ਹਰਦੀਪ ਨੇ ਘੜੀ ਵੱਲ ਦੇਖਿਆ। ਪੀਰੀਅਡ ਖ਼ਤਮ ਹੋਣ ਵਿੱਚ ਦਸ ਮਿੰਟ ਰਹਿੰਦੇ ਸਨ। ਉਸ ਨੇ ਆਪਣੀ ਆਦਤ ਮੁਤਾਬਿਕ ਬੱਚਿਆਂ ਨੂੰ ਕਿਹਾ, ‘‘ਬਹੁਤ ਰੌਲਾ ਨ੍ਹੀਂ ਪਾਉਣਾ। ਹੁਣ ਮੌਜਾਂ ਕਰੋ।’’ ਉਸ ਨੇ ਇਹ ਰੁਟੀਨ ਬਣਾ ਰੱਖੀ ਸੀ ਕਿ ਬੱਚਿਆਂ ਨੂੰ ਰੀਲੈਕਸ ਹੋਣ ਲਈ 8-10 ਮਿੰਟ ਦੇਣੇ ਨੇ। ਬੱਚੇ ਕਲਾਸ ਵਿੱਚ ਬੱਝ ਕੇ ਬੈਠਦੇ ਸਨ। ਫਿਰ ਉਸ ਦਾ ਆਪਣਾ ਸੁਭਾਅ ਵੀ ਬੜਾ ਸਖ਼ਤ ਸੀ। ਜਿੱਥੇ ਬੱਚਿਆਂ ਦਾ ਲਿਹਾਜ਼ ਕਰਨ ਦੀ ਲੋੜ ਪੈਂਦੀ, ਉਹ ਕਰਦਾ। ਜਿੱਥੇ ਗੁੱਸੇ ਹੋਣ ਦਾ ਵੇਲਾ ਹੁੰਦਾ, ਉਹ ਗੁੱਸੇ ਹੁੰਦਾ। ਅੱਠ-ਦਸ ਮਿੰਟਾਂ ਵਿੱਚ ਬੱਚੇ ਤਨਾਅ-ਮੁਕਤ ਹੋ ਜਾਂਦੇ। ਉਹ ਵੀ ਅਗਲੇ ਪੀਰੀਅਡ ਲਈ ਤਾਜ਼ਾਦਮ ਹੋ ਜਾਂਦਾ। ਇਸੇ ਕਰਕੇ ਉਹ ਬੱਚਿਆਂ ਵਿੱਚ ਹਰਮਨ ਪਿਆਰਾ ਸੀ।
ਉਹ ਦਰਵਾਜ਼ੇ ਦੇ ਬਾਹਰ ਆ ਕੇ ਖੜ੍ਹਾ ਹੋ ਗਿਆ। ਐਵੇਂ ਹੀ ਸੱਜੇ-ਖੱਬੇ ਪਾਸੇ ਦੇਖਣ ਲੱਗਾ। ਉਸ ਨੂੰ ਭੁਜੱਕਾ ਜਿਹਾ ਪਿਆ ਜਿੱਦਾਂ ਭਜਨ ਸਿੰਘ ਕਾਹਲੀ-ਕਾਹਲੀ ਕਲਰਕ ਦੇ ਕਮਰੇ ਵੱਲ ਜਾ ਰਿਹਾ ਹੋਵੇ। ਉਸ ਨੇ ਪੱਕ ਕਰਨ ਲਈ ਐਨਕ ਲਾ ਲਈ। ਭਜਨ ਸਿੰਘ ਹੀ ਸੀ। ਇਹ ਪਹਿਲੀ ਵਾਰ ਸੀ ਕਿ ਭਜਨ ਸਿੰਘ ਉਸ ਨੂੰ ਮਿਲਣ ਤੋਂ ਪਹਿਲਾਂ ਸਕੂਲ ਦੇ ਦਫ਼ਤਰ ਵੱਲ ਜਾ ਰਿਹਾ ਸੀ। ਭਜਨ ਸਿੰਘ ਉਸ ਦੇ ਪਿੰਡ ਵੱਲ ਦਾ ਸੀ। ਸ਼ਹਿਰ ਆ ਕੇ ਰਹਿਣ ਲੱਗਾ ਸੀ। ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਵਾਂਗੂੰ ਬੇਜ਼ਮੀਨਾ ਜੱਟ ਸੀ। ਇੱਕ ਤਾਂ ਉਹ ਹਰਦੀਪ ਦੇ ਪਿੰਡਾਂ ਵੱਲ ਦਾ ਸੀ, ਦੂਜਾ ਦੋਹਾਂ ਦਾ ਗੋਤ ਇੱਕੋ ਸੀ। ਇਸੇ ਲਈ ਹਰਦੀਪ ਕੁਝ ਜ਼ਿਆਦਾ ਹੀ ਉਸ ਪ੍ਰਤੀ ਹਮਦਰਦੀ ਤੇ ਆਪਣਾਪਣ ਦਿਖਾਉਂਦਾ ਸੀ। ਭਜਨ ਸਿੰਘ ਆਪਣੇ ਦੋਹਾਂ ਮੁੰਡਿਆਂ ਦੀ ਫੀਸ ਜਮ੍ਹਾਂ ਕਰਾਉਣ ਲਈ ਆਉਂਦਾ ਜਾਂ ਪੇਰੈਂਟਸ ਡੇਅ ’ਤੇ, ਹਰਦੀਪ ਨੂੰ ਅਵੱਸ਼ ਹੀ ਮਿਲ ਕੇ ਜਾਂਦਾ। ਉਹ ਭਜਨ ਸਿੰਘ ਨੂੰ ਚਾਹ ਪਿਆਉਂਦਾ। ਆਪਣੇ ਪਿੰਡਾਂ ਵੱਲ ਦੀਆਂ ਨਵੀਆਂ ਤਾਜ਼ੀਆਂ ਗੱਲਬਾਤਾਂ ਪੁੱਛਦਾ। ਉਹ ਆਪਣੇ ਪਿੰਡ ਪੰਜ-ਸੱਤ ਸਾਲਾਂ ਮਗਰੋਂ ਜਾਂਦਾ। ਉਹ ਵੀ ਉਦੋਂ ਜਦੋਂ ਸ਼ਰੀਕੇ-ਭਾਈਚਾਰੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ। ਭਜਨ ਸਿੰਘ ਨੂੰ ਮਿਲ ਕੇ ਉਸ ਨੂੰ ਆਤਮਿਕ ਸ਼ਾਂਤੀ ਤੇ ਸੰਤੁਸ਼ਟੀ ਮਿਲਦੀ। ਉਹ ਭਜਨ ਸਿੰਘ ਦੇ ਦੋਹਾਂ ਬੱਚਿਆਂ ਦੀ, ਜਿੱਥੇ ਵੀ ਸੰਭਵ ਹੁੰਦਾ, ਮਦਦ ਕਰਦਾ ਪਰ ਅਹਿਸਾਨ ਕਦੇ ਨਾ ਜਤਾਉਂਦਾ। ਨਾ ਹੀ ਦੱਸਦਾ। ਨਾ ਹੀ ਪੁੱਛਦਾ। ਕਿਉਂ ਜੁ ਉਸ ਦੀ ਆਪਣੀ ਜ਼ਿੰਦਗੀ ਵੀ ਤਨਖ਼ਾਹ ’ਤੇ ਚਲਦੀ ਸੀ। ਉਹ ਘਰ ਦੀਆਂ ਲੋੜਾਂ, ਮਜਬੂਰੀਆਂ ਤੇ ਤੰਗੀਆਂ-ਤੁਰਸ਼ੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
ਉਹ ਕੰਧ ਨਾਲ ਢੋਅ ਲਾ ਕੇ ਭਜਨ ਸਿੰਘ ਦੀ ਉਡੀਕ ਕਰਨ ਲੱਗਾ ਕਿ ਉਹ ਉਸ ਨੂੰ ਨਾਲ ਲਿਜਾ ਕੇ ਕੰਟੀਨ ਵਿੱਚ ਬੈਠੇਗਾ। ਉਸ ਦਾ ਪੀਰੀਅਡ ਵਿਹਲਾ ਸੀ। ਉਸ ਨੇ ਇਸੇ ਸਮੇਂ ਘਰ ਦੇ ਕਿਸੇ ਕੰਮ ਲਈ ਨਾਲ ਪੈਂਦੀ ਮਾਰਕੀਟ ਵਿੱਚ ਜਾਣਾ ਸੀ। ਉਸ ਨੇ ਮਨ ਹੀ ਮਨ ਸੋਚਿਆ ਕਿ ਉਹ ਛੁੱਟੀ ਮਗਰੋਂ ਮਾਰਕੀਟ ਵਿੱਚ ਚਲਾ ਜਾਵੇਗਾ। ਇੱਥੇ ਸਾਰੇ ਜਣੇ ਇੱਕੋ ਜਿਹੀਆਂ ਗੱਲਾਂ ਕਰਨ ਵਿੱਚ ਮਸਤ ਰਹਿੰਦੇ ਨੇ। ਕੋਈ ਆਪਣਾ ਲੱਗਦਾ ਹੀ ਨਹੀਂ।
ਉਸ ਨੇ ਭਜਨ ਸਿੰਘ ਨੂੰ ਆਪਣੇ ਵੱਲ ਕਾਹਲੀ-ਕਾਹਲੀ ਆਉਂਦਿਆਂ ਦੇਖਿਆ ਤਾਂ ਉਸ ਦੇ ਮਨ ਨੇ ਕਿਹਾ ਕਿ ਭਜਨ ਸਿੰਘ ਕਿਸੇ ਮੁਸੀਬਤ ਵਿੱਚ ਲੱਗਦਾ ਹੈ। ਇਸ ਤੋਂ ਪਹਿਲਾਂ ਉਸ ਨੇ ਜਿੰਨੀ ਵਾਰ ਵੀ ਉਸ ਨੂੰ ਸਕੂਲ ਵਿੱਚ ਆਉਂਦੇ ਦੇਖਿਆ ਸੀ, ਉਹ ਮਸਤ ਹਾਥੀ ਵਾਂਗੂੰ ਤੁਰਦਾ ਆਉਂਦਾ ਸੀ। ਨਾ ਗੱਲਬਾਤ ਵਿੱਚ ਕਾਹਲੀ, ਨਾ ਤੋਰ ਵਿੱਚ।
ਹਰਦੀਪ ਨੇ ਅਗਾਂਹ ਹੋ ਕੇ ਪਹਿਲਾਂ ਭਜਨ ਸਿੰਘ ਨਾਲ ਹੱਥ ਮਿਲਾਇਆ। ਫੇਰ ਜੱਫੀ ਪਾ ਲਈ। ਪਰ ਉਸ ਨੂੰ ਭਜਨ ਸਿੰਘ ਵੱਲੋਂ ਅਜਿਹੀ ਭਾਵਨਾ ਨਾ ਮਿਲੀ। ਉਸ ਨੇ ਪੁੱਛਿਆ, ‘‘ਭਾ-ਘਰ ਪਰਿਵਾਰ ਠੀਕ ਆ?’’
‘‘ਠੀਕ ਹੀ ਸਮਝ ਲੈ,’’ ਭਜਨ ਸਿੰਘ ਦੀ ਆਵਾਜ਼ ਵਿੱਚ ਘਬਰਾਹਟ ਜਿਹੀ ਸੀ।
‘‘ਤੂੰ ਮੈਨੂੰ ਠੀਕ ਨ੍ਹੀਂ ਲੱਗਦਾ?’’ ‘‘ਐਵੇਂ ਤੈਨੂੰ ਲੱਗਦਾ।’’
ਉਸ ਨੇ ਭਜਨ ਸਿੰਘ ਨੂੰ ਗੁੱਟ ਤੋਂ ਫੜ ਕੇ ਆਪਣੇ ਨਾਲ ਤੋਰ ਲਿਆ, ‘‘ਚੱਲ ਕੰਟੀਨ ’ਚ ਚੱਲ ਕੇ ਬੈਠਦੇ ਆਂ। ਚਾਹ ਪੀਂਦੇ ਆਂ। ਮੈਂ ਵੀ ਐਸ ਵੇਲੇ ਚਾਹ ਪੀਣਾ ਹੁੰਨਾਂ।’’
ਸਕੂਲ ਦੀ ਨੁੱਕਰ ਵਿੱਚ ਪੈਂਦੀ ਕੰਟੀਨ ਵੱਲ ਜਾਂਦਿਆਂ ਉਸ ਨੇ ਜਿੰਨਾ ਕੁ ਭਜਨ ਸਿੰਘ ਕੋਲੋਂ ਪੁੱਛਿਆ, ਉਸ ਨੇ ਓਨਾ ਕੁ ਜੁਆਬ ਦਿੱਤਾ। ਇਸ ਤੋਂ ਪਹਿਲਾਂ ਭਜਨ ਸਿੰਘ ਲਗਾਤਾਰ ਬੋਲਦਾ ਸੀ ਜਿੱਦਾਂ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਹੋਵੇ। ਜਿੱਦਾਂ ਉਸ ਨੇ ਸਭ ਕੁਝ ਸੁਣਾ ਕੇ ਵਿਹਲਾ ਹੋਣਾ ਹੋਵੇ।
‘‘ਮਾਸਟਰ ਜੀ, ਮੈਂ ਤੁਹਾਡੇ ਨਾਲ ਕਦੇ ਕੋਈ ਮਾੜੀ ਕੀਤੀ ਆ?’’ ਚਾਹ ਦਾ ਕੱਪ ਆਪਣੇ ਵੱਲ ਸਰਕਾ ਕੇ ਉਸ ਨੇ ਪੁੱਛਿਆ।
‘‘ਤੂੰ ਮੇਰਾ ਵੱਡਾ ਭਰਾ ਏਂ। ਤੂੰ ਕਿੱਦਾਂ ਮੇਰਾ ਮਾੜਾ ਸੋਚ ਸਕਦਾਂ?’’ ਹਰਦੀਪ ਨੇ ਅੱਗੋਂ ਪੁੱਛ ਲਿਆ।
‘‘ਪਰ ਤੂੰ ਮੇਰੇ ਨਾਲ ਬਹੁਤ ਮਾੜੀ ਕੀਤੀ,’’ ਭਜਨ ਸਿੰਘ ਉੱਚੀ ਆਵਾਜ਼ ਵਿੱਚ ਬੋਲਿਆ।
‘‘ਮੈਂ ਤੇ ਤੇਰੇ ਨਾਲ ਮਾੜੀ?’’ ਹਰਦੀਪ ਨੇ ਆਪਣੇ ਆਲੇ-ਦੁਆਲੇ ਦੇਖ ਕੇ ਆਪਣੀ ਆਵਾਜ਼ ’ਤੇ ਕੰਟਰੋਲ ਰੱਖਿਆ ਸੀ। ਇੱਕ ਵਿਚਾਰ ਤੇਜ਼ੀ ਨਾਲ ਮਨ ਵਿੱਚ ਉਭਰਿਆ ਕਿ ਉਸ ਨੇ ਅਜਿਹਾ ਕੀ ਕਰ ਦਿੱਤਾ।
‘‘ਹਾਂ, ਤੂੰ ਮਾੜੀ ਕੀਤੀ।’’
‘‘ਐਵੇਂ ਬੁਝਾਰਤਾਂ ਨਾ ਪਾ। ਸਿੱਧੀ ਗੱਲ ’ਤੇ ਆ।’’ ਹੁਣ ਹਰਦੀਪ ਨੂੰ ਵੀ ਗੁੱਸਾ ਆਉਣ ਲੱਗਾ ਸੀ। ਉਸ ਦਾ ਆਪਣੇ-ਆਪ ’ਤੇ ਕੰਟਰੋਲ ਘਟਣ ਲੱਗਾ ਸੀ।
ਸਕੂਲ ਦੇ ਬਹੁਤੇ ਮਾਸਟਰ ਟਿਊਸ਼ਨ ਵਰਕ ਕਰਦੇ ਸਨ। ਸਾਰੀ ਛੁੱਟੀ ਤੋਂ ਮਗਰੋਂ ਸਕੂਲ ਵਿੱਚ ਵੀ। ਘਰੇ ਵੀ। ਪਰ ਉਸ ਨੂੰ ਅਜਿਹਾ ਕਰਨਾ ਚੰਗਾ ਨਾ ਲੱਗਦਾ। ਜੇ ਉਹ ਲੋੜ ਮਹਿਸੂਸ ਕਰਦਾ ਤਾਂ ਆਪਣੇ ਘਰੇ ਪੰਜ-ਸੱਤ ਬੱਚਿਆਂ ਨੂੰ ਬੁਲਾ ਕੇ ਫਰੀ ਪੜ੍ਹਾ ਦਿੰਦਾ। ਉਸ ਦਾ ਇਹ ਸਿਧਾਂਤ ਸੀ ਕਿ ਕਿਸੇ ਕੋਲੋਂ ਉਏ ਨਹੀਂ ਅਖਵਾਉਣੀ।
‘‘ਮੈਂ ਤੈਨੂੰ ਆਪਣੇ ਬੱਚਿਆਂ ਦੀ ਕੋਈ ਮਦਦ ਕਰਨ ਲਈ ਕਿਹਾ ਏ ਕਦੇ?’’
‘‘ਇਸ ’ਚ ਕਹਿਣ ਵਾਲੀ ਕਿਹੜੀ ਗੱਲ ਆ। ਮੈਂ ਆਪਣੀ ਜ਼ਿੰਮੇਵਾਰੀ ਸਮਝਦਾਂ। ਕਹਿ ਕੇ ਕੋਈ ਕੰਮ ਕਰਵਾਇਆ ਤਾਂ ਕੀ ਕਰਵਾਇਆ।’’
‘‘ਮੈਂ ਤੈਨੂੰ ਬੱਚਿਆਂ ਦੀ ਫੀਸ ਮੁਆਫ਼ ਕਰਨ ਲਈ ਕਦੋਂ ਕਿਹਾ ਸੀ?’’
‘‘ਨ੍ਹੀਂ ਕਿਹਾ ਸੀ। ਮੈਂ ਲੋੜ ਮਹਿਸੂਸ ਕੀਤੀ ਸੀ। ਆਪ ਐਪਲੀਕੇਸ਼ਨ ਲਿਖ ਕੇ ਦਿੱਤੀ ਸੀ।’’
‘‘ਤੂੰ ਮੈਨੂੰ ਮੇਰੇ ਮੁੰਡਿਆਂ ਦੀ ਨਜ਼ਰ ’ਚ ਜਿਊਂਦਿਆਂ ਜੀ ਮਾਰ ਦਿੱਤਾ। ਮੈਨੂੰ ਤੈਥੋਂ ਇਹ ਆਸ ਨ੍ਹੀਂ ਸੀ।’’ ਉਸ ਨੇ ਚਾਹ ਦਾ ਭਰਿਆ ਹੋਇਆ ਕੱਪ ਹਰਦੀਪ ਵੱਲ ਸਰਕਾ ਦਿੱਤਾ। ਉੱਠ ਕੇ ਖੜ੍ਹ ਗਿਆ। ਨੈਹਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਅਥਾਹ ਗੁੱਸੇ ਨਾਲ ਬੋਲਿਆ, ‘‘ਤੂੰ ਮੈਨੂੰ ਜਿਊਂਦਿਆਂ ਮਾਰ ਦਿੱਤਾ। ਮੇਰਾ ਸਿਰ ਨੀਵਾਂ ਕਰ ਦਿੱਤਾ। ਤੂੰ ਮੈਨੂੰ ਕੰਮੀ-ਕਮੀਣਾਂ ਨਾਲ ਰਲਾ ਦਿੱਤਾ। ਮੈਨੂੰ ਤੈਥੋਂ ਇਹ ਆਸ ਨ੍ਹੀਂ ਸੀ।’’
ਸੰਪਰਕ: 98148-03254