ਗੁਰਬਚਨ ਸਿੰਘ ਭੁੱਲਰ
ਕੇਹੇ ਚੰਦਰੇ ਦਿਨਾਂ ਵਿਚੋਂ ਲੰਘਣਾ ਪੈ ਰਿਹਾ ਹੈ! ਹਰ ਕੋਈ ਕੋਰੋਨਾ-ਕੈਦ ਭੁਗਤ ਰਿਹਾ ਹੈ ਤੇ ਹੋਰ ਜੀਆਂ ਦੇ ਕੰਮ-ਧੰਦੀਂ ਲੱਗੇ ਹੋਣ ਕਾਰਨ ਬਹੁਤੇ ਬਜ਼ੁਰਗ ਅਨਿਸਚਿਤਕਾਲੀ ਇਕਾਂਤੀ ਕੈਦ ਭੁਗਤ ਰਹੇ ਹਨ। ਹਰ ਕੋਈ ਪਰੇਸ਼ਾਨ ਹੈ। ਭੈ ਹਵਾ ਵਿਚ ਪਲੀਤੀ ਬਣ ਕੇ ਘੁਲਿਆ ਹੋਇਆ ਹੈ। ਅਜਿਹੇ ਵਿਚ ਪਰੇਸ਼ਾਨੀ ਨੂੰ ਦੁਗੁਣੀ ਕਰਨ ਵਾਲ਼ੀਆਂ ਸੁਣਾਉਣੀਆਂ ਆ ਰਹੀਆਂ ਹਨ। ਇਕ ਦਿਨ ਪਹਿਲਾਂ ਜੋਗਿੰਦਰ ਸਿੰਘ ਪੁਆਰ ਚਲੇ ਗਏ, ਅਗਲੇ ਦਿਨ ਆਦਤਨ ਸਵੇਰੇ-ਸਵੇਰੇ ਵਟਸਐਪ ਉੱਤੇ ਨਜ਼ਰ ਮਾਰੀ ਤਾਂ ਬੁਰੀ ਖ਼ਬਰ ਮਿਲੀ ਕਿ ਕਰੀਬੀ ਦੋਸਤ ਤੇ ਵਧੀਆ ਇਨਸਾਨ ਕੁਲਦੀਪ ਸਿੰਘ ਧੀਰ ਸ਼ੁੱਕਰਵਾਰ ਦੀ ਸ਼ਾਮ ਚਲਾਣਾ ਕਰ ਗਏ! ਖੜ੍ਹੇ-ਖੜੋਤਿਆਂ ਤਨ-ਮਨ ਦਾ ਸਾਹ-ਸਤ ਨੁੱਚੜ ਗਿਆ। ਅਜੇ ਵੀਰਵਾਰ ਤਾਂ ਗੱਲ ਹੋਈ ਸੀ। ਮੋਹ-ਭਰੇ, ਨਿਰਛਲ, ਫੱਕਰ ਬੰਦੇ ਸਨ ਉਹ। ਅਕਾਦਮਿਕ ਪੱਖੋਂ ਉਹ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਰਹੇ। ਇਥੋਂ ਹੀ ਐਮ.ਏ. ਕੀਤੀ ਤੇ ਇਥੇ ਹੀ ਪੜ੍ਹਾਉਣ ਲੱਗੇ ਤੇ 1990 ਵਿਚ ਪੰਜਾਬੀ ਵਿਭਾਗ ਦੇ ਮੁਖੀ ਬਣੇ। ਲਗਭਗ ਇਕ ਦਹਾਕੇ ਮਗਰੋਂ ਉਹ ਭਾਸ਼ਾਵਾਂ ਦੀ ਫ਼ੈਕਲਟੀ ਦੇ ਡੀਨ ਥਾਪੇ ਗਏ। ਉਹਨਾਂ ਦੀ ਸ਼ਖ਼ਸੀਅਤ ਵਿਗਿਆਨ, ਭਾਸ਼ਾ-ਵਿਗਿਆਨ, ਸਾਹਿਤ, ਅਧਿਆਤਮ ਤੇ ਇਤਿਹਾਸ ਦਾ ਅਨੋਖਾ ਸੁਮੇਲ ਸੀ। ਪਰ ਨਾ ਪਦਵੀ ਦੀ ਹੈਂਕੜ ਤੇ ਨਾ ਗਿਆਨ ਦੀ ਹਉਂ।
ਮੈਂ 14 ਅਕਤੂਬਰ ਨੂੰ ਉਹਨਾਂ ਨੂੰ ਇਕ ਕੋਰੀਅਰ ਕਰਵਾ ਕੇ ਰਸੀਦ ਦਾ ਉਤਾਰਾ ਤੇ ਇਹ ਸੁਨੇਹਾ ਵਟਸਐਪ ਕਰ ਦਿੱਤੇ, ‘‘ਪਿਆਰਿਓ, ਆਪਣੀਆਂ ਤਿੰਨ ਨਵੀਆਂ ਆਈਆਂ ਪੋਥੀਆਂ ਭੇਜੀਆਂ ਹਨ। ‘ਔਰਤ ਤੇ ਸਮਾਜ’ ਵਿਚ ਮੇਰੇ ਨਾਵਲ ਬਾਰੇ ਤੁਹਾਡਾ ਲੇਖ ਵੀ ਸ਼ਾਮਲ ਹੈ।’’ ਮੈਨੂੰ ਉਹ ‘‘ਓ ਭਰਾ’’ ਆਖ ਕੇ ਬੁਲਾਉਂਦੇ। ਉਹ ਗਦਗਦ ਹੋ ਕੇ ਬੋਲੇ, ‘‘ਓ ਭਰਾ, ਵਧਾਈਆਂ ਤੈਨੂੰ!’’ ਤੇ ਫੇਰ ਇਹ ਮਨਹੂਸ ਖ਼ਬਰ! ਪਤਾ ਲੱਗਿਆ, ਸ਼ੁੱਕਰਵਾਰ ਦੀ ਸ਼ਾਮ ਉਹਨਾਂ ਨੇ ਆਮ ਵਾਂਗ ਖਾਣਾ ਖਾਧਾ, ਸੈਰ ਕੀਤੀ ਤੇ ਫੇਰ ਬਿਸਤਰੇ ਉੱਤੇ ਪੈਂਦਿਆਂ ਆਖਿਆ, ਤਬੀਅਤ ਕੁਛ ਠੀਕ ਨਹੀਂ ਲਗਦੀ। ਇਸ ਤੋਂ ਪਹਿਲਾਂ ਕਿ ਕੋਈ ਓਹੜ-ਪੋਹੜ ਕੀਤਾ ਜਾਂਦਾ, ਭੌਰ ਵਜੂਦ ਵਿਚੋਂ ਉਡਾਰੀ ਲਾ ਗਿਆ! ਉਹ 77 ਸਾਲ ਦੇ ਸਨ।
ਉਹ ਪੰਜਾਬੀ ਲਿਖਣੀ-ਬੋਲਣੀ ਜਾਣਨ ਵਾਲੇ ਲੇਖਕਾਂ ਵਿਚੋਂ ਸਨ। ਉਹਨਾਂ ਦੀ ਵਾਰਤਕ ਮਨਮੋਹਕ ਹੁੰਦੀ ਸੀ। ਇਸੇ ਕਰਕੇ ਉਹ ਪਾਠਕ-ਪਰਵਾਨੇ ਲੇਖਕ ਸਨ। ਉਹ ਪੇਸ਼ ਕੀਤੀ ਜਾਣ ਵਾਲੀ ਗੱਲ ਨੂੰ ਵੀ ਮਹੱਤਵ ਦਿੰਦੇ ਸਨ ਤੇ ਉਹਨੂੰ ਪੇਸ਼ ਕਰਨ ਦਾ ਵਸੀਲਾ ਬਣਨ ਵਾਲੀ ਭਾਸ਼ਾ ਨੂੰ ਵੀ। ਭਾਸ਼ਾ-ਵਿਗਿਆਨ ਦੇ ਸਰਬ-ਸਾਂਝੇ ਨੇਮ ਅਨੁਸਾਰ ਖਰਾ ਲੇਖਕ ਉਹ ਨਹੀਂ ਹੁੰਦਾ ਜੋ ਸੌਖੀ ਗੱਲ ਨੂੰ ਔਖੀ ਬਣਾ ਕੇ ਪੇਸ਼ ਕਰੇ ਸਗੋਂ ਉਹ ਹੁੰਦਾ ਹੈ ਜੋ ਔਖੀ ਗੱਲ ਨੂੰ ਵੀ ਸਰਲ ਸ਼ਬਦਾਂ ਵਿਚ ਸਮਝਾ ਸਕੇ। ਡਾ. ਧੀਰ ਦੀ ਸਾਹਿਤਕ ਦੇਣ ਨੂੰ ਕਿਸੇ ਵੀ ਤਰ੍ਹਾਂ ਘੱਟ ਅੰਗੇ ਬਿਨਾਂ ਇਹ ਕਹਿਣਾ ਵਾਜਬ ਹੈ ਕਿ ਵਿਗਿਆਨ ਦੀਆਂ ਗੱਲਾਂ ਸਾਧਾਰਨ ਪਾਠਕ ਦੀ ਸਮਝ ਵਿਚ ਲਿਆਉਣੀਆਂ ਉਹਨਾਂ ਦੀ ਵਡੇਰੀ ਦੇਣ ਹੈ। ਵਿਗਿਆਨ ਬਾਰੇ ਲਿਖਿਆ ਕੁਝ ਹੋਰ ਲੇੇਖਕਾਂ ਨੇ ਵੀ ਹੈ ਪਰ ਇਸ ਨੂੰ ਕਲਮੀ ਜੀਵਨ ਦਾ ਉਦੇਸ਼ ਬਣਾਉਣ ਵਾਲੇ ਤੇ ਵਿਗਿਆਨ ਬਾਰੇ ਏਨੀ ਮਾਤਰਾ ਵਿਚ ਰਚਨਾ ਕਰਨ ਵਾਲੇ ਉਹ ਪੰਜਾਬੀ ਦੇ ਇਕੋ-ਇਕ ਲੇਖਕ ਸਨ। ਉਹ ਆਧੁਨਿਕ ਵਿਗਿਆਨ ਦੀਆਂ ਜਟਿਲਤਾਵਾਂ ਤੇ ਬਰੀਕੀਆਂ ਵੀ ਸਰਲ-ਸਪੱਸ਼ਟ ਭਾਸ਼ਾ ਵਿਚ ਦੱਸ ਸਕਣ ਦੇ ਸਮਰੱਥ ਸਨ। ਵਿਗਿਆਨ ਦੇ ਜੁੱਗ ਵਿਚ ਵਿਗਿਆਨ ਦੀਆਂ ਪੇਚਦਾਰ ਗੱਲਾਂ ਸਾਧਾਰਨ ਪਾਠਕ ਨੂੰ ਸਮਝਾ ਦੇਣ ਦਾ ਮਹੱਤਵ ਕੋਈ ਵਿਆਖਿਆ ਨਹੀਂ ਲੋੜਦਾ। ਉਹਨਾਂ ਦੀ ਇਕ ਪੁਸਤਕ ਦਾ ਨਾਂ ਹੀ ‘ਵਿਗਿਆਨ, ਵਿਗਿਆਨੀ ਅਤੇ ਆਮ ਆਦਮੀ’ ਹੈ। ਉਹ ਵਿਗਿਆਨ ਦੇ ਵਰਤਮਾਨ ਪੜਾਅ ਤੱਕ ਹੀ ਸੀਮਤ ਨਹੀਂ ਸਨ ਰਹਿੰਦੇ ਸਗੋਂ ਭਵਿੱਖੀ ਸੰਭਾਵਨਾਵਾਂ ਦੇ ਵੀ ਦਰਸ਼ਨ ਕਰਵਾਉਂਦੇ ਸਨ। ਪੁਸਤਕ ‘ਨੈਨੋਟੈਕਨਾਲੋਜੀ: ਅਗਲੀ ਕ੍ਰਾਂਤੀ’ ਇਕ ਅਜਿਹੀ ਹੀ ਭਵਿੱਖ-ਦਰਸ਼ੀ ਪੁਸਤਕ ਹੈ।
ਇਕ ਦਿਨ ਪਹਿਲਾਂ ਹੋਏ ਇਸ ਅੰਤਲੇ ਸੰਪਰਕ ਸਮੇਂ ਉਹਨਾਂ ਨੇ ਆਪਣੀ ਜਿਸ ਪੁਸਤਕ ਦੀ ਜਾਣਕਾਰੀ ਦਿੱਤੀ, ਉਹ ਵੀ ਵਿਗਿਆਨ ਬਾਰੇ ਹੈ। ਉਹਨਾਂ ਨੇ ਦੱਸਿਆ ਕਿ ਪੀਪਲਜ਼ ਫੋਰਮ, ਬਰਗਾੜੀ ਦੀ ਛਾਪੀ ਪੁਸਤਕ ‘ਨਵਾਂ ਵਿਗਿਆਨ: ਵਰਤਮਾਨ ਤੇ ਭਵਿੱਖ’ ਅੱਜ-ਭਲਕ ਆਉਣ ਵਾਲ਼ੀ ਹੈ। ਨਿਰਛਲਤਾ ਤੇ ਸਾਫ਼ਦਿਲੀ ਦੇਖੋ, ਗੱਲਾਂ ਵਿਚ ਕਹਿੰਦੇ, ‘‘ਓ ਭਰਾ, ਇਹ ਕਿਤਾਬ ਐਸੇ ਬੰਦੇ ਨੂੰ ਸਮਰਪਿਤ ਕੀਤੀ ਹੈ ਜੀਹਦੇ ਨਾਲ ਮੇਰਾ ਪਿਆਰ ਨਾਲੋਂ ਤਕਰਾਰ ਬਹੁਤਾ ਰਿਹਾ ਪਰ ਯਾਰ ਇਕ ਤਾਂ ਉਹ ਬੰਦਾ ਬਿਲਕੁਲ ਹੇਠੋਂ ਸਿਰਫ਼ ਤੇ ਸਿਰਫ਼ ਆਬਦੀ ਮਿਹਨਤ ਦੇ ਸਹਾਰੇ ਏਨਾ ਉੱਚਾ ਉੱਠਿਆ ਤੇ, ਦੂਜੇ, ਓਸ ਬੰਦੇ ਦਾ ਕੰਮ ਬਹੁਤ ਐ ਤੇ ਮੇਰੇ ਦਿਲ ਵਿਚ ਉਹਦੇ ਕੰਮ ਦੀ ਬੜੀ ਕਦਰ ਐ।’’ ਮੈਂ ਨਾਂ ਪੁੱਛਿਆ ਤਾਂ ਹੱਸ ਪਏ, ‘‘ਆਪੇ ਦੇਖ ਲਈਂ ਛਪੀ ਤੋਂ। ਭੇਜੂੰਗਾ ਤੈਨੂੰ।’’ ਮੈਂ ਕਿਹਾ, ‘‘ਆਰਸੀ ਵਾਲਾ ਰਣਜੀਤ ਵੀ ਦਸਦਾ ਸੀ ਕਿ ਉਹ ਵਿਗਿਆਨ ਬਾਰੇ ਤੁਹਾਡੀ ਇਕ ਪੁਸਤਕ ਛਾਪ ਰਿਹਾ ਹੈ।’’ ਕਹਿੰਦੇ, ‘‘ਓ ਆਹੋ, ਉਹ ਵੀ ਛਾਪ ਰਿਹਾ ਹੈ, ‘ਵਿਗਿਆਨ ਦੀ ਆਰਸੀ’। ਵਿਗਿਆਨ ਬਾਰੇ ਜਾਣਕਾਰੀ ਦੇ ਇਕਵੰਜਾ ਲੇਖ ਨੇ ਜਿਹੜੇ ਆਮ ਬੰਦੇ ਦੀ ਸਮਝ ਵਿਚ ਆ ਜਾਣ।’’
ਉਹਨਾਂ ਦੀਆਂ ਦਿਲਚਸਪੀਆਂ ਤੇ ਰੁਚੀਆਂ ਏਨੀਆਂ ਬਹੁਭਾਂਤੀ ਸਨ ਕਿ ਹੈਰਾਨ ਕਰ ਦਿੰਦੀਆਂ ਸਨ। 2016 ਦੀ ਗੱਲ ਹੈ, ਉਹਨਾਂ ਦਾ ਫੋਨ ਆਇਆ, ‘‘ਆਰਸੀ ਵਾਲਾ ਮੁੰਡਾ ਮੇਰੀ ਕਿਤਾਬ ਦੇ ਪਰੂਫ਼ ਭੇਜੂ। ਮੂਹਰੇ ਦੋ ਕੁ ਸਫ਼ੇ ਲਿਖ ਦੇਣੇ।’’ ਮੈਂ ਹੱਸਿਆ, ‘‘ਪਟਿਆਲੇ ਬੈਠੇ ਹੋਂ, ਕਿਸੇ ਸਿਆਣੇ ਤੋਂ ਲਿਖਾਉ।’’ ਉਹਨਾਂ ਨੇ ਮੇਰੀ ਗੱਲ ਟੁੱਕੀ, ‘‘ਓ ਭਰਾ, ਮੈਨੂੰ ਇਹੋ ਜਿਹਾ ਬਹੁਤਾ ਸਿਆਣਾ ਬੰਦਾ ਨਹੀਂ ਚਾਹੀਦਾ, ਬੱਸ ਛੇਤੀ ਲਿਖ ਕੇ ਭੇਜ ਦਿਉ ਉਹਨੂੰ।’’ ਪਰੂਫ਼ ਆਏ ਤਾਂ ਪੁਸਤਕ ਦਾ ਨਾਂ ਸੀ, ‘ਸਿਰਮੌਰ ਪੰਜਾਬੀ’ ਤੇ ਉਸ ਵਿਚ ਉਹਨਾਂ ਨੇ, ਇਕ ਤੋਂ ਇਕ ਵੱਧ ਮੁੱਲਵਾਨ, ਵੀਹ ਮੋਤੀਆਂ ਦੀ ਮਾਲ਼ਾ ਪਰੋਈ ਹੋਈ ਸੀ। ਪੁਸਤਕ ਦੇ ਨਾਇਕਾਂ ਦੇ ਜੀਵਨ-ਮਾਰਗ ਤੇ ਕਾਰਜ-ਖੇਤਰ ਵੀ ਹੈਰਾਨ ਕਰਨ ਜਿੰਨੇ ਵੰਨਸੁਵੰਨੇ ਸਨ — ਇਕ ਮਾਨਵ-ਸੇਵੀ, ਇਕ ਮਨੁੱਖੀ ਅਧਿਕਾਰਾਂ ਦਾ ਰਾਖਾ, ਦੋ ਅਰਥ-ਸ਼ਾਸਤਰੀ, ਤਿੰਨ ਲੇਖਕ, ਇਕ ਨਾਟ-ਮੋਢੀ, ਦੋ ਪੱਤਰਕਾਰ, ਇਕ ਗਾਇਕ, ਇਕ ਚੌਲ-ਵਿਗਿਆਨੀ, ਇਕ ਤਕਨੀਕੀ ਕਾਢਕਾਰ, ਇਕ ਅਕਾਦਮਿਕ ਵਿਗਿਆਨੀ, ਇਕ ਦਵਾਸਾਜ਼ ਵਿਗਿਆਨੀ ਅਤੇ ਪੰਜ ਹੋਰ ਵੱਖ-ਵੱਖ ਵਿਗਿਆਨਕ ਖੇਤਰਾਂ ਦੇ ਮਾਹਿਰ।
ਇਹਨਾਂ ਵਿਚੋਂ ਕਈ ਹਸਤੀਆਂ ਦਾ, ਖਾਸ ਕਰ ਕੇ ਵਿਗਿਆਨੀਆਂ ਦਾ ਮੈਂ ਨਾਂ ਤਾਂ ਸੁਣਿਆ ਹੋਇਆ ਸੀ, ਪਰ ਉਹਨਾਂ ਦੇ ਕੰਮ ਦੇ ਆਕਾਰ-ਪ੍ਰਕਾਰ ਤੇ ਮਹੱਤਵ ਬਾਰੇ ਮੈਂ ਅਨਜਾਣ ਸੀ। ਉਹਨਾਂ ਦੀ ਕਰਨੀ ਪੜ੍ਹ ਕੇ ਉਹਨਾਂ ਅੱਗੇ ਤੇ ਉਹਨਾਂ ਦੀ ਭਰਪੂਰ ਜਾਣ-ਪਛਾਣ ਕਰਵਾਉਣ ਵਾਲੇ ਕੁਲਦੀਪ ਸਿੰਘ ਧੀਰ ਅੱਗੇ ਮੇਰਾ ਮਸਤਕ ਨਿਉਂ ਗਿਆ। ਮਿਸਾਲ ਵਜੋਂ, ਹਰਗੋਬਿੰਦ ਖੁਰਾਣਾ ਜੋ ਇੰਗਲੈਂਡ ਤੋਂ ਡਾਕਟਰੇਟ ਕਰ ਕੇ ਨੌਕਰੀ ਲੱਭਣ ਆਇਆ ਤਾਂ ਪੰਜਾਬ ਯੂਨੀਵਰਸਿਟੀ ਨੇ ਰੱਦ ਕਰ ਕੇ ਬਰੰਗ ਮੋੜ ਦਿੱਤਾ। ਉਹਨੂੰ ਪਰ ਇਹ ‘ਕੁੱਬੇ ਦੇ ਲੱਤ’ ਅਜਿਹੀ ਰਾਸ ਆਈ ਕਿ ਉਹ ਬਦੇਸੀ ਯੂਨੀਵਰਸਿਟੀਆਂ ਦੇ ਸਵਾਗਤੀ ਮਾਹੌਲ ਵਿਚ ਖੋਜ ਕਰ ਕੇ ਮੈਡੀਸਨ ਦਾ ਨੋਬਲ-ਪੁਰਸਕਾਰ ਜਿੱਤ ਸਕਿਆ। ਇਸੇ ਤਰ੍ਹਾਂ ਦਾ ਵੱਡਾ ਭੌਤਿਕ-ਵਿਗਿਆਨੀ ਸੀ ਨਿਰੰਤਰ ਖੋਜ ਦੇ ਸਹਾਰੇ ਆਪਣੀਆਂ ਕਾਢਾਂ ਦੇ ਸੌ ਤੋਂ ਵੱਧ ਪੇਟੈਂਟ ਹਾਸਲ ਕਰਨ ਵਾਲਾ ਨਰਿੰਦਰ ਸਿੰਘ ਕਪਾਨੀ ਜਿਸ ਨੂੰ ਨੋਬਲ ਪੁਰਸਕਾਰ ਤੋਂ ਨਿਹੱਕ ਵਿਰਵਾ ਰੱਖੇ ਜਾਣ ਦੀ ਏਨੀ ਜ਼ੋਰਦਾਰ ਚਰਚਾ ਛਿੜੀ ਕਿ ਉਹਨੂੰ ਨੋਬਲ-ਵਿਜੈਤਾ ਜਿੰਨਾ ਹੀ ਬੁਲੰਦ ਇਕਬਾਲ ਹਾਸਲ ਹੋ ਗਿਆ।
ਪੁਸਤਕ ‘ਸਿਰਮੌਰ ਪੰਜਾਬੀ’ ਦੇ ਆਪਣੇ ਮੁੱਖ-ਸ਼ਬਦਾਂ ਨੂੰ ਮੈਂ ਸਿਰਲੇਖ ਦਿੱਤਾ, ‘ਸੁਹਣੀ ਭਾਸ਼ਾ, ਸੁਹਣੇ ਵਿਚਾਰ!’ ਉਹਨਾਂ ਦੇ ਵਿਚਾਰ ਸਿੱਧੇ ਪਾਠਕ ਦੇ ਮਨ ਵਿਚ ਪਹੁੰਚਣ ਵਾਲੇ ਹੁੰਦੇ ਤੇ ਭਾਸ਼ਾ ਸਰਲ, ਸਹਿਜ ਤੇ ਸੁਹਣੀ ਹੁੰਦੀ। ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ਅਮਰੀਕਾ ਜਾ ਵਸੇ ਲੇਖਕ ਜਗਜੀਤ ਬਰਾੜ ਦਾ ਇਥੇ ਹੁੰਦਿਆਂ ਲਿਖਿਆ ਤੇ ਕਾਫ਼ੀ ਚਰਚਿਤ ਹੋਇਆ ਨਾਵਲ ‘ਧੁੱਪ ਦਰਿਆ ਦੀ ਦੋਸਤੀ’ ਪਿਛਲੇ ਦਿਨੀਂ ਦੁਬਾਰਾ ਛਪਿਆ। ਮੈਂ ਕੁਲਦੀਪ ਸਿੰਘ ਧੀਰ ਨੂੰ ਨਾਵਲ ਭੇਜ ਕੇ ਕਿਹਾ ਕਿ ਲੇਖਕ ਤਾਂ ਪਰਦੇਸ ਬੈਠਾ ਹੈ, ਕਿਤੇ ਇਹਦੀ ਜਾਣਕਾਰੀ ਪਾਠਕਾਂ ਨੂੰ ਦੇ ਦਿਉ। ਉਹਨਾਂ ਨੇ ਦੱਸਿਆ ਕਿ ਨਾਵਲ ਪਹਿਲੀ ਵਾਰ ਛਪਣ ਸਮੇਂ ਪੜ੍ਹਿਆ ਸੀ ਤੇ ਉਹਨਾਂ ਨੂੰ ਬਹੁਤ ਚੰਗਾ ਲਗਿਆ ਸੀ। ਉਹਨਾਂ ਨੇ ਹੁਣ ਦੁਬਾਰਾ ਪੜ੍ਹ ਕੇ ਲਿਖਣ ਦਾ ਵਾਅਦਾ ਕੀਤਾ। ਉਹਨਾਂ ਦਾ ਕੀਤਾ ਰੀਵਿਊ ਮੈਂ ਜਗਜੀਤ ਨੂੰ ਭੇਜਿਆ ਤਾਂ ਉਹਨੇ ਕਿਹਾ ਕਿ ਰੀਵਿੳਕਾਰੂ ਨੇ ਨਾਵਲ ਦੀ ਅੰਤਰੀਵ ਭਾਵਨਾ ਨੂੰ ਬਾਖ਼ੂਬੀ ਸਮਝਿਆ ਤੇ ਪੇਸ਼ ਕੀਤਾ ਹੈ ਅਤੇ ਹੈਰਾਨ ਹੋ ਕੇ ਮੈਨੂੰ ਪੁੱਛਿਆ, ‘‘ਅਜੇ ਵੀ ਏਨੀ ਖ਼ੂਬਸੂਰਤ ਪੰਜਾਬੀ ਲਿਖਣ ਵਾਲੇ ਲੇਖਕ ਹੈਗੇ ਨੇ? ਕੌਣ ਹਨ ਇਹ ਧੀਰ ਸਾਹਿਬ?’’ ਮੈਂ ਇਹਨਾਂ ਦਾ ਫੋਨ ਨੰਬਰ ਤੇ ਈਮੇਲ ਪਤਾ ਭੇਜ ਕੇ ਦੋਵਾਂ ਦਾ ਮੇਲ ਕਰਵਾ ਦਿੱਤਾ।
ਮੈਂ ਕੁਲਦੀਪ ਸਿੰਘ ਧੀਰ ਦਾ ਚਿਰ-ਪੁਰਾਣਾ ਮਿੱਤਰ ਤੇ ਪਾਠਕ ਹਾਂ ਅਤੇ ਉਹਨਾਂ ਦਾ ਰਚਨਾ-ਕਾਰਜ ਲਗਾਤਾਰ ਮੇਰੇ ਨਜ਼ਰ-ਕਲਾਵੇ ਵਿਚ ਰਿਹਾ। ਇਸ ਦੇ ਬਾਵਜੂਦ ਉਹਨਾਂ ਦੀ ਪੂਰੀ ਪੁਸਤਕ-ਸੂਚੀ ਤੇ ਉਸ ਸੂਚੀ ਦੀ ਵੰਨਸੁਵੰਨਤਾ ਹੈਰਾਨ ਕਰ ਦਿੰਦੀ। ਉਹਨਾਂ ਦੀਆਂ ਪੁਸਤਕਾਂ ਦੀ ਗਿਣਤੀ ਉਹਨਾਂ ਦੀ ਉਮਰ ਦੇ ਸਾਲਾਂ ਤੋਂ ਅੱਗੇ ਲੰਘ ਗਈ ਸੀ ਤੇ ਉਹਨਾਂ ਵਿਚੋਂ 75 ਫ਼ੀਸਦੀ ਵਿਗਿਆਨ ਬਾਰੇ ਸਨ। ਧਰਮ, ਇਤਿਹਾਸ, ਕਲਮੀ ਚਿਤਰ, ਸਾਹਿਤਕ ਨਿਰਖ-ਪਰਖ, ਵਿਗਿਆਨ ਤੇ ਤਕਨਾਲੋਜੀ ਆਦਿ ਵਿਸ਼ੇ ਇਹਨਾਂ ਪੁਸਤਕਾਂ ਵਿਚ ਸਮੋਏ ਹੋਏ ਸਨ ਤੇ ਅੱਗੋਂ ਹਰ ਵਿਸ਼ੇ ਦੇ ਵੀ ਵੱਧ ਤੋਂ ਵੱਧ ਪੱਖ ਛੋਹੇ ਹੋਏ ਸਨ। ਏਨੀਆਂ ਪੁਸਤਕਾਂ ਲਿਖਣੀਆਂ, ਜਿਨ੍ਹਾਂ ਵਿਚੋਂ ਕਿਸੇ ਵਿਚ ਵੀ ਹਵਾ ਭਰ ਕੇ ਫੋਕੀ ਫੁਲਾਵਟ ਨਾ ਕੀਤੀ ਗਈ ਹੋਵੇ ਸਗੋਂ ਜੋ ਟਾਹਲੀ ਦੀ ਲਾਲੀ ਵਾਂਗ ਠੋਸ ਤੇ ਨਿੱਗਰ ਹੋਣ, ਕੋਈ ਕਲਮੀ ਖੇਡ ਜਾਂ ਚਤੁਰਾਈ ਨਹੀਂ, ਕਲਮੀ ਸਾਧਨਾ, ਸਮਰੱਥਾ, ਸਿਰੜ ਤੇ ਸਮਰਪਨ ਹੈ। ਉਹਨਾਂ ਦੀਆਂ ਸਾਹਿਤਕ ਨਿਰਖ-ਪਰਖ ਦੀਆਂ ਪੁਸਤਕਾਂ ਪੜ੍ਹ ਕੇ ਯਕੀਨ ਹੋ ਜਾਂਦਾ ਹੈ ਕਿ ਉਹ, ਮੇਰੇ ਪਹਿਲਾਂ ਕਹੇ ਵਾਂਗ, ਪੰਜਾਬੀ ਲਿਖਣ ਹੀ ਨਹੀਂ ਸਗੋਂ ਪੰਜਾਬੀ ਪੜ੍ਹਨ ਵੀ ਜਾਣਦੇ ਸਨ। ਕਿਸੇ ਰਚਨਾ ਦੀ ਪੁਣ-ਛਾਣ ਕਰਦਿਆਂ ਉਹ ਸ਼ਬਦਾਂ ਦੇ ਪਰਤੱਖ ਹੀ ਨਹੀਂ, ਗੁੱਝੇ ਅਰਥ ਹੰਘਾਲ ਕੇ ਵੀ ਪਾਠਕ ਸਾਹਮਣੇ ਪੇਸ਼ ਕਰ ਦਿੰਦੇ ਸਨ। ਕਲਮੀ ਘਾਲਣਾ ਲਈ ਉਹਨਾਂ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਪੰਜਾਬੀ ਲੇਖਕ ਸਨਮਾਨ ਤੇ ਪੰਜਾਬੀ ਸਾਹਿਤ ਅਕਾਦਮੀ ਨੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਭੇਟ ਕੀਤੇ। ਵਿਗਿਆਨ ਦੇ ਗਿਆਨ ਨੂੰ ਆਮ ਲੋਕਾਂ ਤੱਕ ਪੁਜਦਾ ਕਰਨ ਦੇ ਉੱਦਮ ਵਾਸਤੇ ਪੰਜਾਬ ਵਿਗਿਆਨ ਕਾਂਗਰਸ ਨੇ ਉਹਨਾਂ ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਗਿਆਨ-ਵਿਗਿਆਨ ਪੁਰਸਕਾਰ ਨਾਲ ਸਨਮਾਨਿਆ।
ਅਨੇਕ ਵਿਸ਼ਿਆਂ ਦੀ ਜਾਣਕਾਰੀ ਦੇ ਭੰਡਾਰ, ਅਣਥੱਕ ਕਲਮਕਾਰ ਤੇ ਭਲੇ ਮਨੁੱਖ ਡਾ. ਕੁਲਦੀਪ ਸਿੰਘ ਧੀਰ ਦਾ ਵਿਛੋੜਾ ਅਨੇਕ ਮਿੱਤਰ-ਪਿਆਰਿਆਂ ਲਈ ਨਿੱਜੀ ਅਤੇ ਸਾਹਿਤ ਸੰਸਾਰ ਲਈ ਸਮੂਹਿਕ ਘਾਟਾ ਹੈ।
ਸੰਪਰਕ: 011-42502364