ਹਾਰੂਨ ਖ਼ਾਲਿਦ
ਸੌ ਸਾਲ ਪਹਿਲਾਂ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆ ਸਕਦਾ ਕਿ ਅੰਮ੍ਰਿਤਸਰ ਤੇ ਲਾਹੌਰ ਦੋ ਵੱਖ ਵੱਖ ਮੁਲਕਾਂ ਵਿਚ ਹੋਣਗੇ; ਇਕ ਸ਼ਹਿਰ ਤੋਂ ਦੂਜੇ ਤੱਕ ਆਉਣ ਜਾਣ ’ਤੇ ਪਾਬੰਦੀਆਂ ਲੱਗ ਜਾਣਗੀਆਂ। ਦੋਵੇਂ ਸ਼ਹਿਰ ਜਨਮ ਤੋਂ ਇਕ ਦੂਜੇ ਨਾਲ ਜੁੜੇ ਹੋਏ ਹਨ, ਪਰ ਬਸਤੀਵਾਦ ਤੇ ਫ਼ਿਰਕਾਪ੍ਰਸਤੀ ਨੇ ਪੰਜਾਬ ਦੀ ਭੋਇੰ ਨੂੰ ਵੰਡਿਆ ਤੇ ਹੋਰ ਸੈਂਕੜੇ ਪਿੰਡਾਂ ਤੇ ਸ਼ਹਿਰਾਂ ਵਾਂਗ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਵੀ ਇਕ ਦੂਜੇ ਤੋਂ ਵਿਛੋੜ ਦਿੱਤਾ। ਇਸ ਦੇ ਬਾਵਜੂਦ ਯਾਦਾਂ ਦੀ ਲੜੀ ਤੋੜਿਆਂ ਵੀ ਨਹੀਂ ਟੁੱਟਦੀ।
ਅੰਮ੍ਰਿਤਸਰ ਦਾ ਜਨਮ ਲਾਹੌਰ ਵਿਚ ਹੋਇਆ, ਭਾਵ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ 1534 ਈਸਵੀ ਨੂੰ ਅੰਦਰੂਨ ਲਾਹੌਰ (ਪੁਰਾਣਾ ਲਾਹੌਰ ਸ਼ਹਿਰ, ਜਿਸ ਨੂੰ ਅੰਗਰੇਜ਼ੀ ਵਾਲੇ ‘ਵਾਲਡ ਸਿਟੀ’ ਭਾਵ ਲਾਹੌਰ ਦਾ ਵਿਸ਼ਾਲ ਦੀਵਾਰਾਂ ਤੇ ਦਰਵਾਜ਼ਿਆਂ ਵਾਲਾ ਹਿੱਸਾ, ਕਹਿੰਦੇ ਹਨ ਅਤੇ ਲਾਹੌਰ ਵਾਸੀ ਇਸ ਨੂੰ ਅੰਦਰੂਨ ਲਾਹੌਰ ਆਖਦੇ ਹਨ) ਵਿਚ ਜਨਮੇ ਸਨ। ਇਸ ਸ਼ਹਿਰ ਦੀਆਂ ਵਿੰਗ-ਵਲ਼ੇਵੇਂ ਖਾਂਦੀਆਂ ਗਲੀਆਂ ਦੇ ਇਕ ਘਰ ਵਿਚ ਉਨ੍ਹਾਂ ਦਾ ਜਨਮ ਹੋਇਆ। ਮਹੀਨਾ ਅੱਸੂ ਦਾ ਸੀ, ਜਿਹੜਾ ਗ੍ਰੈਗੋਰੀਅਨ ਕੈਲੰਡਰ ਵਿਚ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿਚ ਹੁੰਦਾ ਹੈ। ਮੌਨਸੂਨ ਦੇ ਮੀਂਹ ਪੂਰੇ ਜ਼ੋਰ ਨਾਲ ਵਰ੍ਹ ਹਟੇ ਸਨ, ਲੂੰਹਦੀ ਗਰਮੀ ਨੂੰ ਮਾਤ ਦਿੱਤੀ ਜਾ ਚੁੱਕੀ ਸੀ, ਸਰਦੀਆਂ ਹਾਲੇ ਆਉਣੀਆਂ ਸਨ। ਦਿਨ ਤੇ ਰਾਤ, ਗਰਮੀ ਤੇ ਸਰਦੀ ਵਿਚ ਪੂਰਾ ਸਮਤੋਲ ਸੀ।
ਉਨ੍ਹਾਂ ਦਾ ਜਨਮ ਸੋਢੀ ਖੱਤਰੀ ਪਰਿਵਾਰ ਵਿਚ ਹੋਇਆ, ਇਕ ਅਜਿਹਾ ਪਰਿਵਾਰ ਜਿਸ ਨੇ ਨਾ ਸਿਰਫ਼ ਇਸ ਸੰਸਾਰ ਉੱਤੇ ਸਗੋਂ ਮੀਰੀ ਤੇ ਪੀਰੀ ਦੀ ਉਚੇਰੀ ਦੁਨੀਆਂ ਉੱਤੇ ਵੀ ਰਾਜ ਕਰਨਾ ਸੀ ਜਿਵੇਂ ਛੇਵੇਂ ਸਿੱਖ ਗੁਰੂ ਹਰਿਗੋਬਿੰਦ ਜੀ ਨੇ ਜ਼ਾਹਰ ਕੀਤਾ। ਚੌਥੇ ਗੁਰੂ ਸਾਹਿਬ ਸੱਤ ਸਾਲਾਂ ਦੀ ਉਮਰ ਤੱਕ ਲਾਹੌਰ ਵਿਚ ਰਹੇ ਤੇ ਫਿਰ ਗੁਰੂ ਸਾਹਿਬ ਦੇ ਮਾਪੇ- ਪਿਤਾ ਹਰੀ ਦਾਸ ਤੇ ਮਾਤਾ ਦਇਆ ਜੀ ਚਲਾਣਾ ਕਰ ਗਏ। ਗੁਰੂ ਸਾਹਿਬ ਦਾ ਬਚਪਨ ਦਾ ਨਾਂ ਜੇਠਾ ਸੀ ਜਿਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਦਾਦੀ ਨੇ ਇਕ ਛੋਟੇ ਜਿਹੇ ਪਿੰਡ ਵਿਚ ਕੀਤਾ। ਉੱਥੇ ਉਨ੍ਹਾਂ ਦਾ ਮੇਲ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਨਾਲ ਹੋਇਆ ਤੇ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਗਏ। ਅਖ਼ੀਰ ਭਾਈ ਜੇਠਾ ਜੀ ਉਦੋਂ ਗੁਰੂ ਪਰਿਵਾਰ ਦਾ ਹਿੱਸਾ ਬਣ ਗਏ, ਜਦੋਂ ਗੁਰੂ ਜੀ ਦੀ ਧੀ ਬੀਬੀ ਭਾਨੀ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਰਧਾ ਤੇ ਸਮਰਪਣ ਦੇਖ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ। ਇੰਝ ਭਾਈ ਜੇਠਾ ਜੀ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਬਣ ਗਏ ਜਿਨ੍ਹਾਂ ਰਾਮਦਾਸਪੁਰ ਨਗਰ ਦੀ ਸਥਾਪਨਾ ਕੀਤੀ ਜੋ ਬਾਅਦ ਵਿਚ ਅੰਮ੍ਰਿਤਸਰ ਸਦਵਾਇਆ।
ਅੰਦਰੂਨ ਲਾਹੌਰ ਸ਼ਹਿਰ ਵਿਚ ਕਸ਼ਮੀਰੀ ਗੇਟ ਦੇ ਨਜ਼ਦੀਕ ਇਕ ਥਾਂ ਹੈ ਚੂਨਾ ਮੰਡੀ। ਇੱਥੇ ਚੌਥੇ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਉੱਤੇ ਗੁਰਦੁਆਰਾ ਸਾਹਿਬ ਉਸਰਿਆ ਹੋਇਆ ਹੈ। ਕੁਝ ਸਾਲ ਪਹਿਲਾਂ ਤੱਕ ਇਹ ਗੁਰੂਘਰ ਵੀ ਪਾਕਿਸਤਾਨ ਵਿਚਲੇ ਬਹੁਤੇ ਗੁਰਦੁਆਰਾ ਸਾਹਿਬਾਨ ਵਾਂਗ ਖ਼ਸਤਾਹਾਲ ਸੀ, ਪਰ ਹੁਣ ਮੁਲਕ ਦੀ ਹਕੂਮਤ ਨੇ ਕਾਫ਼ੀ ਹੋਰ ਗੁਰੂਘਰਾਂ ਦੇ ਨਾਲ ਹੀ ਇਸ ਦਾ ਵੀ ਨਵੀਨੀਕਰਨ ਕਰਵਾ ਕੇ ਇਸ ਨੂੰ ਸਿੱਖ ਸੰਗਤਾਂ ਲਈ ਖੋਲ੍ਹ ਦਿੱਤਾ ਹੈ।
ਦੂਜੇ ਪਾਸੇ ਲਾਹੌਰ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ। ਅਸਲ ਵਿਚ ਸ਼ਹਿਰ ਤੋਂ ਲਹਿੰਦੇ ਵੱਲ 11 ਕਿਲੋਮੀਟਰ ਦੀ ਵਿੱਥ ਉੱਤੇ। ਇਹ ਅਸਲ ਵਿਚ ਦੋ ਜੌੜੇ ਸ਼ਹਿਰ ਸਨ, ਦੂਜਾ ਸੀ ਕਸੂਰ, ਜਿਹੜਾ ਇਸ ਦੇ ਨਾਲ ਹੀ ਜੰਮਿਆ। ਲਾਹੌਰ ਦੇ ਜਨਮ ਦੀ ਸਹੀ ਤਾਰੀਖ਼ ਜਾਂ ਮੌਸਮ ਜਾਂ ਸਾਲ ਦੱਸ ਸਕਣਾ ਨਾਮੁਮਕਿਨ ਹੈ। ਲਾਹੌਰ ਦਾ ਜਨਮ ਉਸ ਵਕਤ ਹੋਇਆ, ਜਦੋਂ ਵਕਤ ਦੀ ਹੀ ਹੋਂਦ ਨਹੀਂ ਸੀ। ਨਾ ਕੋਈ ਇਤਿਹਾਸ ਜਾਂ ਕਾਲਕ੍ਰਮ (chronology) ਸੀ, ਜੇ ਕੁਝ ਸੀ ਤਾਂ ਸਿਰਫ਼ ਮਿਥਿਹਾਸ ਦੀ ਘੁੰਮਣਘੇਰੀ। ਇਹ ਲੋਕਾਂ ਦਾ ਨਹੀਂ, ਕਿਰਦਾਰਾਂ ਦਾ ਸਮਾਂ ਸੀ। ਨੇਕੀ ਸੀ ਜਾਂ ਬਦੀ, ਵਿੱਚ-ਵਿਚਾਲੇ ਕੁਝ ਨਹੀਂ। ਇਤਿਹਾਸ ਦੀ ਤਾਂ ਉਦੋਂ ਹਾਲੇ ਕਲਪਨਾ ਹੀ ਕੀਤੀ ਜਾਣੀ ਸੀ, ਜਦੋਂ ਲਾਹੌਰ ਦੇ ਮੋਢੀ ਦਾ ਜਨਮ ਭਗਵਾਨ ਵਾਲਮੀਕਿ ਦੇ ਆਸ਼ਰਮ ਵਿਚ ਹੋਇਆ ਜੋ ਉਸ ਵਕਤ ਦੇ ਮਹਾਨ ਰਿਸ਼ੀ ਸਨ। ਜਦੋਂ ਮਾਤਾ ਸੀਤਾ ਦੇ ਪੁੱਤਰਾਂ ਲਵ ਤੇ ਕੁਸ਼ ਦੀਆਂ ਕਿਲਕਾਰੀਆਂ ਪਹਿਲੀ ਵਾਰ ਭਗਵਾਨ ਵਾਲਮੀਕਿ ਦੇ ਆਸ਼ਰਮ ਵਿਚ ਗੂੰਜੀਆਂ ਤਾਂ ਉਹ ਇਕ ਮਹਾਨਤਮ ਗ੍ਰੰਥ ਦੀ ਰਚਨਾ ਕਰ ਰਹੇ ਸਨ। ਇਹ ਲਵ-ਕੁਸ਼ ਦੇ ਪਿਤਾ ਭਗਵਾਨ ਰਾਮ ਦੀ ਕਹਾਣੀ ਸੀ ਜਿਸ ਨੂੰ ਆਦਿ ਕਵੀ ਭਗਵਾਨ ਵਾਲਮੀਕਿ ਲਿਖ ਰਹੇ ਸਨ।
ਉਨ੍ਹਾਂ ਦੀ ਮਾਤਾ ਸੀਤਾ ਨੇ ਭਗਵਾਨ ਵਾਲਮੀਕਿ ਦੇ ਆਰਸ਼ਮ ਵਿਚ ਸ਼ਰਨ ਲਈ ਸੀ ਕਿਉਂਕਿ ਉਨ੍ਹਾਂ ਨੂੰ ਰਾਵਣ ਦੀ ਲੰਕਾ ਵਿਚੋਂ ਵਾਪਸੀ ਤੋਂ ਬਾਅਦ ਅਯੁੱਧਿਆ ਵਿਚੋਂ ਕੱਢ ਦਿੱਤਾ ਗਿਆ ਸੀ। ਇਹ ਰਾਮਾਇਣ ਦੀ ਕਹਾਣੀ ਹੈ ਅਤੇ ਲਾਹੌਰ ਦਾ ਜਨਮ ਰਾਮਾਇਣ ਦੇ ਨਾਲ ਹੀ ਹੋਇਆ ਕਿਉਂਕਿ ਲਵ ਨੇ ਇਕ ਸ਼ਹਿਰ ਲਵਪੁਰ ਵਸਾਇਆ ਜਿਸ ਦਾ ਨਾਂ ਬਾਅਦ ਵਿਚ ਲਾਹੌਰ ਪੈ ਗਿਆ। ਇਸੇ ਤਰ੍ਹਾਂ ਕੁਸ਼ ਨੇ ਕਸੂਰ ਸ਼ਹਿਰ ਵਸਾਇਆ। ਅੱਜ ਅੰਮ੍ਰਿਤਸਰ ਤੋਂ 11 ਕਿਲੋਮੀਟਰ ਦੇ ਫ਼ਾਸਲੇ ’ਤੇ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ਹੀ ਉਹ ਥਾਂ ਹੈ, ਜਿੱਥੇ ਉਹ ਆਸ਼ਰਮ ਸਥਿਤ ਸੀ ਜਿੱਥੇ ਲਵ ਤੇ ਕੁਸ਼ ਦਾ ਜਨਮ ਹੋਇਆ। ਇਸ ਤਰ੍ਹਾਂ ਇਹ ਤਿੰਨੋਂ ਸ਼ਹਿਰ ਆਪਣੇ ਜਨਮ ਤੋਂ ਹੀ ਇਕ-ਦੂਜੇ ਨਾਲ ਇਕ ਤਿਕੋਣੇ ਰਿਸ਼ਤੇ ਵਿਚ ਬੱਝ ਗਏ। ਮੌਜੂਦਾ ਲਾਹੌਰ ਵਿਚ, ਦਰਿਆ ਰਾਵੀ ਦੇ ਲਾਗੇ ਜੋ ਸ਼ਹਿਰ ਦੀ ਸਭ ਤੋਂ ਉੱਚੀ ਥਾਂ ਭਾਵ ਟਿੱਲਾ ਹੈ, ਉੱਥੇ ਹੀ ਪਹਿਲੀ ਸੱਭਿਅਤਾ ਵਿਕਸਿਤ ਹੋਣ ਦੇ ਸੰਕੇਤ ਮਿਲਦੇ ਹਨ, ਜਿੱਥੇ ਲਵਪੁਰ ਦੇ ਸ਼ੁਰੂਆਤੀ ਨਿਸ਼ਾਨ ਹਨ। ਉੱਥੇ ਸ਼ਹਿਰ ਦੇ ਬਾਨੀ ਨੂੰ ਸਮਰਪਿਤ ਇਕ ਛੋਟਾ ਜਿਹਾ ਮੰਦਰ ਬਣਿਆ ਹੈ। ਲਾਹੌਰ ਕਿਲ੍ਹੇ ਦੇ ਅੰਦਰ ਵੀ ਆਲਮਗੀਰੀ ਦਰਵਾਜ਼ੇ ਨੇੜੇ ਲਵ ਦੇ ਮੰਦਰ ਦੇ ਖੰਡਰ ਮੌਜੂਦ ਹਨ।
ਕਿੰਨਾ ਅਜੀਬ ਹੈ ਕਿ ਇਹ ਦੋ ਸ਼ਹਿਰ ਜਿਨ੍ਹਾਂ ਦੀ ਮੁੱਢ-ਕਦੀਮੋਂ ਹੀ ਇੰਨੀ ਗੂੜ੍ਹੀ ਸਾਂਝ ਹੈ, ਨੂੰ ਸਰਹੱਦ ਰੂਪੀ ਕੰਧਾਂ ਨਾਲ ਇਕ-ਦੂਜੇ ਤੋਂ ਵਿਛੋੜ ਦਿੱਤਾ ਗਿਆ ਅਤੇ ਇਹ ਸਰਹੱਦਾਂ ਮਹਿਜ਼ ਧਰਤੀ ਤੇ ਲੋਕਾਂ ਨੂੰ ਹੀ ਨਹੀਂ ਵੰਡਦੀਆਂ ਸਗੋਂ ਇਨ੍ਹਾਂ ਨੇ ਮਿਥਿਹਾਸਾਂ, ਸਾਡੇ ਕਿੱਸੇ-ਕਹਾਣੀਆਂ, ਮਜ਼ਹਬਾਂ, ਤਹਿਜ਼ੀਬਾਂ, ਨਾਇਕਾਂ ਅਤੇ ਖਲਨਾਇਕਾਂ ਤੱਕ ਨੂੰ ਵੀ ਵੰਡ ਸੁੱਟਿਆ ਹੈ। ਇਨ੍ਹਾਂ ਵਿਚੋਂ ਲਾਹੌਰ ਅੱਜ ਪਾਕਿਸਤਾਨੀ ਕੌਮਪ੍ਰਸਤੀ (ਰਾਸ਼ਟਰਵਾਦ) ਦਾ ਸਿਖਰਲਾ ਪ੍ਰਤੀਕ ਹੈ- ਇਕ ਮੁਸਲਿਮ ਬਹੁਗਿਣਤੀ ਸ਼ਹਿਰ, ਲਾਹੌਰ ਮਤੇ ਵਾਲੀ ਥਾਂ ਜਿੱਥੇ ਮੁਸਲਿਮ ਲੀਗ ਨੇ ਪਹਿਲੀ ਵਾਰ ਮੁਸਲਮਾਨਾਂ ਲਈ ਵੱਖਰੇ ਮੁਲਕ ਦੀ ਮੰਗ ਕੀਤੀ ਸੀ। ਉਹ ਸ਼ਹਿਰ ਜਿੱਥੇ ਮੀਨਾਰ-ਏ-ਪਾਕਿਸਤਾਨ ਬੁਲੰਦੀਆਂ ਛੂਹ ਰਿਹਾ ਹੈ ਅਤੇ ਜੋ ਸ਼ਾਹਾਨਾ ਮੁਗ਼ਲ ਇਮਾਰਤਸਾਜ਼ੀ ਦਾ ਟਿਕਾਣਾ ਹੈ- ਖ਼ਾਸਕਰ ਲਾਹੌਰ ਕਿਲ੍ਹਾ, ਬਾਦਸ਼ਾਹੀ ਮਸਜਿਦ- ਇਕ ਅਜਿਹੀ ਰਵਾਇਤ ਜੋ ਅਣਵੰਡੇ ਹਿੰਦੋਸਤਾਨੀ ਬਰ-ਏ-ਸਗ਼ੀਰ ਵਿਚ ਮੁਸਲਿਮ ਤਹਿਜ਼ੀਬ ਦੀ ਬੁਲੰਦੀ ਦੀ ਨਿਸ਼ਾਨਦੇਹੀ ਕਰਦੀ ਹੈ। ਸ਼ਹਿਰ ਦੇ ਚੌਗ਼ਿਰਦੇ ਖਿੱਲਰੀਆਂ ਹੋਈਆਂ ਰਵਾਇਤਾਂ ਦੀ ਕੁਝ ਕੁ ਅਣਸੁਖਾਵੀਂ ਰਹਿੰਦ-ਖੂੰਹਦ ਤੋਂ ਇਲਾਵਾ, ਲਾਹੌਰ ਵਿਚ ਪਾਕਿਸਤਾਨ ਤੋਂ ਪੂਰਬਲੇ ਲਾਹੌਰ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਮਰ-ਮਿਟ ਜਾਣ ਦਿੱਤਾ ਗਿਆ ਹੈ। ਇਕ ਗੁਆਚੇ ਸ਼ਹਿਰ, ਗੁਆਚੇ ਹੋਏ ਜੁਗਰਾਫੀਏ, ਜੋ ਲਾਹੌਰ ਨੂੰ ਅੰਮ੍ਰਿਤਸਰ ਅਤੇ ਦਿੱਲੀ ਨਾਲ ਜੋੜਦਾ ਸੀ, ਨੂੰ ਭੁੱਲ ਜਾਣਾ ਕੋਈ ਔਖਾ ਨਹੀਂ ਸਗੋਂ ਸੌਖਾ ਸੀ ਅਤੇ ਇਸ ਤੋਂ ਵੀ ਵੱਧ ਇਸ ਗੱਲ ਨੂੰ ਹੱਲਾਸ਼ੇਰੀ ਦਿੱਤੀ ਗਈ। ਫਿਰ ਇਸ ਦੀ ਥਾਂ ਜਿਹੜਾ ਲਾਹੌਰ ਇਕ ਅਹਿਮ ਮਾਲੀ, ਸਿਆਸੀ ਅਤੇ ਤਹਿਜ਼ੀਬੀ ਕੇਂਦਰ ਵਜੋਂ ਉੱਭਰਿਆ ਹੈ, ਉਹ ਇਸ ਦੇ ਉਸ ਪੁਰਾਤਨ ਇਤਿਹਾਸਕ ਰਸਤੇ ਉੱਤੇ ਸਥਿਤ ਹੋਣ ਸਦਕਾ ਹੈ ਜਿਹੜਾ ਬੰਗਾਲ ਤੋਂ ਕਾਬੁਲ ਤੱਕ ਇਕ ਵਗਦੇ ਦਰਿਆ ਵਰਗਾ ਸੀ ਪਰ ਇਸ ਦਰਿਆ ਨੂੰ ਸਰਹੱਦ ਨੇ ਬੰਨ੍ਹ ਮਾਰ ਲਿਆ ਹੈ।
ਲਾਹੌਰ ਅੱਜ ਵੀ ਇਕ ਅਹਿਮ ਸ਼ਹਿਰ ਹੈ। ਸ਼ਾਇਦ ਪਹਿਲਾਂ ਇਹ ਕਦੇ ਵੀ ਇੰਨਾ ਅਹਿਮ ਨਹੀਂ ਸੀ, ਪਰ ਇਹ ਹੁਣ ਪਹਿਲਾਂ ਵਾਲਾ ਲਾਹੌਰ ਨਹੀਂ ਹੈ। ਇਸ ਦਾ ਮੌਜੂਦਾ ਜੁਗਰਾਫੀਆ ਅਤੇ ਟਿਕਾਣੇ ਇਸ ਦੇ ਬਦਲੇ ਰੁਤਬੇ ਦੇ ਭੱਦੇ ਗਵਾਹ ਹਨ। ਇਕ ਅਜਿਹਾ ਸ਼ਹਿਰ ਜੋ ਕਦੇ ਦੋਹੀਂ ਪਾਸੀਂ ਦੇਖਦਾ ਸੀ, ਅੱਜ ਉਸ ਨੇ ਪੂਰਬ ਵੱਲ ਪਿੱਠ ਕਰ ਲਈ ਹੈ ਅਤੇ ਇਹ ਨਿਰਾਸ਼ਾ ਦੇ ਆਲਮ ਵਿਚ ਪੱਛਮ ਵੱਲ ਦੇਖ ਰਿਹਾ ਹੈ, ਇਸਲਾਮਾਬਾਦ ਵੱਲ, ਕਾਬੁਲ ਵੱਲ ਤੇ ਉਸ ਤੋਂ ਵੀ ਅਗਾਂਹ ਤੱਕ, ਕਿਉਂਕਿ ਇਸ ਨੂੰ ਇਕ ਨਵੀਂ ਪਛਾਣ ਦੀ ਤਲਾਸ਼ ਹੈ, ਇਸ ਨੂੰ ਆਪਣੇ ਨਵੇਂ ਅਵਤਾਰ ਦੀ ਭਾਲ਼ ਹੈ।
ਅੰਮ੍ਰਿਤਸਰ ਦੀ ਕਹਾਣੀ ਵੀ ਇਸ ਤੋਂ ਬਹੁਤੀ ਵੱਖਰੀ ਨਹੀਂ। ਇਸ ਦਾ ਆਪਣੇ ਜਨਮ ਵੇਲੇ ਹੀ ਲਾਹੌਰ ਨਾਲ ਰਿਸ਼ਤਾ ਜੁੜ ਗਿਆ ਸੀ। ਦੋਵਾਂ ਦਾ ਇਹ ਰਿਸ਼ਤਾ ਕਈ ਸਦੀਆਂ ਤੱਕ ਕਾਇਮ ਰਿਹਾ। ਇਹ ਇਕ ਅਜਿਹਾ ਜੋੜ ਸੀ, ਜਿਸ ਨੂੰ ਭਗਵਾਨ ਵਾਲਮੀਕਿ ਨੇ ਪਵਿੱਤਰਤਾ ਬਖ਼ਸ਼ੀ, ਰਾਮਾਇਣ ਜਿਸ ਦੀ ਗਵਾਹ ਸੀ, ਨਾਲ ਹੀ ਇਸ ਨੂੰ ਗੁਰੂਆਂ ਦੇ ਸ਼ਬਦਾਂ ਨੇ ਤੇ ਸਾਈਂ ਮੀਆਂ ਮੀਰ ਵਰਗੇ ਸੂਫ਼ੀ ਫ਼ਕੀਰਾਂ ਨੇ ਵੀ ਪਾਕ-ਪਵਿੱਤਰ ਕੀਤਾ ਸੀ। ਇਕ ਅਜਿਹਾ ਜੋੜ, ਜਿਸ ਵਿਚ ਲਾਹੌਰ ਨੇ ਕੁਝ ਹੋਰ ਖ਼ਾਸ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ ਤੇ ਅੰਮ੍ਰਿਤਸਰ ਨੇ ਕੁਝ ਹੋਰ। ਇਸ ਤਰ੍ਹਾਂ 1799 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਤਾਂ ਉਹ ਅਸਰਦਾਰ ਢੰਗ ਨਾਲ ਪੰਜਾਬ ਦੇ ਹਾਕਮ ਬਣ ਗਏ ਕਿਉਂਕਿ ਸਿਆਸੀ ਤਾਕਤ ਦਾ ਪ੍ਰਤੀਕ ਲਾਹੌਰ ਉਨ੍ਹਾਂ ਦੇ ਕਬਜ਼ੇ ਵਿਚ ਸੀ। ਪਰ ਅਧਿਆਤਮਕ ਪ੍ਰਤੀਕ ਅੰਮ੍ਰਿਤਸਰ ਦੇ ਆਸ਼ੀਰਵਾਦ ਤੋਂ ਬਿਨਾਂ ਉਹ ਖ਼ੁਦ ਨੂੰ ਮਹਾਰਾਜਾ ਨਹੀਂ ਸਨ ਅਖਵਾ ਸਕਦੇ। ਇਕ ਸ਼ਹਿਰ ਉੱਤੇ ਕਬਜ਼ਾ, ਦੂਜੇ ਬਿਨਾਂ ਅਧੂਰਾ ਸੀ। ਲਾਹੌਰ ਕੋਲ ਅਤੀਤ ਸੀ ਜਦੋਂਕਿ ਅੰਮ੍ਰਿਤਸਰ ਭਵਿੱਖ। ਲਾਹੌਰ ਸ਼ਾਹੀ ਸੀ ਜਦੋਂਕਿ ਅੰਮ੍ਰਿਤਸਰ ਪਵਿੱਤਰ ਸੀ। ਜੇ ਲਾਹੌਰ ਮੀਰੀ ਸੀ ਤਾਂ ਅੰਮ੍ਰਿਤਸਰ ਪੀਰੀ ਸੀ। ਦੋਵਾਂ ਦੀ ਹੋਂਦ ਵੱਖੋ-ਵੱਖ ਨਹੀਂ ਸਗੋਂ ਇਕ ਸੀ। ਉਹ ਇਕ-ਦੂਜੇ ਦਾ ਹੀ ਵਿਸਤਾਰ ਸਨ ਤੇ ਇਕ-ਦੂਜੇ ਬਿਨਾਂ ਅਧੂਰੇ। ਜਿਵੇਂ ਆਖਦੇ ਹਨ ਕਿ ਦੋ ਸਰੀਰ, ਇਕ ਰੂਹ।
ਇਨ੍ਹਾਂ ਦਾ ਤੋੜ-ਵਿਛੋੜਾ ਅਚਨਚੇਤੀ ਸੀ ਜਿਸ ਨਾਲ ਤਕਰੀਬਨ 400 ਸਾਲਾਂ ਦੇ ਜੋੜ ਸਦਕਾ ਪੈਦਾ ਹੋਇਆ ਆਪਸੀ ਲਗਾਉ ਤੇ ਸਹਾਰਾ ਖ਼ਤਮ ਹੋ ਗਿਆ। ਤੋੜ ਦਿੱਤੀ ਗਈ ਤੜੱਕ ਕਰ ਕੇ। ਇਕਦਮ ਸਾਰੇ ਰਿਸ਼ਤੇ ਖ਼ਤਮ। ਇਸ ਦੇ ਬਾਵਜੂਦ ਲਾਹੌਰ ਦੀਆਂ ਯਾਦਾਂ ਅੰਮ੍ਰਿਤਸਰ ਨੂੰ ਸਤਾਉਂਦੀਆਂ ਹਨ। ਇਹ ਅਜਿਹਾ ਰਿਸ਼ਤਾ ਸੀ ਜਿਸ ਨੂੰ ਅੰਮ੍ਰਿਤਸਰ ਕਦੇ ਦਿੱਲੀ ਵਿਚੋਂ ਤਲਾਸ਼ਦਾ ਹੈ ਤੇ ਕਦੇ ਚੰਡੀਗੜ੍ਹ ਵਿਚੋਂ। ਇਹ ਅਜਿਹਾ ਬੁਨਿਆਦੀ ਰਿਸ਼ਤਾ ਸੀ ਜਿਹੜਾ ਇਸ ਦੇ ਮਗਰਲੇ ਰਿਸ਼ਤਿਆਂ ਉੱਤੇ ਵੀ ਅਸਰ ਪਾਉਂਦਾ ਹੈ। ਇਸ ਦੇ ਅਚੇਤ ਵਿਚ ਵੱਸੀ ਹੋਈ ਤੋੜ-ਵਿਛੋੜੇ ਦੀ ਯਾਦ ਇਸ ਦਾ ਕਾਲ਼ਜਾ ਸੱਲ੍ਹਦੀ ਹੈ ਜੋ ਇਸ ਨੂੰ ਨਾ ਤਾਂ ਪੂਰੀ ਤਰ੍ਹਾਂ ਆਪੇ ਦੀ ਪਛਾਣ ਕਰਨ ਦਿੰਦੀ ਹੈ ਤੇ ਨਾ ਹੀ ਪੂਰੀ ਤਰ੍ਹਾਂ ਸਵੈ-ਪ੍ਰਗਟਾਵਾ ਕਰਨ ਦਿੰਦੀ ਹੈ।
ਜਦੋਂ ਹਾਲੇ ਮੁਲਕ ਦੀ ਵੰਡ ਨਹੀਂ ਸੀ ਹੋਈ, ਜਦੋਂ ਹਾਲੇ ਦੰਗੇ ਤੇ ਵਿਆਪਕ ਉਜਾੜਾ ਅਤੇ ਹਿਜਰਤ ਨਹੀਂ ਸੀ ਹੋਈ। ਧਾਰਮਿਕ ਕੌਮਪ੍ਰਸਤੀ ਉਪਜਣ ਅਤੇ ਪੰਜਾਬੀਆਂ ਦੇ ਬੁਰੀ ਤਰ੍ਹਾਂ ਵੰਡੇ ਜਾਣ ਤੋਂ ਪਹਿਲਾਂ। ਮੁਗ਼ਲ ਫ਼ੌਜਾਂ ਦੀ ਆਮਦ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਫ਼ੌਜਾਂ ਤੋਂ ਪਹਿਲਾਂ, ਉਨ੍ਹਾਂ ਦੇ ਜੰਗਾਂ-ਯੁੱਧਾਂ ਤੋਂ ਪਹਿਲਾਂ। ਜਦੋਂ ਲਾਹੌਰ ਹਾਲੇ ਮੁਸਲਿਮ ਸ਼ਹਿਰ, ਸੂਫ਼ੀ ਸੰਤਾਂ ਦਾ ਸ਼ਹਿਰ ਨਹੀਂ ਸੀ ਬਣਿਆ ਅਤੇ ਅੰਮ੍ਰਿਤਸਰ ਗੁਰੂਆਂ ਦਾ ਸ਼ਹਿਰ ਨਹੀਂ ਸੀ ਬਣਿਆ, ਉਦੋਂ ਉੱਥੇ ਮੀਆਂ ਮੀਰ ਅਤੇ ਗੁਰੂ ਅਰਜਨ ਦੇਵ ਜੀ ਸਨ। ਉਨ੍ਹਾਂ ਦੀ ਦੋਸਤੀ ਚੂਨਾ ਮੰਡੀ ਵਿਚ ਸ਼ੁਰੂ ਹੋਈ ਜਿੱਥੇ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ। ਇੱਥੇ ਹੀ ਨੌਜਵਾਨ ਮੀਆਂ ਮੀਰ, ਸੂਫ਼ੀ ਸੰਤ ਬਣਨ ਤੋਂ ਕਈ ਵਰ੍ਹੇ ਪਹਿਲਾਂ, ਗੁਰੂ ਰਾਮਦਾਸ ਜੀ ਦੇ ਧਾਰਮਿਕ-ਦਾਰਸ਼ਨਿਕ ਉਪਦੇਸ਼ ਸੁਣਦੇ ਸਨ, ਜਦੋਂ ਗੁਰੂ ਰਾਮਦਾਸ ਜੀ ਰਾਮਦਾਸਪੁਰ ਤੋਂ ਲਾਹੌਰ ਆਏ ਸਨ। ਇਹ ਪਛਾਣਾਂ ਦੇ ਫ਼ਿਰਕੂਕਰਨ ਅਤੇ ਮਜ਼ਹਬੀ ਰਵਾਇਤਾਂ ਦੇ ਵੰਡੇ ਜਾਣ ਤੋਂ ਪਹਿਲਾਂ ਦਾ ਦੌਰ ਸੀ। ਇਹ ਉਹ ਸਮਾਂ ਸੀ ਜਦੋਂ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਗੁਰੂ ਦੇ ਸ਼ਰਧਾਲੂ ਬਣਨਾ ਆਮ ਗੱਲ ਸੀ, ਕੋਈ ਅਪਵਾਦ ਨਹੀਂ। ਅਜਿਹੀ ਹੀ ਇਕ ਧਾਰਮਿਕ ਇਕੱਤਰਤਾ ਵਿਚ ਨੌਜਵਾਨ ਮੀਆਂ ਮੀਰ ਦੀ ਭਵਿੱਖੀ ਗੁਰੂ (ਅਰਜਨ ਦੇਵ ਜੀ) ਨਾਲ ਮੁਲਾਕਾਤ ਹੋਈ। ਉਨ੍ਹਾਂ ਵਿਚਕਾਰ ਇਕ ਅਜਿਹਾ ਸਬੰਧ ਬਣ ਗਿਆ ਜਿਸ ਨੇ ਭਵਿੱਖ ਵਿਚ ਸਿੱਖੀ ਤੇ ਇਸਲਾਮ ਵਿਚਕਾਰ ਪ੍ਰਤੀਕਾਤਮਕ ਰਿਸ਼ਤੇ ਦਾ ਨੁਮਾਇੰਦਾ ਬਣਨਾ ਸੀ।
ਬਾਅਦ ਵਿਚ ਗੁਰਗੱਦੀ ਸੰਭਾਲਣ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਰਾਮਦਾਸਪੁਰ ਦੀ ਉਸਾਰੀ ਦਾ ਕਾਰਜ ਜਾਰੀ ਰੱਖਿਆ ਜਿਸ ਦੀ ਬੁਨਿਆਦ ਉਨ੍ਹਾਂ ਦੇ ਪਿਤਾ ਚੌਥੇ ਗੁਰੂ ਰਾਮਦਾਸ ਜੀ ਨੇ ਰੱਖੀ ਸੀ। ਨਾਲ ਹੀ ਉਨ੍ਹਾਂ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ, ਭਵਿੱਖ ਦਾ ‘ਗੋਲਡਨ ਟੈਂਪਲ’, ਜਿਸ ਨੇ ਸਮਾਂ ਪਾ ਕੇ ਸਿੱਖਾਂ ਦਾ ਸਭ ਤੋਂ ਪਵਿੱਤਰ ਤੇ ਅਹਿਮ ਧਾਰਮਿਕ ਸਥਾਨ ਬਣਨਾ ਸੀ। ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਕ ਸੁਨੇਹਾ ਦੇ ਕੇ ਇਕ ਵਫ਼ਦ ਰਾਮਦਾਸਪੁਰ ਤੋਂ ਲਾਹੌਰ ਭੇਜਿਆ (ਸਾਈਂ ਮੀਆਂ ਮੀਰ ਦੇ ਲਾਹੌਰ ਰਹਿੰਦੇ ਵੰਸ਼ਜਾਂ ਦੇ ਜ਼ੁਬਾਨੀ ਤੌਰ ’ਤੇ ਦੱਸਣ ਮੁਤਾਬਿਕ) ਤਾਂ ਕਿ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਉਨ੍ਹਾਂ ਦੇ ਦੋਸਤ ਮੀਆਂ ਮੀਰ ਨੂੰ ਰਾਮਦਾਸਪੁਰ ਲਿਆਂਦਾ ਜਾ ਸਕੇ। ਸਾਈਂ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖੀ ਅਤੇ ਇਸ ਤਰ੍ਹਾਂ ਉਨ੍ਹਾਂ ਲਾਹੌਰ ਤੇ ਅੰਮ੍ਰਿਤਸਰ ਨੂੰ ਉਮਰਾਂ ਦੇ ਪੱਕੇ ਬੰਧਨ ਵਿਚ ਬੰਨ੍ਹ ਦਿੱਤਾ।
ਇਸ ਤੋਂ ਕਈ ਸਾਲਾਂ ਬਾਅਦ ਜਦੋਂ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ’ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤੇ ਜਾਣ ਤੋਂ ਪਹਿਲਾਂ ਲਾਹੌਰ ਵਿਚ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਸਾਈਂ ਮੀਆਂ ਮੀਰ ਉਨ੍ਹਾਂ ਕੋਲ ਪੁੱਜੇ। ਉਨ੍ਹਾਂ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਉਨ੍ਹਾਂ ਉੱਤੇ ਤਸ਼ੱਦਦ ਹੁੰਦਾ ਨਹੀਂ ਦੇਖ ਸਕਦੇ ਤੇ ਇਸ ਨੂੰ ਰੁਕਵਾਉਣ ਲਈ ਲਾਹੌਰ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਇਸ ਲਈ ਗੁਰੂ ਸਾਹਿਬ ਦੀ ਇਜਾਜ਼ਤ ਮੰਗੀ। ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ। ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਾਈਂ ਮੀਆਂ ਮੀਰ ਨੇ ਉਨ੍ਹਾਂ ਦੇ ਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਨਾਲ ਗੂੜ੍ਹੇ ਰਿਸ਼ਤੇ ਬਣਾਈ ਰੱਖੇ। ਇਹ ਅਜਿਹਾ ਰਿਸ਼ਤਾ ਸੀ ਜਿਸ ਨੂੰ ਕੁਝ ਸਮੂਹ ਤੇ ਭਾਈਚਾਰੇ ਅੱਜ ਵੀ ਯਾਦ ਕਰਦੇ ਹਨ ਅਤੇ ਇਸ ਦੇ ਜਸ਼ਨ ਮਨਾਉਂਦੇ ਹਨ।
ਮੈਂ ਭਾਈ ਗੁਲਾਮ ਮੁਹੰਮਦ ਨੂੰ ਫਰਵਰੀ 2014 ਵਿਚ ਉਨ੍ਹਾਂ ਦੇ ਲਾਹੌਰ ਸਥਿਤ ਘਰ ਵਿਚ ਮਿਲਿਆ। ਉਸੇ ਸਾਲ ਅਪਰੈਲ ਮਹੀਨੇ ਉਨ੍ਹਾਂ ਦਾ ਇੰਤਕਾਲ (ਦੇਹਾਂਤ) ਹੋ ਗਿਆ। ਉਨ੍ਹਾਂ ਦਾ ਘਰ ਦਾਤਾ ਦਰਬਾਰ, ਸ਼ਹਿਰ ਦੀ ਨਾਮੀ ਦਰਗਾਹ ਦੇ ਨੇੜੇ ਸੀ। ਇਹ ਦਰਗਾਹ ਹਜ਼ਾਰ ਸਾਲ ਪੁਰਾਣੀ ਹੈ, ਓਨੀ ਹੀ ਪੁਰਾਣੀ, ਜਿੰਨਾ ਪੁਰਾਣਾ ਲਾਹੌਰ ਦਾ ਗਿਆਤ ਇਤਿਹਾਸ ਹੈ। ਲਾਹੌਰ ਦੇ ਬਾਾਸ਼ਿੰਦੇ ਆਪਣੇ ਸ਼ਹਿਰ ਦੀ ਇਤਿਹਾਸਕਤਾ, ਇਸ ਦੇ ਹਾਲੀਆ ਤੇ ਪੁਰਾਤਨ ਅਤੀਤ ਉੱਤੇ ਮਾਣ ਮਹਿਸੂਸ ਕਰਦੇ ਹਨ। ਪਰ ਕੀ ਲਾਹੌਰ ਆਪਣੇ ਮੌਜੂਦਾ ਰੂਪ ਵਿਚ ਉਹੋ ਜਿਹਾ ਹੀ ਸ਼ਹਿਰ ਹੈ, ਜਿਹੋ ਜਿਹਾ ਇਕ ਹਜ਼ਾਰ ਸਾਲ ਪਹਿਲਾਂ ਸੀ। ਲਾਹੌਰ, ਭਾਈ ਗ਼ੁਲਾਮ ਮੁਹੰਮਦ ਦਾ ਸ਼ਹਿਰ ਨਹੀਂ ਸੀ। ਉਨ੍ਹਾਂ ਦਾ ਸ਼ਹਿਰ ਅੰਮ੍ਰਿਤਸਰ ਸੀ, ਪਰ 1947 ਵਿਚ ਸ਼ਹਿਰ ਬਦਲ ਗਿਆ। ਭਾਈ ਗ਼ੁਲਾਮ ਮੁਹੰਮਦ ਦੇ ਪਰਿਵਾਰ ਵਾਂਗ ਹੀ, ਲਾਹੌਰ ਸ਼ਹਿਰ ਵੀ ਹਿਜਰਤ ਕਰ ਕੇ ਮੌਜੂਦਾ ਲਾਹੌਰ ਦਾ ਰੂਪ ਧਾਰ ਗਿਆ। ਜਿਸ ਸ਼ਹਿਰ ਵਿਚ ਗ਼ੁਲਾਮ ਮੁਹੰਮਦ ਆਏ ਸਨ, ਇਹ ਹੁਣ ਹਰਗਿਜ਼ ਉਹ ਲਾਹੌਰ ਨਹੀਂ ਸੀ ਰਿਹਾ ਜੋ ਪੰਜਾਬ ਦਾ ਮਾਣ ਸੀ, ਵੱਖ-ਵੱਖ ਸੱਭਿਆਚਾਰਾਂ ਦੇ ਨਗ਼ੀਨਿਆਂ ਨਾਲ ਸਜਾਏ ਤਾਜ ਵਰਗਾ, ਜੋ ਲਾਹੌਰ ਅਣਵੰਡੇ ਬ੍ਰਿਟਿਸ਼ ਹਿੰਦ ਦੌਰਾਨ ਸੀ। ਬਾਅਦ ਵਾਲਾ ਲਾਹੌਰ ਇਕ ਨਵਾਂ ਲਾਹੌਰ ਸੀ, ਇਕ ਨਵਾਂ ਸ਼ਹਿਰ, ਜਿਸ ਦਾ ਇਸ ਦੇ ਮਾਣਮੱਤੇ ਅਤੀਤ ਨਾਲ ਮਹਿਜ਼ ਨਾਂ ਹੀ ਸਾਂਝਾ ਹੈ।
ਭਾਈ ਗ਼ੁਲਾਮ ਮੁਹੰਮਦ, ਭਾਈ ਸਾਧਾ ਤੇ ਭਾਈ ਮਾਧਾ ਦੇ ਪਰਿਵਾਰ ਤੋਂ ਸਨ, ਜੋ ਗੁਰੂ ਸਾਹਿਬਾਨ ਵੱਲੋਂ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਲਈ ਨਿਯੁਕਤ ਕੀਤੇ ਗਏ ਮੁਸਲਿਮ ਰਬਾਬੀ ਸਨ। ਗੁਰਦੁਆਰਾ ਸਾਹਿਬਾਨ ਵਿਚ ਮੁਸਲਿਮ ਰਬਾਬੀਆਂ ਵੱਲੋਂ ਕੀਰਤਨ ਕਰਨ ਦੀ ਰਵਾਇਤ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਸਮੇਂ ਤੋਂ ਚੱਲੀ ਹੋਈ ਹੈ ਜਿਸ ਨੂੰ ਬਾਅਦ ਦੇ ਗੁਰੂ ਸਾਹਿਬਾਨ ਨੇ ਵੀ ਜਾਰੀ ਰੱਖਿਆ। ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਬਹੁਤ ਹੀ ਸਤਿਕਾਰਤ ਪਰਿਵਾਰਾਂ ਵਿਚ ਸ਼ਰੀਕ ਸੀ ਕਿਉਂਕਿ ਇਹ ਪਰਿਵਾਰ ਗੁਰੂ ਦੇ ਸ਼ਬਦ ਦਾ ਗੁਰੂ ਦੇ ਹਜ਼ਾਰਾਂ ਸ਼ਰਧਾਲੂਆਂ ਨਾਲ ਸਬੰਧ ਜੋੜਨ ਵਾਲਾ ਸੀ। ਉਨ੍ਹਾਂ ਦਾ ਪਰਿਵਾਰ ਅਜਿਹੇ ਅਨੇਕਾਂ ਪਰਿਵਾਰਾਂ ਵਾਂਗ ਹੀ ਇਕ ਮਿਸਾਲੀ ਪਰਿਵਾਰ ਸੀ ਜਿਹੜੇ ਵੱਖੋ-ਵੱਖ ਮਜ਼ਹਬੀ ਭਾਈਚਾਰਿਆਂ ਤੇ ਸਾਂਝੀਆਂ ਪਛਾਣਾਂ ਦਰਮਿਆਨ ਨਾਜ਼ੁਕ ਰਿਸ਼ਤਿਆਂ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ, ‘‘ਅਸੀਂ ਦਿਲੋਂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ… ਇਸ ਵਿਚ ਮੁਸਲਮਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ।’’
ਕਿਸੇ ਸਮੇਂ ਗੁਰੂ ਦੇ ਸ਼ਬਦਾਂ ਦੇ ਨਿਗ੍ਹਾਬਾਨ ਰਹੇ ਇਸ ਪਰਿਵਾਰ ਨੂੰ ਲਾਹੌਰ ਵਿਚ ਛੋਟੇ-ਮੋਟੇ ਕੰਮ ਕਰ ਕੇ ਗੁਜ਼ਾਰਾ ਕਰਨਾ ਪਿਆ। ਹਾਲ ਹੀ ਵਿਚ, ਪਾਕਿਸਤਾਨ ’ਚ ਸਿੱਖ ਵਿਰਾਸਤ ਵਿਚ ਦਿਲਚਸਪੀ ਵਧਣ ਤੋਂ ਬਾਅਦ ਪਰਿਵਾਰ ਨੇ ਮੁੜ ਕੀਰਤਨ ਕਰਨਾ ਸ਼ੁਰੂ ਕੀਤਾ ਹੈ। ਪਰ ਮੁੜ ਇਸ ਸੇਵਾ ਦੀ ਸ਼ੁਰੂਆਤ ਵਿਚ ਵੰਡ ਤੋਂ ਪਹਿਲਾਂ ਵਾਲੀ ਗੱਲ ਕਿੱਥੇ ਤੇ ਉਨ੍ਹਾਂ ਨੂੰ ਗੁਜ਼ਾਰੇ ਲਈ ਛੋਟੇ-ਮੋਟੇ ਕੰਮ ਕਰਨੇ ਹੀ ਪੈ ਰਹੇ ਹਨ। ਭਾਈ ਗ਼ੁਲਾਮ ਮੁਹੰਮਦ ਅੰਮ੍ਰਿਤਧਾਰੀ ਨਾ ਹੋਣ ਕਾਰਨ 2008 ਵਿਚ ਅੰਮ੍ਰਿਤਸਰ ਵਿਚ ਕੀਰਤਨ ਨਹੀਂ ਸਨ ਕਰ ਸਕੇ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੱਕ ਅੰਮ੍ਰਿਤਧਾਰੀ ਨਾ ਹੋਣ ਦੇ ਬਾਵਜੂਦ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦਾ ਰਿਹਾ ਸੀ, ਪਰ ਹੁਣ ਇਹ ਵੱਖਰਾ ਸ਼ਹਿਰ ਸੀ, ਵੱਖਰਾ ਅੰਮ੍ਰਿਤਸਰ ਸੀ।
ਗ਼ੁਲਾਮ ਮੁਹੰਮਦ ਦੀ ਇਸ ਕਹਾਣੀ ਵਿਚ ਹੀ ਲਾਹੌਰ ਤੇ ਅੰਮ੍ਰਿਤਸਰ ਦੀ ਕਹਾਣੀ ਛੁਪੀ ਹੈ। ਇਹ ਇਸ ਗੱਲ ਦੀ ਕਹਾਣੀ ਹੈ ਕਿ ਇਹ ਸ਼ਹਿਰ ਕਦੇ ਕੀ ਸਨ, ਉਨ੍ਹਾਂ ਦਾ ਕੀ ਰਿਸ਼ਤਾ ਸੀ। ਇਹ ਇਨ੍ਹਾਂ ਦੇ ਆਪਸੀ ਜੋੜ ਦੀ ਕਹਾਣੀ ਹੈ। ਇਹ ਕਹਾਣੀ ਕਿ ਇਹ ਸ਼ਹਿਰ ਕੀ ਹਨ, ਬਦਲਦੀਆਂ ਪਛਾਣਾਂ ਪ੍ਰਤੀ ਉਨ੍ਹਾਂ ਦੇ ਵਿਰੋਧ ਦੀ ਕਹਾਣੀ, ਉਨ੍ਹਾਂ ਦੀਆਂ ਨਵੀਆਂ ਉੱਭਰੀਆਂ ਵਫ਼ਾਦਾਰੀਆਂ ਦੀ ਕਹਾਣੀ। ਗ਼ੁਲਾਮ ਮੁਹੰਮਦ ਦੀ ਮੌਤ ਦੋ ਸ਼ਹਿਰਾਂ ਦੀ ਮੌਤ ਹੈ, ਇਸ ਦੀ ਵੀ ਕਿ ਉਹ ਕੀ ਸਨ, ਇਸ ਦੀ ਵੀ ਕਿ ਉਹ ਕੀ ਹੋ ਸਕਦੇ ਸਨ।
*ਲੇਖਕ ‘ਇਮੈਜਿਨਿੰਗ ਲਾਹੌਰ’ ਅਤੇ ‘ਵਾਕਿੰਗ ਵਿਦ ਨਾਨਕ’ ਸਣੇ ਕਈ ਕਿਤਾਬਾਂ ਦਾ ਰਚੇਤਾ ਹੈ।