ਮੁਖ਼ਤਾਰ ਗਿੱਲ
ਕੌਮ ਨੂੰ ਜੰਗ-ਏ-ਆਜ਼ਾਦੀ ਵਿਚ ਮਹਾਨ ਯੋਗਦਾਨ ਪਾਉਣ, ਜਾਇਦਾਦਾਂ ਕੁਰਕ ਕਰਵਾਉਣ ਅਤੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਮਰਜੀਵੜਿਆਂ ਦੀ ਕੁਰਬਾਨੀ ਨੂੰ ਹਮੇੇਸ਼ਾਂ ਦਿਲਾਂ ’ਚ ਵਸਾਈ ਰੱਖਣਾ ਚਾਹੀਦਾ ਹੈ। ਮੇਵਾ ਸਿੰਘ ਲੋਪੋਕੇ ਵੈਨਕੂਵਰ (ਕੈਨੇਡਾ) ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਪਹਿਲਾ ਵਿਅਕਤੀ ਸੀ। ਉਸ ਤੋਂ ਬਾਅਦ ਇਸ ਇਤਿਹਾਸਕ ਪਿੰਡ ਲੋਪੋਕੇ ਦੀ ਮਾਤਾ ਹਰ ਕੌਰ ਨੇ 13 ਅਪਰੈਲ 1919 ਨੂੰ ਸਾਕਾ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਭਾਈ ਮੇਵਾ ਸਿੰਘ ਦਾ ਜਨਮ 1880 ਵਿਚ ਪਿੰਡ ਲੋਪੋਕੇ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਨੰਦ ਸਿੰਘ ਔਲਖ਼ ਦੇ ਘਰ ਹੋਇਆ। ਵੀਹਵੀਂ ਸਦੀ ਦੇ ਸ਼ੁਰੂ ’ਚ ਪੰਜਾਬੀਆਂ ਦੇ ਵਿਦੇਸ਼ ਜਾਣ ਵੱਲ ਰੁਝਾਣ ਦੇ ਮੁੱਖ ਕਾਰਨ ਆਰਥਿਕ ਸਨ। ਬਰਤਾਨਵੀ ਹਿੰਦ ਦੀ ਕਿਸਾਨ ਆਬਾਦੀ ਦਾ ਤੀਸਰਾ ਹਿੱਸਾ ਕਰਜ਼ੇ ਹੇਠ ਦੱੱਬਿਆ ਪਿਆ ਸੀ। ਅਜਿਹੇ ਹਾਲਾਤ ਵਿਚ ਭਾਈ ਮੇਵਾ ਸਿੰਘ ਵੀ ਆਪਣੇ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਦਾ ਸੁਫ਼ਨਾ ਸਾਕਾਰ ਕਰਨ ਲਈ 1906 ਨੂੰ ਵੈਨਕੂਵਰ (ਕੈਨੇਡਾ) ਜਾ ਵੱਸੇ। ਉਥੇ ਉਨ੍ਹਾਂ ਨਿਊ ਵੈਸਟ ਮਨਿਸਟਰ ਦੀ ਫਰੇਜ਼ਰ ਮਿੱਲ ਵਿਚ ਕਿਰਤ ਕੀਤੀ। ਇੱਥੇ ਉਨ੍ਹਾਂ ਦਾ ਸੰਪਰਕ ਹਿੰਦ ਦੀ ਜੰਗ-ਏ-ਆਜ਼ਾਦੀ ਲਈ ਜੂਝ ਰਹੇ ਸਿੱਖ ਆਗੂਆਂ ਨਾਲ ਹੋਇਆ। ਕੈਨੇਡਾ ਆ ਕੇ ਉਨ੍ਹਾਂ ਨੂੰ ਨਸਲਵਾਦ ਤੇ ਵਿੱਤਕਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਥਾਪਨਾ ਵਿਚ ਵਿਸ਼ੇਸ਼ ਯੋਗਦਾਨ ਸੀ। ਆਪਣਾ ਜੀਵਨ ਆਜ਼ਾਦੀ ਸੰਗਰਾਮ ਲੇਖੇ ਲਗਾਉਣ ਦੇ ਲਏ ਫ਼ੈਸਲੇ ਕਰਕੇ ਉਨ੍ਹਾਂ ਵਿਆਹ ਵੀ ਨਹੀਂ ਕਰਵਾਇਆ।
23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਗੁਰੂ ਨਾਨਕ ਸਮੁੰਦਰੀ ਜਹਾਜ਼ ਲੈ ਕੇ ਵੈਨਕੂਵਰ ਪੁੱਜੇ ਤਾਂ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾਂ ਨੂੰ ਉਤਰਨ ਤੋਂ ਰੋਕ ਦਿੱਤਾ। 6 ਜੁਲਾਈ ਨੂੰ ਬੀ.ਸੀ ਅਪੀਲ ਕੋਰਟ ਨੇ ਜਹਾਜ਼ ਦੇ ਮੁਸਾਫਿਰਾਂ ਨੂੰ ਵਾਪਸ ਭੇਜਣ ਦਾ ਫੈਸਲਾ ਸੁਣਾ ਦਿੱਤਾ, ਜਿਸ ਦਾ ਭਾਈ ਮੇਵਾ ਸਿੰਘ ਦੇ ਜੀਵਨ ’ਤੇ ਬੁਰਾ ਅਸਰ ਪਿਆ। ਇਸ ਫ਼ੈਸਲੇ ਖ਼ਿਲਾਫ਼ ਗ਼ਦਰੀ ਬਾਬਿਆਂ ਨੇ ਹਿੰਦੋਸਤਾਨ ਵਿਚ ਗਦਰ ਦਾ ਫੈਸਲਾ ਕੀਤਾ। ਇਸ ਮਕਸਦ ਦੀ ਪੂਰਤੀ ਲਈ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਅਤੇ ਭਾਈ ਮੇਵਾ ਸਿੰਘ ਲੋਪੋਕੇ ਨੇ ਹਿੰਦ ’ਚ ਗ਼ਦਰ ਲਈ ਅਮਰੀਕਾ ਤੋਂ ਹਥਿਆਰ ਖਰੀਦੇ ਪਰ ਅਸਲਾ ਲੈ ਕੇ ਮੁੜਦਿਆਂ ਐਬਟਸ ਬੋਰਡ ’ਚ ਸੂਮਸ ਸਰਹੱਦ ਨੇੜੇ ਗ੍ਰਿਫਤਾਰ ਕਰ ਲਏ ਗਏ। ਉਥੇ ਦੁਨੀਆ ਨੂੰ ਅੰਗਰੇਜ਼ਾਂ ਵਲੋਂ ਭਾਰਤੀ ਮੂਲ ਖਾਸ ਕਰਕੇ ਦੇਸ਼ ਭਗਤ ਪੰਜਾਬੀਆਂ ’ਤੇ ਢਾਹੇ ਜਾਂਦੇ ਜਬਰ-ਜ਼ੁਲਮ ਦਾ ਪਤਾ ਲੱਗ ਗਿਆ ਸੀ। ਇਸ ਕਰਕੇ ਕੈਨੇਡਾ ਦਾ ਅੰਗਰੇਜ਼ ਹਾਕਮ ਇਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣੀ ਚਾਹੁੰਦਾ ਸੀ। ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਗ੍ਰੰਥੀ, ਭਾਈ ਬਦਨ ਸਿੰਘ, ਭਾਈ ਸੁੰਦਰ ਸਿੰਘ ਬਾੜੀਆ ਅਤੇ ਭਾਈ ਹਰਨਾਮ ਸਿੰਘ ਸਾਹਰੀ ਆਦਿ ਅੰਗਰੇਜ਼ੀ ਹੁਕਮਰਾਨਾ ਨੂੰ ਵਧੇਰੇ ਚੁੱਭਦੇ ਸਨ। ਅੰਗਰੇਜ਼ਾਂ ਦਾ ਬਦਨਾਮ ਜਾਸੂਸ ਅਤੇ ਖੁਫੀਆ ਪੁਲੀਸ ਅਧਿਕਾਰੀ ਵਿਲੀਅਮ ਹਾਪਕਿਨਸਨ (ਜਿਸ ਦੀ ਮਾਤਾ ਹਿੰਦੂ ਹੋਣ ਕਰਕੇ ਹਿੰਦੀ-ਪੰਜਾਬੀ ਸਮਝ ਲੈਂਦਾ ਸੀ) ਨੇ ਬੇਲਾ ਸਿੰਘ ਜਿਆਣ, ਬਾਬੂ ਸਿੰਘ, ਮਿਲਸਾਈਡ ਗੁਰਦੁਆਰੇ ਦੇ ਸਾਬਕਾ ਗ੍ਰੰਥੀ ਹਰਨਾਮ ਸਿੰਘ ਅਤੇ ਦੋ-ਤਿੰਨ ਹੋਰ ਪੰਜਾਬੀ ਆਪਣੇ ਮੁਖ਼ਬਰ ਬਣਾਏ ਹੋਏ ਸਨ। ਇਨ੍ਹਾਂ ਰਾਹੀਂ ਉਹ ਦੇਸ਼ ਭਗਤਾਂ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਦਾ ਸੀ।
ਪੰਜ ਸਤੰਬਰ ਨੂੰ ਵੈਨਕੂਵਰ ਗੁਰਦੁਆਰੇ ਦੇ ਦੀਵਾਨ ਹਾਲ ਵਿਚ ਅਰਦਾਸ ਮੌਕੇ ਹਿੰਦ ਸਰਕਾਰ ਦੇ ਸੂਹੀਏ ਹਾਪਕਿਨਸਨ ਤੇ ਇਮੀਗ੍ਰੇਸ਼ਨ ਅਧਿਕਾਰੀ ਮੈਕਲਮ ਰੀਡ ਦੀ ਸ਼ਹਿ ’ਤੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਬੇਲੇ ਜਿਆਣ ਨੇ ਗੋਲੀ ਮਾਰ ਦਿੱਤੀ। ਪ੍ਰਧਾਨ ਨੂੰ ਬਚਾਉਣ ਭਾਈ ਬਦਨ ਸਿੰਘ ਨੇ ਬੇਲੇ ਨੂੰ ਗਲੋਂ ਫੜ ਦਬੋਚ ਲਿਆ ਪਰ ਉਸ ਨੇ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ ਅਤੇ ਕਤਲ ਕਰਕੇ ਕਾਤਲ ਫਰਾਰ ਹੋ ਗਿਆ। ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਦਾ ਇੱਕੋ ਚਿਖਾ ’ਚ ਸਸਕਾਰ ਕੀਤਾ ਗਿਆ। ਭਾਈ ਮੇਵਾ ਸਿੰਘ ਲੋਪੋਕੇ ਵੀ ਮੌਕੇ ’ਤੇ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਦਾ ਖ਼ੂਨ ਖ਼ੌਲ ਉੱਠਿਆ। ਬੇਲਾ ਜਿਆਣ ਖ਼ਿਲਾਫ਼ ਵੈਨਕੂਵਰ ਦੀ ਸੂਬਾਈ ਅਦਾਲਤ ਵਿਚ ਦਿਖਾਵੇ ਮਾਤਰ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿਚ ਹਾਪਕਿਨਸਨ ਬੇਲੇ ਦੇ ਹੱਕ ਵਿਚ ਗਵਾਹੀ ਦੇਣ ਆਇਆ। ਇਸ ਮੌਕੇ ਭਾਈ ਮੇਵਾ ਸਿੰਘ ਲੋਪੋਕੇ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਅਤੇ ਆਪਣੇ ਆਪ ਨੂੰ ਹਥਿਆਰ ਸਮੇਤ ਪੁਲੀਸ ਹਵਾਲੇ ਕਰ ਦਿੱਤਾ। 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਲਈ ਬੀ.ਸੀ ਕੋਰਟ ਦੇ ਜੱਜ ਆਈਲੇ ਮੌਰੀਸਨ ਨੇ 12 ਮੈਂਬਰੀ ਜਿਊਰੀ ਚੁਣੀ। ਬਚਾਅ ਪੱਖ ਦੇ ਵਕੀਲ ਮਿਸਟਰ ਵੇਡ ਸਨ।
ਅਦਾਲਤ ਵਿਚ ਭਾਈ ਮੇਵਾ ਸਿੰਘ ਨੇ ਬਿਆਨ ’ਚ ਕਿਹਾ, ‘‘ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ। ਰੋਜ਼ ਅਰਦਾਸ ਕਰਦਾ ਹਾਂ। ਵੈਨਕੂਵਰ ਵਿਚ ਮੈਨੂੰ ਕਿਹੜੀਆਂ ਤਕਲੀਫਾਂ ਤੇ ਦੁੱਖ ਝੱਲਣੇ ਪਏ, ਮੈਂ ਹੀ ਜਾਣਦਾ ਹਾਂ। ਅਸੀਂ ਗੁਰਦੁਆਰਾ ਸਾਹਿਬ ਅਰਦਾਸ ਕਰਨ ਜਾਂਦੇ ਹਾਂ। ਇਨ੍ਹਾਂ ਪਾਪੀਆਂ ਨੇ ਉਸ ਪਾਵਨ ਅਸਥਾਨ ’ਤੇ ਗੋਲੀਆਂ ਚਲਾ ਕੇ ਉਸ ਦੀ ਪਵਿੱਤਰਤਾ ਭੰਗ ਕੀਤੀ ਸੀ। ਇਸ ਵਹਿਸ਼ੀ ਕਾਰੇ ਨੇ ਮੇਰੇ ਸੀਨੇ ਅੱਗ ਲਾ ਦਿੱਤੀ। ਇਸ ਸਭ ਲਈ ਹਾਪਕਿਨਸਨ ਤੇ ਰੀਡ ਜ਼ਿੰਮੇਵਾਰ ਹਨ। ਮੈਂ ਆਪਣੇ ਧਰਮ, ਭਾਈਚਾਰੇ ਦੀ ਇੱਜ਼ਤ ਤੇ ਅਣਖ ਲਈ ਹਾਪਕਿਨਸਨ ਦਾ ਕਤਲ ਕੀਤਾ। ਮੈਨੂੰ ਅਦਾਲਤ ਕੋਲੋਂ ਇਨਸਾਫ ਮਿਲਣ ਦੀ ਵੀ ਆਸ ਨਹੀਂ। ਮੈਂ ਆਪਣੀ ਜਾਨ ਇਸ ਕਰਕੇ ਵੀ ਦੇ ਰਿਹਾ ਹਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਹਿੰਦੀਆਂ ’ਤੇ ਕਿੰਨਾ ਜਬਰ-ਜ਼ੁਲਮ ਹੋ ਰਿਹਾ ਹੈ। ਕਤਲ ਦੀ ਜ਼ਿੰਮੇਵਾਰੀ ਕਬੂਲਣ ਤੋਂ ਬਾਅਦ 40 ਮਿੰਟਾਂ ਵਿਚ ਹੀ ਅਦਾਲਤ ਨੇ ਭਾਈ ਮੇਵਾ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਨਿਊ ਵੈਸਟ ਮਨਿਸਟਰ ਦੀ ਪ੍ਰੋਵਿੰਸ਼ੀਅਲ ਜੇਲ੍ਹ ’ਚ ਫਾਂਸੀ ’ਤੇ ਲਟਕਾ ਦਿੱਤਾ। ਜੇਲ੍ਹ ਦੇ ਬਾਹਰ 400 ਦੇ ਕਰੀਬ ਲੋਕ ਭਾਈ ਮੇਵਾ ਸਿੰਘ ਲੋਪੋਕੇ ਅਮਰ ਰਹੇ ਦੇ ਨਾਅਰੇ ਲਗਾ ਰਹੇ ਸਨ।
ਸੰਪਰਕ: 98140-82217