ਗੁਰਦੇਵ ਸਿੰਘ ਸਿੱਧੂ
ਸਰਦਾਰ ਅਜੀਤ ਸਿੰਘ ਨੂੰ ਵਿਰਸੇ ਵਿਚ ਮਿਲੀ ਦੇਸ਼ ਪਿਆਰ ਦੀ ਭਾਵਨਾ ਲਾਹੌਰ ਦੇ ਡੀ.ਏ.ਵੀ. ਕਾਲਜ ਹੋਸਟਲ ਵਿਚ ਰਹਿੰਦਆਂ ਹੋਸਟਲ ਸੁਪਰਡੈੈਂਟ ਲਾਲਾ ਲਾਜਪਤ ਰਾਇ ਦੀ ਸੰਗਤ ਤੋਂ ਹੋਰ ਪ੍ਰਬਲ ਹੋਈ। 1906 ਦੌਰਾਨ ਭਾਰਤੀ ਕੌਮੀ ਕਾਂਗਰਸ ਦੇ ਕਲਕੱਤੇ ਵਿਚ ਹੋਏ 22ਵੇਂ ਸੈਸ਼ਨ ਵਿਚ ਭਾਗ ਲੈਣ ਗਿਆ ਉਹ ਲੋਕਮਾਨਿਆ ਬਾਲ ਗੰਗਾ ਧਰ ਤਿਲਕ ਦੇ ਗਰਮ ਖਿਆਲੀ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ। ਇੱਥੇ ਹੀ ਉਹ ਸ੍ਰੀ ਮੋਤੀ ਲਾਲ ਘੋਸ਼ ਅਤੇ ਸ੍ਰੀ ਅਰਬਿੰਦੂ ਘੋਸ਼ ਜਿਹੇ ਬੰਗਾਲੀ ਇਨਕਲਾਬੀਆਂ ਦੇ ਸੰਪਰਕ ਵਿਚ ਆਇਆ। ਇਨ੍ਹੀਂ ਦਿਨੀਂ ਹੀ ਉਸਦਾ ਮੇਲ ਇਕ ਰੂਸੀ ਯਾਤਰੂ ਲੈਸਫ ਨਾਲ ਹੋਇਆ ਜਿਸ ਤੋਂ ਉਸ ਨੂੰ ਰੂਸੀ ਜਨਤਾ ਵੱਲੋਂ ਆਪਣੇ ਸ਼ਹਿਨਸ਼ਾਹ ਜ਼ਾਰ ਵਿਰੁੱਧ ਵਿੱਢੇ ਹਥਿਆਰਬੰਦ ਸੰਘਰਸ਼ ਬਾਰੇ ਜਾਣਕਾਰੀ ਮਿਲੀ। ਲੈਸਫ ਦੇ ਪ੍ਰਭਾਵ ਦੇ ਫਲਸਰੂਪ ਅਜੀਤ ਸਿੰਘ ਆਜ਼ਾਦੀ ਪ੍ਰਾਪਤੀ ਲਈ ਹਥਿਆਰਬੰਦ ਜੱਦੋਜਹਿਦ ਦਾ ਕਾਇਲ ਹੋ ਗਿਆ। ਆਪਣੀ ਸੋਚ ਉੱਪਰ ਲੈਸਫ ਦੇ ਪ੍ਰਭਾਵ ਦਾ ਜ਼ਿਕਰ ਸ. ਅਜੀਤ ਸਿੰਘ ਨੇ 1907 ਈਸਵੀ ਦੌਰਾਨ ਆਪਣੇ ਕਈ ਭਾਸ਼ਨਾਂ ਵਿਚ ਕੀਤਾ। ਹਿੰਦੋਸਤਾਨ ਸਰਕਾਰ ਦੇ ਗ੍ਰਹਿ ਵਿਭਾਗ (ਰਾਜਸੀ) ਵੱਲੋਂ ਅਗਸਤ 1907 ਦੀਆਂ ਕਾਰਵਾਈਆਂ ਵਿਚ ਦਰਜ ਸੂਚਨਾ ਅਨੁਸਾਰ ਸ. ਅਜੀਤ ਸਿੰਘ ਵੱਲੋਂ ਆਪਣੇ ਇਕ ਭਾਸ਼ਨ ਵਿਚ ਲੈਸਫ ਬਾਰੇ ਇਹ ਸ਼ਬਦ ਬੋਲੇ ਦੱਸੇ ਗਏ ਹਨ, ‘ਕੁਝ ਦੇਰ ਹੋਈ ਇਕ ਰੂਸੀ ਹਿੰਦੋਸਤਾਨ ਆਇਆ ਤੇ ਅਸਾਂ ਉਸ ਨੂੰ ਦੱਸਿਆ ਕਿ ਸਾਨੂੰ ਅੰਗਰੇਜ਼ਾਂ ਵੱਲੋਂ ਦਬਾਇਆ ਜਾ ਰਿਹਾ ਹੈ।’ ਉਸਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਅੰਗਰੇਜ਼ ਕੇਵਲ ਡੇਢ ਲੱਖ ਹਨ ਅਤੇ ਹਿੰਦੋਸਤਾਨੀ ਤੀਹ ਕਰੋੜ। ਉਸਨੇ ਕਿਹਾ ਕਿ ਤੀਹ ਕਰੋੜ ਡੇਢ ਲੱਖ ਵੱਲੋਂ ਕਿਵੇਂ ਦਬਾਏ ਜਾ ਸਕਦੇ ਹਨ? ਜੇ ਇੰਜ ਹੈ ਤਾਂ ਹਿੰਦੋਸਤਾਨੀ ਆਦਮੀ ਨਹੀਂ ਹੋ ਸਕਦੇ। ਮੇਰੇ ਭਰਾਵੋ! ਤੁਸੀਂ ਆਦਮੀ ਬਣੋ, ਸਾਨੂੰ ਖੁੱਲ੍ਹਮ ਖੁੱਲਾ ਅੰਗਰੇਜ਼ਾਂ ਨਾਲ ਲੜਨਾ ਚਾਹੀਦਾ ਹੈ।’
ਸ. ਅਜੀਤ ਸਿੰਘ ਵੱਲੋਂ ਇਸ ਸਮੇਂ ਦਿੱਤੇ ਭਾਸ਼ਨਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸਾਫ਼ ਤੌਰ ਉੱਤੇ ਹਥਿਆਰਬੰਦ ਜਦੋਜਹਿਦ ਦੀ ਵਕਾਲਤ ਕਰ ਰਿਹਾ ਸੀ। ਇਕ ਭਾਸ਼ਨ ਵਿਚ ਉਸਨੇ ਆਖਿਆ, ‘ਹਿੰਦੋਸਤਾਨ ਵਿਚ ਦੇਸ਼-ਭਗਤਾਂ ਦੀਆਂ ਦੋ ਸ਼੍ਰੇਣੀਆਂ ਹਨ ਉਦਾਰਵਾਦੀ ਅਤੇ ਉਗਰਵਾਦੀ। ਅਸੀਂ ਉਗਰਵਾਦੀ ਹਾਂ ਅਤੇ ਉਦਾਰਵਾਦੀ ਨਹੀਂ ਕਿਉਂਕਿ ਅੰਗਰੇਜ਼ਾਂ ਡਾਢਿਆਂ ਅੱਗੇ ਤਰਲੇ ਕੱਢਣ ਦਾ ਕੋਈ ਲਾਭ ਨਹੀਂ।’ 21 ਅਪਰੈਲ, 1907 ਨੂੰ ਰਾਵਲਪਿੰਡੀ ਵਿਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਉਸਨੇ ਕਿਹਾ, ‘ਜੇ ਤੁਸੀਂ ਮਰਦ ਹੋ ਤਾਂ ਸੱਟ ਮਾਰੋ ਜਦੋਂ ਲੋਹਾ ਲਾਲ ਹੈ ਅਤੇ ਹੱਥ ਆਏ ਸੁਨਹਿਰੀ ਮੌਕੇ ਨੂੰ ਅਜਾਈਂ ਨਾ ਜਾਣ ਦਿਓ।’ ਕੋਈ ਇਕ ਹਫ਼ਤਾ ਪਿੱਛੋਂ 27 ਅਪਰੈਲ ਨੂੰ ਬਟਾਲੇ ਦੀ ਜਨ ਸਭਾ ਵਿਚ ਉਸ ਨੇ ਲੋਕਾਂ ਨੂੰ ਅੰਗਰੇਜ਼ਾਂ ਦੇ ਬੁਰੇ ਵਰਤਾਰੇ ਅੱਗੇ ਹੋਰ ਝੁਕਣ ਤੋਂ ਵਰਜਦਿਆਂ ਆਖਿਆ, ‘ਜੇ ਤੁਹਾਨੂੰ ਕੋਈ ਮਾਰੇ ਕੁੱਟੇ, ਇੱਟ ਦਾ ਜੁਆਬ ਪੱਥਰ ਵਿਚ ਦਿਓ। ਅੰਗਰੇਜ਼ ਤਾਕਤਹੀਣ ਹਨ, ਸਰਕਾਰ ਅਤਿਆਚਾਰੀ ਹੈ ਅਤੇ ਬਰਤਾਨਵੀ ਰਾਜ ਇਕ ਦਿਨ ਮੁੱਕ ਜਾਣਾ ਹੈ। ਅੱਜ, ਕੱਲ੍ਹ ਜਾਂ ਦਸ ਵਰ੍ਹੇ ਮਗਰੋਂ।’ ਇਸ ਹੀ ਥਾਂ ਉੱਤੇ ਉਸ ਨੇ ਅਗਲੇ ਦਿਨ ਫਿਰ ਇਕ ਇਕੱਠ ਨੂੰ ਸੰਬੋਧਨ ਕੀਤਾ। ਇਨ੍ਹੀਂ ਦਿਨੀਂ ਪਲੇਗ ਦਾ ਪ੍ਰਕੋਪ ਜ਼ੋਰਾਂ ਉੱਤੇ ਸੀ। ਸ. ਅਜੀਤ ਸਿੰਘ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਿਸੇ ਅਣਿਆਈ ਮੌਤ ਮਰਨ ਨਾਲੋਂ ਦੇਸ਼ ਲਈ ਕੁਰਬਾਨੀ ਦੇਣੀ ਬਿਹਤਰ ਹੈ। ਉਸਦੇ ਬੋਲ ਸਨ, ‘ਲੱਖਾਂ ਲੋਕ ਪਲੇਗ ਨਾਲ ਮਰ ਰਹੇ ਹਨ, ਅਨੇਕਾਂ ਹੋਰ ਮਰ ਜਾਣਗੇ। ਪਲੇਗ ਨਾਲ ਮਰਨ ਨਾਲੋਂ ਦੇਸ਼ ਲਈ ਮਰਨਾ ਬਿਹਤਰ ਹੈ।’
ਸ. ਅਜੀਤ ਸਿੰਘ ਨੂੰ ਗਿਆਨ ਸੀ ਕਿ ਕਿਸੇ ਨਾਗਰਿਕ ਵਿਦਰੋਹ ਉੱਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਸੈਨਾ ਦੀ ਵਰਤੋਂ ਕੀਤੀ ਜਾਣੀ ਲਾਜ਼ਮੀ ਸੀ। ਇਸ ਲਈ ਉਹ ਅਤੇ ਉਨ੍ਹਾਂ ਦੇ ਸਾਥੀ ਆਮ ਨਾਗਰਿਕਾਂ ਦੇ ਨਾਲ ਨਾਲ ਅੰਗਰੇਜ਼ੀ ਸੈਨਾ ਨੂੰ ਵੀ ਵਿਦਰੋਹ ਲਈ ਤਿਆਰ ਕਰਨ ਵਾਸਤੇ ਸਰਗਰਮ ਸਨ। ਗ੍ਰਹਿ ਵਿਭਾਗ (ਰਾਜਸੀ) ਭਾਰਤ ਸਰਕਾਰ, ਅਗਸਤ 1907 ਦੀਆਂ ਕਾਰਵਾਈਆਂ ਵਿਚ ਇਕ ਦੇਸੀ ਫ਼ੌਜੀ ਅਫ਼ਸਰ ਵੱਲੋਂ ਦਿੱਤੀ ਇਹ ਸੂਚਨਾ ਦਰਜ ਹੈ, ‘ਆਪਣੇ ਦੇਸ਼ ਨਿਕਾਲੇ ਤੋਂ ਕੁਝ ਸਮਾਂ ਪਹਿਲਾਂ ਸ. ਅਜੀਤ ਸਿੰਘ ਉਨ੍ਹਾਂ ਦੀ ਰਜਮੈਂਟ ਵਿਚ ਮੀਆਂ ਮੀਰ ਵਿਖੇ ਆਇਆ ਅਤੇ ਅੰਗਰੇਜ਼ਾਂ ਨੂੰ ਕੱਢਣ ਦੀ ਆਪਣੀ ਵਿਉਂਤ ਬਾਰੇ ਗੱਲਬਾਤ ਕੀਤੀ। ਰਜਮੈਂਟ ਦੇ ਦੇਸੀ ਅਫ਼ਸਰਾਂ ਨੇ ਉਸ ਦੀ ਸਹਾਇਤਾ ਦਾ ਵਚਨ ਇਸ ਸ਼ਰਤ ਉੱਤੇ ਦਿੱਤਾ ਕਿ ਉਹ ਦੂਜੀਆਂ ਰਜਮੈਂਟਾਂ ਨੂੰ ਵੀ ਇਉਂ ਕਰਨ ਲਈ ਪ੍ਰੇਰ ਲਵੇ। ਇਸ ਦੇ ਉੱਤਰ ਵਿਚ ਸ. ਅਜੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਬਹੁਤ ਸਮੇਂ ਤੋਂ ਭਾਰਤੀ ਫ਼ੌਜ ਦੇ ਦੇਸੀ ਅਫ਼ਸਰਾਂ ਦੀ ਹਮਦਰਦੀ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹੈ।’’
ਸ. ਅਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਤਿਆਰ ਕੀਤੇ ਗਏ ਬਾਗੀਆਨਾ ਮਾਹੌਲ ਬਾਰੇ ਪੰਜਾਬ ਦੇ ਤਤਕਾਲੀਨ ਗਵਰਨਰ ਸਰ ਇਬਸਟਨ ਨੇ ਲਿਖਿਆ, ‘ਸਿਆਲਕੋਟ, ਲਾਇਲਪੁਰ, ਰਾਵਲਪਿੰਡੀ ਆਦਿ ਸ਼ਹਿਰਾਂ ਵਿਚ ਅੰਗਰੇਜ਼ ਵਿਰੋਧੀ ਪ੍ਰਚਾਰ ਖੁੱਲ੍ਹੇ ਅਤੇ ਬਾਗੀਆਨਾ ਤੌਰ ਉੱਤੇ ਕੀਤਾ ਜਾ ਰਿਹਾ ਹੈ। ਪ੍ਰਾਂਤ ਦੀ ਰਾਜਧਾਨੀ ਲਾਹੌਰ ਵਿਚ ਪ੍ਰਚਾਰ ਬੜਾ ਜ਼ਹਿਰੀਲਾ ਹੈ ਅਤੇ ਗੰਭੀਰ ਅਸ਼ਾਂਤੀ ਪੈਦਾ ਹੋ ਰਹੀ ਹੈ।’
ਲੋਕਾਂ ਨੂੰ ਹਥਿਆਰਬੰਦ ਜਦੋਜਹਿਦ ਰਾਹੀਂ ਅੰਗਰੇਜ਼ੀ ਗ਼ੁਲਾਮੀ ਦਾ ਜੂਲਾ ਆਪਣੇ ਗਲੋਂ ਲਾਹ ਦੇਣ ਦੀ ਪ੍ਰੇਰਨਾ ਦੇ ਸ਼ਬਦ ਸ. ਅਜੀਤ ਸਿੰਘ ਬਿਨਾਂ ਸੋਚੇ-ਸਮਝੇ ਨਹੀਂ ਸੀ ਕਹਿ ਰਿਹਾ। ਉਸ ਨੇ ਆਪਣੀ ਉਪਰੋਕਤ ਵਿਚਾਰਧਾਰਾ ਨੂੰ ਅਮਲ ਵਿਚ ਲਿਆਉਣ ਲਈ ਇਕ ਬਾਗੀਆਨਾ ਸੰਗਠਨ ਜਥੇਬੰਦ ਕਰਨ ਦੀ ਯੋਜਨਾ ਤਿਆਰ ਕੀਤੀ ਹੋਈ ਸੀ।
ਯੋਜਨਾ ਦੀ ਰੂਪਰੇਖਾ
ਸ. ਅਜੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਤਿਆਰ ਕੀਤੀ ਗਈ ਬਗਾਵਤ ਦੀ ਯੋਜਨਾ ਦਾ ਮੁਕੰਮਲ ਵੇਰਵਾ ਤਾਂ ਭਾਵੇਂ ਨਹੀਂ ਮਿਲਦਾ, ਪਰ ਇਸ ਦੀਆਂ ਕੁਝ ਮੋਟੀਆਂ-ਮੋਟੀਆਂ ਗੱਲਾਂ ਬਾਰੇ ਜਾਣਕਾਰੀ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿਚ ਉਪਲੱਬਧ ਹੈ। ਯੋਜਨਾ ਦੇ ਲਿਖਤੀ ਖਰੜੇ ਦੇ ਸ਼ੁਰੂ ਵਿਚ ਪੰਜਾਬੀ ਲੋਕਾਂ ਦੇ ਕਿਰਦਾਰ ਦਾ ਮੁਲਾਂਕਣ ਕਰਦਿਆਂ ਸਿੱਟਾ ਕੱਢਿਆ ਗਿਆ ਸੀ ਕਿ, ‘ਉਹ ਥੋੜ੍ਹੀ ਜਿਹੀ ਉਕਸਾਹਟ ਉੱਤੇ ਹੀ ਮਰਨ-ਮਾਰਨ ਉੱਤੇ ਉਤਰ ਆਉਂਦੇ ਹਨ।’ ਯੋਜਨਾ ਦੇ ਅਰੰਭ ਵਿਚ ਪੰਜਾਬ ਦੀ ਵਸੋਂ ਦੇ ਭਿੰਨ-ਭਿੰਨ ਵਰਗਾਂ ਬਾਰੇ ਚਰਚਾ ਕਰਦਿਆਂ ਮੁਸਲਮਾਨਾਂ ਨੂੰ ਸਰਕਾਰ ਪ੍ਰਤੀ ਮਨ ਵਿਚ ਨਰਮ ਗੋਸ਼ਾ ਰੱਖਣ ਵਾਲੇ ਤੱਤ ਮੰਨਿਆ ਗਿਆ ਸੀ ਅਤੇ ਉਨ੍ਹਾਂ ਦੀ ਇਸ ਭਾਵਨਾ ਉੱਪਰ ਕਾਬੂ ਪਾਉਣ ਲਈ ਸਾਮ, ਦਾਮ, ਦੰਡ ਅਤੇ ਭੇਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਸੀ। ‘‘ਤਾਕਤਵਰ ਨੂੰ ਦਲੀਲ ਜਾਂ ਕਿਸੇ ਹੋਰ ਢੰਗ ਨਾਲ ਖੁਸ਼ ਕੀਤਾ ਜਾਵੇ, ਲਾਲਚੀ ਨੂੰ ਵੱਢੀ ਦੇ ਕੇ ਉਸਦੀ ਜ਼ੁਬਾਨ ਬੰਦ ਕੀਤੀ ਜਾਵੇ। ਡਰਪੋਕ ਨੂੰ ਡਰਾਵੇ ਨਾਲ ਸ਼ਾਂਤ ਕੀਤਾ ਜਾਵੇ ਅਤੇ ਏਕਤਾ ਵਿਚ ਬੱਝੀ ਟੋਲੀ ਨਾਲ ਨਿਪਟਣ ਤੋਂ ਪਹਿਲਾਂ ਏਕੇ ਨੂੰ ਫੁੱਟ ਵਿਚ ਬਦਲਿਆ ਜਾਵੇ।’’ ਯੋਜਨਾ ਅਨੁਸਾਰ ਬੰਗਾਲ ਵਿਚਲੀ ਸਥਿਤੀ ਅਜਿਹੀ ਬਗਾਵਤ ਲਈ ਢੁਕਵੀਂ ਸੀ, ਪਰ ਪੰਜਾਬ ਵਿਚ ਹਥਿਆਰਬੰਦ ਜਦੋਜਹਿਦ ਦੀ ਸਫਲਤਾ ਲਈ ਹਾਲਾਤ ਸਾਜ਼ਗਾਰ ਨਹੀਂ ਸਨ। ਇਸ ਲਈ ਯੁਵਕ ਦੇਸ਼ ਭਗਤਾਂ ਦੀ ਇਕ ਅਜਿਹੀ ਛੋਟੀ ਜਿਹੀ ਟੋਲੀ ਤਿਆਰ ਕਰਨ ਦੀ ਵਕਾਲਤ ਕੀਤੀ ਗਈ ਸੀ ਜੋ ਆਪਣਾ ਸਾਰਾ ਬਲ ਸਥਾਪਤ ਸ਼ਕਤੀਆਂ ਵਿਰੁੱਧ ਲੋਕ ਰਾਇ ਉਤਪੰਨ ਕਰਨ ਲਈ ਮੁਹਿੰਮ ਚਲਾਉਣ ਦੇ ਲੇਖੇ ਲਾ ਦੇਵੇ। ਇਸ ਮਨੋਰਥ ਲਈ ਲੈਕਚਰ-ਲੜੀਆਂ ਅਤੇ ਪੁਸਤਕਾਂ ਦੇ ਰੂਪ ਵਿਚ ਪ੍ਰਚਾਰ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਸਲਾਹ ਦਿੱਤੀ ਗਈ ਸੀ।
ਬਗਾਵਤੀ ਯੋਜਨਾ ਦੇ ਦੂਜੇ ਭਾਗ ਵਿਚ ਹਿੰਦੂ ਆਚਰਨ ਵਿਚ ਆਈ ਗਿਰਾਵਟ ਬਾਰੇ ਖੇਦ ਪ੍ਰਗਟ ਕੀਤਾ ਗਿਆ ਸੀ ਜਿਸ ਕਾਰਨ ਤੀਹ ਕਰੋੜ ਵਿਅਕਤੀ ਬਿਨਾਂ ਬੁਰਾ ਮਨਾਇਆਂ ਕੇਵਲ ਡੇਢ ਲੱਖ ਵਿਦੇਸ਼ੀ ਲੋਕਾਂ ਦੇ ਹੁਕਮ ਦੀ ਪਾਲਣਾ ਕਰ ਰਹੇ ਸਨ। ਇਸ ਹੀਣ-ਭਾਵਨਾ ਨੂੰ ਦੂਰ ਕਰਨ ਅਤੇ ਹਿੰਦੂ ਜਨਤਾ ਨੂੰ ਸਰਕਾਰੀ ਜ਼ੁਲਮ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਮਹਾਰਾਸ਼ਟਰ ਅਤੇ ਬੰਗਾਲ ਵਿਚ ਉਗਰਵਾਦੀਆਂ ਵੱਲੋਂ ਆਪਣੀ ਹਥਿਆਰਬੰਦ ਜਦੋਜਹਿਦ ਨੂੰ ਬਲਵਾਨ ਬਣਾਉਣ ਲਈ ਹਿੰਦੂ ਧਰਮ-ਚਿੰਨ੍ਹਾਂ ਦੀ ਵਰਤੋਂ ਕੀਤੇ ਜਾਣ ਵਾਂਗ ਪੰਜਾਬ ਵਿਚ ਵੀ ਹਿੰਦੂ ਧਰਮ ਦੇ ਪ੍ਰਮੁੱਖ ਨਿਯਮਾਂ ਅਤੇ ਚਿੰਨ੍ਹਾਂ ਨੂੰ ਜਦੋ-ਜਹਿਦ ਲਈ ਪ੍ਰੇਰਨਾ ਸ੍ਰੋਤ ਬਣਾਇਆ ਜਾਣਾ ਸੀ। ਇਕ ਕਾਂਡ ਵਿਚ ਹਿੰਦੂਆਂ ਦੀ ਸ਼ੁੱਭ ਇੱਛਾ ਪ੍ਰਾਪਤ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਚਰਚਾ ਕੀਤੀ ਗਈ ਸੀ। ਦੂਜੇ ਕਾਂਡ ਵਿਚ ਮੁਸਲਮਾਨਾਂ ਦੇ ਸਬੰਧ ਵਿਚ ਚੁੱਕੇ ਜਾਣ ਵਾਲੇ ਕਦਮਾਂ ਦਾ ਜ਼ਿਕਰ ਸੀ ਅਤੇ ਤੀਜੇ ਕਾਂਡ ਵਿਚ ਸਾਹਸੀ ਕਾਰਜ ਕਰਨ ਵਾਲੇ ਹਮਲਾਵਰ ਬਿਰਤੀ ਵਾਲੇ ਵਿਅਕਤੀਆਂ ਦੀ ਟੋਲੀ ਬਾਰੇ ਲਿਖਿਆ ਗਿਆ ਸੀ। ਯੋਜਨਾ ਅਨੁਸਾਰ, ‘ਇਕ ਤੀਜੀ ਟੋਲੀ ਅਜਿਹੇ ਆਦਮੀਆਂ ਦੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਰਾਜ ਵਿਚਲੇ ਗੁੰਡਿਆਂ ਅਤੇ ਡਾਕੂਆਂ ਨਾਲ ਤਾਲਮੇਲ ਕਾਇਮ ਕਰਨ ਲਈ ਅੱਜਕੱਲ੍ਹ ਦੇ ਸਾਧੂਆਂ ਦੇ ਰੂਪ ਵਿਚ ਸੰਨਿਆਸੀਆਂ ਅਥਵਾ ਗੁਰੂਆਂ ਵਾਲਾ ਰੋਲ ਅਦਾ ਕਰਨ। ਇਉਂ ਡਾਕੂਆਂ ਅਤੇ ਗੁੰਡਿਆਂ ਨੂੰ (ੳ) ਵਿਦੇਸ਼ੀ ਅਫਸ਼ਰਸ਼ਾਹੀ ਦੇ ਖਿਲਾਫ਼ ਉਕਸਾਇਆ ਜਾਵੇਗਾ; (ਅ) ਆਪਣੇ ਇਲਾਕੇ ਦੇ ਸਰਕਾਰੀ ਖਜ਼ਾਨੇ ਅਤੇ ਡਾਕਖਾਨੇ ਲੁੱਟਣ ਦੀ ਸਲਾਹ ਦਿੱਤੀ ਜਾਵੇਗੀ ਅਤੇ (ੲ) ਉਨ੍ਹਾਂ ਦੇ ਮਨਾਂ ਵਿਚ ਵਿਦੇਸ਼ੀ ਗ਼ੁਲਾਮੀ ਵਿਚ ਰਹਿਣ ਬਾਰੇ ਵੈਰ ਭਾਵਨਾ ਭਰੀ ਜਾਵੇਗੀ।’ ਯੋਜਨਾ ਅਨੁਸਾਰ ਯੁਵਕ ਕ੍ਰਾਂਤੀਕਾਰੀਆਂ ਦਾ ਇਕ ‘ਰਾਖਵਾਂ ਬਲ’ ਵੀ ਬਣਾਇਆ ਜਾਣਾ ਸੀ, ਜਿਨ੍ਹਾਂ ਨੂੰ ਆਯੋਜਕ, ਸੂਹੀਏ ਅਤੇ ਇੰਤਹਾ-ਪਸੰਦ ਵਰਗਾਂ ਵਿਚ ਵੰਡਿਆ ਗਿਆ ਸੀ। ਤੀਜੇ ਵਰਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੰਦਿਆਂ ਲਿਖਿਆ ਗਿਆ ਸੀ, ‘ਇਹ ਤੀਜੀ ਟੋਲੀ ਮੁੱਖ ਦਫ਼ਤਰ ਵਿਚ ਪ੍ਰਚੱਲਤ ਵੋਟਾਂ ਜਾਂ ਲਾਟਰੀ ਰਾਹੀਂ ਲਏ ਗਏ ਫ਼ੈਸਲੇ ਦੀ ਹਦਾਇਤ ਅਨੁਸਾਰ ਕਿਸੇ ਵਿਅਕਤੀ ਜਾਂ ਸਥਾਨ ਉੱਤੇ ਬੰਬ ਸੁੱਟਣ ਜਾਂ ਗੋਲੀ ਦਾਗਣ ਜਾਂ ਜਿਵੇਂ ਵਧੇਰੇ ਅਸਰਦਾਰ ਸਮਝਿਆ ਜਾਵੇ, ਦੀ ਕਾਰਵਾਈ ਕਰੇਗੀ।’
ਯੋਜਨਾ ਦੇ ਅੰਤ ਵਿਚ ਲਿਖਿਆ ਗਿਆ ਸੀ, ‘ਤਿੰਨ ਮਹੀਨੇ ਪੂਰੇ ਹੋਣ ਪਿੱਛੋਂ ਯੁਵਾ ਜਾਂਬਾਜ਼ ਦੇਸ਼ ਵਿਚਲੇ ਗਦਾਰਾਂ ਜਿਵੇਂ ਸਰਕਾਰੀ ਸੂਹੀਏ, ਪ੍ਰਭਾਵਸ਼ਾਲੀ ਸਰਕਾਰੀ ਕਰਮਚਾਰੀ ਅਤੇ ਸਰਕਾਰ ਵਿਚ ਦਿਲਚਸਪੀ ਰੱਖਣ ਵਾਲੇ ਹੋਰ ਲੋਕਾਂ ਨੂੰ ਭੈਅਭੀਤ ਕਰਨ ਦੀ ਕਾਰਵਾਈ ਕਰਨਗੇ। ਡਾਕੂ ਅਤੇ ਗੁੰਡੇ, ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪਹਿਲਾਂ ਦੱਸੇ ਗਏ ਕੰਮਾਂ ਦੇ ਨਾਲ-ਨਾਲ ਜਥੇਬੰਦੀ ਦੀ ਵਰਤੋਂ ਲਈ ਅਮੀਰਾਂ ਪਾਸੋਂ ਧਨ ਖੋਹਣ ਲੱਗਣਗੇ। ਕੇਂਦਰੀ ਕਮੇਟੀ ਵੱਲੋਂ ਹਦਾਇਤ ਕੀਤੇ ਜਾਣ ਉੱਤੇ ਸਾਡੇ ਹਮਦਰਦ ਅਤੇ ਦੂਜੇ ਕੁਝ ਵਿਅਕਤੀਆਂ ਜਾਂ ਚੀਜ਼ਾਂ ਨੂੰ ਲੁਕਾਉਣ ਜਾਂ ਇਕ ਤੋਂ ਦੂਜੀ ਥਾਂ ਲੈ ਜਾਣ ਦਾ ਕੰਮ ਕਰਨਗੇ। ਜਦੋਂ ਯੋਜਨਾ ਸਿਖਰ ਉੱਤੇ ਪੁੱਜੇਗੀ ਤਾਂ ਹਰ ਸਥਾਨਕ ਜੱਥੇਬੰਦੀ ਵਿਦੇਸ਼ੀ ਸਰਕਾਰ ਵਿਰੁੱਧ ਜਨਤਕ ਭਾਵਨਾਵਾਂ ਨੂੰ ਹੋਰ ਉਤੇਜਿਤ ਕਰਨ ਲਈ ਗੁਪਤ ਪਰਚੇ ਅਰੰਭ ਕਰੇਗੀ।
ਅਮਲੀ ਕਾਰਵਾਈ
ਸਰਦਾਰ ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸ਼ਾਦ ਨੇ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਅਰੰਭ ਕਰ ਦਿੱਤੀ। ਇਨ੍ਹੀਂ ਦਿਨੀਂ ਬਾਰ ਦੀ ਆਬਾਦੀ ਦੇ ਬਿੱਲ ਅਤੇ ਨਹਿਰੀ ਮਾਲੀਆ ਵਧਾਏ ਜਾਣ ਵਿਰੁੱਧ ਲੋਕਾਂ ਵਿਚ ਅਸੰਤੋਸ਼ ਪੈਦਾ ਹੋਇਆ ਤਾਂ ਦੋਹਾਂ ਆਗੂਆਂ ਨੇ ਇਸ ਨੂੰ ਆਪਣੀ ਯੋਜਨਾ ਨੂੰ ਸਫਲ ਕਰਨ ਦਾ ਵਧੀਆ ਅਵਸਰ ਮੰਨ ਕੇ ਲੋਕਾਂ ਦੇ ਉਭਾਰ ਨੂੰ ਜਥੇਬੰਦ ਰੂਪ ਵਿਚ ਸੰਗਠਤ ਕਰਨਾ ਸ਼ੁਰੂ ਕੀਤਾ। 1907 ਦੇ ਅੱਧ ਤਕ ਪੰਜਾਬ ਅੰਦਰ ਅੰਗਰੇਜ਼ ਵਿਰੋਧੀ ਜਨ-ਅੰਦੋਲਨ ਸਿਖਰਾਂ ਉੱਤੇ ਪੁੱਜ ਗਿਆ। ਥਾਂ-ਥਾਂ ਲੋਕ ਅੰਗਰੇਜ਼ ਸਰਕਾਰ ਵਿਰੁੱਧ ਰੈਲੀਆਂ ਅਤੇ ਜਲਸੇ-ਜਲੂਸ ਆਦਿ ਆਯੋਜਿਤ ਕਰਨ ਲੱਗੇ। ਸਰਦਾਰ ਅਜੀਤ ਸਿੰਘ ਨੇ ਇਸ ਅੰਦੋਲਨ ਨੂੰ ਵਿਆਪਕ ਅਤੇ ਸ਼ਕਤੀਸ਼ਾਲੀ ਰੂਪ ਦੇਣ ਲਈ ਦਿਨ-ਰਾਤ ਇਕ ਕਰ ਕੇ ਕੰਮ ਕੀਤਾ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ (ਰਾਜਸੀ) ਦੀ 1907 ਦੀਆਂ ਕਾਰਵਾਈਆਂ ਬਾਰੇ ਇਕ ਰਿਪੋਰਟ (ਨੰਬਰ 148-235) ਦੱਸਦੀ ਹੈ, ‘ਅੰਦੋਲਨ ਪਿੰਡ-ਪਿੰਡ ਅਤੇ ਜ਼ਿਲ੍ਹੇ-ਜ਼ਿਲ੍ਹੇ ਵਿਚ ਚੱਲ ਰਿਹਾ ਹੈ। ਗੁਪਤ ਤੌਰ ’ਤੇ ਸਾਜ਼ਿਸ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ. ਅਜੀਤ ਸਿੰਘ ਸਭ ਲੋਕਾਂ ਦੀ ਸਹਾਇਤਾ ਪ੍ਰਾਪਤ ਕਰ ਰਿਹਾ ਹੈ। ਉਹ ਬੜੇ ਜੋਸ਼ੀਲੇ ਭਾਸ਼ਨ ਕਰਦਾ ਹੈ। ਫਿੱਟ ਲਾਹਨਤ, ਫਿੱਟੇ ਮੂੰਹ, ਫਿੱਟੇ ਮੂੰਹ ਸ਼ਬਦ ਉਸ ਦੇ ਭਾਸ਼ਨਾਂ ਵਿਚ ਵਾਰ-ਵਾਰ ਦੁਹਰਾਏ ਜਾਂਦੇ ਹਨ। ਲੋਕਾਂ ਵਿਚ ਅਥਾਹ ਜੋਸ਼ ਪੈਦਾ ਹੋ ਰਿਹਾ ਹੈ।’
ਇਸ ਅੰਦੋਲਨ ਦੀ ਗੰਭੀਰਤਾ ਦਾ ਅਨੁਮਾਨ ਪੰਜਾਬ ਦੀ ਇਸ ਸਮੇਂ ਦੀ ਸਥਿਤੀ ਬਾਰੇ ਪੰਜਾਬ ਦੇ ਗਵਰਨਰ ਸਰ ਐਬਸਟਨ ਦੀ 30 ਅਪਰੈਲ, 1907 ਦੀ ਰਿਪੋਰਟ ਤੋਂ ਭਲੀ-ਭਾਂਤ ਪਤਾ ਲੱਗਦਾ ਹੈ। ਇਸ ਰਿਪੋਰਟ ਵਿਚ ਦੱਸਿਆ ਗਿਆ ਸੀ, ‘ਵਰਤਮਾਨ ਅੰਦੋਲਨ ਇਕ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਪਿੰਡਾਂ ਵਿਚ ਬਰਤਾਨੀਆ ਵਿਰੁੱਧ ਕਰੜਾ ਪ੍ਰਾਪੇਗੰਡਾ ਸ਼ੁਰੂ ਕੀਤਾ ਗਿਆ ਹੈ। ਵਿਦਰੋਹੀ ਆਪਣੇ ਕਾਰਜ ਦੀ ਸਿੱਧੀ ਲਈ ਜਨਤਾ ਦੇ ਦੁੱਖੜਿਆਂ ਨੂੰ ਸਾਧਨ ਮਾਤਰ ਵਰਤਣ ਤੋਂ ਵੀ ਸੰਕੋਚ ਨਹੀਂ ਕਰ ਰਹੇ।’
(ਬਾਕੀ ਸਫ਼ਾ 5 ’ਤੇ)
ਸਰਕਾਰ ਦੇ ਕੰਨੀਂ ਇਨ੍ਹੀਂ ਦਿਨੀਂ ਹੀ ਇਸ ਬਗਾਵਤੀ ਸਾਜ਼ਿਸ਼ ਬਾਰੇ ਪਹਿਲੀ ਭਿਣਕ ਪਈ। ਇਸ ਲਈ ਉਸਨੇ ਇਸ ਸਕੀਮ ਦੇ ਹੋਰ ਵੇਰਵੇ ਜਾਣਨ ਲਈ ਖੁਫ਼ੀਆ ਵਿਭਾਗ ਨੂੰ ਸਰਗਰਮ ਕਰ ਦਿੱਤਾ। ਸਰਕਾਰੀ ਸਕੀਮ ਅਨੁਸਾਰ ਸਰਦਾਰ ਅਜੀਤ ਸਿੰਘ ਨਾਲ ਮੇਲ-ਗੇਲ ਰੱਖਣ ਵਾਲੇ ਕੁਝ ਲੋਕਾਂ ਨੂੰ ਖ਼ਰੀਦਿਆ ਜਾਣਾ ਸੀ ਅਤੇ ਕੁਝ ਸਰਕਾਰੀ ਸੂਹਿਆਂ ਨੂੰ ਦੇਸ਼ ਭਗਤਾਂ ਦੇ ਰੂਪ ਵਿਚ ਸ. ਅਜੀਤ ਸਿੰਘ ਦੇ ਵਿਸ਼ਵਾਸ-ਪਾਤਰਾਂ ਵਿਚ ਥਾਂ ਦਿਵਾਈ ਜਾਣੀ ਸੀ। ਆਖਿਰ ਸਰਕਾਰ ਦੀ ਇਹ ਨੀਤੀ ਕਾਰਗਰ ਸਿੱਧ ਹੋਈ ਅਤੇ ਉਸ ਨੂੰ ਸ. ਅਜੀਤ ਸਿੰਘ ਵੱਲੋਂ ਤਿਆਰ ਕੀਤੀ ਬਗਾਵਤ ਦੀ ਯੋਜਨਾ ਬਾਰੇ ਪੱਕੀ ਸੂਚਨਾ ਪ੍ਰਾਪਤ ਹੋ ਗਈ। ਇਹ ਸੂਚਨਾ ਦੇਣ ਵਾਲਾ ਇਕ ਸਰਕਾਰੀ ਸੂਹੀਆ ਲਾਲਾ ਰਾਮ ਦਾਸ ਸਰਾਲੀਆ ਸੀ। ਲਾਲਾ ਰਾਮ ਦਾਸ ਸਰਾਲੀਆ ਕਦੇ ਇਲਾਹਾਬਾਦ ਤੋਂ ਛਪਦੇ ਅਖ਼ਬਾਰ ‘ਸਵਰਾਜਯ’ ਦਾ ਸੰਪਾਦਕ ਰਿਹਾ ਸੀ। ਇਹ ਅਖ਼ਬਾਰ ਅੰਗਰੇਜ਼ ਵਿਰੋਧੀ ਪ੍ਰਚਾਰ ਕਰਦਾ ਹੋਣ ਕਾਰਨ ਸਰਦਾਰ ਅਜੀਤ ਸਿੰਘ ਅਤੇ ਉਸ ਦੇ ਸੰਗੀ ਇਸ ਦੇ ਸੰਪਾਦਕ ਦੇ ਸੰਪਰਕ ਵਿਚ ਸਨ। ਉਹ ਪੰਜਾਬ ਵਿਚ ਸ. ਅਜੀਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਸਰਗਰਮੀਆਂ ਵਿਚ ਵੀ ਹਿੱਸਾ ਲੈਂਦਾ ਸੀ। ਇਸ ਕਮਜ਼ੋਰ ਮਨ ਵਾਲੇ ਆਦਮੀ ਨੂੰ ਮਿਸਟਰ ਵਾਰਬਰਟਨ, ਪੰਜਾਬ ਪੁਲੀਸ ਦੇ ਇਕ ਉੱਚ ਅਧਿਕਾਰੀ ਨੇ ਆਪਣੇ ਹੱਥਾਂ ਉੱਤੇ ਚੜ੍ਹਾ ਲਿਆ ਅਤੇ ਫਲਸਰੂਪ ਉਹ ਸਰਕਾਰੀ ਸੂਹੀਏ ਵਜੋਂ ਕੰਮ ਕਰਨ ਲੱਗਾ। ਉਹ ਮਿਸਟਰ ਵਾਰਬਰਟਨ ਨਾਲ ਅਮਰ ਸਿੰਘ ਦੇ ਨਾਂ ਹੇਠ ਖਤੋ-ਖਿਤਾਬਤ ਕਰਦਾ ਸੀ।
ਜੁਲਾਈ, 1907 ਦੌਰਾਨ ਰਾਮ ਦਾਸ ਸਲਾਰੀਆ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਪੰਜਾਬ ਪੁਲੀਸ ਨੇ ਤਿਲਕ ਪ੍ਰੈੱਸ ਉੱਤੇ ਛਾਪਾ ਮਾਰਿਆ ਤਾਂ ਉਸ ਨੂੰ ਬਗਾਵਤ ਦੀ ਇਸ ਯੋਜਨਾ ਦੇ ਕੁਝ ਲਿਖਤੀ ਵੇਰਵੇ ਮਿਲ ਗਏ। ਨਤੀਜੇ ਵਜੋਂ ਸਰਕਾਰ ਨੇ ਸ. ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸ਼ਾਦ ਵਿਰੁੱਧ ਕਾਰਵਾਈ ਕਰਨ ਬਾਰੇ ਸੋਚਿਆ। ਇਹ ਮੁਕੱਦਮਾ ਚਲਾਉਣ ਲਈ ਜ਼ਰੂਰੀ ਸੀ ਕਿ ਲਾਲਾ ਰਾਮ ਦਾਸ ਸਰਾਲੀਆ ਅਦਾਲਤ ਵਿਚ ਹਾਜ਼ਰ ਹੋ ਕੇ ਗਵਾਹੀ ਦੇਵੇ। ਇਸ ਸਬੰਧੀ ਇਸ ਜਾਸੂਸ ਦੇ ਸਰਪ੍ਰਸਤ ਮਿਸਟਰ ਵਾਰਬਰਟਨ, ਜੋ ਉਦੋਂ ਪਟਿਆਲਾ ਰਿਆਸਤ ਵਿਚ ਇੰਸਪੈਕਟਰ ਜਨਰਲ ਪੁਲੀਸ ਵਜੋਂ ਤਾਇਨਾਤ ਸੀ, ਦੀ ਰਾਏ ਪੁੱਛੇ ਜਾਣ ਉੱਤੇ ਉਸ ਨੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਉਸ ਦਾ ਕਹਿਣਾ ਸੀ, ‘ਅਜਿਹਾ ਕਰਨ ਦਾ ਅਰਥ ਭਵਿੱਖ ਵਿਚ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਕੇ ਅਤੇ ਅੰਤ ਵਿਚ ਉਸ ਨੂੰ ਸਰਕਾਰੀ ਸੇਵਾ ਕਰਨ ਤੋਂ ਰੋਕ ਕੇ ਮਾਰ ਦੇਣਾ ਹੋਵੇਗਾ। ਮੇਰੀ ਰਾਇ ਹੈ ਕਿ ਅਮਰ ਸਿੰਘ ਵਰਗੇ ਏਜੰਟ ਲੱਭਣੇ ਬੜਾ ਔਖਾ ਕੰਮ ਹੈ।’
ਮਿਸਟਰ ਵਾਰਬਰਟਨ ਦੀ ਰਾਇ ਜਾਨਣ ਪਿੱਛੋਂ ਸਰਕਾਰ ਨੇ ਆਪਣੀ ਪਹਿਲੀ ਸੋਚ ਤਿਆਗ ਦਿੱਤੀ। ਜਦੋਂ ਅੰਗਰੇਜ਼ ਸਰਕਾਰ ਨੇ ਪੰਜਾਬ ਦੀ ਸਥਿਤੀ ਨੂੰ ਆਪਣੇ ਵੱਸੋਂ ਬਾਹਰ ਹੁੰਦੇ ਵੇਖਿਆ ਤਾਂ ਸ. ਅਜੀਤ ਸਿੰਘ ਨੂੰ ਅੰਦੋਲਨ ਦੇ ਇਕ ਹੋਰ ਉੱਘੇ ਆਗੂ ਲਾਲਾ ਲਾਜਪਤ ਰਾਇ ਨਾਲ ਗ੍ਰਿਫ਼ਤਾਰ ਕਰ ਦੇ ਦੇਸ਼ ਨਿਕਾਲਾ ਦੇ ਦਿੱਤਾ। ਸਰਦਾਰ ਅਜੀਤ ਸਿੰਘ ਦੇ ਪੰਜਾਬ ਦੀ ਸਿਆਸੀ ਸਟੇਜ ਤੋਂ ਲਾਂਭੇ ਚਲੇ ਜਾਣ ਨਾਲ ਅੰਗਰੇਜ਼ ਵਿਰੋਧੀ ਲੋਕ-ਬਗਾਵਤ ਬਾਰੇ ਤਿਆਰ ਕੀਤੀ ਯੋਜਨਾ ਵਿਚ ਵਿਚਾਲੇ ਹੀ ਰਹਿ ਗਈ।
ਸੰਪਰਕ: 9417049417