵੱਖ ਤਰੀਕੇ ਅਪਣਾ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੀਆਂ ਖ਼ਬਰਾਂ ਵੀ ਅਕਸਰ ਅਸੀਂ ਮੀਡੀਆ ਵਿਚ ਪੜ੍ਹਦੇ-ਸੁਣਦੇ ਰਹਿੰਦੇ ਹਾਂ। ਅਜਿਹੇ ਸੁਨੇਹੇ ਅਕਸਰ ਕੁੜੀਆਂ ਦੇ ਨਾਂ ’ਤੇ ਭੇਜੇ ਜਾਂਦੇ ਹਨ। ਕਈ ਵਾਰ ਕਿਸੇ ਕੁੜੀ ਦੇ ਨਾਂ ’ਤੇ ਅਜਿਹੀ ਈਮੇਲ ਭੇਜੀ ਜਾਂਦੀ ਹੈ ਕਿ ਮੇਰੇ ਕਿਸੇ ਦਾਦੇ/ਨਾਨੇ ਦੀ ਮੌਤ ਹੋ ਗਈ ਹੈ, ਜੋ ਕਰੋੜਾਂ ਡਾਲਰ ਵਿਰਾਸਤ ਛੱਡ ਗਿਆ ਹੈ ਪਰ ਇਹ ਰਕਮ ਸਿੱਧਿਆਂ ਮੇਰੇ ਨਾਂ ਨਹੀਂ ਹੋ ਸਕਦੀ। ਮੈਂ ਕਿਸੇ ਅਜਿਹੇ ਈਮਾਨਦਾਰ ਇਨਸਾਨ ਦੀ ਭਾਲ ਵਿਚ ਹਾਂ ਜੋ ਇਹ ਰਕਮ ਆਪਣੇ ਖ਼ਾਤੇ ਵਿਚ ਜਮ੍ਹਾਂ ਕਰਵਾ ਸਕੇ। ਇਸ ਦੇ ਇਵਜ਼ ਵਿਚ ਉਸ ਨੂੰ ਰਕਮ ਦਾ ਵੱਡਾ ਹਿੱਸਾ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬੈਂਕ ਖ਼ਾਤੇ ਸਣੇ ਹੋਰ ਅਹਿਮ ਜਾਣਕਾਰੀਆਂ ਲੈ ਲਈਆਂ ਜਾਂਦੀਆਂ ਹਨ ਤੇ ਨਾਲ ਹੀ ਟੈਕਸ ਆਦਿ ਜਾਂ ਹੋਰ ਪ੍ਰਕਿਰਿਆ ਲਈ ਮੋਟੀਆਂ ਰਕਮਾਂ ਵੀ ਕਿਸੇ ਖ਼ਾਸ ਖ਼ਾਤੇ ਵਿਚ ਜਮ੍ਹਾਂ ਕਰਾਉਣ ਲਈ ਆਖਿਆ ਜਾਂਦਾ ਹੈ। ਇੰਝ ਵੱਖ-ਵੱਖ ਚਲਾਕੀਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਜਾਂਦਾ ਹੈ।
ਫੇਸਬੁੱਕ ’ਤੇ ਫਰਜ਼ੀ ਪ੍ਰੋਫਾਈਲਾਂ ਰਾਹੀਂ ਵੀ ਵੱਡੇ ਪੱਧਰ ’ਤੇ ਠੱਗੀਆਂ ਮਾਰੀਆਂ ਜਾਂਦੀਆਂ ਹਨ। ਜੇ ਫੇਸਬੁੱਕ ’ਤੇ ਕਿਸੇ ਨੌਜਵਾਨ ਨੂੰ ਵਿਦੇਸ਼ੀ ਗੋਰੀਆਂ ਦੇ ਨਾਂ ’ਤੇ ਬਣੇ ਪ੍ਰੋਫਾਈਲ ਤੋਂ ਫਰੈਂਡ ਰਿਕੁਐਸਟ (ਦੋਸਤੀ ਦੀ ਬੇਨਤੀ) ਆਉਂਦੀ ਹੈ ਤਾਂ ਚੌਕਸ ਹੋ ਜਾਣਾ ਚਾਹੀਦਾ ਹੈ। ਅਜਿਹੇ ਫਰਜ਼ੀ ਅਕਾਊਂਟ ਭਾਰਤ ਵਿਚ ਹੀ ਬੈਠੇ ਠੱਗ ਗਰੋਹਾਂ ਵੱਲੋਂ ਹੀ ਚਲਾਏ ਜਾ ਰਹੇ ਹਨ। ਗਰੋਹਾਂ ਵਿਚ ਮੁੰਡੇ-ਕੁੜੀਆਂ ਦੋਵੇਂ ਸ਼ਾਮਲ ਹੁੰਦੇ ਹਨ। ਕੁੜੀਆਂ ਦੇ ਨਾਵਾਂ ਵਾਲੇ ਇਨ੍ਹਾਂ ਪ੍ਰੋਫਾਈਲਾਂ ’ਤੇ ਪੂਰਾ ਸੱਜ-ਧੱਜ ਕੇ ਤੇ ਵਾਲ ਡਾਈ ਨਾਲ ਚਿੱਟੇ ਕਰ ਕੇ ਗੋਰੀਆਂ ਦਾ ਭੁਲੇਖਾ ਪਾਉਂਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਹਨ। ਪੱਛਮੀ ਪਹਿਰਾਵੇ ਵਾਲੀਆਂ ਅੱਧਨੰਗੀਆਂ ਫੋਟੋਆਂ ਪਾਈਆਂ ਜਾਂਦੀਆਂ ਹਨ। ਇਸੇ ਚਮਕ-ਦਮਕ ਦਾ ਸ਼ਿਕਾਰ ਹੋਏ ਨੌਜਵਾਨ ਇਸ ਭੁਲੇਖੇ ‘ਚ ਫਸ ਜਾਂਦੇ ਹਨ ਕਿ ਕੈਨੇਡਾ, ਅਮਰੀਕਾ ਜਾਂ ਲੰਡਨ ਦੀ ਗੋਰੀ ਨਾਲ ਦੋਸਤੀ ਕਰ ਕੇ ਸ਼ਾਇਦ ਉਸ ਦੀ ਲਾਟਰੀ ਲੱਗ ਜਾਵੇ ਤੇ ਉਹ ਮੁਫਤ ’ਚ ਹੀ ਬਾਹਰਲੇ ਨਾਗਰਿਕ ਬਣ ਜਾਣ। ਫੇਸਬੁੱਕ ’ਤੇ ਦੋਸਤੀ ਮਗਰੋ ਹੌਲੀ-ਹੌਲੀ ਚੈਟਿੰਗ ਕਰ ਕੇ ਭਰੋਸਾ ਜਿੱਤਿਆ ਜਾਂਦਾ ਹੈ ਤੇ ਇਹ ਕੁੜੀਆਂ ਵੀਡੀਉ ਕਾਲਜ਼ ਰਾਹੀਂ ਹਾਈ-ਫਾਈ ਇੰਗਲਿਸ਼ ਬੋਲ ਕੇ ਆਪਣਾ ਪੂਰਾ ਪ੍ਰਭਾਵ ਬਣਾ ਲੈਂਦੀਆਂ ਹਨ ਤੇ ਇੰਡੀਆ ਆ ਕੇ ਮਿਲਣ ਦੇ ਵਾਅਦੇ ਵੀ ਕੀਤੇ ਜਾਂਦੇ ਹਨ ਤੇ ਗੱਲਬਾਤ ਹੋਟਲਾਂ ਦੇ ਕਮਰੇ ਬੁੱਕ ਹੋਣ ਤੱਕ ਵੀ ਪੁੱਜ ਜਾਂਦੀ ਹੈ।
ਅਗਲੇ ਪੜਾਅ ’ਚ ਉਕਤ ਗੋਰੀਆਂ ਆਪਣੇ ਕਰੋੜਪਤੀ ਹੋਣ ਦਾ ਦਾਅਵਾ ਕਰਕੇ ਸ਼ਿਕਾਰ ਨੌਜਵਾਨਾਂ ਨੂੰ ਆਪਣੇ ਨਾਲ ਬਾਹਰਲੇ ਦੇਸ਼ ਲਿਜਾਣ ਦਾ ਝਾਂਸਾ ਦਿੰਦੀਆਂ ਹਨ। ਇੰਡੀਆ ਆਉਣ ਤੋਂ ਪਹਿਲਾਂ ਉਹ ਤੁਹਾਨੂੰ ਆਪਣੇ ਵੱਲੋਂ ਗਿਫਟ ਦੇਣ ਦਾ ਝਾਂਸਾ ਦੇ ਕੇ ਤੁਹਾਡੀਆਂ ਪਹਿਨੀਆਂ ਜਾਣ ਵਾਲੀਆਂ ਪੈਂਟਾਂ ਅਤੇ ਸ਼ਰਟਾਂ ਦੇ ਸਾਇਜ਼, ਮੋਬਾਈਲ ਸਬੰਧੀ ਤੁਹਾਡੀ ਪਸੰਦ, ਲੈਪਟਾਪ, ਗੁੱਟਘੜੀ, ਐਨਕਾਂ, ਬੂਟ ਅਤੇ ਹੋਰ ਵਧੀਆ ਬਰਾਂਡਡ ਸਾਮਾਨ ਦੀ ਪਸੰਦ ਪੁੱਛਦੀਆਂ ਹਨ ਅਤੇ ਤੁਹਾਡੇ ਵੱਲੋਂ ਦੱਸੇ ਸਾਮਾਨ ਦੀਆਂ ਫੋਟੋਆਂ ਤੇ ਨਾਲ ਡਾਲਰਾਂ ਦੀ ਨਕਦੀ ਦੀ ਫੋਟੋ ਤੁਹਾਡੇ ਵਟਸਐਪ ਨੰਬਰ ’ਤੇ ਭੇਜ ਕੇ ਯਕੀਨ ਦਿਵਾਉਂਦੀਆਂ ਹਨ ਕਿ ਤੁਹਾਡੀ ਪਸੰਦ ਦਾ ਸਾਰਾ ਸਾਮਾਨ ਖਰੀਦ ਲਿਆ ਗਿਆ ਹੈ ਤੇ ਇਹ ਸਾਰਾ ਸਾਮਾਨ ਤੇ ਹੋਟਲ ਦੇ ਖਰਚੇ ਲਈ ਡਾਲਰਾਂ ਦੀ ਨਕਦੀ ਅਟੈਚੀ ਵਿਚ ਪੈਕ ਕਰ ਕੇ ਤੁਹਾਨੂੰ ਪਾਰਸਲ ਰਾਹੀਂ ਭੇਜੀ ਜਾ ਰਹੀ ਹੈ।
ਸ਼ਿਕਾਰ ਨੌਜਵਾਨਾਂ ਦਾ ਪੂਰਾ ਭਰੋਸਾ ਜਿੱਤਣ ਲਈ ਠੱਗਾਂ ਦੇ ਗਰੋਹਾਂ ਨੇ ਕੌਮਾਤਰੀ ਪੱਧਰ ’ਤੇ ਸਾਰੇ ਮੁਲਕਾਂ ‘ਚ ਸਾਮਾਨ ਭੇਜਣ ਵਾਲੀਆਂ ਵੈਬਸਾਈਟਾਂ ਵੀ ਫਰਜ਼ੀ ਬਣਾ ਲਈਆਂ ਹਨ, ਜੋ ਮਹਿਜ਼ ਦੋ ਦਿਨਾਂ ‘ਚ ਦੁਨੀਆ ਦੇ ਕਿਸੇ ਮੁਲਕ ‘ਚ ਸਾਮਾਨ ਭੇਜਣ ਦੇ ਦਾਅਵੇ ਕਰਦੀਆਂ ਹਨ। ਇਸ ਦਾ ਮਕਸਦ ਗਾਹਕ ਨੂੰ ਇਹ ਯਕੀਨ ਦਿਵਾਉਣਾ ਹੁੰਦਾ ਹੈ ਕਿ ਉਸ ਦੇ ਨਾਂਅ ’ਤੇ ਲੰਡਨ ਤੋਂ ਭੇਜਿਆ ਜਾਣ ਵਾਲਾ ਪਾਰਸਲ ਅੰਤਰਰਾਸ਼ਟਰੀ ਪੱਧਰ ਦੀ ਕੰਪਨੀ ਰਾਹੀਂ ਭਾਰਤ ਆ ਰਿਹਾ ਹੈ। ਇਸ ਸਬੰਧੀ ਬਕਾਇਦਾ ਪਾਰਸਲ ਦਾ ਬੁਕਿੰਗ ਨੰਬਰ ਵੀ ਤੁਹਾਡੇ ਵਟਸਐਪ ’ਤੇ ਭੇਜਿਆ ਜਾਂਦਾ ਹੈ, ਕਿ ਜਦੋਂ ਪਾਰਸਲ ਆਵੇਗਾ ਤਾਂ ਇਹ ਬੁਕਿੰਗ ਨੰਬਰ ਤਸਦੀਕ ਕਰ ਕੇ ਹੀ ਤੁਹਾਨੂੰ ਪਾਰਸਲ ਦਿੱਤਾ ਜਾਵੇਗਾ। ਪੜ੍ਹੇ-ਲਿਖੇ ਨੌਜਵਾਨ ਵੀ ਜਦੋਂ ਉਕਤ ਫਰਜ਼ੀ ਵੈਬਸਾਈਟ ਖੋਲ੍ਹ ਕੇ ਪਾਰਸਲ ਦਾ ਉਕਤ ਬੁਕਿੰਗ ਨੰਬਰ ਭਰਦੇ ਹਨ ਤਾਂ ਅੱਖ ਦੇ ਫੋਰ ਵਿਚ ਸਾਰੀ ਜਾਣਕਾਰੀ ਸਕਰੀਨ ’ਤੇ ਆ ਜਾਂਦੀ ਹੈ ਕਿ ਉਹ ਪਾਰਸਲ ਲੰਡਨ ਤੋਂ ਫਲਾਨੇ ਵਿਅਕਤੀ ਨੇ ਇੰਡੀਆ ਦੇ ਫਲਾਨੇ ਬੰਦੇ ਦੇ ਨਾਂਅ ਭੇਜਿਆ ਹੈ। ਪਾਰਸਲ ਭੇਜਣ ਅਤੇ ਮਿਲਣ ਦੀ ਤਰੀਕ ਵੀ ਲਿਖੀ ਹੁੰਦੀ ਹੈ। ਅਗਲੇ ਪੜਾਅ ਵਿਚ ਠੱਗ ਗਰੋਹ ਦੀ ਕੁੜੀ ਪਾਰਸਲ ਪਹੁੰਚਾਉਣ ਵਾਲੀ ਕੰਪਨੀ ਦੀ ਅਧਿਕਾਰੀ ਬਣ ਕੇ ਫੋਨ ਰਾਹੀਂ ਸ਼ਿਕਾਰ ਨੂੰ ਪਾਰਸਲ ਦਿੱਲੀ ਜਾਂ ਮੁੰਬਈ ਏਅਰਪੋਰਟ ਪੁੱਜਣ ਦੀ ਜਾਣਕਾਰੀ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਇਸ ਸਾਮਾਨ ਦੀ ਕਸਟਮ ਡਿਊਟੀ 30-40 ਹਜ਼ਾਰ ਰੁਪਏ ਬਣ ਗਈ ਹੈ, ਜੋ ਤੁਹਾਨੂੰ ਫਲਾਂ ਖਾਤੇ ਵਿਚ ਜਮ੍ਹਾਂ ਕਰਵਾਉਣੀ ਪਵੇਗੀ। ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਏਅਰਪੋਰਟ ਤੋਂ ਸਾਮਾਨ ਤੁਹਾਡੇ ਘਰ ਭੇਜਿਆ ਜਾਵੇਗਾ।
ਲੱਖਾਂ ਰੁਪਏ ਦਾ ਵਿਦੇਸ਼ੀ ਸਾਮਾਨ ਤੇ ਨਕਦੀ ਹਾਸਲ ਕਰਨ ਦੇ ਲਾਲਚ ਵਿਚ ਨੌਜਵਾਨ ਝੱਟ ਦੇਣੀ ਅਦਾਇਗੀ ਲਈ ਤਿਆਰ ਹੋ ਜਾਂਦਾ ਹੈ, ਭਾਵੇਂ ਪੈਸੇ ਉਧਾਰੇ ਹੀ ਲੈਣੇ ਪੈਣ, ਕਿ ਪਾਰਸਲ ਮਿਲਣ ’ਤੇ ਉਸ ਵਿਚ ਭੇਜੇ ਗਏ ਡਾਲਰਾਂ ਨਾਲ ਉਹ ਉਧਾਰ ਮੋੜ ਦੇਵੇਗਾ। ਪੈਸੇ ਜਮ੍ਹਾਂ ਕਰਾਉਣ ਪਿੱਛੋਂ ਜਦੋਂ ਉਹ ਉਕਤ ਨੰਬਰ ’ਤੇ ਫੋਨ ਕਰਦਾ ਹੈ ਤਾਂ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਫੋਨ ਹੀ ਬੰਦ ਮਿਲਦਾ ਹੈ। ਲੋਕ ਲਾਜ ਅਤੇ ਸ਼ਰਮ ਦਾ ਮਾਰਿਆ ਨੌਜਵਾਨ ਬਹੁਤੀ ਵਾਰ ਆਪਣੇ ਨਾਲ ਹੋਈ ਠੱਗੀ ਬਾਰੇ ਕਿਸੇ ਨੂੰ ਦੱਸਣ ਜੋਗਾ ਵੀ ਨਹੀਂ ਹੁੰਦਾ ਤੇ ਅਕਸਰ ਪੁਲੀਸ ਕੋਲ ਸ਼ਿਕਾਇਤ ਨਹੀਂ ਪੁੱਜਦੀ ਕਿਉਂਕਿ ਲੋਕ ਪੁਲੀਸ ਦੇ ਝਮੇਲੇ ’ਚ ਪੈ ਕੇ ਆਪਣਾ ਹੋਰ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਤੇ ਸਬਰ ਦਾ ਘੁੱਟ ਭਰ ਲੈਂਦੇ ਹਨ। ਇਸ ਤਰ੍ਹਾਂ ਇਨ੍ਹਾਂ ਸ਼ਾਤਰ ਠੱਗਾਂ ਦੇ ਹੌਸਲੇ ਬੁਲੰਦ ਹੁੰਦੇ ਜਾਂਦੇ ਹਨ ਤੇ ਠੱਗੀਆਂ ਦਾ ਧੰਦਾ ਬਾਦਸਤੂਰ ਚੱਲਦਾ ਰਹਿੰਦਾ ਹੈ।
ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਕਦੇ ਵੀ ਫੋਨ ’ਤੇ ਆਉਣ ਵਾਲੀਆਂ ਲੁਭਾਊ ਕਾਲਾਂ ਦੇ ਝਾਂਸੇ ਵਿਚ ਨਾ ਆਓ। ਚੰਗੀ ਸਮਝ ਰੱਖਦੇ ਹੋਏ ਸੋਚੋ ਕਿ ਜਦੋਂ ਤੁਸੀਂ ਕੋਈ ਲਾਟਰੀ ਪਾਈ ਹੀ ਨਹੀਂ ਤਾਂ ਤੁਹਾਨੂੰ ਘਰ ਬੈਠਿਆਂ ਕੌਣ ਇਨਾਮ ਦੇਵੇਗਾ। ਕਿਸੇ ਵੀ ਅਜਨਬੀ ਨਾਲ ਫਾਲਤੂ ਗੱਲਬਾਤ ਨਾ ਕਰੋ ਅਤੇ ਨਾ ਹੀ ਕਿਸੇ ਨਾਲ ਆਪਣੇ ਬੈਂਕ ਖਾਤੇ, ਏਟੀਐਮ, ਆਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਸਾਂਝੀ ਕਰੋ। ਸੋਸ਼ਲ ਮੀਡੀਆ ’ਤੇ ਕਦੇ ਵੀ ਵੀ ਅਣਜਾਣ ਲੋਕਾਂ ਉਪਰ ਜਲਦੀ-ਜਲਦੀ ਭਰੋਸਾ ਨਾ ਕਰੋ। ਕੋਈ ਕੀਮਤੀ ਗਿਫਟ ਜਾਂ ਤੋਹਫੇ ਮੁਫਤ ਭੇਜਣ ਦਾ ਲਾਲਚ ਦੇਵੇ ਤਾਂ ਚੌਕਸ ਹੋ ਜਾਓ, ਨਹੀਂ ਤਾਂ ਠੱਗੀ ਦਾ ਸ਼ਿਕਾਰ ਬਣਨ ਲਈ ਤਿਆਰ ਰਹੋ।
-ਸੰਪਰਕ: 98725-54147