ਗੁਰਬਚਨ
ਸ਼ਿਵ ਕੁਮਾਰ ਕਾਵਿ ਭਾਸ਼ਾ ਦਾ ਜਾਦੂਗਰ ਸੀ। ਉਹਨੇ ਪ੍ਰਗਟ ਕਰ ਦਿੱਤਾ ਕਿ ਭਾਸ਼ਾ ਦਾ ਅੰਤ੍ਰੀਵੀ ਸੁਹਜ ਉਸ ਭੋਇੰ ਵਿਚ ਉਗਮਦਾ ਜਿੱਥੇ ਇਹਨੂੰ ਬੋਲਣ ਵਾਲੇ ਹੁੰਦੇ-ਵਿਗਸਦੇ ਹਨ; ਤੇ ਜਿੱਥੇ ਉਹ ਆਪਣੇ ਦੁੱਖਾਂ/ਸੁਖਾਂ ਦਾ ਗੀਤ ਗੁਨਗੁਨਾਂਦੇ ਹਨ।
ਪੰਜਾਬੀ ਬੰਦੇ ਅੰਦਰ ਦੱਬੀ ਆਦਿ-ਮਾਨਵੀ ਉਦਾਸੀ ਦਾ ਗੀਤ ਬਣ ਕੇ ਜਦ ਉਹ ਲਿਸ਼ਕਾਰ ਵਾਂਗ ਉਦੈ ਹੋਇਆ ਤਾਂ ਸਰੋਤਿਆਂ/ਪਾਠਕਾਂ ਦੇ ਮਨਾਂ ਉੱਤੇ ਟੂਣਾ ਕਰ ਦਿੱਤਾ। ਕੋਈ ਚਾਰ ਦਹਾਕੇ ਪਹਿਲਾਂ ਆਰਸੀ ਲਈ ਮੈਂ ‘ਉਦਾਸ ਪਰਿੰਦੇ ਦੀ ਦਾਸਤਾਨ’ ਨਾਂ ਹੇਠ ਲੇਖ ਲਿਖਿਆ। ਸ਼ਿਵ ਕੁਮਾਰ ਦੀ ਕਾਵਿ ਪੇਸ਼ਕਾਰੀ ਦੀ ਨੱਕਾਸ਼ੀ ਇਸ ਤਰ੍ਹਾਂ ਕੀਤੀ ਗਈ:
ਗੱਲ 1960 ਦੀ ਹੈ…
ਅੰਬਾਲਾ ਸ਼ਹਿਰ ਵਿਚ ਹੋ ਰਹੀ ਪੰਜਾਬੀ ਕਾਨਫ਼ਰੰਸ ਦਾ ਆਖ਼ਰੀ ਦਿਨ। ਕਵੀ ਦਰਬਾਰਾਂ ਦੇ ਪਹਿਲਵਾਨ ਮੰਚ ’ਤੇ ਸਜੇ ਹਨ। ਸਰੋਤਿਆਂ ਦੀ ਸਲਤਨਤ ਵਿਚ ਪੰਜਾਬੀ ਦੇ ਨਿੱਕੇ ਵੱਡੇ ਸਾਰੇ ਲੇਖਕ ਮੌਜੂਦ ਹਨ, ਭਾਈ ਜੋਧ ਸਿੰਘ, ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਤੇ ਸੰਤ ਸਿੰਘ ਸੇਖੋਂ ਸਮੇਤ। ਮਈ ਦੇ ਦਿਨਾਂ ਦੀ ਗੱਲ ਹੈ ਇਹ। ਪੰਡਿਤ ਨਹਿਰੂ ਇਕ ਦਿਨ ਪਹਿਲਾਂ ਕਿਸੇ ਉਦਘਾਟਨ ਲਈ ਪੰਜਾਬ ਆਏ ਤਾਂ ਗੁਰਮੁਖ ਸਿੰਘ ਮੁਸਾਫਰ ਉਨ੍ਹਾਂ ਨਾਲ ਜਹਾਜ਼ ਵਿਚ ਬੈਠ ਗਏ। ਪੰਡਿਤ ਜੀ ਦਾ ਦੌਰਾ ਭੁਗਤਾ ਕੇ ਮੁਸਾਫ਼ਰ ਸਾਹਿਬ ਕਵੀ ਦਰਬਾਰ ਦੀ ਪ੍ਰਧਾਨਗੀ ਕਰਨ ਅੰਬਾਲੇ ਪੁਜ ਗਏ। ਡਾਕਟਰ ਪਿਆਰਾ ਸਿੰਘ ਨੇ ਮੈਨੂੰ ਹੌਲੀ ਜਿਹੀ ਕਿਹਾ ਮੈਂ ਮੰਚ ਸਕੱਤਰ ਨੂੰ ਦੱਸਾਂ ਕਿ ਸ਼ਿਵ ਬਟਾਲਵੀ ਇਕ ਕੋਨੇ ’ਚ ਬੈਠਾ ਹੈ, ਉਹ ਉਸ ਨੂੰ ਪਹਿਲਾਂ ਬੁਲਾ ਲਵੇ, ਕਿਉਂਕਿ ਕਵੀ ਦਰਬਾਰ ਦਾ ਮਾਹੌਲ ਬੱਝ ਨਹੀਂ ਰਿਹਾ। ਇਸ ਨਾਂ ਵਾਲੇ ਕਵੀ ਨੂੰ ਮੈਂ ਪਿਛਲੇ ਸਾਲ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਹੋਏ ਕਵੀ ਦਰਬਾਰ ਵਿਚ ਸੁਣ ਚੁਕਾ ਸਾਂ। ਮੈਂ ਜਦੋਂ ਮੰਚ ਸਕੱਤਰ ਨੂੰ ਸ਼ਿਵ ਬਾਰੇ ਹੌਲੀ ਜਿਹੀ ਕਿਹਾ ਤਾਂ ਉਸਨੇ ਮੰਚ ਉਤੇ ਸਾਰੇ ਪਾਸੇ ਨਜ਼ਰ ਦੁੜਾਈ ਤੇ ਕਿਹਾ, ਕਿਹੜਾ ਸ਼ਿਵ? ਸ਼ਿਵ ਬਟਾਲਵੀ, ਮੈਂ ਦਸਿਆ। ਉਸ ਕਿਹਾ, ਕਿਹੜਾ ਬਟਾਲਵੀ?
ਸ਼ਿਵ ਬਟਾਲਵੀ ਦਾ ਨਾਂ ਬੋਲਿਆ ਗਿਆ ਤਾਂ ਕੁਝ ਇਕ ਸਰੋਤਿਆਂ ਵਿਚ ਹਲਕੀ ਜਿਹੀ ਕਾਨਾਫੂਸੀ ਸਫ਼ਰ ਕਰ ਗਈ। ਕਈ ਸਾਲਾਂ ਤੋਂ ਕਵੀ ਦਰਬਾਰਾਂ ਵਿਚ ਉਹੋ ਨਾਂ, ਉਹੋ ਕਵਿਤਾ, ਉਹੋ ਅਦਾ ਚਲਦੀ ਆ ਰਹੀ ਸੀ। ਮੰਚ ਉਤੇ ਬੈਠਾ ਕੋਈ ਕਵੀ ਦੂਜੇ ਕਵੀ ਦੇ ਕੰਨ ਵਿਚ ਹੌਲੇ ਜਿਹੇ ਨਜ਼ਮ ਸੁਨਾਣ ਵਾਲੇ ਨੂੰ ਠਿੱਠ ਕਰ ਦੇਂਦਾ ਅਤੇ ਨਾਲੇ ਅਚਾਨਕ ਹੱਥ ਉਤੇ ਕਰਕੇ ਦਾਦ ਵੀ ਉਸ ਵੱਲ ਵਗਾਹ ਮਾਰ ਦੇਂਦਾ। ਜਿਸ ਕਵਿਤਾ ਵਿਚ ਲਤੀਫ਼ੇ ਵੱਧ ਹੁੰਦੇ, ਉਹ ਹਿੱਟ ਜਾਂਦੀ। ਕਈ ਪੰਜਵੇਂ ਸ਼ੇਅਰ ਤੇ ਹਿਕ ਹਿਲਾ ਕੇ ਕਹਿੰਦੇ- ਮੁਸਾਫ਼ਰ ਸਾਹਿਬ, ਜ਼ਰਾ ਧਿਆਨ ਦੇਣਾ। ਮੁਸਾਫ਼ਰ ਸਾਹਿਬ ਦੀ ਚਿੱਟੀ ਨਾਇਲਨ ਵਰਗੀ ਦਾਹੜੀ ਇਕ ਦਮ ਉਤਾਂਹ ਉਠ ਕੇ ਕਵੀ ਵੱਲ ਪਾਸਾ ਪਰਤਦੀ। ਅਜਿਹੇ ਮਾਹੌਲ ਵਿਚ ਇਕ ਬਾਈ ਸਾਲਾਂ ਦਾ ਲੰਮਾ ਸੁਨੱਖਾ ਯੁਵਕ ਬੱਤਖ ਰੰਗੇ ਕੁੜਤੇ ਪਜਾਮੇ ਵਿਚ ਚਿਹਰੇ ’ਤੇ ਗਹਿਰੀ ਚੁਪ ਪਸਾਰੀ ਮਾਈਕ ਅੱਗੇ ਜਾ ਖੜਾ ਹੋਇਆ ਤਾਂ ਕਵੀਆਂ ਨੇ ਮਾਸਟਰਾਂ ਵਾਲੇ ਅੰਦਾਜ਼ ਵਿਚ ਉਸ ਵੱਲ ਘੂਰੀ ਵੱਟੀ, ਜਾਇਜ਼ਾ ਲਿਆ।
ਸ਼ਿਵ ਕੁਮਾਰ ਨੇ ਅੱਖਾਂ ਮੁੰਦ ਲਈਆਂ। ਜ਼ੁਲਫ਼ ਦਾ ਕੁੰਡਲ ਡਿਊੜਾ ਹੋ ਗਿਆ। ਚਿਹਰਾ ਹਲਕਾ ਜਿਹਾ ਹਰਕਤ ’ਚ ਆਇਆ। ਰੱਤ ਚੋਂ ਹੂਕ ਨਿਕਲੀ – ‘ਮਾਏ…ਏ, ਨੀ… ਮਾਏ।’ ਕੁੜੀਆਂ ਦੇ ਦਿਲਾਂ ਦੀ ਟਿਕਟਕੀ ਰੁਕ ਗਈ। ਚਿਹਰੇ ਸੁੰਨ ਹੋ ਗਏ। ‘ਬਿਰਹੋਂ ਦੀ…ਰੜਕ ਪ…ਵੇ’ ਤਕ ਮੁਦਰਾ ਵਿਚ ਆਇਆ ਸੱਜਾ ਹੱਥ ਸੱਪ ਦੇ ਫੰਨ ਵਾਂਗ ਘੁੰਮ ਗਿਆ। ਹੂਕ ਸ਼ਾਮਿਆਨਿਆਂ ਨੂੰ ਚੀਰ ਕੇ ਹਵਾ ਨੂੰ ਵਿੰਨ੍ਹ ਗਈ। ਚਿੜੀਆਂ ਦੇ ਦਿਲ ਹਿਲ ਗਏ। ਕਬਰਾਂ ਦੇ ਸੀਨੇ ਕੰਬ ਉਠੇ।
ਸ਼ਿਵ ਕੁਮਾਰ ਕਾਵਿ ਮੰਚਾਂ ਦਾ ਰਾਜਕੁਮਾਰ ਬਣ ਗਿਆ।
*
ਸ਼ਿਵ ਦੀ ਅਕਸਮਾਤ ਸ਼ੁਹਰਤ ਸਮਕਾਲੀ ਕਵੀਆਂ ਨੂੰ ਪਸੰਦ ਨਹੀਂ ਸੀ। ਅਨੇਕ ਤਰ੍ਹਾਂ ਦੇ ਵਾਦਾਂ ਦੇ ਪੈਰੋਕਾਰ ਉਦੋਂ ਜ਼ਿਕਰ ਵਿਚ ਸਨ। ਜਿਸ ਤਰ੍ਹਾਂ ਦੀ ਕਵਿਤਾ ਦੇ ਵਿਰੋਧ ਵਿਚ ਉਹ ਪ੍ਰਗਟ ਹੋਏ ਸਨ, ਸ਼ਿਵ ਉਸ ਦੇ ਆਸਰੇ ਹੀ ਪ੍ਰਸਿੱਧੀ ਦੀ ਸਿਖ਼ਰ ’ਤੇ ਪੁੱਜਦਾ ਜਾ ਰਿਹਾ ਸੀ। ਮਾਈਕ ਅੱਗੇ ਉਹ ਆ ਖੜਦਾ ਤਾਂ ਮੰਚ ਉੱਤੇ ਬਿਰਾਜਮਾਨ ਨਿੱਕੇ-ਵੱਡੇ ਢੈਅ-ਢੇਰੀ ਹੋਏ ਦਿਖਦੇ।
ਸ਼ਿਵ ਨੂੰ ਆਪਣੇ ਸਮੇਂ ਦੀ ਆਲੋਚਨਾ ਤੋਂ ਖਿੱਝ ਸੀ; ਅਤੇ ਕਾਵਿ ਪਾਰਖੂਆਂ ਨੂੰ ਉਸ ਤੋਂ। ਜੋ ਸੁਰ ਉਹ ਅਲਾਪ ਰਿਹਾ ਸੀ ਉਸ ਲਈ ਆਲੋਚਨਾ ਦੇ ਕੰਨ ਮੇਚ ਨਹੀਂ ਸਨ ਆ ਰਹੇ। ਉਹਨੂੰ ਕਿਸੇ ਰੀਵੀਊ, ਟਿੱਪਣੀ, ਕਿਸੇ ਲੇਖ ਦੀ ਲੋੜ ਨਹੀਂ ਸੀ। ਉਸ ਕੋਲ ਸੁਣਾਨ ਲਈ ਇਕੋ ਬਾਤ ਸੀ, ਪੇਸ਼ ਕਰਨ ਲਈ ਇਕੋ ਰੁਦਨ, ਮੋਹਿਤ ਕਰਨ ਲਈ ਇਕੋ ਅਭਿਨੈ। ਫਿਰ ਵੀ ਪੰਜਾਬੀ ਸਰੋਤਿਆਂ ਲਈ ਉਹਦਾ ਹੋਣਾ ਅਦਭੁਤ ਦਾਤ ਦਿਖਣ ਲੱਗਾ। ਉਹ ਲੋਕ ਵੀ ਉਸ ਨੂੰ ਸੁਣਨ ਪੁੱਜਦੇ ਜਿਨ੍ਹਾਂ ਕਦੇ ਨਾ ਪੰਜਾਬੀ ਪੜ੍ਹੀ ਨਾ ਕਦੇ ਮਾਂ ਬੋਲੀ ਵਿਚ ਕੋਈ ਖਤ-ਪਤਰ ਲਿਖਿਆ ਸੀ।
ਏਲੀਤੀ ਉਮੰਗਾਂ ਰੱਖਣ ਵਾਲੇ ਸ਼ਹਿਰੀਆਂ ਨੂੰ ਉਹਦੀ ਸੁਹਜ ਸੂਖ਼ਮ ਜਾਦੂਗਰੀ ਨੇ ਇਸ ਕਦਰ ਮੋਹਿਤ ਕੀਤਾ ਕਿ ਉਹ ਸ਼ਿਵ ਕੁਮਾਰ ਨੂੰ ਅਜੂਬਾ ਸਮਝਣ ਲੱਗੇ। ਉਹਦੇ ਕਾਵਿ ਦੀ ਉੱਤਮਤਾ ਨੂੰ ਦੇਖ/ਸੁਣ ਕੇ ਦੰਗ ਰਹਿ ਜਾਂਦੇ। ਉਹਦੀ ਆਵਾਜ਼ ਵਿਚ ਗਾਏ ਗੀਤਾਂ ਨੂੰ ਰਿਕਾੱਡ ਕਰਕੇ ਦੇਸ ਬਦੇਸ ਮਿਤਰਾਂ ਰਿਸ਼ਤੇਦਾਰਾਂ ਨੂੰ ਭੇਜਣ ਲੱਗੇ।
ਪਿੱਛੇ ਜਿਹੇ ਇੰਸਟਾਗ੍ਰਾਮ ਦੀ ਇਕ ਪੋਸਟ ਵਿਚ ਬਦੇਸ ਵਿਚ ਰਹਿੰਦੀ ਰੁਪਿੰਦਰ ਨਾਂ ਦੀ ਕਿਸੇ ਬੀਬਾ ਨੇ ਲਿਖਿਆ: Batalvi is the poet that made me truly fall in love with Panjabi poetry and poetry itself. ਇਸ ਬੀਬਾ ਨੇ ਇਹ ਵੀ ਲਿਖਿਆ ਕਿ ਸ਼ਿਵ ਕਿਸੇ ਹੋਰ ਦੁਨੀਆਂ ਤੋਂ ਆਇਆ ਸੀ। ਫੌਤ ਹੋਣ ਬਾਅਦ ਉੱਥੇ ਹੀ ਚਲਾ ਗਿਆ।
ਸ਼ਿਵ ਦੀ ਸ਼ੁਹਰਤ ਪਿੱਛੇ ਵੱਡਾ ਕਾਰਣ ਇਹ ਸੀ ਕਿ ਜਿਸ ਲੋਕ-ਬੋਧ ਦੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦੇ ਅੰਤਰ-ਨਾਦਾਂ ਦਾ ਉਸ ਦੀ ਰੱਤ ਨਾਲ ਅਤੁੱਟ ਸੰਬੰਧ ਸੀ, ਉਸਤੋਂ ਆਮ ਪੰਜਾਬੀ ਬੰਦਾ ਵਿਛੁੰਨਿਆ ਜਾ ਚੁੱਕਾ ਸੀ। ਉਹ ਸਭਿਆਚਾਰਕ ਯਤਾਮਤ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਸ਼ਿਵ ਨੇ ਵੈਰਾਗ ਅਤੇ ਬਿਰਹਾ ਦੀਆਂ ਅੰਤਹੀਣ ਸੁਰਾਂ ਰਾਹੀਂ ਉਸ ਕੁਝ ਦੀ ਨੱਕਾਸ਼ੀ ਕਰ ਦਿੱਤੀ ਜਿਸ ਨੂੰ ਪੰਜਾਬੀ ਅੰਤਰਮਨ ਵਿਚ ਦੱਬੇ ਅੰਤਰ-ਨਾਦ ਕਿਹਾ ਜਾ ਸਕਦਾ ਹੈ।
ਅਜਿਹੀ ਗੀਤਕਾਰੀ ਵਿਚ ਕਿਸੇ ਤਰ੍ਹਾਂ ਦੇ ਤੱਨਾਅ ਦੀ ਸੰਭਾਵਨਾ ਨਹੀਂ ਹੁੰਦੀ। ਇਹਦੇ ਵਿਚੋਂ ਪਰ-ਹੋਂਦ (the other) ਗ਼ੈਰ-ਹਾਜ਼ਰ ਹੁੰਦੀ ਹੈ ਜਾਂ ਉੱਕਾ ਗ਼ਾਇਬ। ਸ਼ਿਵ ਨੇ ਇਸ ਇਕਹਿਰੇਪਣ ਵਿਚ ਅੱਥਾਹ ਵੇਗ ਭਰ ਦਿੱਤਾ। ਵੇਗ ਹੀ ਸਥਾਈ ਅਲਾਪ ਬਣ ਗਿਆ।
ਮਲੂਕੜੇ ਚਿੱਤ ਵਾਲੇ ਕਵੀ ਦਾ ਰਚਨਾਤਮਿਕ ਲਾਵਾ ਹੀ ਉਹਨੂੰ ਲੂਸਣ ਲੱਗ ਪਿਆ। ਜਿਸ ਪਿੱਚ ਨਾਲ ਉਹਨੇ ਗੱਲ ਸ਼ੁਰੂ ਕੀਤੀ ਸੀ ਉਸ ਪਿੱਚ ਨੂੰ ਕਾਇਮ ਰੱਖਣ ਲਈ ਉਹ ਸਾਹੋ ਸਾਹੀ ਹੋਣ ਲੱਗਾ। ਆਲੇ-ਦੁਆਲੇ ਮੁਹੱਬਤੀਆਂ ਦੀ ਭੀੜ ਵੱਧ ਗਈ। ਤਰਸ ਦੀਆਂ ਤਤੀਰੀਆਂ ਵਹਿ ਤੁਰੀਆਂ; ਤੇ ਸ਼ਿਵ ਇਨ੍ਹਾਂ ਤਤੀਰੀਆਂ ਵਿਚ ਆਪ ਵਹਿਣ ਲੱਗਾ। ਉਹਦਾ ਹੋਣਾ ਬਿਨ-ਪੈਰਾ ਹੋ ਗਿਆ।
ਉਸ ਦੀ ‘ਮੈਂ’ ਹਰ ਉਸ ਬਿੰਬ ਨਾਲ ਜੁੜ ਸਕਦੀ ਸੀ ਜਿਹੜਾ ਬਿੰਬ ਪੀੜਤ ਹੋਂਦ ਤੋਂ ਪੈਦਾ ਹੁੰਦਾ ਸੀ। ਆਪਣੇ ਸਿਰਜਤ ਦਰਦ ਨੂੰ ਮੰਚ ਤੇ ਲਿਆਣਾ, ਫਿਰ ਪੂਰਨ ਅਦਾਕਾਰੀ ਨਾਲ ਸਰੋਤਿਆਂ ਨੂੰ ਇਸ ਯੱਗ ਵਿਚ ਸ਼ਾਮਲ ਕਰਨਾ, ਇਹ ਅਜਿਹੀ ਤੰਦ ਸੀ ਜੋ ਜ਼ਿੰਦਗੀ ਦੀ ਤੰਦ ਬਣਦੀ ਜਾ ਰਹੀ ਸੀ। ਬੇਸੁੱਧ ਹੋਏ ਬਗ਼ੈਰ ਉਹ ਕਾਇਮ ਰਹਿ ਨਹੀਂ ਸੀ ਸਕਦਾ। ਮਾਈਕ ਅਗੇ ਜਾ ਖੜਣ ਲਈ ਟੁੰਨ ਹੋਣ ਦੀ ਲੋੜ ਅਮੋੜ ਹੁੰਦੀ ਗਈ।
ਸਵੈ ਦੇ ਆਰਪਾਰ ਵੀ ਕੁਝ ਹੈ, ਕੋਈ ਪਰ-ਵਜੂਦ, ਕੋਈ ਰਿਸ਼ਤਾ ਨਾਤਾ, ਉਸ ਸਭ ਲਈ ਗੁੰਜਾਇਸ਼ ਬਾਕੀ ਨਾ ਰਹੀ। ਉਹਦਾ ਸ਼ੇਅਰ ਹੈ: ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਆ/ ਮੈਂ ਵੀ ਇਸ ਦੁਨੀਆਂ ਚ ਕੈਸਾ ਬਸ਼ਰ ਹਾਂ। ਇਕ ਦਿਨ ਬੀਵੀ ਅਰੁਣਾ ਨੇ ਕਿਹਾ, ‘ਅੱਜ ਬੇਟੇ ਨੂੰ ਸਕੂਲ ਦਾਖ਼ਲ ਕਰਾਉਣਾ, ਮੇਰੇ ਨਾਲ ਚਲੋ।’ ਸ਼ਿਵ ਕਹਿਣ ਲਗਾ: ‘ਥੋੜ੍ਹੀ ਦੇਰ ਦੀ ਹੀ ਤਾਂ ਗੱਲ ਹੈ, ਮੇਰੀ ਕਹਾਣੀ ਖ਼ਤਮ ਹੋਣ ਵਾਲੀ ਹੈ; ਅਗੋਂ ਸਾਰੇ ਕੰਮ ਕਾਜ ਤੈਨੂੰ ਹੀ ਕਰਨੇ ਪੈਣੇ ਆ। ਤੂੰ ਆਪੇ ਹੋ ਆ।’
ਅੰਤਿਮ ਦਿਨਾਂ ਵੱਲ ਪੁੱਜਦਿਆਂ ਸ਼ਿਵ ਕੁਮਾਰ ਸਰੋਤਿਆਂ ਦੀ ਖ਼ਾਤਰ ਖਿੱਦੋ ਬਣ ਚੁੱਕਾ ਸੀ। ਹਵਾ ਜਿਧਰ ਲੈ ਜਾਂਦੀ, ਰਿੜ੍ਹ ਜਾਂਦਾ। ਉਦਯੋਗਪਤੀਆਂ ਅਤੇ ਸਰਕਾਰੀ ਅਫਸਰਾਂ ਦੇ ਘਰਾਂ ਵਿਚ ਕਾਕਟੇਲ ਤੇ ਡਿਨਰ ਤੋਂ ਬਾਅਦ ਤਫ਼ਰੀਹ ਲਈ ਸ਼ਿਵ ਕੁਮਾਰ ਦੀ ਹੂਕ ਜ਼ਰੂਰੀ ਬਣ ਗਈ। ਇੰਗਲੈਂਡ ਪੁੱਜਾ ਤਾਂ ਮੁਹੱਬਤ/ਮਾਣਤਾ ਨੇ ਸਿਖਰਾਂ ਛੋਹ ਲਈਆਂ। ਆਪਣੀ ਧਰਤੀ ਤੋਂ ਵਿਯੋਗੇ ਹੋਏ ਪੰਜਾਬੀਆਂ ਨੂੰ ਸ਼ਿਵ ਦੀ ਬੇਹੱਦ ਲੋੜ ਸੀ। ਉਨ੍ਹਾਂ ਖਿੱਦੋ ਰੱਜ ਕੇ ਘੁੰਮਾਇਆ। ਸ਼ਿਵ ਦੇ ਪੈਰ ਧੋ ਧੋ ਕੇ ਪੀਤੇ।
ਜ਼ਿੰਦਗੀ ਦੇ ਅਖੀਰੀ ਦੋ ਸਾਲ ਸ਼ਿਵ ਨੇ ਚੰਡੀਗੜ੍ਹ ਬਾਈ ਸੈਕਟਰ ਪ੍ਰੀਤਮ ਸਿੰਘ ‘ਕਮਲ’ ਦੀ ਘੜੀਆਂ ਦੀ ਨਿੱਕੀ ਜਿਹੀ ਦੁਕਾਨ ਵਿਚ ਗੁਜ਼ਾਰ ਦਿਤੇ। ਸਵੇਰੇ ਹੀ ਆ ਜਾਂਦਾ। ਤਿੰਨ ਦੁਕਾਨਾਂ ਛੱਡ ਕੇ ਠੇਕਾ ਸੀ। ਸਟੀਲ ਦੇ ਗਿਲਾਸ ਵਿਚ ਹਾੜੇ ਅੰਦਰ ਧੱਕਦਾ ਤੇ ਦਿਨ ਗੁਜ਼ਰ ਜਾਂਦਾ। ਜੇਬ ਵਿਚ ਨੋਟ ਹਨ ਤਾਂ ਕੋਨੇ ਦੇ ਕਵਾਲਿਟੀ ਰੈਸਤਰਾਂ ਤੋਂ ਸਭਨਾਂ ਲਈ ਮੁਰਗੇ ਆ ਰਹੇ ਹਨ। ਜੇ ਜੇਬ ਵਿਚ ਸਿਰਫ਼ ਦਾਰੂ ਲਈ ਪੈਸੇ ਹਨ ਤਾਂ ਭੁੱਖ ਤਾਂ ਉਸ ਨੂੰ ਜਿਵੇਂ ਲਗਦੀ ਨਈਂ ਸੀ। ਨੀਂਦ ਆ ਜਾਂਦੀ ਤਾਂ ਘੜੀਆਂ ਦੇ ਸ਼ੋਅ ਕੇਸ ਦੇ ਉਹਲੇ ਦਰੀ ਸਿਰਹਾਣਾ ਲੈ ਕੁਝ ਪਲਾਂ ਲਈ ਸੌਂ ਜਾਂਦਾ। ਪ੍ਰੀਤਮ ਘੜੀਆਂ ਵਾਲੇ ਨੇ ਕਿਹਾ, ‘‘ਸ਼ਿਵ ਜਦੋਂ ਇੰਗਲੈਂਡ ਤੋਂ ਵਾਪਸ ਆਇਆ ਉਸ ਦੀ ਝਾਲ ਨਹੀਂ ਸੀ ਝੱਲੀ ਜਾਂਦੀ। ਫਿਰ ਕੁਝ ਦਿਨਾਂ ਬਾਅਦ, ਅਚਾਨਕ….. ਇਕ ਦਿਨ ਉਸ ਦੀ ਤਬੀਅਤ ਖ਼ਰਾਬ ਹੋ ਗਈ। ਮੈਂ ਕਾਕੇ ਨੂੰ ਕਿਹਾ ਇਸ ਨੂੰ ਹਸਪਤਾਲ ਲੈ ਜਾ।’’
ਸ਼ਿਵ ਦੀ ਖ਼ੂੁਬਸੂਰਤੀ ਸਿਖਰ ’ਤੇ ਪੁੱਜ ਕੇ ਆਪਣਾ ਕੰਮ ਤਮਾਮ ਹੋ ਗਿਆ ਸਮਝਣ ਵਿਚ ਸੀ। ਅਰੁਣਾ ਨੇ ਦੱਸਿਆ, ‘ਅਖ਼ੀਰਲੇ ਦਿਨਾਂ ਵਿਚ ਸ਼ਿਵ ਦਾ ਘਰ ਨਾਲ ਮੋਹ ਵਧਦਾ ਜਾ ਰਿਹਾ ਸੀ। ਵਲਾਇਤ ਗਿਆ ਤਾਂ ਹਰ ਦਿਨ ਚਿੱਠੀ ਆਉਂਦੀ। ਫ਼ੋਨ ਕਰਦਾ। ਆਉਂਦੀ ਵੇਰਾਂ ਸਾਡੇ ਸਾਰਿਆਂ ਲਈ ਕੱਪੜੇ ਲਿਆਇਆ। ਬੀਮਾਰ ਪਿਆ ਤਾਂ ਕਹੇ ਤੂੰ ਵੱਖ ਸੌਂਇਆ ਕਰ, ਕਿਤੇ ਬਿਮਾਰੀ ਦਾ ਤੇਰੇ ’ਤੇ ਅਸਰ ਨਾ ਹੋ ਜਾਏ। ਕਈ ਵੇਰਾਂ ਰਾਤ ਨੂੰ ਨੀਂਦ ਖੁਲ੍ਹ ਜਾਂਦੀ ਤਾਂ ਮੈਂ ਦੇਖਦੀ ਉਹ ਮੇਰੇ ਤੇ ਬੱਚਿਆਂ ਵੱਲ ਚੁਪ ਚਾਪ ਦੇਖੀ ਜਾ ਰਿਹਾ ਹੈ, ਹਨੇਰੇ ਵਿਚ। ਪਤਾ ਨਹੀਂ ਕੀ ਸੋਚਦਾ ਰਹਿੰਦਾ।’
ਹਸਪਤਾਲ ਪੁੱਜਣ ਦੇ ਕੁਝ ਦਿਨਾਂ ਬਾਅਦ ਸ਼ਿਵ ਚੰਡੀਗੜ੍ਹ ਸਦਾ ਲਈ ਛੱਡ ਗਿਆ। ਪਹਿਲਾਂ ਬਟਾਲੇ ਬਾਪ ਦੇ ਘਰ ਪੁਜਾ। ਕੁਝ ਦਿਨਾਂ ਬਾਅਦ ਅਚਾਨਕ ਪਤਨੀ ਅਰੁਣਾ ਨੂੰ ਕਿਹਾ, ‘‘ਮੈਨੂੰ ਏਥੋਂ ਲੈ ਚੱਲ।’’
ਅਰੁਣਾ ਸ਼ਿਵ ਨੂੰ ਪਠਾਨਕੋਟ ਦੇ ਲਾਗੇ ਆਪਣੇ ਪਿੰਡ ਲੈ ਆਈ। ਤੇਰ੍ਹਾਂ ਦਿਨਾਂ ਬਾਅਦ ਉਦਾਸੀ ਦਾ ਲਾਵਾ ਸ਼ਾਂਤ ਹੋ ਗਿਆ। *** (1982/2021)
ਰੁੱਖ
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਬਿੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਊਣ ਰੁੱਖਾਂ ਦੀਆਂ ਛਾਵਾਂ।
ਕੰਡਿਆਲੀ ਥੋਰ੍ਹ
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ।
ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ’ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ।
ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗਗ ਜਾਣ ਗੁਟਾਰਾਂ।
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ।
ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ?
ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ।
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ।
ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੋਵਣ ਧੇਲੇ?
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ।
ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ।
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ।
ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ।
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ।
ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ।
ਸੰਪਰਕ: 98725-06926