ਮਨਮੋਹਨ ਸਿੰਘ ਦਾਊਂ
ਮੇਰਾ ਪਿੰਡ ਦਾਊਂ ਇਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ’ਚ ਪੈਂਦਾ ਹੈ। ਇਹ ਪਿੰਡ ਮੁਹਾਲੀ ਤੋਂ ਖਰੜ ਕੌਮੀ ਮਾਰਗ ’ਤੇ ਸੱਜੇ ਹੱਥ ਤਿੰਨ ਕਿਲੋਮੀਟਰ ’ਤੇ ਸਥਿਤ ਹੈ। ਇਸ ਨੂੰ ਬਾਬਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਕਿਉਂਕਿ ਬਾਬਾ ਖੜਕ ਸਿੰਘ ਦਾ ਡੇਰਾ ਹੈ ਜਿੱਥੇ ਹਰ ਐਤਵਾਰ ਤੇ ਸੰਗਰਾਂਦ ਨੂੰ ਸੰਗਤਾਂ ਦੀ ਭਰਪੂਰ ਗਹਿਮਾ-ਗਹਿਮੀ ਹੁੰਦੀ ਹੈ। ਪੁਆਧ ਖੇਤਰ ਦੇ ਇਸ ਪਿੰਡ ਵਿਚ ਮਾਘੀ ਦਾ ਮੇਲਾ ਸਭ ਤੋਂ ਵੱਡਾ ਬਣ ਗਿਆ ਹੈ। ਜਦੋਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਾਈ ਮੰਜੀਆਂ ਨਾਲ ਨਿਵਾਜਿਆ ਤਾਂ ਗੜ੍ਹਸ਼ੰਕਰ ਦਾ ਇਕ ਅਨਿਨ ਸ਼ਰਧਾਲੂ ਭਾਈ ਗੰਗ ਦਾਸ (ਗੰਗੂ ਸ਼ਾਹ) ਵੀ ਉਨ੍ਹਾਂ ’ਚੋਂ ਇੱਕ ਸੀ, ਉਸ ਬੰਸ ਨੂੰ ਪੀੜ੍ਹੀ-ਦਰ-ਪੀੜ੍ਹੀ ਇਹ ਸੁਭਾਗ ਪ੍ਰਾਪਤ ਹੈ। ਇਸ ਵੇਲੇ ਇਸ ਦੀ ਜ਼ਿੰਮੇਵਾਰੀ ਬੀਬਾ ਉਂਕਾਰਪ੍ਰੀਤ ਕੌਰ ਕੋਲ ਹੈ। ਸੰਗਤਾਂ ਦੀ ਆਸਥਾ ਇਸ ਵੇਲੇ ਪੂਰੇ ਜਲੌਅ ’ਤੇ ਵੇਖੀ ਜਾ ਸਕਦੀ ਹੈ।
ਸੰਨ ਸੰਤਾਲੀ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਜ਼ਿਲ੍ਹਾ ਅੰਬਾਲਾ ’ਚ ਪੈਂਦਾ ਸੀ। ਉਸ ਤੋਂ ਬਾਅਦ ਜ਼ਿਲ੍ਹਾ ਰੋਪੜ (ਹੁਣ ਰੂਪਨਗਰ) ’ਚ ਵੀ ਰਿਹਾ ਤੇ ਫਿਰ ਨਵੇਂ ਜ਼ਿਲ੍ਹਿਆਂ ਦੇ ਬਣਨ ਨਾਲ ਇਸ ਵੇਲੇ ਜ਼ਿਲ੍ਹਾ ਸਾਹਿਬਜ਼ਾਦਾ
ਅਜੀਤ ਸਿੰਘ ਨਗਰ ’ਚ ਹੈ। ਪਾਕਿਸਤਾਨ ਬਣਨ ਵੇਲੇ ਹੱਲਿਆਂ ਦਾ ਦੌਰ ਸ਼ੁਰੂ ਹੋਇਆ। ਵੱਢ-ਟੁੱਕ ਦਾ ਖ਼ੂਨੀ ਦੌਰ ਚੱਲਿਆ। ਦੋਵਾਂ ਪਾਸਿਓਂ ਜਨਤਾ ਨੂੰ ਹਿਜਰਤ ਕਰਨ ਦੇ ਹੁਕਮ ਹੋਏ। ਸਭ ਤੋਂ ਵੱਧ ਦੁਖਾਂਤ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਾਸੀਆਂ ਨੂੰ ਝੱਲਣਾ ਪਿਆ। ਮੈਨੂੰ ਉਸ ਸਮੇਂ ਦੀ ਪੂਰੀ ਸੋਝੀ ਹੈ ਜਦੋਂ ਪਿੰਡਾਂ ਦੇ ਪਿੰਡ ਇਸ ਖ਼ੂਨੀ ਹਨੇਰੀ ’ਚ ਵਲੂੰਧਰੇ ਗਏ। ਲੁੱਟਾਂ-ਖੋਹਾਂ ਹੋਈਆਂ, ਅੱਗਾਂ ਲੱਗੀਆਂ, ਬੇਕਸੂਰ ਹਮਸਾਇਆਂ ਨੂੰ ਬੁਰਛਾਗਰਦੀ ਨੇ ਮੌਤ ਦੇ ਘਾਟ ਉਤਾਰਿਆ। ਬੇਇੱਜ਼ਤੀਆਂ ਦੇ ਕਰੂਰ ਸਾਕੇ ਵਾਪਰੇ। ਪਰਿਵਾਰ ਵਿਛੜੇ। ਕਈ ਹਮਸਾਇਆਂ ਨੂੰ ਬਚਾਉਣ ਤੇ ਸੁਰੱਖਿਆ ਦੇਣ ਲਈ ਹਿੰਦੂ/ਸਿੱਖਾਂ ਤੇ ਹੋਰ ਪਰਿਵਾਰਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ ਤੇ ਮਾਲੀ ਨੁਕਸਾਨ ਵੀ ਸਹਿਣਾ ਪਿਆ ਪਰ ਉਨ੍ਹਾਂ ਪਰ-ਉਪਕਾਰੀ ਬੰਦਿਆਂ ਨੇ ਇਨਸਾਨੀਅਤ ਦੀ ਰਾਖੀ ਕੀਤੀ ਅਤੇ ਮਨੁੱਖਤਾ ਲਈ ਆਦਰਸ਼ ਬਣੇ। ਕਿਹੋ ਜਿਹਾ ਦੌਰ ਸੀ ਜਿਸ ਦੀਆਂ ਕਥਾਵਾਂ ਸੁਣ ਕੇ ਮਨ ਪਸੀਜ ਜਾਂਦਾ ਹੈ। ਸਾਡੇ ਪਿੰਡ ’ਚ 1947 ਵੇਲੇ ਲਗਪਗ 25 ਪਰਿਵਾਰ ਮੁਸਲਮਾਨਾਂ ਦੇ ਸਨ। ਕੁਝ ਘਰ ਪਿੰਡ ਦੇ ਚੜ੍ਹਦੇ ਪਾਸੇ ਪੇਂਜਿਆਂ ਤੇ ਤੇਲੀ ਪਰਿਵਾਰਾਂ ਦੇ ਸਨ ਅਤੇ ਸਾਡੇ ਗੁਆਂਢ ’ਚ ਕੁਝ ਘਰ ਅਰਾਈਆਂ, ਘੁਮਿਆਰਾਂ, ਛੀਂਬਿਆਂ ਤੇ ਬਾਗਬਾਨਾਂ ਪਰਿਵਾਰਾਂ ਦੇ ਸਨ। ਮੁਸਲਮਾਨ ਪਰਿਵਾਰਾਂ ’ਚੋਂ ਜਨਾਬ ਹੈਦਰ ਅਲੀ ਦੀ ਬੜੀ ਸ਼ਾਨਦਾਰ ਹਵੇਲੀ ਹੁੰਦੀ ਸੀ ਤੇ ਉਸ ਦਾ ਕਾਰੋਬਾਰ ਸ਼ਾਹੀ ਪਰਿਵਾਰਾਂ ਵਰਗਾ ਸੀ। ਗੁਰਦੁਆਰਾ (ਡੇਰਾ) ਸਾਹਿਬ ਦੇ ਉਸ ਵੇਲੇ ਦੇ ਗੱਦੀ-ਨਸ਼ੀਨ ਬਾਬਾ ਬਲਰਾਮ ਸਿੰਘ (ਹਰੀਪੁਰ ਵਾਲੇ) ਨਾਲ ਬਹੁਤ ਚੰਗਾ ਮੇਲ-ਮਿਲਾਪ ਸੀ। ਸ. ਸਰੂਪ ਸਿੰਘ ਨਾਲ ਵੀ ਚੰਗੇ ਗੁਆਂਢੀ ਹੋਣ ਕਾਰਨ ਚੰਗੀ ਦੋਸਤੀ ਸੀ। ਹਰ ਧਰਮ ਦੇ ਸਾਰੇ ਪਿੰਡ ਵਾਸੀਆਂ ਦਾ ਪੂਰੀ ਸਦਭਾਵਨਾ ਵਾਲਾ ਵਿਵਹਾਰ ਸੀ। ਦੁੱਖ-ਸੁੱਖ ਵਿਚ ਪੂਰੀ ਭਾਈਵਾਲੀ ਸੀ। ਆਪਸ ਵਿਚ ਕਦੇ ਕਿਸੇ ਤਿੱਥ-ਤਿਉਹਾਰ ਮੌਕੇ ਟਕਰਾਓ ਨਹੀਂ ਸੀ ਹੋਇਆ। ਰਸਮ-ਰਿਵਾਜ ਵੀ ਸਾਂਝੇ ਮਨਾਏ ਜਾਂਦੇ ਸਨ। ਆਪਸ ਵਿਚ ਲੈਣ-ਦੇਣ ਹੁੰਦਾ ਸੀ। ਜੇਕਰ ਪਰਿਵਾਰਕ ਮੈਂਬਰਾਂ ਦੀ ਗਿਣਤੀ ਸੋਚੀਏ ਤਾਂ ਮੁਸਲਮਾਨਾਂ ਦੀ ਸੰਖਿਆ ਦੋ ਕੁ ਸੌ ਬਣਦੀ ਹੋਵੇਗੀ। ਉਨ੍ਹਾਂ ਪਰਿਵਰਾਂ ਦੇ ਮੁਖੀ ਸਨ: ਜਨਾਬ ਹੈਦਰ ਅਲੀ, ਚਰਾਗਦੀਨ, ਕਾਬਲ ਪੀਂਜਾ, ਅਹਿਮਦ, ਬੂਜਾ, ਨੱਥੂ ਤੇਲੀ, ਜਾਨੀ, ਮਸੀਦ ਤੇ ਨਾਨਕੀ (ਬੀਬੀ)। ਇਨ੍ਹਾਂ ਪਰਿਵਾਰਾਂ ’ਚੋਂ ਕੁਝ ਨੂੰ ਕੁਰਾਲੀ ਕੈਂਪ ਦੀ ਠਾਹਰ ਤੋਂ ਬਾਅਦ ਪਿੰਡ ਸੁਹਾਣਾ ਦੇ ਸਰਦਾਰ ਦੇ ਯਤਨਾਂ ਸਦਕਾ ਮੁੜ ਪਿੰਡ ਦਾਊਂ ਲਿਆਂਦਾ ਗਿਆ ਜੋ ਹੁਣ ਪਿੰਡ ’ਚ ਵਸਦੇ ਹਨ। ਇਸ ਵੇਲੇ ਸਲੀਮ ਖਾਨ ਪਿੰਡ ਦੀ ਪੰਚਾਇਤ ਦਾ ਮੈਂਬਰ ਵੀ ਚੁਣਿਆ ਗਿਆ ਹੈ। ਕਈ ਜੀਅ ਪੰਜਾਬ ਪੁਲੀਸ ਵਿਚ ਭਰਤੀ ਹੋ ਕੇ ਚੰਗੀ ਸੇਵਾ ਨਿਭਾਅ ਰਹੇ ਹਨ ਜਿਨ੍ਹਾਂ ’ਚੋਂ ਰਫ਼ੀ ਮੁਹੰਮਦ (ਬੁੱਕੀ), ਮੁਹੰਮਦ ਅਸਲਮ (ਕਾਲਾ) ਤੇ ਅਰਸ਼ਦ (ਕਾਲਾ) ਦੇ ਨਾਂ ਲਏ ਜਾ ਸਕਦੇ ਹਨ। ਇਸ ਵੇਲੇ ਮੁਸਲਿਮ ਵਾਸੀਆਂ ਦੀ ਆਬਾਦੀ ਲਗਪਗ ਦੋ ਸੌ ਹੈ। ਪਿਛਲੇ ਕੁਝ ਸਾਲਾਂ ਤੋਂ ਪਿੰਡ ਦੇ ਵੱਡੇ ਦਰਵਾਜ਼ੇ ਵੱਲ ਇਨ੍ਹਾਂ ਪਰਿਵਾਰਾਂ ਦੀ ਮੰਗ ਅਨੁਸਾਰ ਮਸੀਤ ਵੀ ਉਸਾਰੀ ਜਾ ਚੁੱਕੀ ਹੈ ਜਿੱਥੇ ਬਾਹਰਲੀਆਂ ਥਾਵਾਂ ਤੋਂ ਵੀ ਮੁਸਲਮਾਨ ਵੀਰ ਆਪਣੇ ਤਿੱਥ-ਤਿਉਹਾਰ ਮਨਾਉਂਦੇ ਹਨ। ਮੌਲਵੀ ਬਾਕਾਇਦਾ ਕੁਰਾਨ ਦੀ ਸਿੱਖਿਆ ਦੇਣ ਦਾ ਪਰਮਾਰਥ ਕਰਦਾ ਹੈ ਜਦੋਂਕਿ 1947 ਤੋਂ ਪਹਿਲਾਂ ਮਸੀਤ (ਮਸਜਿਦ) ਨਾ ਹੋਣ ਕਾਰਨ ਇਨ੍ਹਾਂ ਨੂੰ ਖਰੜ ਜਾਣਾ ਪੈਂਦਾ ਸੀ।
1947 ਦੀ ਹਨੇਰੀ ਕਾਰਨ ਜਿਹੜੇ ਪਰਿਵਾਰ ਪਾਕਿਸਤਾਨ ਹਿਜਰਤ ਕਰ ਗਏ ਉਨ੍ਹਾਂ ’ਚ ਮਿੱਤੂ (ਸਾਡਾ ਗੁਆਂਢੀ), ਪੂਰੋ, ਗੁਲਜ਼ਾਰਾ (ਮੇਰਾ ਹਾਣੀ), ਫੌਜਾ ਅਰਾਈਂ, ਕਰੀਮ ਬਖ਼ਸ਼ (ਜੋ ਬਹੁਤ ਸੂਝਵਾਨ ਸੀ), ਜੁੰਮਾ, ਜਾਮੂ, ਸਰੀਫ਼ਾ, ਫਕੀਰੀਆ, ਛੱਜੂ (ਘੁਮਿਆਰ), ਦੌਲਾ, ਰਲੀ, ਯੂਸਫ਼ ਤੇ ਕਈ ਹੋਰ ਸਨ। ਜਨਾਬ ਹੈਦਰ ਅਲੀ ਦੇ ਪੁੱਤਰ ਨਿਆਜਾ, ਨਾਜਰ, ਨਜ਼ੀਰ ਤੇ ਹਮੀਦ ਸਨ ਜਿਨ੍ਹਾਂ ’ਚੋਂ ਹਮੀਦ ਦਾ ਪਰਿਵਾਰ ਮੈਨੂੰ ਮਿਲਦਾ ਰਹਿੰਦਾ ਹੈ। ਚੰਗਾ ਸਹਿਚਾਰ ਹੈ।
ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਦੋਂ 1947 ’ਚ ਮੁਸਲਮਾਨ ਪਰਿਵਾਰਾਂ ਨੂੰ ਪਿੰਡ ਛੱਡਣ ਦਾ ਹੁਕਮ ਹੋਇਆ ਤਾਂ ਪਿੰਡ ਵਾਸੀਆਂ ਨੇ ਫ਼ੈਸਲਾ ਕਰ ਕੇ ਖਰੜ ਕੈਂਪ ਵਿਚ ਸੁਰੱਖਿਅਤ ਪਹੁੰਚਾਉਣ ਦੀ ਇਨਸਾਨੀ ਜ਼ਿੰਮੇਵਾਰੀ ਨਿਭਾਈ। ਮੇਰੇ ਪਿਤਾ ਜੀ ਦੀ ਅਗਵਾਈ ’ਚ ਰਚਨਾ ਜੱਟ, ਚੰਨਣ ਜੱਟ, ਰਿਖੀ ਬ੍ਰਾਹਮਣ, ਚੌਕੀਦਾਰ ਰਬਲ ਸਿੰਘ, ਗੁਰਬਖ਼ਸ਼ਾ ਜੱਟ ਆਦਿ ਨੇ ਰੋਂਦੇ ਕੁਰਲਾਉਂਦੇ ਪਰਿਵਾਰਾਂ ਨੂੰ ਬਿਨਾ ਕਿਸੇ ਜਾਨੀ ਨੁਕਸਾਨ ਤੋਂ ਸੁਰੱਖਿਆ ਦਿੱਤੀ। ਪਿੰਡ ਦੇਸੂਮਾਜਰਾ ਦੇ ਕੁਝ ਬੰਦਿਆਂ ਨੇ ਮੁਸਲਮਾਨਾਂ ’ਤੇ ਹਮਲਾ ਕਰਨ ਦੀ ਜ਼ਿੱਦ ਕੀਤੀ ਪਰ ਮੇਰੇ ਪਿਤਾ ਜੀ ਦੀ ਸੂਝ-ਸਿਆਣਪ ਸਦਕਾ ਖ਼ਤਰਾ ਟਲ ਗਿਆ। ਇਸ ਦਿਲੀ ਪਿਆਰ ਦਾ ਬੱਝਾ ਕਰੀਮ ਬਖ਼ਸ਼ ਪਾਕਿਸਤਾਨ ਤੋਂ ਦੋ ਵਾਰ ਇੱਧਰ ਮਿਲਣ ਵੀ ਆਇਆ। ਜਨਾਬ ਹੈਦਰ ਅਲੀ ਦੇ ਪਰਿਵਾਰ ’ਚੋਂ ਬਸ਼ੀਰਾਂ ਮਾਈ ਅਜਿਹੀ ਔਰਤ ਸੀ ਜਿਸ ਨੂੰ ਲੋਕੀਂ ਹੁਣ ਵੀ ਬਹੁਤ ਮੋਹ ਨਾਲ ਯਾਦ ਕਰਦੇ ਹਨ।
ਪਿੰਡ ’ਚੋਂ ਹਿਜਰਤ ਕਰ ਕੇ ਗਏ ਪਰਿਵਾਰਾਂ ਦੇ ਘਰਾਂ ਤੇ ਮਾਲ ਅਸਬਾਬ ਦੀ ਰਾਖੀ ਦੀ ਜ਼ਿੰਮੇਵਾਰੀ ਦੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਮੇਰੇ ਪਿਤਾ ਜੀ ਨੇ ਯਕੀਨੀ ਬਣਾਈ। ਸਾਮਾਨ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ। ਸਾਮਾਨ ਦੀ ਨਿਲਾਮੀ ਹੁਕਮਾਂ ਅਨੁਸਾਰ ਕੀਤੀ ਗਈ। ਇਕ ਅਲਮਾਰੀ ਤੇ ਸੂਤ ਵਾਲਾ ਵੱਡਾ ਮੰਜਾ ਪਿਤਾ ਜੀ ਨੇ ਮੁੱਲ ਖਰੀਦਿਆ। ਉਹ ਅਲਮਾਰੀ ਮੈਂ ਹੁਣ ਤੀਕ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ। ਬਸ਼ੀਰਾਂ ਮਾਈ ਦੇ ਦੇਹਾਂਤ ’ਤੇ ਸਾਰੇ ਪਿੰਡ ਨੇ ਸੋਗ ਮਨਾਇਆ। ਮੈਂ ਵੀ ਪਰਿਵਾਰ ਸਮੇਤ ਉਸ ਦੇ ਜਨਾਜ਼ੇ ’ਚ ਸ਼ਾਮਲ ਹੋਇਆ ਅਤੇ ਅਕੀਦਤ ਪੇਸ਼ ਕੀਤੀ। ਇਨ੍ਹਾਂ ਨੇ ਆਪਣੇ ਜੀਵਨ ਨਿਰਬਾਹ ਲਈ ਮਿਹਨਤ ਕਰ ਕੇ ਚੰਗੀ ਬਸਰ ਕਰ ਲਈ ਹੈ। ਪਿੰਡ ਦੇ ਸਾਂਝੇ ਸਮਾਗਮਾਂ ਵਿਚ ਸਾਰੇ ਵਰਨਾਂ ਦੇ ਲੋਕ ਹਿੱਸਾ ਪਾਉਂਦੇ ਹਨ। ਕੋਈ ਵੈਰ ਵਿਰੋਧ ਤੇ ਵਿਤਕਰਾ ਨਹੀਂ। ਸਾਡੇ ਗੁਆਂਢੀ ਹਮੀਦ (ਉਮਰ ਲਗਪਗ 80 ਸਾਲ) ਨੇ ਆਪਣਾ ਦਰਦ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਵਿਆਹੀ ਭੈਣ ਰਸੀਦਨ ਤਾਂ ਪਾਕਿਸਤਾਨ ਚਲੀ ਗਈ ਤੇ ਉਹ ਇੱਧਰ ਰਹਿ ਗਏ। ਬਸ਼ੀਰਾਂ ਮਾਈ ਨੂੰ ਆਪਣੀ ਧੀ (ਰਸੀਦਨ) ਦਾ ਵਿਗੋਚਾ ਅੰਤਿਮ ਸਾਹਾਂ ਤੱਕ ਰਿਹਾ। ਇਕ ਵੇਰ ਉਹ ਪਾਕਿਸਤਾਨ ਤੋਂ ਮਿਲਣ ਵੀ ਆਈ। ਖਰੜ ਇਲਾਕੇ ਦੇ ਮੁਸਲਮਾਨ ਪਰਿਵਾਰਾਂ ਨੂੰ ਕੁਰਾਲੀ ਕੈਂਪ ਵਿਚ ਤੰਬੂ ਲਾ ਕੇ ਇਕੱਠਾ ਕੀਤਾ ਗਿਆ ਜੋ ਫ਼ੌਜ ਵੱਲੋਂ ਸੁਰੱਖਿਆ ਸਹਿਤ ਸਰਹੱਦੋਂ ਪਾਰ ਪਾਕਿਸਤਾਨ ਭੇਜੇ ਜਾ ਸਕਣ। ਇਹ ਕੈਂਪ ਖਾਲਸਾ ਹਾਈ ਸਕੂਲ ਦੇ ਪਿਛਲੇ ਪਾਸੇ ਬਹੁਤ ਸੰਘਣੇ ਅੰਬਾਂ ਦੇ ਦਰਖਤਾਂ ਵਾਲੀ ਥਾਂ ’ਤੇ ਲਗਾਇਆ ਗਿਆ ਸੀ। ਉਸ ਵਰ੍ਹੇ ਬਾਰਿਸ਼ਾਂ ਵੀ ਕਾਫ਼ੀ ਪਈਆਂ। ਕਈ ਮਹੀਨੇ ਇਹ ਕੈਂਪ ਰਿਹਾ। ਬਹੁਤ ਮੌਤਾਂ ਹੋਈਆਂ। ਭੁੱਖਣ-ਭਾਣਿਆਂ ਨੂੰ ਅੰਬਾਂ ਦੇ ਪੱਤੇ ਖਾ-ਖਾ ਕੇ ਦਿਨ ਕੱਟਣੇ ਪਏ। ਅੰਬਾਂ ਦੇ ਦਰਖ਼ਤ ਰੁੰਡ-ਮੁੰਡ ਹੋ ਗਏ। ਬਜ਼ੁਰਗ ਹੁਣ ਵੀ ਉਸ ਕੈਂਪ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਕਿੰਨਾ ਭਿਆਨਕ ਸਮਾਂ ਸੀ ਉਹ। ਕਬਰਾਂ ਪੁੱਟਣਾ ਔਖਾ ਹੋ ਗਿਆ, ਕਈ ਕਈ ਲਾਸ਼ਾਂ ਨੂੰ ਇਕ ਹੀ ਕਬਰ ’ਚ ਦਫ਼ਨਾਇਆ ਗਿਆ। ਲੋਕਾਂ ਦਾ ਵਿਰਲਾਪ ਵੇਖਿਆ ਨਹੀਂ ਸੀ ਜਾਂਦਾ।
ਪਿੰਡ ਦਾਊਂ ਤੋਂ ਹਿਜਰਤ ਕਰ ਗਏ ਪਰਿਵਾਰਾਂ ਦੇ ਘਰ ਕਈ ਵਾਸੀਆਂ ਨੇ ਖਰੀਦ ਲਏ ਜੋ ਹੁਣ ਉਨ੍ਹਾਂ ਘਰਾਂ ’ਚ ਵਸਦੇ ਹਨ। ਸਾਡੇ ਮੁਹੱਲੇ ਦੀਆਂ ਮੁਸਲਮਾਨ ਤ੍ਰੀਮਤਾਂ ਜਮੀਲਾ, ਸਰਦਾਰਾਂ, ਜ਼ਰੀਨਾ ਬੇਗ਼ਮ, ਨਸਰੀਨ, ਰੁਖ਼ਸਾਨਾ ਤੇ ਸੁਲਤਾਨਾ ਦਾ ਪਿੰਡ ਦੀਆਂ ਸੁਆਣੀਆਂ ਨਾਲ ਚੰਗਾ ਮੇਲ ਮਿਲਾਪ ਹੈ ਤੇ ਇਕੱਠੀਆਂ ਦੁੱਖ-ਸੁੱਖ ਕਰਦੀਆਂ ਰਹਿੰਦੀਆਂ ਹਨ। ਉਹ ਸੰਤਾਲੀ ਬਾਰੇ ਆਪਣੇ ਬਜ਼ੁਰਗਾਂ ਤੋਂ ਸੁਣੇ ਦੁਖਾਂਤ ਨੂੰ ਯਾਦ ਜ਼ਰੂਰ ਕਰ ਲੈਂਦੀਆਂ ਹਨ।
ਸੰਪਰਕ: 98151-23900