ਐੱਸ ਪੀ ਸਿੰਘ*
ਭਾਰਤ ਵਿੱਚ ਅੱਜ ਕਿੰਨੇ ਲੋਕ ਕਰੋਨਾਵਾਇਰਸ ਕਾਰਨ ਮਰੇ ਅਤੇ ਹੁਣ ਤੱਕ ਕੁੱਲ ਕਿੰਨੀਆਂ ਹਲਾਕਤਾਂ ਹੋਈਆਂ, ਇਹ ਅੰਕੜੇ ਤਾਂ ਹੀ ਕੋਈ ਮਾਇਨਾ ਰੱਖਦੇ ਹਨ ਜੇ ਸਾਡੇ ਕੋਲ ਇਹ ਅੰਕੜਾ ਵੀ ਹੋਵੇ ਕਿ ਜਦੋਂ ਕਰੋਨਾਵਾਇਰਸ ਨਹੀਂ ਸੀ ਤਾਂ ਭਾਰਤ ਵਿੱਚ ਰੋਜ਼ ਕਿੰਨੇ ਲੋਕ ਮਰਦੇ ਸਨ ਅਤੇ ਸਾਰੇ ਸਾਲ ਵਿੱਚ ਕੁੱਲ ਕਿੰਨੀਆਂ ਮੌਤਾਂ ਹੋਈਆਂ। ਸੰਪੂਰਨ/ਸ਼ੁੱਧ (Absolute) ਅੰਕੜੇ ਕਿੰਨੇ ਵੀ ਲੁਭਾਵਣੇ ਜਾਂ ਡਰਾਵਣੇ ਹੋਣ, ਤੁਲਨਾਤਮਕ (relative) ਅੰਕੜਿਆਂ ਤੋਂ ਹੀ ਕਿਸੇ ਸਥਿਤੀ ਦਾ ਸਹੀ ਮੁਤਾਲਿਆ ਹੁੰਦਾ ਹੈ।
ਅੱਜ ਜਿਸ ਵੇਲੇ 30 ਅਗਸਤ ਨੂੰ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਸਰਕਾਰੇ-ਹਿੰਦ ਅਨੁਸਾਰ ਸਵੇਰੇ ਅੱਠ ਵਜੇ ਤੱਕ ਦੇਸ਼ ਵਿੱਚ ਕਰੋਨਾਵਾਇਰਸ ਕਾਰਨ ਕੁੱਲ 63,498 ਲੋਕ ਜਾਂ-ਬਾਹਕ ਹੋ ਚੁੱਕੇ ਸਨ। ਪੰਜਾਬ ਵਿੱਚ 1,348 ਲੋਕ ਏਸ ਘੜੀ ਤੱਕ ਵਬਾ ਦੀ ਭੇਟ ਚੜ੍ਹ ਗਏ ਸਨ। ਹੁਣ ਤੱਕ ਸਾਨੂੰ ਦੱਸਿਆ ਜਾ ਰਿਹਾ ਸੀ ਕਿ ਭਾਰਤ ਦਾ ‘‘26-ਮੌਤਾਂ-ਫ਼ੀ-ਮਿਲੀਅਨ’’ ਦਾ ਅੰਕੜਾ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਹੈ।
ਪੂਰੇ ਸਾਲ ਵਿੱਚ ਦੇਸ਼ ਵਿੱਚ ਕਿੰਨੇ ਲੋਕ ਕਿਸ ਕਾਰਨ ਮਰੇ, ਇਹ ਅਧਿਕਾਰਿਤ ਅੰਕੜਾ ਸਾਡੇ ਕੋਲ ਜਨਮ ਅਤੇ ਮੌਤ ਦੇ ਪੰਜੀਕਰਣ ਸਬੰਧੀ ਕਾਨੂੰਨ, 1969 ਦੇ ਤਹਿਤ ਸਿਵਲ ਰਜਿਸਟ੍ਰੇਸ਼ਨ ਸਿਸਟਮ (ਸੀ.ਆਰ.ਐੱਸ.) ਰਾਹੀਂ ਆਉਂਦਾ ਹੈ। ਦੇਸ਼ ਦੇ 35 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਇਹ ਅੰਕੜੇ ਬਿਮਾਰੀਆਂ ਦੇ ਕੌਮਾਂਤਰੀ ਵਰਗੀਕਰਨ (International Classification of Diseases) (ICD-10ਵੀਂ ਸੋਧ, 1993) ਤਹਿਤ ਇਕੱਠੇ ਕੀਤੇ ਜਾਂਦੇ ਹਨ। ਕੋਈ ਵੀ ਵਿਅਕਤੀ ਕਿਸ ਕਾਰਨ ਮਰਿਆ, ਇਸ ਬਾਰੇ ਅੰਕੜਿਆਂ ਲਈ ਦੇਸ਼ ਵਿੱਚ ਦੂਜਾ ਕੋਈ ਸਰੋਤ ਨਹੀਂ। ਸਾਡੇ ਕੋਲ Medical Certification of Cause of Death (ਐਮ.ਸੀ.ਸੀ.ਡੀ.) ਦੇ ਅੰਕੜੇ ਦਾ ਬੱਸ ਇਹੀ ਇਕਲੌਤਾ ਸਰੋਤ ਹੈ।
ਕਿਹੜੀ ਬਿਮਾਰੀ ਨਾਲ ਪਿਛਲੇ ਸਾਲ ਕਿੰਨੇ ਲੋਕ ਮਰੇ, ਇਹ ਅਸੀਂ ਸਿਰਫ ਰਜਿਸਟਰਾਰ ਜਨਰਲ ਆਫ ਇੰਡੀਆ ਦੀ ‘ਵਾਈਟਲ ਸਟੈਟਿਸਟਿਕਸ ਡਿਵੀਯਨ’ ਵੱਲੋਂ ਜਨਤਕ ਕੀਤੇ ਐਮ.ਸੀ.ਸੀ.ਡੀ. ਦੇ ਅੰਕੜੇ ਤੋਂ ਹੀ ਜਾਣ ਸਕਦੇ ਹਾਂ। ਸਭ ਤੋਂ ਤਾਜ਼ਾ ਐਮ.ਸੀ.ਸੀ.ਡੀ. ਅੰਕੜੇ ਸਾਲ 2018 ਦੇ ਹਨ ਜਿਹੜੇ ਹੁਣੇ-ਹੁਣੇ ਜਨਤਕ ਕੀਤੇ ਗਏ ਹਨ।
ਕੀ ਭਾਰਤ ਦਾ ‘26-ਮੌਤਾਂ-ਫ਼ੀ-ਮਿਲੀਅਨ’ ਦਾ ਅੰਕੜਾ ਧਰਵਾਸ ਦੇਣ ਵਾਲਾ ਸੀ? ਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਸਾਨੂੰ ਇਹ ਪਤਾ ਹੋਵੇ ਕਿ ਸਾਡਾ ਕੁੱਲ ਮੌਤਾਂ ਅਤੇ ਮੌਤ ਦੇ ਕਾਰਨਾਂ ਦਾ ਅੰਕੜਾ ਕਿੰਨਾ ਕੁ ਤੱਥ ਆਧਾਰਿਤ ਹੁੰਦਾ ਹੈ? ਹਕੀਕਤ ਇਹ ਹੈ ਕਿ ਸਾਡੇ ਦੇਸ਼ ਵਿੱਚ ਕੇਵਲ 34 ਫ਼ੀਸਦ ਹਲਾਕਤਾਂ ਵਿੱਚ ਹੀ ਮਰਨ ਵਾਲਾ ਕਿਸੇ ਮੈਡੀਕਲ ਮਾਹਿਰ ਦੀ ਨਜ਼ਰ ਥੱਲੋਂ ਲੰਘਦਾ ਹੈ। ਹਾਲੀਆ ਜਾਰੀ ਹੋਈ ਐਮ.ਸੀ.ਸੀ.ਡੀ. 2018 ਰਿਪੋਰਟ ਅਨੁਸਾਰ ਕੁੱਲ ਮੌਤਾਂ (69,11,197) ਵਿੱਚੋਂ ਕੇਵਲ 21.1 ਫ਼ੀਸਦ (14,56,023) ਵਿੱਚ ਹੀ ਅਸੀਂ ਇਹ ਜਾਣਦੇ ਹਾਂ ਕਿ ਕਿੰਨੇ ਲੋਕ ਕਿਸ ਬਿਮਾਰੀ ਕਾਰਨ ਮਰੇ।
ਸੋ 78.9 ਫ਼ੀਸਦ ਲੋਕਾਂ ਵਿੱਚੋਂ ਕਿੰਨੇ ਕਿਸ ਬਿਮਾਰੀ ਨਾਲ ਮਰੇ ਜਾਂ ਬਿਰਧ ਅਵਸਥਾ ਵਿੱਚ ਗੁਜ਼ਰ ਗਏ ਜਾਂ ਇਵੇਂ ਮਰੇ ਕਿ ਉਨ੍ਹਾਂ ਦੇ ਕੇਸ ਕਦੀ ਕਿਸੇ ਹਸਪਤਾਲ ਜਾਂ ਥਾਣੇ ਪਹੁੰਚੇ ਹੀ ਨਹੀਂ ਅਤੇ ਘਰ ਵਾਲਿਆਂ ਸਸਕਾਰ ਕਰ ਦਿੱਤਾ – ਸਾਡੇ ਅੰਕੜਿਆਂ ਵਿੱਚੋਂ ਉਹ ਗਾਇਬ ਹਨ।
ਪਰ ਇਹ 21.1+78.9 ਫ਼ੀਸਦ ਵੀ ਕੁੱਲ ਮੌਤਾਂ ਨਹੀਂ। ਇਹ ਤਾਂ ਕੁੱਲ ਰਜਿਸਟਰਡ ਮੌਤਾਂ ਹਨ। ਸੀ.ਆਰ.ਐੱਸ. 2018 ਅਨੁਸਾਰ ਕੁੱਲ ਮੌਤਾਂ ਦਾ ਕੇਵਲ 86 ਫ਼ੀਸਦ ਹੀ ਰਜਿਸਟਰ ਹੁੰਦੀਆਂ ਹਨ, ਇੰਝ ਇਸ 86 ਫ਼ੀਸਦ ਦੀਆਂ 21.1 ਫ਼ੀਸਦ ਮੌਤਾਂ ਵਿੱਚ ਹੀ ਸਾਨੂੰ ਮਰਨ ਦੇ ਕਾਰਨ ਦਾ ਪਤਾ ਹੈ।
ਸੋ ਜਦੋਂ ਕੋਈ ਵਬਾ ਨਹੀਂ ਸੀ, ਉਦੋਂ ਵੀ ਸਾਡੇ ਕੋਲ ਕੁੱਲ ਮੌਤਾਂ ਦੇ ਅੰਕੜੇ ਵਿੱਚੋਂ 14 ਫ਼ੀਸਦ ਲਾਸ਼ਾਂ ਗਾਇਬ ਸਨ। ਜਿਹੜੀਆਂ ਲਾਸ਼ਾਂ ਦਾ ਅੰਕੜਾ ਸਾਨੂੰ ਮਿਲਿਆ ਵੀ, ਉਨ੍ਹਾਂ ਵਿੱਚੋਂ ਵੀ ਸਾਨੂੰ ਕੇਵਲ ਲਗਭਗ ਪੰਜਵੇਂ ਹਿੱਸੇ (21.1 ਫ਼ੀਸਦ) ਬਾਰੇ ਹੀ ਪਤਾ ਸੀ ਕਿ ਉਹ ਲੋਕ ਲਾਸ਼ਾਂ ਕਿਵੇਂ ਬਣੇ।
ਹੁਣੇ ਆਈ 2018 ਵਾਲੀ ਮੌਤਾਂ ਦੇ ਅੰਕੜਿਆਂ ਬਾਰੇ ਦੇਸ਼ ਦੀ 45ਵੀਂ ਰਿਪੋਰਟ ਦੇ ਮੁੱਖਬੰਦ ਵਿਚ ਭਾਰਤ ਦੇ ਰਜਿਸਟਰਾਰ-ਜਨਰਲ ਵਿਵੇਕ ਜੋਸ਼ੀ ਨੇ ਲਿਖਿਆ ਹੈ ਕਿ ਕਿਵੇਂ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਅੰਕੜੇ ਜੁਟਾਉਣ ਦੀ ਸਾਰੀ ਚਾਰਾਜੋਈ ਵਿੱਚ ਏਨੀ ਕੁ ਸਫ਼ਲਤਾ ਮਿਲੀ ਹੈ ਕਿ ਪੰਜਵੇਂ ਹਿੱਸੇ ਦੀ ਮੌਤ ਦਾ ਕਾਰਨ ਪਤਾ ਲੱਗਿਆ ਹੈ।
ਫਿਰ ਹੁਣ ਜਦੋਂ ਵਬਾ ਤਾਰੀ ਹੈ, ਅੰਕੜੇ ਇਕੱਠੇ ਕਰਨ ਵਿੱਚ ਭਾਰੀ ਕਠਿਨਾਈਆਂ ਹਨ ਤਾਂ ਅਸੀਂ ‘‘26-ਮੌਤਾਂ-ਫ਼ੀ-ਮਿਲੀਅਨ’’ ਵਾਲੇ ਅੰਕੜੇ ਦਾ ਕਿਵੇਂ ਗੁਣਗਾਨ ਕਰਦੇ ਆ ਰਹੇ ਸਾਂ? ਕਿਵੇਂ ਜਾਣਦੇ ਸਾਂ ਕਿ 30 ਅਗਸਤ ਤੱਕ ਦੇਸ਼ ਵਿੱਚ ਕੁੱਲ 63,498 ਕਰੋਨਾ ਦੀ ਭੇਟ ਚੜ੍ਹੇ, ਜਾਂ 1,348 ਪੰਜਾਬ ਵਿੱਚ ਇਸੇ ਕਾਰਨ ਮਰੇ?
ਮੌਤ ਦੇ ਅੰਕੜਿਆਂ ਦੇ ਮੰਨੇ-ਪ੍ਰਮੰਨੇ ਮਾਹਿਰ ਹੇਮੰਤ ਦੀਪਕ ਸ਼ੇਵਾੜੇ ਅਤੇ ਏਮਜ਼ ਦੇ ਗਿਰੀਧਰ ਗੋਪਾਲ ਪਰਮੇਸ਼ਵਰਨ ਨੇ ਇਸੇ ਮਹੀਨੇ ਦੇ ਸ਼ੁਰੂ ਵਿੱਚ ‘ਦਿ ਹਿੰਦੂ’ ਅਖ਼ਬਾਰ ਵਿੱਚ ਪ੍ਰਕਾਸ਼ਿਤ ਵਿਸਥਾਰਤ ਲੇਖ ਵਿੱਚ ਕਿਹਾ ਕਿ ਕੋਵਿਡ-19 ਮੌਤਾਂ ਦੇ ਅੰਕੜੇ ਨੂੰ 2017 ਵਿਚਲੀਆਂ ਕੁੱਲ ਮੌਤਾਂ ਅਤੇ ਐਮ.ਸੀ.ਸੀ.ਡੀ. ਅਧੀਨ ਮੌਤਾਂ ਵਿਚਲੇ ਫੈਕਟਰ ਨਾਲ ਗੁਣਾ ਕਰਕੇ ਵਧੇਰੇ ਸਾਰਥਕ ਤਸਵੀਰ ਮਿਲੇਗੀ। ਜਦੋਂ ਉਨ੍ਹਾਂ 10 ਅਗਸਤ ਨੂੰ ਆਪਣਾ ਲੇਖ ਲਿਖਿਆ ਸੀ ਤਾਂ 2017 ਵਾਲੀ ਐਮ.ਸੀ.ਸੀ.ਡੀ. ਲੜੀ ਹੀ ਉਪਲੱਬਧ ਸੀ ਜਿਸ ਅਨੁਸਾਰ ਕੁੱਲ ਰਜਿਸਟਰਡ ਮੌਤਾਂ ਦਾ 18.9 ਫ਼ੀਸਦ ਹੀ ਐਮ.ਸੀ.ਸੀ.ਡੀ. ਪ੍ਰਕਿਰਿਆ ਵਿੱਚੋਂ ਲੰਘਿਆ ਸੀ, ਭਾਵ 18.9 ਫ਼ੀਸਦ ਮੌਤਾਂ ਵਿੱਚ ਹੀ ਮੌਤ ਦੇ ਕਾਰਨਾਂ ਦਾ ਪਤਾ ਸੀ। ਉਨ੍ਹਾਂ ਸਿਫ਼ਾਰਿਸ਼ ਕੀਤੀ ਕਿ ਕੋਵਿਡ-19 ਦੇ ਡਾਟਾ ਨੂੰ 5.29 (100÷18.9) ਨਾਲ ਗੁਣਾ ਕਰਕੇ ਸਾਡੇ ਕੋਲ ਵਬਾ ਨਾਲ ਹਲਾਕਤਾਂ ਦਾ ਵਧੇਰੇ ਵਿਗਿਆਨਕ ਅੰਕੜਾ ਆ ਜਾਵੇਗਾ। ਇਹੀ ਗੱਲ ਉਹਨਾਂ ਵਸੀਹ ਤਜਰਬਾਕਾਰ ਵੱਕਾਰੀ ਪੱਤਰਕਾਰ ਐਂਕਰ ਕਰਨ ਥਾਪਰ ਨੂੰ ਪਿਛਲੇ ਹਫ਼ਤੇ 50-ਮਿੰਟ ਲੰਬੀ ਇੰਟਰਵਿਊ ਵਿੱਚ ਵੀ ਆਖੀ।
ਹੁਣ ਭਾਰਤ ਸਰਕਾਰ ਦੇ ਰਜਿਸਟਰਾਰ-ਜਨਰਲ ਦੀ ਕਿਰਪਾ ਨਾਲ ਸਾਡੇ ਕੋਲ 2018 ਵਾਲੀ ਐਮ.ਸੀ.ਸੀ.ਡੀ. ਲੜੀ ਉਪਲੱਬਧ ਹੋ ਗਈ ਹੈ। ਸ਼ੇਵਾੜੇ ਅਤੇ ਪਰਮੇਸ਼ਵਰਨ ਕੋਲ 31 ਜੁਲਾਈ ਤੱਕ ਦਾ ਅਧਿਕਾਰਿਤ ‘26-ਮੌਤਾਂ-ਫ਼ੀ-ਮਿਲੀਅਨ’ ਵਾਲਾ ਅੰਕੜਾ ਸੀ। ਉਨ੍ਹਾਂ ਅਨੁਸਾਰ ਵਧੇਰੇ ਸਾਰਥਕ ਅੰਕੜਾ ‘‘138-ਮੌਤਾਂ-ਫ਼ੀ-ਮਿਲੀਅਨ’’ (26×5.29) ਬਣਦਾ ਸੀ। ਹੁਣ ਸ਼ਨਿੱਚਰਵਾਰ, 30 ਅਗਸਤ ਨੂੰ ਭਾਰਤ ਸਰਕਾਰ ਦੇ ਕੋਵਿਡ-19 ਬਾਰੇ ਬਣਾਏ ਗਰੁੱਪ ਔਫ ਮਨਿਸਟਰਜ਼ (GoM) ਦੀ 20ਵੀਂ ਮੀਟਿੰਗ ਵਿੱਚ ਹਲਾਕਤਾਂ ਦਾ ਤਾਜ਼ਾ ਤਰੀਨ ਅੰਕੜਾ ‘‘44-ਮੌਤਾਂ-ਫ਼ੀ-ਮਿਲੀਅਨ’’ ਦੱਸਿਆ ਗਿਆ ਹੈ ਅਤੇ ਇਹ ਦਮਗਜਾ ਫਿਰ ਮਾਰਿਆ ਗਿਆ ਹੈ ਕਿ ਦੇਸ਼ ‘‘107.2-ਮੌਤਾਂ-ਫ਼ੀ-ਮਿਲੀਅਨ’’ ਵਾਲੀ ਆਲਮੀ ਔਸਤ ਤੋਂ ਹਾਲੇ ਬਹੁਤ ਬਿਹਤਰ ਸਥਿਤੀ ਵਿੱਚ ਹੈ।
ਮਾਹਿਰਾਂ ਦੇ ਦੱਸੇ ਤਰੀਕੇ ਅਨੁਸਾਰ ‘‘44-ਮੌਤਾਂ-ਫ਼ੀ-ਮਿਲੀਅਨ’’ ਅਸਲ ਵਿੱਚ ‘‘208 ਮੌਤਾਂ-ਫ਼ੀ-ਮਿਲੀਅਨ’’ (44×4.74) ਬਣਦਾ ਹੈ। (ਮੈਂ 5.29 ਦੀ ਥਾਂ 4.74 ਨਾਲ ਗੁਣਾ ਕੀਤਾ ਹੈ ਕਿਉਂਜੋ ਪਿਛਲੇ ਸਾਲ ਨਾਲੋਂ ਤਰੱਕੀ ਕਰਕੇ ਦੇਸ਼ ਨੇ ਐਮ.ਸੀ.ਸੀ.ਡੀ. ਕਵਰੇਜ 18.9 ਫ਼ੀਸਦ ਤੋਂ ਵਧਾ ਕੇ 21.1 ਫ਼ੀਸਦ ਕਰ ਲਈ ਹੈ, ਇੰਝ ਅਡਜਸਟਿੰਗ ਫੈਕਟਰ 4.74 (100÷21.1) ਹੋ ਗਿਆ ਹੈ।
‘‘208-ਮੌਤਾਂ-ਫ਼ੀ-ਮਿਲੀਅਨ’’ ਵਾਲਾ ਪ੍ਰੋਜੈਕਟਿਡ ਅੰਕੜਾ ਵੀ ਅਜੇ ਅਮਰੀਕਾ (477), ਬ੍ਰਾਜ਼ੀਲ (440), ਮੈਕਸਿਕੋ (362) ਅਤੇ ਸਪੇਨ (608) ਤੋਂ ਬਥੇਰਾ ਚੰਗਾ ਹੈ, ਭਾਵੇਂ ਅਸੀਂ ਰੂਸ (96) ਜਾਂ ਦੱਖਣੀ ਅਫਰੀਕਾ (137) ਤੋਂ ਅੱਗੇ ਨਿਕਲ ਆਏ ਹਾਂ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਭਾਰਤ ਦੀਆਂ ਕਰੋਨਾ ਲਾਸ਼ਾਂ ਦਾ 30 ਅਗਸਤ ਵਾਲਾ ਅੰਕੜਾ ਅਸਲ ਵਿੱਚ 63,498 ਨਹੀਂ, ਬਲਕਿ 300,980 (63,498 x 4.74) ਹੈ? ਪੁੱਛਦਿਆਂ ਵੀ ਡਰ ਲੱਗਦਾ ਹੈ, ਸਾਈਂ ਤਾਂ ਅੱਜਕਲ੍ਹ ਮੋਟਰਸਾਈਕਲ ਉੱਤੇ ਚੜ੍ਹੇ ਬਾਰੇ ਟਵੀਟ ਕਰਨ ਲਈ ਗਿੱਚੀਓਂ ਫੜਦੇ ਫ਼ਿਰਦੇ ਹਨ।
ਵੈਸੇ ਅਸੀਂ ਲਾਸ਼ਾਂ ਗਿਣਨ ਤੋਂ ਹੀ ਬੜੀ ਦੂਰ ਨਿਕਲ ਆਏ ਹਾਂ। ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਮੇਰੇ ਸੂਬੇ ਵਿੱਚ ਉਪਲੱਬਧ ਅੰਗਰੇਜ਼ੀ ਅਖ਼ਬਾਰਾਂ ਵਿੱਚੋਂ ਕਿਸੇ ਨੇ ਵੀ ਇੱਕੋ ਦਿਨ ਵਿੱਚ ਕਰੋਨਾ ਦੀਆਂ ਸੂਬੇ ਵਿੱਚ ਵਿਛਾਈਆਂ 41 ਲਾਸ਼ਾਂ ਦੀ ਖ਼ਬਰ ਪਹਿਲੇ ਪੰਨੇ ’ਤੇ ਨਹੀਂ ਛਾਪੀ। ਜਦੋਂ ਲਾਸ਼ਾਂ ਬਾਰੇ ਸੁਰਖ਼ੀਆਂ ਅੰਦਰਲੇ ਪੰਨਿਆਂ ’ਤੇ ਚਲੀਆਂ ਜਾਣ ਤਾਂ ਗਿਣਤੀਆਂ-ਮਿਣਤੀਆਂ-ਅੰਕੜਿਆਂ ਬਾਰੇ ਕਾਲਮ ਪੜ੍ਹਨ ਦਾ ਵੀ ਸਾਡਾ ਬਹੁਤਾ ਚਿੱਤ ਨਹੀਂ ਕਰਦਾ।
ਜ਼ਿੰਦਗੀ ਹੌਲੀ ਹੌਲੀ ਆਮ ਵਾਂਗ ਚੱਲਣ ਲੱਗ ਪਈ ਹੈ। ਫ਼ਰੀਦਕੋਟ ਵਿੱਚ ਦਸਵੇਂ ਪਾਤਸ਼ਾਹ ਦੇ ਨਾਮ ’ਤੇ ਬਣੇ ਸਰਕਾਰੀ ਹਸਪਤਾਲ ਵਿੱਚ ਗੁਸਲਖ਼ਾਨੇ ਗਿਆ ਕਰੋਨਾ ਦਾ ਮਰੀਜ਼ ਪਾਈਪ ਨਾਲ ਅੜ ਕੇ ਦੂਜੀ ਮੰਜ਼ਲ ਤੋਂ ਡਿੱਗ ਕੇ ਮਰ ਗਿਆ। ਦੋ ਘੰਟੇ ਕਿਸੇ ਨੂੰ ਪਤਾ ਨਹੀਂ ਲੱਗਿਆ। ਗੁਸਲਖ਼ਾਨਾ ਔਰਤਾਂ ਮਰਦਾਂ ਦਾ ਸਾਂਝਾ ਹੈ, ਪਰ ਉਹਨੂੰ ਦਰਵਾਜ਼ਾ ਕੋਈ ਨਹੀਂ। ਮੈਡੀਕਲ ਸੁਪਰਡੈਂਟ ਨੇ ਕਿਹਾ ਹੈ ਕਿ ਜੇ ਇਮਾਰਤ ਨੁਕਸਦਾਰ ਹੈ ਤਾਂ ਇਸ ਵਿੱਚ ਉਹਦਾ ਕੋਈ ਕਸੂਰ ਨਹੀਂ। ਦੂਜੀ ਮੰਜ਼ਿਲ ਤੋਂ ਡਿੱਗ ਕੇ ਮਰਨ ਵਾਲੇ ਦਾ ਅੰਕੜਾ ਕਰੋਨਾ ਹਲਾਕਤਾਂ ਵਿੱਚ ਨਹੀਂ ਸ਼ੁਮਾਰ ਹੋਵੇਗਾ। ਇਹ ਤਾਂ ਹਾਦਸਾ ਹੈ। ਅਧਿਕਾਰੀ ਸ਼ਰਮ ਨਾਲ ਡੁੱਬ ਕੇ ਨਹੀਂ ਮਰੇਗਾ। ਇਹ ਅੰਕੜਿਆਂ ਦੀ ਹਲਾਕਤ ਹੈ। ਛੇਤੀ ਹੀ ਮਹਾਂਨਗਰ ਵਿੱਚ ਮੈਟਰੋ ਚੱਲ ਪਵੇਗੀ, ਅਸੀਂ ਜ਼ਿੰਦਗੀ ਦੇ ਪੱਟੜੀ ’ਤੇ ਪਰਤ ਆਉਣ ਬਾਰੇ ਸੁਰਖ਼ੀਆਂ ਪੜ੍ਹਾਂਗੇ। ਕਿਸੇ ਦਿਨ ਕਰੋਨਾ ਹੀ ਸ਼ਰਮ ਨਾਲ ਡੁੱਬ ਮਰੇਗਾ।
*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਨੇਤਾ ਦੇ ਸਪਸ਼ਟ ਦੱਸਣ ਦੇ ਬਾਵਜੂਦ ਕਿ ਕਰੋਨਾ ਹਾਰ ਰਿਹਾ ਹੈ, ਦੇਸ਼ ਜਿੱਤ ਰਿਹਾ ਹੈ, ਸੈਨੀਟਾਈਜ਼ਰ ਨਾਲ ਹੱਥ ਧੋ ਕੇ ਲਾਸ਼ਾਂ ਦੇ ਅਦਾਦੋ ਸ਼ੁਮਾਰ ਪਿੱਛੇ ਪੈ ਗਿਆ ਲੱਗਦਾ ਹੈ।)