ਗੁਰਮੀਤ ਸਿੰਘ*
ਲੰਮੀਆਂ ਲੱਤਾਂ ਵਾਲਾ ਹਰਾ ਚਾਹਾ ਸਿਆਲੀ ਪਰਵਾਸੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘Green Sand Piper’ (Tringa ochropus) ਕਹਿੰਦੇ ਹਨ। ਇਹ ਸਾਡੀਆਂ ਦਲਦਲੀ ਥਾਵਾਂ, ਨਮਧਰਤੀ, ਦਰਿਆਵਾਂ ਤੇ ਝੀਲਾਂ ਦੇ ਕੰਢਿਆਂ, ਛੰਭਾਂ ਆਦਿ ਕੋਲ ਮਿਲਦਾ ਹੈ। ਇਸ ਨੂੰ ਥੋੜ੍ਹੇ ਡੂੰਘੇ ਪਾਣੀ ਵਿੱਚ ਵੇਖਿਆ ਜਾ ਸਕਦਾ ਹੈ। ਹਰਾ ਚਾਹਾ ਸਬ-ਆਰਕਟਿਕ ਯੂਰਪ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਉੱਤਰੀ ਮੰਗੋਲੀਆ, ਚੀਨ, ਅਫ਼ਰੀਕਾ, ਭਾਰਤੀ ਉਪ-ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵੇਖਣ ਨੂੰ ਮਿਲਦਾ ਹੈ। ਇਹ ਪੰਜਾਬ ਵਿੱਚ ਛੋਟੀਆਂ ਟੋਲੀਆਂ ਵਿੱਚ ਪਰਵਾਸ ਕਰਦੇ ਹਨ। ਇਸ ਦੀ ਲੰਬਾਈ 20 ਤੋਂ 25 ਸੈਂਟੀਮੀਟਰ ਅਤੇ ਭਾਰ 50 ਤੋਂ 120 ਗ੍ਰਾਮ, ਖੰਭਾਂ ਦੀ ਲੰਬਾਈ 55 ਤੋਂ 60 ਸੈਂਟੀਮੀਟਰ ਹੁੰਦੀ ਹੈ। ਸਿਰ, ਪਿੱਠ ਅਤੇ ਉੱਪਰਲੇ ਹਿੱਸੇ ਸਲੇਟੀ ਭੂਰੇ ਹੁੰਦੇ ਹਨ। ਹੇਠਲਾ ਹਿੱਸਾ ਚਿੱਟਾ ਹੁੰਦਾ ਹੈ। ਪਿੱਠ ਅਤੇ ਖੰਭਾਂ ’ਤੇ ਵੱਖੋ ਵੱਖਰੇ ਚਿੱਟੇ ਚਟਾਕ ਹੁੰਦੇ ਹਨ। ਇਸ ਦੀ ਚੂੰਝ ਹਰੇ, ਗੂੜ੍ਹੇ ਭੂਰੇ ਰੰਗ ਦੀ ਹੁੰਦੀ ਹੈ। ਅੱਖਾਂ ਦੇ ਆਲੇ-ਦੁਆਲੇ ਚਿੱਟਾ ਗੋਲ ਰਿੰਗ ਹੁੰਦਾ ਹੈ, ਜਿਸ ਤੋਂ ਇਸ ਦੀ ਪਛਾਣ ਕਰਨੀ ਆਸਾਨ ਹੋ ਜਾਂਦੀ ਹੈ। ਲੱਤਾਂ ਹਰੀਆਂ ਸਲੇਟੀ ਭਾਹ ਮਾਰਦੀਆਂ ਹਨ। ਨਰ ਅਤੇ ਮਾਦਾ ਇੱਕੋ ਜਿਹੇ ਹੁੰਦੇ ਹਨ, ਪਰ ਮਾਦਾ ਨਰ ਨਾਲੋਂ ਥੋੜ੍ਹੀ ਵੱਡੀ ਹੁੰਦੀ ਹੈ। ਇਨ੍ਹਾਂ ਦੀ ਆਵਾਜ਼ ਨਿਰੰਤਰ ਵੱਜਦੀ ਸੁਰੀਲੀ ਸੀਟੀ ਦੀ ਤਰ੍ਹਾਂ ਹੁੰਦੀ ਹੈ।
ਇਹ ਇਕੱਲਾ ਖਾਣ ਪੀਣ ਲਈ ਢੁੱਕਵੀਆਂ ਥਾਵਾਂ ਨੂੰ ਤਰਜੀਹ ਦਿੰਦਾ ਹੈ। ਇਹ ਦਿਨ ਰਾਤ ਖਾਣਾ ਖਾਣ ਵਿੱਚ ਕਿਰਿਆਸ਼ੀਲ ਰਹਿੰਦਾ ਹੈ। ਇਨ੍ਹਾਂ ਦੀ ਖੁਰਾਕ ਵਿੱਚ ਮੁੱਖ ਤੌਰ ’ਤੇ ਜਲ ਅਤੇ ਧਰਤੀ ਦੇ ਕੀੜੇ -ਮਕੌੜੇ, ਕੀੜੇ -ਮਕੌੜਿਆਂ ਦੇ ਲਾਰਵੇ, ਘੋਗੇ ਵਰਗੇ ਜੀਵ, ਭੂੰਡ ਪਰਜਾਤੀਆਂ ਦੇ ਕੀੜੇ, ਮੱਕੜੀ ਅਤੇ ਮੱਛੀ ਆਦਿ ਸ਼ਾਮਲ ਹਨ। ਇਹ ਪੰਛੀ ਆਪਣੀ ਨਜ਼ਰ ਅਤੇ ਲੰਬੀ ਚੁੰਝ ਨਾਲ ਜ਼ਮੀਨ ਦੀ ਘੋਖ ਕਰਕੇ ਸ਼ਿਕਾਰ ਦਾ ਪਤਾ ਲਗਾਉਂਦੇ ਹਨ। ਉਹ ਸ਼ਿਕਾਰ ਨੂੰ ਨਮੀ ਵਾਲੀ ਸਤ੍ਵਾ ਤੋਂ ਇਕੱਠਾ ਕਰਦੇ ਹਨ ਅਤੇ ਸ਼ਿਕਾਰ ਲਈ ਘੱਟ ਪਾਣੀ ਵਾਲੀ ਥਾਂ ਦੀ ਖੋਜ ਕਰਦੇ ਹਨ। ਇਸ ਤਰ੍ਹਾਂ ਦੇ ਪੰਛੀਆਂ ਨੰ ਅੰਗਰੇਜ਼ੀ ਵਿੱਚ ਵੇਡਿੰਗ ਬਰਡ ਕਹਿੰਦੇ ਹਨ।
ਹਰੇ ਚਾਹੇ ਦਾ ਪ੍ਰਜਣਨ ਸੀਜ਼ਨ ਅਪਰੈਲ ਤੋਂ ਜੂਨ ਤੱਕ ਹੁੰਦਾ ਹੈ। ਇਹ ਪੰਛੀ ਜੋੜੇ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਇਹ ਆਪਣਾ ਆਲ੍ਹਣਾ ਦਰਖੱਤਾਂ ’ਤੇ ਹੀ ਬਣਾਉਂਦੇ ਹਨ ਜਿਸ ਵਿੱਚ ਮਾਦਾ 2-4 ਫਿੱਕੇ ਰੰਗ ਦੇ ਆਂਡੇ ਦਿੰਦੀ ਹੈ। ਦੋਵੇਂ ਮਿਲ ਕੇ ਆਂਡਿਆਂ ਦੀ ਦੇਖ ਭਾਲ ਕਰਦੇ ਹਨ। ਚੂਚੇ 21 ਦਿਨਾਂ ਦੇ ਹੋਣ ਤੋਂ ਬਾਅਦ ਬਾਹਰ ਨਿਕਲਦੇ ਹਨ। ਇਹ ਇੱਕ ਸ਼ਰਮਾਕਲ ਪੰਛੀ ਹੈ ਅਤੇ ਲੋੜ ਪੈਣ ’ਤੇ ਸਿੱਧੀ ਤੇ ਤੇਜ਼ ਉਡਾਰੀ ਮਾਰ ਜਾਂਦੇ ਹਨ। ਇਨ੍ਹਾਂ ਪੰਛੀਆਂ ਦੀ ਰਹਿਣ ਵਾਲੀ ਥਾਂ ਵਿੱਚ ਤਬਦੀਲੀ ਅਤੇ ਵਿਨਾਸ਼, ਖੇਤੀਬਾੜੀ ਦਾ ਵਿਸਥਾਰ, ਮਨੁੱਖੀ ਘੁਸਪੈਠ ਅਤੇ ਸ਼ਿਕਾਰ ਮੁੱਖ ਖ਼ਤਰੇ ਹਨ।
ਸਾਡੇ ਦੇਸ਼ ਵਿੱਚ ਹਰੇ ਚਾਹੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-4 ਵਿੱਚ ਆਉਂਦੇ ਹਨ ਅਤੇ ਸੁਰੱਖਿਅਤ ਹਨ। ਆਈ.ਯੂ.ਸੀ.ਐੱਨ. ਨੇ ਇਸ ਪੰਛੀ ਨੂੰ ਕਿਸੇ ਖ਼ਤਰੇ ਦੀ ਸੂਚੀ ਵਿੱਚ ਨਹੀਂ ਰੱਖਿਆ, ਪਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕੀ ਅਸੀਂ ਇਨ੍ਹਾਂ ਨੂੰ ਰਹਿਣ ਲਈ ਢੁੱਕਵਾਂ ਮਾਹੌਲ ਪ੍ਰਦਾਨ ਕਰੀਏ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ
ਸੰਪਰਕ: 98884-56910