ਕਰਨੈਲ ਸਿੰਘ ਸੋਮਲ
ਕਦੇ ਕਦੇ ਮਨੁੱਖ ਦਾ ਉਦਾਸ ਹੋਣਾ ਸੁਭਾਵਿਕ ਹੈ, ਜਿਵੇਂ ਦਮ ਭਰਨ ਲਈ ਜ਼ਰਾ ਰੁਕ ਜਾਈਦਾ ਹੈ। ਉਂਜ ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀਆਂ ਫੁਹਾਰਾਂ ਵੀ ਪੈਂਦੀਆਂ ਰਹਿੰਦੀਆਂ ਹਨ, ਪਰ ਹਰ ਸਮੇਂ ਨਹੀਂ। ਇਤਿਹਾਸ ਵਿੱਚ ਅਨੇਕਾਂ ਅਜਿਹੇ ਦੌਰ ਆਏ ਜਿਨ੍ਹਾਂ ਦੇ ਪ੍ਰਭਾਵਾਂ ਦੀ ਹਾਲਤ ਉਦਾਸ ਰੁੱਤ ਵਜੋਂ ਜਾਣੀ ਗਈ। ਸਾਡੇ ਨੇੜਲੇ ਅਤੀਤ ਵਿੱਚ ਸੰਤਾਲੀ ਤੇ ਚੁਰਾਸੀ ਦੇ ਦੁਖਾਂਤ ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਕਿਸ ਨੂੰ ਭੁੱਲਦੀਆਂ ਹਨ? ਹੁਣ ਕਰੋਨਾ ਦੀ ਅਚਨਚੇਤ ਪਈ ਮਾਰ ਕਾਰਨ ਇੱਕ ਹੋਰ ਉਦਾਸੀ ਦੀ ਰੁੱਤ ਆ ਜੁੜੀ ਹੈੈ। ਪਿੰਡ ਵਿੱਚ ਰਹਿੰਦਿਆਂ ਵੇਖੀਦਾ ਜਦੋਂ ਇੱਕ ਦੋ ਜਵਾਨ ਮੌਤਾਂ ਉੱਪਰਥਲੀ ਹੋ ਜਾਂਦੀਆਂ ਤਾਂ ਉਦਾਸੀ ਛਾ ਜਾਂਦੀ ਹੈ। ਮਕਾਣਾਂ, ਸਿਆਪਿਆਂ ਤੇ ਕੀਰਨਿਆਂ ਵਿੱਚ ਮੁਸਕਰਾਉਣਾ, ਹੱਸਣਾ ਜਾਣੋ ਭੁੱਲ ਜਾਂਦਾ ਹੈ।
ਕੁਦਰਤ ਦੇ ਨੇਮ ਅਨੁਸਾਰ ਹਾਲਤਾਂ ਬਦਲਦੀਆਂ ਰਹਿੰਦੀਆਂ ਹਨ। ਜਿਨ੍ਹਾਂ ਘਰਾਂ ਵਿੱਚ ਕਦੇ ਸੱਥਰ ਵਿਛੇ ਹੁੰਦੇ ਹਨ, ਉੱਥੇ ਵਕਤ ਬੀਤਣ ’ਤੇ ਵਿਆਹ ਦੇ ਗੀਤ ਗਾਏ ਜਾਂਦੇ ਹਨ। ਉਦਾਸੀ ਦੀ ਰੁੱਤ ਨੇ ਵੀ ਸਦਾ ਨਹੀਂ ਰਹਿਣਾ ਹੁੰਦਾ। ਨਾਲੇ ਇੱਕੋ ਰੁੱਤ ਵਿੱਚ ਵੀ ਮੌਸਮ ਬਦਲੀ ਜਾਂਦੇ ਹਨ। ਜਿਹੜਾ ਕੋਈ ਦੁੱਖਾਂ ਦਾ ਭੰਨਿਆ ਮੰਜਾ ਫੜ ਕੇ ਪਿਆ ਹੁੰਦਾ ਹੈ, ਕਿਸੇ ਪਲ ਉਹ ਵੀ ਉੱਠ ਉੱਦਮ ਦਾ ਪੱਲਾ ਫੜ ਲੈਂਦਾ ਹੈ। ਸੁਚੇਤ ਹੋ ਕੇ ਜ਼ਰਾ ਸੋਚੀਏ, ਦਿਨ-ਰਾਤ ਦੇ ਚੌਵੀ ਘੰਟਿਆਂ ਵਿੱਚ ਅਨੇਕਾਂ ਰੌਆਂ ਆਉਂਦੀਆਂ ਜਾਂਦੀਆਂ ਹਨ। ਕਦੇ ਸੋਹਣੇ, ਉੱਡਣੇ ਖ਼ਿਆਲਾਂ ਦਾ ਜਮ-ਘਟਾ ਵੀ ਹੋਣ ਲੱਗਦਾ ਹੈ। ਹੜ੍ਹਾਂ ਦੀ ਮਾਰ ਪੈਣ ’ਤੇ ਥੋੜ੍ਹੀ ਦੇਰ ਦਿਲਗੀਰ ਰਹਿਣ ਪਿੱਛੋਂ ਕਿਸਾਨ ਜ਼ਮੀਨ ਦੀ ਵੱਤਰ ਵੇਖ ਉਸ ਨੂੰ ਮੁੜ ਵਾਹੁੰਦਾ ਤੇ ਬੀਜਦਾ ਹੈ। ਤਦ ਜੰਮਦਾ ਹਰ ਬੀਜ ਕੁਦਰਤ ਦਾ ਸੁਨੇਹਾ ਲੈ ਕੇ ਆਉਂਦਾ ਹੈ ਕਿ ਸਿਰਜਣਾ ਦਾ ਸਿਲਸਿਲਾ ਆਰੰਭ ਤੋਂ ਅਰੋਕ ਚੱਲਦਾ ਆਇਆ ਹੈ, ਕਦੇ ਉਦਾਸ ਨਹੀਂ ਹੋਣਾ।
ਉਦਾਸੀ ਦੇ ਹੋਣ ਨੂੰ ਮੰਨਣਾ ਵੀ ਹਾਂ-ਵਾਚੀ ਸੰਕੇਤ ਹੈ। ਮਨੁੱਖ ਦੇ ਬਣਾਏ ਘਰ ਸ਼ੁਰੂ ਤੋਂ ਢੱਠਦੇ ਵੀ ਆਏ ਹਨ। ਕਮਾਲ ਇਹ ਕਿ ਉਨ੍ਹਾਂ ਦੇ ਪੁਨਰ ਨਿਰਮਾਣ ਦਾ ਖ਼ਿਆਲ ਵੀ ਨਾਲੇ ਤੁਰ ਪੈਂਦਾ ਹੈ। ਅਕਸਰ, ਮੁੜ ਬਣਿਆ ਮਕਾਨ ਪਹਿਲੇ ਨਾਲੋਂ ਚੰਗੇਰਾ ਹੁੰਦਾ ਹੈ। ਸਭਿਅਤਾ ਦਾ ਵਿਕਾਸ ਇਵੇਂ ਹੁੰਦਾ ਆਇਆ ਹੈ। ਨਿਤ ਜੀਵਨ ਵਿੱਚ ਹੀ ਵੇਖੀਏ ਕਿ ਜਦੋਂ ਕੱਪੜੇ ਮੈਲੇ ਹੋ ਜਾਂਦੇ ਹਨ, ਤਦ ਉਨ੍ਹਾਂ ਨੂੰ ਪਰ੍ਹਾਂ ਵਗਾਹ ਮਾਰਨ ਦੀ ਥਾਂ ਧੋਣ ਵੱਲ ਤੁਰਿਆ ਜਾਂਦਾ ਹੈ। ਫਿਰ ਆਖੀਦਾ ਹੈ, ਵੇਖੋ ਕਿੰਨੇ ਨਿੱਖਰੇ ਹਨ। ਮੁੜ ਮੁੜ ਧੋ ਕੇ ਵਰਤਦਿਆਂ ਹੀ ਮਨੁੱਖ ਦਾ ਗੁਜ਼ਾਰਾ ਹੁੰਦਾ ਆਇਆ ਹੈ। ‘ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ’। ਮਨ ਦੀ ਉਦਾਸੀ ਵੀ ਧੋਤੀ ਜਾ ਸਕਦੀ ਹੈ, ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ।
ਮੇਰਾ ਨਿੱਜੀ ਅਨੁਭਵ ਹੈ ਕਿ ਸਵੇਰੇ ਸੁਵਖਤੇ ਖਿੜਕੀਆਂ ਦੇ ਪਰਦੇ ਪਰਾਂ ਕਰੀਏ, ਜਾਂ ਬੂਹੇ-ਬਾਰੀਆਂ ਖੋਲ੍ਹੀਏ ਤਾਂ ਅੰਦਰ ਆਉਂਦੇ ਚਾਨਣ ਦੇ ਹੜ੍ਹ ਨੂੰ ਤੱਕਦਿਆਂ ਮੂੰਹ ਵਿੱਚੋਂ ਆਪ-ਮੁਹਾਰੇ ‘ਵਾਹ! ਵਾਹ!’ ਨਿਕਲਦਾ ਹੈ। ਇਵੇਂ ਹੀ, ਰਾਤ ਨੂੰ ਅਸਮਾਨ ਤਾਰਿਆ ਨਾਲ ਭਰਿਆ ਹੁੰਦਾ ਹੈ। ਆਦਿ ਪੁਰਖ ਦੇ ਦਿਨਾਂ ਤੋਂ ਸਾਡੇ ਪੂਰਵ ਜਨ ਇਹ ਅਲੌਕਿਕ ਨਜ਼ਾਰੇ ਦੇਖਦੇ ਨਿਹਾਲ ਹੁੰਦੇ ਆਏ ਹਨ। ਇਨ੍ਹਾਂ ਦਾ ਜਾਦੂਈ ਪ੍ਰਭਾਵ ਸਾਡੀ ਬੋਲੀ, ਇਸ ਦੇ ਲੋਕ-ਗੀਤਾਂ ਤੇ ਕਥਾ ਕਹਾਣੀਆਂ ਵਿੱਚ ਹੁਣ ਵੀ ਜਗਦਾ ਪ੍ਰਤੀਤ ਹੁੰਦਾ ਹੈ। ਕਿਸੇ ਹਸਪਤਾਲ ਦਾ ਦ੍ਰਿਸ਼ ਮੇਲੇ ਜਿਹਾ ਤਾਂ ਨਹੀਂ ਹੁੰਦਾ, ਪਰ ਕਿਸੇ ਫੁੱਲ ਜਾਂ ਵੇਲ-ਪੱਤੀ ਦੇ ਚਿੱਤਰ ਕੰਧ ਉੱਤੇ ਵੇਖਣ ਨੂੰ ਜਦੋਂ ਮਿਲਦੇ ਹਨ, ਡਾਢਾ ਸੁਖਾਵਾਂ ਅਹਿਸਾਸ ਹੁੰਦਾ ਹੈ। ਘਰੋਂ ਬਾਹਰ ਕਦੇ ਵੀ ਵੇਖ ਸਕੀਏ ਹਰਿਆਵਲ ਦੀਆਂ ਝਾਤਾਂ ਨਜ਼ਰੀਂ ਪੈਂਦੀਆਂ ਹਨ। ਸੁਹਜ-ਪਸੰਦ ਸੁਆਣੀਆਂ ਵਿਹੜੇ ਦੇ ਕਿਸੇ ਖੂੰਜੇ ਫੁੱਲ-ਬੂਟੇ ਪਾਲ ਲੈਂਦੀਆਂ ਹਨ। ਇੰਜ ਘਰ ਹੋਰ ਦਾ ਹੋਰ ਪ੍ਰਭਾਵ ਦੇਣ ਲੱਗਦਾ ਹੈ। ਕੁਦਰਤ ਦੀ ਨੇੜਤਾ ਕਦੇ ਉਦਾਸ ਨਹੀਂ ਹੋਣ ਦਿੰਦੀ। ਹਰ ਤਰ੍ਹਾਂ ਦੇ ਮੌਸਮ ਆਉਂਦੇ ਹਨ, ਪਰ ਫੁੱਲ ਕਦੇ ਖਿੜਨਾ ਨਹੀਂ ਭੁੱਲਦੇ।
ਆਲੇ-ਦੁਆਲੇ ਦੇ ਨਿੱਕੇ-ਨਿੱਕੇ ਦ੍ਰਿਸ਼ ਸਾਡੀ ਮਾਨਸਿਕ ਅਵਸਥਾ ਨੂੰ ਚੜ੍ਹਤ ਵਿੱਚ ਰੱਖਦੇ ਹਨ। ਸਕੂਲ ਨੂੰ ਪੜ੍ਹਨ ਜਾਂਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਤੱਕਣਾ ਹੁਲਾਸ ਦਾ ਸਬੱਬ ਬਣਦਾ ਹੈ। ਕੰਮ ਵਿੱਚ ਖੁੱਭੇ ਕਾਮਿਆਂ ਨੂੰ ਵੇਖਦਿਆਂ ਵੀ ਚਾਅ ਚੜ੍ਹਦਾ ਹੈ। ਪਿੰਡ ਦੇ ਜੰਮ-ਪਲਾਂ ਨੇ ਬੀੜਾਂ ਵਿੱਚ ਚਰਦੇ ਚੌਣੇ ਵੇਖੇ ਹਨ। ਹਰ ਗਾਂ, ਮੱਝ, ਕੱਟੀ ਜਾਂ ਵੱਛੀ ਨੂੰ ਵੇਖਣ ਵਾਲਾ ਜਾਣੋ ਕੀਲਿਆ ਜਾਂਦਾ ਹੈ। ਜਿਨ੍ਹਾਂ ਨੇ ਡੰਗਰ ਚਾਰੇ ਹਨ, ਉਹ ਜਾਣਦੇ ਹਨ ਕਿ ਚਰਦਾ ਡੰਗਰ ਹੈ, ਪਰ ਰੱਜ ਚਰਾਵਾ ਮਹਿਸੂਸ ਕਰਦਾ ਹੈ। ਸਾਵਣ ਦੇ ਮਹੀਨੇ ਜਦੋਂ ਘਟਾਵਾਂ ਚੜ੍ਹ ਚੜ੍ਹ ਆਉਂਦੀਆਂ ਹਨ, ਪਾਲੀ ਮੁੰਡੇ ਅਨੁਮਾਨ ਲਾਉਂਦੇ ਹਨ ਕਿ ਕਿਹੜੇ ਪਾਸੇ ਮੀਂਹ ਪੈ ਰਿਹਾ ਹੈ ਤੇ ਕਿੱਧਰ ਪੈਣ ਵਾਲਾ ਹੈ। ਆਲੇ-ਦੁਆਲੇ ਨੂੰ ਨੀਝ ਨਾਲ ਘੋਖਦੇ ਤੇ ਪਲ ਪਲ ਬਦਲਦੇ ਕੁਦਰਤ ਦੇ ਰੰਗਾਂ ਨੂੰ ਮਾਣਦੇ, ਉਹ ਹੇਕਾਂ ਲਾਉਣ ਲੱਗਦੇ ਹਨ।
ਉਦਾਸੀ ਦੇ ਅਣਦਿੱਸਦੇ ਜਾਲੇ ਜਿਹੇ ਲਾਹੁਣ ਲਈ ਹਰ ਕੋਈ ਆਪ ਜੁਗਤਾਂ ਕਿਉਂ ਨਾ ਲੱਭੇ? ਅਨੁਭਵ ਦੱਸਦਾ ਹੈ ਕਿਸੇ ਦੀ ਸੱਚੀ ਸਿਫ਼ਤ ਕੀਤੀ ਜਾਵੇ ਤਾਂ ਉਸ ਦੇ ਹੋਰ ਬਹੁਤ ਸਾਰੇ ਗੁਣ ਧਿਆਨ ਵਿੱਚ ਆਉਣ ਲੱਗਦੇ ਹਨ। ਇਵੇਂ, ਸਾਨੂੰ ਖੇੜੇ ਵਿੱਚ ਲਿਆਉਣ ਵਾਲਾ ਸਾਡੇ ਆਲੇ-ਦੁਆਲੇ ਵਿੱਚ ਬੜਾ ਕੁਝ ਮਿਲੀ ਜਾਂਦਾ ਹੈ। ਆਪੇ ਨੂੰ ਖ਼ੁਦ ਤੋਂ ਜ਼ਿਆਦਾ ਕੌਣ ਜਾਣਦਾ ਹੁੰਦੈ। ਕੋਈ ਨ੍ਹਾ-ਧੋ ਕੇ ਟਹਿਕਣ ਲੱਗਦਾ ਹੈ। ਸੁਆਣੀਆਂ ਘਰ ਦੀ ਸਫ਼ਾਈ ਕਰਦੀਆਂ ਤੇ ਘਰ ਦੀਆਂ ਵਸਤਾਂ ਨੂੰ ਹੋਰ ਸੋਹਣੀ ਤਰਤੀਬ ਵਿੱਚ ਰੱਖਦਿਆਂ ਆਪਣੀ ਹਿੰਮਤ ਤੇ ਹੁਨਰ ਤੋਂ ਹੁਲਾਸੀਆਂ ਜਾਂਦੀਆਂ ਹਨ। ਕਿਰਤੀ ਲੋਕਾਂ ਨੂੰ ਮਿਲਦਿਆਂ, ਉਨ੍ਹਾਂ ਦਾ ਨਿਰਛਲ ਵਿਚਰਨ ਵੇਖਦਿਆਂ, ਮਨ ਦੀ ਉਦਾਸੀ ਦੀਆਂ ਪੇਪੜੀਆਂ ਪਤਾ ਨਹੀਂ ਕਦੋਂ ਲਹਿ ਜਾਂਦੀਆਂ ਹਨ। ਨਿਸ਼ਚੇ ਹੀ ਬੰਦੇ ਦੇ ਆਪਣੇ ਯਤਨ ਉਦਾਸੀ ਦੇ ਸੰਤਾਪ ਵਿੱਚੋਂ ਉੱਭਰਨ ਪੱਖੋਂ ਖ਼ਾਸ ਅਰਥ ਰੱਖਦੇ ਹਨ।
ਸੰਪਰਕ: 98141-57137