ਬਲਵਿੰਦਰ ਕੌਰ ਜੌਹਰ
ਲਿਓਨਾਰਦੋ ਦ ਵਿੰਚੀ ਆਪਣੇ ਆਪ ਵਿਚ ਬਹੁਤ ਪ੍ਰਤਿਭਾਸ਼ਾਲੀ ਵਿਅਕਤੀ ਸੀ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗਾ ਕਿ ਉਸ ਇਕੱਲੇ ਵਿਚ ਹੀ ਦਸ ਵਿਅਕਤੀਆਂ ਦੀ ਪ੍ਰਤਿਭਾ ਛੁਪੀ ਹੋਈ ਸੀ। ਉਸ ਦਾ ਜਨਮ 15 ਅਪ੍ਰੈਲ 1452 ਨੂੰ ਇਟਲੀ ਦੇ ਮਸ਼ਹੂਰ ਸ਼ਹਿਰ ਫਲੋਰੈਂਸ ਨੇੜੇ, ਵਿੰਚੀ ਨਾਮ ਦੇ ਪਿੰਡ ਵਿਚ ਹੋਇਆ। ਉਹ ਇਤਾਲਵੀ ਮੁੜ-ਸੁਰਜੀਤੀ ਦੇ ਸਮੇਂ ਪੈਦਾ ਹੋਇਆ। ਉਸ ਦੇ ਪਿਤਾ ਦਾ ਨਾਂ ਸੇਰ ਪਿਊਰੋ ਦਾ ਵਿੰਚੀ ਸੀ ਜਿਹੜਾ ਕਿ ਪੇਸ਼ੇ ਵਜੋਂ ਮਸ਼ਹੂਰ ਵਕੀਲ ਸੀ। ਉਸ ਦੀ ਮਾਤਾ ਦਾ ਨਾਂ ਕੈਟਰੀਨਾ ਸੀ। ਵਿੰਚੀ ਦਾ ਪੂਰਾ ਨਾਂ ਲਿਓਨਾਰਡੋ ਦੀ ਸੇਰ ਪਿਊਰੋ ਵਿੰਚੀ ਸੀ।
ਉਨ੍ਹਾਂ ਦੇ ਗੋਤ ਦਾ ਨਾਮ ਇਸ ਪਿੰਡ ਦੇ ਨਾਮ ’ਤੇ ਹੀ ਰੱਖਿਆ ਗਿਆ ਸੀ। ਉਸ ਕੋਲ ਸਰੀਰਿਕ ਸੁੰਦਰਤਾ ਅਤੇ ਖੁਸ਼ਹਾਲੀ ਦੇ ਨਾਲ-ਨਾਲ ਕੁਦਰਤ ਨੂੰ ਭਰਮਾਉਣ, ਵਿਹਾਰਕਤਾ ਅਤੇ ਬੌਧਿਕ ਵਿਸ਼ਿਆਂ ਵਿਚ ਮੁਹਾਰਤ ਦੇ ਅਨੇਕਾਂ ਗੁਣ ਵੀ ਸਨ। ਉਸ ਨੂੰ ਸੁੰਦਰ-ਸੁੰਦਰ ਕੱਪੜੇ ਪਹਿਨਣ ਦਾ ਵੀ ਬਹੁਤ ਸ਼ੌਕ ਸੀ। ਲਿਓਨਾਰਦੋ ਦ ਵਿੰਚੀ ਆਪਣੀਆਂ ਤਸਵੀਰਾਂ ਲਈ ਵਧੇਰੇ ਜਾਣਿਆ ਜਾਂਦਾ ਹੈ, ਪਰ ਉਹ ਕੇਵਲ ਚਿੱਤਰਕਾਰ ਹੀ ਨਹੀਂ ਸਗੋਂ ਬਹੁਪੱਖੀ ਪ੍ਰਤਿਭਾ ਦਾ ਮਾਲਕ ਸੀ। ਇਕ ਮਹਾਨ ਚਿੱਤਰਕਾਰ ਤੋਂ ਇਲਾਵਾ ਉਹ ਇਕ ਵਿਗਿਆਨੀ, ਇੰਜੀਨੀਅਰ, ਖੋਜਕਾਰ, ਮੂਰਤੀਕਾਰ, ਆਰਕੀਟੈਕਟ, ਸੰਗੀਤਕਾਰ ਅਤੇ ਲੇਖਕ ਵੀ ਸੀ। ਉਸ ਨੂੰ ਕੁਦਰਤ ਬਾਰੇ ਵੱਧ ਤੋਂ ਵੱਧ ਜਾਣਨ ਦੀ ਹਮੇਸ਼ਾਂ ਤਾਂਘ ਰਹਿੰਦੀ ਸੀ।
ਜਦੋਂ ਉਹ 14 ਸਾਲਾਂ ਦਾ ਸੀ ਤਾਂ ਅਚਾਨਕ ਹੀ ਉਸ ਦੇ ਮਨ ਵਿਚ ਮੂਰਤੀਆਂ ਬਣਾਉਣ ਦਾ ਸ਼ੌਕ ਪੈਦਾ ਹੋਇਆ। ਇਸ ਛੋਟੀ ਉਮਰ ਵਿਚ ਉਸ ਨੇ ਅਜਿਹੀਆਂ ਸੁੰਦਰ ਮੂਰਤੀਆਂ ਬਣਾਈਆਂ ਜਿਨ੍ਹਾਂ ਦੀ ਚਾਰੇ ਪਾਸੇ ਬਹੁਚ ਪ੍ਰਸ਼ੰਸਾ ਹੋਈ। ਉਹ ਕੁਦਰਤੀ ਜੀਵਾਂ ਨੂੰ ਬੇਹੱਦ ਪਿਆਰ ਕਰਦਾ ਸੀ, ਇਸ ਲਈ ਉਹ ਸਾਰੀ ਉਮਰ ਹੀ ਸ਼ਾਕਾਹਾਰੀ ਰਿਹਾ। ਉਸ ਦਾ ਮਨ ਪਿੰਜਰੇ ਵਿਚ ਕੈਦ ਪੰਛੀਆਂ ਨੂੰ ਦੇਖ ਕੇ ਬਹੁਤ ਦੁਖੀ ਹੁੰਦਾ, ਇਸ ਕਰਕੇ ਉਹ ਪਿੰਜਰੇ ਵਿਚ ਕੈਦ ਪੰਛੀਆਂ ਨੂੰ ਖ਼ਰੀਦ ਲੈਂਦਾ ਤੇ ਫਿਰ ਉਨ੍ਹਾਂ ਨੂੰ ਆਜ਼ਾਦ ਕਰ ਦਿੰਦਾ। ਉਹ ਸਮਝਦਾ ਸੀ ਕਿ ਇਹ ਜੀਵ ਵੀ ਉਸ ਕੁਦਰਤ ਦੀ ਖੂਬਸੂਰਤ ਰਚਨਾ ਹਨ ਜੋ ਕੁਦਰਤ ਦੀ ਆਜ਼ਾਦ ਹਸਤੀ ਵਿਚ ਹੀ ਸੁੰਦਰ ਲੱਗਦੇ ਹਨ। ਸੋ ਵਿੰਚੀ ਬੜਾ ਰਹਿਮ ਦਿਲ ਇਨਸਾਨ ਸੀ ਜਿਹੜਾ ਪੰਛੀਆਂ ਤੇ ਜਾਨਵਰਾਂ ਨਾਲ ਬਹੁਤ ਸਨੇਹ ਰੱਖਦਾ ਸੀ।
ਉਹ ਛੋਟੀ ਉਮਰ ਤੋਂ ਹੀ ਵਿਭਿੰਨ ਵਿਸ਼ਿਆਂ ਵਿਚ ਰੁਚੀ ਰੱਖਦਾ ਸੀ, ਪਰ ਸੰਗੀਤ, ਪੇਂਟਿੰਗ ਅਤੇ ਮੂਰਤੀਕਾਰੀ ਉਸ ਦੇ ਪ੍ਰਮੁੱਖ ਵਿਸ਼ੇ ਸਨ। ਉਸ ਦਾ ਪਿਤਾ ਲਿਓਨਾਰਦੋ ਦੀ ਇਸ ਰੁਚੀ ਦੀ ਪੂਰਤੀ ਲਈ ਉਸ ਨੂੰ ਪ੍ਰਸਿੱਧ ਕਲਾਕਾਰ ਐਂਦਰਿਆ ਡੇਲ ਵਰੋਸੀਓ ਕੋਲ ਲੈ ਗਿਆ। ਜਿੱਥੇ ਵਿੰਚੀ ਨੇ ਕਲਾ ਦੀਆਂ ਬਾਰੀਕੀਆਂ ਬਾਰੇ ਗਿਆਨ ਹਾਸਲ ਕੀਤਾ।
ਉਨ੍ਹਾਂ ਦੇ ਡਿਜ਼ਾਈਨ ਕੀਤੇ ਸ਼ਹਿਰ, ਨਹਿਰਾਂ, ਬੰਨ੍ਹ ਆਦਿ ਕਾਗਜ਼ਾਂ ’ਤੇ ਉੱਕਰੇ ਹੋਏ ਸਨ। ਬਾਅਦ ਵਿਚ ਵਿਗਿਆਨੀ, ਕਲਾਕਾਰ, ਦਾਰਸ਼ਨਿਕ ਉਸ ਨੂੰ ਆਪਣਾ ਆਦਰਸ਼ ਮੰਨ ਕੇ ਉਸ ਦੁਆਰਾ ਬਣਾਏ ਗਏ ਚਿੱਤਰਾਂ, ਡਿਜ਼ਾਈਨਾਂ, ਮਾਡਲਾਂ ਆਦਿ ਦੀ ਸਹਾਇਤਾ ਨਾਲ ਆਪਣੀਆਂ ਖੋਜਾਂ ਵਿਚ ਸਫਲਤਾ ਪ੍ਰਾਪਤ ਕਰਦੇ। ਜਿਵੇਂ ਕਿ ਪਣਡੁੱਬੀ, ਹੈਲੀਕਾਪਟਰ, ਟੈਂਕ, ਘੁੰਮਣ ਦੀਆਂ ਪੌੜੀਆਂ, ਸਾਫ਼ ਸ਼ਹਿਰ, ਅਸਚਰਜ ਖਿਡੌਣੇ ਆਦਿ ਜਿਹੜੇ ਕਿ ਅੱਜ ਸੱਚ ਸਾਬਤ ਹੋ ਗਏ ਹਨ।
ਗਿੰਨੀਜ਼ ਵਰਲਡ ਰਿਕਾਰਡ ਅਨੁਸਾਰ, ‘ਮੋਨਾਲਿਜ਼ਾ’ ਲਿਓਨਾਰਦੋ ਦੀ ਪੇਂਟਿੰਗ ਪੂਰੇ ਸੰਸਾਰ ਵਿਚ ਸਭ ਤੋਂ ਕੀਮਤੀ ਪੇਂਟਿੰਗ ਹੈ ਜਿਹੜੀ 1911 ਵਿਚ ਪੈਰਿਸ ਵਿਚ ਲੂਵਰ ਅਜਾਇਬ ਘਰ ਤੋਂ ਚੋਰੀ ਹੋਣ ਤੋਂ ਬਾਅਦ ਸਭ ਤੋਂ ਪ੍ਰਸਿੱਧ ਪੇਂਟਿੰਗ ਬਣ ਗਈ ਸੀ। ਸਾਲ 2015 ਵਿਚ ਇਸ ਦੀ ਕੀਮਤ 780 ਮਿਲੀਅਨ ਅਮਰੀਕੀ ਡਾਲਰ ਸੀ ਜਿਹੜੀ ਕਿ ਵਿਸ਼ਵ ਦੀ ਕਿਸੇ ਵੀ ਪੇਂਟਿੰਗ ਤੋਂ ਵਧੇਰੇ ਕੀਮਤ ਰੱਖਦੀ ਹੈ।
ਉਸ ਨੇ ਕੇਵਲ ਮਨੁੱਖ ਦੇ ਬਾਹਰੀ ਰੂਪ ਜਾਂ ਆਕਾਰ ਦੀਆਂ ਤਸਵੀਰਾਂ ਹੀ ਨਹੀਂ ਬਣਾਈਆਂ ਸਗੋਂ ਮਨੁੱਖੀ ਸਰੀਰ ਦੇ ਅੰਦਰੂਨੀ ਹਿੱਸੇ ਦੀਆਂ ਵੀ ਬਿਹਤਰੀਨ ਤਸਵੀਰਾਂ ਬਣਾਈਆਂ ਹਨ। ਕਿਹਾ ਜਾਂਦਾ ਹੈ ਕਿ ਉਹ ਆਪਣੇ ਇਸ ਕਾਰਜ ਲਈ ਕਬਰਸਿਤਾਨ ਜਾ ਕੇ ਮ੍ਰਿਤਕ ਸਰੀਰ ਨੂੰ ਬਾਹਰ ਕੱਢ ਕੇ ਉਨ੍ਹਾਂ ਦਾ ਅਧਿਐਨ ਕਰਦਾ ਸੀ। ਇਸ ਖੋਜ ਕਾਰਜ ਵਿਚ ਲਗਭਗ ਉਸ ਨੇ 30 ਮ੍ਰਿਤਕ ਸਰੀਰਾਂ ਨੂੰ ਬਾਹਰ ਕੱਢਿਆ। ਇਨ੍ਹਾਂ ਮ੍ਰਿਤਕ ਸਰੀਰਾਂ ਦੇ ਗਹਿਰੇ ਅਧਿਐਨ ਦੁਆਰਾ ਉਸ ਨੇ ਮਨੁੱਖੀ ਸਰੀਰ ਦੇ ਹਰੇਕ ਹਿੱਸੇ ਦਾ ਚਿੱਤਰ ਬਣਾਇਆ। ਉਸ ਨੇ ਮਨੁੱਖੀ ਸਰੀਰ ਦੇ ਅੰਦਰੂਨੀ ਭਾਗਾਂ ਦੇ ਲਗਭਗ 200 ਚਿੱਤਰ ਬਣਾਏ।
ਜੇਕਰ ਉਹ ਕਿਸੇ ਇਨਸਾਨ ਦੇ ਚਿਹਰੇ ਦਾ ਚਿੱਤਰ ਬਣਾਉਂਦਾ ਸੀ ਤਾਂ ਉਸ ਲਈ ਉਹ ਸਾਰਾ-ਸਾਰਾ ਦਿਨ ਉਸ ਦੇ ਪਿੱਛੇ ਘੁੰਮਦਾ ਰਹਿੰਦਾ ਸੀ ਤਾਂ ਕਿ ਉਸ ਇਨਸਾਨ ਦਾ ਅਸਲੀ ਚਿਹਰਾ ਚੰਗੀ ਤਰ੍ਹਾਂ ਯਾਦ ਹੋ ਜਾਵੇ। ਫਿਰ ਉਹ ਅਜਿਹਾ ਚਿੱਤਰ ਬਣਾਉਂਦਾ ਕਿ ਇੰਜ ਲੱਗਦਾ ਸੀ ਜਿਵੇਂ ਉਹ ਇਨਸਾਨ ਖ਼ੁਦ ਉਸ ਦੇ ਸਾਹਮਣੇ ਬੈਠਾ ਹੋਵੇ।
ਲਿਓਨਾਰਦੋ ਦ ਵਿੰਚੀ ਨੇ ਅਨੇਕਾਂ ਚਿੱਤਰ ਬਣਾਏ ਜਿਨ੍ਹਾਂ ਵਿਚ ‘ਮੋਨਾਲਿਜ਼ਾ’, ਲੇਡੀ ਏਰਮੀਨ ਨਾਲ, ਲਾਸਟ ਸਪਰ, ਆਰਨੋ ਵੈਲੀ, ਦਿ ਵਿਤਰੂਵਿਅਨ ਮੈਨ, ਸੈਲਫ਼ ਪੋਟਰੇਟ, ਹੈਡ ਆਫ ਏ ਵੂਮੈਨ ਆਦਿ ਪ੍ਰਮੁੱਖ ਚਿੱਤਰ ਹਨ, ਪਰ ਉਸ ਦੁਆਰਾ ਬਣਾਈ ਗਈ ‘ਮੋਨਾਲਿਜ਼ਾ’ ਦੀ ਪੇਂਟਿੰਗ ਸੰਸਾਰ ਭਰ ਵਿਚ ਸਰਵ ਸ੍ਰੇਸ਼ਟ ਮੰਨੀ ਜਾਂਦੀ ਹੈ। ਇਹ ਤੇਲ ਰੰਗਾਂ ਨਾਲ ਲੱਕੜ ’ਤੇ ਬਣਾਈ ਗਈ ਤਸਵੀਰ ਹੈ। ਵਿੰਚੀ ਦੇ ਪ੍ਰਸਿੱਧ ਚਿੱਤਰ ਜ਼ਿਆਦਾਤਰ ਲੱਕੜ ਦੀ ਤਖ਼ਤੀ ’ਤੇ ਬਣਾਏ ਗਏ ਹਨ। ਕਈ ਇਤਿਹਾਸਕਾਰ ਇਹ ਮੰਨਦੇ ਹਨ ਕਿ ਮੋਨਾਲਿਜ਼ਾ, ਵਿੰਚੀ ਦਾ ਖ਼ੁਦ ਦਾ ਪੋਰਟਰੇਟ ਹੈ। ਇਸ ਤਸਵੀਰ ਨੂੰ ਦੇਖਣ ਵਾਲਾ ਇਹ ਸਮਝਦਾ ਹੈ ਕਿ ‘ਮੋਨਾਲਿਜ਼ਾ’ ਉਸ ਵੱਲ ਹੀ ਦੇਖ ਰਹੀ ਹੈ। ਦੂਸਰਾ ਉਸ ਦੀ ਰਹੱਸਮਈ ਮੁਸਕਾਨ ਵਿਅਕਤੀ ਨੂੰ ਉਲਝਣ ਵਿਚ ਪਾ ਦਿੰਦੀ ਹੈ। ਉਸ ਦੁਆਰਾ ਬਣਾਇਆ ਦੂਸਰਾ ਪ੍ਰਸਿੱਧ ਕੰਧ ਚਿੱਤਰ ‘ਦਿ ਲਾਸਟ ਸਪਰ’ ਹੈ। ਜਿਸ ਵਿਚ ਪ੍ਰਭੂ ਯੀਸੂ ਮਸੀਹ ਨੂੰ ਆਪਣੇ ਪੈਰੋਕਾਰਾਂ ਨਾਲ ਅੰਤਿਮ ਭੋਜਨ ਕਰਦੇ ਚਿਤਰਿਆ ਹੈ। ਇਸ ਕੰਧ ਚਿੱਤਰ ਨੂੰ ਵੀ ਉਸ ਨੇ ਬੜੀ ਬਾਰੀਕਬੀਨੀ ਤੇ ਤਨਦੇਹੀ ਨਾਲ ਇਕ ਦੀਵਾਰ ’ਤੇ ਬਣਾਇਆ ਹੈ ਜੋ ਬਿਲਕੁਲ ਅਸਲੀ ਹੋਣ ਦਾ ਭਰਮ ਸਿਰਜਦਾ ਹੈ।
ਲਿਓਨਾਰਦੋ ਦ ਵਿੰਚੀ ਬਾਰੇ ਸਾਨੂੰ ਅਨੇਕਾਂ ਦਿਲਚਸਪ ਤੱਥ ਤੇ ਵਿਚਾਰ ਮਿਲਦੇ ਹਨ ਜਿਨ੍ਹਾਂ ਵਿਚੋਂ ਅਸੀਂ ਕੁੱਝ ਤੱਥਾਂ ਬਾਰੇ ਚਰਚਾ ਕਰਾਂਗੇ :
• ਉਹ ਇਕੋ ਸਮੇਂ ਦੋਵੇਂ ਹੱਥਾਂ ਨਾਲ ਕੰਮ ਕਰ ਸਕਦਾ ਸੀ। ਉਹ ਇਕ ਹੱਥ ਨਾਲ ਲਿਖ ਸਕਦਾ ਸੀ ਅਤੇ ਦੂਜੇ ਨਾਲ ਡਰਾਇੰਗ ਕਰ ਸਕਦਾ ਸੀ।
• ਉਹ ਬਹੁਤ ਆਸਾਨੀ ਨਾਲ ਸ਼ਬਦਾਂ ਨੂੰ ਉਲਟੇ ਕ੍ਰਮ ਵਿਚ ਲਿਖਦਾ ਸੀ। ਜਿਸ ਨੂੰ ਸ਼ੀਸੇ ਦੀ ਸਹਾਇਤਾ ਨਾਲ ਹੀ ਪੜ੍ਹਿਆ ਜਾ ਸਕਦਾ ਸੀ। ਜਿਵੇਂ ਕਿ ਅਸੀਂ ਸ਼ੀਸ਼ੇ ਵਿਚ ਲਿਖਿਆ ਵੇਖ ਸਕਦੇ ਹਾਂ ਅਜਿਹਾ ਉਹ ਉਦੋਂ ਹੀ ਲਿਖਦਾ ਸੀ ਜਦੋਂ ਕੋਈ ਗੁਪਤ ਗੱਲ ਲਿਖਣੀ ਹੋਵੇ।
• ਉਹ ਪਹਿਲਾ ਵਿਅਕਤੀ ਸੀ ਜਿਸ ਨੇ ਆਸਮਾਨ ਦੇ ਰੰਗ ਨੂੰ ਨੀਲੇ ਹੋਣ ਦਾ ਸਹੀ ਕਾਰਨ ਦੱਸਿਆ ਕਿ ਅਜਿਹਾ ਇਸ ਕਾਰਨ ਹੁੰਦਾ ਹੈ ਕਿ ਹਵਾ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੂੰ ਬਿਖੇਰ ਦਿੰਦੀ ਹੈ ਅਤੇ ਨੀਲਾ ਰੰਗ ਬਾਕੀ ਰੰਗਾਂ ਦੇ ਮੁਕਾਬਲੇ ਜ਼ਿਆਦਾ ਫੈਲਦਾ ਹੈ। ਜਿਸ ਕਰਕੇ ਸਾਨੂੰ ਆਕਾਸ਼ ਦਿਨ ਵਿਚ ਨੀਲਾ ਦਿਖਾਈ ਦਿੰਦਾ ਹੈ।
• ਕਲਾ ਕਦੇ ਖ਼ਤਮ ਨਹੀਂ ਹੁੰਦੀ, ਸਿਰਫ਼ ਤਿਆਗ ਦਿੱਤੀ ਜਾਂਦੀ ਹੈ।
• ਜਿੱਥੇ ਆਤਮਾ ਹੱਥਾਂ ਨਾਲ ਕੰਮ ਨਹੀਂ ਕਰਦੀ, ਉੱਥੇ ਕੋਈ ਕਲਾ ਨਹੀਂ ਹੈ।
ਲਿਓਨਾਰਦੋ ਦ ਵਿੰਚੀ ਨੇ 2 ਮਈ 1519 ਨੂੰ ਇਸ ਸੰਸਾਰ ਨੂੰ ਅਲਵਿਦਾ ਕਿਹਾ। ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਸੀ। ਇਸ ਸਬੰਧੀ ਉਹ ਆਖਦੇ ਸਨ ਕਿ ‘ਮੈਂ ਰੱਬ ਅਤੇ ਮਨੁੱਖਜਾਤੀ ਨੂੰ ਨਾਰਾਜ਼ ਕੀਤਾ ਹੈ ਕਿਉਂਕਿ ਮੇਰਾ ਕੰਮ ਉਸ ਪੱਧਰ ’ਤੇ ਨਹੀਂ ਪਹੁੰਚ ਸਕਿਆ ਜਿੱਥੇ ਇਸ ਨੂੰ ਹੋਣਾ ਚਾਹੀਦਾ ਸੀ।’
ਸੋ ਇੰਨਾ ਕੁੱਝ ਕਰਨ ਤੋਂ ਬਾਅਦ ਵੀ ਉਹ ਆਪਣੇ ਜੀਵਨ ਵਿਚ ਕੀਤੇ ਕਾਰਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਹ ਆਪਣੇ ਜੀਵਨ ਵਿਚ ਹੋਰ ਬਹੁਤ ਕੁੱਝ ਕਰਨਾ ਚਾਹੁੰਦੇ ਸਨ। ਉਹ ਮਨੁੱਖ ਨੂੰ ਜ਼ਿੰਦਗੀ ਵਿਚ ਬਿਹਤਰੀਨ ਕਾਰਜ ਕਰਨ ਲਈ ਪ੍ਰੇਰਦੇ ਹਨ। ਉਹ ਅਨੇਕਾਂ ਕਲਾਤਮਕ ਪ੍ਰਤਿਭਾਵਾਂ ਦਾ ਮਾਲਕ ਸੀ।
ਸੰਪਰਕ : 88473-09070