ਤੇਜਵੰਤ ਸਿੰਘ ਗਿੱਲ
ਪ੍ਰੋਫ਼ੈਸਰ ਰਾਕੇਸ਼ ਰਮਨ ਮੇਰੇ ਬਹੁਤ ਨੇੜੇ ਸੀ। ਮੇਰੇ ਨਾਲੋਂ ਉਸ ਨੂੰ ਇਸ ਦਾ ਅਹਿਸਾਸ ਵਧੇਰੇ ਸੀ। ਕਾਰਨ ਸਪੱਸ਼ਟ ਸੀ। ਉਸ ਦਾ ਮੇਰੇ ਮਾਮਾ ਜੀ ਸੰਤ ਸਿੰਘ ਸੇਖੋਂ ਹੋਰਾਂ ਕੋਲ ਬਹੁਤ ਆਉਣ-ਜਾਣਾ ਸੀ। ਜੋ ਉਹ ਬੋਲਦੇ ਸਨ ਉਸ ਨੂੰ ਲਿਖਤੀ ਰੂਪ ਦੇਣਾ ਉਸ ਦਾ ਮਨਭਾਉਂਦਾ ਕੰਮ ਸੀ। ਸੇਖੋਂ ਸਾਹਿਬ ਦਾਖੇ ਪਿੰਡ ਵਿਚ ਰਹਿੰਦੇ ਸਨ ਤੇ ਰਮਨ ਦਾ ਘਰ ਮੁੱਲਾਂਪੁਰ ਸੀ। ਬਹੁਤਿਆਂ ਦੇ ਤਸੱਵਰ ਵਿਚ ਦਾਖਾ-ਮੁੱਲਾਂਪੁਰ ਇਕੋ ਨਗਰ ਸੀ। ਇਸ ਖੁਸ਼ਗਵਾਰ ਭੁਲੇਖੇ ਦਾ ਰਮਨ ਨੂੰ ਬਹੁਤ ਮਾਣ ਸੀ। ਸੇਖੋਂ ਸਾਹਿਬ ਲਈ ਉਸ ਦੇ ਮਨ ਵਿਚ ਬੇਹੱਦ ਸਤਿਕਾਰ ਸੀ। ਮੇਰਾ ਆਉਣ-ਜਾਣ ਉੱਥੇ ਬਣਿਆ ਹੀ ਰਹਿੰਦਾ ਸੀ। ਮੇਰੇ ਨਾਲ ਰਮਨ ਦੀ ਜਾਣ-ਪਛਾਣ ਏਥੋਂ ਹੀ ਸ਼ੁਰੂ ਹੋਈ। ਉਹ ਬੋਲਦਾ ਬਹੁਤ ਘੱਟ ਸੀ। ਮੇਰੇ ਨਾਲ ਉਸਦੀ ਜੋ ਗੱਲਬਾਤ ਹੁੰਦੀ, ਉਸ ਵਿਚ ਬਹੁਤ ਮਿਠਾਸ ਹੁੰਦੀ ਸੀ। ਦੋਹਤਾ ਤਾਂ ਮੈਂ ਸੇਖੋਂ ਪਰਿਵਾਰ ਦਾ ਸੀ ਪਰ ਰਮਨ ਅਤੇ ਉਸ ਦੇ ਮਿੱਤਰ ਮੈਨੂੰ ਇਸ ਤੋਂ ਕਿਤੇ ਵੱਧ ਸਮਝਦੇ ਸਨ। ਮੈਨੂੰ ਆਪਣੇ ਪਿੰਡ ਦਾ ਦੋਹਤਾ ਕਹਿ ਕੇ ਉਹ ਬਹੁਤ ਖੁਸ਼ ਹੁੰਦੇ ਸਨ। ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ, ਰਹੇਗੀ ਵੀ ਕਿਉਂਕਿ ਇਸਦੀ ਮਿਠਾਸ ਸ਼ਹਿਦ ਵਰਗੀ ਹੈ। ਹੋਰ ਕਿਸੇ ਵਸਤ ਦੀ ਮਿਠਾਸ ਸ਼ਹਿਦ ਦੀ ਮਿਠਾਸ ਦੇ ਤੁਲ ਨਹੀਂ ਹੋ ਸਕਦੀ। ਇਸੇ ਕਾਰਨ ਰਮਨ ਕਹਿ ਕੇ ਹੀ ਉਸ ਨੂੰ ਯਾਦ ਕਰਨਾ ਮੈਨੂੰ ਠੀਕ ਲੱਗਦਾ ਹੈ। ਰਮਣੀਕ ਅਤੇ ਰਮਣ-ਪਸੰਦ, ਦੋਨੋਂ ਇਸ ਨਾਲ ਆ ਜੁੜਦੇ ਹਨ। ਰਮਨ ਬਹੁਤ ਰਮਣੀਕ ਸੁਭਾਅ ਵਾਲਾ ਸੀ ਭਾਵੇਂ ਬੋਲਦਾ ਉਹ ਬਹੁਤ ਘੱਟ ਸੀ। ਰੁਕ ਰੁਕ ਕੇ ਜੋ ਲਫ਼ਜ਼ ਉਸ ਦੇ ਮੁਖ਼ਾਰਬਿੰਦ ਤੋਂ ਨਿਕਲਦੇ ਸਨ, ਉਨ੍ਹਾਂ ਦੀ ਰਮਜ਼ ਖੁਸ਼ੀ ਵਾਲੀ ਹੁੰਦੀ ਸੀ। ਹੋਰਾਂ ਪੱਖਾਂ ਦੀ ਸੋਝੀ ਵੀ ਬੜੀ ਸੂਝ ਨਾਲ ਉਨ੍ਹਾਂ ਤੋਂ ਟਪਕਦੀ ਰਹਿੰਦੀ ਸੀ। ਰਮਨ ਨੇ ਰੋਡੇ, ਢੁਡੀਕੇ ਅਤੇ ਜਗਰਾਉਂ ਦੇ ਸਰਕਾਰੀ ਕਾਲਿਜਾਂ ਵਿਚ ਪੜ੍ਹਾਇਆ। ਉਹ ਉੱਚੇ ਦਰਜੇ ਦਾ ਪ੍ਰਾਧਿਆਪਕ ਸੀ।
ਇਸ ਦਾ ਸਭ ਤੋਂ ਵਧੀਆ ਪਰਮਾਣ ਉਸ ਦੀਆਂ ਲਿਖਤਾਂ ਤੋਂ ਮਿਲ ਜਾਂਦਾ ਹੈ। ਕਵੀ ਤਾਂ ਉਹ ਸ਼ੁਰੂ ਤੋਂ ਹੀ ਸੀ। ਜਿਉਂ ਜਿਉਂ ਪਰਵਾਨ ਚੜ੍ਹਿਆ ਉਸ ਨੇ ਹੋਰ ਵਿਧਾਵਾਂ ਵਿਚ ਵੀ ਲਿਖਣ ਨੂੰ ਆਪਣਾ ਕਸਬ ਬਣਾ ਲਿਆ। ਨਾਟਕ ਵੀ ਲਿਖਿਆ ਅਤੇ ਸਾਲ ਦੋ ਸਾਲ ਤੋਂ ਕਹਾਣੀ ਲਿਖਣਾ ਵੀ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਕਵਿਤਾ ਤੋਂ ਹਟ ਕੇ ਜੋ ਉਸ ਨੇ ਮੁਲਵਾਨ ਕੰਮ ਕੀਤਾ, ਉਹ ਸੀ ਸਮਾਲੋਚਨਾ, ਅਜੋਕੇ ਸਾਹਿਤ, ਰਾਜਨੀਤੀ, ਰਹੁ-ਰੀਤਾਂ ਅਤੇ ਕਾਰ-ਵਿਹਾਰ ਦੀ। ਸੌਖੀ ਬੋਲੀ ਵਿਚ ਨਿੱਕੇ ਨਿੱਕੇ ਵਾਕਾਂ ਵਿਚ ਕਾਰ ਵਿਹਾਰ, ਰਾਜਨੀਤੀ, ਰਸਮ-ਰਿਵਾਜ ਦੀ ਪੜਚੋਲ ਕਰਨਾ ਉਸ ਦਾ ਮੀਰੀ ਗੁਣ ਸੀ।
ਸਭ ਕੁਝ ਵਿਚ ਮਗ਼ਨ, ਉਹ ਉਸ ਬਾਰਾਸਿੰਗੇ ਵਾਂਗ ਸੀ, ਜੋ ਵਿਸ਼ਿਆਂ ਨਾਲ ਨਿਭਦਾ ਥੱਕਦਾ ਨਹੀਂ। ਲੋਕਗੀਤ ਵਿਰਲਾ ਬਾਰਾਸਿੰਗਾ ਖਾਈਆਂ ਟੱਪਦਾ ਲਾਚਾਰ ਹੋ ਜਾਂਦਾ ਹੈ ਪਰ ਰਮਨ ਨਾਲ ਇਉਂ ਨਹੀਂ ਸੀ ਹੁੰਦਾ। ਜੋ ਉਸ ਨਾਲ ਹੋਇਆ, ਉਹ ਸੀ ਜੋ ਉਸ ਦੀ ਇਕ ਕਵਿਤਾ ਵਿਚ ਬਾਰਾਸਿੰਗੇ ਨਾਲ ਹੁੰਦਾ ਹੈ। ਉਹ ਉਲਝਦਾ ਤਾਂ ਹੈ ਪਰ ਥੱਕਦਾ ਨਹੀਂ। ਥਕਾਵਟ ਕਾਰਨ ਨਹੀਂ ਉਹ ਸਾਡੇ ਕੋਲੋਂ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ ਉਸਦਾ ਜਿਸ ਨੇ ਉਸ ਨੂੰ ਉਲਝਾ ਲਿਆ ਤੇ ਸਾਡੇ ਨਾਲੋਂ ਵਿਛੋੜ ਦਿੱਤਾ ਹੈ।
ਗਜ਼ਲ
ਅਫਵਾਹਾਂ ਦਾ ਬਾਜ਼ਾਰ ਪੂਰਾ ਗਰਮ ਹੈ।
ਸੱਚ ਦਾ ਹੀ ਭਾਅ ਅਜੇ ਤੱਕ ਨਰਮ ਹੈ।
ਪਵਿੱਤਰ ਹਰਫ਼ ਅਗਨ ਭੇਂਟ ਨੇ ਹੋ ਰਹੇ,
ਕੱਖੋਂ ਹੌਲਾ ਹੋ ਰਿਹਾ ਹਰ ਧਰਮ ਹੈ।
ਰਾਜ ਅੰਦਰ ਚਾਰ ਚੁਫੇਰੇ ਨ੍ਹੇਰ ਹੈ,
ਹਾਕਮ ਦੇ ਮੂੰਹ ਨਾ ਭੋਰਾ ਸ਼ਰਮ ਹੈ।
ਸਿਆਸਤ ਦੇ ਹਮਾਮ ’ਚ ਨੰਗਾ ਹਰ ਕੋਈ
ਪਰਦਾ ਚੁੱਕ, ਜੇ ਤੈਨੂੰ ਕੋਈ ਭਰਮ ਹੈ।
ਹਿਰਨਾਂ ਦੀਆਂ ਡਾਰਾਂ ’ਚ ਸ਼ੀਂਹ ਦਹਾੜ੍ਹਦੇ,
ਦਹਿਸ਼ਤ ਦੀ ਇਹ ਸੀਮਾ ਤਾਂ ਚਰਮ ਹੈ।
ਹਾਕਮ ਹੁਕਮ ਕਰੇਂਦਾ
ਹਾਕਮ ਹੁਕਮ ਕਰੇਂਦਾ ਯਾਰ,
ਹਾਕਮ ਹੁਕਮ ਕਰੇਂਦਾ
ਰੱਖਦਾ ਆਕੜ ਡਾਢਾ ਅੱਖੜ
ਸਖ਼ਤ ਏਹਦੀ ਗੁਫਤਾਰ
ਹਾਕਮ ਹੁਕਮ ਕਰੇਂਦਾ ਯਾਰ,
ਹੁਕਮ ਮਨਾਵੇ ਕਰ ਛਲਾਵਾ
ਲੋਕ ਭਲਾਈ, ਲੋਕ ਦਿਖਾਵਾ
ਖੋਖਲਾ ਸਿਧ ਹੋਵੇ ਜਦ ਦਾਅਵਾ
ਫਿਰ ਕਰਦਾ ਤਕਰਾਰ
ਹਾਕਮ ਹੁਕਮ ਕਰੇਂਦਾ ਯਾਰ,
ਦੇਖੋ ਇਹ ਕੀ ਬਣਤ ਬਣਾਈ
ਖਲਕਤ ਆਪਸ ਵਿਚ ਲੜਾਈ
ਟੀਵੀ ਕਰਦਾ ਖੂਬ ਚੜ੍ਹਾਈ
ਕੂੜ੍ਹ ਦਾ ਕਰੇ ਵਪਾਰ
ਹਾਕਮ ਹੁਕਮ ਕਰੇਂਦਾ ਯਾਰ,
ਆਓ ਹਾਕਮ ਨੂੰ ਦਿਓ ਵਿਦਾਈ
ਦੇਵੇ ਡੁਬਦਾ ਮੁਲਕ ਦੁਹਾਈ
ਹਿੰਦੂ, ਮੁਸਲਿਮ, ਸਿਖ, ਇਸਾਈ
ਰਲ਼ ਕਰੀਏ ਹੱਥ ਚਾਰ
ਹਾਕਮ ਹੁਕਮ ਕਰੇਂਦਾ ਯਾਰ,
ਹਾਕਮ ਦੇ ਹੁਕਮ ’ਚ ਬੱਧੇ
ਸਭ ਤੰਤਰ ਹੀ ਹੋਏ ਭੱਦੇ
ਚਿੱਟੇ ਬਸਤਰ ਖ਼ੂਨ ਦੇ ਧੱਬੇ
ਹਰ ਪਾਸੇ ਹਥਿਆਰ
ਹਾਕਮ ਹੁਕਮ ਕਰੇਂਦਾ ਯਾਰ।