ਜਸਪਾਲ ਸਿੰਘ, ਅਮਿਤ ਚੌਧਰੀ ਤੇ ਭਾਰਤੀ ਮੋਹਿੰਦਰ*
ਪੰਜਾਬ ਵਿੱਚ ਸਰਦੀ ਰੁੱਤ ਵਿੱਚ ਤਾਪਮਾਨ ਕਾਫ਼ੀ ਘਟ ਜਾਂਦਾ ਹੈ। ਖ਼ਾਸ ਤੌਰ ’ਤੇ ਰਾਤ ਦਾ ਤਾਪਮਾਨ ਕਈ ਵਾਰ 5 ਡਿਗਰੀ ਤੋਂ ਵੀ ਹੇਠਾਂ ਡਿੱਗ ਜਾਂਦਾ ਹੈ ਅਤੇ ਕੋਰਾ ਵੀ ਜੰਮਣ ਲੱਗ ਜਾਂਦਾ ਹੈ। ਆਮ ਤੌਰ ’ਤੇ ਅੱਧ ਦਸੰਬਰ ਤੋਂ ਅੱਧ ਫਰਵਰੀ ਤੱਕ ਠੰਢ ਵਧੇਰੇ ਪੈਂਦੀ ਹੈ। ਕਈ ਵਾਰ ਠੰਢੀਆਂ ਹਵਾਵਾਂ, ਧੁੰਦ ਅਤੇ ਲਗਾਤਾਰ ਬੱਦਲਵਾਈ ਰਹਿਣ ਕਾਰਨ ਠੰਢ ਹੋਰ ਵਧ ਜਾਂਦੀ ਹੈ। ਜਿਵੇਂ-ਜਿਵੇਂ ਸਰਦੀ ਵਧਦੀ ਜਾਂਦੀ ਹੈ ਮੱਖੀਆਂ ਲਈ ਛੱੱਤੇ ਤੋਂ ਬਾਹਰ ਕੰਮ ਕਰਨ ਦਾ ਸਮਾਂ ਘਟਦਾ ਜਾਂਦਾ ਹੈ। ਅਜਿਹੇ ਮੌਸਮ ਵਿੱਚ ਸ਼ਹਿਦ ਮੱਖੀਆਂ ਬਹੁਤਾ ਸਮਾਂ ਕਟੁੰਬ ਦੇ ਅੰਦਰ ਹੀ ਰਹਿੰਦੀਆਂ ਹਨ ਅਤੇ ਬਾਹਰੋਂ ਖ਼ੁਰਾਕ ਇਕੱਠੀ ਕਰਨ ਦਾ ਸਮਾਂ ਬਹੁਤ ਹੀ ਸੀਮਤ ਰਹਿ ਜਾਂਦਾ ਹੈ। ਕਿਉਂਕਿ ਮੱਖੀਆਂ ਸਵੇਰੇ ਦੇਰ ਨਾਲ ਕੰਮ ਸ਼ੁਰੂ ਕਰਦੀਆਂ ਹਨ ਅਤੇ ਸ਼ਾਮੀ ਜਲਦੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜੇ ਲਗਾਤਾਰ ਬੱਦਲਵਾਈ ਰਹੇ ਅਤੇ ਠੰਢੀਆਂ ਹਵਾਵਾਂ ਚੱਲਣ ਤਾਂ ਸ਼ਹਿਦ ਦੀਆਂ ਮੱਖੀਆਂ ਘੱਟ ਹੀ ਕੰਮ ਕਰ ਪਾਉਂਦੀਆਂ ਹਨ। ਅਜਿਹੇ ਹਾਲਾਤ ਵਿੱਚ ਕਟੁੰਬਾਂ ਦੀ ਸਹੀ ਦੇਖ-ਭਾਲ ਨਾ ਹੋਣ ’ਤੇ ਮੱਖੀਆਂ ਦੀ ਗਿਣਤੀ, ਬਰੂਡ ਅਤੇ ਕਟੁੰਬਾਂ ਦੀ ਉਤਪਾਦਕਤਾ ਘਟ ਸਕਦੀ ਹੈ।
ਸਰਦੀ ਰੁੱਤ ਵਿੱਚ ਮੱਖੀਆਂ ਨੂੰ ਠੰਢ, ਧੁੰਦ, ਠੰਢੀਆਂ ਹਵਾਵਾਂ ਤੋਂ ਇਲਾਵਾ ਕਈ ਵਾਰ ਕੁਝ ਇਲਾਕਿਆਂ ਵਿੱਚ ਖ਼ੁਰਾਕ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕੇ ਸਰਦੀ ਦੇ ਸ਼ੁਰੂ ਵਿੱਚ ਸ਼ਹਿਦ ਮੱਖੀਆਂ ਸਫੈਦੇ ਅਤੇ ਪਛੇਤੇ ਤੋਰੀਏ ਤੋਂ ਨੈਕਟਰ (ਕੱਚਾ ਸ਼ਹਿਦ) ਇਕੱਠਾ ਕਰਦੀਆਂ ਹਨ ਪਰ ਕਈ ਥਾਵਾਂ ’ਤੇ ਕੁਝ ਸਮੇਂ ਲਈ ਫੁੱਲਾਂ ਦੀ ਘਾਟ ਵੀ ਹੋ ਜਾਂਦੀ ਹੈ। ਤੋਰੀਏ ਆਦਿ ਦਾ ਸ਼ਹਿਦ ਨਵੰਬਰ ਦੇ ਅਖੀਰ ਤੱਕ ਕੱਢ ਲੈਣਾ ਚਾਹੀਦਾ ਹੈ, ਨਹੀਂ ਤਾਂ ਸਰਦੀ ਵਧਣ ਨਾਲ ਸ਼ਹਿਦ ਛੱਤਿਆਂ ਵਿੱਚ ਹੀ ਜੰਮ ਜਾਂਦਾ ਹੈ ਅਤੇ ਸ਼ਹਿਦ ਕੱਢਣ ਵਿੱਚ ਮੁਸ਼ਕਲ ਆਉਂਦੀ ਹੈ। ਸਰਦੀ ਦੇ ਅਖੀਰ ਵਿੱਚ ਸਫ਼ੈਦੇ ਦੇ ਫੁੱਲਾਂ ਤੋਂ ਇਲਾਵਾ ਬਰਸੀਮ ਅਤੇ ਕਣਕ ਆਦਿ ਦੇ ਖੇਤਾਂ ਵਿੱਚ ਬੀਜੀ ਸਰ੍ਹੋਂ ਜਾਤੀ ਦੇ ਫੁੱਲ ਵੀ ਇਸ ਥੁੜ੍ਹ ਨੂੰ ਪੂਰਾ ਕਰਨ ਵਿੱਚ ਸਹਾਈ ਹੁੰਦੇ ਹਨ।
ਇਸ ਲਈ ਮੱਖੀਆਂ ਦੇ ਯੋਗ ਪ੍ਰਬੰਧ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸ਼ਹਿਦ ਮੱਖੀ ਕਟੁੰਬਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਅਤੇ ਕਟੁੰਬ ਸਫ਼ਲਤਾਪੂਰਵਕ ਸਰਦੀ ਲੰਘਾ ਸਕਣ। ਸਰਦੀ ਰੁੱਤ ਵਿੱਚ ਕਟੁੰਬਾਂ ਦੀ ਦੇਖ-ਭਾਲ ਲਈ ਮੁੱਖ ਉਪਰਾਲੇ ਹੇਠ ਲਿਖੇ ਅਨੁਸਾਰ ਹਨ:
ਕਟੁੰਬਾਂ ਦਾ ਨਿਰੀਖਣ ਕਰਨ ਦਾ ਸਮਾਂ, ਢੰਗ ਅਤੇ ਜ਼ਰੂਰਤ: ਸਰਦੀ ਵਿੱਚ ਕਟੁੰਬਾਂ ਦਾ ਚੰਗੀ ਤਰ੍ਹਾਂ ਨਿਰੀਖਣ ਕਰਨਾ ਜ਼ਰੂਰੀ ਹੁੰਦਾ ਹੈ। ਸਰਦੀਆਂ ਵਿੱਚ ਕਟੁੰਬਾਂ ਨੂੰ ਸਵੇਰੇ ਸੁਵੱਖ਼ਤੇ ਜਾ ਸ਼ਾਮੀ ਦੇਰ ਨੂੰ ਨਹੀਂ ਖੋਲ੍ਹਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਕਟੁੰਬ ਵਿਚਲੇ ਮੱਖੀਆਂ ਦੇ ਝੁੰਡ ਦਾ ਤਾਪਮਾਨ ਘਟ ਜਾਂਦਾ ਹੈ। ਸਰਦੀਆਂ ਵਿੱਚ ਮੱਖੀ ਕਟੁੰਬਾਂ ਦਾ ਨਿਰੀਖਣ ਕਿਸੇ ਧੁੱਪ ਵਾਲੇ ਦਿਨ ਦੁਪਹਿਰ ਵੇਲੇ ਉਸ ਸਮੇਂ ਕਰੋ ਜਦੋਂ ਹਵਾ ਨਾ ਚੱਲ ਰਹੀ ਹੋਵੇ। ਮੱਖੀਆਂ ਅਤੇ ਉਨ੍ਹਾਂ ਦੇ ਬਰੂਡ ਨੂੰ ਠੰਢ ਤੋਂ ਬਚਾਉਣ ਲਈ ਕਟੁੰਬਾਂ ਦਾ ਨਿਰੀਖਣ ਘੱਟ ਤੋਂ ਘੱਟ ਸਮਾਂ ਲਗਾ ਕੇ ਕਰਨਾ ਚਾਹੀਦਾ ਹੈ।
ਕਟੁੰਬਾਂ ਦੇ ਨਿਰੀਖਣ ਦੀ ਜ਼ਰੂਰਤ ਇਸ ਲਈ ਹੁੰਦੀ ਹੈ ਕਿ ਕਟੁੰਬ ਸਫ਼ਲਤਾਪੂਰਵਕ ਸਰਦੀ ਲੰਘਾ ਸਕਣ ਅਤੇ ਵਧੇਰੇ ਉਤਪਾਦਨ ਦੇ ਸਕਣ। ਇਸ ਲਈ ਜਾਂਚਿਆ ਜਾਂਦਾ ਹੈ ਕਿ ਰਾਣੀ ਮੱਖੀ ਯੋਗ ਅਤੇ ਠੀਕ ਕੰਮ ਕਰਨ ਦੇ ਕਾਬਲ ਹੈ, ਮੱਖੀਆਂ ਦੀ ਗਿਣਤੀ ਕਾਫੀ ਹੈ, ਬਰੂਡ ਅਤੇ ਮੱਖੀ ਨੂੰ ਕੋਈ ਬਿਮਾਰੀ ਜਾਂ ਮਾਈਟ ਦੀ ਸਮੱਸਿਆ ਤਾਂ ਨਹੀਂ, ਕਟੁੰਬ ਕੋਲ ਲੋੜੀਂਦੀ ਖ਼ੁਰਾਕ ਅਤੇ ਛੱਤੇ ਹਨ ਆਦਿ। ਨਵੀਂ ਗਰਭਤ ਰਾਣੀ ਮੱਖੀ ਵਾਲੇ ਕਟੁੰਬ ਸਫ਼ਲਤਾਪੂਰਵਕ ਸਰਦੀ ਲੰਘਾ ਸਕਦੇ ਹਨ। ਇਸ ਲਈ ਪੁਰਾਣੀ ਰਾਣੀ ਵਾਲੇ ਅਤੇ ਕਮਜ਼ੋਰ ਕਟੁੰਬਾਂ ਲਈ ਖ਼ਾਸ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਘੱਟ ਬਲਤਾ ਵਾਲੇ ਕਟੁੰਬਾਂ ਨੂੰ ਸਰਦੀ ਰੁੱੱਤੇ ਕਈ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮਜ਼ੋਰ ਕਟੁੰਬਾਂ ਨੂੰ ਤਕੜੇ ਕਟੁੰਬਾਂ ਵਿੱਚੋਂ ਬਰੂਡ ਵਾਲੇ ਛੱਤੇ ਮੱਖੀਆਂ ਤੋਂ ਬਿਨਾਂ ਕੱਢ ਕੇ ਦੇਣ ਨਾਲ ਉਨ੍ਹਾਂ ਦੀ ਬਲਤਾ ਵਧਾਈ ਜਾ ਸਕਦੀ ਹੈ ਜਾਂ ਫਿਰ ਦੋ ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਮਿਲਾ ਦਿਉ।
ਕਟੁੰਬਾਂ ਨੂੰ ਧੁੱਪੇ ਰੱਖਣ ਦੀ ਲੋੜ ਅਤੇ ਵਿਧੀ: ਸਰਦੀਆਂ ਵਿੱਚ ਕਟੁੰਬਾਂ ਨੂੰ ਧੁੱਪੇ ਰੱਖਣ ਨਾਲ ਕਟੁੰਬਾਂ ਦੀ ਉਤਪਾਦਕਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਕਿਉਂਕਿ ਧੁੱਪੇ ਪਏ ਕਟੁੰਬਾਂ ਵਿੱਚ ਛਾਂ ਵਿੱਚ ਪਏ ਕਟੁੰਬਾਂ ਦੇ ਮੁਕਾਬਲੇ ਤਾਪਮਾਨ ਬਰਕਰਾਰ ਰੱਖਣਾ ਆਸਾਨ ਹੋਵੇਗਾ ਅਤੇ ਇਹ ਕਟੁੰਬ ਕੰਮ ਵੀ ਵਧੇਰੇ ਕਰਨਗੇ। ਕਟੁੰਬਾਂ ਨੂੰ ਧੁੱਪੇ ਅਜਿਹੇ ਢੰਗ ਨਾਲ ਰੱਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਧੁੱਪ ਮਿਲ ਸਕੇ ਅਤੇ ਉਹ ਠੰਢੀਆਂ ਹਵਾਵਾਂ ਅਤੇ ਤਰੇਲ ਆਦਿ ਤੋਂ ਬਚੇ ਰਹਿਣ। ਜੇ ਮੌਜੂਦਾ ਸ਼ਹਿਦ ਮੱਖੀ ਫਾਰਮ ਵਿੱਚ ਧੁੱਪ ਦਾ ਯੋਗ ਪ੍ਰਬੰਧ ਨਾ ਹੋਵੇ ਤਾਂ ਸ਼ਹਿਦ ਮੱਖੀਆਂ ਦੇ ਕਟੁੰਬ ਧੁੱਪ ਵਾਲੀ ਕਿਸੇ ਨਵੀਂ ਥਾਂ ਰੱਖਣੇ ਚਾਹੀਦੇ ਹਨ। ਮੱਖੀਆਂ ਦੇ ਕਟੁੰਬ ਧੁੱਪੇ ਕਰਨ ਸਮੇਂ ‘ਤਿੰਨ ਫੁੱਟ ਜਾਂ ਤਿੰਨ ਕਿਲੋਮੀਟਰ’ ਦੇ ਸੁਨਹਿਰੀ ਅਸੂਲ ਨੂੰ ਅਪਨਾਉਣਾ ਚਾਹੀਦਾ ਹੈੈ। ਇਸ ਦਾ ਭਾਵ ਇਹ ਹੈ ਕਿ ਜੇ ਕਟੁੰਬਾਂ ਨੂੰ ਉਸੇ ਫਾਰਮ ’ਤੇ ਛਾਂ ਤੋਂ ਧੁੱਪ ਵਿੱਚ ਲਿਜਾਣਾ ਹੋਵੇ ਤਾਂ ਕਟੁੰਬਾਂ ਨੂੰ ਹਰ ਰੋਜ਼ ਧੁੱਪ ਵੱਲ 3-3 ਫੁੱਟ ਖਿਸਕਾਵੋ। ਪਰ ਫਾਰਮ ’ਤੇ ਧੁੱਪ ਦਾ ਕੋਈ ਵੀ ਪ੍ਰਬੰਧ ਨਾ ਹੋਵੇ ਤਾਂ ਕਟੁੰਬਾਂ ਦੇ ਗੇਟ ਰਾਤ ਨੂੰ ਬੰਦ ਕਰ ਕੇ 3 ਕਿਲੋਮੀਟਰ ਤੋਂ ਵੱਧ ਦੂਰ ਲਿਜਾ ਕੇ ਧੁੱਪੇ ਰੱਖੋ। ਕਟੁੰਬਾਂ ਨੂੰ ਟਿਕਾਉਣ ਸਮੇਂ ਉਨ੍ਹਾਂ ਦੇ ਗੇਟ ਪੂਰਬ-ਦੱਖਣ ਦਿਸ਼ਾ ਵੱਲ ਹੋਣੇ ਚਾਹੀਦੇ ਹਨ ਤਾਂ ਕਿ ਗੇਟ ਵਾਲੇ ਪਾਸੇ ਵੱਧ ਤੋਂ ਵੱਧ ਧੁੱਪ ਪੈ ਸਕੇ ਅਤੇ ਨਿੱਘ ਮਿਲਣ ਦੇ ਕਾਰਨ ਸ਼ਹਿਦ ਮੱਖੀਆਂ ਸਵੇਰੇ ਸੁਵੱਖ਼ਤੇ ਤੋਂ ਸ਼ਾਮੀ ਦੇਰ ਤੱਕ ਕੰਮ ਕਰਦੀਆਂ ਰਹਿਣ।
ਠੰਢੀਆਂ ਹਵਾਵਾਂ ਤੋਂ ਬਚਾਉਣਾ: ਸਰਦੀ ਰੁੱਤੇ ਅਕਸਰ ਲਹਿੰਦੀ ਦਿਸ਼ਾ ਵੱਲੋਂ ਠੰਢੀਆਂ ਹਵਾਵਾਂ ਵਗਦੀਆਂ ਹਨ। ਇਸ ਲਈ ਸ਼ਹਿਦ ਮੱਖੀ ਫਾਰਮ ਬਣਾਉਣ ਸਮੇਂ ਫਾਰਮ ਦੇ ਇਸ ਪਾਸੇ ਵੱਲ ਸਰਦੀ ਤੋਂ ਬਚਾਅ ਲਈ ਝਾੜੀਦਾਰ ਬੂਟਿਆਂ ਆਦਿ ਦੀ ਵਾੜ ਲਾਉਣੀ ਚਾਹੀਦੀ ਹੈ ਜਾਂ ਫਿਰ ਕੋਈ ਹੋਰ ਅਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ। ਗੇਟ ਤੋਂ ਬਿਨਾਂ ਹਾਈਵ ਦੀਆਂ ਸਾਰੀਆਂ ਤਰੇੜਾਂ, ਝੀਥਾਂ ਆਦਿ ਚੰਗੀ ਤਰ੍ਹਾਂ ਟੇਪ ਜਾਂ ਗਾਰੇ ਨਾਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਠੰਢੀਆਂ ਹਵਾਵਾਂ ਦਾ ਅਸਰ ਘਟਾਉਣ ਲਈ ਸਾਰੇ ਕਮਜ਼ੋਰ ਕਟੁੰਬਾਂ ਦੇ ਹਾਈਵ ਦੇ ਗੇਟ ਵੀ ਛੋਟੇ ਕਰ ਦੇਣੇ ਚਾਹੀਦੇ ਹਨ।
ਕਮਜ਼ੋਰ ਕਟੁੰਬਾਂ ਨੂੰ ਮਿਲਾਉਣਾ: ਜੇ ਸ਼ਹਿਦ ਮੱਖੀ ਫਾਰਮ ਦੇ ਕੁੱਝ ਕਟੁੰਬ ਸਰਦੀ ਦੇ ਸ਼ੁਰੂ ਵਿੱਚ ਹੀ ਬਹੁਤ ਕਮਜ਼ੋਰ ਜਾਂ ਰਾਣੀ-ਰਹਿਤ ਹਨ ਤਾਂ ਅਜਿਹੇ ਕਟੁੰਬਾਂ ਨੂੰ ਹੋਰ ਕਟੁੰਬਾਂ ਜਿਨ੍ਹਾਂ ਦੀਆਂ ਰਾਣੀਆਂ ਯੋਗ ਅਤੇ ਗਰਭਤ ਹੋਣ, ਨਾਲ ਮਿਲਾ ਦੇਣਾ ਉਚਿਤ ਹੁੰਦਾ ਹੈ। ਕਿਉਂਕਿ ਅਜਿਹੇ ਬਹੁਤ ਕਮਜ਼ੋਰ ਕਟੁੰਬ ਜਾਂ ਤਾਂ ਠੰਢ ਲੰਘਾ ਨਹੀਂ ਪਾਉਂਦੇ ਤੇ ਜੇ ਬਚ ਵੀ ਜਾਣ ਤਾਂ ਵਧੇਰੇ ਸ਼ਹਿਦ ਨਹੀਂ ਦੇ ਸਕਦੇ। ਕਟੁੰਬਾਂ ਨੂੰ ਮਿਲਾਉਣ ਜਾਂ ਜੋੜਨ ਲਈ ਅਖ਼ਬਾਰ ਵਾਲਾ ਤਰੀਕਾ ਬਹੁਤ ਸਫ਼ਲ, ਸੌਖਾ ਅਤੇ ਮੱਖੀ ਪਾਲਕਾਂ ਵਿੱਚ ਆਮ ਪ੍ਰਚੱਲਿਤ ਹੈ। ਮੱਖੀ ਕਟੁੰਬਾਂ ਨੂੰ ਜੋੜਨ ਦੇ ਇਸ ਢੰਗ ਵਿੱਚ, ਹਾਈਵ ਟੂਲ ਦੀ ਨੋਕ ਨਾਲ ਅਖ਼ਬਾਰ ਦੀ ਇੱਕ ਸ਼ੀਟ ਵਿੱਚ ਛੋਟੇ-ਛੋਟੇ ਟੱਕ ਲਾ ਦਿਉ। ਇਹ ਟੱਕ ਨਾ ਜ਼ਿਆਦਾ ਛੋਟੇ ਅਤੇ ਨਾ ਬਹੁਤ ਵੱਡੇ ਹੋਣ ਤਾਂ ਕਿ ਜੋੜੇ ਜਾਣ ਵਾਲੇ ਕਟੁੰਬਾਂ ਦੀ ਸੁਗੰਧ ਤਾਂ ਇੱਕ ਦੂਜੇ ਨਾਲ ਮਿਲ ਸਕੇ ਪਰ ਉਨ੍ਹਾਂ ਦੀਆਂ ਮੱਖੀਆਂ ਜਲਦੀ-ਜਲਦੀ ਇਨ੍ਹਾਂ ਛੇਕਾਂ ਵਿੱਚ ਦੀ ਨਾ ਲੰਘ ਸਕਣ। ਇਸ ਤਰੀਕੇ ਵਿੱਚ ਜ਼ਿਆਦਾ ਬਲਤਾ ਅਤੇ ਰਾਣੀ ਸ਼ੁਦਾ ਕਟੁੰਬ ਦੇ ਹਾਈਵ ਦਾ ਬਾਹਰਲਾ ਅਤੇ ਅੰਦਰਲਾ ਢੱਕਣ ਹਟਾਉਣ ਤੋਂ ਬਾਅਦ ਫਰੇਮਾਂ ਦੇ ਉਪਰਲੇ ਡੰਡਿਆਂ ਨੂੰ ਪੂਰੀ ਤਰ੍ਹਾਂ ਢਕਣ ਲਈ ਇਹ ਕੱਟ ਲੱਗਿਆ ਅਖ਼ਬਾਰ ਵਿਛਾ ਦਿਉ। ਇਸ ਤੋਂ ਬਾਅਦ ਜੋੜਿਆ ਜਾਣ ਵਾਲਾ ਰਾਣੀ-ਰਹਿਤ ਜਾਂ ਰਾਣੀ-ਰਹਿਤ ਕੀਤੇ ਕਮਜ਼ੋਰ ਕਟੁੰਬ ਵਾਲੇ ਹਾਈਵ ਨੂੰ ਹੇਠਲੇ ਫੱਟੇ (ਬਾਟਮ ਬੋਰਡ) ਤੋਂ ਬਿਨਾਂ ਮੱਖੀਆਂ ਸਣੇ ਚੁੱਕ ਕੇ ਅਖ਼ਬਾਰ ਰੱਖੇ ਰਾਣੀ-ਸ਼ੁਦਾ ਕਟੁੰਬ ਉੱਪਰ ਟਿਕਾ ਦਿਉ। ਦੋਹਾਂ ਚੈਂਬਰਾਂ ਦੇ ਜੋੜਾਂ ਨੂੰ ਟੇਪ ਜਾਂ ਗਾਰੇ ਨਾਲ ਲਿੱਪ ਕੇ ਉੱਪਰਲੇ ਚੈਂਬਰ ਨੂੰ ਮੱਖੀ ਬੰਦ ਕਰ ਦਿਉ। ਇਸ ਅਖ਼ਬਾਰ ਦੀਆਂ ਮੋਰੀਆਂ ਰਾਹੀਂ ਦੋਹਾਂ ਚੈਂਬਰਾਂ ਦੀ ਸੁਗੰਧ ਹੌਲੀ-ਹੌਲੀ ਮਿਲ ਕੇ ਇੱਕ ਹੋ ਜਾਂਦੀ ਹੈ। ਇਸ ਸਮੇਂ ਤੱਕ ਦੋਹਾਂ ਚੈਂਬਰਾਂ ਦੀਆਂ ਮੱਖੀਆਂ ਵੀ ਅਖ਼ਬਾਰ ਵਿਚਲੀਆਂ ਮੋਰੀਆਂ ਨੂੰ ਹੋਰ ਵੱਡੀਆਂ ਕਰ ਕੇ ਇੱਕ ਦੂਜੇ ਚੈਂਬਰ ਵਿੱਚ ਲੰਘਣਾ ਸ਼ੁਰੂ ਕਰ ਦਿੰਦੀਆਂ ਹਨ। ਤਿੰਨ-ਚਾਰ ਦਿਨਾਂ ਦੇ ਅੰਦਰ ਹੀ ਦੋਵਾਂ ਚੈਂਬਰਾਂ ਦੀਆਂ ਮੱਖੀਆਂ ਇੱਕ-ਮਿੱੱਕ ਹੋ ਜਾਂਦੀਆਂ ਹਨ। ਤੀਜੇ ਦਿਨ ਚੈਂਬਰਾਂ ਵਿਚਕਾਰਲੇ ਫਟੇ ਹੋਏ ਅਖ਼ਬਾਰ ਨੂੰ ਹਟਾ ਦਿਉ। ਜੇ ਹੇਠਲੇ ਚੈਂਬਰ ਵਿੱਚ ਮੱਖੀਆਂ ਦੇ ਫਰੇਮ ਘੱਟ ਹੋਣ ਤਾਂ ਉੱਪਰਲੇ ਚੈਂਬਰ ਵਿੱਚੋਂ ਪੂਰੇ ਕਰ ਦਿਉ। ਉੱਪਰਲੇ ਚੈਂਬਰ ਦੀ ਜ਼ਰੂਰਤ ਨਾ ਹੋਣ ਤੇ ਇਸ ਨੂੰ ਹਟਾ ਵੀ ਸਕਦੇ ਹੋ।
ਕਟੁੰਬਾਂ ਨੂੰ ਮਿਲਾਉਣ ਦਾ ਕੰਮ ਸ਼ਾਮ ਦੇ ਸਮੇਂ, ਜਦੋਂ ਸਾਰੀਆਂ ਮੱਖੀਆਂ ਛੱਤੇ ਵਿੱਚ ਆ ਜਾਣ ਹੀ ਕਰਨਾ ਚਾਹੀਦਾ ਹੈ। ਪਰ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਉੱਪਰਲੇ ਚੈਂਬਰ ਦੀਆਂ ਮੱਖੀਆਂ ਨੂੰ ਅਖ਼ਬਾਰ ਪਾੜ ਕੇ ਨਿੱਕਲਣ ਤੋਂ ਬਿਨਾਂ ਹੋਰ ਕੋਈ ਰਸਤਾ ਨਾ ਹੋਵੇ, ਪਰ ਇਨ੍ਹਾਂ ਲਈ ਛੱਤਿਆਂ ਵਿੱਚ ਤਿੰਨ-ਚਾਰ ਦਿਨਾਂ ਜੋਗੀ ਖ਼ੁਰਾਕ ਜ਼ਰੂਰ ਹੋਵੇ।
ਵਾਧੂ ਛੱਤੇ ਸੰਭਾਲਣੇ: ਨਵੰਬਰ ਵਿੱਚ ਸ਼ਹਿਦ ਕੱਢਣ ਮਗਰੋਂ ਅਤੇ ਸਰਦੀ ਵਿੱਚ ਮੱਖੀਆਂ ਦੇ ਘੱਟ ਬਰੂਡ ਪਾਉਣ ਅਤੇ ਕੰਮ ਕਰਨ ਦੀ ਸਮਰੱਥਾ ਘਟਣ ਕਾਰਨ ਕਾਫ਼ੀ ਛੱਤੇ ਖਾਲੀ ਹੋ ਜਾਂਦੇ ਹਨ। ਇਹ ਛੱਤੇ ਹਾਈਵ ਵਿੱਚ ਇਸੇ ਤਰ੍ਹਾਂ ਪਏ ਰਹਿਣ ਨਾਲ ਕਟੁੰਬਾਂ ਦਾ ਤਾਪਮਾਨ ਕਾਇਮ ਰੱਖਣ ਵਿੱਚ ਮੁਸ਼ਕਲ ਖੜ੍ਹੀ ਕਰਦੇ ਹਨ। ਇਸ ਲਈ ਸਰਦੀ ਦੀ ਪੈਕਿੰਗ ਦੇਣ ਤੋਂ ਪਹਿਲਾਂ ਫ਼ਾਲਤੂ ਛੱਤੇ ਕੱਢ ਕੇ ਠੀਕ ਢੰਗ ਨਾਲ ਚੈਂਬਰਾਂ ਵਿੱਚ ਜਮ੍ਹਾਂ ਕਰ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਇਹ ਛੱਤੇ ਅੱਗੇ ਆਉਣ ਵਾਲੀ ਬਹਾਰ ਰੁੱਤ ਵਿੱਚ ਵਰਤੇ ਜਾ ਸਕਣ।
ਸਰਦੀ ਦੀ ਪੈਕਿੰਗ ਦੇਣ ਦੀ ਜ਼ਰੂਰਤ, ਵਿਧੀ ਅਤੇ ਸਾਵਧਾਨੀਆਂ: ਸ਼ਹਿਦ ਮੱਖੀਆਂ ਠੰਢੇ ਲਹੂ ਵਾਲੇ ਜੀਵ ਹਨ। ਇਸ ਦਾ ਭਾਵ ਹੈ ਕਿ ਇਨ੍ਹਾਂ ਦੇ ਸਰੀਰ ਦਾ ਤਾਪਮਾਨ ਇਕਸਾਰ ਬਰਕਰਾਰ ਨਹੀਂ ਰਹਿੰਦਾ ਅਤੇ ਇਨ੍ਹਾਂ ’ਤੇ ਵਾਤਾਵਰਨ ਦੇ ਤਾਪਮਾਨ ਦਾ ਬਹੁਤ ਅਸਰ ਪੈਂਦਾ ਹੈ। ਭਾਵੇਂ ਮੱਖੀਆਂ ਸਰਦੀ ਰੁੱਤੇ ਕਟੁੰਬ ਦੇ ਅੰਦਰ ਝੁੰਡ ਬਣਾ ਕੇ ਕਟੁੰਬ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇਸ ਰੁੱਤੇ ਮੱਖੀਆਂ ਦੇ ਇਸ ਕੰਮ ਨੂੰ ਹੋਰ ਸੌਖਾ ਕਰਨ ਲਈ ਕਟੁੰਬ ਨੂੰ ਪੈਕਿੰਗ ਦੇਣੀ ਅਤਿ-ਜ਼ਰੂਰੀ ਹੈ। ਅਕਸਰ ਸਰਦੀ ਦੀ ਪੈਕਿੰਗ ਦੇਣ ਵਿੱਚ ਦੇਰੀ ਵੀ ਕਟੁੰਬਾਂ ਦੀ ਪੈਦਾਵਾਰ ਘਟਣ ਦਾ ਕਾਰਨ ਬਣਦੀ ਹੈ। ਸਰਦੀਆਂ ਵਿੱਚ ਰਾਤ ਵੇਲੇ ਤਾਪਮਾਨ ਅਕਸਰ ਦਿਨ ਦੇ ਤਾਪਮਾਨ ਤੋਂ 10-15 ਡਿਗਰੀ ਘੱਟ ਹੁੰਦਾ ਹੈ। ਇਸ ਲਈ ਰਾਤ ਦੇ ਤਾਪਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਰਦੀ ਦੀ ਪੈਕਿੰਗ ਦੇ ਦੇਣੀ ਚਾਹੀਦੀ ਹੈ। ਸਰਦੀ ਦੀ ਪੈਕਿੰਗ ਦੋ ਕਿਸਮ ਦੀ ਹੁੰਦੀ ਹੈ।
ਅੰਦਰਲੀ ਪੈਕਿੰਗ: ਅੰਦਰਲੀ ਪੈਕਿੰਗ ਦਾ ਅਰਥ ਹੈ ਸਰਦੀ ਰੁੱਤੇ ਹਾਈਵ ਦੇ ਅੰਦਰ ਵਾਧੂ ਥਾਂ ਨੂੰ ਪਰਾਲੀ, ਤੂੜੀ, ਲੱਕੜ ਦੇ ਬੂਰੇ ਜਾਂ ਥਰਮੋਕੋਲ ਆਦਿ ਨਾਲ ਭਰਨਾ ਤਾਂ ਕਿ ਕਟੁੰਬਾਂ ਦਾ ਅੰਦਰਲਾ ਤਾਪਮਾਨ ਕਾਇਮ ਰਹਿ ਸਕੇ। ਪਰਾਲੀ ਇਸ ਮੌਸਮ ਵਿੱਚ ਆਸਾਨੀ ਨਾਲ ਉਪਲਬਧ, ਵਰਤਣ ਵਿੱਚ ਆਸਾਨ ਅਤੇ ਬਾਕੀ ਵਿਕਲਪਾਂ ਨਾਲੋਂ ਸਸਤੀ ਹੁੰਦੀ ਹੈ। ਅੰਦਰਲੀ ਪੈਕਿੰਗ ਦੀ ਆਮ ਤੌਰ ’ਤੇ ਯੋਗ ਰਾਣੀ ਵਾਲੇ ਪਰ ਕਮਜ਼ੋਰ (ਘੱਟ ਬਲਤਾ ਵਾਲੇ) ਕਟੁੰਬਾਂ ਨੂੰ ਲੋੜ ਪੈਂਦੀ ਹੈ। ਦਸ ਫਰੇਮਾਂ ਦੀ ਬਲਤਾ ਵਾਲੇ ਕਟੁੰਬਾਂ ਨੂੰ ਅੰਦਰਲੀ ਪੈਕਿੰਗ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਜੇ ਕਟੁੰਬ ਬਹੁਤੇ ਕਮਜ਼ੋਰ ਨਹੀਂ (6-7 ਮੱਖੀ ਛੱਤੇ ਵਾਲੇ ਕਟੁੰਬ) ਤਾਂ ਹਾਈਵ ਅੰਦਰਲੇ ਸਾਰੇ ਛੱਤੇ ਇੱਕ ਪਾਸੇ ਵੱਲ ਧੱਕ ਕੇ ਅਖੀਰਲੇ ਛੱਤੇ ਨਾਲ ਡੰਮੀ ਬੋਰਡ ਜਾਂ ਖਾਲੀ ਛੱਤਾ ਲਾ ਦਿਉ ਅਤੇ ਖਾਲੀ ਬਚੀ ਥਾਂ ਵਿੱਚ ਪੈਕਿੰੰਗ ਭਰ ਦਿਉੁ। ਪਰ ਬਹੁਤੇ ਕਮਜ਼ੋਰ ਕਟੁੰਬਾਂ ਨੂੰ ਅੰਦਰਲੀ ਪੈਕਿੰਗ ਦੇਣ ਲਈ ਹਾਈਵ ਵਿੱਚ ਮੱਖੀਆਂ ਵਾਲੇ ਛੱਤਿਆਂ ਨੂੰ ਵਿਚਕਾਰ ਕਰ ਦੇਣਾ ਚਾਹੀਦਾ ਹੈ। ਇਸ ਉਪਰੰਤ ਦੋਵਾਂ ਪਾਸੇ ਵੱਲ ਦੀਆਂ ਬਾਹਰ ਵਾਲੀਆਂ ਫਰੇਮਾਂ ਦੇ ਨਾਲ ਡੰਮੀ ਬੋਰਡ ਲਾ ਦਿਉ। ਹੁਣ ਫਰੇਮਾਂ ਦੇ ਦੋਵੇਂ ਪਾਸੇ ਖਾਲੀ ਥਾਂ ਨੂੰ ਅਖ਼ਬਾਰਾਂ ਜਾਂ ਮੋਮੀ ਲਿਫ਼ਾਫ਼ਿਆਂ ਵਿੱਚ ਸੁੱਕੀ ਪਰਾਲੀ ਪਾ ਕੇ ਭਰ ਦੇਣਾ ਚਾਹੀਦਾ ਹੈ। ਅੰਦਰਲੀ ਪੈਕਿੰਗ ਦੇਣ ਵੇਲੇ ਧਿਆਨ ਰੱਖੋ ਕਿ ਪੈਕਿੰਗ ਵਿੱਚ ਮੱਖੀਆਂ ਨਾ ਫਸਣ।
ਬਾਹਰਲੀ ਪੈਕਿੰਗ: ਬਾਹਰਲੀ ਪੈਕਿੰਗ ਦਾ ਅਰਥ ਹੈ, ਹਾਈਵ ਨੂੰ ਹੇਠੋਂ ਅਤੇ ਪਾਸਿਆਂ ਤੋਂ ਢਕ ਕੇ ਸਰਦੀ ਤੋਂ ਬਚਾਉਣਾ। ਸਟੈਂਡ ਦੇ ਉੱਪਰ ਅਤੇ ਬਾਟਮ ਬੋਰਡ ਹੇਠਾਂ 2-2 ਇੰਚ ਮੋਟੀ ਪਰਾਲੀ ਦੀ ਤਹਿ ਵਿਛਾ ਕੇ ਉਸ ਉਪਰ ਹਾਈਵ ਟਿਕਾਉ। ਆਸੇ-ਪਾਸੇ ਵੱਲ ਵਧੀ ਹੋਈ ਵਾਧੂ ਪਰਾਲੀ ਨੂੰ ਕੱਟ ਦਿਉ। ਜ਼ਮੀਨ ਨਾਲ ਲੱਗਦੇ ਪਰਾਲੀ ਦੇ ਤੀਲੇ ਆਦਿ ਵੀ ਕੱਟ ਦਿਉ ਤਾਂ ਕਿ ਇਨ੍ਹਾਂ ਰਾਹੀਂ ਕਟੁੰਬ ਵਿੱਚ ਸਿੱਲ੍ਹ ਜਾਂ ਕੀੜੇ ਨਾ ਚੜ੍ਹਨ। ਹਾਈਵ ਦੇ ਚਾਰ-ਚੁਫ਼ੇਰੇ ਵੀ ਮੋਮੀ ਕਾਗਜ਼ ਇਸ ਤਰ੍ਹਾਂ ਲਪੇਟੋ ਕਿ ਗੇਟ ਬੰਦ ਨਾ ਹੋਵੇ ਪਰ ਵਿਰਲਾਂ/ਝੀਥਾਂ ਚੰਗੀ ਤਰ੍ਹਾਂ ਢਕੀਆਂ ਜਾਣ। ਪੈਕਿੰਗ ਤੋਂ ਪਹਿਲਾਂ ਹਰ ਕਟੁੰਬ ਵਿੱਚ ਬਲਤਾ ਅਨੁਸਾਰ 3 ਤੋਂ 5 ਕਿਲੋ ਤੱਕ ਖ਼ੁਰਾਕ ਹੋਣੀ ਚਾਹੀਦੀ ਹੈ।
ਖ਼ੁਰਾਕ ਦੇਣਾ: ਪੰਜਾਬ ਵਿੱਚ ਸਰਦੀਆਂ ਵਿੱਚ ਵੀ ਬਹੁਤਾ ਸਮਾਂ ਅਤੇ ਬਹੁਤੀ ਥਾਂ ਸ਼ਹਿਦ ਮੱਖੀਆਂ ਪੋਲਨ ਅਤੇ ਨੈਕਟਰ ਇਕੱਠਾ ਕਰਦੀਆਂ ਰਹਿੰਦੀਆਂ ਹਨ। ਫਿਰ ਵੀ ਮੱਖੀਆਂ ਦੇ ਕਟੁੰਬ ਕੋਲ ਸਰਦੀ ਲੰਘਾਉਣ ਲਈ ਕਾਫ਼ੀ ਖ਼ੁਰਾਕ ਦਾ ਹੋਣਾ ਜ਼ਰੂਰੀ ਹੈ। ਖ਼ੁਰਾਕ (ਸ਼ਹਿਦ) ਦੀ ਘਾਟ ਵਾਲੇ ਕਟੁੰਬਾਂ ਨੂੰ ਕਿਸੇ ਹੋਰ ਕਟੁੰਬਾਂ, ਜਿਨ੍ਹਾਂ ਵਿੱਚ ਕਾਫੀ ਸ਼ਹਿਦ ਹੋਵੇ, ਵਿੱਚੋਂ ਇੱਕ-ਦੋ ਸ਼ਹਿਦ ਦੇ ਛੱਤੇ ਕੱਢ ਕੇ ਦੇ ਦੇਣੇ ਚਾਹੀਦੇ ਹਨ। ਜੇ ਲੋੜ ਪਵੇ ਤਾਂ ਸਰਦੀ ਦੇ ਮੌਸਮ ਵਿੱਚ ਖੰਡ ਦਾ ਗਾੜ੍ਹਾ ਘੋਲ (2 ਹਿੱਸੇ ਖੰਡ ਅਤੇ 1 ਹਿੱਸਾ ਪਾਣੀ) ਛੱਤਿਆਂ ਵਿੱਚ ਭਰ ਕੇ ਨਿੱਘੀ ਧੁੱਪ ਵਾਲੇ ਦਿਨ ਦੇਣਾ ਚਾਹੀਦਾ ਹੈ। ਜੇ ਖਾਲੀ ਛੱਤੇ ਨਾ ਉਪਲਬਧ ਹੋਣ ਤਾਂ ਸਰਦੀ ਵਿੱਚ ਫਰੇਮ ਦੇ ਆਕਾਰ ਦੇ ਬਣੇ ਫੀਡਰ ਵਿੱਚ ਖੰਡ ਦਾ ਘੋਲ ਪਾ ਕੇ ਵੀ ਖ਼ੁਰਾਕ ਦਿੱਤੀ ਜਾ ਸਕਦੀ ਹੈ।
*ਕੀਟ ਵਿਗਿਆਨ ਵਿਭਾਗ, ਪੀਏਯੂ।