ਆਤਮਜੀਤ
ਪੰਜਾਬੀਆਂ ਦੀਆਂ ਪੈੜਾਂ- 11
ਮੇਰੀ ਬੇਟੀ ਵਿਨੀਪੈੱਗ ਦੇ ਉਸ ਹਿੱਸੇ ਵਿਚ ਰਹਿੰਦੀ ਹੈ ਜਿਸਨੂੰ ਛੋਟਾ ਪੰਜਾਬ ਕਿਹਾ ਜਾ ਸਕਦਾ ਹੈ। ਗਰਮੀਆਂ ਦੀਆਂ ਸ਼ਾਮਾਂ ਨੂੰ ਮੇਪਲ ਕਾਲਜੀਏਟ ਸਕੂਲ ਦੇ ਖੇਡਾਂ ਦੇ ਟਰੈਕ ਵਿਚ ਪੰਜਾਬੀ ਅਤੇ ਸਿਰਫ਼ ਪੰਜਾਬੀ ਹੀ ਸੈਰ ਕਰਦੇ ਦਿਖਾਈ ਦੇਂਦੇ ਹਨ। ਸਕੂਲ ਦੇ ਨਾਲ ਲਗਦੇ ਪਬਲਿਕ ਪਾਰਕ ਵਿਚ ਵੀ ਖਾਲਸ ਪੰਜਾਬ ਧੜਕਦਾ ਹੈ। ਪੰਜਾਬੀ ਸਭਿਆਚਾਰ ਦੀਆਂ ਰਵਾਇਤਾਂ ਅਨੁਸਾਰ ਇਕ ਨੁੱਕਰੇ ਰੋਜ਼ ਸ਼ਾਮ ਨੂੰ ਬਾਬਿਆਂ ਦਾ ਵੱਖਰਾ ਜਮਘਟਾ ਲਗਦਾ ਹੈ ਅਤੇ ਦੂਜੇ ਪਾਸੇ ਬੀਬੀਆਂ ਦੀ ਰੌਣਕ ਹੁੰਦੀ ਹੈ। ਪਾਰਕ ਵਿਚ ਲੱਗੇ ਝੂਲਿਆਂ ਨਾਲ ਲਟਕਦੇ ਨਿਆਣੇ ਵੀ ਪੰਜਾਬੀ ਹੁੰਦੇ ਹਨ। ਉਨ੍ਹਾਂ ਦੇ ਮਾਂ-ਬਾਪ ਆਮ ਕਰਕੇ ਮਲਵਈ ਅਤੇ ਬੱਚੇ ਕੈਨੇਡਾ-ਸਟਾਈਲ ਪੰਜਾਬੀ ਬੋਲਦੇ ਸੁਣਾਈ ਦੇਂਦੇ ਹਨ। ਸੜਕ ਦੇ ਨਾਲ ਬਣੇ ਫੁੱਟਪਾਥ ਉੱਤੇ ਕੁਝ ਬਾਬੇ ਜਾਂ ਬੀਬੀਆਂ ਬਹੁਤ ਛੋਟੇ ਬੱਚਿਆਂ ਨੂੰ ਪਰੈਮਾਂ ਵਿਚ ਅਤੇ ਜ਼ਰਾ ਸਿਆਣੇ ਬਾਲਾਂ ਨੂੰ ਉਂਗਲ ਫੜ ਕੇ ਸੈਰ ਕਰਾਉਂਦੇ ਦੇਖੇ ਜਾ ਸਕਦੇ ਹਨ। ਇਹ ਆਮ ਤੌਰ ’ਤੇ ਉਨ੍ਹਾਂ ਦੇ ਦਾਦਕੇ ਜਾਂ ਨਾਨਕੇ ਹੁੰਦੇ ਹਨ ਜਿਹੜੇ ਬਹੁਤ ਕਰਕੇ ਇੰਡੀਆ ਤੋਂ ਗਰਮੀਆਂ ਕੱਟਣ ਗਏ ਹੁੰਦੇ ਹਨ। ਵਿਨੀਪੈੱਗ ਦੀ ਸਰਦੀ ਦੀ ਮਾਰ ਝੱਲਣੀ ਸੁਖਾਲਾ ਕੰਮ ਨਹੀਂ ਕਿਉਂਕਿ ਤਾਪਮਾਨ ਮਨਫ਼ੀ 30 ਤੱਕ ਵੀ ਪਹੁੰਚ ਜਾਂਦਾ ਹੈ। ਇਸ ਮੌਸਮ ਵਿਚ ਤਾਂ ਕਾਰ ਚਲਾਉਣੀ ਵੀ ਜੋਖਮ ਵਾਲਾ ਕੰਮ ਹੈ। ਨਾ ਤਾਂ ਘਰੋਂ ਬਾਹਰ ਨਿਕਲਿਆ ਜਾਂਦਾ ਹੈ ਤੇ ਨਾ ਹੀ ਬਜ਼ੁਰਗਾਂ ਵਾਸਤੇ ਘਰ ਵਿਚ ਕਰਨ ਵਾਲਾ ਕੋਈ ਕੰਮ ਹੁੰਦਾ ਹੈ। ਮਜਬੂਰੀਆਂ ਤੋਂ ਇਲਾਵਾ ਘੱਟ-ਵੱਧ ਲੋਕ ਹੀ ਇਸ ਕਿਸਮ ਦੀ ਕੈਦ ਕੱਟਣੀ ਮਨਜ਼ੂਰ ਕਰਦੇ ਹਨ। ਜਿਹੜੇ ਓਥੇ ਪੱਕੇ ਹੋ ਚੁੱਕੇ ਹਨ ਉਹ ਸਰਦੀਆਂ ਵਿਚ ਗੇੜੀ ਮਾਰਨ ਲਈ ਪੰਜਾਬ ਵਿਚ ਆ ਜਾਂਦੇ ਹਨ। ਪਰ ਗਰਮੀਆਂ ਵਿਚ ਐਡਸੁਮ ਡਰਾਈਵ ਹੋਵੇ ਜਾਂ ਜੈਫ਼ਰਸਨ ਐਵੇਨਿਊ, ਵਿਰਲਾ-ਟਾਵਾਂ ਗ਼ੈਰ-ਪੰਜਾਬੀ ਦਿਸਦਾ ਹੈ। ਕੁਝ ਕੁ ਸਿਆਣੀ ਉਮਰ ਦੇ ਪੰਜਾਬੀ ਨਿਆਣੇ ਆਪਣੇ ਸਾਈਕਲਾਂ ਅਤੇ ਸਕੇਟ ਬੋਰਡਾਂ ਨੂੰ ਦੌੜਾ ਰਹੇ ਹੁੰਦੇ ਹਨ। ਜਿਹੜੇ ਵਿਦਿਆਰਥੀ ਪੜ੍ਹਨ ਲਈ ਵਿਨੀਪੈੱਗ ਪਹੁੰਚਦੇ ਹਨ ਜਾਂ ਨਵੇਂ-ਨਵੇਂ ਨੌਕਰੀਆਂ ਕਰਨ ਲੱਗਦੇ ਹਨ, ਉਹ ਵੀ ਵੱਡੀ ਗਿਣਤੀ ਵਿਚ ਸ਼ਾਮ ਨੂੰ ਗਰੋਸਰੀ ਕਰਨ (ਖਰੀਦਣ) ਵਾਸਤੇ ਪੈਦਲ ਬਾਹਰ ਨਿਕਲਦੇ ਹਨ। ਸ਼ਾਮ ਨੂੰ ਘਰਾਂ ਵਿਚੋਂ ਪੰਜਾਬੀ ਤੜਕੇ ਦੀਆਂ ਲਪਟਾਂ ਉਠਦੀਆਂ ਹਨ। ਹਲਦੀ, ਸੁੱਕੇ ਜੀਰੇ ਤੇ ਧਨੀਏਂ ਵਿਚ ਭੁੱਜੇ ਲਸਣ ਅਤੇ ਅਦਰਕ ਦੀ ਵਾਸ਼ਨਾ ਨਾਲ ਮੇਰੀ ਭੁੱਖ ਅਕਸਰ ਚਮਕ ਪੈਂਦੀ ਹੈ। ਮੈਂ ਭੁੱਲ ਹੀ ਜਾਂਦਾ ਹਾਂ ਕਿ ਇਹ ਕੈਨੇਡਾ ਹੈ ਕਿ ਇੰਡੀਆ। ਨਾਲ ਲਗਦੇ ‘ਐਂਬਰ ਟਰੇਲ’ ਦੇ ਨਵੇਂ ਅਮੀਰ ਇਲਾਕੇ ਵਿਚ ਵੀ ਪੰਜਾਬੀਆਂ ਦਾ ਦਬਦਬਾ ਹੈ। ਇਹ ਸਾਰਾ ਦ੍ਰਿਸ਼ ਬੜਾ ਸੁਹਾਣਾ ਵੀ ਲਗਦਾ ਹੈ ਅਤੇ ਡਰਾਉਣਾ ਵੀ; ਸੁਹਾਣਾ ਇਸ ਲਈ ਕਿ ਚਾਰੇ ਪਾਸੇ ਇੱਕ ਅਪਣੱਤ ਲੱਭਦੀ ਹੈ, ਡਰ ਇਸ ਵਾਸਤੇ ਕਿ ਅਸੀਂ ਏਡੇ ਵੱਡੇ ਸੰਸਾਰ ਵਿਚ ਪਹੁੰਚ ਕੇ ਵੀ ਇਕ ਜਜ਼ੀਰੇ ਵਿਚ ਜੀਅ ਰਹੇ ਹਾਂ। ਵੱਖ-ਵੱਖ ਕੌਮੀਅਤਾਂ ਦਾ ਆਪਸ ਵਿਚ ਜੁੜ ਕੇ ਰਹਿਣਾ ਸਮਝ ਵਿਚ ਆਉਂਦਾ ਹੈ ਪਰ ਏਨੀ ਮਜ਼ਬੂਤੀ ਨਾਲ ਖਾਨਿਆਂ ਵਿਚ ਵੰਡੇ ਜਾਣਾ ਉਸ ਬਹੁ-ਸਭਿਆਚਾਰਵਾਦ ਦੀ ਨਫ਼ੀ ਹੈ ਜਿਹੜਾ ਕੈਨੇਡਾ ਅਤੇ ਮੈਨੀਟੋਬਾ ਦਾ ਸ਼ਿੰਗਾਰ ਹੈ। ਮੇਰੇ ਮਨ ਵਿਚ ਵੱਡਾ ਸਵਾਲ ਇਹ ਹੈ ਕਿ ਕੀ ਅਸੀਂ ਉੱਥੋਂ ਦੇ ਦੂਜੇ ਸਭਿਆਚਾਰਾਂ ਨਾਲ ਘੁਲ-ਮਿਲ ਕੇ ਨਹੀਂ ਰਹਿਣਾ ਚਾਹੁੰਦੇ ਜਾਂ ਉਹ ਸਾਨੂੰ ਆਪਣੇ-ਆਪ ਤੋਂ ਦੂਰ ਰੱਖਦੇ ਹਨ? ਇਸ ਸਵਾਲ ਦਾ ਜਵਾਬ ਲੱਭਣਾ ਆਸਾਨ ਨਹੀਂ ਹੈ।
ਪਰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਸਿਆਣੀ ਉਮਰ ਦੇ ਪੜ੍ਹੇ-ਲਿਖੇ ਲੋਕ ਇਨ੍ਹਾਂ ਖਾਨਿਆਂ ਨੂੰ ਤੋੜ ਵੀ ਰਹੇ ਹਨ। ਪੰਜਾਬੀਆਂ ਨੇ ਵੈਸਟ ਇੰਡੀਜ਼ ਦੇ ਡੈਰਿਕ ਡੈਬੀ ਨੂੰ ਸਿੱਖਿਆ ਅਤੇ ਸਪੋਰਟਸ ਦੇ ਖੇਤਰ ਵਿਚ ਆਪਣਾ ਪ੍ਰਤੀਨਿਧ ਮੰਨਿਆ ਹੋਇਆ ਹੈ। ਡੈਰਿਕ ‘ਸੈਵਨ ਓਕ’ ਨਾਮੀ ਸਕੂਲ ਰਿਜਨ ਦੀਆਂ ਸੰਸਥਾਵਾਂ ਵਿਚ ਭਾਰਤੀ ਸੰਗੀਤ ਤੋ ਇਲਾਵਾ ਹੋਰਾਂ ਦੇ ਨਾਲ-ਨਾਲ ਪੰਜਾਬੀ ਬੱਚਿਆਂ ਦੀਆਂ ਸਪੋਰਟਸ ਨਾਲ ਸੰਬੰਧਿਤ ਲੋੜਾਂ ਦਾ ਵੀ ਖ਼ਿਆਲ ਰੱਖਦਾ ਹੈ। ਮੈਂ ਵਿਨੀਪੈੱਗ ਜਾਂਦਾ ਹਾਂ ਤਾਂ ਡੈਰਿਕ ਦੇ ਦੋਸਤਾਂ ਵਿਚ ਮੈਨੂੰ ਵੀ ਕੁਝ ਥਾਂ ਮਿਲ ਜਾਂਦੀ ਹੈ। ਇਹ ਮਿੱਤਰ-ਮੰਡਲੀ ਕਦੇ-ਕਦਾਈਂ ਟਿਮ ਹਾਰਟਨਜ਼ ਕਾਫ਼ੀ ਹਾਊਸ ਜਾਂ ਮੈਕਡਾਨਲਡ ਵਿਚ ਇਕੱਠੀ ਹੁੰਦੀ ਹੈ ਅਤੇ ਜ਼ਿੰਦਗੀ, ਰਾਜਨੀਤੀ ਤੇ ਕ੍ਰਿਕਟ ਬਾਰੇ ਬੜੀਆਂ ਗੰਭੀਰ ਗੱਲਾਂ ਕਰਦੀ ਹੈ। ਇਸ ਮੰਡਲੀ ਦੀ ਫ਼ੋਟੋ ਵਿਚ ਸਾਰੇ ਹੀ ਕੈਨੇਡੀਅਨ ਹਨ ਪਰ ਸੈਮ ਈਥੋਪੀਆ ਤੋਂ ਹੈ, ਫ਼ੀਲਿਕਸ ਸ੍ਰੀਲੰਕਾ ਦਾ, ਗਯਾਨਾ ਤੋਂ ਡੈਰਿਕ ਡੈਬੀ, ਕੈੱਨ ਜਰਮਨ ਮੂਲ ਦਾ, ਪਰਮਜੀਤ ਸਿੰਘ ਹਿੰਦੋਸਤਾਨੀ ਪੰਜਾਬੀ ਅਤੇ ਕੈੱਨ ਫ਼ਿਲੀਪੀਨਜ਼ ਤੋਂ ਹੈ। ਇਹ ਬੈਠਕਾਂ ਸਾਡਾ ਜੀਵਨ-ਦਰਸ਼ਨ ਵਿਸ਼ਾਲ ਕਰਦੀਆਂ ਹਨ ਅਤੇ ਦੁਨੀਆਂ ਬਾਰੇ ਸਮਝ ਵਿਚ ਗਹਿਰਾਈ ਆਉਂਦੀ ਹੈ। ਠੀਕ ਹੈ ਕਿ ਹਰੇਕ ਬੰਦੇ ਦੀ ਹਰੇਕ ਗੱਲ ਦੂਜਿਆਂ ਲਈ ਹਮੇਸ਼ਾ ਮੰਨਣਯੋਗ ਨਹੀਂ ਹੁੰਦੀ, ਪਰ ਉਹ ਸੁਣਨ ਤੇ ਸਮਝਣ ਯੋਗ ਜ਼ਰੂਰ ਹੁੰਦੀ ਹੈ। ਨਵੀਂ ਪੀੜ੍ਹੀ ਦੇ ਬੱਚੇ ਵੀ ਇਨ੍ਹਾਂ ਹੱਦਾਂ ਨੂੰ ਕਿਸੇ ਹੱਦ ਤੱਕ ਤੋੜ ਰਹੇ ਹਨ। ਇਸ ਕਿਸਮ ਦਾ ਸੰਜਮੀ ਰਲੇਵਾਂ ਵਧਣਾ ਚਾਹੀਦਾ ਹੈ। ਪਰ ਅਜੇ ਸਾਡੀ ਕਮਿਊਨਿਟੀ ਇਸ ਗੱਲ ਵਾਸਤੇ ਤਿਆਰ ਨਹੀਂ। ਅਸੀਂ ਡਰਦੇ ਹਾਂ ਕਿ ਬੱਚੇ ਉਸ ਕਿਸਮ ਦੀ ਖੁੱਲ੍ਹ ਨਾ ਮੰਗਣ ਜਿਹੜੀ ਕੈਨੇਡਾ ਦੇ ਮੇਨਸਟ੍ਰੀਮ ਯੂਰਪੀ ਸਮਾਜ ਵਿਚ ਆਮ ਹੈ। ਭਾਵੇਂ ਸਾਡੇ ਮੁੰਡਿਆਂ ਨੇ ਯੂਰਪੀਨ ਕੁੜੀਆਂ ਨਾਲ ਸਫ਼ਲ ਸ਼ਾਦੀਆਂ ਕਰਵਾਈਆਂ ਹਨ, ਪਰ ਕੁੜੀਆਂ ਦੇ ਮਾਮਲੇ ਵਿਚ ਅਸੀਂ ਅਜਿਹਾ ਕਰਨ ਲਈ ਤਿਆਰ ਨਹੀਂ ਹਾਂ। ਸਭਿਆਚਾਰ ਵਿਚ ਖੁੱਲ੍ਹ ਇਕਦਮ ਨਹੀਂ ਆਉਂਦੀ। ਇਹ ਬਹੁਤ ਸਹਿਜ ਪ੍ਰਕਿਰਿਆ ਹੈ, ਪਰ ਇਸ ਨੂੰ ਰੋਕਿਆ ਵੀ ਨਹੀਂ ਜਾ ਸਕਦਾ। ਸਭਿਆਚਾਰ ਛੱਪੜ ਦੇ ਖੜ੍ਹੇ ਪਾਣੀ ਵਰਗਾ ਨਹੀਂ ਹੋ ਸਕਦਾ ਜਿਸ ਵਿਚ ਗੰਧਲੀ ਕਾਈ ਜੰਮ ਜਾਵੇ; ਨਾ ਹੀ ਇਹ ਉਸ ਚੋਅ ਦਾ ਹੜ੍ਹ ਹੋ ਸਕਦਾ ਹੈ ਜਿਹੜਾ ਆਪਣੇ ਵਹਿਣ ਵਿਚ ਸਭ ਕੁਝ ਰੋੜ੍ਹ ਕੇ ਲੈ ਜਾਵੇ। ਕੈਨੇਡਾ ਦੇ ਪੰਜਾਬੀ ਸਿਆਣਿਆਂ ਦੀ ਲੋੜ ਹੈ ਕਿ ਉਹ ਤਬਦੀਲੀ ਨੂੰ ਇਕ ਹੱਦ ਤੱਕ ਜ਼ਰੂਰ ਸਵੀਕਾਰ ਕਰਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਤਬਦੀਲੀ ਦੀ ਕਿਸੇ ਹੱਦ ਤੱਕ ਹੀ ਮੰਗ ਕਰਨ। ਇਹ ਦੇਖ ਕੇ ਚੰਗਾ ਲਗਦਾ ਹੈ ਕਿ ਸਾਡੇ ਬੱਚੇ ਹੋਰਨਾਂ ਵਾਂਗ ਸਕੂਲ-ਸਿਸਟਮ ਵਿਚ ਸੁਹਣੀਆਂ ਪ੍ਰਾਪਤੀਆਂ ਕਰ ਰਹੇ ਹਨ। ਮੈਨੂੰ ਉਹਨਾਂ ਦੀ ਗਰੈਜੂਏਸ਼ਨ ਸੈਰੇਮਨੀ ਅਤੇ ਖੇਡ-ਮੈਦਾਨ ਵਿਚ ਸਰਗਰਮੀ ਦੇਖਣ ਦੇ ਮੌਕੇ ਮਿਲੇ ਹਨ। ਪਰ ਕਮਿਊਨਿਟੀ ਵਿਚ ਗੰਭੀਰ ਮੁੱਦਿਆਂ ਉੱਤੇ ਵੀ ਵਿਚਾਰ-ਚਰਚਾ ਦੀ ਲੋੜ ਹੈ। ਇਹ ਵੀ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਨਵੇਂ ਆਉਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਮੇਨਸਟ੍ਰੀਮ ਵਿਚ ਰਲਾਉਣ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਨਾਉਣੀ ਹੈ। ਮੈਨੂੰ ਲੱਗਦਾ ਹੈ ਕਿ ਅਜੇ ਅਸੀਂ ਇਸ ਤਰ੍ਹਾਂ ਦੀ ਚਰਚਾ ਤੋਂ ਬਚ ਰਹੇ ਹਾਂ।
ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਗੁਰੂ-ਘਰਾਂ ਵਿਚ ਵੀ ਸਮਾਜਿਕ ਸਰੋਕਾਰਾਂ ਉੱਤੇ ਕੋਈ ਸਾਰਥਕ ਬਹਿਸ ਨਹੀਂ ਚਲਾ ਸਕੇ। ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਮੀਰੀ ਤੇ ਪੀਰੀ ਨੂੰ ਇਕੱਠਾ ਕਰਕੇ ਸਿਆਸਤ ਅਤੇ ਧਰਮ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਕੋਸ਼ਿਸ਼ ਦਾ ਅੱਜ ਦੇ ਪ੍ਰਸੰਗ ਵਿਚ ਸਾਨੂੰ ਬਹੁਤਾ ਲਾਭ ਨਹੀਂ ਹੋ ਰਿਹਾ। ਗੁਰੂ ਜੀ ਨੇ ਚਾਹਿਆ ਸੀ ਕਿ ਅਸੀਂ ਸਿਆਸਤ ਦਾ ਪੱਧਰ ਧਰਮ ਜਿੰਨਾ ਉੱਚਾ ਲੈ ਜਾਈਏ ਪਰ ਹੋਇਆ ਇਸਦੇ ਐਨ ਉਲਟ। ਅਸੀਂ ਬਹੁਤੀ ਥਾਈਂ ਧਰਮ ਨੂੰ ਸਿਆਸਤ ਦੇ ਖੂਹ ਵਿਚ ਡਿੱਗਣ ਤੋਂ ਵੀ ਨਹੀਂ ਬਚਾ ਸਕੇ। ਨਾਰਥ ਅਮਰੀਕਾ ਦੇ ਬਹੁਤੇ ਗੁਰੂ-ਘਰਾਂ ਬਾਰੇ ਇਹੋ-ਜਿਹੀਆਂ ਹੀ ਗੱਲਾਂ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ। ਗੋਲੀਆਂ ਦਾ ਚੱਲਣਾ, ਪੱਗਾਂ ਦਾ ਉਤਰਨਾ, ਚੋਣਾਂ ਜਿੱਤਣ ਵਾਸਤੇ ਗੈਰ-ਇਖ਼ਲਾਕੀ ਹਥਕੰਡਿਆਂ ਦੀ ਵਰਤੋਂ, ਚੌਧਰ ਵਾਸਤੇ ਕਚਹਿਰੀਆਂ ਦੀ ਲੜਾਈ ਅਤੇ ਸੰਗਤ ਦੇ ਪੈਸੇ ਦੀ ਬਰਬਾਦੀ ਕਈ ਥਾਈਂ ਆਮ ਜਿਹੀਆਂ ਗੱਲਾਂ ਹਨ। ਅਜਿਹੀ ਸਥਿਤੀ ਵਿਚ ਸਮਾਜਿਕ ਮਸਲਿਆਂ ਦੀਆਂ ਗੱਲਾਂ ਉੱਤੇ ਫ਼ਿਕਰ ਕੌਣ ਕਰੇਗਾ? ਸਾਡਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗਾ ਹੋਇਆ ਹੈ ਕਿ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਕੰਠ ਕਰਵਾ ਦੇਈਏ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਦੇਈਏ। ਇਹ ਬਹੁਤ ਚੰਗੇ ਅਤੇ ਲੋੜੀਂਦੇ ਉਪਰਾਲੇ ਹਨ ਪਰ ਪੱਛਮ ਦੇ ਸਭਿਆਚਾਰ ਵਿਚ ਆਪਣੇ ਸਭਿਆਚਾਰ ਨੂੰ ਕਿਸ ਤੌਰ-ਤਰੀਕੇ ਨਾਲ ਢਾਲੀਏ, ਇਸ ਬਾਰੇ ਖੁੱਲ੍ਹੇ ਮਨ ਨਾਲ ਗੱਲਾਂ ਕਰਨ ਲਈ ਅਜੇ ਅਸੀਂ ਮਾਹੌਲ ਤਿਆਰ ਨਹੀਂ ਕੀਤਾ। ਅਸੀਂ ਬਤੌਰ ਸਿੱਖ/ਪੰਜਾਬੀ/ਭਾਰਤੀ ਜਿਸ ਤਰ੍ਹਾਂ ਦੇ ਸਭਿਆਚਾਰ ਵਿਚ ਵਿਸ਼ਵਾਸ ਰੱਖਣਾ ਚਾਹੁੰਦੇ ਹਾਂ, ਪੱਛਮ ਦੀ ਸਿੱਖਿਆ-ਪ੍ਰਣਾਲੀ ਵਿਚ ਉਸ ਤਰ੍ਹਾਂ ਹੋਣਾ ਸੰਭਵ ਨਹੀਂ। ਇਸ ਵੇਲੇ ਸਾਡੀ ਸਭ ਤੋਂ ਵੱਡੀ ਲੋੜ ਉਸ ਗਾਡੀ-ਰਾਹ ਨੂੰ ਖੋਜਣ ਦੀ ਹੈ ਜਿਸ ਉੱਤੇ ਸਾਡੇ ਬੱਚੇ ਆਪਣਾ ਸੰਤੁਲਨ ਬਣਾ ਸਕਣ। ਇਹ ਕੰਮ ਹਰ ਹਾਲਤ ਵਿਚ ਉੱਥੇ ਰਹਿੰਦੇ ਪੜ੍ਹਿਆਂ-ਲਿਖਿਆਂ ਨੂੰ ਕਰਨਾ ਪਵੇਗਾ। ਪੜ੍ਹੇ-ਲਿਖੇ ਲੋਕ ਉਦੋਂ ਅੱਗੇ ਆਉਣਗੇ ਜਦੋਂ ਪਰੰਪਰਾਗਤ ਲੋਕ ਉਨ੍ਹਾਂ ਨੂੰ ਅੱਗੇ ਆਉਣ ਦਾ ਖੁੱਲ੍ਹੇ ਮਨ ਨਾਲ ਮੌਕਾ ਦੇਣਗੇ। ਇਹ ਮੌਕਾ ਉਦੋਂ ਹੀ ਮਿਲੇਗਾ ਜਦੋਂ ਧਰਮ ਵਿਚ ਨੀਵੀਂ ਸਿਆਸਤ ਦੀ ਪਕੜ ਕਮਜ਼ੋਰ ਹੋਵੇਗੀ। ਪਕੜ ਉਦੋਂ ਕਮਜ਼ੋਰ ਹੋਵੇਗੀ ਜਦੋਂ ਧਰਮ-ਸਥਾਨਾਂ ਨੂੰ ਦਿਲ ਅਤੇ ਦਿਮਾਗ਼ ਨੂੰ ਖੋਲ੍ਹ ਕੇ ਪੂਰੀ ਤਰ੍ਹਾਂ ਧਾਰਮਿਕ ਜਜ਼ਬੇ ਅਧੀਨ ਚਲਾਇਆ ਜਾਵੇਗਾ। ਉੱਦਾਂ ਇਹ ਵੀ ਲਿਖ ਦੇਈਏ ਕਿ ਸਾਡੇ ਮੁਲਕ ਅੰਦਰ ਵੀ ਧਰਮ ਵਿਚ ਸਿਆਸਤ ਦਾ ਨੀਵਾਂ ਇਖ਼ਲਾਕ ਸਿਰ ਚੜ੍ਹ ਕੇ ਬੋਲਦਾ ਹੈ। ਹਜ਼ੂਰੀ ਰਾਗੀ ਸਵਰਗੀ ਭਾਈ ਨਿਰਮਲ ਸਿੰਘ ਨੇ ਇਕ ਇੰਟਰਵਿਊ ਵਿਚ ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ ਹੁਣ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਵਾਲੇ ਰਾਗੀਆਂ ਦੀ ਚੋਣ ਵੀ ਸਿਆਸਤ ਦੇ ਦਖਲ ਨਾਲ ਹੁੰਦੀ ਹੈ, ਉਨ੍ਹਾਂ ਅਨੁਸਾਰ ਇਹ ਉਹ ਸਥਾਨ ਹੈ ਜਿੱਥੇ ਕਦੇ ਕਲਾਸੀਕਲ ਗਾਇਕ ਬੜੇ ਗੁਲਾਮ ਅਲੀ ਖਾਂ, ਸੈਮੀ ਕਲਾਸੀਕਲ ਗਾਇਕਾ ਬੇਗਮ ਅਖ਼ਤਰ ਅਤੇ ਗ਼ਜ਼ਲ ਗਾਇਕ ਗੁਲਾਮ ਅਲੀ ਵਰਗੇ ਗੁਣੀ ਆ ਕੇ ਕੀਰਤਨ ਸਰਵਨ ਕਰਦੇ ਹੁੰਦੇ ਸਨ।
ਮੈਂ ਵਿਨੀਪੈੱਗ ਦੇ ਸਿਰਫ਼ ਇਕ ਗੁਰੂ-ਘਰ ਦਾ ਵਾਕਿਫ਼ ਹਾਂ ਅਤੇ ਮੈਨੂੰ ਉੱਥੇ ਹੀ ਕੁਝ ਵਾਰ ਜਾਣ ਦਾ ਮੌਕਾ ਮਿਲਿਆ। ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਕਿ ਇਹ ਗੁਰੂ-ਘਰ ਸਹੀ ਅਰਥਾਂ ਵਿਚ ਉਸ ਦਿਸ਼ਾ ਵੱਲ ਵਧ ਰਿਹਾ ਹੈ ਜਿਸ ਦੀ ਅੱਜ ਸਿੱਖ ਸਮਾਜ ਨੂੰ ਬੇਹੱਦ ਲੋੜ ਹੈ। ਪਾਈਪਲਾਈਨ ਨਾਂ ਦੀ ਸੜਕ ਦੇ ਨੇੜੇ ਸਥਿਤ ਹੋਣ ਕਾਰਨ ਇਸਨੂੰ ਗੁਰਦੁਆਰਾ ਪਾਈਪਲਾਈਨ ਕਿਹਾ ਜਾਂਦਾ ਹੈ। ਆਮ ਤੌਰ ’ਤੇ ਪੱਛਮ ਵਿਚ ਗੁਰੂ-ਘਰ ਕਿਸੇ ਪੁਰਾਣੀ ਇਮਾਰਤ ਜਾਂ ਚਰਚ ਨੂੰ ਖ਼ਰੀਦ ਕੇ ਬਣਾਏ ਜਾਂਦੇ ਹਨ। ਇਹ ਗੁਰਦੁਆਰਾ ਸੰਗਤ ਵੱਲੋਂ ਆਪ ਖ਼ਰੀਦੀ ਜ਼ਮੀਨ ਉੱਤੇ ਆਪ ਡਿਜ਼ਾਈਨ ਕਰਕੇ ਉਸਾਰਿਆ ਗਿਆ ਹੈ। ਭਾਵੇਂ ਇਹ ਗੁਰੂ-ਘਰ ਟੋਰਾਂਟੋ ਦੇ ਡਿਕਸੀ ਗੁਰੂ-ਘਰ ਵਾਂਗ ਵਿਸ਼ਾਲ ਅਤੇ ਦੂਜੇ ਲੋਕਾਂ ਨੂੰ ਬੇਲੋੜਾ ਚਕ੍ਰਿਤ ਕਰਨ ਵਾਲਾ ਨਹੀਂ; ਪਰ ਸੰਗਤ ਦੀਆਂ ਵਿਹਾਰਕ ਲੋੜਾਂ ਦੀ ਪੂਰਤੀ ਲਈ ਕਾਫ਼ੀ ਹੈ। ਮੈਂ ਸੁਣਿਆ ਹੈ ਕਿ ਇਸ ਗੁਰੂ-ਘਰ ਦੀਆਂ ਪਹਿਲਾਂ-ਪਹਿਲ ਕੁਝ ਸਮੱਸਿਆਵਾਂ ਜ਼ਰੂਰ ਸਨ, ਪਰ ਲਗਪਗ ਦਸ ਸਾਲਾਂ ਤੋਂ ਕੁਝ ਨਿਰਸਵਾਰਥ ਅਤੇ ਧਰਮੀ ਲੋਕਾਂ ਨੇ ਇਸ ਦੀ ਵਾਗਡੋਰ ਸੰਭਾਲੀ ਹੈ। ਇਨ੍ਹਾਂ ਵਿੱਚੋਂ ਇਕ ਸਰਦਾਰ ਜਸਵੰਤ ਸਿੰਘ ਗਰੇਵਾਲ ਮੇਰੇ ਵੀ ਵਾਕਿਫ਼ ਹਨ। ਉਨ੍ਹਾਂ ਨੇ ਗੁਰੂ-ਘਰ ਚਲਾਉਣ ਲਈ ਅਜਿਹੇ ਨੇਮ ਬਣਾਏ ਹਨ ਜਿਨ੍ਹਾਂ ਸਦਕਾ ਉੱਥੇ ਸੇਵਾ ਤੋਂ ਉਰਾਰ ਜਾਂ ਪਾਰ ਦੇ ਸਰੋਕਾਰ ਆਪਣੇ-ਆਪ ਹੀ ਖ਼ਤਮ ਹੋ ਚੁੱਕੇ ਹਨ। ਪ੍ਰਬੰਧਕ ਕਮੇਟੀ ਵਿਚ ਕੋਈ ਵੀ ਸੱਜਣ ਪ੍ਰਧਾਨਗੀ ਜਾਂ ਸਕੱਤਰੀ ਦੀ ਦੋ ਸਾਲਾਂ ਦੀ ਇਕ ਟਰਮ ਤੋਂ ਬਾਅਦ ਚਾਰ ਸਾਲ ਤੱਕ ਦੁਬਾਰਾ ਅਹੁਦੇਦਾਰ ਨਹੀਂ ਬਣ ਸਕਦਾ। ਕਿਸੇ ਵੀ ਪਰਿਵਾਰ ਦੇ ਇਕ ਤੋਂ ਵੱਧ ਜੀਅ ਇਸ ਕਮੇਟੀ ਵਿਚ ਇੱਕੋ ਸਮੇਂ ਨਹੀਂ ਹੁੰਦੇ। ਸਿਰਫ਼ ਪ੍ਰਧਾਨ ਅਤੇ ਸਕੱਤਰ ਲਾਜ਼ਮੀ ਤੌਰ ’ਤੇ ਸਾਬਤ-ਸੂਰਤ ਕੇਸਾਧਾਰੀ ਗੁਰਸਿੱਖ ਹੁੰਦੇ ਹਨ। ਇਹ ਸ਼ਰਤ ਦੂਜੇ 11 ਮੈਂਬਰਾਂ ਉੱਤੇ ਲਾਗੂ ਨਹੀਂ ਹੁੰਦੀ, ਪਰ ਕਮੇਟੀ ਦਾ ਕੋਈ ਵੀ ਮੈਂਬਰ ਸ਼ਰਾਬ ਦਾ ਸੇਵਨ ਨਹੀਂ ਕਰਦਾ। ਮੇਰੇ ਲਈ ਇਹ ਵੀ ਹੈਰਤ ਵਾਲੀ ਗੱਲ ਸੀ ਕਿ ਗੁਰੂ-ਘਰ ਦੇ ਮੇਨ ਹਾਲ ਵਿਚ ਕੋਈ ਵੀ ਰਾਜਨੀਤਕ ਨਾਅਰਾ ਜਾਂ ਤਸਵੀਰ ਨਹੀਂ ਸੀ। ਇਸ ਤੋਂ ਵੀ ਵੱਡੀ ਹੈਰਾਨੀ ਅਤੇ ਖ਼ੁਸ਼ੀ ਇਸ ਗੱਲ ਨੇ ਦਿੱਤੀ ਕਿ ਗੁਰੂ-ਘਰ ਵਿਚ 1997 ਤੋਂ ਇਕ ਬੇਹੱਦ ਕਾਮਯਾਬ ਲਾਇਬਰੇਰੀ ਵੱਡੇ ਪੱਧਰ ’ਤੇ ਚਲਾਈ ਜਾਂਦੀ ਹੈ। ਉਸ ਲਾਇਬਰੇਰੀ ਵਿਚ ਸਤਾਰਾਂ ਹਜ਼ਾਰ ਤੋਂ ਵੱਧ ਪੁਸਤਕਾਂ ਹਨ। ਸੁਭਾਵਿਕ ਤੌਰ ’ਤੇ ਬਹੁਤੀਆਂ ਪੁਸਤਕਾਂ ਸਿੱਖ ਧਰਮ ਅਤੇ ਇਤਿਹਾਸ ਉੱਤੇ ਕੇਂਦਰਿਤ ਹਨ, ਪਰ ਲਾਇਬਰੇਰੀ ਵਿਚ ਧਰਮ ਤੋਂ ਇਲਾਵਾ ਵੀ ਬਹੁਤ ਸਾਰੇ ਵਿਸ਼ਿਆਂ ਉੱਤੇ ਕਾਫ਼ੀ ਕਿਤਾਬਾਂ ਹਨ। ਇਨ੍ਹਾਂ ਵਿਚ ਹਿੰਦੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਵੀ ਹਨ। ਮੈਂ ਕਸ਼ਮੀਰ ਬਾਰੇ ਇਕ ਨਾਟਕ ਲਿਖ ਰਿਹਾ ਸੀ ਅਤੇ ਖ਼ੁਦ ਉੱਥੋਂ ਪੁਣਛ ਦੀ ਲੋਕਧਾਰਾ ਬਾਰੇ ਇਕ ਪੁਸਤਕ ਕਢਵਾ ਕੇ ਪੜ੍ਹੀ ਸੀ। ਪੁਸਤਕਾਲੇ ਵਿਚ ਸਰਦਾਰ ਜਸਵੰਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਸਾਥੀ ਲਛਮਣ ਸਿੰਘ ਸਿੱਧੂ ਤੇ ਬਲਦੇਵ ਸਿੰਘ ਖੋਸਾ ਬੇਮਿਸਾਲ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਨਵੀਆਂ ਪੁਸਤਕਾਂ ਦੀਆਂ ਜਿਲਦਾਂ ਬੰਨ੍ਹਦੇ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਲਾਇਬ੍ਰੇਰੀ ਵਿੱਚੋਂ ਬਾਕਾਇਦਾ ਕਿਤਾਬਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ 1500 ਪਰਿਵਾਰ ਇਨ੍ਹਾਂ ਪੁਸਤਕਾਂ ਦੀ ਵਰਤੋਂ ਕਰਦੇ ਹਨ। ਪੁਸਤਕਾਲਾ ਨਵੀਆਂ ਛਪੀਆਂ ਕਿਤਾਬਾਂ ਨੂੰ ਖ਼ਰੀਦਣ ਵੇਲੇ ਹਮੇਸ਼ਾ ਤਤਪਰ ਰਹਿੰਦਾ ਹੈ। ਨੇਮਾਂ ਮੁਤਾਬਿਕ ਲਾਇਬਰੇਰੀ ਲਈ ਕੁਝ ਰਾਸ਼ੀ ਗੁਰੂ ਘਰ ਦੀ ਗੋਲਕ ਵਿੱਚੋਂ ਦਿੱਤੀ ਜਾਂਦੀ ਹੈ ਅਤੇ ਬਾਕੀ ਲਾਇਬ੍ਰੇਰੀ-ਮੈਬਰਾਂ ਦੇ ਚੰਦੇ ਦੇ ਰੂਪ ਵਿਚ ਇਕੱਠੀ ਹੁੰਦੀ ਹੈ ਜੋ ਕਿ ਸਿਰਫ਼ ਪੰਜ ਡਾਲਰ ਸਾਲਾਨਾ ਹੈ। ਇਉਂ ਹੀ ਗੁਰੂ-ਘਰ ਵਿੱਚ ਕੀਰਤਨ ਕਰਨ ਲਈ ਜਵੱਦੀ ਟਕਸਾਲ ਲੁਧਿਆਣਾ ਦੇ ਕੀਰਤਨੀ ਵਿਦਿਆਰਥੀ ਸੱਦੇ ਜਾਂਦੇ ਹਨ। ਵਿਨੀਪੈੱਗ ਵਿਚ ਉਨ੍ਹਾਂ ਦਾ ਇਕ ਤਰ੍ਹਾਂ ਨਾਲ ਆਖ਼ਰੀ ਸਮੈਸਟਰ ਹੁੰਦਾ ਹੈ। ਸੰਗਤ ਨੂੰ ਸੂਝਵਾਨ ਰਾਗੀ ਮਿਲਦੇ ਹਨ; ਨੌਜਵਾਨ ਰਾਗੀਆਂ ਨੂੰ ਦੁਨੀਆਂ ਵਿਚ ਵਿਚਰਨ ਦਾ ਮੌਕਾ। ਇਸ ਸਾਫ਼-ਸੁਥਰੇ ਪ੍ਰਬੰਧ ਨਾਲ ਕਈ ਕਿਸਮ ਦੇ ਭ੍ਰਿਸ਼ਟ ਅਮਲ ਆਪਣੇ-ਆਪ ਨਸ਼ਟ ਹੋ ਗਏ ਹਨ। ਰਾਗੀ ਸਿੰਘ ਗੁਰੂ-ਘਰ ਵਿਚ ਹੀ ਠਹਿਰਦੇ ਹਨ ਅਤੇ ਪ੍ਰਬੰਧਕ ਜਾਣ ਲੱਗਿਆਂ ਕੁਝ ਰਾਸ਼ੀ ਆਸ਼ੀਰਵਾਦ ਵਜੋਂ ਵੀ ਦੇਂਦੇ ਹਨ। ਇਹ ਰਾਗੀ ਸੱਜਣ ਆਪਣੀ ਵਿਹਲ ਦੇ ਸਮੇਂ ਨੂੰ ਪੁਸਤਕਾਂ ਪੜ੍ਹਨ ਵਿਚ ਵੀ ਬਿਤਾਉਂਦੇ ਹਨ। ਉੱਥੇ ਕੁਝ ਬੱਚਿਆਂ ਵਿਚ ਵੀ ਮੈਂ ਪੁਸਤਕ ਪੜ੍ਹਨ ਦੇ ਸ਼ੌਕ ਨੂੰ ਨੋਟ ਕੀਤਾ। ਸ਼ਾਇਦ ਇਹ ਸ਼ੌਕ ਨਵੀਂ ਪੀੜ੍ਹੀ ਨੂੰ ਕੋਈ ਨਵੀਂ ਦਿਸ਼ਾ ਦੇ ਦੇਵੇ। ਇਸ ਗੱਲ ਵਿਚ ਰਤਾ ਵੀ ਸ਼ੱਕ ਨਹੀਂ ਕਿ ਗੁਰਦੁਆਰਾ ਪਾਈਪਲਾਈਨ ਕਮਿਊਨਿਟੀ ਦੀ ਸਾਰਥਕ ਸੇਵਾ ਕਰ ਰਿਹਾ ਹੈ। ਅੱਜ ਦੇ ਯੁੱਗ ਵਿਚ ਪੁਸਤਕ ਦੀ ਸੇਵਾ ਸਭ ਤੋਂ ਵੱਡਾ ਪੁੰਨ ਹੈ। ਮੇਰਾ ਵਿਦਿਆਰਥੀ ਰਾਜਨ ਸ਼ਰਮਾ ਵਿਨੀਪੈੱਗ ਦਾ ਸਫ਼ਲ ਵਕੀਲ ਹੈ। ਰਾਜਨ ਬੜੇ ਮਾਣ ਨਾਲ ਦੱਸਦਾ ਹੈ ਕਿ ਉਹਨੂੰ ਵਕਾਲਤ ਦੀ ਪੜ੍ਹਾਈ ਦੀਆਂ ਕਿਤਾਬਾਂ ਵਿਨੀਪੈੱਗ ਦੇ ਹੀ ਇਕ ਗੁਰੂ ਘਰ ਨੇ ਲੈ ਕੇ ਦਿੱਤੀਆਂ ਸਨ। ਮੇਰੇ ਧਰਮ ਨੇ ਮੇਰੇ ਵਿਦਿਆਰਥੀ ਦੇ ਜੀਵਨ ਵਿਚ ਸਾਰਥਕ ਭੂਮਿਕਾ ਨਿਭਾਈ; ਇਹੋ-ਜਿਹੀਆਂ ਗੱਲਾਂ ਸੁਣ ਕੇ ਮੇਰਾ ਸਿਰ ਫ਼ਖ਼ਰ ਨਾਲ ਉੱਚਾ ਹੁੰਦਾ ਹੈ।
ਸੰਪਰਕ: 98760-18501