ਜੋਗਿੰਦਰ ਕੌਰ ਅਗਨੀਹੋਤਰੀ
ਸਾਉਣ ਅਜਿਹਾ ਮਹੀਨਾ ਹੈ ਜਿਸ ਨੂੰ ਮਹੀਨਿਆਂ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਸਭ ਲਈ ਖੁਸ਼ੀ ਲੈ ਕੇ ਆਉਂਦਾ ਹੈ। ਇਹ ਕਹਾਵਤ ਆਮ ਹੀ ਵਰਤੀ ਜਾਂਦੀ ਹੈ ਕਿ ਪੁੱਤ ਜੰਮੇ ਦੀ ਇੱਕ ਘਰ ਖ਼ੁਸ਼ੀ ਤੇ ਮੀਂਹ ਪੈਣ ਦੀ ਹਰ ਘਰ ਖ਼ੁਸ਼ੀ। ਹਾੜ੍ਹ ਦੀ ਤਪਸ਼ ਤੋਂ ਬਾਅਦ ਜਦੋਂ ਮੀਂਹ ਪੈਂਦਾ ਹੈ ਤਾਂ ਮਿੱਟੀ ਵਿਚੋਂ ਭਿੰਨੀ ਭਿੰਨੀ ਖੁਸ਼ਬੂ ਆਉਂਦੀ ਹੈ। ਮੀਂਹ ਨਾ ਪੈਣ ’ਤੇ ਲੋਕ ਪੁੰਨ ਦਾਨ ਕਰਦੇ ਹਨ। ਹਵਨ, ਯੱਗ ਵੀ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਪੁਰਾਣੀ ਰੀਤ ਮੁਤਾਬਿਕ ਔਰਤਾਂ ਗੁੱਡੀ ਵੀ ਫੂਕਦੀਆਂ ਹਨ। ਕੱਪੜੇ ਦੀ ਵਧੀਆ ਗੁੱਡੀ ਬਣਾਈ ਜਾਂਦੀ ਹੈ, ਉਸ ਨੂੰ ਖ਼ੂਬ ਸਿ਼ੰਗਾਰਿਆ ਜਾਂਦਾ ਹੈ। ਮਿੱਠੀਆਂ ਰੋਟੀਆਂ, ਮਿੱਠੇ ਚੌਲ ਜਾਂ ਕਣਕ ਦੀਆਂ ਮਿੱਠੀਆਂ ਬੱਕਲੀਆਂ ਬਣਾਈਆਂ ਜਾਂਦੀਆਂ ਹਨ। ਗੁੱਡੀ ਨੂੰ ਕੱਲਰ ਵਿਚ ਲਿਜਾ ਕੇ ਫੂਕਿਆ ਜਾਂਦਾ ਹੈ। ਉਸ ਸਮੇਂ ਗੁੱਡੀ ਫ਼ੂਕਣ ਵੇਲੇ ਇਹ ਉਚਾਰਨ ਕੀਤਾ ਜਾਂਦਾ ਹੈ:
ਜੇ ਗੁੱਡੀਏ ਤੂੰ ਮਰਨਾ ਸੀ
ਛੱਜ ਸਰ੍ਹਾਣੇ ਧਰਨਾ ਸੀ।
ਜੇ ਗੁੱਡੀਏ ਤੂੰ ਮਰਨਾ ਸੀ
ਦਲੀਆ ਕਾਸਨੂੰ ਧਰਨਾ ਸੀ।
ਹਾਇ ਗੁੱਡੀਏ, ਬੂਅ ਗੁੱਡੀਏ
ਛਿੜਕਾ ਛੰਭਾ ਕਰ ਗੁੱਡੀਏ।
ਸਾਉਣ ਮਹੀਨੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਤੀਆਂ ਦੇ ਦਿਨਾਂ ਵਿਚ ਪਿੱਪਲੀਂ ਪੀਂਘਾਂ ਪਾਈਆਂ ਜਾਂਦੀਆਂ ਹਨ। ਕੁੜੀਆਂ ਪੀਂਘਾਂ ਝੂਟਦੀਆਂ ਹਨ ਤੇ ਗਿੱਧਾ ਪਾਉਂਦੀਆਂ ਹਨ। ਸਾਉਣ ਨੂੰ ਹਰ ਕੋਈ ਉਡੀਕਦਾ ਹੈ। ਸਾਉਣ ਮਹੀਨੇ ਬੱਦਲ ਘਿਰ ਘਿਰ ਆਉਂਦੇ ਹਨ। ਜੀਵ-ਜੰਤੂ, ਪਸ਼ੂ-ਪੰਛੀ, ਮਨੁੱਖ ਸਭ ਖ਼ੁਸ਼ ਹੋ ਜਾਂਦੇ ਹਨ। ਗੁਰਬਾਣੀ ਵਿਚ ਵੀ ਲਿਖਿਆ ਹੈ- ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
ਪਪੀਹਾ ਵੀ ਪੀਆ ਕਰਦਾ ਹੈ। ਡੱਡੂ ਵੀ ਮੀਂਹ ਪੈਣ ਦੀ ਖੁਸ਼ੀ ਮਨਾਉਂਦੇ ਹਨ ਤੇ ਟਰੈਂ ਟਰੈਂ ਕਰਦੇ ਹਨ। ਸਭ ਤੋਂ ਵੱਧ ਖ਼ੁਸ਼ੀ ਕਿਸਾਨ ਨੂੰ ਹੁੰਦੀ ਹੈ ਜਿਸ ਨੇ ਫ਼ਸਲ ਬੀਜੀ ਹੁੰਦੀ ਹੈ। ਔੜ ਤੋਂ ਤੰਗ ਹੋ ਕੇ ਬੱਦਲਾਂ ਅੱਗੇ ਹੀ ਫਰਿਆਦ ਕੀਤੀ ਜਾਂਦੀ ਹੈ। ਬੱਦਲਾਂ ਨੂੰ ਵਡਿਆਇਆ ਜਾਂਦਾ ਹੈ। ਕੁੜੀਆਂ ਗਿੱਧਾ ਪਾਉਂਦੀਆਂ ਬੱਦਲ ਨੂੰ ਕਹਿੰਦੀਆਂ ਹਨ:
ਹੋ ਜਾ ਕੱਲਰ ਵਿਚ ਢੇਰੀ
ਬੱਦਲਾ ਸਾਉਣ ਦਿਆ।
ਸਾਉਣ ਦਾ ਬੱਦਲ ਜਦੋਂ ਵਰ੍ਹਦਾ ਹੈ ਤਾਂ ਉਹ ਕਿਸੇ ਤੋਂ ਕੁਝ ਵੀ ਨਹੀਂ ਲੈਂਦਾ। ਉਹ ਤਾਂ ਸਭ ਦੇ ਭਲੇ ਲਈ ਵਰ੍ਹਦਾ ਹੈ। ਆਪਣੇ ਧੀਆਂ ਪੁੱਤਰਾਂ ਲਈ ਕਮਾਈ ਕਰਨ ਵਾਲੇ ਦੀ ਤੁਲਨਾ ਸਾਉਣ ਦੇ ਬੱਦਲ ਨਾਲ ਕੀਤੀ ਜਾਂਦੀ ਹੈ ਜੋ ਦੇ ਕੇ ਲੇਖਾ ਨਹੀਂ ਕਰਦਾ।
ਸਾਉਣ ਮਹੀਨੇ ਨੂੰ ਇਸ ਲਈ ਚੰਗਾ ਮੰਨਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਤਾਂ ਗਰਮੀ ਤੋਂ ਰਾਹਤ ਮਿਲਦੀ ਹੈ। ਦੂਜੇ, ਕੁਦਰਤੀ ਪਾਣੀ ਨਾਲ ਫ਼ਸਲਾਂ ਵਧਦੀਆਂ ਹਨ। ਧਰਤੀ ਦੀ ਪਿਆਸ ਬੁਝਦੀ ਹੈ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਛਾ ਜਾਂਦੀ ਹੈ। ਇਸ ਨਾਲ ਪਸ਼ੂਆਂ ਨੂੰ ਹਰਾ ਘਾਹ ਮਿਲਦਾ ਹੈ ਤੇ ਉਹ ਇਸ ਨਿਆਮਤ ਦਾ ਸਵਾਦ ਲੈਂਦੇ ਹਨ।
45-46 ਸਾਲ ਪਹਿਲਾਂ ਕਿਸਾਨ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਬਰਾਨੀ ਜ਼ਮੀਨਾਂ ਵਿਚ ਮੀਂਹ ਪੈਣ ਤੋਂ ਬਾਅਦ ਮੂੰਗੀ, ਮੋਠ, ਬਾਜਰਾ, ਮੂੰਗਫਲੀ, ਤਿਲ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਫ਼ਸਲਾਂ ਬੀਜ ਲੈਂਦੇ ਸਨ। ਆਮ ਤੌਰ ’ਤੇ ਮਾਂਹ, ਮੋਠ, ਮੂੰਗੀ ਕਪਾਹ ਵਿਚ ਹੀ ਸੀਲ ਦਿੱਤੀ ਜਾਂਦੀ ਸੀ। ਇਹ ਬਰਾਨੀ ਜ਼ਮੀਨਾਂ ਵਿਚ ਵਧੀਆ ਹੁੰਦੀਆਂ ਸਨ। ਅੱਜ ਵਾਂਗ ਟਿਊਬਵੈੱਲ ਨਹੀਂ ਸਨ। ਕੁਝ ਜ਼ਮੀਨਾਂ ਨੂੰ ਹੀ ਪਾਣੀ ਲੱਗਦਾ ਸੀ। ਹੁਣ ਤਾਂ ਥੋੜ੍ਹੀ ਥੋੜ੍ਹੀ ਦੂਰ ਹੀ ਮੋਟਰਾਂ ਹਨ। ਬਰਾਨੀ ਰਕਬਾ ਘੱਟ ਹੈ। ਬਹੁਤ ਸਾਰੀਆਂ ਬਰਾਨੀ ਜ਼ਮੀਨਾਂ ਵਾਹੀਯੋਗ ਬਣਾ ਕੇ ਉਨ੍ਹਾਂ ਵਿਚ ਝੋਨਾ ਲਗਾਇਆ ਜਾਂਦਾ ਹੈ। ਇਸ ਦੇ ਬਾਵਜੂਦ ਸਾਉਣ ਮਹੀਨੇ ਦੀ ਕਦਰ ਘੱਟ ਨਹੀਂ ਹੋਈ। ਇਸ ਦਾ ਅੱਜ ਵੀ ਸਭ ਨੂੰ ਇੰਤਜ਼ਾਰ ਰਹਿੰਦਾ ਹੈ।
ਸਾਉਣ ਮਹੀਨੇ ਮੀਂਹ ਪੈਣ ਤੋਂ ਬਾਅਦ ਮੁੜ ਹੁੰਮਸ ਹੋ ਜਾਂਦੀ ਹੈ ਜਿਸ ਨਾਲ ਤਨ ’ਤੇ ਪਹਿਨੇ ਕੱਪੜੇ ਚਿਪਚਿਪੇ ਹੋ ਜਾਂਦੇ ਹਨ। ਥੋੜ੍ਹਾ ਸਮਾਂ ਪਾਉਣ ਤੋਂ ਬਾਅਦ ਹੀ ਦੁਬਾਰਾ ਨਹਾਉਣ ਅਤੇ ਕੱਪੜੇ ਬਦਲਣ ਨੂੰ ਜੀਅ ਕਰਦਾ ਹੈ। ਇਸ ਬਾਰੇ ਕੁੜੀਆਂ ਇੰਝ ਬੋਲੀ ਪਾਉਂਦੀਆਂ ਹਨ:
ਸਾਉਣ ਦੇ ਮਹੀਨੇ ਜੀਅ ਨਾ ਕਰਦਾ ਕੱਪੜੇ ਪਾਉਣ ਨੂੰ
ਰਾਂਝਾ ਫਿਰੇ ਨੀ ਕਾਲ਼ੀ ਸੂਫ਼ ਸਮਾਉਣ ਨੂੰ।
ਸਾਉਣ ਮਹੀਨੇ ਦੇ ਚਾਨਣੇ ਪੱਖ ਦੀ ਤੀਜ ਨੂੰ ਸੰਧਾਰਾ ਤੀਜ ਵੀ ਕਿਹਾ ਜਾਂਦਾ ਹੈ। ਦੂਜ ਵਾਲੇ ਦਿਨ ਕੁੜੀਆਂ ਮਹਿੰਦੀ ਲਾਉਂਦੀਆਂ ਹਨ। ਕੁੜੀਆਂ ਚੂੜੀਆਂ ਚੜ੍ਹਾਉਂਦੀਆਂ ਹਨ। ਪਹਿਲਾਂ ਇਨ੍ਹਾਂ ਦਿਨਾਂ ਵਿਚ ਵਣਜਾਰੇ ਆਉਂਦੇ ਸਨ। ਉਹ ਵੀਹੀ ਵੀਹੀ ਹੋਕਾ ਦਿੰਦੇ ਸਨ। ਇਸ ਲਈ ਵਣਜਾਰਿਆਂ ਦਾ ਜਿ਼ਕਰ ਵੀ ਲੋਕ ਗੀਤਾਂ ਵਿਚ ਆਉਂਦਾ ਹੈ:
ਆ ਵਣਜਾਰਿਆ ਬਹਿ ਵਣਜਾਰਿਆ
ਕਿੱਥੇ ਨੇ ਤੇਰੇ ਘਰ ਵੇ
ਪਿੰਡ ਦੀਆਂ ਕੁੜੀਆਂ ਫਿਰਨ ਗਿੱਧੇ ਵਿਚ
ਤੁੰ ਫਿਰਦਾ ਦਰ ਦਰ ਵੇ।
ਕਈ ਵਾਰ ਕੁੜੀਆਂ ਕਿਸੇ ਕੁੜੀ ਨੂੰ ਛੇੜਨ ਲਈ ਉਸ ਦੇ ਘਰਵਾਲੇ ਨੂੰ ਕੁਝ ਕਹਿ ਦਿੰਦੀਆਂ ਹਨ। ਅਗਲੀ ਕੁੜੀ ਗੁੱਸਾ ਕਰਨ ਦੇ ਉਲਟ ਬੋਲੀ ਦਾ ਮੋੜਵਾਂ ਜਵਾਬ ਇਸ ਤਰ੍ਹਾਂ ਦਿੰਦੀ ਹੈ:
ਮੇਰੇ ਲਈ ਤਾਂ ਬੜਾ ਸਿਆਣਾ
ਲੋਕਾਂ ਲਈ ਲੜਾਕੂ
ਨੀ ਟਿੱਕੀਆਂ ਦੇ ਗੁੜ ਵਰਗਾ
ਮੇਰੀ ਗੁਰਬਚਨੋਂ ਦਾ ਬਾਪੂ।
ਸੱਸ ਅਤੇ ਨੂੰਹ ਦੇ ਰਿਸ਼ਤੇ ਨੂੰ ਵੀ ਨੋਕ-ਝੋਕ ਤੇ ਰੋਕ-ਟੋਕ ਵਾਲਾ ਹੀ ਮੰਨਿਆ ਗਿਆ ਹੈ। ਫਿਰ ਨਿੰਦਾ ਤਾਂ ਸੁਭਾਵਿਕ ਹੀ ਹੈ ਹਾਲਾਂਕਿ ਜਿੰਨੀ ਰੋਕ-ਟੋਕ ਮਾਂ ਆਪਣੀ ਧੀ ਦੀ ਕਰਦੀ ਹੈ, ਓਨੀ ਹੋਰ ਕੋਈ ਨਹੀਂ ਕਰਦਾ। ਮਾਂ ਪਿਆਰ ਬਹੁਤ ਕਰਦੀ ਹੈ ਪਰ ਘੁਮਿਆਰ ਦੇ ਘੜੇ ਨੂੰ ਸੰਵਾਰਨ ਵਾਂਗ ਅੰਦਰੋਂ ਸਹਾਰਾ ਦਿੰਦੀ ਹੈ ਤੇ ਉੱਤੋਂ ਮੱਠਾ ਮੱਠਾ ਕੁੱਟਦੀ ਹੈ। ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ। ਅੱਜ ਕੱਲ੍ਹ ਤਾਂ ਸੱਸਾਂ ਨੂੰਹਾਂ ਦੀਆਂ ਨੂੰਹਾਂ ਬਣ ਕੇ ਦਿਨ ਕੱਟਦੀਆਂ ਹਨ।
ਸਾਉਣ ਮਹੀਨੇ ਤੀਆਂ ਲੱਗਦੀਆਂ ਹਨ। ਕੁੜੀਆਂ ਇਕੱਠੀਆਂ ਹੋ ਕੇ ਪਿੱਪਲੀਂ ਪੀਂਘਾਂ ਪਾ ਕੇ ਝੂਟਦੀਆਂ ਹਨ। ਗਿੱਧਾ ਪਾਉਂਦੀਆਂ ਹਨ। ਕੁਆਰੀਆਂ ਕੁੜੀਆਂ ਤਾਂ ਇਕੱਠੀਆਂ ਹੁੰਦੀਆਂ ਹੀ ਹਨ, ਵਿਆਹੀਆਂ ਕੁੜੀਆਂ ਵੀ ਉਚੇਚੇ ਤੌਰ ’ਤੇ ਪੇਕੇ ਘਰ ਆਉਂਦੀਆਂ ਹਨ। ਸੱਜ ਵਿਆਹੀਆਂ ਨੂੰ ਪਹਿਲੀਆਂ ਤੀਆਂ ਲਈ ਵਿਸ਼ੇਸ਼ ਤੌਰ ’ਤੇ ਲਿਆਂਦਾ ਜਾਂਦਾ ਹੈ। ਉਨ੍ਹਾਂ ਵਾਸਤੇ ਸਹੁਰਿਆਂ ਵੱਲੋਂ ਸੰਧਾਰਾ ਭੇਜਿਆ ਜਾਂਦਾ ਹੈ। ਇਸ ਸੰਧਾਰੇ ਵਿਚ ਸੂਟ, ਮਿਠਾਈ ਅਤੇ ਗਹਿਣੇ ਤਾਂ ਭੇਜੇ ਹੀ ਜਾਂਦੇ ਹਨ ਤੇ ਨਾਲ ਹੀ ਰੰਗੀਨ ਫੱਟੀ ਤੇ ਲੱਜ (ਵੱਡਾ ਮੋਟਾ ਰੱਸਾ) ਪੀਂਘ ਲਈ ਭੇਜੇ ਜਾਂਦੇ ਹਨ। ਇਕੱਠੀਆਂ ਹੋ ਕੇ ਕੁੜੀਆਂ ਆਪਣੇ ਮਨ ਦੇ ਵਲਵਲਿਆਂ ਦਾ ਇਜ਼ਹਾਰ ਕਰਦੀਆਂ ਹਨ। ਸਹੁਰੇ ਘਰ ਦੀ ਬਦਖੋਹੀ ਵੀ ਕਰਦੀਆਂ ਹਨ। ਕੁੜੀਆਂ ਵੀ ਇੱਕ ਦੂਜੀ ਨੂੰ ਛੇੜਨ ਲਈ ਬੋਲੀ ਪਾ ਦਿੰਦੀਆਂ ਹਨ:
ਦੀਪ ਕੁੜੀ ਨੇ ਸੁੱਥਣ ਸਮਾਈ
ਗੋਡਿਆਂ ਕੋਲੋਂ ਤੰਗ
ਨੀ ਵਡਿਆਈਆਂ ਕਰਦੀ ਐ
ਸਹੁਰੇ ਤੇਰੇ ਨੰਗ।
ਸੱਸ ਨੂੰ ਨਿੰਦਣਾ ਆਸਾਨ ਹੈ ਪਰ ਮਾਂ ਨੂੰ ਨਿੰਦਣਾ ਔਖਾ। ਮਾਵਾਂ ਧੀਆਂ ਲੜ ਕੇ ਵੀ ਕਿਸੇ ਨੂੰ ਭੇਤ ਨਹੀਂ ਦਿੰਦੀਆਂ। ਸੱਸ ਦੀ ਬੁਰਾਈ ਕਰਨ ਦਾ ਰਵੀਰਾ ਚੱਲਦਾ ਹੀ ਆ ਰਿਹਾ ਹੈ। ਲੋਕ ਗੀਤਾਂ ਵਿਚ ਇਸ ਬਾਰੇ ਇੰਝ ਕਿਹਾ ਗਿਆ ਹੈ:
ਨੀ ਮੈਂ ਸੱਸ ਕੁੱਟਣੀ
ਕੁੱਟਣੀ ਸੰਦੂਕਾਂ ਓਹਲੇ।
ਜਾਂ
ਮਾਪਿਆਂ ਨੇ ਰੱਖੀ ਲਾਡਲੀ
ਅੱਗੇ ਸੱਸ ਬਘਿਆੜੀ ਟੱਕਰੀ।
ਇਸ ਮਹੀਨੇ ਘਰ ਘਰ ਗੁਲਗੁਲੇ, ਪੂੜੇ ਪੱਕਦੇ ਹਨ, ਖੀਰ ਰਿੱਝਦੀ ਹੈ। ਸਾਉਣ ਮਹੀਨੇ ਖੀਰ ਖਾਣੀ ਚੰਗੀ ਸਮਝੀ ਜਾਂਦੀ ਹੈ; ਤਾਂ ਹੀ ਕਿਹਾ ਗਿਆ ਹੈ:
ਕਿਉਂ ਆਇਆ ਅਪਰਾਧੀਆ
ਤੂੰ ਸਾਵਣ ਖੀਰ ਨਾ ਖਾਧੀਆ
ਕਿੱਥੋਂ ਖਾਵਾਂ ਪਾਪਣੇ
ਘਰ ਹੈ ਨਹੀਂ ਆਪਣੇ।
ਇਸ ਮਹੀਨੇ ਵਿਚ ਕੁੜੀਆਂ ਮੌਜ ਮਨਾਉਂਦੀਆਂ ਹਨ। ਉਹ ਬੱਦਲ ਵਰ੍ਹਨ ਬਾਰੇ ਇੰਝ ਕਹਿੰਦੀਆਂ ਹਨ:
ਸਾਉਣ ਦੇ ਮਹੀਨੇ ਮੰਜੇ ਡਾਹੀਏ ਨਾ ਵੇ ਜੋੜ ਕੇ।
ਬੱਦਲ ਚੜ੍ਹ ਕੇ ਆਜੂ ਪਾਣੀ ਲੈਜੂਗਾ ਵੇ ਰੋੜ੍ਹ ਕੇ।
ਜਦੋਂ ਬੱਦਲ ਚੜ੍ਹ ਕੇ ਆਉਂਦਾ ਹੈ ਤਾਂ ਸਭ ਦੇ ਮੂੰਹ ’ਤੇ ਖੇੜਾ ਆ ਜਾਂਦਾ ਹੈ। ਬੱਦਲ ਚੜ੍ਹਿਆ ਦੇਖ ਕੇ ਮੋਰ ਬਾਵਰੇ ਹੋ ਜਾਂਦੇ ਹਨ। ਉਹ ਉੱਚੀ ਉੱਚੀ ਘਿਆਕੋ ਘਿਆਕੋ ਕੂਕਦੇ ਹਨ। ਅੱਜ ਕੱਲ੍ਹ ਮੋਰਾਂ ਦੀ ਗਿਣਤੀ ਬਹੁਤ ਘਟ ਗਈ ਹੈ। ਮੋਰ ਬੋਲਦੇ ਸਭ ਨੂੰ ਚੰਗੇ ਲਗਦੇ ਹਨ ਜਦਕਿ ਬਿੰਡੇ (ਬੀਂਡੇ) ਦੀ ਲਗਾਤਾਰ ਟੀਂ ਟੀਂ ਤੋਂ ਸਭ ਅੱਕ ਜਾਂਦੇ ਹਨ। ਸਾਉਣ ਮਹੀਨੇ ਔਰਤ ਨੂੰ ਆਪਣੇ ਪੇਕੇ ਜਾਣ ਦੀ ਚਾਹਨਾ ਹੁੰਦੀ ਹੈ। ਉਹ ਚਾਹੁੰਦੀ ਹੈ ਕਿ ਤੀਆਂ ਦੇ ਦਿਨਾਂ ਵਿਚ ਉਹ ਸਹੇਲੀਆਂ ਨੂੰ ਮਿਲ ਲਵੇਗੀ ਤੇ ਆਪਣਾ ਦੁੱਖ-ਸੁੱਖ ਸਾਂਝਾ ਕਰੇਗੀ। ਉਹ ਆਪਣੇ ਪਤੀ ਨੂੰ ਮਨਾਉਣ ਦੀ ਹਰ ਸੰਭਵ ਕੋਸਿ਼ਸ਼ ਕਰਦੀ ਹੈ ਪਰ ਜੇ ਉਹ ਉਸ ਦੀ ਗੱਲ ਨਹੀਂ ਮੰਨਦਾ ਤਾਂ ਉਸ ਅੰਦਰ ਅਜਿਹੇ ਭਾਵ ਪੈਦਾ ਹੋ ਜਾਂਦੇ ਹਨ ਜੋ ਲੋਕ ਗੀਤਾਂ ਵਿਚ ਪ੍ਰਗਟ ਕੀਤੇ ਜਾਂਦੇ ਹਨ। ਫਿਰ ਭੜਾਸ ਇੰਝ ਕੱਢੀ ਜਾਂਦੀ ਹੈ:
ਬਾਗ਼ਾਂ ਦੇ ਵਿਚ ਮੋਰ ਬੋਲਦੇ
ਵਣ ਵਿਚ ਬੋਲੇ ਬਿੰਡਾ
ਘਸੁੰਨ ਤੇਰੀ ਮਿੰਨਤ ਕਰਾਂ
ਮੈਨੂੰ ਪੇਕੇ ਜਾਣ ਨਾ ਦਿੰਦਾ।
ਸਾਉਣ ਮਹੀਨੇ ਰੱਖੜੀ ਦਾ ਤਿਉਹਾਰ ਵੀ ਆਉਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਸੋ ਸਾਉਣ ਦਾ ਮਹੀਨਾ ਰੰਗਲਾ ਹੈ। ਇਸ ਮਹੀਨੇ ਤਾਂ ਮੱਝਾਂ ਗਾਵਾਂ ਵੀ ਖ਼ੁਸ਼ੀ ਵਿਚ ਨੱਚਦੀਆਂ ਹਨ। ਤੀਆਂ ਵਿਚ ਜਾ ਕੇ ਕੁੜੀਆਂ ਮਸਤ ਹੋ ਜਾਂਦੀਆਂ ਹਨ। ਉਹ ਐਨੀਆਂ ਚਾਂਭਲ ਜਾਂਦੀਆਂ ਹਨ ਕਿ ਆਉਂਦੇ ਜਾਂਦੇ ਰਾਹੀਆਂ ਨੂੰ ਵੀ ਛੇੜਦੀਆਂ ਹਨ:
ਅਣਦਾੜ੍ਹੀਆ ਸੁੱਕਾ ਨਾ ਲੰਘ ਜਾਵੇ
ਨੀ ਲੜ ਜਾਂ ਭਰਿੰਡ ਬਣ ਕੇ।
ਜੇ ਕੋਈ ਔਰਤ ਵੀ ਕੋਲ਼ੋਂ ਦੀ ਚੁੱਪ ਕਰਕੇ ਲੰਘ ਜਾਵੇ ਤਾਂ ਕੁੜੀਆਂ ਉਸ ਨੂੰ ਵੀ ਛੇੜ ਲੈਂਦੀਆਂ ਹਨ:
ਹਾਰ ਪਾਈ ਜਾਨੀ ਐਂ,
ਹਮੇਲ ਪਾਈਂ ਜਾਨੀ ਐਂ।
ਤੈਨੂੰ ਕੋਈ ਮੋਹ ਲੂ ਨੀ
ਪ੍ਰੇਮ ਹੋਈ ਜਾਨੀ ਐਂ।
ਇਹੋ ਜਿਹੀਆਂ ਬੋਲੀਆਂ ਉਦਾਸ ਨੂੰ ਵੀ ਖ਼ੁਸ਼ ਕਰ ਦਿੰਦੀਆਂ ਹਨ। ਸ਼ਾਲਾ! ਇਹ ਸਾਉਣ ਦਾ ਮਹੀਨਾ ਸਭ ਲਈ ਖ਼ੁਸ਼ੀਆਂ ਲੈ ਕੇ ਆਵੇ।
*ਪਿੰਡ ਤੇ ਡਾਕਘਰ ਕੋਟਲੱਲੂ ਜਿ਼ਲ੍ਹਾ ਮਾਨਸਾ।
ਸੰਪਰਕ: 94178-40323