ਸੁਖਵਿੰਦਰ ਸਿੰਘ ਮੁੱਲਾਂਪੁਰ
ਗਿਆਨੀ ਦਿੱਤ ਸਿੰਘ ਮਹਾਨ ਵਿਦਵਾਨ ਹੋਣ ਸਮੇਤ ਟੀਕਾਕਾਰ, ਕਵੀ, ਗੁਰੂ ਸਿੰਘ ਸਭਾ ਲਾਹੌਰ ਦੇ ਮੋਢੀ, ਖ਼ਾਲਸਾ ਅਖ਼ਬਾਰ ਦੇ ਬਾਨੀ ਤੇ ਸੰਪਾਦਕ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਵੀ ਰਹੇ। ਦਿੱਤ ਸਿੰਘ ਦਾ ਜਨਮ 21 ਅਪਰੈਲ 1850 ਨੂੰ ਝੱਲੀਆਂ ਕਲਾਂ ਜ਼ਿਲ੍ਹਾ ਰੋਪੜ (ਰੂਪਨਗਰ) ’ਚ ਦੀਵਾਨ ਸਿੰਘ ਤੇ ਰਾਮ ਕੌਰ ਦੇ ਘਰ ਹੋਇਆ।
ਨੌਂ ਸਾਲ ਦੀ ਉਮਰ ਵਿੱਚ ਪਿਤਾ ਨੇ ਉਨ੍ਹਾਂ ਨੂੰ ਵਿੱਦਿਆ ਹਾਸਲ ਕਰਨ ਲਈ ਪਿੰਡ ਤਿਊੜ (ਖਰੜ) ਵਿੱਚ ਸੰਤ ਗੁਰਬਖਸ਼ ਸਿੰਘ ਗੁਲਾਬਦਾਸੀ ਦੇ ਡੇਰੇ ਭੇਜ ਦਿੱਤਾ। ਇਸ ਤੋਂ ਬਾਅਦ 16 ਸਾਲ ਦੀ ਉਮਰ ਵਿਚ ਉਹ ਗੁਲਾਬਦਾਸੀਆਂ ਦੇ ਡੇਰੇ ਚੱਠਿਆਂਵਾਲੇ (ਲਾਹੌਰ) ਵਿਚ ਚਲੇ ਗਏ, ਜਿੱਥੇ ਉਨ੍ਹਾਂ ਸੰਤ ਦੇਸਾ ਸਿੰਘ ਕੋਲ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ। ਇੱਥੇ ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਫਾਰਸੀ, ਊਰਦੂ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੇ ਅੱਖਰੀ ਗਿਆਨ ਤੋਂ ਜਾਣੂ ਹੋ ਕੇ ਕਈ ਧਰਮਾਂ ਦੇ ਗ੍ਰੰਥ ਅਰਥਾਂ ਸਮੇਤ ਪੜ੍ਹੇ। ਇਸ ਦੌਰਾਨ ਉਨ੍ਹਾਂ ਵੇਦਾਂਤ ਅਤੇ ਪਿੰਗਲ ਆਦਿ ਦਾ ਗਿਆਨ ਵੀ ਹਾਸਲ ਕੀਤਾ।
ਜੂਨ 1872 ਵਿੱਚ ਭਾਈ ਭਾਗ ਸਿੰਘ ਬਡਾਲਾ ਨੇ ਆਪਣੀ ਪੁੱਤਰੀ ਬਿਸ਼ਨ ਕੌਰ ਦਾ ਵਿਆਹ ਦਿੱਤ ਸਿੰਘ ਨਾਲ ਕਰ ਦਿੱਤਾ। ਇਨ੍ਹਾਂ ਦੇ ਘਰ ਦੋ ਬੱਚਿਆਂ ਬਲਦੇਵ ਸਿੰਘ ਅਤੇ ਵਿਦਿਆਵੰਤੀ ਕੌਰ ਨੇ ਜਨਮ ਲਿਆ।
1877 ਵਿੱਚ ਓਰੀਐਂਟਲ ਕਾਲਜ ਲਾਹੌਰ ’ਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਸੀ। ਦਿੱਤ ਸਿੰਘ ਵੀ ਪ੍ਰੋ. ਗੁਰਮੱੁਖ ਸਿੰਘ ਦੇ ਸੰਪਰਕ ਵਿਚ ਆ ਚੁੱਕੇ ਸਨ। ਪ੍ਰੋ. ਗੁਰਮੱੁਖ ਸਿੰਘ ਦੇ ਕਹਿਣ ’ਤੇ ਦਿੱਤ ਸਿੰਘ ਓਰੀਐਂਟਲ ਕਾਲਜ ਲਾਹੌਰ ਵਿਚ ‘ਗਿਆਨੀ’ ਕਰਨ ਲੱਗ ਪਏ। 1877-78 ਵਿਚ ਉਨ੍ਹਾਂ ‘ਗਿਆਨੀ’ ਬਹੁਤ ਵਧੀਆ ਨੰਬਰਾਂ ਵਿਚ ਪਾਸ ਕਰ ਲਈ ਅਤੇ ਫਿਰ ਇਸ ਕਾਲਜ ਵਿਚ ਪੰਜਾਬੀ ਵਿਸ਼ੇ ਦੇ ਪ੍ਰੋਫ਼ੈਸਰ ਲੱਗ ਗਏ। ਉਨ੍ਹਾਂ ਨੇ ਲਗਪਗ ਅੱਠ ਸਾਲ ਇਸ ਕਾਲਜ ਵਿਚ ਸੇਵਾ ਕੀਤੀ। ਉਹ ਆਪਣੀ ਰਿਹਾਇਸ਼ ਵੀ ਚੱਠਿਆਂਵਾਲੇ ਤੋਂ ਲਾਹੌਰ ਲੈ ਆਏ ਸਨ। 1870 ਵਿਚ ਸ਼ੁਰੂ ਹੋਏ ਇਸ ਕਾਲਜ ਦਾ ਨਾਂ 14 ਅਕਤੂਬਰ 1882 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਰੱਖ ਦਿੱਤਾ ਗਿਆ। ਦਿੱਤ ਸਿੰਘ ਨੇ ‘ਗਿਆਨੀ’ ਕਰਨ ਤੋਂ ਬਾਅਦ ਪ੍ਰੋ. ਗੁਰਮੁੱਖ ਸਿੰਘ ਦੀ ਪ੍ਰੇਰਨਾ ਸਦਕਾ ਅੰਮ੍ਰਿਤ ਛਕਿਆ ਅਤੇ ਜਨਮ ਵੇਲੇ ਦੇ ਨਾਂ ‘ਦਿੱਤਾ ਰਾਮ’ ਤੋਂ ਦਿੱਤ ਸਿੰਘ ਬਣ ਗਏ।
ਅਪਰੈਲ 1877 ’ਚ ਸਵਾਮੀ ਦਯਾਨੰਦ ਆਰੀਆ ਸਮਾਜ ਦਾ ਪ੍ਰਚਾਰ ਕਰਨ ਲਾਹੌਰ ਆਏ। ਉਨ੍ਹਾਂ ਨਾਲ ਗਿਆਨੀ ਦਿੱਤ ਸਿੰਘ ਨੇ ਤਿੰਨ ਧਾਰਮਿਕ ਮੁਲਾਕਾਤਾਂ ਕੀਤੀਆਂ। ਇਨ੍ਹਾਂ ਮੁਲਾਕਾਤਾਂ ਦੌਰਾਨ ਦੋਹਾਂ ਵਿਚਾਲੇ ਜੋ ਸੰਵਾਦ ਹੁੰਦਾ ਸੀ, ਉਹ ਗਿਆਨੀ ਦਿੱਤ ਸਿੰਘ ਨੇ ਆਪਣੀ ਕਿਤਾਬ ‘ਸਾਧੂ ਦਯਾਨੰਦ ਤੇ ਮੇਰਾ ਸੰਵਾਦ’ ਵਿਚ ਲਿਖ ਦਿੱਤਾ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦੱਸ ਕੁ ਸਾਲ ਪਿਛੋਂ ਸਿੱਖ ਰਾਜ ਚਲਾ ਗਿਆ। ਅੰਗਰੇਜ਼ੀ ਰਾਜ ਸਥਾਪਤ ਹੋਣ ਕਰਕੇ ਸਿੱਖਾਂ ਕੋਲ ਕੋਈ ਮਹਾਨ ਆਗੂ ਨਹੀਂ ਰਿਹਾ ਸੀ। ਸਿੱਖ ਕੌਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ। ਅੰਗਰੇਜ਼ਾਂ ਨੇ ਸਿੱਖਾਂ ਨੂੰ ਇਸਾਈ ਧਰਮ ਦਾ ਪ੍ਰਚਾਰ ਕਰ ਕੇ ਇਸਾਈ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਕੁਝ ਸਿੱਖ ਆਪਣੀ ਮਰਜ਼ੀ ਨਾਲ ਇਸਾਈ ਧਰਮ ਵੱਲ ਜਾ ਰਹੇ ਸਨ। ਆਰੀਆ ਸਮਾਜ ਦਾ ਧਰਮ ਪ੍ਰਚਾਰ ਵੀ ਜ਼ੋਰਾਂ ’ਤੇ ਚੱਲ ਰਿਹਾ ਸੀ। ਸਿੱਖ ਵਹਿਮਾਂ-ਭਰਮਾਂ ਅਤੇ ਕਰਮ ਕਾਂਡਾਂ ਵੱਲ ਵੱਧ ਰਹੇ ਸਨ। ਇਹ ਹਾਲਾਤ ਵੇਖ ਕੇ 30 ਜੁਲਾਈ 1873 ਨੂੰ ਗੁਰੂ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਕੀਤਾ ਗਿਆ। ਇਸ ਦੇ ਮੁੱਖ ਮੈਂਬਰ ਠਾਕੁਰ ਸਿੰਘ ਸੰਧਾਵਾਲੀਆ, ਪ੍ਰੋਫ਼ੈਸਰ ਗੁਰਮੁੱਖ ਸਿੰਘ, ਭਾਈ ਜਵਾਹਰ ਸਿੰਘ ਅਤੇ ਭਾਈ ਮਈਆ ਸਿੰਘ ਆਦਿ ਸਨ। ਇਸ ਲਹਿਰ ਦੇ ਪ੍ਰਧਾਨ ਠਾਕੁਰ ਸਿੰਘ ਸੰਧਾਵਾਲੀਆ ਅਤੇ ਸਕੱਤਰ ਗਿਆਨੀ ਸਰਦੂਲ ਸਿੰਘ ਸਨ।
ਇਸ ਸਭਾ ਵਿਚ ਕੰਮ ਕਰਨ ਵਾਲੇ ਆਗੂਆਂ ਦੀ ਵਿਚਾਰਧਾਰਾ ਇਕ ਦੂਸਰੇ ਤੋਂ ਵੱਖਰੀ ਸੀ। ਇਸ ਕਰਕੇ ਸਿੰਘ ਸਭਾ ਵਿਚ ਮਤਭੇਦ ਪੈਦਾ ਹੋਣ ਲੱਗ ਪਏ। ਫਿਰ ਛੇ ਸਾਲ ਬਾਅਦ ਨਵੀਂ ਸਿੰਘ ਸਭਾ ਨੇ ਜਨਮ ਲਿਆ।
ਪ੍ਰੋ. ਗੁਰਮੁੱਖ ਸਿੰਘ ਦੇ ਯਤਨਾਂ ਸਦਕਾ 2 ਨਵੰਬਰ 1879 ਨੂੰ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਗਈ। ਇਸ ਲਹਿਰ ਵਿਚ ਦੀਵਾਨ ਬੂਟਾ ਸਿੰਘ ਨੂੰ ਪ੍ਰਧਾਨ ਅਤੇ ਪ੍ਰੋ. ਗੁਰਮੁੱਖ ਸਿੰਘ ਨੂੰ ਸਕੱਤਰ ਬਣਾਇਆ ਗਿਆ। ਕੰਵਰ ਬਿਕਰਮ ਸਿੰਘ ਰਾਇਸ ਜਲੰਧਰ ਦੇ ਸਹਿਯੋਗ ਨਾਲ 1885 ਵਿਚ ਖ਼ਾਲਸਾ ਪ੍ਰੈੱਸ ਲਗਾ ਦਿੱਤੀ ਗਈ।
12 ਜੂਨ 1886 ਨੂੰ ਸਿੰਘ ਸਭਾ ਲਾਹੌਰ ਨੇ ਹਫਤਾਵਰੀ ਗੁਰਮੁਖੀ ਖ਼ਾਲਸਾ ਅਖ਼ਬਾਰ ਆਰੰਭ ਕਰ ਦਿੱਤਾ। ਇਸ ਦੇ ਪਹਿਲੇ ਸੰਪਾਦਕ ਝੰਡਾ ਸਿੰਘ ਸਨ ਪਰ ਛੇਤੀ ਹੀ ਗਿਆਨੀ ਦਿੱਤ ਸਿੰਘ ਇਸ ਦੇ ਮੁੱਖ ਸੰਪਾਦਕ ਬਣ ਗਏ।
ਗਿਆਨੀ ਦਿੱਤ ਸਿੰਘ ਖ਼ਾਲਸਾ ਅਖ਼ਬਾਰ ਵਿਚ ਜੋਸ਼ੀਲੇ ਲੇਖ ਲਿਖਦੇ ਰਹਿੰਦੇ ਸਨ। ਉਨ੍ਹਾਂ ਨੂੰ ਜਾਤੀਵਾਦ ਦੇ ਵਿਤਕਰੇ ਸਮੇਤ ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਉਨ੍ਹਾਂ ਨੇ ਸਿੱਖੀ ਨੂੰ ਬਚਾਉਣ ਵਾਲੀ ਵਿਚਾਰਧਾਰਾ ਦਾ ਰਾਹ ਨਾ ਛੱਡਿਆ। ਸਾਥੀਆਂ ਨੂੰ ਨਾਲ ਲੈ ਕੇ ਉਹ ਸਿੰਘ ਸਭਾ ਲਈ ਦਿਨ-ਰਾਤ ਕੰਮ ਕਰਦੇ ਰਹੇ। ਇਸ ਤਰ੍ਹਾਂ ਸਿੰਘ ਸਭਾ ਲਹਿਰ ਨੇ ਵਿੱਦਿਅਕ ਖੇਤਰ ਵਿਚ ਕੰਮ ਕਰਦਿਆਂ 5 ਮਾਰਚ 1892 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ। ਗੁਰਦੁਆਰਾ ਸੁਧਾਰ ਲਹਿਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿੰਘ ਸਭਾ ਲਹਿਰ ਸਦਕਾ ਹੋਂਦ ਵਿਚ ਆਈ। ਇਸੇ ਤਰ੍ਹਾਂ ਚੀਫ਼ ਖਾਲਸਾ ਦੀਵਾਨ ਤੇ ਪੰਚ ਖਾਲਸਾ ਦੀਵਾਨ ਭਸੋੜ ਵੀ ਸਿੰਘ ਸਭਾ ਲਾਹੌਰ ਦੀ ਬਦੌਲਤ ਹੀ ਹੋਂਦ ਵਿਚ ਆਏ।
17 ਜੂਨ 1901 ਨੂੰ ਗਿਆਨੀ ਜੀ ਦੀ ਬੇਟੀ ਵਿਦਿਆਵੰਤੀ ਦੀ ਸਾਢੇ ਗਿਆਰਾਂ ਸਾਲ ਦੀ ਉਮਰ ਵਿਚ ਮੌਤ ਹੋ ਗਈ। ਗਿਆਨੀ ਜੀ ਪਹਿਲਾਂ ਹੀ ਜਿਗਰ ਦੀ ਬਿਮਾਰੀ ਦੇ ਮਰੀਜ਼ ਸਨ, ਉਪਰੋਂ ਬੇਟੀ ਦੀ ਮੌਤ ਦੇ ਸਦਮੇ ਨੇ ਉਨ੍ਹਾਂ ਨੂੰ ਹੋਰ ਝੰਜੋੜ ਕੇ ਰੱਖ ਦਿੱਤਾ। 6 ਸਤੰਬਰ 1901 ਨੂੰ ਉਹ ਲਾਹੌਰ ’ਚ ਸਰੀਰ ਤਿਆਗ ਗਏ।
ਸੰਪਰਕ: 99141-84794