ਲਵਪ੍ਰੀਤ ਸਿੰਘ ਵਡਾਲੀ
ਛੋਟਾ ਘੱਲੂਘਾਰਾ ਸਾਮਰਾਜ ਦੇ ਅਲੋਪ ਹੋ ਰਹੇ ਸਾਲਾਂ ਦੌਰਾਨ ਮੁਗਲਾਂ ਦੁਆਰਾ ਸਿੱਖ ਅਬਾਦੀ ਦੇ ਬਹੁਤ ਵੱਡੇ ਹਿੱਸੇ ਦਾ ਕਤਲੇਆਮ ਸੀ। ਇਹ 1746 ਈਸਵੀ (ਸੰਮਤ 1803 ਬਿਕਰਮੀ) ਵਿੱਚ ਵਾਪਰਿਆ। ਇਸ ਸਮੇਂ ਮੁਗਲ ਹਾਕਮ ਸਿੱਖਾਂ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤ ਰਹੇ ਸਨ। ਅਜਿਹੇ ਸਮੇਂ ਦੀਵਾਨ ਲਖਪਤ ਰਾਏ ਵੀ ਉਨ੍ਹਾਂ ਦਾ ਸਾਥ ਦੇਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਇਸ ਬਾਰੇ ਭਾਈ ਰਤਨ ਸਿੰਘ ਭੰਗੂ ‘ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:
ਸੰਮਤ ਅਠਾਰਾਂ ਸੈ ਹੁਤੋ ਉਪਰ ਤੀਨ ਸੁ ਸਾਲ।
ਘੱਲੂਘਾਰੋ ਵੱਡ ਕਰਯੋ ਤੁਰਕਨ ਸਿੰਘਨ ਨਾਲ।
ਜਸਪਤ ਰਾਏ ਐਮਨਾਬਾਦ ਦਾ ਫ਼ੌਜਦਾਰ ਸੀ। ਯਾਹੀਆ ਖਾਨ ਨੇ ਤਾਕਤ ਹੱਥ ਵਿੱਚ ਲੈਂਦੇ ਸਾਰ ਹੀ ਲੱਖਪਤ ਰਾਏ ਨੂੰ ਦੀਵਾਨ ਥਾਪਿਆ। ਜਸਪਤ ਰਾਏ, ਲੱਖਪਤ ਰਾਏ ਦਾ ਵੱਡਾ ਭਰਾ ਸੀ। ਜਸਪਤ ਰਾਏ ਨੇ ਸਿੱਖਾਂ ਦਾ ਰੂੜੀ ਸਾਹਿਬ ਜੁੜਨਾ ਸੁਣਿਆ ਤਾਂ ਉਸ ਨੇ ਇਕੱਠੇ ਹੋਏ ਸਿੱਖਾਂ ’ਤੇ ਹੱਲਾ ਬੋਲ ਦਿੱਤਾ। ਜਸਪਤ ਰਾਏ ਨੇ ਸਿੰਘਾਂ ਨੂੰ ਕਮਜ਼ੋਰ ਜਾਣ ਕੇ ਬੜੇ ਹੰਕਾਰ ਭਰੇ ਸ਼ਬਦ ਬੋਲੇ। ਉਸ ਵੇਲੇ ਸਿੱਖਾਂ ਨੂੰ ਗੁਰਦੁਆਰਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਪਰ ਉਨ੍ਹਾਂ ਉਥੋਂ ਜਾਣਾ ਮੁਨਾਸਬਿ ਨਾ ਸਮਝਿਆ। ਜਸਪਤ ਰਾਏ ਨੇ ਰੋਹ ਵਿੱਚ ਹੱਲਾ ਬੋਲ ਦਿੱਤਾ। ਸਿੱਖ ਵੀ ਟਾਕਰੇ ਲਈ ਡਟ ਗਏ ਤੇ ਕਿਹਾ, ‘‘ਜਸਪਤ ਰਾਏ ਨੇ ਸੁੱਤੇ ਸ਼ੇਰ ਦੀ ਮੁੱਛ ਨੂੰ ਹੱਥ ਪਾਇਆ ਹੈ।’’ ਜਸਪਤ ਰਾਏ ਹਾਥੀ ’ਤੇ ਬੈਠਾ ਫ਼ੌਜ ਨੂੰ ਹੁਕਮ ਦੇ ਰਿਹਾ ਸੀ ਕਿ ਭਾਈ ਨਬਿਾਹੂ ਸਿੰਘ ਨੇ ਜਸਪਤ ਰਾਏ ਦਾ ਸਿਰ ਵੱਢ ਦਿੱਤਾ।
ਨਬਿਾਹੂ ਸਿੰਘ ਗਜ ਪਹਿ ਚੜਯੋ ਮਾਰ ਤੇਗ ਦਿਓ ਸੂਟ।
ਆਪਣੇ ਭਰਾ ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਲਖਪਤ ਰਾਏ ਲੋਹਾ ਲਾਖਾ ਹੋ ਗਿਆ ਤੇ ਬੁਰੀ ਤਰ੍ਹਾਂ ਬੁਖਲਾ ਗਿਆ। ਦੀਵਾਨ ਲਖਪਤ ਰਾਏ ਨੇ ਆਪਣੀ ਪੱਗ ਯਾਹੀਆ ਖ਼ਾਨ ਦੇ ਪੈਰਾਂ ਵਿੱਚ ਰੱਖ ਕੇ ਪਾਨ ਦਾ ਬੀੜਾ ਚੁੱਕ ਕੇ ਸਹੁੰ ਖਾਧੀ ਕਿ ਉਹ ਸਿੱਖਾਂ ਦਾ ਅੰਤ ਕਰਕੇ ਹੀ ਪੱਗ ਸਿਰ ’ਤੇ ਬੰਨ੍ਹੇਗਾ। ਵੱਡੇ ਹੰਕਾਰ ਵਿੱਚ ਆ ਕੇ ਲਖਪਤ ਰਾਏ ਕਹਿਣ ਲੱਗਾ, ‘‘ਸਿੱਖੀ ਇੱਕ ਖੱਤਰੀ (ਗੁਰੂ ਨਾਨਕ ਦੇਵ ਜੀ) ਨੇ ਸ਼ੁਰੂ ਕੀਤੀ ਸੀ ਤੇ ਹੁਣ ਇੱਕ ਖੱਤਰੀ ਹੀ ਮੁਕਾਵੇਗਾ।’’ ਜਸਪਤ ਰਾਏ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਕਿਤੇ ਵੀ ਸਿੱਖ ਨਜ਼ਰ ਆਏ, ਉਸ ਨੂੰ ਰਾਜ ਦਰਬਾਰ ਵਿੱਚ ਪੇਸ਼ ਕਰ ਦਿੱਤਾ ਜਾਵੇ। ਭਾਈ ਰਤਨ ਸਿੰਘ ਭੰਗੂ ਇਸ ਦਾ ਇੰਝ ਜ਼ਿਕਰ ਕਰਦੇ ਹਨ:
ਯਹੀ ਬਾਤ ਲੱਖਪਤ ਸੁਣੀ ਢਿਗ ਨਵਾਬ ਦਈ ਪੱਗ ਡਾਰ।
ਫੇਰ ਆਨ ਮੈਂ ਬੰਧੋਂਗੋ ਸਿੰਘਨ ਕੋ ਪੰਥ ਗਾਰ।
ਇਹ ਦੌਰ ਕਈ ਦਿਨ ਤੱਕ ਨਿਰੰਤਰ ਜਾਰੀ ਰਿਹਾ। ਹਾਲਾਤ ਦੀ ਨਜ਼ਾਕਤ ਦੇਖਦਿਆਂ ਸਿੱਖਾਂ ਨੇ ਲਾਹੌਰ ਤੋਂ ਦੂਰੀ ਬਣਾਉਂਦਿਆਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਆਸ ਨੇੜੇ ਜੰਗਲਾਂ ਨੂੰ ਆਪਣੀ ਠਾਹਰ ਬਣਾ ਲਿਆ। ਲਖਪਤ ਰਾਏ ਨੇ 10 ਮਾਰਚ 1746 ਈਸਵੀ ਨੂੰ ਲਾਹੌਰ ਦੇ ਸਾਰੇ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਅਤੇ ਗੁਰੂ, ਗੁੜ ਅਤੇ ਗ੍ਰੰਥ ਆਦਿ ਸ਼ਬਦਾਂ ’ਤੇ ਪਾਬੰਦੀ ਲਗਾ ਦਿੱਤੀ। ਜਿਹੜਾ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਸੀ।
ਲੱਖਪਤ ਰਾਏ ਦਾ ਮੰਨਣਾ ਸੀ ਕਿ ਗੁੜ ਕਹਿਣ ਨਾਲ ਗੁਰੂ ਯਾਦ ਆ ਜਾਂਦਾ ਹੈ ਅਤੇ ਗੁਰੂ ਯਾਦ ਆਉਣ ਨਾਲ ਗੁਰੂ ਗੋਬਿੰਦ ਸਿੰਘ ਯਾਦ ਆ ਜਾਂਦੇ ਹਨ। ਉਨ੍ਹਾਂ ਦੀ ਯਾਦ ਆਉਣ ਨਾਲ ਸਿੱਖਾਂ ਵਿੱਚ ਜਜ਼ਬਾ ਪੈਦਾ ਹੋ ਜਾਂਦਾ ਹੈ। ਇਸ ਲਈ ਉਸ ਨੇ ਗੁੜ ਦੀ ਰੋੜੀ ਜਾਂ ਭੇਲੀ ਆਖਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਕਿਸੇ ਵੀ ਪੁਸਤਕ ਨੂੰ ਗ੍ਰੰਥ ਦੀ ਜਗ੍ਹਾ ਪੋਥੀ ਆਖਣ ਦੀ ਹਦਾਇਤ ਕੀਤੀ ਗਈ। ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ। ਇਹ ਛੋਟੇ ਘੱਲੂਘਾਰੇ ਦਾ ਆਰੰਭ ਸੀ।
ਗੁੜ ਕੇ ਕਹਨੇ ਗੁਰ ਕਹੈਂ ਰੋੜੀ ਪਾਯੋ ਨਾਮ।
ਜੇ ਕੋ ਗੁਰ ਕਹਿ ਕਿਸ ਸਦੇ ਮਾਰੋਂ ਚੜ੍ਹ ਤਿਸ ਗਾਮ।
ਲਖਪਤ ਰਾਏ ਲਾਹੌਰ ਦੇ ਵਸਨੀਕਾਂ ਨੂੰ ਸ਼ਹੀਦ ਕਰਨ ਮਗਰੋਂ ਅੰਮ੍ਰਿਤਸਰ ਵੱਲ ਵਧਿਆ ਅਤੇ ਲਾਹੌਰ ਦੀਆਂ ਫ਼ੌਜਾਂ ਨੂੰ ਲਾਮਬੰਦ ਕੀਤਾ। ਅੰਮ੍ਰਿਤਸਰ ’ਤੇ ਵੀ ਇਕ ਦਮ ਫੌਜਾਂ ਦਾ ਹੱਲਾ ਹੋ ਜਾਣ ਕਾਰਨ ਸਿੱਖ ਟਿਕਾਣਿਆਂ ਵੱਲ ਨਾ ਜਾ ਸਕੇ। ਉਨ੍ਹਾਂ ਕਾਹਨੂੰਵਾਨ ਦੇ ਛੰਭਾਂ ਵੱਲ ਜਾਣ ਦੀ ਵਿਓਂਤ ਬਣਾਈ। ਇਸ ਦੌਰਾਨ ਜਦੋਂ ਲਖਪਤ ਰਾਏ ਨੂੰ ਪਤਾ ਲੱਗਿਆ ਕਿ ਸਿੱਖ ਕਾਹਨੂੰਵਾਨ ਦੇ ਛੰਭ ਵੱਲ ਜਾ ਰਹੇ ਹਨ ਤਾਂ ਫ਼ੌਜਾਂ ਨੇ ਰਸਤੇ ਵਿੱਚ ਹੀ ਰੋਕਾਂ ਲਾ ਕੇ ਸਿੱਖਾਂ ਦੀ ਵਹੀਰ ਦਾ ਮੂੰਹ ਰਾਵੀ ਵੱਲ ਕਰ ਦਿੱਤਾ। ਲੱਖਪਤ ਰਾਏ ਨੇ ਮੁਗਲ ਸੈਨਾ ਦੀ ਸਹਾਇਤਾ ਨਾਲ ਮਈ 1746 ਵਿਚ ਛੰਭ ਨੂੰ ਚਾਰੇ ਪਾਸਿਓਂ ਘੇਰ ਲਿਆ, ਜੰਗਲ ਕਟਵਾ ਕੇ ਚਾਰੇ ਪਾਸੇ ਅੱਗ ਲਗਾ ਦਿੱਤੀ ਅਤੇ ਤੋਪਾਂ ਸਿੰਘਾਂ ਵੱਲ ਬੀੜ ਦਿੱਤੀਆਂ। ਸਿੰਘਾਂ ਦੇ ਸੱਜੇ ਪਾਸੇ ਰਾਵੀ, ਅੱਗੇ-ਪਿੱਛੇ ਫ਼ੌਜ ਅਤੇ ਸਾਹਮਣੇ ਪਹਾੜੀ ਉੱਤੋਂ ਪੱਥਰਾਂ ਤੇ ਗੋਲੀਆਂ ਵਰ੍ਹਨ ਲੱਗੀਆਂ। ਇਸ ਵੇਲੇ ਸਿੰਘਾਂ ਕੋਲ ਨਾ ਰਸਦ ਸੀ, ਨਾ ਪਾਣੀ ਸੀ, ਨਾ ਤੋਪਾਂ ਤੇ ਨਾ ਬਰੂਦ ਸੀ। ਸ਼ਸਤਰ ਵੀ ਖੁੰਢੇ ਹੋ ਗਏ ਸਨ। ਕਮਾਨਾਂ ਕਮਜ਼ੋਰ ਹੋ ਗਈਆਂ ਤੇ ਤੀਰ ਮੁੱਕ ਗਏ। ਆਪਣੇ-ਆਪ ਨੂੰ ਚਾਰੇ ਪਾਸਿਓਂ ਘਿਰਿਆ ਦੇਖ ਕੇ ਉਨ੍ਹਾਂ ਇਹ ਵਿਚਾਰ ਬਣਾਈ ਕਿ ਇੱਕ ਜਥਾ ਪਹਾੜੀ ਚੜ੍ਹੇ, ਦੂਜਾ ਰਾਵੀ ਪਾਰ ਕਰੇ ਅਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਅਗਵਾਈ ਹੇਠ ਲਖਪਤ ਰਾਏ ਦਾ ਟਾਕਰਾ ਕਰੇ। ਇਸੇ ਤਰ੍ਹਾਂ ਕੁੱਝ ਸਿੱਖ ਪਹਾੜੀਆਂ ’ਤੇ ਚੜ੍ਹ ਗਏ ਤੇ ਕੁੱਝ ਸਿੱਖ ਬਿਆਸ ਦਰਿਆ ਦੇ ਕੰਢੇ ਕੰਢੇ ਇਸ ਛੰਭ ’ਚੋਂ ਨਿਕਲਣ ਵਿਚ ਸਫਲ ਹੋ ਗਏ ਅਤੇ ਜੋ ਬਾਕੀ ਸਿੰਘ ਰਹਿ ਗਏ, ਉਨ੍ਹਾਂ ਫ਼ੈਸਲਾ ਕੀਤਾ ਕਿ ਗੋਲਕਾਰ ਕਿਲ੍ਹੇ ਦੀ ਸ਼ਕਲ ਬਣਾ ਕੇ ਲਖਪਤ ਰਾਏ ਦੀਆਂ ਫ਼ੌਜਾਂ ’ਤੇ ਹੱਲਾ ਬੋਲ ਦਿੱਤਾ ਜਾਏ। ਪਹਿਲੀ ਜੂਨ 1746 ਈਸਵੀ ਨੂੰ ਛੋਟੇ ਘੱਲੂਘਾਰੇ ਦਾ ਆਰੰਭ ਸੀ ਅਤੇ ਦੁੱਖ-ਭੁੱਖ ਦੀਆਂ ਮਾਰਾਂ ਸ਼ੁਰੂ ਹੋਈਆਂ। ਰੇਤਲੇ ਮੈਦਾਨ ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਪਾਰ ਕਰ ਕੇ ਬਿਆਸ ਤੱਕ ਪੁੱਜਣਾ ਔਖੀ ਕੰਮ ਸੀ। ਭਾਈ ਰਤਨ ਸਿੰਘ ਭੰਗੂ ਲਿੱਖਦੇ ਹਨ:
ਅੱਧੀ ਮੌਤ ਮੁਸਾਫਰੀ ਸਾਰੀ ਮੌਤ ਸੁ ਭੁੱਖ।
ਊਹਾਂ ਆਇ ਦੋਊ ਮਿਲੀ ਯਹ ਭਯੋ ਖ਼ਾਲਸੇ ਦੁੱਖ।
ਕਾਹਨੂੰਵਾਨ ਦੀ ਦਲਦਲ ਅਤੇ ਅੱਗ ਵਿਚ ਘਿਰ ਜਾਣ ਕਾਰਨ ਸੱਤ ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋ ਗਏ ਅਤੇ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲਿਜਾਇਆ ਗਿਆ। ਲਖਪਤ ਰਾਏ ਕਈ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲਾਹੌਰ ਲੈ ਗਿਆ। ਉਥੇ ਹੀ ਇਨ੍ਹਾਂ ਦੇ ਸਿਰਾਂ ਦਾ ਮੀਨਾਰ ਉਸਾਰਿਆ। ਲਾਹੌਰ ਵਿੱਚ ਸਿੰਘਾਂ ਨੂੰ ਨਖਾਸ (ਘੋੜਿਆਂ ਦੇ ਵਪਾਰ ਦੀ ਜਗ੍ਹਾ) ਦੇ ਸਥਾਨ ’ਤੇ ਸ਼ਹੀਦ ਕਰ ਦਿੱਤਾ ਗਿਆ। ਇਸ ਘੱਲੂਘਾਰੇ ਵਿੱਚ 10 ਹਜ਼ਾਰ ਤੋਂ ਵੱਧ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ। ਕਾਹਨੂੰਵਾਨ ਦੇ ਛੰਭ ’ਤੇ ਇੰਨੀ ਵੱਡੀ ਗਿਣਤੀ ਵਿਚ ਹੋਈ ਸਿੱਖਾਂ ਦੀ ਸ਼ਹਾਦਤ ਲਈ ਸਿੱਖ ਇਤਿਹਾਸ ਵਿੱਚ ਇਸ ਅਧਿਆਏ ਨੂੰ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦਾਸਪੁਰ ਵਿਚ ਛੰਭ ਕਾਹਨੂੰਵਾਨ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰੇ ਨੇੜੇ ਚੱਕ ਅਬਦੁਲ ਬਾਰੀ ਕਾਹਨੂੰਵਾਨ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਬਣਾਇਆ ਗਿਆ ਹੈ।
ਸੰਪਰਕ: 62839-15745