ਸੰਜੀਵ ਸਿੰਘ ਸੈਣੀ
ਜਨਮ ਤੋਂ ਲੈ ਕੇ ਆਖਰੀ ਸਾਹਾਂ ਤੱਕ ਮਨੁੱਖ ਅਨੇਕਾਂ ਹੀ ਸੰਘਰਸ਼ਾਂ ਦਾ ਸਾਹਮਣਾ ਕਰਦਾ ਹੈ। ਕਿਸੇ ਵੀ ਟੀਚੇ ’ਤੇ ਪਹੁੰਚਣ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਜਿਹੜੀ ਮੰਜ਼ਲ ਜਾਂ ਟੀਚਾ ਸਾਨੂੰ ਹਾਸਲ ਨਹੀਂ ਹੁੰਦਾ, ਉਸ ਨੂੰ ਸਰ ਕਰਨ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਭਾਵ ਪਹਿਲੇ ਨਾਲੋਂ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਜੇ ਫਿਰ ਵੀ ਮਨਚਾਹੀ ਮੰਜ਼ਲ ਨਹੀਂ ਮਿਲਦੀ, ਤਾਂ ਸਾਡਾ ਦਿਲ ਉਦਾਸ ਹੋ ਜਾਂਦਾ ਹੈ। ਸਾਡੇ ਦਿਮਾਗ ਵਿਚ ਨਾਂਹ-ਪੱਖੀ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਇਹ ਮੰਜ਼ਲ ਕਦੇ ਵੀ ਸਰ ਨਹੀਂ ਕਰ ਸਕਦੇ। ਅਸੀਂ ਇਸ ਮੰਜ਼ਲ ਲਈ ਆਪਣਾ ਸਮਾਂ ਬਹੁਤ ਬਰਬਾਦ ਕੀਤਾ ਹੈ। ਉਲਟੇ ਉਲਟੇ ਖਿਆਲ ਦਿਮਾਗ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਫਿਰ ਮਿਹਨਤ ਕਰਨੀ ਛੱਡ ਦਿੰਦੇ ਹਾਂ।
ਕਈ ਸੱਜਣ-ਮਿੱਤਰ ਬਹੁਤ ਨਕਾਰਾਤਮਕ ਵਿਚਾਰਾਂ ਨਾਲ ਭਰੇ ਹੁੰਦੇ ਹਨ। ਉਨ੍ਹਾਂ ਦੀਆਂ ਭੈੜੀਆਂ ਗੱਲਾਂ ਸੁਣ ਕੇ ਸਾਡੇ ਅੰਦਰ ਵੀ ਨਾਂਹਪੱਖੀ ਵਿਚਾਰ ਪੈਦਾ ਹੋ ਜਾਂਦੇ ਹਨ। ਉਹ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਤੇਰੇ ਤੋਂ ਇਹ ਮੰਜ਼ਲ ਸਰ ਨਹੀਂ ਹੋਣੀ ਜਾਂ ਤੇਰੇ ਤੋਂ ਇਹ ਪ੍ਰੀਖਿਆ ਪਾਸ ਨਹੀਂ ਹੋਣੀ, ਤੇਰਾ ਸਟੈਮਿਨਾ ਬਹੁਤ ਘੱਟ ਹੈ। ਤੂੰ ਇਸ ਦੇ ਲਾਈਕ ਨਹੀਂ। ਫਿਰ ਅਜਿਹੇ ਵਿਚਾਰਾਂ ਨਾਲ ਅਸੀਂ ਮੰਜ਼ਲ ਨੂੰ ਕਿਵੇਂ ਸਰ ਕਰ ਪਾਵਾਂਗੇ। ਅਜਿਹੇ ਲੋਕ ਮੰਜ਼ਲ ’ਤੇ ਪੁੱਜਣ ਲਈ ਸੰਘਰਸ਼ ਨਹੀਂ ਕਰਦੇ ਤੇ ਹੋਰਾਂ ਨੂੰ ਵੀ ਰੋਕਦੇ ਹਨ। ਕਈ ਵਾਰ ਕਾਰਨ ਇਹ ਹੁੰਦਾ ਹੈ ਕਿ ਉਹ ਖੁਦ ਇਸ ਮੰਜ਼ਲ ’ਤੇ ਨਹੀਂ ਪੁੱਜੇ ਹੁੰਦੇ ਤਾਂ ਹੋਰਨਾਂ ਨੂੰ ਵੀ ਨਹੀਂ ਪੁੱਜਣ ਦੇਣਾ ਚਾਹੁੰਦੇ। ਇਸ ਲਈ ਉਹ ਅਗਲੇ ਨੂੰ ਨਕਾਰਾਤਮਕ ਵਿਚਾਰਾਂ ਨਾਲ ਭਰ ਦਿੰਦੇ ਹਨ। ਅੱਜ ਦੇ ਸਮੇਂ ਵਿੱਚ ਬਹੁਤੇ ਇਨਸਾਨ ਚਾਹੇ ਉਹ ਰਿਸ਼ਤੇਦਾਰ ਹੀ ਕਿਉਂ ਨਾ ਹੋਣ, ਆਪਣੇ ਕਿਸੇ ਦੀ ਵੀ ਤਰੱਕੀ ਦੇਖ ਕੇ ਖੁਸ਼ ਨਹੀਂ ਹੁੰਦੇ। ਇੱਕ ਦੂਜੇ ਪ੍ਰਤੀ ਈਰਖਾ ਬਹੁਤ ਹੈ। ਇਨਸਾਨ ਨੂੰ ਪ੍ਰੇਰਨਾ ਤਾਂ ਕਿ ਦੇਣੀ, ਨਾਂਹ-ਪੱਖੀ ਗੱਲਾਂ ਕਰ ਕੇ ਉਸ ਨੂੰ ਵੀ ਮਿਹਨਤ ਦੀ ਪਟੜੀ ਤੋਂ ਥੱਲੇ ਉਤਾਰ ਦਿੰਦੇ ਹਨ। ਅਜਿਹੇ ਦੋਸਤਾਂ, ਮਿੱਤਰਾਂ, ਕਰੀਬੀਆਂ, ਰਿਸ਼ਤੇਦਾਰਾਂ ਨੂੰ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਹੁੰਦਾ ਹੈ।
ਕਈ ਵਾਰ ਅਸੀਂ ਦੇਖਦੇ ਹੀ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਅਨੇਕਾਂ ਹੀ ਉਤਾਰ ਚੜ੍ਹਾਅ ਆਉਂਦੇ ਹਨ। ਅਸੀਂ ਅਜਿਹੀ ਸਥਿਤੀ ਵਿਚ ਕਈ ਵਾਰ ਡਾਵਾਂਡੋਲ ਵੀ ਹੋ ਜਾਂਦੇ ਹਾਂ। ਅਜਿਹੀ ਮੁਸੀਬਤ ਵਿੱਚ ਲੋਕ, ਕਰੀਬੀ ਸਾਥੀ ਸਾਨੂੰ ਕਈ ਤਰ੍ਹਾਂ ਦੀਆਂ ਸਾਲਾਹਾਂ ਸਾਨੂੰ ਦੇਣ ਲੱਗ ਜਾਂਦੇ ਹਨ। ਚੱਲ ਮੈਂ ਤੈਨੂੰ ਉਥੇ ਲੈ ਕੇ ਜਾਵਾਂ ਜਾਂ ਤੈਨੂੰ ਮੈਂ ਉਸ ਪੰਡਿਤ ਕੋਲ ਲੈ ਕੇ ਜਾਵਾਂ। ਕਈ ਵਾਰ ਤਾਂ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਸਾਡਾ ਰੱਬ ’ਤੇ ਵੀ ਵਿਸ਼ਵਾਸ ਨਹੀਂ ਟਿਕਦਾ। ਅਸੀ ਅਜਿਹੀ ਸਥਿਤੀ ਵਿਚ ਇੱਧਰ-ਉੱਧਰ ਭਟਕਣਾ ਸ਼ੁਰੂ ਕਰ ਦਿੰਦੇ ਹਾਂ। ਕਈ ਵਾਰ ਤਾਂ ਅਸੀਂ ਤਾਂਤ੍ਰਿਕਾਂ ਦਾ ਵੀ ਸਹਾਰਾ ਲੈਣ ਲੱਗ ਜਾਂਦੇ ਹਾਂ, ਤਾਂ ਜੋ ਅਸੀਂ ਮੁਸੀਬਤ ਵਿੱਚੋਂ ਨਿਕਲ ਜਾਈਏ। ਸਾਨੂੰ ਆਪਣਾ ਅੰਦਰਲਾ ਮਨ ਤਾਕਤਵਰ ਬਣਾਉਣਾ ਚਾਹੀਦਾ ਹੈ। ਜ਼ਿੰਦਗੀ ਇਕ ਸੰਘਰਸ਼ ਹੈ। ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਆਪਣਾ ਵਿਸ਼ਵਾਸ਼ ਪਰਮਾਤਮਾ ’ਤੇ ਮਜ਼ਬੂਤ ਬਣਾਉਣਾ ਚਾਹੀਦਾ ਹੈ। ਜੇ ਸਾਡਾ ਅੰਦਰਲਾ ਮਨ ਮਜ਼ਬੂਤ ਹੋਵੇਗਾ ਤਾਂ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਆਸਾਨੀ ਨਾਲ ਟਾਕਰਾ ਕਰ ਲਵਾਂਗੇ। ਹਮੇਸ਼ਾ ਕਰਮ ਕਰਦੇ ਰਹੋ, ਫਲ ਦੀ ਇੱਛਾ ਨਾ ਕਰੋ। ਜੇ ਸਫਲਤਾ ਨਹੀਂ ਮਿਲਦੀ ਤਾਂ ਦੁਬਾਰਾ ਮਿਹਨਤ ਕਰੋ। ਮੁਲਾਂਕਣ ਕਰੋ ਕਿ ਤੁਹਾਨੂੰ ਕਿਹੜੇ ਕਾਰਨਾਂ ਕਰ ਕੇ ਸਫਲਤਾ ਨਹੀਂ ਮਿਲੀ। ਆਪਣੇ ਆਪ ਨਾਲ ਗੱਲਬਾਤ ਕਰੋ, ਸਵਾਲ-ਜਵਾਬ ਕਰੋ। ਮਿਹਨਤ ਕਰਨ ਨਾਲ ਮੰਜ਼ਲ ਇੱਕ ਦਿਨ ਜ਼ਰੂਰ ਸਰ ਹੋਏਗੀ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਫਲਤਾ ਇੱਕ ਵਾਰ ਹੀ ਨਹੀਂ ਮਿਲਦੀ। ਵਾਰ-ਵਾਰ ਮਿਹਨਤ ਕਰਨੀ ਪੈਂਦੀ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਕਈ ਗੇੜਾਂ ਵਿੱਚ ਹੁੰਦੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਕਈ ਵਾਰ ਜੋ ਆਖ਼ਰੀ ਇੰਟਰਵਿਊ ਰਾਊਂਡ ਹੁੰਦਾ ਹੈ, ਉਸ ਵਿੱਚ ਵਿਦਿਆਰਥੀ ਰਹਿ ਜਾਂਦੇ ਹਨ। ਦਿਲ ਬਹੁਤ ਉਦਾਸ ਹੁੰਦਾ ਹੈ। ਵਿਦਿਆਰਥੀ ਫ਼ਿਰ ਮਿਹਨਤ ਕਰਦੇ ਹਨ। ਮੁਲਾਂਕਣ ਕਰਦੇ ਹਨ ਕਿ ਅਸੀਂ ਮੰਜ਼ਲ ਸਰ ਕਿਉਂ ਨਹੀਂ ਕੀਤੀ। ਫਿਰ ਵਧੀਆ ਯੋਜਨਾ ਬਣਾ ਕੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰ ਲਈ ਜਾਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਕਈ ਵਾਰ ਜਿੰਦਰਾ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ। ਅਜਿਹਾ ਵੀ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਆਖਰੀ ਮੌਕਾ ਹੁੰਦਾ ਹੈ ਤਾਂ ਮੁਕਾਬਲੇ ਦੀ ਪ੍ਰੀਖਿਆ ਵਿੱਚ ਅਜਿਹੇ ਵਿਦਿਆਰਥੀ ਸਿਖਰਲੀਆਂ ਪੁਜੀਸ਼ਨਾਂ ’ਤੇ ਆ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਦਾ ਸੰਗ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਇਤਿਹਾਸ ਬਾਰੇ ਜਾਨਣਾ ਚਾਹੀਦਾ ਹੈ। ਆਪਣੇ ਆਪ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅੰਦਰ ਤੋਂ ਹੀ ਊਰਜਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਚੰਗੀਆਂ ਚੰਗੀਆਂ ਕਿਤਾਬਾਂ ਜੋ ਸਾਨੂੰ ਜੀਵਨ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ, ਪੜ੍ਹਨੀਆਂ ਚਾਹੀਦੀਆਂ ਹਨ। ਫਿਰ ਅਸੀਂ ਆਪਣਾ ਮੁਕਾਮ ਜ਼ਰੂਰ ਹਾਸਲ ਕਰ ਸਕਦੇ ਹਾਂ।
ਸੰਪਰਕ: 78889-66168