ਡਾ. ਰਣਜੀਤ ਸਿੰਘ
ਕੁਦਰਤ ਨੇ ਸੰਸਾਰ ਵਿਚ ਜੀਵਾਂ ਦੇ ਜੀਵਨ ਲਈ ਹਵਾ, ਪਾਣੀ ਅਤੇ ਧਰਤੀ ਦੀ ਬਖਸ਼ਿਸ਼ ਕੀਤੀ। ਇਨ੍ਹਾਂ ਤਿੰਨਾਂ ਤੋਂ ਬਗੈਰ ਜੀਵਨ ਅਸੰਭਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਗੁਰੂ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਧਰਤੀ ਜੀਵਾਂ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਮਨੁੱਖ ਦੀਆਂ ਮੁੱਢਲੀਆਂ ਲੋੜਾਂ ਰੋਟੀ, ਕਪੜਾ ਅਤੇ ਮਕਾਨ ਧਰਤੀ ਕੋਲੋਂ ਹੀ ਪ੍ਰਾਪਤ ਹੁੰਦੇ ਹਨ। ਧਰਤੀ ਦੇ ਪੌਦੇ ਅਤੇ ਰੁੱਖ ਹੀ ਹਵਾ ਦੀ ਸ਼ੁੱਧਤਾ ਬਣਾਈ ਰੱਖਦੇ ਹਨ। ਧਰਤੀ ਦੀ ਹਿੱਕ ਵਿਚੋਂ ਹੀ ਸਾਰੀਆਂ ਕੀਮਤੀ ਧਾਤਾਂ ਜਿਵੇਂ ਹੀਰੇ, ਜਵਾਹਰ, ਸੋਨਾ, ਚਾਂਦੀ, ਕਾਂਸੀ, ਪਿਤਲ, ਲੋਹਾ ਆਦਿ ਪ੍ਰਾਪਤ ਹੁੰਦੇ ਹਨ। ਇਸੇ ਤਰ੍ਹਾਂ ਮਨੁੱਖੀ ਕਾਰ ਵਿਹਾਰ ਚਲਾਉਣ ਲਈ ਕੋਲਾ ਤੇ ਪੈਟਰੋਲ ਵੀ ਇਸੇ ਵਿਚੋਂ ਪ੍ਰਾਪਤ ਹੁੰਦੇ ਹਨ। ਕੁਦਰਤ ਨੇ ਆਪਣੀ ਕਾਇਨਾਤ ਦੀ ਸਾਂਭ ਸੰਭਾਲ ਲਈ ਇਨ੍ਹਾਂ ਤਿੰਨਾਂ ਦੀ ਲੋੜ
ਅਨੁਸਾਰ ਬਖਸ਼ਿਸ਼ ਕੀਤੀ ਹੈ। ਇਨ੍ਹਾਂ ਦਾ ਸੰਤੁਲਨ ਬਣਾਈ ਰੱਖਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਇਸੇ ਕਰਕੇ ਲੋਕ ਧਰਤੀ ਨੂੰ ਮਾਤਾ ਸਮਝਦੇ ਸਨ ਤੇ ਮਾਂ ਵਾਂਗ ਹੀ ਇਸ ਦੀ ਪੂਜਾ ਕਰਦੇ ਸਨ। ਇਨਸਾਨ ਤਾਂ ਕੀ ਜਾਨਵਰ ਵੀ ਆਪਣੀ ਮਾਂ ਅਤੇ ਧਰਤੀ ਦੇ ਮੋਹ ਵਿਚ ਬੱਝੇ ਹੋਏ ਹਨ। ਇਹੋ ਮੋਹ ਹੀ ਆਪਸੀ ਪਿਆਰ, ਸਤਿਕਾਰ ਤੇ ਭਾਈਚਾਰੇ ਦਾ ਅਧਾਰ ਬਣਦਾ ਹੈ। ਇਨਸਾਨ ਕਿਤੇ ਵੀ ਚਲਾ ਜਾਵੇ, ਆਪਣੀ ਮਾਂ ਅਤੇ ਆਪਣੀ ਮਿੱਟੀ ਦਾ ਮੋਹ ਕਦੇ ਨਹੀਂ ਭੁੱਲਦਾ।
ਸਮੇਂ ਨਾਲ ਮਨੁੱਖੀ ਗਿਆਨ ਵਿਗਿਆਨ ਵਿਚ ਚੋਖਾ ਵਾਧਾ ਹੋਇਆ ਹੈ ਜਿਸ ਸਦਕਾ ਮਨੁੱਖ ਨੇ ਵਿਕਾਸ ਦੀਆਂ ਬੜੀ ਤੇਜ਼ੀ ਨਾਲ ਪੁਲਾਂਘਾਂ ਪੁੱਟੀਆਂ ਹਨ। ਇਸ ਗਿਆਨ ਵਿਗਿਆਨ ਦੀ ਸਦੀ ਵਿਚ ਨਵੇਂ ਗਿਆਨ ਸਹਾਰੇ ਮਨੁੱਖ ਧਰਤੀ, ਪਾਣੀ ਤੇ ਹਵਾ ਦੀ ਮਹੱਤਤਾ ਤੋਂ ਵਧੇਰੇ ਜਾਗਰੂਕ ਹੋਣਾ ਚਾਹੀਦਾ ਸੀ ਪਰ ਅਫਸੋਸ! ਹੋ ਇਸ ਦੇ ਉਲਟ ਰਿਹਾ ਹੈ। ਜਿਥੇ ਪਿਛਲੀ ਸਦੀ ਦਾ ਮਨੁੱਖ ਵਿਗਿਆਨ ਵਿਚ ਪਿਛੇ ਸੀ ਪਰ ਉਹ ਇਨ੍ਹਾਂ ਦੀ ਮਹੱਤਤਾ ਤੋਂ ਜਾਣੂ ਸੀ। ਇਨ੍ਹਾਂ ਤਿੰਨਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦਾ ਸੀ। ਇਸੇ ਕਰਕੇ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਕੁਦਰਤ ਨੇ ਸਾਰੀਆਂ ਮਨੁੱਖੀ ਲੋੜਾਂ ਦੀ ਪੂਰਤੀ ਦਾ ਪ੍ਰਬੰਧ ਕੀਤਾ ਹੋਇਆ ਹੈ। ਪਹਿਲਾਂ ਇਨਸਾਨ ਇਸ ਤੋਂ ਜਾਣੂ ਸਨ ਤੇ ਆਪਣੀ ਹਰ ਲੋੜ ਇਥੋਂ ਹੀ ਪੂਰੀ ਕਰਦੇ ਹਨ। ਹਰ ਬਿਮਾਰੀ ਦੇ ਇਲਾਜ ਲਈ ਜੜ੍ਹੀ ਬੂਟੀਆਂ ਦੀ ਭਰਮਾਰ ਸੀ ਪਰ ਹੁਣ ਨਵੀਂ ਇਲਾਜ ਪ੍ਰਣਾਲੀ ਵਿਚ ਇਨ੍ਹਾਂ ਦੀ ਅਣਦੇਖੀ ਕਰਕੇ ਰਸਾਇਣਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਧਰਤੀ ਤੇ ਪਾਣੀ ਦੀ ਪਵਿੱਤਰਤਾ ਨੂੰ ਤਬਾਹ ਕਰਨ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ। ਖੇਤਾਂ ਵਿਚ ਕੰਮ ਕਰਦਿਆਂ ਜੇ ਖੁਰਪੇ, ਦਾਤਰੀ ਜਾਂ ਕਹੀ ਨਾਲ ਹਥ ਪੈਰ ਉਤੇ ਜ਼ਖ਼ਮ ਹੋ ਜਾਣਾ, ਪੈਰ ਵਿਚ ਹਲ ਦਾ ਫਾਲਾ ਵਜ ਜਾਣਾ ਤਾਂ ਝੱਟ ਮਿੱਟੀ ਦੀ ਮੁੱਠੀ ਉਤੇ ਪਾ ਦਿੱਤੀ ਜਾਂਦੀ ਸੀ। ਇਸ ਨਾਲ ਖੂਨ ਵਗਣਾ ਹੀ ਬੰਦ ਨਹੀਂ ਸੀ ਹੁੰਦਾ ਸਗੋਂ ਜ਼ਖ਼ਮ ਵੀ ਆਪੇ ਹੀ ਠੀਕ ਹੋ ਜਾਂਦਾ ਸੀ। ਹੁਣ ਅਸੀਂ ਮਿੱਟੀ ਦੀ ਪਵਿੱਤਰਤਾ ਨੂੰ ਇਤਨਾ ਵਿਗਾੜ ਦਿੱਤਾ ਹੈ ਕਿ ਜ਼ਖ਼ਮ ਉਤੇ ਮਿੱਟੀ ਲਗਣ ਨਾਲ ਇਹ ਹੋਰ ਖਰਾਬ ਹੋ ਜਾਂਦਾ ਹੈ ਤੇ ਸਰੀਰ ਵਿਚ ਜ਼ਹਿਰ ਫੈਲਣ ਦਾ ਡਰ ਬਣ ਜਾਂਦਾ ਹੈ।
ਪਾਣੀ ਦੀ ਪਵਿੱਤਰਤਾ ਦਾ ਵੀ ਇਹੋ ਹਾਲ ਸੀ। ਸਾਡੇ ਨਦੀਆਂ ਨਾਲੇ ਇਤਨੇ ਪਲੀਤ ਹੋ ਗਏ ਹਨ ਕਿ ਇਨ੍ਹਾਂ ਵਿਚ ਜੀਵ ਜੰਤੂਆਂ ਨੂੰ ਵੀ ਸਾਹ ਲੈਣਾ ਔਖਾ ਹੋ ਗਿਆ ਹੈ। ਧਰਤੀ ਦੀ ਕੁੱਖ ਵਿਚ ਪਏ ਪਾਣੀ ਨੂੰ ਗੰਧਲਾ ਕਰ ਦਿੱਤਾ ਹੈ। ਹਵਾ ਨੂੰ ਪ੍ਰਦੂਸ਼ਿਤ ਕਰਨ ਵਿਚ ਵੀ ਅਸੀਂ ਕੋਈ ਕਸਰ ਨਹੀਂ ਛੱਡੀ। ਆਪਣੇ ਸੁੱਖ ਆਰਾਮ ਦੀ ਖਾਤਰ ਅਸੀਂ ਹਵਾ ਗੰਧਲੀ ਕਰ ਦਿੱਤੀ ਹੈ ਅਤੇ ਆਲਮੀ ਤਪਸ਼ ਵਿਚ ਵਾਧਾ ਕਰ ਰਹੇ ਹਾਂ। ਕਈ ਥਾਈਂ ਤਾਂ ਸਾਹ ਲੈਣਾ ਵੀ ਔਖਾ ਹੈ। ਇੰਝ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹਾਂ। ਪਹਿਲਾਂ ਲੋਕਾਂ ਵਿਚ ਸਬਰ ਸੰਤੋਖ ਸੀ, ਉਹ ਸੱਚ ਉਤੇ ਪਹਿਰਾ ਦਿੰਦੇ ਸਨ, ਇਕ ਦੂਜੇ ਦੀ ਮਦਦ ਕਰਨਾ ਆਪਣਾ ਧਰਮ ਸਮਝਦੇ ਹਨ। ਬਾਕੀ ਜੀਵ ਜੰਤੂਆਂ ਦਾ ਵੀ ਖਿਆਲ ਰੱਖਿਆ ਜਾਂਦਾ ਸੀ। ਇਥੋਂ ਤਕ ਕਿ ਕਣਕ ਦੀ ਵਾਢੀ ਕਰਦੇ ਸਮੇਂ ਖੇਤ ਦੀ ਇਕ ਨੁਕਰੇ ਪੰਛੀਆਂ ਲਈ ਫਸਲ ਖੜ੍ਹੀ ਰਹਿਣ ਦਿੱਤੀ ਜਾਂਦੀ ਸੀ। ਪਸ਼ੂ ਪੰਛੀਆਂ ਦੇ ਪੀਣ ਲਈ ਦਾ ਪ੍ਰਬੰਧ ਕੀਤਾ ਜਾਂਦਾ ਸੀ। ਹੁਣ ਤਾਂ ਅਸੀਂ ਪੰਛੀਆਂ ਨੂੰ ਆਲ੍ਹਣੇ ਬਣਾਉਣ ਲਈ ਰੁੱਖ ਹੀ ਨਹੀਂ ਰਹਿਣ ਦਿੱਤੇ ਅਤੇ ਜੰਗਲਾਂ ਦੀ ਇਸ ਤਰ੍ਹਾਂ ਤਬਾਹੀ ਕੀਤੀ ਹੈ ਕਿ ਜੰਗਲੀ ਜੀਵਾਂ ਦਾ ਰਹਿਣਾ ਔਖਾ ਹੋ ਗਿਆ ਹੈ। ਪਸ਼ੂ ਪੰਛੀਆਂ ਦੀਆਂ ਬਹੁਤ ਸਾਰੀਆਂ ਜਾਤੀਆਂ ਲੋਪ ਹੋ ਰਹੀਆਂ ਹਨ।
ਮਨੁੱਖੀ ਗਿਆਨ ਵਿਚ ਹੋਏ ਵਾਧੇ ਨਾਲ ਮਨੁੱਖ ਚੰਗਾ ਬਣਨ ਦੀ ਥਾਂ ਲਾਲਚੀ ਹੋ ਰਿਹਾ ਹੈ। ਉਸ ਦੀ ਹਿਰਸ ਵਿਚ ਵਾਧਾ ਹੋ ਰਿਹਾ ਹੈ। ਆਪਣੇ ਸੁਖ ਆਰਾਮ ਲਈ ਉਹ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਕਰ ਰਿਹਾ ਹੈ। ਉਹ ਇਹ ਭੁੱਲ ਰਿਹਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਰਾਹਾਂ ਵਿਚ ਕੰਡੇ ਬੀਜ ਰਿਹਾ ਹੈ। ਉਸ ਨੂੰ ਇਹ ਵੀ ਯਾਦ ਨਹੀਂ ਕਿ ਜਿਸ ਹਵਾ, ਪਾਣੀ ਅਤੇ ਧਰਤੀ ਨੂੰ ਉਹ ਗੰਦਾ ਕਰ ਰਿਹਾ ਹੈ, ਉਹ ਆਪ ਵੀ ਇਸੇ ਵਿਚ ਰਹਿੰਦਾ ਹੈ। ਇਸ ਦਾ ਅਸਰ ਪੈ ਰਿਹਾ ਹੈ। ਨਵੀਆਂ ਤੇ ਘਾਤਕ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਇਨ੍ਹਾਂ ਦਾ ਸ਼ਿਕਾਰ ਕੇਵਲ ਗਰੀਬ ਹੀ ਨਹੀਂ ਹੋ ਰਹੇ ਸਗੋਂ ਅਮੀਰ ਵੀ ਇਨ੍ਹਾਂ ਦੀ ਜਕੜ ਵਿਚ ਆ ਰਹੇ ਹਨ। ਕੇਵਲ, ਹਵਾ, ਪਾਣੀ ਅਤੇ ਧਰਤੀ ਹੀ ਪ੍ਰਦੂਸ਼ਿਤ ਨਹੀਂ ਹੋ ਰਹੇ ਸਗੋਂ ਸ਼ੁੱਧ ਭੋਜਨ ਦੀ ਪ੍ਰਾਪਤੀ ਵੀ ਮੁਸ਼ਕਿਲ ਹੋ ਰਹੀ ਹੈ। ਮਨੁੱਖ ਆਪਣੇ ਆਪ ਤੱਕ ਸੀਮਤ ਹੋ ਰਿਹਾ ਹੈ ਤੇ ਕੁਦਰਤ ਨਾਲੋਂ ਉਸ ਦਾ ਰਿਸ਼ਤਾ ਟੁੱਟ ਰਿਹਾ ਹੈ। ਉਹ ਇਕੱਲਤਾ ਦਾ ਵੀ ਸ਼ਿਕਾਰ ਹੋ ਗਿਆ ਹੈ। ਕੁਦਰਤ ਦੇ ਅਨੰਦ ਦੀ ਘਾਟ ਪੂਰੀ ਉਹ ਆਪਣੇ ਸਿਰਜੇ ਸੁੱਖ ਸਾਧਨਾਂ ਨਾਲ ਕਰਨ ਦਾ ਯਤਨ ਕਰ ਰਿਹਾ ਹੈ ਜਿਸ ਵਿਚ ਉਸ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਰਹੀ। ਕੁਦਰਤ ਤੋਂ ਦੂਰੀ, ਕੁਦਰਤ ਨਾਲ ਖਿਲਵਾੜ ਅਤੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਹੋ ਰਹੀ ਵਰਤੋਂ ਨਿਤ ਨਵੇਂ ਸੰਕਟ ਪੈਦਾ ਕਰ ਰਹੀ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਕੁਝ ਸਾਲਾਂ ਤੱਕ ਲੋਕਾਂ ਨੂੰ ਪੀਣ ਲਈ ਸਵੱਛ ਪਾਣੀ ਮਿਲਣਾ ਵੀ ਮੁਸ਼ਕਿਲ ਹੋ ਜਾਵੇਗਾ, ਹਵਾ ਪ੍ਰਦੂਸ਼ਣ ਅਨੇਕਾਂ ਬਿਮਾਰੀਆਂ ਵਿਚ ਵਾਧਾ ਕਰੇਗਾ ਅਤੇ ਵਧ ਰਹੀ ਆਲਮੀ ਤਪਸ਼ ਸਮੁੰਦਰਾਂ ਵਿਚ ਉਥਲ ਪੁਥਲ ਸ਼ੁਰੂ ਕਰ ਦੇਵੇਗੀ। ਇਹ ਮੰਨਿਆ ਜਾਂਦਾ ਹੈ ਕਿ ਧਰਤੀ ਉਤੇ ਕੋਈ 91000 ਜੀਵ ਜੰਤੂ ਅਤੇ 45000 ਵੱਖੋ ਵੱਖਰੀ ਕਿਸਮ ਦੇ ਰੁੱਖ ਬੂਟੇ ਹਨ। ਧਰਤੀ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਸਾਰਿਆਂ ਦਾ ਯੋਗਦਾਨ ਹੈ ਪਰ ਮਨੁੱਖ ਇਨ੍ਹਾਂ ਨੂੰ ਬੇਰਿਹਮੀ ਨਾਲ ਖਤਮ ਕਰ ਰਿਹਾ ਹੈ। ਮਨੁੱਖ ਧਰਤੀ ਨੂੰ ਬਰਬਾਦ ਕਰ ਰਿਹਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖ ਨੇ ਹਵਾ, ਪਾਣੀ ਅਤੇ ਧਰਤੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ, ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਹੋ ਰਹੀ ਵਰਤੋਂ ਭਵਿੱਖ ਵਿਚ ਮਨੁੱਖੀ ਜੀਵਨ ਨੂੰ ਮੁਸ਼ਕਿਲ ਕਰ ਦੇਵੇਗੀ ਪਰ ਜੇ ਹੁਣ ਵੀ ਸੰਭਲਿਆ ਜਾਵੇ ਤਾਂ ਬਹੁਤ ਕੁਝ ਸੁਧਾਰਿਆ ਜਾ ਸਕਦਾ ਹੈ। ਨਾਗਰਿਕਾਂ ਨੂੰ ਫ਼ਰਜ਼ਾਂ ਬਾਰੇ ਸੁਚੇਤ ਕਰਨ ਦੀ ਲੋੜ ਹੈ। ਰੁੱਖਾਂ ਦੀ ਕਟਾਈ ਰੋਕੀ ਜਾਵੇ। ਨਵੇਂ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਰਾਖੀ ਕਰਨਾ ਹਰ ਨਾਗਰਿਕ ਆਪਣਾ ਫ਼ਰਜ਼ ਸਮਝੇ। ਪਾਣੀਆਂ ਨੂੰ ਗੰਦਾ ਕਰਨ ਤੋਂ ਸੰਕੋਚ ਕਰੀਏ। ਕਾਰਖਾਨਿਆਂ, ਘਰਾਂ ਅਤੇ ਹੋਰ ਗੰਦਗੀ ਨੂੰ ਵਗਦੇ ਪਾਣੀਆਂ ਵਿਚ ਨਾ ਪਾਇਆ ਜਾਵੇ। ਪਲਾਸਟਿਕ ਦੀ ਹੋ ਰਹੀ ਵਰਤੋਂ ਨੂੰ ਰੋਕਿਆ ਜਾਵੇ। ਮੁਲਕ ਵਿਚ ਕੋਈ 60 ਲੱਖ ਟਨ ਪਲਾਸਟਿਕ ਦਾ ਕਚਰਾ ਹਰ ਸਾਲ ਧਰਤੀ ਦੀ ਹਿਕ ਵਿਚ ਪੈਂਦਾ ਹੈ। ਸੀਵਰੇਜ ਦੇ ਪਾਣੀ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਖੇਤ ਵਿਚ ਰਸਾਇਣਾਂ ਦੀ ਘਟ ਤੋਂ ਘਟ ਵਰਤੋਂ ਕੀਤੀ ਜਾਵੇ।
ਕੁਦਰਤ ਨੇ ਸਾਨੂੰ ਸੁੰਦਰ ਧਰਤੀ ਦੀ ਬਖਸ਼ਿਸ਼ ਕੀਤੀ ਹੈ। ਇਥੇ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਦਾ ਪ੍ਰਬੰਧ ਕੀਤਾ ਹੈ ਕਿਉਂਕਿ ਇਸ ਧਰਤੀ ਉਤੇ ਕੁਦਰਤ ਆਪ ਵਾਸ ਕਰਦੀ ਹੈ। ਕੁਦਰਤ ਨਾਲ ਜੇ ਪ੍ਰੇਮ ਕਰਾਂਗੇ ਤਾਂ ਜੀਵਨ ਦੇ ਸਾਰੇ ਸੁੱਖ ਪ੍ਰਾਪਤ ਹੋਣਗੇ। ਆਓ ਸਾਰੇ ਪ੍ਰਣ ਕਰੀਏ ਕਿ ਧਰਤੀ ਨੂੰ ਸਾਫ ਰੱਖਾਂਗੇ, ਇਸ ਦੀ ਰਾਖੀ ਲਈ ਪੂਰੇ ਯਤਨ ਕਰਾਂਗੇ।
ਸੰਪਰਕ: 94170-87328