ਰਾਜੇਸ਼ ਸ਼ਰਮਾ
ਮੈਥੀਅਸ ਐਨਾਅ ਖ਼ਾਮੋਸ਼ੀਆਂ ਦੇ ਤਲਿਸਮ ਦਾ ਬੁਣਕਰ ਹੈ। ਬਿਨਾ ਲਿਖੇ ਕਹਿਣ ਵਾਲਾ। ਫ਼ਰਾਂਸੀਸੀ ਭਾਸ਼ਾ ਵਿਚ ਲਿਖਦਾ ਹੈ। ਗੱਲਬਾਤ ਫ਼ਾਰਸੀ ਅਤੇ ਅਰਬੀ ਵਿਚ ਵੀ ਕਰਦਾ ਹੈ। ਯੂਰੋਪ ਅਤੇ ਮੱਧ-ਪੂਰਬ ਦੇ ਦੇਸ਼ਾਂ ਵਿਚ ਪੜ੍ਹਾਉਂਦਾ ਰਿਹਾ ਹੈ। ਇਸ ਨਾਵਲਕਾਰ ਦੀ ਕਲਾ ਦਾ ਘੇਰਾ ਭੂ-ਮੱਧ ਸਾਗਰ ਜਿੰਨਾ ਵਿਸ਼ਾਲ, ਅਮੀਰ ਅਤੇ ਬਹੁ-ਪਰਤੀ ਹੈ।
‘‘ਪਾਓ ਬਾਤ ਜੰਗਾਂ, ਬਾਦਸ਼ਾਹਾਂ ਤੇ ਹਾਥੀਆਂ ਦੀ’’। ਐਨਾਅ ਨੇ ਇਸ ਨਿੱਕੇ, ਕੋਮਲ ਅਤੇ ਡੂੰਘੇ ਨਾਵਲ ਦਾ ਸਿਰਲੇਖ ਰੁਡਯਾਡ ਕਿਪਲਿੰਗ ਤੋਂ ਲਿਆ ਹੈ। ਪੂਰੇ ਵਾਕ ਵਿਚ ਕਿਪਲਿੰਗ ਕਹਿੰਦਾ ਹੈ, ‘‘ਪਰ ਮੁਹੱਬਤ ਦੀ ਗੱਲ ਅਤੇ ਹੋਰ ਬਾਤਾਂ ਛੱਡ ਨਾ ਦੇਈਓ।’’ ਐਨਾਅ ਕਿਪਲਿੰਗ ਦਾ ਪਿਆਰਾ ਹੁਕਮ ਕਬੂਲ ਕਰਦਾ ਹੈ। ਯੂਰੋਪੀ ਪੁਨਰ-ਜਾਗਰਣ ਦਾ ਮਹਾਨ ਕਲਾਕਾਰ ਮਾਇਕਲਐਂਜਲੋ ਪੋਪ ਦੇ ਰਵੱਈਏ ਤੋਂ ਖ਼ਫ਼ਾ ਹੋ ਕੇ ਰੋਮ ਛੱਡ ਇਸਤੰਬੁਲ ਜਾ ਵੱਸਿਆ ਹੈ। ਇਹ ਉਸ ਵਾਸ ਅਤੇ ਪਰਵਾਸ ਦੀ ਕਹਾਣੀ ਹੈ। ਉਂਗਲਾਂ ’ਤੇ ਗਿਣੇ ਜਾਣ ਵਾਲੇ ਤੱਥਾਂ ਉੱਪਰ ਐਨਾਅ ਪੰਜ ਸੌ ਵਰ੍ਹੇ ਪੁਰਾਣੀ ਦੁਨੀਆਂ ਮੁੜ ਸਿਰਜਦਾ ਹੈ।
ਮਾਇਕਲਐਂਜਲੋ ਦੀ ਉਮਰ ਅਜੇ ਤੀਹ ਸਾਲ ਵੀ ਨਹੀਂ, ਪਰ ਉਹ ਸੰਗਮਰਮਰ ਦੇ ਸ਼ਾਹਕਾਰ ਡੇਵਿਡ ਦੀ ਰਚਨਾ ਕਰ ਚੁੱਕਾ ਹੈ। ਲੋਕਾਂ ਨੇ ਉਸ ਉੱਪਰ ਪਿਆਰ ਅਤੇ ਸਤਿਕਾਰ ਦਾ ਮੀਂਹ ਵਰ੍ਹਾ ਦਿੱਤਾ ਹੈ। ਇਸਤੰਬੁਲ ਦਾ ਸੁਲਤਾਨ ਉਸ ਨੂੰ 900 ਫੁੱਟ ਲੰਮੇ ਇਕ ਖ਼ੂਬਸੂਰਤ ਪੁਲ ਦਾ ਡਿਜ਼ਾਈਨ ਬਣਾਉਣ ਦਾ ਸੱਦਾ ਦਿੰਦਾ ਹੈ। ਇਹ ਪੁਲ ਸ਼ਹਿਰ ਦੇ ਪੂਰਬ ਅਤੇ ਪੱਛਮ ਨੂੰ ਜੋੜਗਾ। ਮਾਇਕਲਐਂਜਲੋ ਨੂੰ ਬੇਸ਼ੁਮਾਰ ਦੌਲਤ ਅਤੇ ਸ਼ੋਹਰਤ ਮਿਲੇਗੀ, ਪੋਪ ਹੱਥੋਂ ਮੁੜ ਜ਼ਲੀਲ ਹੋਣ ਤੋਂ ਮੁਕਤੀ ਤਾਂ ਮਿਲੇਗੀ ਹੀ। ਇਕ ਗੱਲ ਹੋਰ, ਸਭ ਤੋਂ ਵੱਡੀ। ਲਿਓਨਾਰਦੋ ਦਾ ਬਣਾਇਆ ਮਾਡਲ ਨਾਮਨਜ਼ੂਰ ਹੋ ਚੁੱਕਾ ਹੈ। ਲਿਓਨਾਰਦੋ ਮਾਇਕਲਐਂਜਲੋ ਨਾਲੋਂ ਵੀਹ ਸਾਲ ਵੱਡਾ ਹੈ ਤੇ ਉਸ ਨਾਲ ਈਰਖਾ ਕਰਦਾ ਹੈ। ਜੇ ਮਾਇਕਲਐਂਜਲੋ ਦਾ ਬਣਾਇਆ ਮਾਡਲ ਸੁਲਤਾਨ ਨੂੰ ਪਸੰਦ ਆ ਜਾਏ ਤਾਂ ਲਿਓਨਾਰਦੋ ਦੀ ਪਿੱਠ ਲੱਗ ਜਾਵੇਗੀ।
ਮਾਇਕਲਐਂਜਲੋ ਢੋ ਲਾ ਕੇ ਬੈਠਾ ਹੋਇਆ ਹੀ ਸੌਂਦਾ ਹੈ, ਲੇਟਦਾ ਨਹੀਂ। ਲੇਟਿਆ ਹੋਇਆ ਬੰਦਾ ਉਸ ਨੂੰ ਮੌਤ ਦੀ ਮੂਰਤ ਲੱਗਦਾ ਹੈ। ਪਰ ਮੌਤ ਤੋਂ ਬਿਨਾਂ, ਜੀਵਨ ਦੀ ਪੂਰਣਤਾ ਕਿਵੇਂ ਸੰਭਵ ਹੈ? ਕਲਾ ਆਰ-ਪਾਰ ਦੀ ਯਾਤਰਾ ਹੈ। ਮੌਤ ਨਾਲ ਮਿਲਣਾ ਅੰਤਿਮ ਭੈਅ ਤੋਂ ਮੁਕਤੀ ਦਿੰਦਾ ਹੈ। ਨਿਰਭੈਤਾ ਕਲਾ ਨੂੰ ਸਮੁੱਚਤਾ ਬਖ਼ਸ਼ਦੀ ਹੈ।
ਲਾਵਾਰਸ ਮੁਰਦਿਆਂ ਦੀ ਚੀਰ-ਫਾੜ ਕਰਕੇ ਮਾਇਕਲਐਂਜਲੋ ਜਿਸਮ ਦੇ ਬੇਅੰਤ ਰੰਗਾਂ ਅਤੇ ਮੌਸਮਾਂ ਨੂੰ ਸਮਝਣ ਦਾ ਯਤਨ ਕਰਦਾ ਹੈ। ਲਿਓਨਾਰਦੋ ਵੀ ਇੰਝ ਕਰਦਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਮੋਨਾਲਿਜ਼ਾ ਦੀ ਮੁਸਕਰਾਹਟ ਨੂੰ ਉਸ ਦਾ ਸੱਚ ਦੇਣ ਖਾਤਰ ਉਸ ਨੇ 20 ਸਾਲ ਬਾਅਦ ਤਸਵੀਰ ਵਿਚਲੀ ਧੌਣ ਦੁਬਾਰਾ ਪੇਂਟ ਕੀਤੀ ਸੀ। ਚਮੜੀ ਹੇਠਾਂ, ਧੌਣ ਤੋਂ ਹੋਠਾਂ ਤੱਕ ਪਸਰੇ ਚੋਰ-ਰਸਤਿਆਂ ਨੂੰ ਦੇਖ ਲੈਣ ਬਾਅਦ ਉਸਨੂੰ ਲੱਗਿਆ ਸੀ ਕਿ ਹੋਠਾਂ ਦੀ ਮੁਸਕਾਨ ਗਰਦਨ ਦੇ ਲੈਂਡਸਕੇਪ ਵਿਚ ਉਦੈ ਹੁੰਦੀ ਨਜ਼ਰ ਆਉਣੀ ਚਾਹੀਦੀ ਹੈ।
ਮੌਤ ਦੇ ਭੈਅ ਤੋਂ ਮੁਕਤੀ ਦੀ ਯਾਤਰਾ ਮਾਇਕਲਐਂਜਲੋ ਨੂੰ ਇਕ ਦਿਨ ਉਸ ਥਾਂ ਲੈ ਜਾਂਦੀ ਹੈ ਜਿੱਥੇ ਇਕ ਮੁਜਰਮ ਨੂੰ ਮੌਤ ਦੀ ਸਜ਼ਾ ਮਿਲਣੀ ਹੈ। ਜਨਤਾ ਸਾਹਮਣੇ ਉਸ ਦੀ ਧੌਣ ਵੱਢੀ ਜਾਣੀ ਹੈ। ਫੇਰ ਇਕ ਰਾਤ ਉਹ ਉਸ ਔਰਤ ਦਾ ਕਤਲ ਹੁੰਦਾ ਵੇਖੇਗਾ ਜੋ ਸ਼ਾਇਦ ਉਸ ਨੂੰ ਚਾਹੁੰਦੀ ਸੀ। ਉਹ ਦੇਰ ਤੱਕ ਫਰਸ਼ ਉੱਪਰ ਪਈ ਉਸ ਦੀ ਨੰਗੀ ਲਾਸ਼ ਨੂੰ ਤੱਕਦਾ ਰਹੇਗਾ।
ਜਦੋਂ ਉਸ ਨੇ ਉਸ ਔਰਤ ਦੀ ਗੀਤ ਅਤੇ ਨ੍ਰਿਤ ਦੀ ਪੇਸ਼ਕਾਰੀ ਦੇਖੀ ਸੀ, ਉਹ ਉਸ ਦੇ ਹੱਥਾਂ ਨੂੰ ਚਿਹਰਿਆਂ ਵਾਂਗ ਤੱਕਦਾ ਰਿਹਾ ਸੀ। ਹੱਥਾਂ ਦੀ ਬਣਤਰ ਵਿਚ ਉਸ ਔਰਤ ਦੀ ਹੋਂਦ ਦੇ ਪ੍ਰਗਟਾਵੇ ਨੂੰ ਸਮਝਣ ਦਾ ਜਤਨ ਕਰਦਾ ਹੋਇਆ। ਤੇ ਉਹ ਰਹੱਸਮਈ ਔਰਤ ਇਸ ਕਲਾਕਾਰ ਵਿਚ ਝਲਕਦੀ ਦ੍ਰਿਸ਼ਟੀ ਦੀ ਸੂਖ਼ਮਤਾ ਅਤੇ ਨਜ਼ਾਕਤ ਨੂੰ ਦੇਖਦੀ ਰਹੀ ਸੀ, ਜਿਵੇਂ ਮਾਇਕਲਐਂਜਲੋ ਆਪ ਹੀ ਆਪਣੇ ਆਪ ਨੂੰ ਉਸ ਔਰਤ ਦੀਆਂ ਅੱਖਾਂ ਵਿਚੋਂ ਦੇਖ ਰਿਹਾ ਹੋਵੇ।
ਇੰਜ ਐਨਾਅ ਕਈ ਪੁਲ ਸਿਰਜਦਾ ਚਲਾ ਜਾਂਦਾ ਹੈ ਜੋ ਆਰ ਨੂੰ ਪਾਰ ਨਾਲ ਜੋੜਦੇ ਹਨ। ਸੰਗਮਰਮਰ, ਮਾਇਕਲਐਂਜਲੋ ਦੀ ਸਿਰਜਣਾ ਦੀ ਪਿਆਰੀ ਦੇਹ, ਵੀ ਇਕ ਪੁਲ ਹੀ ਹੈ। ਉਸ ਦੀ ਨਰਮੀ ਉਸ ਦੀ ਤਾਕਤ ਹੈ। ਸੰਗਮਰਮਰ ਮੂਰਤੀਕਾਰ ਤੋਂ ਮੋੜਵੀਂ ਤਾਕਤ ਦੀ ਤਾਂਘ ਰੱਖਦਾ ਹੈ ਜੋ ਨਜ਼ਾਕਤ ਦੀ ਤਾਕਤ ਹੋਵੇ।
ਮਾਇਕਲਐਂਜਲੋ ਅਜਿਹੇ ਪੁਲ ਦੀ ਕਲਪਨਾ ਤੱਕ ਪਹੁੰਚਣ ਦੀ ਸਾਧਨਾ ਕਰ ਰਿਹਾ ਹੈ ਜੋ ਉਸ ਦੇ ਡੇਵਿਡ ਵਾਂਗ ਮਜ਼ਬੂਤ ਅਤੇ ਸ਼ਾਂਤ-ਚਿੱਤ ਹੋਵੇ। ਦਰਅਸਲ, ਉਹ ਆਰਕੀਟੈਕਚਰ ਨੂੰ ਸੰਤੁਲਨ ਦੀ ਕਲਾ ਮੰਨਦਾ ਹੈ। ਲਿਓਨਾਰਦੋ ਦਾ ਮਾਡਲ ਇਸ ਲਈ ਰੱਦ ਕੀਤਾ ਗਿਆ ਸੀ ਕਿਉਂਕਿ ਉਸ ਵਿਚ ਕਲਾਕਾਰ ਦੇ ਸੁਪਨੇ ਦੀ ਗਹਿਰੀ ਸੋਝੀ ਦੀ ਝਲਕ ਨਹੀਂ ਸੀ ਦਿਸਦੀ। ਪਰ ਮਾਇਕਲਐਂਜਲੋ ਸੱਚਾਈ ਨੂੰ ਸੁਪਨਿਆਂ ਦੀਆਂ ਸੰਭਾਵਨਾਵਾਂ ਦੇਣਾ ਲੋਚਦਾ ਹੈ।
ਉਸ ਨੂੰ ਦੇਖਣ ਵਾਲੇ ਪਰੇਸ਼ਾਨ ਹਨ ਕਿ ਉਹ ਦਿਨ ਭਰ ਡਰਾਇੰਗ ਕਰਦਾ ਰਹਿੰਦਾ ਹੈ, ਪਰ ਕਿਸੇ ਪੁਲ ਦੀ ਨਹੀਂ। ਕਈ ਵਾਰ ਰੋਟੀ ਖਾਣਾ ਵੀ ਭੁੱਲ ਜਾਂਦਾ ਹੈ। ਹਾਥੀਆਂ ਅਤੇ ਮਨੁੱਖਾਂ ਦੇ ਸਕੈੱਚ ਹੀ ਬਣਾਈ ਜਾ ਰਿਹਾ ਹੈ। ਉਹ ਨਹੀਂ ਜਾਣਦੇ ਕਿ ਇਹ ਆਦਮੀ ਡਰਾਇੰਗ ਰਾਹੀਂ ਪੁਲ ਦੇ ਕਿਸੇ ਸੁਪਨ-ਸੰਕਲਪ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਹੈ। ਸੰਪੂਰਨ ਸੰਤੁਲਨ ਅਤੇ ਤਣਾਅ – ਪੁਲ ਦੇ ਆਰਕੀਟੈਕਚਰ ਦੇ ਦੋ ਸਿਰਿਆਂ – ਨੂੰ ਜੋੜਨ ਦਾ ਯਤਨ ਹੋ ਰਿਹਾ ਹੈ। ਉਹ ਪੁਲ ਨੂੰ ਇਕ ਕਲਾਕ੍ਰਿਤੀ ਵਜੋਂ ਸਮਝਦਾ ਹੈ ਜਿਸ ਦੀ ਸਮੁੱਚਤਾ ਨੂੰ ਉਸ ਦੇ ਸਾਰੇ ਅੰਗਾਂ ਵਿਚਕਾਰਲੇ ਰਿਸ਼ਤਿਆਂ ਦੇ ਸੰਗੀਤ ਵਿਚ ਸੁਣਿਆ ਜਾ ਸਕੇਗਾ।
ਸੁਲਤਾਨ ਦੀ ਲਾਇਬਰੇਰੀ ਦੀ ਬਣਤਰ ਉਸ ਨੂੰ ਚਕਿਤ ਕਰਦੀ ਹੈ। ਇੱਥੇ ਹਰ ਥਾਂ ਰੌਸ਼ਨੀ ਪਹੁੰਚ ਰਹੀ ਹੈ, ਪਰ ਕਿਤੇ ਵੀ ਇੰਨੀ ਨਹੀਂ ਕਿ ਪਾਠਕ ਦੀਆਂ ਕੋਮਲ ਅੱਖਾਂ ਦੀ ਬੇਅਦਬੀ ਹੋਵੇ। ਮਸਜਿਦਾਂ ਅੰਦਰ, ਉਦਾਤ ਗੁੰਬਦਾਂ ਹੇਠਾਂ ਉਸ ਨੂੰ ਅਲੌਕਿਕ ਹਲਕਾਪਣ ਮਹਿਸੂਸ ਹੁੰਦਾ ਹੈ ਜੋ ਵਾਸਤੂ-ਕਲਾ ਦੇ ਚਮਤਕਾਰ ਨਾਲ ਮੁਮਕਿਨ ਹੋਇਆ ਹੈ। ਸ਼ਾਮਾਂ ਵੇਲੇ ਉਹ ਆਪਣੇ ਸਾਥੀ ਸ਼ਾਇਰ ਮੈਹੀਸੀ ਨਾਲ ਸ਼ਹਿਰ ਦੇ ਬਜ਼ਾਰਾਂ ਦੀ ਸੈਰ ਕਰਦਾ ਹੈ। ਚਿਹਰੇ, ਰੰਗ ਅਤੇ ਬਿੰਬ ਆਪਣੇ ਅੰਦਰ ਉਤਾਰਦਾ ਹੈ। ਇਕ ਸ਼ਾਮ ਮਨੁੱਖਾਂ ਅਤੇ ਪਸ਼ੂਆਂ ਦੀ ਮੰਡੀ ਵਿਚ ਜਾ ਪਹੁੰਚਦਾ ਹੈ। ਕਈ ਰੰਗਾਂ, ਨਸਲਾਂ ਅਤੇ ਉਮਰਾਂ ਦੀਆਂ ਜ਼ਿੰਦਾ ਦੇਹਾਂ ਵਿਕ ਰਹੀਆਂ ਹਨ।
ਮੈਹੀਸੀ ਇਸ ਮੰਡੀ ਵਿਚੋਂ ਇਕ ਨਿੱਕਾ ਜਿਹਾ ਬਾਂਦਰ ਖਰੀਦ ਕੇ ਮਾਇਕਲਐਂਜਲੋ ਨੂੰ ਤੋਹਫ਼ੇ ਵਜੋਂ ਦਿੰਦਾ ਹੈ। ਇਸ ਬਾਂਦਰ ਨੂੰ ਕਲਾਕਾਰ ਆਪਣੇ ਕਮਰੇ, ਜੋ ਉਸ ਦਾ ਸਟੂਡੀਓ ਵੀ ਹੈ, ਵਿਚ ਖੁੱਲ੍ਹਾ ਰੱਖਦਾ ਹੈ। ਪਿੰਜਰੇ ਵਿਚ ਬੰਦ ਨਹੀਂ ਕਰਦਾ। ਬਾਂਦਰ ਨੂੰ ਦੇਖਦਾ ਉਹ ਇਕ ਹੋਰ ਪੁਲ ਦੀ ਸੋਚ ਵਿਚ ਉੱਤਰ ਰਿਹਾ ਹੈ, ਮਨੁੱਖ ਨੂੰ ਪਸ਼ੂ ਨਾਲ ਮਿਲਾਉਂਦੇ ਪੁਲ ਦੀ ਸੋਚ ਵਿਚ। ਜਦੋ ਬਾਂਦਰ ਅਚਾਨਕ ਮਰ ਜਾਂਦਾ ਹੈ, ਉਹ ਬਹੁਤ ਉਦਾਸ ਹੋ ਜਾਂਦਾ ਹੈ। ‘‘ਮੈਂ ਤਾਂ ਅਜੇ ਉਸ ਜੀਅ ਨੂੰ ਸਮਝਣ ਲਾਇਕ ਹੋ ਰਿਹਾ ਸੀ।’’
ਮਾਇਕਲਐਂਜਲੋ ਨੂੰ ਵਸਤੂਆਂ ਦੀਆਂ ਸੂਚੀਆਂ ਬਣਾਉਣ ਦਾ ਜਨੂੰਨ ਹੈ। ਉਹ ਮੰਨਦਾ ਹੈ ਕਿ ਵਸਤਾਂ ਦੇ ਨਾਮ ਉਨ੍ਹਾਂ ਨੂੰ ਜੀਵੰਤ ਕਰ ਦਿੰਦੇ ਹਨ। ਜੀਵਨ ਪਰਤੰਤਰਤਾ ਨਹੀਂ ਕਬੂਲਦਾ। ਕਲਾਕਾਰ ਸੁਤੰਤਰਤਾ ਦੀ ਅਰਾਧਨਾ ਕਰਦਾ ਹੈ। ਹਰ ਸ਼ੈਅ ਦੇ ਖ਼ਾਸੇ ਨੂੰ, ਉਸ ਦੀ ‘ਸਵੈ-ਤੰਤਰ’ ਹਸਤੀ ਨੂੰ ਸਵੀਕਾਰ ਕਰਦਾ ਹੈ। ਮਾਇਕਲਐਂਜਲੋ ਦਾ ਵੈਰਾਗੀ ਸੁਭਾਅ ਉਸ ਨੂੰ ਕਿਸੇ ਚੀਜ਼ ਦਾ ਗ਼ੁਲਾਮ ਨਹੀਂ ਹੋਣ ਦਿੰਦਾ। ਇੰਜ ਉਹ ਆਤਮ ਅਤੇ ਅਨਾਤਮ ਵਿਚਕਾਰ ਸੁਤੰਤਰਤਾ ਦਾ ਰਿਸ਼ਤਾ ਸਹੇਜਦਾ ਹੈ ਤਾਂ ਜੋ ਅਨਾਤਮ ਦੀ ਲੱਭਤ ਆਤਮ ਨੂੰ ਤਰਾਸ਼ ਸਕੇ ਅਤੇ ਆਤਮ ਕਲਾ ਨੂੰ। ਸੁਲਤਾਨ ਵੱਲੋਂ ਇਨਾਮ ਵਜੋਂ ਮਿਲੀ ਜਾਗੀਰ ਉਹ ਮੈਹੀਸੀ ਨੂੰ ਦੇ ਦਿੰਦਾ ਹੈ, ਬੇਸ਼ੱਕ ਮੈਹੀਸੀ ਲਈ ਉਸ ਦਾ ਹੱਥੀਂ ਬਣਾਇਆ ਹਾਥੀ ਦਾ ਛੋਟਾ ਜਿਹਾ, ਮਾਮੂਲੀ ਜਾਪਦਾ ਸਕੈੱਚ ਜਾਗੀਰਾਂ ਤੋਂ ਕਿਤੇ ਵੱਧ ਕੀਮਤੀ ਹੈ। ਬਾਅਦ ਵਿਚ ਮੈਹੀਸੀ ਉਹ ਜਾਗੀਰ ਮਾਇਕਲਐਂਜਲੋ ਦੀ ਲੰਬੀ ਉਮਰ ਸੰਭਾਲਣ ਖ਼ਾਤਰ ਕੁਰਬਾਨ ਕਰ ਦਿੰਦਾ ਹੈ।
ਇਸਤੰਬੁਲ ਵਿਚ ਤਿੰਨ ਮਹੀਨੇ ਦਾ ਪਰਵਾਸ ਭੋਗਣ ਮਗਰੋਂ ਮਾਇਕਲਐਂਜਲੋ ਇਕ ਰਾਤ ਖ਼ਾਲੀ ਹੱਥ ਵਾਪਸ ਰੋਮ ਨੂੰ ਚੱਲ ਪੈਂਦਾ ਹੈ। ਇਸ ਪਰੇਸ਼ਾਨ ਕਰ ਦੇਣ ਵਾਲੇ ਸ਼ਹਿਰ ਤੋਂ ਉਸ ਨੇ ਅਦਿੱਖ ਦੌਲਤ ਹਾਸਲ ਕੀਤੀ ਹੈ ਜੋ ਸਮਾਂ ਬੀਤਣ ਨਾਲ ਉਸ ਦੀ ਕਲਾ ਵਿਚ ਪ੍ਰਗਟ ਹੋਵੇਗੀ। ਮੈਹੀਸੀ ਉਸ ਤੋਂ ਜੁਦਾਈ ਦੇ ਗ਼ਮ ਵਿਚ ਸ਼ਰਾਬ ਪੀ-ਪੀ ਮਰ ਜਾਵੇਗਾ, ਪਰ ਉਸ ਦਾ ਚਿਹਰਾ ਆਦਮ ਦੇ ਰੂਪ ਵਿਚ ਮਾਇਕਲਐਂਜਲੋ ਦੀ ਕਲਾ ਅੰਦਰ ਅਮਰ ਹੋ ਜਾਵੇਗਾ। ਨੱਚਣ-ਗਾਉਣ, ਕਤਲ ਹੋ ਜਾਣ ਵਾਲੀ ਔਰਤ ਇਸ ਕਲਾਕਾਰ ਦੀ ਕਵਿਤਾ ਅਤੇ ਚਿੱਤਰਾਂ ਅੰਦਰ ਕਿਸੇ ਰਹੱਸਮਈ ਸੰਕੇਤਕ ਭਾਸ਼ਾ ਵਾਂਗ ਦੇਹਾਂ ਅਤੇ ਅੰਗਾਂ ਦੇ ਸੁਹਜ ਵਿਚ ਹਾਜ਼ਰੀ ਦੇਵੇਗੀ।
ਪਰਵਾਸੀ ਕਦੇ ਨਹੀਂ ਪਰਤਦੇ। ਪਰਤਣ ਵਾਲਾ ਕੋਈ ਹੋਰ ਹੁੰਦਾ ਹੈ। ਇਸਤੰਬੁਲ ਮਾਇਕਲਐਂਜਲੋ ਦੇ ਰੂਪਾਂਤਰਣ ਦਾ ਤੀਰਥ ਹੈ ਜਿੱਥੇ ਉਹ ਆਰ ਤੋਂ ਪਾਰ ਦੀ ਯਾਤਰਾ ਕਰਦਾ ਹੈ। ਐਨਾਅ ਦੀ ਅਨੋਖੀ ਬਾਤ ਵਿਚ ਇਕ ਪੜਾਅ ਅਜਿਹਾ ਆਉਂਦਾ ਹੈ ਜਿੱਥੇ ਮਾਇਕਲਐਂਜਲੋ ਦੀ ਕਲਪਨਾ ਦੇ ਤੀਜੇ ਨੇਤਰ ਸਾਹਮਣੇ ਉਸ ਦੇ ਸੁਪਨਿਆਂ ਦਾ ਪੁਲ ‘ਪਰਗਟ’ ਹੁੰਦਾ ਹੈ। ਇਕਦਮ ਉਹ ਕੈਨਵਸ ਉੱਪਰ ਇਸ ਆਕ੍ਰਿਤੀ ਨੂੰ ਉਤਾਰ ਦਿੰਦਾ ਹੈ। ਪਰ ਇਸ ਤੋਂ ਪਹਿਲਾਂ ਉਹ ਅਜਿਹੀ ਘੋਰ ਬਿਮਾਰੀ ਵਿਚੋਂ ਲੰਘਦਾ ਹੈ ਜੋ ਉਸ ਨੂੰ ਲਾਸ਼ ਜਿਹਾ ਹੋਣ ਦਾ ਅਨੁਭਵ ਕਰਾਉਂਦੀ ਹੈ। ਪੁਨਰ-ਜਾਗਰਤ ਕਲਾਕਾਰ ਵਿਪਰੀਤਾਂ ਦੇ ਉਸ ਬੌਧਿਕ ਸੰਗਮ ਨੂੰ ਹੋਂਦ ਦੀ ਰੂਹਾਨੀ ਜ਼ਮੀਨ ’ਤੇ ਹੰਢਾਉਂਦਾ ਹੈ ਜੋ ਉਸ ਰਹੱਸਮਈ ਔਰਤ ਦੇ ਲਫ਼ਜ਼ਾਂ ਵਿਚ ਪਹਿਲਾਂ-ਪਹਿਲ ਉਸ ਦੇ ਕੰਨੀਂ ਪਿਆ ਸੀ – ਕਿ ਸਭ ਕੁਝ ਫ਼ਨਾਹ ਹੋ ਜਾਂਦਾ ਹੈ, ਕਿ ਸਾਡਾ ਆਪਣਾ ਕੁਝ ਵੀ ਨਹੀਂ। ਪਰਵਾਸ ਨੇ ਮਾਇਕਲਐਂਜਲੋ ਦੇ ਵੈਰਾਗੀਪਣ ਨੂੰ ਸੰਪੂਰਨਤਾ ਦਿੱਤੀ। ਸਵੈ ਦਾ ਬੇਗ਼ਾਨਾਪਣ ਰੁਸ਼ਨਾ ਗਿਆ।
ਸ਼ਾਰਲਟ ਮੈਂਡੇਲ ਦੇ ਕੀਤੇ ਅੰਗਰੇਜ਼ੀ ਅਨੁਵਾਦ ਵਿਚ ਐਨਾਅ ਦਾ ਇਹ ਨਾਵਲਕਾਰੀ ਦੇ ਪ੍ਰਚਲਿਤ ਇਤਿਹਾਸ ਦੇ ਇਕ ਅਣਲਿਖੇ ਅਧਿਆਇ ਨੂੰ ਪਾਠਕ ਦੀ ਚੇਤਨਾ ਵਿਚ ਦਰਜ ਕਰਦਾ ਹੈ ਅਤੇ ਮਾਇਕਲਐਂਜਲੋ ਦੀ ਪਛਾਣ ਤੋਂ ਪਰਦਾ ਚੁੱਕਦਿਆਂ ਯੂਰਪੀ ਪੁਨਰ-ਜਾਗਰਤੀ ਦੇ ਬਦਲਵੇਂ ਇਤਿਹਾਸ ਨੂੰ ਲਿਖਣ ਦਾ ਕੰਮ ਸ਼ੁਰੂ ਕਰਦਾ ਹੈ।
* ਪ੍ਰੋਫ਼ੈਸਰ ਤੇ ਮੁਖੀ ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈ-ਮੇਲ: sharajesh@gmail.com