ਗੁਰਬਚਨ
ਮੁੰਬਈ/ਦਸੰਬਰ 1961
ਮੁੰਬਈ ’ਚ ਆਇਆ ਹਰ ਸੁਨੱਖਾ ਨੌਜਵਾਨ ਫ਼ਿਲਮੀ ਹੀਰੋ ਬਣਨ ਦਾ ਇੱਛੁਕ ਹੈ। ਪੈਸਾ, ਸ਼ੁਹਰਤ, ਸੁੰਦਰ ਚਿਹਰੇ, ਗਲੈਮਰ, ਕਿੰਨਾ ਕੁਝ ਹੋਰ। ਫ਼ਿਲਮਾਂ ਰਾਹੀਂ ਜੋ ਪ੍ਰਾਪਤ ਹੁੰਦਾ ਉਹ ਕਿਸੇ ਹੋਰ ਢੰਗ ਨਾਲ ਪ੍ਰਾਪਤ ਨਹੀਂ ਹੁੰਦਾ। ਇਸ ਗੱਲ ਨੇ ਮੇਰੇ ਵਾਲੀ ਪੁਸ਼ਤ ਨੂੰ ਬੇਚੈਨ ਕੀਤਾ ਹੋਇਆ। ਇਹ ਸਵੈ-ਛਲਾਵਾ ਹੈ, ਪਤਾ ਸਭ ਨੂੰ ਹੁੰਦਾ। ਫਿਰ ਵੀ ਮੁੰਡੇ ਕੁੜੀਆਂ ਮੁੰਬਈ ਵਿਚ ਖਾਕ ਛਾਣਦੇ ਹਨ। ਭੁੱਖਾਂ ਕਟਦੇ ਹਨ। ਧੱਕੇ ਖਾਣ ਬਾਅਦ ਵੀ ਮੋਹ-ਭੰਗ ਨਹੀਂ ਹੁੰਦਾ। ਸੋਚਦੇ ਹਨ, ਸਟ੍ਰਗਲ ਕਰ ਰਹੇ ਹਾਂ, ਕਦੇ ਤਾਂ ਦਾਅ ਲੱਗੇਗਾ। ਕੁੱਲ ਫ਼ਿਲਮੀ ਸੰਸਾਰ ਸਵੈ-ਛਲਾਵੇ ਦੇ ਆਸਰੇ ਕਾਇਮ ਹੈ।
ਸ਼ੇਰੇ ਪੰਜਾਬ ਲਾੱਜ ਵਿਚ, ਜਿੱਥੇ ਮੈਂ ਰਹਿਨਾਂ, ਫ਼ਿਲਮ ਸਟੂਡੀਓਜ਼ ਦੀ ਖਾਕ ਛਾਣਨ ਵਾਲੇ ਯੁਵਕਾਂ ਦੀ ਗਿਣਤੀ ਚੋਖੀ ਹੈ। ਕੋਈ ਐਕਟਰ ਬਣਨਾ ਚਾਹੁੰਦਾ। ਕੋਈ ਸੋਚਦਾ ਉਹ ਵਿਲੇਨ ਦੇ ਰੋਲ ਲਈ ਕਾਮਯਾਬ ਹੈ। ਕੋਈ ਸੰਗੀਤਕਾਰ ਹੋਣ ਦਾ ਭੁਲੇਖਾ ਪਾਲ ਰਿਹਾ। ਕੋਈ ਸਟੂਡੀਓ ਵਿਚ ਕਲੈਪਰ ਬੁਆਏ ਹੈ ਤੇ ਸੋਚਦਾ ਕੈਮਰਾਮੈਨ ਬਣੇਗਾ, ਫ਼ਿਲਮ ਡਾਇਰੈਕਟਰ ਵੀ ਬਣ ਸਕਦਾ। ਇਨ੍ਹਾਂ ’ਚੋਂ ਕਿਸੇ ਨੂੰ ਪੁੱਛੋ, ਕੀ ਕਰ ਰਿਹਾਂ। ਜੁਆਬ ਹੁੰਦਾ: ਸਟ੍ਰਗਲ ਕਰ ਰਿਹਾਂ। ਉਹ ਸਥਾਪਿਤ ਫ਼ਿਲਮ ਐਕਟਰਾਂ ਦਾ ਹਵਾਲਾ ਦੇਵੇਗਾ ਕਿ ‘‘ਸਟ੍ਰਗਲ ਦੌਰਾਨ ਉਹ ਫੁੱਟਪਾਥ ’ਤੇ ਸੌਂਦਾ ਰਿਹਾ ਏ।” ਕੋਈ ਦੇਵ ਆਨੰਦ ਬਾਰੇ ਕਹੇਗਾ ਕਿ ਉਹ ਵੀ ਕਦੇ ਇਸੇ ਸ਼ੇਰੇ ਪੰਜਾਬ ਲਾੱਜ ਵਿਚ ਰਹਿੰਦਾ ਰਿਹਾ। ਇਕ ਸਟ੍ਰਗਲਰ ਕਹਿੰਦਾ, ‘‘ਰਾਜਿੰਦਰ ਕੁਮਾਰ ਕੋਲਾਬਾ ਦੇ ਪਾਰਸੀ ਲਾੱਜ ਦੇ ਕੋਰੀਡੋਰ ਵਿਚ ਸੌਂਦਾ ਰਿਹਾ।” ਜਿਹਨੂੰ ਗੀਤ ਲਿਖਣ ਦਾ ਸ਼ੌਂਕ ਹੈ ਉਹ ਕਹੇਗਾ, ‘‘ਸ਼ੈਲੇਂਦਰ ਰੇਲਵੇ ਵਿਚ ਨੌਕਰੀ ਕਰਦਾ ਹੁੰਦਾ ਸੀ, ਇਕ ਦਿਨ ਕਿਸੇ ਮੁਸ਼ਾਇਰੇ ਵਿਚ ਰਾਜ ਕਪੂਰ ਨੇ ਉਹਨੂੰ ਨਜ਼ਮ ਸੁਣਾਂਦਿਆਂ ਸੁਣ ਲਿਆ, ਹੁਣ ਦੇਖੋ ਕਿੱਥੇ ਪਹੁੰਚ ਗਿਆ।” ਹਰੇਕ ਨੇ ਆਪੋ ਆਪਣੇ ਖ੍ਵਾਬਾਂ ਦੀ ਬੁਣਤੀ ਕੀਤੀ ਹੁੰਦੀ ਹੈ।
ਕੋਈ ਵਾਲ ਦਲੀਪ ਕੁਮਾਰ ਵਾਂਗ ਰੱਖਦਾ ਤੇ ਕੋਈ ਗੱਲ ਕਰਦਿਆਂ ਮਨੋਜ ਕੁਮਾਰ ਵਾਂਗ ਬੁੱਲ੍ਹ ਲਟਕਾਂਦਾ। ਅਗਲਾ ਸਮਝ ਜਾਂਦਾ ਇਹ ਬੰਦਾ ਫ਼ਿਲਮ ਪ੍ਰੋਡਿਊਸਰਾਂ ਦੁਆਲੇ ਧੱਕੇ ਖਾ ਰਿਹਾ ਤੇ ਇਹਦੇ ਕੋਲ ਸ਼ਾਮ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ ਹਨ।
*
ਦਸੰਬਰ 1961 ਦੇ ਦਿਨ ਹਨ। ਦੋ ਮਹੀਨਿਆਂ ਬਾਅਦ ਫਰਵਰੀ 1962 ਵਿਚ ਲੋਕ ਸਭਾ ਦੀਆਂ ਆਮ ਚੋਣਾਂ ਹੋਣ ਵਾਲੀਆਂ ਹਨ। ਮੁੰਬਈ ਵਿਚ ਕਾਂਗਰਸ ਦੇ ਖੱਬੇਪੱਖੀ ਅਤੇ ਸੱਜੇਪੱਖੀ ਦੋ ਧੜੇ ਹਨ। ਖੱਬੇਪੱਖੀਆਂ ਵਿਚ ਨਹਿਰੂ ਭਗਤਾਂ ਦੀ ਭਾਰੀ ਗਿਣਤੀ ਹੈ। ਇਹ ਮੁੰਬਈ ਵਿਚ ਸਥਾਪਿਤ ਕਿੱਤਾਕਾਰ ਹਨ – ਡਾਕਟਰ, ਵਕੀਲ, ਪੱਤਰਕਾਰ, ਕਲਾਕਾਰ, ਇਮਾਰਤਕਾਰ ਤੇ ਫ਼ਿਲਮ ਐਕਟਰ, ਗੀਤਕਾਰ, ਨਾਟਕਕਾਰ, ਕਹਾਣੀਆਂ ਪਟਕਥਾ ਆਦਿ ਲਿਖਣ ਵਾਲੇ। ਇਪਟਾ ਦੇ ਮੈਂਬਰ, ਜਿਵੇਂ ਬਲਰਾਜ ਸਾਹਨੀ, ਕ੍ਰਿਸ਼ਣ ਚੰਦਰ, ਨੀਰਜ, ਖਵਾਜਾ ਅਹਿਮਦ ਅੱਬਾਸ ਹਨ। ਖੱਬਿਆਂ ਦੀ ਮੁੰਬਈ ਵਿਚ ਚੋਖੀ ਧਾਕ ਹੈ।
ਮੁੰਬਈ ਦੋ ਮੁੱਖ ਅਖਬਾਰ ‘ਟਾਈਮਜ਼ ਔਫ ਇੰਡੀਆ’ ਤੇ ‘ਇੰਡੀਅਨ ਐਕਸਪ੍ਰੈੱਸ’ ਸੱਜੇਪੱਖੀ ਝੁਕਾਵਾਂ ਵਾਲੇ ਹਨ। ਦੋਨਾਂ ਦੇ ਮਾਲਕ ਪੂੰਜੀਪਤੀ ਹਨ। ਕਾਂਗਰਸੀਆਂ ਦਾ ਸੱਜੇਪੱਖੀ ਨੀਤੀਆਂ ਵਾਲਾ ਧੜਾ ਅਮਰੀਕਾ ਦਾ ਮੁਦਈ ਹੈ। ਇਨ੍ਹਾਂ ਦਾ ਨੇਤਾ ਐਸ ਕੇ ਪਾਟਿਲ ਹੈ। ਮੁਰਾਰਜੀ ਦੇਸਾਈ ਜੋ ਮੁੰਬਈ ਪ੍ਰਾਂਤ ਦਾ ਮੁੱਖ ਮੰਤਰੀ ਰਿਹਾ ਹੈ, ਹੁਣ ਨਹਿਰੂ ਦੀ ਕੇਂਦਰੀ ਵਜ਼ਾਰਤ ’ਚ ਹੈ, ਉਹ ਚੋਖਾ ਸੱਜੇਪੱਖੀ ਹੈ। ਕਾਂਗਰਸ ਵਿਚ ਇਹ ਅਨਸਰ ਜਵਾਹਰਲਾਲ ਨਹਿਰੂ ਦੀਆਂ ਨੀਤੀਆਂ ਦੇ ਦਿਲੋਂ ਖਿਲਾਫ਼ ਹਨ, ਪਰ ਇਹ ਆਪਣਾ ਵਿਰੋਧ ਜ਼ਾਹਿਰ ਨਹੀਂ ਹੋਣ ਦੇ ਰਹੇ। ਰੂਸੀ ਕਰੰਜੀਆ ਦਾ ਸਪਤਾਹਿਕ ‘ਬਲਿਟਜ਼’ ਸਨਸਨੀਖੇਜ਼ ਢੰਗ ਨਾਲ ਮੁਰਾਰਜੀ ਤੇ ਪਾਟਿਲ ਵਰਗਿਆਂ ਦੀ ਨਿਤ ਖੜਕਾਈ ਕਰਦਾ ਆ ਰਿਹਾ ਹੈ। ਵੱਡੀਆਂ ਸੁਰਖੀਆਂ ਛਾਪਦਾ ਹੈ। ਇਸ ਨਹਿਰੂਵਾਦੀ ਪਰਚੇ ਨੇ ਖੱਬੇਪੱਖੀਆਂ ਦੇ ਹੱਕ ਵਿਚ ਮਾਹੌਲ ਗਰਮ ਕੀਤਾ ਹੋਇਆ ਹੈ। ਖੱਬੇਪੱਖੀ ਇਸ ਸਪਤਾਹ ਨੂੰ ‘‘ਆਪਣਾ” ਮੰਨਦੇ ਹਨ।
ਅੰਤਰਰਾਸ਼ਟਰੀ ਪੱਧਰ ’ਤੇ ਠੰਢੀ ਜੰਗ ਕਰਕੇ ਸੋਵੀਅਤ-ਪੱਖੀ ਖੱਬਿਆਂ ਅਤੇ ਅਮਰੀਕਾ-ਪੱਖੀ ਸੱਜਿਆਂ ਦੀ ਖਿੱਚੋਤਾਣ ਚੋਖੀ ਵਧੀ ਹੋਈ ਹੈ। ਅਮਰੀਕੀ ਤੇ ਸੋਵੀਅਤ ਖੁਫ਼ੀਆ ਏਜੰਸੀਆਂ ਵਿਚਾਰਵਾਨਾਂ ਦੀ ਉਪਰਲੀ ਕ੍ਰੀਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਹ ਉਹ ਕਿੱਦਾਂ ਕਰਦੇ ਹਨ ਇਹਦਾ ਪਤਾ ਮੈਨੂੰ ਕਾਫ਼ੀ ਬਾਅਦ ਵਿਚ ਲੱਗਣਾ।
ਮੁੰਬਈ ਦੇ ਉੱਤਰੀ ਹਲਕੇ ਤੋਂ ਜਵਾਹਰਲਾਲ ਨਹਿਰੂ ਦਾ ਖੱਬੇਪੱਖੀ ਵਿਚਾਰਾਂ ਵਾਲਾ ਮਿਤਰ ਕ੍ਰਿਸ਼ਣਾ ਮੈਨਨ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ। ਉਹ ਨਹਿਰੂ ਦੇ ਕੈਬਨਿਟ ਵਿਚ ਮੰਤਰੀ ਵੀ ਹੈ। ਕਈ ਦਹਾਕੇ ਪਹਿਲਾਂ ਮੈਨਨ ਇੰਗਲੈਂਡ ਵਿਚ ਪੜ੍ਹਣ ਗਿਆ। ਉਹ ਲੰਡਨ ਵਿਚ ਭਾਰਤ ਦੀ ਆਜ਼ਾਦੀ ਲਈ ਕੰਮ ਕਰਦਾ ਰਿਹਾ ਤੇ ਏਦਾਂ ਜਵਾਹਰਲਾਲ ਨਹਿਰੂ ਦੇ ਨੇੜੇ ਹੋ ਗਿਆ। ਦੇਸ਼ ਆਜ਼ਾਦੀ ਤੋਂ ਬਾਅਦ ਮੈਨਨ ਨੂੰ ਇੰਗਲੈਂਡ ਵਿਚ ਭਾਰਤ ਦਾ ਸਫ਼ੀਰ ਬਣਾਇਆ ਗਿਆ। ਬਾਅਦ ਵਿਚ ਉਹ ਅਮਰੀਕਾ ਦੀ ਦੁਨੀਆ ਉੱਤੇ ਛਾਅ ਜਾਣ ਦੀ ਬਦੇਸ਼ ਨੀਤੀ ਦੇ ਖਿਲਾਫ਼ ਹਰ ਮੰਚ ਤੋਂ ਆਵਾਜ਼ ਉਠਾਉਂਦਾ ਰਿਹਾ। ਸੰਯੁਕਤ ਰਾਸ਼ਟਰ ਵਿਚ ਮੈਨਨ ਨੇ ਭਾਰਤ ਦੇ ਨੁਮਾਇੰਦੇ ਵਜੋਂ ਅਮਰੀਕੀ ਨੀਤੀ ਦੀ ਹਮੇਸ਼ਾ ਖੜਕਾਈ ਕੀਤੀ ਹੈ।
ਅਮਰੀਕਾ ਦੇ ਖਿਲਾਫ਼ ਬੋਲਣ ਦਾ ਮਤਲਬ ਹੈ ਸੋਵੀਅਤ ਸੰਘ ਦਾ ਪੱਖ ਪੂਰਨਾ। ਵਿਚੋਂ ਗੱਲ ਇਹ ਵੀ ਹੈ ਕਿ ਅਮਰੀਕਾ ਦੀ ਖੁਫ਼ੀਆ ਏਜੰਸੀ ਸੀ.ਆਈ.ਏ. ਇੰਡੀਆ ਵਿਚ ਕਾਫ਼ੀ ਸਕ੍ਰਿਆ ਹੈ ਜਿਵੇਂ ਸੋਵੀਅਤ ਸੰਘ ਦੀ ਕੇ.ਜੀ.ਬੀ. ਹੈ। ਦੋਨਾਂ ਵੱਡੀਆਂ ਤਾਕਤਾਂ ਦੀਆਂ ਇੰਡੀਆ ਵਿਚ ਲੌਬੀਆਂ ਹਨ ਜਿਨ੍ਹਾਂ ਨੂੰ ਖੁਫ਼ੀਆ ਏਜੰਸੀਆਂ ਉਤਸ਼ਾਹਿਤ ਕਰਦੀਆਂ ਹਨ। ਮੈਨਨ ਨੂੰ ਅਮਰੀਕੀ ਸਰਕਾਰ ਨਫ਼ਰਤ ਕਰਦੀ ਹੈ ਤੇ ਮੁੰਬਈ ਵਿਚ ਸੱਜਿਆਂ ਦੀ ਲੌਬੀ, ਜੋ ਨਹਿਰੂ ਦੇ ਖਿਲਾਫ਼ ਬੋਲ ਨਹੀਂ ਸਕਦੀ, ਮੈਨਨ ਵਿਰੁੱਧ ਹੋ ਚੁੱਕੀ ਹੈ।
ਫਰਵਰੀ 1962 ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਮੈਨਨ ਨੂੰ ਫੇਰ ਉੱਤਰੀ ਮੁੰਬਈ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ’ਤੇ ਖੜਾ ਕੀਤਾ ਜਾਣਾ ਹੈ, ਇਹ ਸਭ ਜਾਣਦੇ ਹਨ। ਮੁੰਬਈ ਦੇ ਪੂੰਜੀਪਤੀ, ਅੰਗਰੇਜ਼ੀ ਦੇ ਮੁੱਖ ਅਖਬਾਰ ਤੇ ਹੋਰ ਅਮਰੀਕਾ-ਪੱਖੀ ਮੋਹਤਬਰ ਮੈਨਨ ਨੂੰ ਕਮਿਊਨਿਸਟ ਤੇ ਸੋਵੀਅਤ ਏਜੰਟ ਮੰਨਦੇ ਹਨ। ਉਹ ਨਹੀਂ ਚਾਹੁੰਦੇ ਕਿ ਉਹਨੂੰ ਮੁੰਬਈ ਦੇ ਕਿਸੇ ਹਲਕੇ ਤੋਂ ਵੀ ਕਾਂਗਰਸ ਦਾ ਉਮੀਦਵਾਰ ਬਣਾਇਆ ਜਾਵੇ। ਉਹ ਹੰਢੇ ਹੋਏ ਪੁਰਾਣੇ ਕਾਂਗਰਸੀ ਅਚਾਰੀਆ ਕ੍ਰਿਪਲਾਨੀ ਨੂੰ ਕਾਂਗਰਸ ਵਲੋਂ ਉੱਤਰੀ ਮੁੰਬਈ ਦੇ ਹਲਕੇ ਲਈ ਟਿਕਟ ਦੇਣ ਦੇ ਹੱਕ ਵਿਚ ਹਨ। ਕ੍ਰਿਪਲਾਨੀ ਨਹਿਰੂ ਤੇ ਖੱਬੂ ਕਾਂਗਰਸੀਆਂ ਦੇ ਸਰੇਆਮ ਖਿਲਾਫ਼ ਹੈ। ਕੁਝ ਸਾਲ ਪਹਿਲਾਂ ਉਹਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅਸ਼ੋਕ ਮਹਿਤਾ ਨਾਲ ਮਿਲ ਕੇ ਸੋਸ਼ਲਿਸਟ ਪਾਰਟੀ ਦਾ ਗਠਨ ਕੀਤਾ।
ਜਨਵਰੀ 1962 ਦੀ 10 ਤਰੀਕ ਨੂੰ ਜਵਾਹਰਲਾਲ ਨਹਿਰੂ ਮੁੰਬਈ ਆਉਂਦਾ ਹੈ। ਸੱਜੇਪੱਖੀ ਕਾਂਗਰਸੀ ਮੋਹਤਬਰ ਨਹਿਰੂ ਨੂੰ ਇਹ ਕਹਿਣ ਲਈ ਮਿਲਦੇ ਹਨ ਕਿ ਕ੍ਰਿਸ਼ਣਾ ਮੈਨਨ ਨੂੰ ਇਸ ਵੇਰ ਉੱਤਰੀ ਮੁੰਬਈ ਤੋਂ ਟਿਕਟ ਨਾ ਦਿੱਤੀ ਜਾਵੇ। ਉਹ ਕਹਿੰਦੇ ਹਨ ਕਿ ਉਹ ਨਹਿਰੂ ਦੇ ਖਿਲਾਫ਼ ਨਹੀਂ ਪਰ ਮੈਨਨ ਦੇ ਖਿਲਾਫ਼ ਹਨ। ਇਹ ਸੁਣ ਕੇ ਨਹਿਰੂ ਨੂੰ ਤਾਪ ਚੜ੍ਹ ਜਾਂਦਾ ਹੈ। ਉਹ ਆਪਣਾ ਗੁੱਸਾ ਮਿਲਣ ਵਾਲਿਆਂ ਅੱਗੇ ਪ੍ਰਗਟ ਕਰਦਾ ਹੈ। ਉਸੇ ਸ਼ਾਮ ਨੂੰ ਦਾਦਰ ਦੇ ਸ਼ਿਵਾਜੀ ਪਾਰਕ ਵਿਚ ਵੱਡੇ ਇਕੱਠ ਵਾਲੀ ਪਬਲਿਕ ਰੈਲੀ ਹੁੰਦੀ ਹੈ। ਨਹਿਰੂ ਨੂੰ ਸੁਣਨ ਲਈ ਹਜ਼ਾਰਾਂ ਲੋਕਾਂ ਦੀ ਭੀੜ ਹੈ। ਇਧਰ ਮੈਂ, ਸੁਖਬੀਰ ਤੇ ਬਲਵੰਤ ਬਾਂਸਲ ਰੈਲੀ ਵਿਚ ਪਹੁੰਚਦੇ ਹਾਂ। ਨਹਿਰੂ ਆਪਣੇ ਭਾਸ਼ਣ ਵਿਚ ਕਹਿੰਦਾ ਹੈ: ‘‘ਮੁੰਬਈ ਕੇ ਕੁਛ ਕਾਂਗਰਸੀ ਮੇਰੇ ਕੋ ਮਿਲੇ ਹੈਂ; ਕਹਿਤੇ ਹੈਂ ਕਿ ਹਮ ਆਪ ਕੇ ਸਾਥ ਹੈਂ, ਮਗਰ ਮੈਨਨ ਜੀ ਕੇ ਸਾਥ ਨਹੀਂ। ਮੈਨਨ ਕੋ ਚੋਣ ਲੜਨੇ ਕੇ ਲੀਏ ਟਿਕਟ ਨਾ ਦੂੰ। ਯਿਹ ਕਿਆ ਬਾਤ ਹੂਈ, ਹਮ ਆਪ ਕੇ ਸਾਥ ਹੈਂ ਲੇਕਿਨ ਮੈਨਨ ਕੇ ਖਿਲਾਫ਼ ਹੈਂ। It is an insult to my intelligence. ਅਗਰ ਆਪ ਮੈਨਨ ਕੋ ਪਸੰਦ ਨਹੀਂ ਕਰਤੇ ਤੋ go to hell.”
ਮੁੰਬਈ ਦੇ ਮੈਰਿਨ ਡਰਾਈਵ ’ਚ ਵਿਚਕਾਰ ਜਿਹੇ, ਸਮੁੰਦਰ ਦੇ ਸਾਹਮਣੇ ਵਾਲੀ ਬਿਲਡਿੰਗ ਦੀ ਚੌਥੀ ਮੰਜ਼ਿਲ ਵਿਚ ਸਿਖਰ ਦਾ ਡਾਕਟਰ ਏ.ਸੀ. ਬਾਲਿਗਾ ਰਹਿੰਦਾ ਹੈ। ਉਹਦੇ ਘਰ ਜਾਣ ਦਾ ਮੈਨੂੰ ਦੋ ਵੇਰ ਮੌਕਾ ਮਿਲਣਾ ਹੈ। ਇਹ ਡਾਕਟਰ ਖੱਬੇਪੱਖੀ ਹੀ ਨਹੀਂ, ਨਹਿਰੂ ਦਾ ਨਿੱਜੀ ਮਿਤਰ ਵੀ ਹੈ ਜਿਵੇਂ ਮੁੰਬਈ ਦਾ ਬੁਲੰਦ ਰੁਤਬੇ ਵਾਲਾ ਵਕੀਲ ਰਜਨੀ ਪਟੇਲ ਨਹਿਰੂ ਦਾ ਨਿਕਟਵਰਤੀ ਹੈ। ਪਟੇਲ ਲੰਡਨ ਤੋਂ ਬੈਰਿਸਟਰੀ ਪਾਸ ਕਰਕੇ ਆਇਆ ਹੈ। ਰਜਨੀ ਪਟੇਲ, ਇਕ ਤਰ੍ਹਾਂ ਨਾਲ, ਮੁੰਬਈ ਵਿਚ ਜਵਾਹਰਲਾਲ ਦਾ ਨਿੱਜੀ ਨੁਮਾਇੰਦਾ ਹੈ। ਇਹਦੀ ਵਕਾਲਤ ਬਹੁਤ ਚਲਦੀ ਹੈ। ਇਵੇਂ ਹੀ ਰਮੇਸ਼ ਸੰਘਵੀ ਹੈ, ਇਹਨੇ ਵੀ ਲੰਡਨ ਤੋਂ ਵਕਾਲਤ ਪਾਸ ਕੀਤੀ ਹੈ, ਤੇ ਇਹ ਬਲਿਟਜ਼ ਦਾ ਆਨਰੇਰੀ ਬਦੇਸ਼ ਐਡੀਟਰ ਹੈ। ਹਰ ਹਫ਼ਤੇ ਬਦੇਸ਼ੀ ਮਾਮਲਿਆਂ ਬਾਰੇ ਕਾਲਮ ਲਿਖਦਾ ਹੈ। ਮੈਂ ਇਸ ਦਾ ਕਾਲਮ, ਅੱਬਾਸ ਦੇ ਲਾਸਟ ਪੇਜ ਵਾਂਗ, ਧਿਆਨ ਨਾਲ ਪੜ੍ਹਦਾ ਹਾਂ। ਏਦਾਂ ਦੇ ਮਾਹੌਲ ਵਿਚ ਜਦ ਕਦੇ ਨਹਿਰੂ ਮੁੰਬਈ ਆਉਂਦਾ ਤਾਂ ਮੁੰਬਈ ਦੇ ਬੌਧਿਕ/ਏਲੀਤੀ ਹਲਕਿਆਂ ਵਿਚ ਹਲਚਲ ਪੈਦਾ ਹੋਣ ਲਗਦੀ ਹੈ। ਇਹ ਹਲਚਲ ਇਕ ਤਰ੍ਹਾਂ ਦਾ ਰੁਮਾਂਸ ਹੈ ਜਿਵੇਂ ਰੱਜੇ-ਪੁੱਜੇ ਮਧਲੇ ਬੰਦੇ ਲਈ ਖੱਬੇਪੱਖੀ ਹੋਣਾ ਰੁਮਾਂਸ ਹੈ। ਇਹ ਕਲਪਾਂ ਦਾ ਉਸਾਰਿਆ ਮੁਹਾਜ਼ ਹੈ, ਸੁਪਨਾ ਹੈ। ਇਸ ਰੁਮਾਂਸ ਨੇ ਮੇਰੇ ਵਰਗੇ ਅਸੁਵਿਧਾਹੀਣ ਯੁਵਕ ਨੂੰ ਵੀ ਧੀਰਿਆ ਹੋਇਆ ਹੈ। ਜਿਸ ਪ੍ਰਤਿ-ਯਥਾਰਥ ਦੀ ਜ਼ਰੂਰਤ ਹੈ, ਤੇ ਜੀਹਦੀ ਤਲਾਸ਼ ਵਿਚ ਮੈਂ ਮੁੰਬਈ ਵਿਚ ਰਹਿ ਰਿਹਾਂ, ਉਸ ਦਾ ਰਾਹ-ਰਸਤਾ ਮੈਨੂੰ ਫ਼ਿਲਮ ਸੰਸਾਰ ਅਤੇ ਖੱਬੇਪੱਖੀ ਮੁਹਾਜ਼ ਵਿਚੋਂ ਗੁਜ਼ਰਦਾ ਦਿਖਦਾ ਹੈ।
ਇਕ ਦਿਨ ਮੈਨੂੰ ਅਮਰੀਕਨ ਲਾਇਬਰੇਰੀ ’ਚ ਨਿਊ ਯੌਰਕ ’ਚ ਛਪਦਾ ਸਪਤਾਹਿਕ ਟਾਈਮ ਨਿਊਜ਼ ਮੈਗਜ਼ਿਨ ਦਿਖਦਾ ਹੈ। ਟਾਈਮ ਦੇ ਕਵਰ ਉਪਰ ਕ੍ਰਿਸ਼ਣਾ ਮੈਨਨ ਦੀ ਫ਼ੋਟੋ ਹੈ। ਫੋਟੋ ਵਿਚ ਮੈਨਨ ਦੇ ਸਿਰ ਪਿੱਛੇ ਕੋਬਰਾ ਬਣਾਇਆ ਹੋਇਆ ਹੈ। ਇਸ ਇਮੇਜ ਦਾ ਤੁਰੰਤ ਪ੍ਰਭਾਵ ਇਹ ਪੈਂਦਾ ਹੈ ਕਿ ਮੈਨਨ ਫਨੀਅਰ ਸੱਪ ਵਾਂਗ ਖਤਰਨਾਕ ਬੰਦਾ ਹੈ। ਮੈਨਨ ਬਾਰੇ ਇਕ ਲੰਮੀ ਚੌੜੀ ਕਵਰ ਸਟੋਰੀ ਵੀ ਹੈ। ਉਸ ਵਿਚ ਕਿਹਾ ਗਿਆ ਹੈ ਜਵਾਹਰਲਾਲ ਨਹਿਰੂ ਦੀ ਕੈਬਨਿਟ ਵਿਚ ਇਹ ਮੰਤਰੀ ਸੋਵੀਅਤ ਪੱਖੀ ਕਮਿਊਨਿਸਟ ਹੈ। ਫਿਰ ਉਸ ਦੇ ਉੱਤਰੀ ਮੁੰਬਈ ਦੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਣਨ ਬਾਰੇ ਹੋਏ ਵਿਰੋਧ ਦਾ ਜ਼ਿਕਰ ਹੈ। ਕੁੱਲ ਮਿਲਾ ਕੇ, ਇਹ ਲੇਖ ਖੱਬੇਪੱਖੀਆਂ ਉਪਰ ਅਟੈਕ ਹੀ ਨਹੀਂ ਕਰਦਾ ਸਗੋਂ ਉਸ ਲੌਬੀ ਦਾ ਸਮਰਥਣ ਕਰਦਾ ਹੈ ਜੋ ਮੈਨਨ ਦੇ ਖਿਲਾਫ਼ ਹੈ। ਮੁੰਬਈ ਦੇ ਨਹਿਰੂਵਾਦੀ ਖੱਬੇਪੱਖੀਆਂ ਵਿਚ ਹਲਚਲ ਮਚ ਜਾਂਦੀ ਹੈ। ਉਨ੍ਹਾਂ ਨੂੰ ਲੱਗਦਾ ਉਨ੍ਹਾਂ ਦੇ ਵਜੂਦ ਉੱਤੇ ਹਮਲਾ ਹੋਇਆ ਹੈ।
ਅਗਲੇ ਹਫ਼ਤੇ ਦੇ ‘ਬਲਿਟਜ਼’ ਵਿਚ ਟਾਈਮ ਵਿਚ ਛਪੀ ਕਵਰ ਸਟੋਰੀ ਬਾਰੇ ਚੰਗਾ ਰੌਲਾ ਪੈਂਦਾ ਹੈ। ਜ਼ਾਹਿਰ ਇਹ ਕੀਤਾ ਜਾ ਰਿਹਾ ਕਿ ਅਮਰੀਕੀ ਸਰਕਾਰ ਨਹਿਰੂ ਦੇ ਖਿਲਾਫ਼ ਪਰਚਾਰ ਕਰ ਰਹੀ ਹੈ, ਯਾਨਿ ਮੈਨਨ ਉਪਰ ਅਟੈਕ ਦਾ ਮਤਲਬ ਹੈ ਨਹਿਰੂ ਦੀਆਂ ਨੀਤੀਆਂ ਦੀ ਨਿੰਦਾ। ਲੇਖ ਦੇ ਛਪਣ ਦੇ ਨਾਲੋ ਨਾਲ ਖਵਾਜਾ ਅਹਿਮਦ ਅੱਬਾਸ ਫ਼ਿਲਮੀ ਹਸਤੀਆਂ ਵਲੋਂ ਇਕ ਬਿਆਨ ਤਿਆਰ ਕਰਦਾ ਹੈ ਜਿਸ ਉੱਤੇ ਦਲੀਪ ਕੁਮਾਰ, ਰਾਜ ਕਪੂਰ, ਦੇਵ ਆਨੰਦ ਦੇ ਨਾਲ ਸਾਹਿਰ ਲੁਧਿਆਣਵੀ, ਬਲਰਾਜ ਸਾਹਨੀ, ਮਜਰੂਹ ਸੁਲਤਾਨਪੁਰੀ, ਕੈਫ਼ੀ ਆਜ਼ਮੀ, ਸਰਦਾਰ ਜਾਫ਼ਰੀ ਤੇ ਬੀ ਆਰ ਚੋਪੜਾ ਵਰਗੇ ਸਥਾਪਿਤ ਫ਼ਿਲਮ ਲੇਖਕਾਂ ਤੇ ਡਾਇਰੈਕਟਰਾਂ ਦੇ ਵੀ ਦਸਤਖ਼ਤ ਹਨ। ਇਹ ਬਿਆਨ ਬਲਿਟਜ਼ ਵਿਚ ਛਪਦਾ ਹੈ। ਨਾਲ ਇਸ ਅਖਬਾਰ ਵਿਚ ਖਬਰ ਛਪੀ ਹੈ ਕਿ ਕ੍ਰਿਸ਼ਣਾ ਮੈਨਨ ਦੇ ਹੱਕ ਵਿਚ ਚੋਣ ਪਰਚਾਰ ਕਰਨ ਲਈ ਇਕ ਸਪੋਰਟ ਕ੍ਰਿਸਣਾ ਮੈਨਨ ਕਮੇਟੀ ਬਣੀ ਹੈ, ਜਿਸ ਦਾ ਕਨਵੀਨਰ ਰਜਨੀ ਪਟੇਲ ਹੈ ਤੇ ਪ੍ਰਧਾਨ ਡਾਕਟਰ ਏ ਸੀ ਬਾਲਿਗਾ ਹੈ। ਕਮੇਟੀ ਦਾ ਦਫ਼ਤਰ ਸਾਂਤਾ ਕਰੂਜ਼ ਵਿਚ ਅਕਬਰ ਭਾਈ ਨਾਂ ਦੇ ਬੰਗਲੇ ਵਿਚ ਬਣਾਇਆ ਗਿਆ ਹੈ ਤੇ ਉਸ ਦਾ ਸਿਰਨਾਵਾਂ ਵੀ ਦਿੱਤਾ ਗਿਆ ਹੈ। ਦਲੀਪ ਕੁਮਾਰ ਨੂੰ ਜਵਾਹਰਲਾਲ ਨਹਿਰੂ ਦਾ ਫੋਨ ਆਉਂਦਾ ਹੈ ਕਿ ਰਜਨੀ ਪਟੇਲ ਦੇ ਜ਼ਿੰਮੇ ਮੈਨਨ ਦੀ ਚੋਣ ਮੁਹਿੰਮ ਦਾ ਜ਼ਿੰਮਾ ਹੈ, ਉਸ ਦੀ ਮਦਦ ਕੀਤੀ ਜਾਵੇ।
ਇਸ ਦੌਰਾਨ ਸੱਜੇਪੱਖੀਆਂ ਦਾ ਚਹੇਤਾ ਅਚਾਰੀਆ ਕ੍ਰਿਪਲਾਨੀ ਨਹਿਰੂ ਦੇ ਉਮੀਦਵਾਰ ਅਤੇ ਅਮਰੀਕੀ ਨੀਤੀਆਂ ਵਿਰੁੱਧ ਅੰਤਰ-ਰਾਸ਼ਟਰੀ ਮੰਚਾਂ ਉੱਤੇ ਲੜਨ ਵਾਲੇ ਕ੍ਰਿਸ਼ਣਾ ਮੈਨਨ ਨੂੰ ਪ੍ਰਾਜਿਤ ਕਰਨ ਲਈ ਉਮੀਦਵਾਰ ਵਜੋਂ ਐਲਾਨਿਆ ਜਾਂਦਾ ਹੈ। ਦੇਸ਼ ਦੀ ਸਿਆਸਤ ਵਿਚ ਇਹ ਚੋਣ ਚੋਖਾ ਮਹੱਤਵ ਰੱਖਦੀ ਹੈ। ਮੁੰਬਈ ਦੇ ਕੁੱਲ ਪੂੰਜੀਪਤੀ ਅਤੇ ਅੰਗਰੇਜ਼ੀ ਦੇ ਵੱਡੇ ਅਖਬਾਰਾਂ ਦੇ ਮਾਲਕ/ਐਡੀਟਰ ਮੈਨਨ ਵਿਰੁੱਧ ਉਠ ਖੜੇ ਹੁੰਦੇ ਹਨ।
ਅਜਿਹੇ ਮਹਾਂ-ਯੁੱਧ ਦਾ ਅੰਗ ਬਣਨ ਲਈ ਮੈਂ ਆਪਣੀ ਨੌਕਰੀ ਤੋਂ ਗ਼ਾਇਬ ਹੋ ਜਾਂਦਾ ਹਾਂ। ਤੁਰੰਤ ਲੋਕਲ ਗੱਡੀ ਫੜ ਕੇ ਸਾਂਤਾ ਕਰੂਜ਼ ਵਾਲੇ ਸਿਰਨਾਵੇਂ ਵਾਲੇ ਸਪੋਰਟ ਕ੍ਰਿਸ਼ਣਾ ਮੈਨਨ ਕਮੇਟੀ ਦੇ ਦਫ਼ਤਰ ਪੁੱਜਦਾ ਹਾਂ। ਸ਼ਾਮ ਦਾ ਵੇਲਾ ਹੈ। ਉੱਥੇ ਜਾ ਕੇ ਆਖਦਾਂ ਕਿ ਮੈਂ ਵਾਲੰਟੀਅਰ ਵਜੋਂ ਕੰਮ ਕਰਨਾ ਚਾਹੁਨਾਂ। ਮੈਨੂੰ ਇਕ ਵਕੀਲ ਨਾਲ ਮਿਲਾਇਆ ਜਾਂਦਾ ਜੋ ਰਜਨੀ ਪਟੇਲ ਦਾ ਜੂਨੀਅਰ ਹੈ ਤੇ ਜਿਸ ਕੋਲ ਵਾਲੰਟੀਅਰ ਭਰਤੀ ਕਰਨ ਦਾ ਜ਼ਿੰਮਾ ਹੈ। ਮੈਨੂੰ ਉਸ ਵਕੀਲ ਦਾ ਨਾਂ ਯਾਦ ਨਹੀਂ; ਉਹ ਮੇਰਾ ਉਤਸ਼ਾਹ ਦੇਖ ਕੇ ਖੁਸ਼ ਹੁੰਦਾ ਹੈ। ਮੈਨੂੰ ਹੋਰ ਵਾਲੰਟੀਅਰਾਂ ਨਾਲ ਮਿਲਾਂਦਾ ਹੈ। ਮੈਂ ਰੋਜ਼ ਸਵੇਰੇ ਨੌਂ ਵਜੇ ਸਾਂਤਾ ਕਰੂਜ਼ ਦਫ਼ਤਰ ਪੁੱਜਣਾ ਸ਼ੁਰੂ ਕਰ ਦੇਂਦਾ ਹਾਂ। ਸਾਰਾ ਦਿਨ ਕਦੇ ਇਕ ਕੰਮ, ਕਦੇ ਦੂਸਰਾ ਮੇਰੇ ਜ਼ਿੰਮੇ ਲਾਇਆ ਜਾਂਦਾ ਹੈ। ਵਾਲੰਟੀਅਰਾਂ ਦਾ ਇੰਚਾਰਜ ਮੇਰਾ ਉਤਸ਼ਾਹ ਦੇਖ ਮੈਨੂੰ ਚੋਣ ਮੁਹਿੰਮ ਕਮੇਟੀ ਦੇ ਦਫ਼ਤਰ ਵਿਚ ਰਾਤ ਗੁਜ਼ਾਰਣ ਲਈ ਕਮਰਾ ਦੇ ਦਿੰਦਾ ਹੈ। ਦੌੜ-ਭੱਜ ਕਰਨ ਲਈ ਇਕ ਐਂਬੇਸਡਰ ਕਾਰ ਨੂੰ ਵਰਤਣ ਦਾ ਅਧਿਕਾਰ ਮੈਨੂੰ ਦਿੱਤਾ ਜਾਂਦਾ ਹੈ। ਹਰ ਸ਼ਾਮ ਅੱਠ ਵਜੇ ਤੋਂ ਲੈ ਕੇ ਰਾਤ ਬਾਰਾਂ ਇਕ ਵਜੇ ਤੱਕ ਚੋਣ ਰੈਲੀਆਂ ਹੁੰਦੀਆਂ ਹਨ। ਦੂਰ ਦਰਾਜ ਸੂਬਿਆਂ ਤੋਂ ਕਾਂਗਰਸੀ ਲੀਡਰ ਮੁੰਬਈ ਚੋਣ ਮੁਹਿੰਮ ਨੂੰ ਭਖਾਣ ਪੁੱਜਦੇ ਹਨ। ਉਨ੍ਹਾਂ ਨੂੰ ਸਾਂਤਾ ਕਰੂਜ਼ ਏਅਰਪੋਰਟ ਤੋਂ ਰਿਸੀਵ ਕਰਨ ਦੀ ਡਿਊਟੀ ਅਕਸਰ ਮੇਰੀ ਲੱਗ ਜਾਂਦੀ ਹੈ। ਸ਼ਾਮ ਦੀਆਂ ਰੈਲੀਆਂ ਵਿਚ ਭੀੜ ਨੂੰ ਖਿੱਚਣ ਲਈ ਰਜਨੀ ਪਟੇਲ ਅਕਸਰ ਦਲੀਪ ਕੁਮਾਰ ਸਮੇਤ ਮੰਚ ਉੱਤੇ ਹਾਜ਼ਰ ਹੁੰਦਾ ਹੈ। ਮੰਚ ਉੱਤੇ ਅਨੇਕ ਫ਼ਿਲਮੀ ਬੰਦੇ ਮੌਜੂਦ ਹੁੰਦੇ ਹਨ। ਬਲਰਾਜ ਸਾਹਨੀ, ਖਵਾਜਾ ਅਹਿਮਦ ਅੱਬਾਸ, ਦੇਵ ਆਨੰਦ ਅਕਸਰ ਭਾਸ਼ਣ ਦੇਂਦੇ ਹਨ। ਮੈਂ ਵੀ ਮੰਚ ਦੇ ਕਿਸੇ ਕੋਨੇ ਵਿਚ ਬੈਠ ਨਜ਼ਾਰਾ ਦੇਖਦਾ ਹਾਂ। ਅਜਿਹੀ ਗਹਿਮਾ-ਗਹਿਮੀ ਦਾ ਅੰਗ ਹੋਣ ਦੌਰਾਨ ਮੈਂ ਆਪਣੇ ਆਪ ਨੂੰ ਆਕਾਸ਼ ਵਿਚ ਉੱਡਿਆ ਮਹਿਸੂਸ ਕਰਦਾ ਹਾਂ।
ਇਕ ਸ਼ਾਮ ਛੇ ਵਜੇ ਦੇ ਕਰੀਬ ਮੈਂ ਮੈਨਨ ਸਪੋਰਟ ਕਮੇਟੀ ਦੇ ਦਫ਼ਤਰ ਵਰਾਂਡੇ ਵਿਚ ਖੜਾ ਹਾਂ ਕਿ ਇਕ ਬੰਦਾ, ਜੋ ਪਹਿਰਾਵੇ ਤੋਂ ਮੁਸਲਮਾਨ ਦਿਖਦਾ, ਮੇਰੇ ਕੋਲ ਆ ਕੇ ਕਹਿੰਦਾ, ‘‘ਮੈਂ ਪਰੇਮ ਧਵਨ ਜੀ ਦੀ ਗਾਇਕ ਮੰਡਲੀ ਵਿਚ ਹਾਂ। ਅੱਜ ਮੈਨੂੰ ਕੋਈ ਕੰਮ ਹੈ, ਮੈਂ ਘਰ ਵਾਪਿਸ ਚੱਲਿਆਂ। ਤੂੰ ਮੇਰੀ ਜਗ੍ਹਾ ਕੋਰਸ ਚ ਖੜ ਜਾਈਂ, ਏਨਾ ਹੀ ਗਾਨਾ ਹੈ: ‘‘ਕੋਈ ਨਾ, ਬਈ ਕੋਈ ਨਾ”। ਇਹੀ ਗੱਲ ਉਹ ਪਰੇਮ ਧਵਨ ਦੇ ਨਾਂ ਉਰਦੂ ਵਿਚ ਇਕ ਰੁੱਕੇ ’ਤੇ ਲਿਖ ਕੇ ਮੈਨੂੰ ਦੇਂਦਾ ਤੇ ਕਹਿੰਦਾ ਯੇਹ ਧਵਨ ਜੀ ਕੋ ਦੇ ਦੂੰ। ਧਵਨ ਲਾਹੌਰ ਵੇਲੇ ਤੋਂ ਪੁਰਾਣਾ ਕਾਮਰੇਡ ਹੈ ਤੇ ਹਿੰਦੀ ਫ਼ਿਲਮਾਂ ਲਈ ਗੀਤ ਲਿਖਦਾ ਹੈ। ਉਹਨੇ ਕ੍ਰਿਸ਼ਣਾ ਮੈਨਨ ਦੇ ਹੱਕ ਵਿਚ ਗਾਣਾ ਤਿਆਰ ਕੀਤਾ, ਜਿਸ ਦੀ ਤਰਜ਼ ਫ਼ਿਲਮ ਜਾਗਤੇ ਰਹੋ ਵਿਚ ਟੈਕਸੀ ਡਰਾਈਵਰਾਂ ਵਲੋਂ ਗਾਏ ਪੰਜਾਬੀ ਗਾਣੇ ‘‘ਐਵੇਂ ਦੁਨੀਆ ਦੇਂਦੀ ਦੁਹਾਈ… ਝੂਠਾ ਪਾਉਂਦੀ ਸ਼ੋਰ … …” ’ਤੇ ਹੈ। ਇਸ ਗਾਣੇ ਵਿਚ ਹੈ- ‘‘ਇਹ ਕੀ ਮੈਂ ਝੂਠ ਬੋਲਿਆ? ਕੋਈ ਨਾ, ਬਈ ਕੋਈ ਨਾ।” ਪਰੇਮ ਧਵਨ ਦੇ ਬੋਲ ਹਨ: ‘‘ਇਧਰ ਖੜੇ ਹੈਂ ਕ੍ਰਿਸ਼ਣਾ ਮੈਨਨ, ਉਧਰ ਖੜੇ ਕ੍ਰਿਪਲਾਣੀ। ਇਧਰ ਹੈ ਆਪਣੀ ਜਨਤਾ ਸਾਰੀ, ਉਧਰ ਹੈ ਉਨ ਕੇ ਰਾਜਾ ਰਾਣੀ” ਤੇ ਫਿਰ ਕਿਹਾ ਜਾਂਦਾ: ‘‘ਇਹ ਕੀ ਮੈਂ ਝੂਠ ਬੋਲਿਆ?” ਜਦ ਪਰੇਮ ਧਵਨ ਆਪ ਇਹ ਗਾਉਂਦਾ ਤਾਂ ਪਿੱਛੇ ਖੜੇ ਤਿੰਨ ਚਾਰ ਬੰਦੇ ਕਹਿੰਦੇ ਹਨ: ‘‘ਕੋਈ ਨਾ, ਬਈ ਕੋਈ ਨਾ, ਬਈ ਕੋਈ ਨਾ।” ਪਰੇਮ ਧਵਨ ਗਾਉਂਦਿਆਂ ਪੁੱਛਦਾ- ‘‘ਇਹ ਕੋਈ ਮੈਂ ਕੁਫ਼ਰ ਤੋਲਿਆ?” ਕੋਰਸ ਗਾਉਂਦਿਆਂ ਜੁਆਬ ਦੇਂਦਾ: ‘‘ਕੋਈ ਨਾ, ਬਈ ਕੋਈ ਨਾ, ਬਈ ਕੋਈ ਨਾ”। ਜਿਸ ਢੰਗ ਨਾਲ ਪਰੇਮ ਧਵਨ ਗਾਉਂਦਾ ਤੇ ਬਾਅਦ ਵਿਚ ਨਾਟਕੀ ਅੰਦਾਜ਼ ਵਿਚ ਕਹਿੰਦਾ – ਇਹ ਕੀ ਮੈਂ ਝੂਠ ਬੋਲਿਆ? ਜੁਆਬ ਚ ‘‘ਕੋਈ ਨਾ, ਬਈ ਕੋਈ ਨਾ” ਸੁਣ ਕੇ ਸਰਲ ਸਾਧਾਰਨ ਸਰੋਤੇ ਬਹੁਤ ਖੁਸ਼ ਹੁੰਦੇ ਹਨ। ਗਾਣਾ ਕਾਫ਼ੀ ਲੰਮਾ ਹੈ, ਅਗਾਂਹ ਚਲ ਕੇ ਧਵਨ ਗਾਉਂਦਾ: ‘‘ਮੈਨਨ ਕੋ ਸੋ ਬੁਰਾ ਕਹੋ, ਮੈਨਨ ਕਾ ਕਿਆ ਜਾਤਾ ਹੈ। ਚਾਂਦ ਕੇ ਊਪਰ ਥੂਕੋ ਤੋ ਆਪਣੇ ਮੂੰਹ ਪੇ ਆਤਾ ਹੈ, ਸਾਰੀ ਦੁਨੀਆ ਜਾਣੇ ਕ੍ਰਿਸ਼ਣਾ ਮੈਨਨ ਕੀ ਕੁਰਬਾਨੀ, ਤੇ ਇਹ ਕੀ ਮੈਂ ਝੂਠ ਬੋਲਿਆ?” ਮੈਂ ਪਰੇਮ ਧਵਨ ਨੂੰ ਰੁੱਕਾ ਦੇਨਾਂ ਤੇ ਉਹ ਮੈਨੂੰ ਆਪਣੀ ਗਾਉਣ ਵਾਲੀ ਮੰਡਲੀ ਵਿਚ ਸ਼ਾਮਿਲ ਕਰ ਲੈਂਦਾ। ਪੰਜ ਛੇ ਵਾਰੀ ‘‘ਕੋਈ ਨਾ, ਬਈ ਕੋਈ ਨਾ” ਗਾਉਣ ਨਾਲ ਹੀ ਮੈਂ ਪਰੇਮ ਧਵਨ ਦੀ ਮੰਡਲੀ ਦਾ ਪੱਕਾ ਮੈਂਬਰ ਬਣ ਜਾਂਦਾ ਹਾਂ।
ਉਸ ਚੋਣ ਮੁਹਿੰਮ ਦੇ ਕਈ ਦ੍ਰਿਸ਼ ਮੇਰੀ ਯਾਦ ਤਖਤੀ ਉੱਤੇ ਉੱਕਰ ਜਾਂਦੇ ਹਨ: ਇਕ ਦ੍ਰਿਸ਼ ਹੈ ਜਦ ਪਰੇਮ ਧਵਨ ਬਿਮਲ ਰਾਏ ਦੀ ਰਾਬਿੰਦਰਾਨਾਥ ਟੈਗੋਰ ਦੀ ਕਹਾਣੀ ਉੱਤੇ ਬਣੀ ਫ਼ਿਲਮ ਕਾਬੁਲੀਵਾਲਾ ਦਾ ਗੀਤ ਗਾਉਂਦਾ ਹੈ: ‘‘ਐ ਮੇਰੇ ਪਿਆਰੇ ਵਤਨ, ਐ ਮੇਰੇ ਬਿਛੜੇ ਚਮਨ, ਤੁਝ ਪੇ ਦਿਲ ਕੁਰਬਾਨ” ਤੇ ਉਸ ਤੋਂ ਬਾਅਦ ਫਿਰ ਸਾਡੀ ਟੋਲੀ ਦਾ ‘‘ਇਧਰ ਖੜੇ ਹੈਂ ਕ੍ਰਿਸ਼ਣਾ ਮੈਨਨ … ਮੈਂ ਕੋਈ ਝੂਠ ਬੋਲਿਆ” ਕੋਰਸ ਗਾਣਾ ਹੋਣ ਬਾਅਦ ਰਜਨੀ ਪਟੇਲ ਗੁਜਰਾਤੀ ਵਿਚ ਭਾਸ਼ਣ ਕਰਦਾ ਹੈ ਕਿਉਂਕਿ ਜਿਸ ਇਲਾਕੇ ਵਿਚ ਚੋਣ ਰੈਲੀ ਹੋ ਰਹੀ ਹੈ ਉਹ ਗੁਜਰਾਤੀਆਂ ਦਾ ਇਲਾਕਾ ਹੈ। ਰਜਨੀ ਪਟੇਲ ਆਪਣੇ ਭਾਸ਼ਣ ਵਿਚ ਕਹਿੰਦਾ ਹੈ : ‘‘ਕ੍ਰਿਪਲਾਨੀ ਦਾ ਮਤਲਬ ਹੈ ਪੂੰਜੀਪਤੀ; ਕ੍ਰਿਪਲਾਨੀ ਦਾ ਮਤਲਬ ਹੈ ਅਮਰੀਕਾ ਦਾ ਸਾਮਰਾਜਵਾਦ; ਕ੍ਰਿਪਲਾਨੀ ਦਾ ਮਤਲਬ ਹੈ ਲੋਕਾਂ ਦੀ ਲੁੱਟ।” ਇਸੇ ਰੈਲੀ ਵਿਚ ਜਦ ਅਸੀਂ ਪਰੇਮ ਧਵਨ ਦੇ ਗੀਤ ਵੇਲੇ ‘‘ਕੋਈ ਨਾ, ਬਈ ਕੋਈ ਨਾ” ਗਾ ਰਹੇ ਹਾਂ ਤਾਂ ਮੈਂ ਦੇਖਦਾਂ ਕਿ ਕੁਝ ਸਕੂਲੀ ਕੁੜੀਆਂ ਕਾਪੀ ਪੈਂਸਿਲ ਲੈ ਕੇ ਪਰੇਮ ਦੇ ਬੋਲਾਂ ਨੂੰ ਤੇਜ਼ੀ ਨਾਲ ਨੋਟ ਕਰ ਰਹੀਆਂ ਹਨ।
ਚੋਣ ਵਾਲੇ ਦਿਨ ਤੋਂ ਅਠਤਾਲੀ ਘੰਟੇ ਪਹਿਲਾਂ ਪਰਚਾਰ ਖਤਮ ਹੋ ਚੁੱਕਾ ਹੈ। ਤੀਜੇ ਦਿਨ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਦੁਪਹਿਰ ਤੱਕ ਪਤਾ ਲੱਗ ਜਾਂਦਾ ਕਿ ਕ੍ਰਿਸ਼ਣਾ ਮੈਨਨ ਅਚਾਰੀਆ ਕ੍ਰਿਪਲਾਨੀ ਤੋਂ ਕਾਫ਼ੀ ਅਗਾਂਹ ਜਾ ਰਿਹਾ। ਅਗਲੇ ਦਿਨ ਦੁਪਹਿਰ ਤੱਕ ਮੈਨਨ ਇਕ ਲੱਖ ਸੰਤਾਲੀ ਹਜ਼ਾਰ ਵੋਟਾਂ ਤੋਂ ਅੱਗੇ ਹੈ, ਸ਼ਾਮ ਨੂੰ ਉਹਦੀ ਜਿੱਤ ਦਾ ਐਲਾਨ ਹੋ ਜਾਂਦਾ ਹੈ।
15 ਫਰਵਰੀ ਵਾਲਾ ਦਿਨ ਐਤਵਾਰ ਹੈ। ਉਸ ਦਿਨ ਸ਼ਿਵਾਜੀ ਪਾਰਕ ਦਾਦਰ ਵਿਚ ਵਿਜੈ ਰੈਲੀ ਹੁੰਦੀ ਹੈ। ਮੰਚ ਉੱਤੇ ਕ੍ਰਿਸ਼ਣਾ ਮੈਨਨ ਸਮੇਤ ਅਨੇਕ ਫ਼ਿਲਮੀ ਹਸਤੀਆਂ ਮੌਜੂਦ ਹਨ। ਅੰਤ ਵਿਚ ਦਲੀਪ ਕੁਮਾਰ ਨੂੰ ਬੋਲਣ ਲਈ ਕਿਹਾ ਜਾਂਦਾ ਹੈ। ਉਹ ਆਪਣੇ ਭਾਸ਼ਣ ਵਿਚ ਕਹਿੰਦਾ ਹੈ: ‘‘ਹਮ ਨੇ ਕ੍ਰਿਸ਼ਣਾ ਮੈਨਨ ਜੀ ਕੋ ਜਿਤਾਨੇ ਕੇ ਲੀਏ ਜੋ ਜੰਗ ਲੜੀ ਹੈ ਵੁਹ ਇਸ ਲੀਏ ਲੜੀ ਹੈ ਕਿ ਵੁਹ ਦਿੱਲੀ ਮੇਂ ਜਾ ਕੇ ਮੁੰਬਈ ਕੀ ਜਨਤਾ ਕੋ ਗੁਰਬਤ ਔਰ ਜ਼ਲਾਲਤ ਸੇ ਨਿਜਾਤ ਦਿਲਵਾਏਂ। ਮੁੰਬਈ ਸ਼ਹਿਰ ਮੇਂ ਸਿਰਫ਼ ਹਮ ਫ਼ਿਲਮੀ ਲੋਕ ਹੀ ਨਹੀਂ ਰਹਿਤੇ, ਯਹਾਂ ਜੋ ਊਚੀ ਔਰ ਸੁੰਦਰ ਇਮਾਰਤੇਂ ਹਮ ਦੇਖਤੇ ਹੈਂ, ਮੁੰਬਈ ਸ਼ਹਿਰ ਵੁਹ ਨਹੀਂ। ਮੁੰਬਈ ਸ਼ਹਿਰ ਮੇਂ ਲਾਖੋਂ ਲੋਕ ਐਸੇ ਹੈਂ ਜਿਨ ਕੇ ਪਾਸ ਸੋਨੇ ਕੇ ਲੀਏ ਜਗ੍ਹਾ ਨਹੀਂ, ਜੋ ਫੁੱਟਪਾਥ ਪੇ ਸੋਤੇ ਹੈਂ, ਹਜ਼ਾਰੋਂ ਲੋਕ ਧਾਰਾਵੀ ਜੈਸੀ ਗੰਦੀ ਬਸਤੀਉਂ ਮੇਂ ਰਹਿਤੇ ਹੈਂ ਜਹਾਂ ਪਾਣੀ ਨਹੀਂ ਹੈ। ਯਹੀ ਲੋਗ ਮੁੰਬਈ ਕੋ ਚਲਾਤੇ ਹੈਂ, ਦਿਨ ਭਰ ਮੁਸ਼ੱਕਤ ਕਰਤੇ ਹੈਂ। ਮੈਨਨ ਜੀ ਕੋ ਹਮਨੇ ਚੁਣਾ ਹੈ ਯੇਹ ਇਨ ਲੋਗੋਂ ਕੋ ਇੱਜ਼ਤਦਾਰ ਜੀਵਨ ਦੇਣੇ ਕੀ ਕੋਸ਼ਿਸ਼ ਮੇਂ ਲਗੇ ਜਵਾਹਰਲਾਲ ਨਹਿਰੂ ਕਾ ਸਾਥ ਦੇਂ … …।”