ਗੁਰਬਚਨ ਸਿੰਘ ਭੁੱਲਰ
ਪ੍ਰੋ. ਹੰਪਸੰਦਰ ਪਦਮਨਾਭਈਆ ਨਾਗਰਾਜਈਆ ਕੱਨੜ ਵਿੱਦਵਤਾ, ਸਾਹਿਤ ਤੇ ਅਕਾਦਮਿਕਤਾ ਦੇ ਅਤੇ ਦਰਾਵੜ ਭਾਸ਼ਾ-ਵਿਗਿਆਨ ਦੇ ਪ੍ਰਮੁੱਖ ਨਾਂਵਾਂ ਵਿਚੋਂ ਹਨ। ਕੱਨੜ ਦੇ ਨਾਲ-ਨਾਲ ਉਹ ਅੰਗਰੇਜ਼ੀ ਵਿਚ ਵੀ ਲਿਖਦੇ ਹਨ ਤੇ ਦੋਵਾਂ ਭਾਸ਼ਾਵਾਂ ਵਿਚ ਉਹਨਾਂ ਦੀਆਂ ਰਚਨਾਵਾਂ ਦੀ ਗਿਣਤੀ 100 ਦੇ ਨੇੜੇ ਹੋ ਜਾਂਦੀ ਹੈ। ਕੱਨੜ, ਅੰਗਰੇਜ਼ੀ, ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਨਿਪੁੰਨ ਹੋਣ ਤੋਂ ਇਲਾਵਾ ਉਹ ਦਰਾਵੜ ਭਾਸ਼ਾਵਾਂ ਦੇ ਮੰਨੇ ਹੋਏ ਜਾਣਕਾਰ ਹਨ। ਕਰਨਾਟਕ ਦੀ ਰੀਤ ਅਨੁਸਾਰ ਉਹਨਾਂ ਦਾ ਨਾਂ ਉਹਨਾਂ ਦੇ ਪਿੰਡ ਹੰਪਸੰਦਰ, ਪਿਤਾ ਪਦਮਨਾਭਈਆ ਤੇ ਉਹ ਆਪ ਨਾਗਰਾਜਈਆ ਨੂੰ ਜੋੜ ਕੇ ਬਣਾਇਆ ਗਿਆ ਹੈ। ਏਨੇ ਵੱਡੇ ਨਾਂ ਨੂੰ ਨਿੱਤ-ਵਰਤੋਂ ਵਿਚ ਉਚਾਰਨਜੋਗ ਬਣਾਉਣ ਲਈ ਤਿੰਨਾਂ ਖੰਡਾਂ ਦੇ ਮੂਹਰਲੇ ਅੱਖਰ ਜੋੜ ਕੇ ਛੋਟਾ ਕਲਮੀ ਨਾਂ ਬਣਾ ਲਿਆ ਜਾਂਦਾ ਹੈ। ਇਉਂ ਉਹ ਹੰਪੱਨਾ ਦੇ ਕਲਮੀ ਨਾਂ ਹੇਠ ਲਿਖਦੇ ਹਨ। ਅੱਧੀ ਸਦੀ ਤੋਂ ਵੱਧ ਦੇ ਸਮੇਂ ਉੱਤੇ ਫੈਲੀ ਹੋਈ ਉਹਨਾਂ ਦੀ ਰਚਨਾਤਮਿਕ ਘਾਲਨਾ ਦੇ ਕਲਾਵੇ ਵਿਚ ਮੌਲਕ ਸਾਹਿਤ ਦੇ ਨਾਲ-ਨਾਲ ਖੋਜ ਵੀ ਆਉਂਦੀ ਹੈ। ਖੋਜ-ਕਾਰਜ ਕਰਦਿਆਂ ਉਹ ਪੁਰਾਤਨ ਤੇ ਮੱਧਕਾਲੀ ਸਾਹਿਤ ਦੇ ਸਾਗਰ ਵਿਚ ਡੂੰਘੀ ਚੁੱਭੀ ਲਾ ਕੇ ਅਜਿਹੇ ਮੋਤੀ ਲਭਦੇ ਹਨ ਜਿਨ੍ਹਾਂ ਨੂੰ ਵਰਤਮਾਨ ਪ੍ਰਸੰਗ ਵਿਚ ਅਰਥਾਇਆ ਜਾ ਸਕਦਾ ਹੋਵੇ। ਇਉਂ ਉਹ ਉਹਨਾਂ ਦੀ ਸਦੀਵਕਾਲਤਾ ਉਜਾਗਰ ਕਰਦੇ ਹਨ। ਉਹਨਾਂ ਦੀ ਖੋਜ ਵਿਚ ਰਚਨਾਤਮਿਕਤਾ ਹੁੰਦੀ ਹੈ ਤੇ ਰਚਨਾਤਮਿਕਤਾ ਵਿਚ ਖੋਜ ਹੁੰਦੀ ਹੈ।
ਚਾਰੂ-ਵਸੰਤਾ ਨਾਲ ਪ੍ਰੋ. ਹੰਪੱਨਾ ਦਾ ਪਹਿਲਾ ਮੇਲ ਕਈ ਦਹਾਕੇ ਪਹਿਲਾਂ ਪੁਰਾਤਨ ਗ੍ਰੰਥ ‘ਬ੍ਰਿਹਤਕਥਾ’ ਵਿਚ ਹੋਇਆ। ਉਸ ਪਿੱਛੋਂ ਉਹਨਾਂ ਦੀ ਖੋਜ ਤੇ ਸੰਪਾਦਨ ਵਿਚ ਆਏ ਅਨੇਕ ਗ੍ਰੰਥਾਂ ਵਿਚ ਇਹ ਕਥਾ ਵਾਰ-ਵਾਰ ਸਾਹਮਣੇ ਆਉਂਦੀ ਰਹੀ। ਆਖ਼ਰ ਇਹ ਉਹਨਾਂ ਦੀ ਸੋਚ ਵਿਚ ਏਨੀ ਰਚ-ਵਸ ਗਈ ਕਿ ਕਲਮ ਉਹਨੂੰ ਕਾਵਿ-ਰੂਪ ਦੇਣ ਲਈ ਉਤਾਵਲੀ ਹੋ ਗਈ। ਇਸ ਕਥਾ ਵੱਲ ਖਿੱਚੇ ਜਾਣ ਦਾ ਕਾਰਨ ਉਹਨਾਂ ਅਨੁਸਾਰ ਇਸ ਦਾ ਬਹੁਤੀਆਂ ਪੁਰਾਣੀਆਂ ਕਹਾਣੀਆਂ ਵਾਂਗ ਮਹਿਲਾਂ ਦੀ, ਰਾਜੇ-ਰਾਣੀ ਦੀ, ਜੰਗਾਂ-ਯੁੱਧਾਂ ਦੀ ਕਹਾਣੀ ਨਾ ਹੋ ਕੇ ਮਨੁੱਖੀ ਸੁਭਾਅ ਦਾ ਦਰਪਨ ਹੋਣਾ ਸੀ। ਇਹ ਕਿਸੇ ਕਲਪਿਤ ਲੋਕ ਵਿਚ ਉੱਚੀਆਂ ਕਦਰਾਂ-ਕੀਮਤਾਂ ਦੀ ਦੱਸ ਨਹੀਂ ਪਾਉਂਦੀ ਸਗੋਂ ਇਸੇ ਦੁਨੀਆ ਦੇ ਤਾਣੇ-ਬਾਣੇ ਵਿਚੋਂ ਉਹਨਾਂ ਨੂੰ ਉਭਾਰਦੀ ਹੈ। ਕਿਸੇ ਹੋਰ ਲੋਕ ਦਾ ਦੇਵਤਾ ਹੋਣ ਨਾਲੋਂ ਇਸ ਲੋਕ ਦਾ ਮਨੁੱਖ ਹੁੰਦਿਆਂ ਉੱਚੀਆਂ ਕਦਰਾਂ-ਕੀਮਤਾਂ ਤੱਕ ਪੁੱਜਣਾ ਵਡੇਰੀ ਪ੍ਰਾਪਤੀ ਹੁੰਦਾ ਹੈ। ਉਹਨਾਂ ਨੇ ਸੱਚੇ ਪਿਆਰ ਦੀ ਇਸ ਗਾਥਾ ਨੂੰ ਲੋਕ-ਮੁਖੀ ਤੇ ਸਮਾਜ-ਮੁਖੀ ਰੱਖਣ ਲਈ ਲੋਕ-ਬੋਲੀ ਤੇ ਲੋਕ-ਮੁਹਾਵਰੇ ਵਿਚ ਪੇਸ਼ ਕੀਤਾ ਹੈ।
ਉਹਨਾਂ ਦਾ ਆਪਣਾ ਕਹਿਣਾ ਹੈ, “ਕਦੇ-ਕਦੇ ਮੈਂ ਇਕੱਲਿਆਂ ਬੈਠਾ ਵਿਚਾਰਾਂ ਵਿਚ ਗੁਆਚ ਜਾਂਦਾ ਰਿਹਾ ਹਾਂ ਕਿ ਪੁਰਾਤਣ ਕਾਵਿ-ਗ੍ਰੰਥਾਂ ਵਿਚ ਸ਼ਾਮਲ ਅਣਮੁੱਲੀਆਂ ਕਥਾਵਾਂ ਨੂੰ ਭੁਲਾ ਕੇ ਹਮੇਸ਼ਾ ਲਈ ਤਿਆਗ ਦੇਈਏ ਜਾਂ ਉਹਨਾਂ ਵਿਚੋਂ ਜੋ ਉੱਤਮ ਹਨ, ਉਹਨਾਂ ਨੂੰ ਅੱਜ ਦੇ ਯੁੱਗ ਲਈ ਸਤਿਕਾਰ ਨਾਲ ਅਪਣਾ ਲਈਏ? ਸਾਡੇ ਪੁਰਾਣੇ ਕਵੀ ਆਪਣੇ ਤੋਂ ਪਹਿਲਾਂ ਦੇ ਕਵੀਆਂ ਦੀਆਂ ਰਚਨਾਵਾਂ ਨੂੰ, ਭਾਵੇਂ ਉਹ ਸੰਸਕ੍ਰਿਤ ਵਿਚ ਸਨ ਜਾਂ ਪ੍ਰਾਕ੍ਰਿਤ ਵਿਚ, ਆਪਣੇ ਯੁੱਗ ਵਿਚ ਸਤਿਕਾਰ ਨਾਲ ਲਿਆਉਂਦੇ ਰਹੇ। ਸਾਡੀ ਪਰੰਪਰਾ ਵਿਚ ਪੁੰਗਰਦੇ ਆ ਰਹੇ ਸਮਰੱਥ ਬੀਜਾਂ ਨੂੰ ਦੁਬਾਰਾ ਧਰਤੀ ਦੇ ਗਰਭ ਵਿਚ ਬੀਜ ਕੇ ਉਗਾਉਣ ਦੇ ਇਰਾਦੇ ਨਾਲ ਮੈਂ ਇਕ ਪੁਰਾਣੀ ਕਥਾ ਨੂੰ ਚੁਣਿਆ ਤੇ ਉਸ ਰਾਹੀਂ ਨਵੇਂ ਜੀਵਨ-ਭਾਵਾਂ ਨੂੰ ਸੰਚਾਰਿਤ ਕਰਨ ਦਾ ਮੌਕਾ ਪ੍ਰਾਪਤ ਕੀਤਾ। ਇਸ ਕਥਾ ਦੀਆਂ ਜੜਾਂ ਗੁਣੱਡਿਅ ਦੀ ਪੈਸ਼ਾਚੀ ਭਾਸ਼ਾ ਦੀ ਰਚਨਾ ‘ਬ੍ਰਿਹਤਕਥਾ’ ਵਿਚ ਹਨ। ਅੱਠਵੀਂ ਸਦੀ ਦੇ ਜਿਨਸੈਨਾਚਾਰੀਆ ਦੇ ਸੰਸਕ੍ਰਿਤ ਹਰਿਵੰਸ਼ ਕਾਵਿ ਵਿਚ ਇਸ ਦਾ ਸਪੱਸ਼ਟ ਰੂਪ ਦੇਖਣ ਨੂੰ ਮਿਲਦਾ ਹੈ। ਇਸ ਮਨਮੋਹਕ ਆਖਿਆਨ ਨੂੰ ਆਦਿਗੁਣਵਰਮਾ, ਕਰਣਪਰਿਆ, ਬੰਧੂਵਰਮਾ, ਨਾਗਰਾਜ, ਮਹਾਬਲ, ਸਾਲਵ, ਮੰਗਰਸ, ਆਦਿ ਕਵੀਆਂ ਨੇ ਕੱਨੜ ਭਾਸ਼ਾ ਵਿਚ ਆਪਣੇ ਆਪਣੇ ਕਾਵਿ-ਰੂਪਾਂ ਵਿਚ ਸਾਕਾਰਿਆ ਹੈ। ਇਹ ਕਹਾਣੀ ਮਨੁੱਖੀ ਸੁਭਾਅ ਦੀਆਂ ਤਹਿਆਂ ਨੂੰ ਖੋਲ੍ਹਦੀ ਹੈ ਅਤੇ ਸੱਚ ਦੇ ਰਾਹ ਉੱਤੇ ਤੁਰ ਕੇ ਮਾਨਵੀ ਮੁੱਲਾਂ ਨੂੰ ਉਭਾਰਦਿਆਂ ਸਮਾਜ-ਮੁਖੀ ਅਤੇ ਲੋਕ-ਮੁਖੀ ਬਣ ਜਾਂਦੀ ਹੈ।”
ਇਥੇ ਚਾਰੂ-ਵਸੰਤਾ ਦੀ ਕਹਾਣੀ ਦੱਸਣਾ ਤਾਂ ਪਾਠਕਾਂ ਦੇ ਰੰਗ ਵਿਚ ਭੰਗ ਪਾਉਣ ਵਾਲੀ ਗੱਲ ਹੋਵੇਗੀ, ਪਰ ਇਸ ਦਿਲਚਸਪ ਕਹਾਣੀ ਦੇ ਨਾਲ-ਨਾਲ ਤੁਰਨ ਲਈ ਕੁਝ ਦੂਰ ਤੱਕ ਰਾਹ ਦਿਖਾਉਣਾ ਵਾਜਬ ਹੋਵੇਗਾ। ਅੰਗਦੇਸ਼ ਦੀ ਰਾਜਧਾਨੀ ਚੰਪਾਪੁਰ ਦੇ ਇਕ ਵੱਡੇ ਤੇ ਸਤਿਕਾਰੇ ਵਪਾਰੀ ਭਾਨੂਦੱਤ ਦਾ ਪੁੱਤਰ ਚਾਰੂ ਵਿੱਦਿਆ ਪ੍ਰਾਪਤ ਕਰ ਕੇ ਪਿਤਾ ਦੇ ਪੈਰ-ਚਿੰਨ੍ਹਾਂ ਉੱਤੇ ਚੱਲਣ ਦੀ ਰੁਚੀ ਦਿਖਾਉਂਦਾ ਹੈ। ਉਸ ਦਾ ਵਿਆਹ ਕੁੰਤਲਦੇਸ਼ ਦੇ ਧਨਾਡ ਵਪਾਰੀ ਸਿਧਾਰਥ ਦੀ ਸੁੰਦਰ ਧੀ ਮਿਤਰਾਵਤੀ ਨਾਲ ਕਰ ਦਿੱਤਾ ਜਾਂਦਾ ਹੈ, ਪਰ ਪੁਸਤਕਾਂ ਵਿਚ ਡੁੱਬਿਆ ਚਾਰੂ ਉਸ ਵੱਲੋਂ ਬੇਧਿਆਨਾ ਰਹਿੰਦਾ ਹੈ ਤੇ ਪਤੀ-ਧਰਮ ਨਹੀਂ ਨਿਭਾਉਂਦਾ। ਉਹਦੀ ਇਹ ਅਰੁਚੀ ਮਾਤਾ ਪਦਮਾਵਤੀ ਨੂੰ ਪਰੇਸ਼ਾਨ ਕਰਦੀ ਹੈ ਤੇ ਉਹ ਆਪਣੇ ਭਰਾ, ਚਾਰੂ ਦੇ ਮਾਮੇ, ਰੁਦਰਦੱਤ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਦੁਨਿਆਵੀ ਮੌਜ-ਮੇਲੇ ਦੇ ਰਾਹ ਪਾਵੇ। ਇਉਂ ਚਾਰੂ ਦਾ ਮੇਲ ਵਸੰਤਾ ਨਾਂ ਦੀ ਗਾਇਕਾ-ਨ੍ਰਤਕੀ ਨਾਲ ਹੁੰਦਾ ਹੈ, ਪਰ ਉਹ ਛੇਤੀ ਹੀ ਉਹਨੂੰ ਪਿਆਰ ਕਰਨ ਲਗਦਾ ਹੈ। ਇਸ ਚੱਕਰ ਵਿਚ ਉਹ ਧਨ-ਦੌਲਤ, ਮਾਣ-ਇੱਜ਼ਤ, ਸਭ ਗੁਆ ਬੈਠਦਾ ਹੈ, ਪਰ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਪਹਿਲਾਂ ਵਾਲੀ ਹਾਲਤ ਦੀ ਬਹਾਲੀ ਦਾ ਸੰਕਲਪ ਲੈਂਦਾ ਹੈ।
ਇਥੋਂ ਅੱਗੇ ਕਥਾ ਬੜੇ ਲੰਮੇ, ਮੁਸ਼ਕਿਲਾਂ-ਭਰੇ ਤੇ ਟੇਢੇ-ਵਿੰਗੇ, ਵਿਸ਼ਵਾਸੋਂ-ਬਾਹਰੇ ਰਾਹਾਂ ਉੱਤੇ ਤੁਰਦੀ ਹੈ, ਜਿਵੇਂ ਆਪਣੀਆਂ ਪੰਜਾਬੀ ਲੋਕ-ਕਥਾਵਾਂ ਵਿਚ ਕਿਸੇ ਉਦੇਸ਼ ਨਾਲ ਨਿੱਕਲੇ ਪਾਂਧੀ ਦੇ ਰਾਹ ਵਿਚ ਜੰਗਲ, ਅੱਗਾਂ, ਸ਼ੇਰ-ਬਘੇਰੇ, ਪਰਬਤ ਤੇ ਹੋਰ ਬੜਾ ਕੁਝ ਰੋਕਾਂ ਪਾਉਂਦਾ ਹੈ। ਲੇਖਕ ਨੇ ਚਾਰੂ ਦਾ ਸਾਧਾਰਨ ਮਨੁੱਖ ਦੇ ਉਤਰਾਵਾਂ-ਚੜ੍ਹਾਵਾਂ ਵਾਲਾ ਜੀਵਨ ਅਜਿਹੀ ਕਲਾਤਮਿਕਤਾ ਨਾਲ ਪੇਸ਼ ਕੀਤਾ ਹੈ ਕਿ ਉਹ ਪੂਰੇ ਦਾ ਪੂਰਾ ਸਾਡੇ ਮਨ ਦੀਆਂ ਅੱਖਾਂ ਸਾਹਮਣੇ ਸਾਕਾਰ ਹੋ ਜਾਂਦਾ ਹੈ। ਪ੍ਰੋ. ਹੰਪੱਨਾ ਦੀ ਦਾਰਸ਼ਨਿਕ ਸੂਝ ਸਦਕਾ ਰਚਨਾ ਵਿਚ ਪਰੋਈ ਗਈ ਸਮਕਾਲੀਨਤਾ ਪਾਠਕ ਨੂੰ ਕੱਨੜ ਸਮਾਜਿਕਤਾ ਤੇ ਸਭਿਆਚਾਰ ਦੇ ਭਰਪੂਰ ਦਰਸ਼ਨ ਕਰਵਾਉਂਦੀ ਹੈ। ਉਹਨਾਂ ਦੇ ਕੀਤੇ ਹੋਏ ਚਾਰੂ-ਵਸੰਤਾ ਦੀ ਪੁਰਾਤਨ ਕਥਾ ਦੇ ਆਧੁਨਿਕ ਪੁਨਰ-ਸਿਰਜਣ ਦੀ ਸਫਲਤਾ ਦਾ ਅਨੁਮਾਨ ਇਥੋਂ ਲਾਇਆ ਜਾ ਸਕਦਾ ਹੈ ਕਿ ਇਹ ਰਚਨਾ ਵਿਸ਼ਵਵਿਦਿਆਲੀ ਖੋਜ ਦਾ ਵਿਸ਼ਾ ਤਾਂ ਬਣ ਹੀ ਰਹੀ ਹੈ, ਇਸ ਪੰਜਾਬੀ ਅਨੁਵਾਦ ਤੋਂ ਪਹਿਲਾਂ ਹਿੰਦੀ, ਉਰਦੂ, ਅੰਗਰੇਜ਼ੀ, ਉੜੀਆ, ਗੁਜਰਾਤੀ, ਤੇਲਗੂ, ਪ੍ਰਾਕ੍ਰਿਤ, ਬੰਗਲਾ, ਮਰਾਠੀ, ਰਾਜਸਥਾਨੀ, ਸੰਸਕ੍ਰਿਤ, ਕਸ਼ਮੀਰੀ ਤੇ ਮਲਿਆਲਮ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਜੈਨ ਧਰਮ ਦੇ ਚਿੰਤਨ ਵੱਲ ਪ੍ਰੋ. ਹੰਪੱਨਾ ਦੀ ਦੇਣ ਖਾਸ ਕਰ ਕੇ ਮਹੱਤਵਪੂਰਨ ਹੈ। ਜੈਨ ਫਲਸਫੇ ਨੂੰ ਵਿਚਾਰਦਿਆਂ ਉਹਨਾਂ ਵਲੋਂ ਵਰਤੀਆਂ ਗਈਆਂ ਅਧਿਅਨ ਤੇ ਖੋਜ ਦੀਆਂ ਆਧੁਨਿਕ ਵਿਧੀਆਂ ਬੀਜ-ਰੂਪ ਮੰਨੀਆਂ ਜਾਂਦੀਆਂ ਹਨ। ਇਸੇ ਕਰਕੇ ਉਹਨਾਂ ਨੂੰ ਜੈਨ ਧਰਮ ਦੇ ਨੇਮਾਂ ਅਤੇ ਸਿਧਾਂਤਾਂ ਦਾ ਇਕ ਪ੍ਰਮੁੱਖ ਗਿਆਤਾ ਸਵੀਕਾਰਿਆ ਜਾਂਦਾ ਹੈ। ਉਹ ਲੰਡਨ (ਯੂਕੇ), ਫਲੋਰਿਡਾ (ਅਮਰੀਕਾ) ਅਤੇ ਬਰਲਿਨ (ਜਰਮਨੀ) ਯੂਨੀਵਰਸਿਟੀਆਂ ਦੇ ਜੈਨ ਅਧਿਅਨ ਦੇ ਕੇਂਦਰਾਂ ਦੇ ਸਲਾਹਕਾਰ ਬੋਰਡਾਂ ਦੇ ਵੀ ਮੈਂਬਰ ਹਨ। ਬੁਲਾਰੇ ਵਜੋਂ ਉਹ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਂਦੇ ਹਨ। ਬਹੁਭਾਸ਼ਾਈ ਹੋਣਾ ਉਹਨਾਂ ਦੇ ਗਿਆਨ ਅਤੇ ਸ਼ਬਦ-ਭੰਡਾਰ ਵਿਚ ਵਾਧਾ ਕਰ ਕੇ ਇਤਿਹਾਸ, ਮਿਥਿਹਾਸ ਤੇ ਲੋਕਬਾਣੀ ਦੇ ਰਸ-ਰੰਗ ਵਾਲੀ ਉਹਨਾਂ ਦੀ ਭਾਸ਼ਨੀ ਕਲਾ ਨੂੰ ਹੋਰ ਮਨਮੋਹਕ ਬਣਾ ਦਿੰਦਾ ਹੈ।
ਪ੍ਰੋ. ਹੰਪੱਨਾ ਨਾਲ ਮੇਰੀ ਮੁਲਾਕਾਤ ਦਾ ਸਬੱਬ ਓਦੋਂ ਬਣਿਆ ਜਦੋਂ ਜਿਉਰੀ ਨੇ 2019 ਦੇ ਕੁਵੇਂਪੂ ਪੁਰਸਕਾਰ ਲਈ ਮੇਰੀ ਤੇ ਅਜੀਤ ਕੌਰ ਦੀ ਚੋਣ ਕੀਤੀ। ਟਰੱਸਟ ਦਾ ਮੁਖੀ ਹੋਣ ਦੇ ਨਾਤੇ ਪ੍ਰੋ. ਹੰਪੱਨਾ ਨੇ ਮੇਰੀ ਜਾਣ-ਪਛਾਣ ਕਰਵਾਉਂਦਿਆਂ ਇਸ ਗੱਲ ਦਾ ਉਚੇਚਾ ਜ਼ਿਕਰ ਕੀਤਾ ਕਿ “ਜਦੋਂ ਕਰਨਾਟਕ ਦੇ ਮੰਨੇ-ਪ੍ਰਮੰਨੇ ਖੋਜਕਾਰ ਵਿਦਵਾਨ ਐਮ. ਐਮ. ਕਲਬੁਰਗੀ ਦੀ ਜ਼ਾਲਿਮਾਨਾ ਹੱਤਿਆ ਕੀਤੀ ਗਈ, ਪੰਜਾਬ ਦਾ ਇਹ ਸਪੁੱਤਰ ਕਰਨਾਟਕ ਦੇ ਲੋਕਾਂ ਦੇ ਨਾਲ ਖੜ੍ਹਾ ਹੋਇਆ ਅਤੇ ਰੋਸ ਵਜੋਂ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ।” ਜਦੋਂ ਮੈਂ ਆਪਣੇ ਧੰਨਵਾਦੀ ਭਾਸ਼ਨ ਵਿਚ ਪੰਜਾਬੀਆਂ ਦੇ ਦਿਲ ਵਿਚ ਕਰਨਾਟਕ ਦਾ ਵਿਸ਼ੇਸ਼ ਸਥਾਨ ਹੋਣ ਦੀ ਗੱਲ ਕੀਤੀ, ਪ੍ਰੋ. ਹੰਪੱਨਾ ਨੇ ਇਤਿਹਾਸ ਦੇ ਖੋਜੀ ਵਜੋਂ ਇਸ ਪ੍ਰਸੰਗ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਮੈਂ ਚਾਰ ਮਹੱਤਵਪੂਰਨ ਗੱਲਾਂ ਦਾ ਜ਼ਿਕਰ ਕੀਤਾ- ਬਾਬਾ ਨਾਨਕ ਦਾ ਦੱਖਣ ਦੀ ਉਦਾਸੀ ਸਮੇਂ ਕਰਨਾਟਕ ਦੇ ਨਗਰ ਬਿਦਰ ਪਹੁੰਚਣਾ, ਗੁਰੂ ਸਾਹਿਬਾਨ ਤੇ ਕਰਨਾਟਕ ਦੇ ਮੱਧਕਾਲੀ ਸੰਤਾਂ ਦੀ ਲੋਕ-ਮੁਖੀ ਸੋਚ ਦੀ ਸਾਂਝ, ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿਚੋਂ ਸਾਹਿਬ ਸਿੰਘ ਦਾ ਬਿਦਰ ਤੋਂ ਹੋਣਾ ਅਤੇ ਦਸਵੇਂ ਗੁਰੂ ਜੀ ਦੇ ਜੋਤੀ ਜੋਤ ਸਮਾ ਜਾਣ ਮਗਰੋਂ ਮਾਈ ਭਾਗੋ ਦਾ ਬਿਦਰ ਦੇ ਨੇੜੇ ਕੁਟੀਆ ਪਾ ਕੇ ਗੁਰਮਤ ਦਾ ਪ੍ਰਚਾਰ ਕਰਨ ਲੱਗਣਾ। ਉਸ ਸ਼ਾਮ ਮੇਰੇ ਕਮਰੇ ਵਿਚ ਆ ਕੇ ਉਹ ਡੂੰਘੀ ਰਾਤ ਤੱਕ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਚਰਚਾ ਕਰਦੇ ਰਹੇ।
ਉਥੇ ਬਿਤਾਏ ਤਿੰਨ ਦਿਨਾਂ ਵਿਚ ਇਕ ਸਨਿਮਰ ਵਿਅਕਤੀ, ਡੂੰਘੇ ਵਿਦਵਾਨ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ ਰਚਨਾਕਾਰ ਵਜੋਂ ਉਹਨਾਂ ਨੂੰ ਨੇੜਿਉਂ ਦੇਖਣ-ਜਾਣਨ ਦਾ, ਵੱਖ-ਵੱਖ ਵਿਸ਼ਿਆਂ ਬਾਰੇ ਉਹਨਾਂ ਨਾਲ ਵਿਚਾਰ-ਚਰਚਾ ਕਰਨ ਦਾ ਖੁੱਲ੍ਹਾ ਸਮਾਂ ਮਿਲ ਸਕਿਆ। ਭਾਰੇ-ਗੌਰੇ ਗਿਆਨਵਾਨ ਮਨੁੱਖ ਦੇ ਬੇਹੱਦ ਸਨਿਮਰ-ਸਾਦਾ ਹੋਣ ਦੀ ਉਹ ਵਧੀਆ ਮਿਸਾਲ ਹਨ। ਵਿਦਵਤਾ ਦਾ ਵਿਖਾਲਾ ਪਾਉਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਦਾ ਹਰ ਬੋਲ ਵਿਦਵਤਾ ਦੀ ਦੱਸ ਪਾ ਦਿੰਦਾ ਹੈ। ਜਦੋਂ ਵੀ ਗੱਲ ਹੁੰਦੀ ਹੈ, ਪ੍ਰੋ. ਹੰਪੱਨਾ ਜੀਵਨ-ਉਤਸਾਹ ਨਾਲ ਤੇ ਸਾਹਿਤਕ ਰਚਨਾਤਮਿਕਤਾ ਨਾਲ ਭਰਪੂਰ ਹੀ ਮਿਲਦੇ ਹਨ।
ਪ੍ਰੋ. ਹੰਪੱਨਾ ਦੀ ਬਹੁਪੱਖੀ ਕਲਮੀ ਘਾਲਨਾ ਨੂੰ ਅਨੇਕ ਕੌਮੀ-ਕੌਮਾਂਤਰੀ ਸਤਿਕਾਰ-ਸਨਮਾਨ ਮਿਲੇ ਹਨ। ਉਹਨਾਂ ਨੇ ਦੇਸ-ਪਰਦੇਸ ਦੀਆਂ ਅਨੇਕ ਯੂਨੀਵਰਸਿਟੀਆਂ ਵਿਚ ਅਤੇ ਕੌਮੀ-ਕੌਮਾਂਤਰੀ ਕਾਨਫ਼ਰੰਸਾਂ ਤੇ ਗੋਸ਼ਟੀਆਂ ਵਿਚ ਭਾਸ਼ਨ ਦਿੱਤੇ ਹਨ ਜਿਹੜਾ ਸਿਲਸਿਲਾ ਅਜੇ ਵੀ ਜਾਰੀ ਹੈ। ਉਹਨਾਂ ਦੀਆਂ ਰਚਨਾਵਾਂ ਅਨੇਕ ਭਾਸ਼ਾਵਾਂ ਵਿਚ ਅਨੁਵਾਦੀਆਂ ਗਈਆਂ ਹਨ। ਚਾਰੂ-ਵਸੰਤਾ ਦਾ ਪੰਜਾਬੀ ਵਿਚ ਅਨੁਵਾਦ ਮੂਲ ਕੱਨੜ ਦੇ ਹਿੰਦੀ ਅਨੁਵਾਦ ਤੋਂ ਕੀਤਾ ਗਿਆ ਹੋਣ ਕਰਕੇ ਅਨੁਵਾਦ-ਦਰ-ਅਨੁਵਾਦ ਹੈ। ਅਨੁਵਾਦਕ ਰਜਵੰਤ ਕੌਰ ਪ੍ਰੀਤ ਪੰਜਾਬੀ ਤੇ ਹਿੰਦੀ, ਦੋਵਾਂ ਭਾਸ਼ਾਵਾਂ ਦੀ ਐਮ. ਏ. ਹੈ ਅਤੇ ਪੰਜਾਬੀ ਵਿਚ ਕਵਿਤਾ ਵੀ ਲਿਖਦੀ ਹੈ। ਕਿਸੇ ਵੀ ਹੋਰ ਭਾਸ਼ਾ ਦੀ ਚੰਗੀ ਪੁਸਤਕ ਦਾ ਅਨੁਵਾਦ ਸਵਾਗਤਜੋਗ ਹੀ ਹੁੰਦਾ ਹੈ, ਪਰ ਕੱਨੜ ਸਾਹਿਤ ਪੰਜਾਬੀ ਪਾਠਕਾਂ ਤੱਕ ਬਹੁਤ ਹੀ ਘੱਟ ਪੁੱਜਿਆ ਹੋਣ ਕਰਕੇ ਇਹ ਪੁਸਤਕ ਹੋਰ ਵੀ ਵਧੀਕ ਸਵਾਗਤਜੋਗ ਹੋ ਜਾਂਦੀ ਹੈ। (ਪੁਸਤਕ ‘ਆਰਸੀ ਪਬਲਿਸ਼ਰਜ਼’, ਫੋਨ 9811225358 ਨੇ ਪ੍ਰਕਾਸ਼ਿਤ ਕੀਤੀ ਹੈ।)
ਸੰਪਰਕ: 8076363058