ਮਦੀਨਾ (ਸਾਊਦੀ ਅਰਬ) ਦੀ ਮਸਜਿਦ-ਇ-ਨਬਵੀ ਵਿਖੇ ਪਾਕਿਸਤਾਨੀ ਵਜ਼ੀਰੇ ਆਜ਼ਮ ਮੀਆਂ ਸ਼ਹਬਿਾਜ਼ ਸ਼ਰੀਫ਼ ਅਤੇ ਉਨ੍ਹਾਂ ਨਾਲ ਜ਼ਿਆਰਤ ’ਤੇ ਗਏ ਵਜ਼ੀਰਾਂ ਤੇ ਅਧਿਕਾਰੀਆਂ ਦੀ ਖਿੱਚ-ਧੂਹ, ਨਾਅਰੇਬਾਜ਼ੀ ਤੇ ਗਾਲ਼ੀ-ਗਲੋਚ ਦਾ ਮਾਮਲਾ ਵੱਡੇ ਸਿਆਸੀ ਵਿਵਾਦ ਦਾ ਰੂਪ ਧਾਰਨ ਕਰ ਗਿਆ ਹੈ। ਇਸ ਘਟਨਾ ਦੇ ਸਬੰਧ ਵਿਚ ਜਿੱਥੇ ਇਸਲਾਮਾਬਾਦ ਵਿਚ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਹੈ, ਉੱਥੇ ਸਾਊਦੀ ਪੁਲੀਸ ਨੇ ਵੀ 20 ਦੇ ਕਰੀਬ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਲੋਕਾਂ ਨੂੰ ਇਮਰਾਨ ਖ਼ਾਨ ਦੇ ਉਹ ਹਮਾਇਤੀ ਦੱਸਿਆ ਗਿਆ ਹੈ ਜੋ ਹੱਜ ਵਾਸਤੇ ਸਾਊਦੀ ਅਰਬ ਪਹੁੰਚੇ ਹੋਏ ਸਨ।
ਮਸਜਿਦ-ਇ-ਨਬਵੀ, ਕਾਬਾ ਸ਼ਰੀਫ਼ (ਮੱਕਾ) ਤੋਂ ਬਾਅਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਮੁਕੱਦਸ ਅਸਥਾਨ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਵਜ਼ੀਰੇ ਆਜ਼ਮ ਸ਼ਹਬਿਾਜ਼ ਸ਼ਰੀਫ਼ ਆਪਣੇ 30 ਮੈਂਬਰੀ ਵਫ਼ਦ ਨਾਲ ਵੀਰਵਾਰ ਦੇਰ ਸ਼ਾਮੀ ਜਦੋਂ ਮਸਜਿਦ-ਇ-ਨਬਵੀ ਦੇ ਦੀਦਾਰ ਕਰਨ ਤੇ ਨਮਾਜ਼ ਅਦਾ ਕਰਨ ਲਈ ਗਏ ਹੋਏ ਸਨ ਤਾਂ ਪਾਕਿਸਤਾਨੀ ‘ਸ਼ਰਧਾਲੂਆਂ’ ਦੇ ਇਕ ਟੋਲੇ ਨੇ ਪਹਿਲਾਂ ਉਨ੍ਹਾਂ ਖ਼ਿਲਾਫ਼ ‘ਚੋਰ’ ‘ਚੋਰ’ ਦੇ ਨਾਅਰੇ ਲਾਉਣੇ ਸ਼ੁੁਰੂ ਕਰ ਦਿੱਤੇ ਅਤੇ ਫਿਰ ਗਾਲ਼ੀ-ਗਲੋਚ ਆਰੰਭ ਦਿੱਤਾ। ਗਾਲ਼ੀ-ਗਲੋਚ ਦਾ ਨਿਸ਼ਾਨਾ ਦੋ ਪਾਕਿਸਤਾਨੀ ਵਜ਼ੀਰਾਂ- ਨਵਾਬਜ਼ਾਦਾ ਸ਼ਾਹਜ਼ਾਇਦ ਬੁਗਤੀ ਤੇ ਮਰੀਆ ਔਰੰਗਜ਼ੇਬ ਨੂੰ ਉਚੇਚੇ ਤੌਰ ’ਤੇ ਬਣਾਇਆ ਗਿਆ। ਇਸ ਤੋਂ ਬਾਅਦ ਵਫ਼ਦ ਉੱਪਰ ਸਿੱਧੇ ਤੌਰ ’ਤੇ ਹਮਲਾ ਕੀਤਾ। ਨਵਾਬਜ਼ਾਦਾ ਬੁਗਤੀ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਜਦੋਂਕਿ ਮਰੀਅਮ ਔਰੰਗਜ਼ੇਬ ਨੂੰ ਵੀ ਧੌਲ-ਧੱਫਾ ਕੀਤਾ ਗਿਆ। ਇਹ ਸਾਰਾ ਕੁਝ ਸਾਊਦੀ ਪੁਲੀਸ ਦੇ ਹਰਕਤ ਵਿਚ ਆਉਣ ਤੋਂ ਪਹਿਲਾਂ ਵਾਪਰ ਗਿਆ। ਸਾਊਦੀ ਪੁਲੀਸ ਨੇ ਸ਼ਹਬਿਾਜ਼ ਸ਼ਰੀਫ਼ ਤੇ ਬਾਕੀ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਤੋਂ ਕੱਢਣ ਬਾਅਦ ਪਾਕਿਸਤਾਨੀ ਟੋਲੇ ਉੱਤੇ ਸਖ਼ਤੀ ਕੀਤੀ ਅਤੇ 20 ਦੇ ਕਰੀਬ ਪਾਕਿਸਤਾਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸਲਾਮਾਬਾਦ ਸਥਿਤ ਸਾਊਦੀ ਸਫ਼ਾਰਤਖਾਨੇ ਨੇ ਇਕ ਪ੍ਰੈੱਸ ਰਿਲੀਜ਼ ਰਾਹੀਂ ਮੀਡੀਆ ਨੂੰ ਦੱਸਿਆ ਕਿ ਗ੍ਰਿਫ਼ਤਾਰੀਆਂ ਮੁਕੱਦਸ ਅਸਥਾਨ ਦੀ ਬੇਅਦਬੀ ਕਰਨ, ਉਸ ਦੇ ਅੰਦਰ ਹਿੰਸਕ ਕਾਰਵਾਈਆਂ ਕਰਨ ਅਤੇ ਸ਼ਰਧਾਵਾਨਾਂ ਉੱਤੇ ਜਿਸਮਾਨੀ ਹਮਲਾ ਕਰਨ ਆਦਿ ਦੋਸ਼ਾਂ ਅਧੀਨ ਕੀਤੀਆਂ ਗਈਆਂ ਹਨ। ਦੂਜੇ ਪਾਸੇ, ਇਸਲਾਮਾਬਾਦ ਪੁਲੀਸ ਨੇ ਕੇਸ ਮੁਹੰਮਦ ਨਈਮ ਨਾਮੀ ਇਕ ‘ਆਮ’ ਨਾਗਰਿਕ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਹੈ। ਇਸ ਵਿਚ ਪਾਵਨ ਅਸਥਾਨ ਦੀ ਬੇਅਦਬੀ, ਮਜ਼ਹਬੀ ਦੁਫ਼ੇੜ ਉਕਸਾਉਣ, ਮਜ਼ਹਬੀ ਇਕਤੱਰਤਾ ਵਿਚ ਜਾਣ-ਬੁੱਝ ਕੇ ਖ਼ਲਲ ਪਾਉਣ, ਕੌਮੀ ਨੇਤਾਵਾਂ ਦੀ ਬੇਇੱਜ਼ਤੀ ਕਰਨ ਅਤੇ ਪਾਕਿਸਤਾਨੀ ਕੌਮ ਦੀ ਹੇਠੀ ਕਰਵਾੳਣ ਵਰਗੇ ਸੰਗੀਨ ਜੁਰਮ ਸ਼ਾਮਲ ਹਨ। ਇਸ ਕੇਸ ਵਿਚ ਇਮਰਾਨ, ਸਾਬਕਾ ਵਜ਼ੀਰ ਫ਼ਵਾਦ ਚੌਧਰੀ, ਸ਼ਾਹਬਾਜ਼ ਗਿੱਲ, ਕੌਮੀ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਕਾਸਿਮ ਸੂਰੀ, ਸਾਹਿਬਜ਼ਾਦਾ ਜਹਾਂਗੀਰ, ਸਾਬਕਾ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਅਤੇ ਸ਼ੇਖ਼ ਰਸ਼ੀਦ ਦੇ ਭਤੀਜੇ ਸ਼ੇਖ਼ ਸ਼ਫੀਕ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।
ਇਮਰਾਨ ਨੇ ਸ਼ਨਿੱਚਰਵਾਰ ਨੂੰ ‘ਏਆਰਆਈ ਨਿਊਜ਼’ ਚੈਨਲ ਨਾਲ ਇਕ ਇੰਟਰਵਿਊ ਦੌਰਾਨ ਖ਼ੁਦ ਨੂੰ ਮਦੀਨਾ ਵਾਲੀ ਘਟਨਾ ਤੋਂ ਅਲਹਿਦਾ ਕਰ ਲਿਆ ਸੀ, ਪਰ ਇਸ ਦੀ ਨਿਖਧੀ ਨਹੀਂ ਸੀ ਕੀਤੀ। ਉਸ ਦਾ ਦਾਆਵਾ ਸੀ ਕਿ ਉਹ ਪਾਵਨ ਅਸਥਾਨਾਂ ਦੇ ਅਦਬ-ਸਤਿਕਾਰ ਦਾ ਸਦਾ ਹੀ ਮੁਦਈ ਰਿਹਾ ਹੈ, ਪਰ ਮਦੀਨਾ ਵਿਚ ਜੋ ਕੁਝ ਵਾਪਰਿਆ, ਉਹ ਸ਼ਹਬਿਾਜ਼ ਸ਼ਰੀਫ਼ ਤੇ ਉਸ ਦੇ ਸਾਥੀਆਂ ਖ਼ਿਲਾਫ਼ ਲੋਕ ਮਨਾਂ ਵਿਚ ਉੱਭਰੀ ਹਿਕਾਰਤ ਦਾ ਪ੍ਰਤੀਕ ਹੈ। ਉਸ ਨੇ ਇਹ ਵੀ ਦੱਸਿਆ ਕਿ ਮਈ ਮਹੀਨੇ ਦੇ ਆਖ਼ਰੀ ਹਫ਼ਤੇ ਉਹ ਲਾਹੌਰ ਤੋਂ ਇਸਲਾਮਾਬਾਦ ਵੱਲ ‘ਲੰਬਾ ਕੂਚ’ ਸ਼ੁਰੂ ਕਰੇਗਾ ਤਾਂ ਜੋ ਮੌਜੂਦਾ ਸਰਕਾਰ ਨੂੰ ਗੱਦੀਓਂ ਲਾਹਿਆ ਜਾ ਸਕੇ ਅਤੇ ਨਵੇਂ ਸਿਰਿਓਂ ਚੋਣਾਂ ਸੰਭਵ ਬਣਾਈਆਂ ਜਾ ਸਕਣ। ਉਸ ਨੇ ਯਕੀਨਦਹਾਨੀ ਕੀਤੀ ਕਿ ਪਾਕਿਸਤਾਨੀ ਆਵਾਮ, ਅਮਰੀਕਾ ਤੇ ਯੂਰੋਪੀਅਨ ਮੁਲਕਾਂ ਵੱਲੋਂ ‘ਥੋਪੀ ਗਈ’ ਸਰਕਾਰ ਜ਼ਿਆਦਾ ਦਿਨ ਨਹੀਂ ਟਿਕਣ ਦੇਵੇਗਾ। ਦੂਜੇ ਪਾਸੇ ਫ਼ਵਾਦ ਚੌਧਰੀ, ਜੋ ਕਿ ਇਮਰਾਨ ਸਰਕਾਰ ਦਾ ਸਿਹਤ ਤੇ ਸੂਚਨਾ ਮੰਤਰੀ ਸੀ, ਨੇ ਇੱਥੋਂ ਤਕ ਕਹਿ ਦਿੱਤਾ ਕਿ ਮਦੀਨੇ ਵਾਲੀ ਘਟਨਾ ਤਾਂ ਸਿਰਫ਼ ਆਗਾਜ਼ ਹੈ, ਅੱਗੇ ਕੀ ਕੁਝ ਵਾਪਰਨ ਵਾਲਾ ਹੈ, ਉਹ ਸ਼ਰੀਫ਼ ਸਰਕਾਰ ਨੂੰ ਚੌਂਕਾਉਣ ਵਾਲਾ ਸਾਬਤ ਹੋਵੇਗਾ।
ਇਸੇ ਦੌਰਾਨ ਸ਼ੇਖ਼ ਰਸ਼ੀਦ ਨੇ ਐਤਵਾਰ ਨੂੰ ਇਕ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਉਸ ਦੇ ਭਤੀਜੇ ਸ਼ੇਖ਼ ਸ਼ਫ਼ੀਕ ਨੂੰ ਖੁਫ਼ੀਆ ਏਜੰਸੀਆਂ ਨੇ ਇਸਲਾਮਾਬਾਦ ਹਵਾਈ ਅੱਡੇ ਤੋਂ ਅਗਵਾ ਕਰ ਲਿਆ। ਇਕ ਬਿਆਨ ਰਾਹੀਂ ਰਸ਼ੀਦ ਨੇ ਕਿਹਾ ਕਿ ਉਸ ਦਾ ਭਤੀਜਾ ਜ਼ਿਆਰਤ ਵਾਸਤੇ ਮਦੀਨਾ ਜ਼ਰੂਰ ਗਿਆ ਹੋਇਆ ਸੀ, ਪਰ ਸ਼ਹਬਿਾਜ਼ ਸ਼ਰੀਫ਼ ਖ਼ਿਲਾਫ਼ ਵਾਪਰੀ ਘਟਨਾ ਵਿਚ ਉਸ ਦਾ ਕੋਈ ਹੱਥ ਨਹੀਂ ਸੀ। ਬਹਿਰਹਾਲ, ਉਪਰੋਕਤ ਘਟਨਾਵਾਂ ਨੇ ਪਾਕਿਸਤਾਨੀ ਸਿਆਸਤ ਨੂੰ ਹੋਰ ਗਰਮਾ ਦਿੱਤਾ ਹੈ। ਅਗਲੇ ਦਿਨ ਇਸ ਸਿਆਸਤ ਲਈ ਹੋਰ ਤਲਖ਼ ਸਾਬਤ ਹੋ ਸਕਦੇ ਹਨ।
ਨਿਮਰਾ ਕਾਜ਼ਮੀ ਕੇਸ
ਕਰਾਚੀ ਦੇ ਇਕ ਜੁਡੀਸ਼ਲ ਮੈਜਿਸਟਰੇਟ ਵੱਲੋਂ ਨਿਮਰਾ ਕਾਜ਼ਮੀ ਕੇਸ ਵਿਚ ਪੁਲੀਸ ਦੀ ਜਾਂਚ ਰਿਪੋਰਟ ਰੱਦ ਕੀਤੇ ਜਾਣ ਦਾ ਮਾਮਲਾ ਸਮਾਜਿਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 16 ਵਰ੍ਹਿਆਂ ਦੀ ਨਿਮਰਾ ਕਾਜ਼ਮੀ ਕਰਾਚੀ ਮੈਟਰੋਪੋਲੀਟਨ ਖਿੱਤੇ ਦੇ ਸਾਊਦਾਬਾਦ ਇਲਾਕੇ ਦੀ ਵਸਨੀਕ ਹੈ। ਉਸ ਦੇ ਮਾਪਿਆਂ ਨੇ ਪਿਛਲੇ ਐਤਵਾਰ ਨੂੰ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਕਿ ਨਿਮਰਾ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲੀਸ ਨੇ ਰਿਪੋਰਟ ਉੱਤੇ ਕਾਰਵਾਈ ਨਾ ਕੀਤੀ ਜਿਸ ’ਤੇ ਦੋ ਦਿਨਾਂ ਬਾਅਦ ਸਾਊਦਾਬਾਦ ਥਾਣੇ ਦੇ ਬਾਹਰ ਲੋਕਾਂ ਨੇ ਜ਼ੋਰਦਾਰ ਮੁਜ਼ਾਹਰਾ ਕੀਤਾ। ਮੁਜ਼ਾਹਰੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਇਕ ਦਿਨ ਬਾਅਦ ਪੁਲੀਸ ਨੇ ਇਕ ਵੀਡੀਓ ਨਸ਼ਰ ਕੀਤੀ ਜਿਸ ਵਿਚ ਨਿਮਰਾ ਨੂੰ ਇਹ ਦਾਅਵਾ ਕਰਦੀ ਦਿਖਾਇਆ ਗਿਆ ਸੀ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ। ਉਸ ਨੇ ਆਪਣੀ ਮਰਜ਼ੀ ਨਾਲ ਨਿਕਾਹ ਕਰਵਾਇਆ ਹੈ ਅਤੇ ਡੇਰਾ ਗ਼ਾਜ਼ੀ ਖ਼ਾਨ ਸ਼ਹਿਰ ਵਿਚ ਰਹਿ ਰਹੀ ਹੈ। ਮਾਮਲਾ ਉਦੋਂ ਤਕ ਅਦਾਲਤ ਵਿਚ ਵੀ ਪਹੁੰਚ ਚੁੱਕਾ ਸੀ। ਅਦਾਲਤ ਨੇ ਤਫ਼ਤੀਸ਼ੀ ਅਫ਼ਸਰ (ਆਈ.ਓ.) ਦੀ ਰਿਪੋਰਟ ਤਲਬ ਕਰ ਲਈ। ਤਫ਼ਤੀਸ਼ੀ ਅਫ਼ਸਰ ਨੇ ਨਿਮਰਾ ਦੇ ਮਾਪਿਆਂ ਵੱਲੋਂ ਲਾਏ ਸਾਰੇ ਦੋਸ਼ ਰੱਦ ਕਰਦਿਆਂ ਨਿਮਰਾ ਦੇ ਨਿਕਾਹਨਾਮੇ ਦੇ ਆਧਾਰ ’ਤੇ ਸ਼ਿਕਾਇਤ ਖਾਰਜ ਕੀਤੇ ਜਾਣ ਦੀ ਬੇਨਤੀ ਕੀਤੀ ਪਰ ਜੁਡੀਸ਼ਲ ਮੈਜਿਸਟਰੇਟ (ਕਰਾਚੀ ਪੂਰਬ) ਜਾਵੇਦ ਅਹਿਮਦ ਕੋਰੇਜੋ ਨੇ ਆਈ.ਓ. ਦੀ ਰਿਪੋਰਟ ਨੂੰ ‘ਬਕਵਾਸ’ ਦੱਸਿਆ ਅਤੇ ਕਿਹਾ ਕਿ ਸੂਬਾ ਪੰਜਾਬ ਦੇ ਕਸਬਾ ਟੌਂਸਾ ਸ਼ਰੀਫ ਵਿਚ ਹੋਏ ਕਥਿਤ ‘ਨਿਕਾਹ’ ਦੇ ਨਿਕਾਹਨਾਮੇ ਦੀ ਤਾਰੀਖ 18 ਅਪਰੈਲ ਹੈ ਜਦੋਂਕਿ ਟੈਲੀਫੋਨ ਕਾਲਾਂ ਦੇ ਰਿਕਾਰਡ (ਸੀਡੀਆਰ) ਮੁਤਾਬਿਕ ਨਿਮਰਾ 18, 19 ਤੇ 20 ਅਪਰੈਲ ਨੂੰ ਸਾਊਦਾਬਾਦ ਵਿਚਲੇ ਆਪਣੇ ਘਰ ਵਿਚ ਸੀ। ਉਹ ਇਕੋ ਸਮੇਂ ਦੋ ਥਾਵਾਂ ’ਤੇ ਕਿਵੇਂ ਹੋ ਸਕਦੀ ਹੈ, ਖ਼ਾਸ ਤੌਰ ’ਤੇ ਜਦੋਂ ਦੋਵਾਂ ਥਾਵਾਂ ਦਾ ਫ਼ਾਸਲਾ 220 ਕਿਲੋਮੀਟਰ ਤੋਂ ਵੱਧ ਹੋਵੇ। ਉਂਜ ਵੀ, ਨਿਮਰਾ ਦੀ ਉਮਰ 16 ਵਰ੍ਹੇ ਹੈ। ਉਹ ਨਾਬਾਲਿਗ ਹੈ। ਨਾਬਾਲਿਗ ਦਾ ਨਿਕਾਹ ਕਾਨੂੰਨੀ ਜੁਰਮ ਹੈ। ਨਿਕਾਹ ਕਰਨ ਤੇ ਕਰਵਾਉਣ ਵਾਲਿਆਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ। ਪਰ ਪੁਲੀਸ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਜ਼ਾਹਿਰ ਹੈ ਕਿ ਇਕ ਨਾਬਾਲਿਗ ਕੁੜੀ ਨੂੰ ਅਗਵਾ ਕਰਨ ਜਾਂ ਬਹਿਕਾਵੇ ਵਿਚ ਆਉਣ ਦੇ ਇਸ ਮਾਮਲੇ ਦੀ ਪੁਲੀਸ ਨੇ ਸੰਜੀਦਗੀ ਨਾਲ ਤਹਿਕੀਕਾਤ ਕਰਨੀ ਵਾਜਬ ਹੀ ਨਹੀਂ ਸਮਝੀ। ਜੁਡੀਸ਼ਲ ਮੈਜਿਸਟਰੇਟ ਨੇ ਆਈ.ਓ. ਨੂੰ ਸਾਰੇ ਅਦਾਲਤੀ ਸਵਾਲਾਂ ਦੇ ਜਵਾਬ 9 ਮਈ ਤਕ ਦੇਣ, ਸੰਬੰਧਿਤ ਕੁੜੀ ਨੂੰ ਉਸ ਦਿਨ ਤਕ ਅਦਾਲਤ ਵਿਚ ਪੇਸ਼ ਕਰਨ ਅਤੇ ‘ਨਿਕਾਹ’ ਕਰਨ ਤੇ ਕਰਵਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਵੇਰਵੇ ਹਲਫ਼ਨਾਮੇ ਦੇ ਰੂਪ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ। ਨਾਲ ਹੀ ਸੂਬਾ ਸਿੰਧ ਦੇ ਪੁਲੀਸ ਮੁਖੀ ਨੂੰ ਹਦਾਇਤ ਕੀਤੀ ਕਿ ਉਹ ਪੁਲੀਸ ਮੁਲਾਜ਼ਮਾਂ ਅੰਦਰ ਜਵਾਬਦੇਹੀ ਦੀ ਭਾਵਨਾ ਪੈਦਾ ਕਰਨ ਵਾਸਤੇ ਨਵੇਂ ਸਿਖਲਾਈ ਕੋਰਸਾਂ ਦਾ ਇੰਤਜ਼ਾਮ ਕਰਨ।
ਪੋਲੀਓ ਦੇ ਦੋ ਨਵੇਂ ਕੇਸ
ਪੋਲੀਓ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਪਾਕਿਸਤਾਨੀ ਯਤਨਾਂ ਨੂੰ ਇਸ ਸਾਲ ਵੀ ਬੂਰ ਨਹੀਂ ਪਿਆ। ਪਿਛਲੇ ਇਕ ਪੰਦਰਵਾੜੇ ਦੌਰਾਨ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਉੱਤਰੀ ਵਜ਼ੀਰਿਸਤਾਨ ਇਲਾਕੇ ਵਿਚ ਦੋ ਨਵੇਂ ਪੋਲੀਓ ਕੇਸ ਸਾਹਮਣੇ ਆਏ ਹਨ। ਪਹਿਲੇ ਕੇਸ ਦੀ ਪੁਸ਼ਟੀ 22 ਅਪਰੈਲ ਨੂੰ ਹੋਈ ਸੀ। ਇਹ ਮਰੀਜ਼ 15 ਮਹੀਨਿਆਂ ਦਾ ਦੱਸਿਆ ਗਿਆ। ਹੁਣ 29 ਅਪਰੈਲ ਨੂੰ ਦੋ ਵਰ੍ਹਿਆਂ ਦੀ ਬੱਚੀ ਉਪਰ ਪੋਲੀਓ ਦੇ ਹਮਲੇ ਦੀ ਤਸਦੀਕ ਨੈਸ਼ਨਲ ਪੋਲੀਓ ਲੈਬ ਨੇ ਕੀਤੀ। ਕੌਮੀ ਸਿਹਤ ਮੰਤਰੀ ਕਾਦਿਰ ਪਟੇਲ ਨੇ ਦੋਵਾਂ ਕੇਸਾਂ ਉੱਤੇ ਅਫ਼ਸੋਸ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੋਲੀਓ ਵਿਰੋਧੀ ਮੁਹਿੰਮ ਵਿਚ ਹਰ ਤਰ੍ਹਾਂ ਨਾਲ ਸਹਿਯੋਗ ਦੇਣ। ਰੋਜ਼ਨਾਮਾ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਸ੍ਰੀ ਪਟੇਲ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਏਸ਼ੀਆ ਵਿਚ ਪੋਲੀਓ ਕੇਸਾਂ ਵਾਲੇ ਸਿਰਫ਼ ਦੋ ਮੁਲਕ ਅਫ਼ਗਾਨਿਸਤਾਨ ਤੇ ਪਾਕਿਸਤਾਨ ਹਨ। ਇਹ ਪਾਕਿਸਤਾਨ ਲਈ ਨਮੋਸ਼ੀ ਵਾਲੀ ਗੱਲ ਹੈ। ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਪੋਲੀਓ ਬੂੰਦਾਂ ਪਿਲਾਉਣ ਦੀ ਮੁਹਿੰਮ ਦਾ ਵਿਰੋਧ ਕਰਨ ਵਾਲਿਆਂ ਨੂੰ ਉਹ ਖ਼ੁਦ ਵੀ ਟੱਕਰ ਦੇਣ। ਜ਼ਿਕਰਯੋਗ ਹੈ ਕਿ ਕਈ ਮੁਲਾਣਿਆਂ ਦੇ ਵਿਰੋਧ ਕਰਕੇ ਪਾਕਿਸਤਾਨ ਵਿਚ ਪੋਲੀਓ ਵਾਲੰਟੀਅਰਾਂ ਦੀਆਂ ਜਾਨਾਂ ਲੈਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹੋ ਕਾਰਨ ਹੈ ਕਿ ਪੋਲੀਓ ਮੁਕਤ ਪਾਕਿਸਤਾਨ ਦਾ ਨਾਅਰਾ ਅਜੇ ਤਕ ਅਸਲੀਅਤ ਨਹੀਂ ਬਣ ਸਕਿਆ।
– ਪੰਜਾਬੀ ਟ੍ਰਿਬਿਊਨ ਫੀਚਰ