ਸਵਰਾਜਬੀਰ
ਉੱਘੇ ਚਿੰਤਕ ਬੈਨੇਡਿਕਟ ਐਂਡਰਸਨ (Benedict Anderson) ਦਾ ਮੰਨਣਾ ਹੈ ਕਿ ਵੱਖ ਵੱਖ ਦੇਸ਼ਾਂ ਵਿਚ ਰਾਸ਼ਟਰੀ ਚੇਤਨਾ ਦਾ ਉਭਾਰ ਅਖ਼ਬਾਰਾਂ ਅਤੇ ਕਿਤਾਬਾਂ ਦੇ ਵੱਡੀ ਪੱਧਰ ’ਤੇ ਛਪਣ ਨਾਲ ਜੁੜਿਆ ਹੋਇਆ ਹੈ। ਉਸ ਅਨੁਸਾਰ ਬਸਤੀਵਾਦੀ ਦੇਸ਼ਾਂ ਵਿਚ ਸਥਾਨਕ ਬੁੱਧੀਜੀਵੀਆਂ ਨੇ ਆਪਣੇ ਰਾਸ਼ਟਰਾਂ/ਕੌਮਾਂ ਦੀ ਕਲਪਨਾ ਕਰਨੀ ਤਦ ਸ਼ੁਰੂ ਕੀਤੀ ਜਦ ਅਖ਼ਬਾਰ ਸਥਾਨਕ ਭਾਸ਼ਾਵਾਂ ਵਿਚ ਛਪਣ ਲੱਗੇ। ਇਸ ਧਾਰਨਾ ਨੂੰ ਥੋੜ੍ਹਾ ਵਿਸਥਾਰ ਦਿੰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਸਥਾਨਕ ਭਾਸ਼ਾਵਾਂ ਵਿਚ ਅਖ਼ਬਾਰਾਂ ਦੇ ਛਪਣ ਤੋਂ ਪਹਿਲਾਂ ਬਹੁਤ ਸਾਰੇ ਅਖ਼ਬਾਰ ਬਸਤੀਵਾਦੀ ਹੁਕਮਰਾਨਾਂ ਦੀ ਭਾਸ਼ਾ ਵਿਚ ਸ਼ੁਰੂ ਹੋਏ ਜਿਨ੍ਹਾਂ ਨੇ ਰਾਸ਼ਟਰੀ/ਕੌਮੀ/ਸਥਾਨਕ ਗੌਰਵ ਦੀ ਚੇਤਨਾ ਨੂੰ ਉਭਾਰਿਆ। ਇਸ ਸੰਦਰਭ ਵਿਚ ਸ. ਦਿਆਲ ਸਿੰਘ ਮਜੀਠੀਆ ਦੇ 1881 ਵਿਚ ਅੰਗਰੇਜ਼ੀ ਵਿਚ ਸ਼ੁਰੂ ਕੀਤੇ ਅਖ਼ਬਾਰ ‘ਦਿ ਟ੍ਰਿਬਿਊਨ’ ਦੀ ਭੂਮਿਕਾ, ਜਿਸ ਨੇ ਪੂਰੇ ਦੇਸ਼ ਦੀ ਸਿਆਸਤ ਅਤੇ ਖ਼ਾਸ ਕਰਕੇ ਪੰਜਾਬ ਦੀ ਸਿਆਸਤ ’ਤੇ ਦੂਰਗ਼ਾਮੀ ਅਸਰ ਪਾਏ, ਬਹੁਤ ਅਹਿਮ ਹੈ। ਇਹ ਅਖ਼ਬਾਰ ਦੇਸ਼ ਅਤੇ ਪੰਜਾਬ ਦੇ ਇਤਿਹਾਸ ਨਾਲ ਕਦਮ ਮਿਲਾ ਕੇ ਚੱਲਦਾ ਰਿਹਾ ਅਤੇ ਇਸ ਤਰ੍ਹਾਂ ਦੇਸ਼ ਤੇ ਪੰਜਾਬ ਦੇ ਇਤਿਹਾਸ ਦਾ ਹਿੱਸਾ ਬਣ ਗਿਆ।
ਇਸ ਲੇਖ ਦਾ ਉਦੇਸ਼ ਪੰਜਾਬ ਦੇ ਕੁਝ ਕਿਸਾਨ ਅੰਦੋਲਨਾਂ ਦੌਰਾਨ ‘ਦਿ ਟ੍ਰਿਬਿਊਨ’ ਦੁਆਰਾ ਲੋਕਾਂ ਤਕ ਪਹੁੰਚਾਈ ਗਈ ਸਹੀ ਜਾਣਕਾਰੀ ਅਤੇ ਉਸ ਦੀ ਭੂਮਿਕਾ ਨੂੰ ਸਾਹਮਣੇ ਲਿਆਉਣਾ ਹੈ। ਜਗ੍ਹਾ ਦੀ ਸੀਮਾ ਕਾਰਨ ਸਾਰੇ ਕਿਸਾਨ ਅੰਦੋਲਨਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ।
ਪੱਗੜੀ ਸੰਭਾਲ ਜੱਟਾ ਲਹਿਰ
ਪੰਜਾਬ ਵਿਚ ਵੀਹਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ ‘ਪੱਗੜੀ ਸੰਭਾਲ ਜੱਟਾ’ ਸੀ। ਅੰਗਰੇਜ਼ ਸਰਕਾਰ ਨੇ ਚਨਾਬ (ਝਨਾਂ) ਦਰਿਆ ’ਚੋਂ ਹੇਠਲੀ (ਲੋਅਰ) ਚਨਾਬ ਨਹਿਰ (ਕੈਨਾਲ) ਕੱਢ ਕੇ ਝੰਗ ਅਤੇ ਸ਼ੇਖੂਪੁਰਾ ਦੇ ਇਲਾਕਿਆਂ ਵਿਚ ਲੋਅਰ ਚਨਾਬ ਕਲੋਨੀ ਵਸਾਈ ਜਿਸ ਨੂੰ ਆਮ ਭਾਸ਼ਾ ਵਿਚ ਬਾਰ ਕਿਹਾ ਜਾਂਦਾ ਸੀ। ਇੱਥੇ ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ ਅਤੇ ਕੁਝ ਹੋਰ ਜ਼ਿਲ੍ਹਿਆਂ ਤੋਂ ਆਬਾਦਕਾਰਾਂ ਨੂੰ ਵਸਾਇਆ ਗਿਆ। ਇਹ ਜ਼ਮੀਨ ਨਾਂ-ਮਾਤਰ ਲਾਗਤ ’ਤੇ ਦਿੱਤੀ ਗਈ ਪਰ ਇਸ ਨੂੰ ਵਾਹੀਯੋਗ ਅਤੇ ਜ਼ਰਖ਼ੇਜ਼ ਬਣਾਉਣ ਲਈ ਆਬਾਦਕਾਰਾਂ ਨੂੰ ਸਖ਼ਤ ਮਿਹਨਤ ਕਰਨੀ ਪਈ। 1906 ਵਿਚ ਪੰਜਾਬ ਸਰਕਾਰ ਨੇ ਆਬਾਦਕਾਰੀ ਬਿਲ ਬਣਾਇਆ (ਜਿਸ ਨੇ ਬਾਅਦ ਵਿਚ ਕਾਨੂੰਨ ਬਣਨਾ ਸੀ) ਜਿਸ ਵਿਚ ਮਾਲਕੀ ਦੇ ਹੱਕ ਸੀਮਤ ਕਰਨਾ, ਮਾੜੀ ਮੋਟੀ ਉਲੰਘਣਾ ਕਾਰਨ ਅਲਾਟਮੈਂਟ 24 ਘੰਟਿਆਂ ਦਾ ਨੋਟਿਸ ਦੇ ਕੇ ਰੱਦ ਕਰਨਾ, ਨਹਿਰੀ ਪਾਣੀ ਦੁਆਰਾ ਸਿੰਜੀ ਗਈ ਜ਼ਮੀਨ ਦਾ ਮਾਲੀਆ ਵਧਾਉਣਾ ਆਦਿ ਮਦਾਂ ਸ਼ਾਮਿਲ ਸਨ। ਇਨ੍ਹਾਂ ਦਮਨਕਾਰੀ ਕਦਮਾਂ ਵਿਰੁੱਧ ਸ. ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ), ਲਾਲ ਲਾਜਪਤ ਰਾਏ, ਈਸ਼ਰ ਸਿੰਘ ਡਸਕਾ, ਚੌਧਰੀ ਸ਼ਹਾਬੁਦੀਨ ਆਦਿ ਆਗੂਆਂ ਦੀ ਅਗਵਾਈ ਵਿਚ ਅੰਦੋਲਨ ਚੱਲਿਆ। ਸ੍ਰੀ ਬਾਂਕੇ ਦਿਆਲ ਜਿਹੜੇ ਅਖ਼ਬਾਰ ‘ਝੰਗ ਸਿਆਲ’ ਦੇ ਮਾਲਕ-ਸੰਪਾਦਕ ਸਨ, ਨੇ ਇਸ ਲਹਿਰ ਬਾਰੇ ਗੀਤ ‘ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ’ ਜੋੜਿਆ। ਇਹ ਗੀਤ ਇੰਨਾ ਮਕਬੂਲ ਹੋਇਆ ਕਿ ਲਹਿਰ ਦਾ ਨਾਂ ‘ਪੱਗੜੀ ਸੰਭਾਲ ਜੱਟਾ’ ਲਹਿਰ ਪੈ ਗਿਆ।
ਉਸ ਸਮੇਂ ਦੇ ‘ਦਿ ਟ੍ਰਿਬਿਊਨ’ ਵਿਚ ਇਸ ਲਹਿਰ ਦਾ ਜ਼ਿਕਰ ਵਾਰ ਵਾਰ ਹੋਇਆ ਖ਼ਾਸ ਕਰਕੇ ਜਦੋਂ ਸ. ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਸ. ਅਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ 4 ਜੂਨ 1907 ਦੇ ‘ਦਿ ਟ੍ਰਿਬਿਊਨ’ ਵਿਚ ਇਹ ਖ਼ਬਰ ਛਪੀ, ‘‘ਸੋਮਵਾਰ ਸਵੇਰੇ ਲਾਹੌਰ ਦੇ ਕਈ ਹਿੱਸਿਆਂ ਵਿਚ ਇਹ ਅਫ਼ਵਾਹ ਜੰਗਲ ਦੀ ਅੱਗ ਵਾਂਗ ਫੈਲੀ ਕਿ ਅਜੀਤ ਸਿੰਘ ਜਿਸ ਨੂੰ ਸੈਕਟਰੀ ਆਫ਼ ਸਟੇਟ ਨੇ ਦੇਸ਼-ਬਦਰ (ਜਲਾਵਤਨ) ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ, ਨੂੰ ਅੰਮ੍ਰਿਤਸਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਘਟਨਾ ਐਤਵਾਰ ਦੀ ਅੱਧੀ ਰਾਤ ਨੂੰ ਹੋਈ ਜਦ ਜ਼ਿਲ੍ਹੇ ਦੇ ਪੁਲੀਸ ਕਪਤਾਨ (ਸੁਪਰਡੈਂਟ ਆਫ਼ ਪੁਲੀਸ) ਮਿਸਟਰ ਡਬਲਿਊ ਐਚ ਚੈਡਵਿਕ (W.H.Chedwick) ਨੇ ਇਕ ਮੁਖ਼ਬਰ ਦੇ ਖ਼ਬਰ ਦੇਣ ’ਤੇ ਇਹ ਕਾਰਵਾਈ ਕੀਤੀ। …ਅਜੀਤ ਸਿੰਘ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲੀਸ, ਪੀ ਡਬਲਿਊ ਮੀਕਨਜ਼ (Meakins) ਦੁਆਰਾ ਸਵੇਰ ਦੀ ਪਹਿਲੀ ਸਾਧਾਰਨ ਮੁਸਾਫ਼ਿਰ ਗੱਡੀ ਰਾਹੀਂ ਇੱਥੇ ਲਿਆਂਦਾ ਗਿਆ ਅਤੇ ਸਟੇਸ਼ਨ ਤੋਂ ਸਿੱਧਾ ਲਾਹੌਰ ਛਾਉਣੀ ਵਿਚ ਗਲੈਜ਼ਸੈਸਟਰ ਰੈਜੀਮੈਂਟ (Glezcestor Regiment) ਦੀ ਕਵਾਰਟਰ ਗਾਰਡ (ਬੰਦੀਖਾਨੇ) ਵਿਚ ਉਦੋਂ ਤਕ ਰੱਖਿਆ ਗਿਆ ਜਦੋਂ ਤਕ ਇਕ ਖ਼ਾਸ (Special) ਗੱਡੀ ਉਨ੍ਹਾਂ ਨੂੰ ਅਣਦੱਸੇ ਥਾਂ ਤਕ ਨਾ ਲੈ ਗਈ। …ਆਪਣੀ ਗ੍ਰਿਫ਼ਤਾਰੀ ਵੇਲੇ ਅਜੀਤ ਸਿੰਘ ਨੇ ਸਿਰਫ਼ ਕੱਛਾ ਤੇ ਫਤੂਨੀ ਹੀ ਪਹਿਨੇ ਹੋਏ ਸਨ।’’
ਲਾਲਾ ਲਾਜਪਤ ਰਾਏ ਦੀ ਜਲਾਵਤਨੀ ਦੇ ਵਿਰੋਧ ਵਿਚ ਬੜੌਦਾ (ਹੁਣ ਵੜੋਦਰਾ, ਗੁਜਰਾਤ) ਵਿਚ ਹੋਈ ਇਕ ਮੀਟਿੰਗ ਬਾਰੇ 31 ਮਈ 1907 ਦੀ ‘ਦਿ ਟ੍ਰਿਬਿਊਨ’ ਨੇ ਇਹ ਰਿਪੋਰਟ ਦਿੱਤੀ: ‘‘ਬੜੌਦਾ ਇਲਾਕੇ ਦੇ ਅਮਰੇਲੀ ਕਸਬੇ ਵਿਚ 23 ਤਰੀਕ (23 ਮਈ 1907) ਨੂੰ ਹੋਈ ਮੀਟਿੰਗ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਹਿੱਸਾ ਲਿਆ। ਸ਼ਹਿਰ ਦੇ ਮੌਲਵੀ ਅਮੀਲ ਸਾਹਿਬ ਬੋਰਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਬੁਲਾਰਿਆਂ ਵਿਚ ਕਈ ਮੁਸਲਮਾਨ ਸਨ ਜਿਨ੍ਹਾਂ ਨੇ ਸਰਕਾਰ ਦੁਆਰਾ ਲਾਜਪਤ ਰਾਏ ਨੂੰ ਜਲਾਵਤਨ ਕਰਨ ਦੀ ਸਖ਼ਤ ਆਲੋਚਨਾ ਕੀਤੀ।’’
‘ਦਿ ਟ੍ਰਿਬਿਊਨ’ ਦੇ ਲੰਡਨ ਦੇ ਪੱਤਰਕਾਰ ਨੇ 14 ਜੂਨ 1907 ਨੂੰ ਭੇਜੀ ਇਕ ਰਿਪੋਰਟ ਵਿਚ ਇੰਗਲੈਂਡ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼, House of Commons) ਵਿਚ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਦੀ ਜਲਾਵਤਨੀ ਬਾਰੇ ਹੋਈ ਬਹਿਸ ਦੇ ਵੇਰਵੇ ਦਿੱਤੇ। ਮਿਸਟਰ ਮਾਰਲੇ (Morley- ਜਾਹਨ ਮਾਰਲੇ, ਸੈਕਟਰੀ ਆਫ਼ ਸਟੇਟ ਫਾਰ ਇੰਡੀਆ) ਨੇ ਕਿਹਾ ‘‘ਜਿਵੇਂ ਮੌਰਨਿੰਗ ਪੋਸਟ (ਇਕ ਅਖ਼ਬਾਰ) ਨੇ ਰਿਪੋਰਟ ਦਿੱਤੀ ਹੈ, ਉਹ ਮੇਰੇ ਸ਼ਬਦ ਸਨ। ਮੈਂ ਸਦਨ ਵਿਚ ਅਜੀਤ ਸਿੰਘ ਦੁਆਰਾ ਵਰਤੀ ਗਈ ਭਾਸ਼ਾ/ਸ਼ਬਦ ਨਹੀਂ ਦੁਹਰਾਵਾਂਗਾ ਜਿਨ੍ਹਾਂ ਨੂੰ ਬਾਅਦ ਵਿਚ ਛਾਪ ਕੇ ਸਾਰੇ ਹਿੰਦੋਸਤਾਨ ਵਿਚ ਬਗ਼ਾਵਤ ਫੈਲਾਈ ਜਾ ਸਕੇ। ਇਹ (ਭਾਵ ਅਜੀਤ ਸਿੰਘ ਦੇ ਸ਼ਬਦ) ਬਗ਼ਾਵਤ ਕਰਨ ਨੂੰ ਉਕਸਾਉਂਦੇ ਹਨ ਅਤੇ ਮੈਂ ਉਨ੍ਹਾਂ ਨੂੰ ਫੈਲਾਉਣ ਲਈ ਇਕ ਮੋਹਰਾ ਨਹੀਂ ਬਣ ਸਕਦਾ।’’ ਮਾਰਲੇ ਦੇ ਇਸ ਕਥਨ ਦਾ ਮਤਲਬ ਇਹ ਸੀ ਕਿ ਜੇ ਉਹ ਸਦਨ ਵਿਚ ਅਜੀਤ ਸਿੰਘ ਦੇ ਬੋਲੇ ਸ਼ਬਦ ਦੁਹਰਾਏਗਾ ਤਾਂ ਉਹ ਸ਼ਬਦ ਫਿਰ ਅਖ਼ਬਾਰਾਂ ਵਿਚ ਛਪਣਗੇ ਅਤੇ ਸਾਰੇ ਹਿੰਦੋਸਤਾਨ ਵਿਚ ਤਰਥੱਲੀ ਮਚਾ ਦੇਣਗੇ।
ਇਸ ਅੰਦੋਲਨ ਦਾ ਪ੍ਰਭਾਵ ਇੰਨਾ ਵਧਿਆ ਕਿ ਵਾਇਸਰਾਏ ਨੇ ਵੀਟੋ ਦਾ ਅਧਿਕਾਰ ਵਰਤਦਿਆਂ ਪ੍ਰਸਤਾਵਿਤ ਬਿੱਲ ਵਾਪਸ ਲੈ ਲਿਆ ਅਤੇ ਨਵੰਬਰ 1907 ਨੂੰ ਸ. ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਰਿਹਾਅ ਕਰ ਦਿੱਤਾ। ਇਹ ਅੰਦੋਲਨ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਲੜਿਆ ਅਤੇ ਇਸ ਤੋਂ ਸਿੱਧ ਹੋਇਆ ਕਿ ਜੇ ਲੋਕਾਂ ਵਿਚ ਏਕਾ ਹੋਵੇ ਤਾਂ ਸਮੇਂ ਦੀ ਸਰਕਾਰ ਨੂੰ ਝੁਕਾਇਆ ਜਾ ਸਕਦਾ ਹੈ।
ਅੰਮ੍ਰਿਤਸਰ ਕਿਸਾਨ ਮੋਰਚਾ
1938 ਵਿਚ ਅੰਗਰੇਜ਼ ਸਰਕਾਰ ਨੇ ‘ਅੰਮ੍ਰਿਤਸਰ ਬੰਦੋਬਸਤ’ ਨਾਂ ਦੀ ਸਕੀਮ ਹੇਠ ਮਾਲੀਏ ਵਿਚ 20 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ। ਇਸ ਵਿਰੁੱਧ ਅੰਦੋਲਨ ਕਿਰਤੀ ਪਾਰਟੀ, ਕਾਂਗਰਸ, ਅਕਾਲੀ ਅਤੇ ਕਮਿਊਨਿਸਟ ਪਾਰਟੀਆਂ ਵੱਲੋਂ ਇਕੱਠੇ ਹੋ ਕੇ ਸ਼ਾਂਤਮਈ ਅੰਦੋਲਨ ਚਲਾਇਆ ਗਿਆ। 20 ਜੁਲਾਈ ਨੂੰ ਜਲ੍ਹਿਆਂਵਾਲੇ ਬਾਗ਼ ’ਚ ਵੱਡਾ ਇਕੱਠ ਹੋਇਆ ਅਤੇ ਇਕ ਵੱਡਾ ਜਥਾ ਬੀਬੀ ਰਘਬੀਰ ਕੌਰ, ਬਾਬਾ ਸੋਹਨ ਸਿੰਘ ਭਕਨਾ, ਊਧਮ ਸਿੰਘ ਨਾਗੋਕੇ, ਹਰਨਾਮ ਸਿੰਘ ਕਸੇਲ, ਦਰਸ਼ਨ ਸਿੰਘ ਫੇਰੂਮਾਨ, ਗਹਿਲ ਸਿੰਘ ਛੱਜਲਵੱਡੀ, ਫ਼ੌਜਾ ਸਿੰਘ ਭੁੱਲਰ, ਜਸਵੰਤ ਸਿੰਘ ਕੈਰੋਂ (ਪ੍ਰਤਾਪ ਸਿੰਘ ਕੈਰੋਂ ਦਾ ਭਰਾ), ਸੋਹਣ ਸਿੰਘ ਨੌਰੰਗਾਬਾਦੀ, ਕਰਤਾਰ ਸਿੰਘ ਗਿੱਲ, ਸੁਰੈਣ ਸਿੰਘ ਮਜੀਠਾ ਅਤੇ ਹੋਰਨਾਂ ਦੀ ਅਗਵਾਈ ਵਿਚ ਡੀਸੀ ਨੂੰ ਮੰਗ ਪੱਤਰ ਦੇਣ ਲਈ ਤੁਰਿਆ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿਚੋਂ ਗੁਜ਼ਰਨ ਤੋਂ ਬਾਅਦ ਜਦੋਂ ਇਹ ਜਥਾ ਉੱਚੇ ਪੁਲ ’ਤੇ ਪਹੁੰਚਿਆ ਤਾਂ ਇਸ ’ਤੇ ਲਾਠੀਚਾਰਜ ਕੀਤਾ ਗਿਆ। 21 ਜੁਲਾਈ ਦੇ ‘ਦਿ ਟ੍ਰਿਬਿਊਨ’ ਨੇ ਲਿਖਿਆ ਕਿ ‘‘ਇਸ ਜਲੂਸ ਦੇ ਪਿੱਛੇ ਪਿੰਡਾਂ ਤੋਂ ਆਏ ਲਗਭਗ 5000 ਲੋਕ ਅਤੇ ਸ਼ਹਿਰ ਦੇ ਹਜ਼ਾਰਾਂ ਦਰਸ਼ਕਾਂ ਵਿਚ ਹਾਜ਼ਰ ਸਨ।’’ ਅਖ਼ਬਾਰ ਵਿਚ ਜਥੇਦਾਰ ਊਧਮ ਸਿੰਘ ਨਾਗੋਕੇ ਅਤੇ ਹੋਰਨਾਂ ਦੀਆਂ ਜਜ਼ਬਾਤੀ ਤਕਰੀਰਾਂ ਦਾ ਜ਼ਿਕਰ ਵੀ ਕੀਤਾ ਗਿਆ। ‘ਦਿ ਟ੍ਰਿਬਿਊਨ’ ਨੇ ਦੱਸਿਆ ਕਿ ਉਸ ਦੇ ਪੱਤਰਕਾਰ ਅਨੁਸਾਰ ਫੱਟੜਾਂ ਦੀ ਗਿਣਤੀ 300 ਸੀ, ਐਸੋਸੀਏਟਡ ਪ੍ਰੈਸ ਦੇ ਪੱਤਰਕਾਰ ਅਨੁਸਾਰ 300, ਸਰਕਾਰ ਅਨੁਸਾਰ 250 ਅਤੇ ਕਿਸਾਨ ਬੰਦੋਬਸਤ ਕਮੇਟੀ ਅਨੁਸਾਰ 500 ਸੀ।
23 ਜੁਲਾਈ 1938 ਨੂੰ ‘ਦਿ ਟ੍ਰਿਬਿਊਨ’ ਨੇ ਲਿਖਿਆ ਕਿ ‘‘ਕੱਲ੍ਹ ਅਹਿੰਸਕ ਅਤੇ ਸ਼ਾਂਤਮਈ ਕਿਸਾਨ ਜਥੇ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅੰਮ੍ਰਿਤਸਰ ਵਿਚ ਅੱਜ (ਭਾਵ 21 ਜੁਲਾਈ ਨੂੰ) ਪੂਰਨ ਹੜਤਾਲ ਹੋਈ।’’ ਇਸੇ ਦਿਨ ‘ਦਿ ਟ੍ਰਿਬਿਊਨ’ ਵਿਚ 22 ਜੁਲਾਈ ਨੂੰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜਿਸ ਵਿਚ ਕਿਸਾਨ ਜਥੇ ’ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ ਗਈ ਸੀ, ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਗਈ। ਇਸੇ ਤਰ੍ਹਾਂ ਡਾ. ਸੈਫੂਦੀਨ ਕਿਚਲੂ ਅਤੇ ਕਾਮਰੇਡ ਜਲਵੰਤ ਸਿੰਘ ਦੀ ਅਗਵਾਈ ਵਿਚ 22 ਜੁਲਾਈ ਦੀ ਵੱਡੀ ਪਬਲਿਕ ਮੀਟਿੰਗ ਜਿਸ ਵਿਚ ਇਹ ਅਹਿਦ ਦੁਹਰਾਇਆ ਗਿਆ ਕਿ ਕਿਸਾਨ ਮੋਰਚਾ ਕਾਮਯਾਬ ਹੋਵੇਗਾ, ਬਾਰੇ ਰਿਪੋਰਟ ਛਾਪੀ ਗਈ। 30 ਜੁਲਾਈ 1938 ਦੇ ‘ਦਿ ਟ੍ਰਿਬਿਊਨ’ ਨੇ ਲਿਖਿਆ ਕਿ 28 ਜੁਲਾਈ ਨੂੰ ‘‘ਪੁਲੀਸ ਨੇ ਅੱਜ ਬਾਬਾ ਕੇਸਰ ਸਿੰਘ, ਸੋਹਣ ਸਿੰਘ ਭਕਨਾ, ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਸ. ਫੌਜਾ ਸਿੰਘ ਭੁੱਲਰ, ਸਰਦਾਰ ਅਵਤਾਰ ਸਿੰਘ ਛਿੱਡਣ ਜਿਹੜੇ ਕਿਸਾਨ ਕਮੇਟੀ ਦੇ ਸਰਗਰਮ ਮੈਂਬਰ ਹਨ ਅਤੇ ਜਿਨ੍ਹਾਂ ਨੂੰ ਕੱਲ੍ਹ ਜਲ੍ਹਿਆਂਵਾਲੇ ਬਾਗ਼ ਅਤੇ ਹਾਲ ਬਾਜ਼ਾਰ ’ਚੋਂ ਤਾਜ਼ੀਰਾਤੇ-ਹਿੰਦ ਦੀਆਂ ਧਾਰਾਵਾਂ 143/188 ਤਹਿਤ ਗ੍ਰਿਫ਼ਤਾਰ ਕੀਤਾ ਸੀ, ਨੂੰ ਤਫ਼ਤੀਸ਼ ਪੂਰੀ ਕਰਨ ਵਾਸਤੇ ਰਿਮਾਂਡ ਲੈਣ ਲਈ ਪੇਸ਼ ਕੀਤਾ ਗਿਆ। ਅਦਾਲਤ ਨੇ ਹੁਕਮ ਦਿੱਤਾ ਕਿ ਮੁਲਜ਼ਮਾਂ ਨੂੰ 500 ਰੁਪਏ ਦੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਜਾਏ। ਪਰ ਮੁਲਜ਼ਮਾਂ ਨੇ ਜ਼ਮਾਨਤ ਕਰਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ 2 ਅਗਸਤ ਤਕ ਨਿਆਂਇਕ ਹਿਰਾਸਤ ਵਿਚ ਰੱਖਣ ਦੇ ਆਦੇਸ਼ ਦਿੱਤੇ।’’ 9-10 ਅਗਸਤ ਨੂੰ ਸਰ ਛੋਟੂ ਰਾਮ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਕਿਸਾਨ ਅੰਦੋਲਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ।
ਪੈਪਸੂ ਦੀ ਮੁਜ਼ਾਰਾ ਲਹਿਰ
ਇਸੇ ਤਰ੍ਹਾਂ ‘ਦਿ ਟ੍ਰਿਬਿਊਨ’ ਨੇ ਪੈਪਸੂ ਦੀ ਮੁਜ਼ਾਰਾ ਲਹਿਰ ਬਾਰੇ ਵੀ ਸਹੀ ਜਾਣਕਾਰੀ ਲੋਕਾਂ ਤਕ ਪਹੁੰਚਾਈ। ਇਹ ਸੰਘਰਸ਼ ਬਿਸਵੇਦਾਰਾਂ ਵਿਰੁੱਧ ਸੀ ਅਤੇ ਇਸ ਦੀ ਅਗਵਾਈ ਕਾਮਰੇਡ ਤੇਜਾ ਸਿੰਘ ਸੁਤੰਤਰ, ਜਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਹਰਨਾਮ ਸਿੰਘ ਚਮਕ, ਬਾਬਾ ਬੂਝਾ ਸਿੰਘ, ਵਧਾਵਾ ਰਾਮ, ਛੱਜੂ ਮੱਲ ਵੈਦ, ਸੰਤ ਸਿੰਘ ਚਕੇਰੀਆਂ ਅਤੇ ਹੋਰ ਆਗੂਆਂ ਨੇ ਕੀਤੀ। … ਨੂੰ ਕਿਸ਼ਨਗੜ੍ਹ ਵਿਚ ਪੁਲੀਸ ਅਤੇ ਕਿਸਾਨਾਂ ਵਿਚ ਟਕਰਾਉ ਹੋਇਆ 22 ਮਾਰਚ 1949 ਨੂੰ ‘ਦਿ ਟ੍ਰਿਬਿਊਨ’ ਨੇ ਦੱਸਿਆ ਕਿ ਕਿਵੇਂ ਕਿਸ਼ਨਗੜ੍ਹ ਨੂੰ ਇਕ ਫ਼ੌਜੀ ਛਾਉਣੀ ਬਣਾ ਦਿੱਤਾ ਗਿਆ ਸੀ। ਅਖ਼ਬਾਰ ਨੇ ਖ਼ਬਰ ਦਾ ਸਿਰਲੇਖ ‘ਮੁਜ਼ਾਰਿਆਂ ਦੀ ਬਗ਼ਾਵਤ (Tenants Revolt)’ ਦਿੱਤਾ। ਇਸ ਲਹਿਰ ਬਾਰੇ ‘ਦਿ ਟ੍ਰਿਬਿਊਨ’ ਵਿਚ ਬਹੁਤ ਖ਼ਬਰਾਂ ਛਪੀਆਂ। ਇਸ ਲਹਿਰ ਵਿਚ ਵੀ ਸਰਕਾਰ ਨੂੰ ਝੁਕਣਾ ਪਿਆ।
ਖੁਸ਼ ਹੈਸੀਅਤ ਟੈਕਸ ਵਿਰੁੱਧ ਮੋਰਚਾ
ਇਸੇ ਤਰ੍ਹਾਂ 1959 ਵਿਚ ਲੱਗੇ ਖੁਸ਼ ਹੈਸੀਅਤ ਟੈਕਸ ਵਿਰੋਧੀ ਮੋਰਚੇ ਬਾਰੇ ‘ਦਿ ਟ੍ਰਿਬਿਊਨ’ ਨੇ ਵੱਡੀ ਜਾਣਕਾਰੀ ਲੋਕਾਂ ਤਕ ਪਹੁੰਚਾਈ। ਭਾਖੜਾ ਨੰਗਲ ਬਣਨ ਤੋਂ ਬਾਅਦ ਨਹਿਰਾਂ ਰਾਹੀਂ ਪਾਣੀ ਹੋਰ ਇਲਾਕਿਆਂ ਤਕ ਪਹੁੰਚਣ ਲੱਗਾ ਸੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਡੈਮ ਬਣਾਉਣ ਲਈ 104 ਕਰੋੜ ਰੁਪਏ ਕਰਜ਼ੇ ਦੇ ਰੂਪ ਵਿਚ ਦਿੱਤੇ ਸਨ। ਇਹ ਕਰਜ਼ਾ ਮੋੜਨ ਲਈ 1959 ਵਿਚ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਵਰਤਣ ਵਾਲੇ ਕਿਸਾਨਾਂ ’ਤੇ ਟੈਕਸ ਲਗਾ ਦਿੱਤਾ ਜਿਸ ਵਿਰੁੱਧ ਕਿਸਾਨ ਸਭਾ ਨੇ ਮੋਰਚਾ ਲਾਇਆ। 27 ਜਨਵਰੀ 1959 ਦੇ ‘ਦਿ ਟ੍ਰਿਬਿਊਨ’ ਨੇ ਮੋਰਚੇ ਦੇ ਆਗੂਆਂ ਹਰਕਿਸ਼ਨ ਸਿੰਘ ਸੁਰਜੀਤ, ਸੋਹਣ ਸਿੰਘ ਜੋਸ਼, ਤੇਜਾ ਸਿੰਘ ਸੁਤੰਤਰ, ਅੱਛਰ ਸਿੰਘ ਛੀਨਾ ਬਾਰੇ ਇਕ ਲੇਖ ਵਰਗੀ ਖ਼ਬਰ ਛਾਪੀ। ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ (ਉਦਾਹਰਣ ਦੇ ਤੌਰ ’ਤੇ 11 ਫਰਵਰੀ 1959 ‘ਦਿ ਟ੍ਰਿਬਿਊਨ’ ਨੇ ਲੁਧਿਆਣੇ, ਜਲੰਧਰ, ਅੰਮ੍ਰਿਤਸਰ ਆਦਿ ਜ਼ਿਲ੍ਹਿਆਂ) ਵਿਚ ਹੋਈਆਂ ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। 27 ਫਰਵਰੀ 1959 ‘ਦਿ ਟ੍ਰਿਬਿਊਨ’ ਦੇ ਪਹਿਲੇ ਸਫ਼ੇ ’ਤੇ ਛਪੀ ਖ਼ਬਰ ਵਿਚ ਅੰਮ੍ਰਿਤਸਰ, ਖਰੜ, ਪਟਿਆਲਾ, ਮਾਨਸਾ, ਮਾਲੇਰਕੋਟਲਾ, ਹੁਸ਼ਿਆਰਪੁਰ ਅਤੇ ਬਠਿੰਡਾ ਵਿਚ ਹੋਈਆਂ ਗ੍ਰਿਫ਼ਤਾਰੀਆਂ ਦੀ ਜਾਣਕਾਰੀ ਦਿੱਤੀ ਗਈ। 10 ਮਾਰਚ ਦੇ ‘ਦਿ ਟ੍ਰਿਬਿਊਨ’ ਦੇ ਪਹਿਲੇ ਸਫ਼ੇ ’ਤੇ ਸੁਰਖ਼ੀ ਸੀ ‘‘ਇਕ ਹੋਰ ਤਿਲੰਗਾਨਾ ਦਾ ਖ਼ਤਰਾ (Danger of Another Telengana)” ਜਿਸ ਵਿਚ ‘ਦਿ ਟ੍ਰਿਬਿਊਨ’ ਦੇ ਪੱਤਰਕਾਰ ਨੇ ਜਲੰਧਰ ਤੋਂ ਰਿਪੋਰਟਿੰਗ ਕਰਦਿਆਂ ਕਿਹਾ ਕਿ, ‘‘ਇਸ ਇਲਾਕੇ ਵਿਚ ਸਿਆਸੀ ਸਹਿਮਤੀ ਬਣ ਰਹੀ ਹੈ ਕਿ ਖੁਸ਼ ਹੈਸੀਅਤ ਟੈਕਸ ਵਿਰੁੱਧ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਜਲੰਧਰ ਜ਼ਿਲ੍ਹਾ ਇਕ ਹੋਰ ਤਿਲੰਗਾਨਾ ਵਿਚ ਤਬਦੀਲ ਹੋ ਰਿਹਾ ਹੈ।’’ ਇੱਥੇ ਤਿਲੰਗਾਨਾ ਤੋਂ ਭਾਵ ਕਮਿਊਨਿਸਟ ਪਾਰਟੀ ਅਤੇ ਕਿਸਾਨ ਸਭਾ ਵੱਲੋਂ 1946-1951 ਤਿਲੰਗਾਨਾ ਵਿਚ ਜਾਗੀਰਦਾਰਾਂ ਅਤੇ ਦੇਸ਼ਮੁੱਖਾਂ ਵਿਰੁੱਧ ਕੀਤੇ ਸੰਘਰਸ਼ ਤੋਂ ਸੀ ਜਿਸ ਵਿਚ 3000 ਤੋਂ ਵੱਧ ਪਿੰਡਾਂ ਵਿਚ ਜਾਗੀਰਦਾਰਾਂ ਤੋਂ 10 ਲੱਖ ਏਕੜ ਤੋਂ ਜ਼ਿਆਦਾ ਭੌਂਅ ਮੁਜ਼ਾਰਿਆਂ ਤੇ ਬੇਜ਼ਮੀਨੇ ਕਿਸਾਨਾਂ ਵਿਚ ਵੰਡੀ ਗਈ ਸੀ। ਬਠਿੰਡੇ ਵਿਚ 21 ਮਾਰਚ, 1959 ਨੂੰ ਜੋਗਾ ਪਿੰਡ ਵਿਚ ਕਮਿਊਨਸਟ ਪਾਰਟੀ ਅਤੇ ਕਾਂਗਰਸੀਆਂ ਦੁਆਰਾ ਇਕ ਦੂਜੇ ਦੇ ਵਿਰੁੱਧ ਕੱਢੇ ਗਏ ਜਲੂਸਾਂ ਦੀ ਜਾਣਕਾਰੀ ਦਿੱਤੀ ਗਈ। ਇਸ ਅੰਦੋਲਨ ਵਿਚ ਵੀ ਤਤਕਾਲੀਨ ਸੂਬਾ ਸਰਕਾਰ ਨੂੰ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨਣੀਆਂ ਪਈਆਂ ਸਨ।
ਇਸ ਤਰ੍ਹਾਂ ‘ਦਿ ਟ੍ਰਿਬਿਊਨ’ ਨੇ ਹੋਰ ਕਿਸਾਨ ਅੰਦੋਲਨਾਂ ਬਾਰੇ ਵੀ ਸਹੀ ਜਾਣਕਾਰੀ ਦਿੱਤੀ ਅਤੇ ਕਿਸਾਨ ਅੰਦੋਲਨਾਂ ਨਾਲ ਡੂੰਘਾ ਰਿਸ਼ਤਾ ਕਾਇਮ ਕੀਤਾ। ‘ਦਿ ਟ੍ਰਿਬਿਊਨ’ ਨੇ ਆਪਣੇ ਆਸ਼ੇ ‘ਲੋਕਾਂ ਦੀ ਆਵਾਜ਼ (VOICE OF PEOPLE)’ ਅਨੁਸਾਰ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਦੇਸ਼ ਵਿਦੇਸ਼ ਵਿਚ ਪਹੁੰਚਾਇਆ ਹੈ। ‘ਦਿ ਟ੍ਰਿਬਿਊਨ’ ਦੇਸ਼ ਅਤੇ ਪੰਜਾਬ ਦੇ ਇਤਿਹਾਸ ਦਾ ਗਵਾਹ, ਸੁਨੇਹਾਕਾਰ ਅਤੇ ਇਸ ਇਤਿਹਾਸ ਦਾ ਹਿੱਸਾ ਹੈ।