ਦਿਲਜੀਤ ਸਿੰਘ ਬੇਦੀ
ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ, ਪਰ ਜੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਕੇ ਜੀਵਨ ਤਬਾਹ ਕਰ ਲੈਣ ਤਾਂ ਦੇਸ਼ ਦਾ ਕੀ ਬਣੇਗਾ? ਕਿਸੇ ਸਮੇਂ ਪੰਜਾਬ ਦੇ ਨੌਜਵਾਨ ਪੂਰੀ ਦੁਨੀਆਂ ਵਿਚ ਆਪਣੇ ਜ਼ੋਰ ਤੇ ਜੁੱਸੇ ਕਰਕੇ ਜਾਣੇ ਜਾਂਦੇ ਸਨ। ਪੂਰੇ ਹਿੰਦੋਸਤਾਨ ਵਿਚ ਪੰਜਾਬ ਦੀ ਧਰਤੀ ਖੁਸ਼ਹਾਲੀ ਪੱਖੋਂ ਨੰਬਰ ਇਕ ’ਤੇ ਸੀ। ਇਥੋਂ ਦਾ ਪੌਣ-ਪਾਣੀ ਅਤੇ ਗੁਰੂ ਬਖ਼ਸ਼ੇ ਸਿਧਾਤਾਂ ਅਨੁਸਾਰੀ ਜੀਵਨ ਇਥੋਂ ਦੇ ਬਸ਼ਿੰਦਿਆਂ ਨੂੰ ਨਿਡਰ ਅਤੇ ਸੂਰਮੇ ਬਣਾਉਂਦਾ ਸੀ। ਇਸ ਧਰਤੀ ਦੇ ਜਾਏ ਸਰਦਾਰ ਹਰੀ ਸਿੰਘ ਨਲੂਆ ਵਰਗਿਆਂ ਨੇ ਕਾਬਲ-ਕੰਧਾਰ ਤੱਕ ਸਿੱਖ ਰਾਜ ਦਾ ਸਿੱਕਾ ਚਲਾਇਆ। ਯਾਹੀਆ ਖ਼ਾਨ ਤੇ ਅਬਦਾਲੀ ਵਰਗਿਆਂ ਸਮੇਂ ਸਿੱਖਾਂ ’ਤੇ ਵੱਡੇ ਹਮਲੇ ਹੋਏ, ਘੱਲੂਘਾਰਿਆਂ ਵਿਚ ਹਜ਼ਾਰਾਂ ਸਿੱਖਾਂ ਨੇ ਜਾਨਾਂ ਵਾਰੀਆਂ। ਅਜਿਹੇ ਬਿਖੜੇ ਸਮੇਂ ਨੂੰ ਪਾਰ ਕਰ ਸਿੱਖਾਂ ਨੇ ਨਵਾਬ ਕਪੂਰ ਸਿੰਘ ਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਜਰਨੈਲਾਂ ਦੀ ਅਗਵਾਈ ਵਿਚ ਸਿੱਖ ਰਾਜ ਸਥਾਪਤ ਕੀਤਾ। ਸਿੱਖਾਂ ਦੀ ਅਜਿਹੀ ਬਹਾਦਰੀ ਸਮੇਂ ਦੇ ਹਾਕਮਾਂ ਨੂੰ ਹਮੇਸ਼ਾ ਰੜਕਦੀ ਰਹੀ ਤੇ ਉਨ੍ਹਾਂ ਇਸ ਬਹਾਦਰ ਕੌਮ ਨੂੰ ਖ਼ਤਮ ਕਰਨ ਲਈ ਕਈ ਚਾਲਾਂ ਚਲੀਆਂ।
ਪੰਜਾਬ ਨਾਲ ਹਮੇਸ਼ਾ ਬੇਇਨਸਾਫੀ ਹੋਈ ਹੈ। ਰਾਜਧਾਨੀ ਚੰਡੀਗੜ੍ਹ ਖੋਹੀ ਗਈ। ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪਾਣੀਆਂ ਨੂੰ ਖੋਹਣ ਲਈ ਸਦਾ ਯਤਨ ਹੁੰਦੇ ਆ ਰਹੇ ਹਨ। ਅੱਜ ਪੰਜਾਬ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ ਉਹ ਬੜਾ ਅਫ਼ਸੋਸਨਾਕ ਹੈ। ਪੰਜ ਦਰਿਆਵਾਂ ਦੀ ਧਰਤੀ ਵਿਚ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਦੁਸ਼ਮਣ ਤਾਕਤਾਂ ਨੇ ਪੰਜਾਬ ਨੌਜਵਾਨੀ ਨੂੰ ਨਸ਼ਿਆਂ ਦੇ ਆਦੀ ਬਣਾਉਣ ਦਾ ਹਰ ਯਤਨ ਕੀਤਾ। ਨਸ਼ਿਆਂ ਨਾਲ ਜਿਥੇ ਆਰਥਿਕ ਬਰਬਾਦੀ ਹੋ ਰਹੀ ਹੈ ਉਥੇ ਜ਼ਾਲਮਾਂ ਦਾ ਮੂੰਹ ਮੋੜਨ ਦੀ ਸਮਰੱਥਾ ਰੱਖਣ ਵਾਲੇ ਇਥੋਂ ਦੇ ਨੌਜਵਾਨ ਸਰੀਰਕ ਪੱਖੋਂ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਬਹੁਤਿਆਂ ਵਿਚ ਔਲਾਦ ਪੈਦਾ ਕਰਨ ਦੀ ਸ਼ਕਤੀ ਵੀ ਨਹੀਂ ਰਹੀ। ਇਹ ਪੰਜਾਬ ’ਤੇ ਇਕ ਵੱਡਾ ਹਮਲਾ ਹੈ ਜਿਸ ਦੇ ਬਹੁਤ ਮਾੜੇ ਸਿੱਟੇ ਹੋਣਗੇ।
ਪੰਜਾਬ ਦੀ ਨੌਜਵਾਨੀ ਦੇ ਨਸ਼ਿਆਂ ਵਿਚ ਘਿਰ ਜਾਣ ਦੇ ਕੁਝ ਹੋਰ ਕਾਰਨ ਵੀ ਹਨ। ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ। ਪੈਦਾਵਾਰ ਵਧਣ ਨਾਲ ਕਿਸਾਨੀ ਦੀ ਹਾਲਤ ਕੁਝ ਸੁਧਰੀ ਅਤੇ ਉਸ ਨੌਕਰ-ਚਾਕਰ ਰੱਖ ਲਏ। ਅਗਲੀ ਪੀੜ੍ਹੀ ਹੱਥੀਂ ਕਿਰਤ ਕਰਨ ਤੋਂ ਕਤਰਾਉਣ ਲੱਗੀ। ਵਿਹਲੇਪਣ ਨੇ ਨੌਜਵਾਨੀ ਨੂੰ ਨਸ਼ਿਆਂ ਵੱਲ ਪ੍ਰੇਰਤ ਕੀਤਾ। ਵੱਡਾ ਰੋਲ ਅਦਾ ਕੀਤਾ ਗੀਤਕਾਰਾਂ ਅਤੇ ਗਾਇਕਾਂ ਨੇ ਜਿਨ੍ਹਾਂ ਗੀਤਾਂ, ਫਿਲਮਾਂ ਵਿਚ ਨਸ਼ੇ, ਬਦਮਾਸ਼ੀ ਅਤੇ ਆਸ਼ਕੀ ਨੂੰ ਉਤਸ਼ਾਹਿਤ ਕਰ ਕੇ ਨੌਜਵਾਨੀ ਨੂੰ ਕੁਰਾਹੇ ਪਾਇਆ। ਇਸ ਦਾ ਸਿੱਟਾ ਹੈ ਕਿ ਅੱਜ ਘਰਾਂ ਦੇ ਘਰ ਮੌਤਾਂ ਕਾਰਨ ਖਾਲੀ ਹੋ ਗਏ ਹਨ।
ਅੱਜ-ਕਲ੍ਹ ਸ਼ਰਾਬ ਹੀ ਨਹੀਂ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਤੰਬਾਕੂ, ਜਰਦਾ, ਸਮੈਕ, ਅਫੀਮ, ਚਰਸ, ਨਸ਼ੀਲੀਆਂ ਦਵਾਈਆਂ, ਟੀਕੇ ਆਦਿ ਪ੍ਰਚੱਲਤ ਹਨ, ਜੋ ਸਕੂਲਾਂ-ਕਾਲਜਾਂ ਤੱਕ ਪੁੱਜ ਚੁੱਕੇ ਹਨ। ਕਈ ਮਾਪੇ ਭਵਿੱਖ ਸੰਵਾਰਨ ਖ਼ਾਤਰ ਬੱਚਿਆਂ ਨੂੰ ਹੋਸਟਲਾਂ ਵਿੱਚ ਪੜ੍ਹਣ ਭੇਜ ਦਿੰਦੇ ਹਨ ਜਿੱਥੇ ਕਈ ਵਾਰ ਉਹ ਬੁਰੀ ਸੰਗਤ ਕਾਰਨ ਨਸ਼ਿਆਂ ਵਿਚ ਫਸ ਜਾਂਦੇ ਹਨ। ਹਰ ਪੰਜਾਬੀ ਅੱਜ ਕਰਜ਼ੇ ਥੱਲੇ ਦੱਬਿਆ ਹੋਇਆ ਹੈ। ਨੌਜਵਾਨ ਪੀੜ੍ਹੀ ਵਿੱਚ ਵਧ ਰਹੀ ਨਿਰਾਸ਼ਾ, ਅਸਫਲਤਾ, ਬੇਰੁਜ਼ਗਾਰੀ, ਨੈਤਿਕ ਸਿਖਿਆ ਦੀ ਘਾਟ ਅਤੇ ਬੁਰੀ ਸੰਗਤ ਆਦਿ ਨਸ਼ਿਆਂ ਦੇ ਵਹਿਣ `ਚ ਡੁੱਬਣ ਦਾ ਕਾਰਨ ਬਣਦੇ ਹਨ। ਪੰਜਾਬ ਦੀ ਰਹਿੰਦੀ ਜਵਾਨੀ ਪੜ੍ਹਾਈ ਬਹਾਨੇ ਵਿਦੇਸ਼ਾਂ ਨੂੰ ਭੱਜ ਰਹੀ ਹੈ।
ਮਾਪਿਆਂ ਤੇ ਅਧਿਆਪਕਾਂ ਨੂੰ ਨਸ਼ਾ-ਰਹਿਤ ਜੀਵਨ ਦੀ ਨਿੱਜੀ ਮਿਸਾਲ ਰਾਹੀਂ ਘਰਾਂ ਤੇ ਸਕੂਲਾਂ ਵਿਚ ਉੱਚੀਆਂ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਵਾਲੇ ਵਾਤਾਵਰਨ ਦੀ ਸਿਰਜਣਾ ਕਰਨੀ ਚਾਹੀਦੀ ਹੈ। ਜੇ ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਮਾਪੇ ਇਸ ਸਮੱਸਿਆ ਨਾਲ ਨਜਿੱਠਣ ਲਈ ਇਕਜੁੱਟ ਹੋ ਜਾਣ ਤਾਂ ਇਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਸਕੂਲ ਪੱਧਰ ‘ਤੇ ਹੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਵੇ। ਹਰ ਹਫਤੇ ਸਕੂਲਾਂ/ਕਾਲਜਾਂ ਵਿਚ ਨਸ਼ਿਆਂ ’ਤੇ ਸੈਮੀਨਾਰ ਹੋਣ ਅਤੇ ਸਵੇਰ ਦੀ ਸਭਾ ਸਮੇਂ ਲੈਕਚਰ, ਕਵਿਤਾ ਜਾਂ ਗੀਤ ਰਾਹੀਂ ਸੁਨੇਹਾ ਦਿੱਤਾ ਜਾਵੇ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਦੱਸਿਆ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸ਼ਿਕਾਰ ਹੈ ਤੇ ਮੰਦਹਾਲੀ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ। ਇਸ ਚੋਂ ਨਿਕਲਣਾ ਕਿਵੇਂ ਹੈ, ਇਸ ਲਈ ਸਰਕਾਰ ਅਤੇ ਵੱਡੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਪਵੇਗਾ।
ਸਰਕਾਰਾਂ ਵੀ ਆਪਣੇ ਫਰਜ਼ ਪਛਾਨਣ ਅਤੇ ਪਿੰਡਾਂ ਵਿੱਚ ਖੇਡ ਮੈਦਾਨ, ਲਾਇਬਰੇਰੀਆਂ ਬਣਾਉਣ ਤਾਂ ਕਿ ਨੌਜਵਾਨਾਂ ਨੂੰ ਖੇਡਾਂ ਅਤੇ ਚੰਗਾ ਸਾਹਿਤ ਪੜ੍ਹਨ ਲਈ ਉਤਸ਼ਾਹਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਨਰੋਆ ਮਨੋਰੰਜਨ ਦਿੱਤਾ ਜਾਵੇ। ਇਸ ਗੰਭੀਰ ਸਮੱਸਿਆ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜੀਏ। ਗੁਰੂ ਸਾਹਿਬ ਨੇ ਸਾਨੂੰ ਜੋ ਸਿਧਾਂਤ ਬਖ਼ਸ਼ੇ ਹਨ ਉਨ੍ਹਾਂ ਤੋਂ ਦੂਰ ਜਾਣ ਕਾਰਨ ਹੀ ਅਸੀਂ ਅੱਜ ਇਨ੍ਹਾਂ ਸਮੱਸਿਆਵਾਂ ਵਿਚ ਘਿਰੇ ਹੋਏ ਹਾਂ।