ਅੱਜ ਕੱਲ੍ਹ ਨਿਊਜ਼ੀਲੈਂਡ ਵਿਚ ਵੱਸਦੇ ਅਮਰਿੰਦਰ ਗਿੱਦਾ ਦੀ ਕਿਤਾਬ ਦਾ ਨਾਂ ‘ਭਾਰਤੀ ਹਾਕੀ ਦੇ ਨਾਬਰ’ ਹੈ। ਇਸ ਵਿਚ ਹਾਕੀ ਦੇ ਨਾਬਰ ਖਿਡਾਰੀਆਂ, ਕੋਚਾਂ ਅਤੇ ਨਾਬਰ ਖੇਡ ਪ੍ਰਮੋਟਰਾਂ ਦੀਆਂ ਬਾਤਾਂ ਹਨ। ਅਮਰਿੰਦਰ ਬਚਪਨ ਵਿਚ ਹੀ ਹਾਕੀ ਵੱਲ ਖਿੱਚਿਆ ਗਿਆ ਸੀ, ਫਿਰ ਕਾਲਜ ਵਿਚ ਪੜ੍ਹਦਿਆਂ ਹਾਕੀ ਖੇਡਣੀ ਛੱਡ ਕੇ ਪੱਤਰਕਾਰੀ ਕਰਨ ਲੱਗ ਪਿਆ, ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਜਲੰਧਰ ਤੋਂ ਪੱਤਰਕਾਰੀ ਦੀ ਮਾਸਟਰਜ਼ ਡਿਗਰੀ ਵੀ ਕਰ ਲਈ। ਇਉਂ ਉਹ ਆਪ ਖਿਡਾਰੀ ਤਾਂ ਨਾ ਬਣ ਸਕਿਆ ਪਰ ਖੇਡਾਂ ਨਾਲ ਜੁੜ ਕੇ ਰੀਝਾਂ ਲਾਹੁਣ ਲੱਗ ਪਿਆ। ਜਲੰਧਰ ਖੇਡ ਪੱਤਰਕਾਰੀ ਕਰਦਿਆਂ ਉਸ ਨੂੰ ਸਾਬਕਾ ਓਲੰਪਿਕ ਖਿਡਾਰੀਆਂ ਨਾਲ ਇੰਟਰਵਿਊ ਕਰਨ ਦੇ ਬੜੇ ਮੌਕੇ ਮਿਲੇ ਅਤੇ ਨਾਲ ਹੀ ਉਸ ਦੀ ਖੇਡ ਪੱਤਰਕਾਰੀ ਨਿੱਖਰਦੀ ਰਹੀ।
ਪ੍ਰਿੰ. ਸਰਵਣ ਸਿੰਘ
ਅਮਰਿੰਦਰ ਗਿੱਦਾ ਦੀ ਪੁਸਤਕ ਪੜ੍ਹ ਕੇ ਮੈਂ ਉਹਦਾ ਨਾਂ ਹੀ ਅਮਰਿੰਦਰ ਨਾਬਰ ਰੱਖ ਲਿਆ ਹੈ। ਨਾਬਰ ਦਾ ਮਤਲਬ ਹੈ ਅਣਖੀ, ਬਾਗ਼ੀ, ਵਿਦਰੋਹੀ। ਹੁਣ ਉਹ ਨਿਊਜ਼ੀਲੈਂਡੀਆ ਬਣਿਆ ਹੋਇਐ। ਉਸ ਦੀ ਖੇਡ ਪੁਸਤਕ ਦਾ ਨਾਂ ਹੈ ‘ਭਾਰਤੀ ਹਾਕੀ ਦੇ ਨਾਬਰ’। ਇਸ ਵਿਚ ਉਸ ਨੇ ਹਾਕੀ ਦੇ ਨਾਬਰ ਖਿਡਾਰੀਆਂ, ਨਾਬਰ ਕੋਚਾਂ ਤੇ ਨਾਬਰ ਖੇਡ ਪ੍ਰਮੋਟਰਾਂ ਦੀਆਂ ਬਾਤਾਂ ਪਾਈਆਂ ਹਨ, ਜਿਵੇਂ ਉਹ ਵੀ ਦੁੱਲੇ ਭੱਟੀ ਦੇ ਭਰਾ ਹੋਣ! ਸ਼ੁਕਰ ਹੈ ਉਹ ਜੰਮਣ ਵੇਲੇ ਨਾਬਰ ਨਹੀਂ ਹੋਇਆ। ਜਣੇਪਾ ਸੁੱਖੀ ਸਾਂਦੀ ਹੋ ਗਿਆ। ਨਾਬਰ ਹੋ ਬਹਿੰਦਾ ਤਾਂ ਨਿਊਜ਼ੀਲੈਂਡੀਆ ਕਿਵੇਂ ਬਣਦਾ? ਉਥੇ ਆਪਣੇ ਕੰਮ ਕਾਰ ਨਾਲ ਖੇਡ ਮੀਡੀਆਕਾਰੀ ਦਾ ਸ਼ੌਕ ਵੀ ਪਾਲਦਾ ਹੈ ਤੇ ਬੱਲੇ ਬੱਲੇ ਵੀ ਕਰਵਾਈ ਜਾਂਦਾ ਹੈ। ਕਦੇ ਹਾਕੀ ਤੇ ਕਦੇ ਕ੍ਰਿਕਟ ਦੇ ਮੈਚਾਂ ਦੀ ਕੁਮੈਂਟਰੀ ਕਰਦਾ ਹੈ। ਕਦੇ ਕਿਸੇ ਅਖ਼ਬਾਰ ਨੂੰ ਖੇਡ ਰਿਪੋਰਟਾਂ ਭੇਜ ਦਿੰਦੈ। ਕਦੇ ਦੇਸ ਵੀ ਗੇੜਾ ਮਾਰ ਜਾਂਦੈ।
ਉਸ ਦਾ ਜਨਮ ਮੋਹਨ ਸਿੰਘ ਗਿੱਦਾ ਅਤੇ ਸ਼ਰਨਜੀਤ ਕੌਰ ਦੇ ਘਰ ਪਿੰਡ ਸੁੱਜੋਂ, ਜਿ਼ਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਹੋਇਆ ਸੀ। ਅਜੇ ਬਚਪਨ ਵਿਚ ਹੀ ਸੀ ਕਿ ਹਾਕੀ ਦੀ ਖੇਡ ਵੱਲ ਖਿੱਚਿਆ ਗਿਆ। ਖੇਡ ਪ੍ਰੇਮੀ ਪਿਤਾ ਉਸ ਨੂੰ ਹਾਕੀ ਦਾ ਤਕੜਾ ਖਿਡਾਰੀ ਬਣਾਉਣ ਦੇ ਹੱਕ ਵਿਚ ਸੀ ਪਰ ਮਾਤਾ ਅਧਿਆਪਕਾ ਹੋਣ ਕਰਕੇ ਚਾਹੁੰਦੀ ਸੀ ਕਿ ਪੁੱਤਰ ਪੜ੍ਹਾਈ ਕਰ ਕੇ ਪੈਰਾਂ ਸਿਰ ਖੜ੍ਹਾ ਹੋਵੇ। ਅਧਿਆਪਕ ਮਾਪੇ ਇੰਜ ਹੀ ਸੋਚਦੇ ਹਨ।
ਅਮਰਿੰਦਰ ਕਾਲਜ ਵਿਚ ਪੜ੍ਹਦਾ ਸੀ ਕਿ ਹਾਕੀ ਖੇਡਣੀ ਛੱਡ ਕੇ ਹਾਕੀ ਦੀ ਪੱਤਰਕਾਰੀ ਨਾਲ ਖੇਡਣ ਲੱਗ ਪਿਆ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਜਲੰਧਰ ਤੋਂ ਪੱਤਰਕਾਰੀ ਦੀ ਮਾਸਟਰ ਡਿਗਰੀ ਹਾਸਲ ਕਰ ਕੇ ਅਖ਼ਬਾਰਾਂ ਦੇ ਰਿਪੋਰਟਰ ਵਜੋਂ ਬਗਾਵਤਾਂ ਕਰਨ ਲੱਗਾ। ਉਸ ਦਾ ਵੱਡਾ ਭਰਾ ਮਨਦੀਪ ਸਿੰਘ ਤੇ ਦੋਸਤ ਅਰੁਨਦੀਪ ਪੱਤਰਕਾਰੀ ਦੀ ਸ਼ੁਰੂਆਤ ਸਮੇਂ ਉਸ ਦੇ ਪ੍ਰੇਰਨਾ ਸ੍ਰੋਤ ਬਣੇ। ਇਹ ਉਹਦੀ ਜਿ਼ੰਦਗੀ ਦਾ ਅਜਿਹਾ ਮੋੜ ਸੀ ਕਿ ਉਹ ਆਪਣੀ ਖਿਡਾਰੀ ਬਣਨ ਦੀ ਚਾਹਤ ਤਾਂ ਪੂਰੀ ਨਹੀਂ ਸੀ ਕਰ ਸਕਦਾ ਪਰ ਖੇਡਾਂ ਨਾਲ ਜੁੜੇ ਰਹਿਣ ਦੀ ਰੀਝ ਜ਼ਰੂਰ ਪੂਰੀ ਕਰ ਸਕਦਾ ਸੀ। ਉਸ ਨੂੰ ਖੇਡ ਲੇਖਕ ਨਵਦੀਪ ਸਿੰਘ ਗਿੱਲ ਨਾਲ ਮਿਲਣ ਗਿਲਣ ਦੇ ਮੌਕੇ ਮਿਲੇ ਜਿਸ ਨਾਲ ਉਹਦੀ ਖੇਡ ਲੇਖਣੀ ਵਿਚ ਹੋਰ ਨਿਖਾਰ ਆਉਂਦਾ ਗਿਆ। ਜਲੰਧਰ ਵਿਚ ਖੇਡ ਪੱਤਰਕਾਰੀ ਕਰਦਿਆਂ ਉਸ ਨੂੰ ਸਾਬਕਾ ਓਲੰਪਿਕ ਖਿਡਾਰੀਆਂ ਨਾਲ ਇੰਟਰਵਿਊ ਕਰਨ ਦੇ ਮੌਕੇ ਮਿਲਦੇ ਰਹੇ। ਫਿਰ ਉਹ ਪਰਦੇਸ ਉਡਾਰੀ ਮਾਰ ਗਿਆ।
2007 ਵਿਚ ਨਿਊਜ਼ੀਲੈਂਡ ਚਲੇ ਜਾਣ ਪਿੱਛੋਂ ਉਹ ਕੁਝ ਦੇਰ ਪੱਤਰਕਾਰੀ ਤੋਂ ਦੂਰ ਰਿਹਾ। 2010 ਵਿਚ ਉਹਦੀ ਪਤਨੀ ਅੰਮ੍ਰਿਤਪ੍ਰੀਤ ਨੇ ਉਹਦਾ ਖੇਡਾਂ ਪ੍ਰਤੀ ਰੁਝਾਨ ਦੇਖਦਿਆਂ ਉਸ ਦਾ ਨਾਮ ਰੇਡੀਓ ਸਪਾਈਸ ਨਿਊਜ਼ੀਲੈਂਡ ਵਿਚ ਖੇਡਾਂ ਦਾ ਪ੍ਰੋਗਰਾਮ ਪੇਸ਼ ਕਰਨ ਲਈ ਲਿਖਵਾ ਦਿੱਤਾ। ਉਹ ਪ੍ਰੋਗਰਾਮ ਉਸ ਨੇ 2010 ਤੋਂ 2015 ਤਕ ਪੇਸ਼ ਕੀਤਾ। ਇਸ ਸਫ਼ਰ ਦੌਰਾਨ ਉਸ ਨੂੰ ਕੌਮਾਂਤਰੀ ਹਾਕੀ ਤੇ ਕ੍ਰਿਕਟ ਦੇ ਮੁਕਾਬਲੇ ਬਤੌਰ ਰੇਡੀਓ ਪੇਸ਼ਕਾਰ ਪੇਸ਼ ਕਰਨ ਦੇ ਮੌਕੇ ਮਿਲੇ। ਇੰਜ ਉਹ ਕੌਮਾਂਤਰੀ ਖੇਡ ਪੱਤਰਕਾਰ ਬਣ ਗਿਆ। ਉਸ ਦੀ ਪਲੇਠੀ ਪੁਸਤਕ ‘ਭਾਰਤੀ ਹਾਕੀ ਦੇ ਨਾਬਰ’ ਵਿਚ ਭਾਰਤੀ ਹਾਕੀ ਦੇ ਨਾਬਰੀ ਕਿਰਦਾਰ ਦੀਆਂ ਬਾਤਾਂ ਪਾਈਆਂ ਹਨ। ਨਾਬਰ ਭਾਵੇਂ ਭਾਰਤੀ ਹਾਕੀ ਟੀਮ ਦਾ ਕਪਤਾਨ ਰਿਹਾ ਹੋਵੇ, ਟੀਮ ਦਾ ਅਹਿਮ ਖਿਡਾਰੀ ਹੋਵੇ, ਕੋਚ ਰਿਹਾ ਹੋਵੇ, ਹਾਕੀ ਅਕਾਡਮੀ ਹੋਵੇ, ਹਾਕੀ ਪ੍ਰੇਮੀ ਪਰਿਵਾਰ ਹੋਵੇ ਜਾਂ ਫਿਰ ਇਹੋ ਜਿਹਾ ਕੋਈ ਵਿਅਕਤੀ ਹੋਵੇ ਜਿਸ ਨੇ ਸਰਕਾਰੀ ਨੌਕਰੀ ਨੂੰ ਠ੍ਹਕਰ ਮਾਰ ਕੇ ਰੁਜ਼ਗਾਰ ਹੀ ਹਾਕੀ ਦੀ ਭੇਟ ਚੜ੍ਹਾ ਦਿੱਤਾ ਹੋਵੇ। ਪੱਤਰਕਾਰੀ ਵਿਚ ਲਗਭਗ ਦਸ ਸਾਲ ਦੇ ਤਜਰਬੇ ਤੋਂ ਬਾਅਦ ਖੇਡਾਂ ਪ੍ਰਤੀ ਆਪਣੀ ਜਿ਼ੰਮੇਦਾਰੀ ਸਮਝਦਿਆਂ ਉਸ ਨੇ ਇਹ ਕਿਤਾਬ ਦੇ ਪਾਠਕਾਂ ਦੇ ਸਨਮੁਖ ਕੀਤੀ ਹੈ। ਇਸ ਵਿਚੋਂ ਪੇਸ਼ ਹੈ ਇਕ ਖਿਡਾਰੀ ਦੀ ਹੱਡਬੀਤੀ:
ਆਪਣੇ ਬਲ ’ਤੇ ਜੂਝਣ ਵਾਲਾ
ਬਲਜੀਤ ਸਿੰਘ ਪਹਿਲਾਂ ਫਾਰਵਰਡ ਖਿਡਾਰੀ ਵਜੋਂ ਹਾਕੀ ਖੇਡਦਾ ਹੁੰਦਾ ਸੀ। ਫਾਰਵਰਡ ਤੋਂ ਗੋਲਕੀਪਰ ਬਣਨ ਬਾਰੇ ਉਹ ਦੱਸਦਾ ਹੈ ਕਿ 1995-96 ਵਿਚ ਸਾਡੀ ਟੀਮ ਦਿੱਲੀ ਜੂਨੀਅਰ ਟੂਰਨਾਮੈਂਟ ਖੇਡਣ ਗਈ। ਉਸ ਸਮੇਂ ਮੈਂ ਫਾਰਵਰਡ ਖੇਡਦਾ ਸੀ। ਸਾਡੀ ਟੀਮ ਦੇ ਗੋਲਕੀਪਰ ਦੀ ਉਮਰ ਮੈਡੀਕਲ ਟੈਸਟ ਵਿਚ ਇੱਕੀ ਸਾਲਾਂ ਤੋਂ ਵੱਧ ਨਿਕਲ ਗਈ। ਰਾਤੋ-ਰਾਤ ਸਵਾਲ ਖੜ੍ਹਾ ਹੋ ਗਿਆ ਕਿ ਅਗਲੇ ਦਿਨ ਮੈਚ ਵਿਚ ਗੋਲਕੀਪਰ ਕੌਣ ਖੜੇ੍ਹਗਾ? ਮੈਂ ਆਪਣੇ ਕੋਚ ਨੂੰ ਕਿਹਾ ਕਿ ਮੈਨੂੰ ਗੋਲਕੀਪਰ ਖੜ੍ਹਾ ਕਰ ਦਿਓ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਫਿਰ ਟੀਮ ਦੇ ਬਾਕੀ ਖਿਡਾਰੀਆਂ ਤੋਂ ਪੁੱਛਿਆ ਗਿਆ। ਕੋਈ ਵੀ ਗੋਲਕੀਪਰ ਵਜੋਂ ਖੇਡਣ ਨੂੰ ਤਿਆਰ ਨਹੀਂ ਸੀ। ਫਿਰ ਕੋਚ ਨੇ ਮੈਨੂੰ ਹੀ ਕਿਹਾ, “ਚੱਲ ਬਲਜੀਤ, ਤੂੰ ਹੀ ਗੋਲਕੀਪਰ ਖੇਡੀਂ।”
ਉਸ ਦਿਨ ਤੋਂ ਬਾਅਦ ਬਲਜੀਤ ਨੇ ਮੁੜ ਕੇ ਕਦੇ ਵੀ ਪਿੱਛੇ ਨਹੀਂ ਦੇਖਿਆ ਤੇ ਗੋਲਕੀਪਰ ਹੀ ਖੇਡਿਆ। ਬਲਜੀਤ ਅਜਿਹਾ ਕਿਰਦਾਰ ਹੈ ਜਿਸ ਲਈ ਆਤਮ ਸਨਮਾਨ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਇਸ ਦੀਆਂ ਕਈ ਉਦਾਹਰਨਾਂ ਬਲਜੀਤ ਦੀ ਜਿੰ਼ਦਗੀ ਚੋਂ ਮਿਲ ਜਾਂਦੀਆਂ ਹਨ। ਸ਼ਾਇਦ ਇਸੇ ਲਈ ਬਲਜੀਤ ਨੇ ਆਪਣੀ ਟੀਮ ਦੇ ਗੋਲਕੀਪਰ ਦੇ ਬਾਹਰ ਹੋਣ ਤੋਂ ਬਾਅਦ ਆਪ ਗੋਲਕੀਪਰ ਬਣਨ ਦੀ ਜਿੰ਼ਮੇਵਾਰੀ ਲਈ ਜੋ ਬਾਅਦ ਵਿਚ ਉਹਦੇ ਖੇਡ ਕਰੀਅਰ ਨੂੰ ਹੀ ਲੈ ਬੈਠੀ।
2000 ਦੇ ਆਸ-ਪਾਸ ਜਦ ਬਲਜੀਤ ਜੂਨੀਅਰ ਹਾਕੀ ਕੱਪ ਲਈ ਰਾਸ਼ਟਰੀ ਪੱਧਰ ਦੇ ਟ੍ਰੇਨਿੰਗ ਕੈਂਪ ਚ ਸੀ ਤਾਂ ਬਲਜੀਤ ਦਾ ਬੀਏ ਭਾਗ ਦੂਜੇ ਦਾ ਇਮਤਿਹਾਨ ਆ ਗਿਆ। ਬਲਜੀਤ ਨੇ ਕੈਂਪ ਦੇ ਕੋਚ ਕੋਲੋਂ ਛੁੱਟੀ ਜਾਣ ਦੀ ਆਗਿਆ ਮੰਗੀ ਤਾਂ ਕਿ ਉਹ ਇਮਤਿਹਾਨ ਦੇ ਸਕੇ। ਬਲਜੀਤ ਨੂੰ ਕਾਫੀ ਕੁਝ ਬੁਰਾ ਭਲਾ ਸੁਣਨਾ ਪਿਆ ਕਿ ਹਾਕੀ ਨੇ ਹੀ ਤੈਨੂੰ ਸਭ ਕੁਝ ਦੇਣਾ, ਪੜ੍ਹਾਈ ਤਾਂ ਪਛੜ ਕੇ ਵੀ ਚਲਦੀ ਰਹੇਗੀ ਵਗੈਰਾ-ਵਗੈਰਾ। ਬਲਜੀਤ ਨੇ ਸਭ ਕੁਝ ਸਬਰ ਨਾਲ ਸੁਣਿਆ, ਫਿਰ ਵੀ ਇਮਤਿਹਾਨ ਚ ਬੈਠਣ ਦੀ ਆਪਣੀ ਹਿੰਡ ਨਾ ਛੱਡੀ। ਬਲਜੀਤ ਨੇ ਇਮਤਿਹਾਨ ਦੇ ਦਿੱਤਾ ਜਿਸ ਦੀ ਸਜ਼ਾ ਇਹ ਮਿਲੀ ਕਿ ਬਾਅਦ ਵਿਚ ਉਸ ਨੂੰ ਕਦੇ ਵੀ ਜੂਨੀਅਰ ਕੈਂਪ ਲਈ ਸੱਦਾ ਨਾ ਮਿਲਿਆ। ਇੰਜ ਖੇਡਣ ਨਾਲ ਪੜ੍ਹਦੇ ਰਹਿਣ ਦੀ ਉਸ ਨੂੰ ਬੜੀ ਵੱਡੀ ਸਜ਼ਾ ਮਿਲੀ।
ਪਰ ਬਲਜੀਤ ਲਈ ਇਹ ਘਟਨਾ ਕੋਈ ਜਿ਼ਆਦਾ ਦੁਖਦਾਇਕ ਸਾਬਤ ਨਾ ਹੋਈ ਕਿਉਂਕਿ ਉਹ ਇਸ ਤੋਂ ਵੀ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਦਾ ਰਿਹਾ। ਸਾਲ 2009 ਚ ਬਲਜੀਤ ਦੇ ਅਜਿਹੀ ਸੱਟ ਲੱਗੀ ਜਿਸ ਨਾਲ ਉਹਦੀ ਸੱਜੀ ਅੱਖ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਸੱਟ ਤੋਂ ਬਾਅਦ ਬਲਜੀਤ ਨੇ ਪਹਿਲਾਂ ਆਪਣੇ ਵਿਭਾਗ ਦੀ ਟੀਮ ਚ ਜਗ੍ਹਾ ਹਾਸਿਲ ਕਰਨ ਲਈ ਮਿਹਨਤ ਕੀਤੀ, ਫਿਰ ਟੀਮ ਚ ਖੇਡਣ ਲਈ, ਫਿਰ ਰਾਜ ਪੱਧਰ ਲਈ ਤੇ ਫਿਰ ਰਾਸ਼ਟਰੀ ਪੱਧਰ ਲਈ। ਬਲਜੀਤ ਕਹਿੰਦਾ ਹੈ ਕਿ ਇਹ ਸਫ਼ਰ ਸੌਖਾ ਨਹੀਂ ਸੀ। ਬਲਜੀਤ ਨਾਲ ਜੁਲਾਈ 2009 ਚ ਵਾਪਰੀ ਇਸ ਦੁਖਦਾਈ ਘਟਨਾ ਤੋਂ ਬਾਅਦ ਬਲਜੀਤ ਨੇ ਫਿਰ ਵੀ ਆਪਣੀ ਖੇਡ ਨਹੀਂ ਛੱਡੀ। ਉਸ ਨੇ ਆਪਣੀ ਖੇਡ ਨਾਲ, ਆਪਣੇ ਹੌਸਲੇ ਨਾਲ, ਆਪਣੀ ਲਗਨ ਨਾਲ, ਆਪਣੇ ਪਰਿਵਾਰ ਦੇ ਸਾਥ ਨਾਲ ਅਤੇ ਸਖ਼ਤ ਮਿਹਨਤ ਨਾਲ ਉਨ੍ਹਾਂ ਖੇਡ ਅਧਿਕਾਰੀਆਂ ਨੂੰ ਜਵਾਬ ਦੇਣਾ ਚਾਹਿਆ ਜਿਨ੍ਹਾਂ ਨੇ ਬਲਜੀਤ ਨਾਲ ਵਾਪਰੀ ਘਟਨਾ ਤੋਂ ਬਾਅਦ ਜਾਣ ਬੁੱਝ ਕੇ ਅੱਖਾਂ ਮੀਚ ਲਈਆਂ ਸਨ। ਬਲਜੀਤ ਦੇ ਨਾਬਰ ਕਿਰਦਾਰ ਨੂੰ ਸਮਝਣ ਲਈ ਉਸ ਨਾਲ ਵਾਪਰੀ ਘਟਨਾ ਤੋਂ ਬਾਅਦ ਉਸ ਨਾਲ ਹੋਏ ਵਿਹਾਰ ਦਾ ਹਰ ਪੱਖ ਜਾਨਣਾ ਜ਼ਰੂਰੀ ਹੈ।
ਜੁਲਾਈ 2009 ਬਲਜੀਤ ਪੁਣੇ ਵਿਖੇ ਭਾਰਤੀ ਹਾਕੀ ਟੀਮ ਦੇ ਨੈਸ਼ਨਲ ਕੈਂਪ ਵਿਚ ਸੀ ਜਿਥੇ ਭਾਰਤੀ ਹਾਕੀ ਟੀਮ ਦੇ ਗੋਲਕੀਪਰਾਂ ਦੇ ਕੋਚ ਰੋਮੀਓ ਜੇਮਸ ਸਨ। ਰੋਮੀਓ ਜੇਮਸ ਭਾਰਤੀ ਟੀਮ ਦੇ ਖ਼ੁਦ ਗੋਲਕੀਪਰ ਰਹੇ ਸਨ ਪਰ ਹਾਕੀ ਛੱਡਣ ਤੋਂ ਬਾਅਦ ਉਨ੍ਹਾਂ ਗੋਲਫ ਖੇਡਣੀ ਸ਼ੁਰੂ ਕਰ ਦਿੱਤੀ ਸੀ। ਜਦ ਉਹ ਭਾਰਤੀ ਟੀਮ ਦੇ ਗੋਲਕੀਪਰ ਕੋਚ ਬਣੇ ਤਾਂ ਉਨ੍ਹਾਂ ਨੇ ਆਪਣਾ ਗੋਲਫ ਦਾ ਸ਼ੌਂਕ ਵੀ ਨਾਲ ਲੈ ਆਂਦਾ। ਖ਼ੈਰ, ਆਪਣੀ ਟੀਮ ਦੇ ਗੋਲਕੀਪਰਾਂ ਦੀ ਸਰੀਰਕ ਫੁਰਤੀ ਵਧਾਉਣ ਲਈ ਗੋਲਫ ਦੀ ਗੇਂਦ ਨਾਲ ਹਲਕੀਆਂ ਹਿੱਟਾਂ ਮਾਰ ਰਹੇ ਸਨ ਤੇ ਟੀਮ ਦੇ ਗੋਲਕੀਪਰ ਉਨ੍ਹਾਂ ਹਿੱਟਾਂ ਨੂੰ ਰੋਕ ਰਹੇ ਸਨ। ਬਲਜੀਤ ਸਮੇਤ ਹੋਰ ਗੋਲਕੀਪਰਾਂ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ। ਬਲਜੀਤ ਪਹਿਲਾ ਮੁਕਾਬਲਾ ਜਿੱਤ ਚੁੱਕਾ ਸੀ ਅਤੇ ਦੂਸਰੇ ਮੁਕਾਬਲੇ ਚ ਕਾਫੀ ਬਿਹਤਰ ਖੇਡ ਰਿਹਾ ਸੀ। ਕੋਚ ਰੋਮੀਓ ਜੇਮਸ ਗੋਲਫ ਦੀਆਂ ਗੇਂਦਾਂ ਨੂੰ ਨਿਰੰਤਰ ਹਿੱਟਾਂ ਮਾਰ ਰਹੇ ਸਨ ਅਤੇ ਸਾਹਮਣੇ ਬਲਜੀਤ ਸੀ ਕਿ ਕੋਚ ਦੀ ਹਾਕੀ ਚੋਂ ਇੱਕ ਹਿੱਟ ਤੇਜ਼ੀ ਨਾਲ ਨਿਕਲੀ ਜੋ ਸਿੱਧੀ ਬਲਜੀਤ ਦੀ ਸੱਜੀ ਅੱਖ ਤੇ ਜਾ ਵੱਜੀ। ਗੋਲਫ ਦੀ ਗੇਂਦ ਹਾਕੀ ਦੀ ਗੇਂਦ ਦੇ ਮੁਕਾਬਲੇ ਛੋਟੀ ਹੋਣ ਕਾਰਨ ਬਲਜੀਤ ਵੱਲੋਂ ਪਾਏ ਹਾਕੀ ਹੈਲਮਟ ਨਾਲ ਨਾ ਰੁਕੀ। ਗੇਂਦ ਵੱਜਣ ਸਾਰ ਹੀ ਬਲਜੀਤ ਨੂੰ ਅਹਿਸਾਸ ਹੋਇਆ ਕਿ ਸੱਟ ਜਿ਼ਆਦਾ ਲੱਗ ਗਈ ਹੈ। ਅੱਖ ਤੇ ਵੱਡਾ ਕੱਟ ਆ ਗਿਆ ਸੀ। ਇਸ ਪੂਰੇ ਵਰਤਾਰੇ ਚ ਹਾਕੀ ਦੇ ਨਿਯਮਾਂ ਦੀ ਉਲੰਘਣਾਂ ਤਾਂ ਹੋਈ ਪਰ ਬਲਜੀਤ ਅਜੇ ਤੱਕ ਇਹ ਸੰਤਾਪ ਭੋਗ ਰਿਹਾ ਹੈ। ਫਿਰ ਵੀ ਜਿਸ ਜਿ਼ੰਦਾਦਿਲੀ ਨਾਲ ਉਸ ਨੇ ਆਪਣੇ ਆਪ ਨੂੰ ਵਾਪਿਸ ਸਥਾਪਿਤ ਕੀਤਾ ਉਸ ਤੇ ਬਲਜੀਤ ਵੀ ਮਾਣ ਕਰਦਾ ਹੈ ਤੇ ਉਸ ਦਾ ਨਾਬਰ ਕਿਰਦਾਰ ਜਾਨਣ ਤੋਂ ਬਾਅਦ ਹੋਰ ਵੀ ਉਸ ਤੇ ਮਾਣ ਕਰਨਗੇ।
ਇਸ ਸੱਟ ਲਈ ਕੋਈ ਵੀ ਤਿਆਰ ਨਹੀਂ ਸੀ, ਨਾ ਮੈਡੀਕਲ ਅਮਲਾ, ਨਾ ਬਲਜੀਤ ਅਤੇ ਨਾ ਹੀ ਉਸ ਦਾ ਕੋਚ ਰੋਮੀਓ ਜੇਮਸ। ਭਾਰਤੀ ਹਾਕੀ ਟੀਮ ਦਾ ਨੈਸ਼ਨਲ ਕੈਂਪ ਸੀ ਜਿਸ ਵਿਚ ਖਿਡਾਰੀ ਦੇ ਸਰੀਰਕ ਨੁਕਸਾਨ ਦੀ ਪੂਰਤੀ ਲਈ ਬਣਾਏ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ। ਮੈਡੀਕਲ ਅਮਲੇ ਦੇ ਨਾਲ ਕੋਈ ਵੀ ਐਂਬੂਲੈਂਸ ਨਹੀਂ ਸੀ ਜਿਸ ਕਰਕੇ ਬਲਜੀਤ ਨੂੰ ਟੈਕਸੀ ਤੇ ਪੁਣੇ ਦੇ ਸਾਂਚੇਤੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੱਕ ਲਗਭਗ ਇੱਕ ਘੰਟਾ ਲੱਗਾ। ਬਲਜੀਤ ਦੀ ਅੱਖ ਦੇ ਕੋਰਨੀਆ ਦਾ ਇਲਾਜ ਸਾਂਚੇਤੀ ਹਸਪਤਾਲ ਵਿਖੇ ਹੋਇਆ ਪਰ ਰੈਟੀਨਾ ਦੇ ਇਲਾਜ ਨੂੰ ਲੈ ਕੇ ਡਾਕਟਰ ਝਿਜਕ ਰਹੇ ਸਨ। ਬਲਜੀਤ ਨੂੰ ਅਗਲੇ ਦਿਨ ਪੁਣੇ ਤੋਂ ਏਮਸ ਭੇਜ ਦਿੱਤਾ ਗਿਆ। ਉਥੇ ਵੀ ਕਾਫੀ ਟੈਸਟ ਕੀਤੇ ਗਏ ਪਰ ਰੈਟੀਨਾ ਦਾ ਕੋਈ ਇਲਾਜ ਨਾ ਹੋਇਆ, ਜਦ ਕਿ 18 ਦਿਨ ਬਲਜੀਤ ਏਮਸ ਵਿਖੇ ਦਾਖਲ ਰਿਹਾ। ਇਨ੍ਹਾਂ 18 ਦਿਨਾਂ ਬਾਰੇ ਦੱਸਦਿਆਂ ਬਲਜੀਤ ਨੇ ਕਿਹਾ ਕਿ ਜਦ ਮੈਨੂੰ ਲੱਗਾ ਮੇਰਾ ਸਹੀ ਇਲਾਜ ਨਹੀਂ ਹੋ ਰਿਹਾ ਤਾਂ ਇੱਕ ਵਾਰ ਮੈਨੂੰ ਆਪਣੇ ਆਪ ਤੇ ਕਾਬੂ ਰੱਖਣਾ ਮੁਸ਼ਕਿਲ ਹੋ ਗਿਆ ਸੀ। ਇਸੇ ਦੌਰਾਨ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਹਾ ਕਿ ਪਤਾ ਕਰੋ ਇਸ ਸੱਟ ਦਾ ਬਿਹਤਰ ਇਲਾਜ ਕਿਥੇ ਹੋ ਸਕਦਾ ਹੈ? ਮੈਂ ਆਪਣੀ ਮਾੜੀ ਆਰਥਿਕਤਾ ਅਨੁਸਾਰ ਵੀ ਆਪਣਾ ਇਲਾਜ ਕਰਵਾਉਣ ਲਈ ਤਿਆਰ ਸੀ।
ਸੱਟ ਲੱਗਣ ਤੋਂ 20-25 ਦਿਨਾਂ ਬਾਅਦ ਬਲਜੀਤ ਨੂੰ ਇਲਾਜ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜਿਆ ਗਿਆ। ਅਮਰੀਕਾ ਵਿਚ ਬਲਜੀਤ ਸਭ ਤੋਂ ਪਹਿਲਾਂ ਜੌਹਨ ਹੈਪਕਿੰਸ ਹਸਪਤਾਲ ਗਿਆ ਪਰ ਉੱਥੇ ਕੋਈ ਗੱਲ ਨਾ ਬਣੀ। ਯਾਰਾਂ ਦੋਸਤਾਂ ਦੀ ਸਲਾਹ ਨਾਲ ਡਾਕਟਰ ਮੌਰਿਸ ਕੋਲ ਪਹੁੰਚੇ। ਡਾਕਟਰ ਮੌਰਿਸ ਨੇ ਅਮਰੀਕਾ ਚ 9/11 ਦੇ ਅਤਿਵਾਦੀ ਹਮਲੇ ਵਿਚ ਜ਼ਖਮੀ ਹੋਏ ਕਈ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਮੋੜ ਲਿਆਂਦੀ ਸੀ। ਡਾਕਟਰ ਨਾਲ ਪੂਰੀ ਸੱਟ ਦੀ ਤੇ ਉਦੋਂ ਤੱਕ ਹੋਏ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ, ਸਾਡੀ ਕੋਈ ਗਰੰਟੀ ਨਹੀਂ ਕਿ ਸੱਜੀ ਅੱਖ ਦੀ ਨਿਗ੍ਹਾ ਵਾਪਿਸ ਆ ਜਾਵੇ ਪਰ ਅਸੀਂ ਇਲਾਜ ਕਰਾਂਗੇ ਅਤੇ ਫਿਰ ਕੁਝ ਦੱਸ ਸਕਾਂਗੇ। ਡਾਕਟਰ ਨੇ ਕਿਹਾ ਕਿ ਤੁਸੀਂ ਪਹਿਲਾਂ ਹੀ ਇੱਕ ਮਹੀਨਾ ਖ਼ਰਾਬ ਕਰ ਚੁੱਕੇ ਹੋ। ਖੈ਼ਰ, ਇਲਾਜ ਸ਼ੁਰੂ ਹੋਇਆ ਅਤੇ ਬਲਜੀਤ ਦੀ ਪਹਿਲੀ ਸਰਜਰੀ ਹੋਈ। ਇਸ ਸਰਜਰੀ ਤੋਂ ਬਾਅਦ ਪਹਿਲੀ ਵਾਰ ਬਲਜੀਤ ਨੇ ਆਪਣੀ ਸੱਜੀ ਅੱਖ ਨਾਲ ਆਪਣਾ ਹੱਥ ਹਿੱਲਦਾ ਦੇਖਿਆ। ਇਸੇ ਹੱਥ ਨਾਲ ਅਤੇ ਇਸੇ ਅੱਖ ਦੇ ਤਾਲਮੇਲ ਦੇ ਨਾਲ ਹੀ ਬਲਜੀਤ ਨੇ ਭਾਰਤੀ ਹਾਕੀ ਟੀਮ ਨਾਲ ਸੁਨਹਿਰੀ ਦਿਨ ਦੇਖੇ ਸਨ ਜਦ ਏਸ਼ੀਅਨ ਚੈਂਪੀਅਨਸ਼ਿਪ ਵਿਚ ਬਲਜੀਤ ਨੇ ਕੋਰਿਆਈ ਟੀਮ ਦੇ ਤੇਜ਼ਤਰਾਰ ਹਮਲੇ ਚਕਨਾਚੂਰ ਕੀਤੇ ਸਨ। ਇਸ ਸਰਜਰੀ ਤੋਂ ਪਹਿਲਾਂ ਬਲਜੀਤ ਦੀ ਸੱਜੀ ਅੱਖ ਅੱਗੇ ਬਿਲਕੁਲ ਹਨ੍ਹੇਰਾ ਸੀ।
ਡਾਕਟਰ ਮੌਰਿਸ ਮੁਤਾਬਿਕ ਬਲਜੀਤ ਦੀ ਅੱਖ ਦੇ ਇਲਾਜ ਲਈ ਅਜੇ ਦੋ ਹੋਰ ਪੜਾਅ ਬਾਕੀ ਸਨ ਪਰ ਸਮੇਂ ਦੀ ਸਰਕਾਰ ਨੇ ਬਲਜੀਤ ਤੋਂ ਬਿਨਾ ਪੁੱਛੇ, ਡਾਕਟਰ ਦੀ ਸਲਾਹ ਨੂੰ ਪਾਸੇ ਰੱਖ ਕੇ ਭਾਰਤ ਵਾਪਸੀ ਦੀ ਟਿਕਟ ਕਰਵਾ ਦਿੱਤੀ। ਬਲਜੀਤ ਨੇ ਕੁਝ ਸਵਾਲ ਕੀਤੇ ਪਰ ਬਲਜੀਤ ਨੂੰ ਮੌਕੇ ਤੇ ਭਰੋਸਾ ਦਿਵਾਇਆ ਗਿਆ ਕਿ ਤੇਰਾ ਇਲਾਜ ਭਾਰਤ ਵਿਚ ਕਰਵਾਇਆ ਜਾਵੇਗਾ। ਬਲਜੀਤ ਨੇ ਯਕੀਨ ਕਰ ਲਿਆ ਅਤੇ ਵਾਪਸ ਭਾਰਤ ਆ ਗਿਆ। ਭਾਰਤ ਆਉਂਦਿਆਂ ਬਲਜੀਤ ਨੇ ਆਪਣੀ ਇਲਾਜ ਦੀ ਗੱਲ ਕੀਤੀ ਪਰ ਕਿਸੇ ਨੇ ਉੱਤਾ ਨਾ ਵਾਚਿਆ। ਬਲਜੀਤ ਨੇ ਉਮੀਦ ਨਾ ਛੱਡੀ ਤੇ ਨਾ ਹੀ ਕਿਸੇ ਤੇ ਉਂਗਲ ਚੁੱਕੀ ਕਿਉਂਕਿ ਉਸ ਨੂੰ ਉਮੀਦ ਸੀ ਕਿ ਦੇਸ਼ ਜਾਂ ਹਾਕੀ ਦੇ ਹੁਕਮਰਾਨ ਕੁਝ ਨਾ ਕੁਝ ਜ਼ਰੂਰ ਕਰਨਗੇ। ਬਲਜੀਤ ਨੇ ਤਤਕਾਲੀ ਹਾਕੀ ਹੁਕਮਰਾਨਾਂ ਅਤੇ ਕੇਂਦਰੀ ਖੇਡ ਮੰਤਰੀ ਦੇ ਦਫਤਰਾਂ ਦੇ ਬਹੁਤ ਚੱਕਰ ਲਾਏ। ਉਨਾਂ ਨੇ ਕਿਹਾ, ਤੂੰ ਸਾਡੇ ਖਿ਼ਲਾਫ ਮੀਡੀਆ ਕੋਲ ਬਹੁਤ ਬੋਲਿਆ, ਹੁਣ ਤੂੰ ਖੁਦ ਹੀ ਆਪਣਾ ਇਲਾਜ ਕਰਵਾ, ਅਸੀਂ ਤੇਰਾ ਇਲਾਜ ਜਿ਼ੰਦਗੀ ਭਰ ਨਹੀਂ ਕਰਵਾ ਸਕਦੇ। ਬਲਜੀਤ ਨੇ ਕਿਹਾ, ਜਦ ਮੈਂ ਇਹ ਬੋਲ ਸੁਣੇ ਤਾਂ ਮੈਨੂੰ ਲੱਗਿਆ ਕਿ ਕਿਵੇਂ ਇੱਕ ਖਿਡਾਰੀ ਨੂੰ ਸਮਝੇ ਬਿਨਾ ਹੀ ਉਸ ਨੂੰ ਫਤਵਾ ਦੇ ਦਿੱਤਾ ਗਿਆ। ਬਲਜੀਤ ਉਹ ਖਿਡਾਰੀ ਹੈ ਜਿਸ ਨੇ ਇੱਕ ਅੱਖ ਨਾਲ ਵੀ ਹਾਕੀ ਖੇਡਣੀ ਜਾਰੀ ਰੱਖੀ ਤੇ ਪਹਿਲਾਂ ਨਾਲੋਂ ਬਿਹਤਰੀਨ ਗੋਲਕੀਪਰ ਹੋਣ ਦੇ ਅਵਾਰਡ ਜਿੱਤੇ। ਇਸ ਦੌਰਾਨ ਫੈਡਰੇਸ਼ਨ ਵਲੋਂ ਵੀ ਕਾਫੀ ਵਾਅਦੇ ਕੀਤੇ ਗਏ ਸਨ ਪਰ ਉਸੇ ਸਮੇ ਭਾਰਤੀ ਹਾਕੀ ਦੀ ਫੈਡਰੇਸ਼ਨ ਚ ਵੀ ਕਾਫੀ ਤਬਦੀਲੀਆਂ ਆ ਰਹੀਆਂ ਸਨ ਜਿਸ ਕਾਰਨ ਬਹੁਤੇ ਬਲਜੀਤ ਦੀ ਸੱਟ ਭੁੱਲ ਚੁੱਕੇ ਸਨ।
ਬਲਜੀਤ ਪੰਜਾਬ ਸਕਰਾਰ ਕੋਲੋਂ ਵੀ ਮਦਦ ਲੈਣ ਲਈ ਗਿਆ ਪਰ ਮਿਲੇ ਸਿਰਫ ਲਾਰੇ। ਸੱਟ ਦੇ ਪੂਰੇ ਘਟਨਾਕ੍ਰਮ ਦੌਰਾਨ ਤਤਕਾਲੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਲਜੀਤ ਪੀਜੀਆਈ ਵਿਖੇ ਦਾਖਲ ਹੈ, ਜਦ ਕਿ ਬਲਜੀਤ ਦਾ ਇਲਾਜ ਏਮਸ ਵਿਖੇ ਚੱਲ ਰਿਹਾ ਸੀ। ਬਲਜੀਤ ਨੂੰ ਮਦਦ ਲੈਣ ਗਏ ਨੂੰ ਇਥੋਂ ਤੱਕ ਵੀ ਸੁਨਣ ਨੂੰ ਮਿਲਿਆ ਕਿ ਅਸੀਂ ਬਲਜੀਤ ਦੀ ਮਦਦ ਕਿਉਂ ਕਰੀਏ? ਉਹ ਕਿਹੜਾ ਪੰਜਾਬ ਵੱਲੋਂ ਖੇਡਿਆ। ਖੈਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਲਜੀਤ ਨੇ ਹਾਕੀ ਖੇਡਣੀ ਨਾ ਛੱਡੀ ਅਤੇ ਨਾ ਹੀ ਹੌਸਲਾ। ਪੰਜਾਬ ਦੇ ਰਾਜਨੀਤਕ ਹਾਲਾਤ ਵਿਚ ਖਿਡਾਰੀਆਂ ਦੀ ਹਾਲਤ ਬਾਰੇ ਬੋਲਦੇ ਬਲਜੀਤ ਕਹਿੰਦਾ ਹੈ ਕਿ ਨੇਤਾ ਲੋਕ ਪੰਜਾਬ ਵਿਚ ਆਪਣੀਆਂ ਵੋਟਾਂ ਬਚਾਉਣ ਲਈ ਸਰਕਾਰੀ ਬੱਸ ਚੋਂ ਡਿੱਗੇ ਬੰਦੇ ਨੂੰ ਤਾਂ ਨੌਕਰੀ ਦੇ ਦੇਣਗੇ, ਭਾਵੇਂ ਉਹ ਕੋਈ ਵੀ ਹੋਵੇ ਪਰ ਪੰਜਾਬ ਦੇ ਖਿਡਾਰੀ ਨਾਲ ਅਜਿਹਾ ਕੁਝ ਹੋਵੇ ਤਾ ਕੋਈ ਸਾਰ ਨਹੀਂ ਲੈਂਦਾ। ਬਲਜੀਤ ਨੂੰ ਭਾਰਤੀ ਖ਼ਾਸ ਕਰ ਪੰਜਾਬ ਦੇ ਸੀਨੀਅਰ ਖਿਡਾਰੀਆਂ ਨਾਲ ਵੀ ਸ਼ਿਕਵਾ ਹੈ ਕਿ ਕਿਸੇ ਨੇ ਵੀ ਬਲਜੀਤ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ।
ਬਲਜੀਤ ਦੇ ਹੁਣ ਤੱਕ ਹੋਏ ਇਲਾਜ ਨਾਲ ਉਹ ਆਪਣੀ ਸੱਜੀ ਅੱਖ ਨਾਲ ਸਿਰਫ ਇੱਕ-ਡੇਢ ਮੀਟਰ ਤੱਕ ਹੀ ਦੇਖ ਸਕਦਾ ਹੈ। ਕਿਸੇ ਪਾਸਿਓਂ ਵੀ ਕੋਈ ਆਸ ਦੀ ਕਿਰਨ ਨਾ ਦਿਖਣ ਕਾਰਨ ਬਲਜੀਤ ਨੇ ਮਨ ਬਣਾ ਲਿਆ ਕਿ ਇਸੇ ਤਰ੍ਹਾਂ ਹੀ ਹਾਕੀ ਵਿਚ ਵਾਪਸੀ ਕਰਾਂਗਾ। ਜੁਲਾਈ 2009 ਚ ਸੱਟ ਲੱਗਣ ਤੋਂ ਬਾਅਦ ਮਾਰਚ 2010 ਚ ਬਲਜੀਤ ਵਾਪਸ ਆਪਣੀ ਗੋਲਕੀਪਰ ਦੀ ਕਿੱਟ ਪਾ ਕੇ ਮੈਦਾਨ ਵਿਚ ਆ ਗਿਆ। ਬਲਜੀਤ ਨੇ ਦੱਸਿਆ ਇਹ ਵੀ ਇੰਨਾ ਸੌਖਾ ਨਹੀਂ ਸੀ। ਮੈਨੂੰ ਆਪਣੇ ਵਿਭਾਗ ਨੂੰ ਵੀ ਸਾਬਤ ਕਰਨਾ ਪਿਆ ਕਿ ਮੈਂ ਅਜੇ ਵੀ ਹਾਕੀ ਖੇਡ ਸਕਦਾ ਹਾਂ। ਉਸ ਸਮੇਂ ਬਲਜੀਤ ਦੀ ਨੌਕਰੀ ਵੀ ਖ਼ਤਰੇ ਚ ਸੀ। ਵਿਭਾਗ ਦੇ ਕੁਝ ਅਧਿਕਾਰੀਆਂ ਨੇ ਕਿਹਾ, ਜਾਂ ਨੌਕਰੀ ਕਰੋ ਨਹੀਂ ਛੱਡ ਦਿਓ, ਕਿਉਂਕਿ ਹਾਕੀ ਤਾਂ ਹੁਣ ਖੇਡੀ ਨਹੀਂ ਜਾਣੀ। ਇਥੇ ਬਲਜੀਤ ਨੇ ਹੌਂਸਲਾ ਨਾ ਛੱਡਿਆ ਅਤੇ ਇੱਕ ਮੌਕਾ ਹੋਰ ਦੇਣ ਦੀ ਗੱਲ ਕਹੀ ਅਤੇ ਖਰਾ ਨਾ ਉੱਤਰਨ ਤੇ ਕਿਹਾ, “ਫਿਰ ਜਿਵੇਂ ਕਹੋਂਗੇ ਮੈਂ ਕਰਾਂਗਾ”।
ਬਲਜੀਤ ਨੇ ਪਹਿਲਾਂ ਨਾਲੋਂ ਵੀ ਜ਼ਬਰਦਸਤ ਖੇਡ ਦਿਖਾਈ ਅਤੇ ਆਪਣੇ ਵਿਭਾਗ ਦੀ ਟੀਮ ਚ ਬਲਜੀਤ ਨੂੰ ਵਾਪਸ ਜਗ੍ਹਾ ਮਿਲ ਗਈ। ਬਲਜੀਤ ਨੇ ਸਾਰੇ ਵੱਡੇ ਟੂਰਨਾਮੈਂਟ ਖੇਡਣੇ ਸ਼ੁਰੂ ਕਰ ਦਿੱਤੇ। ਪੀਐਚਐਲ ਚ ਬਲਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿਸ ਵੀ ਟੀਮ ਵੱਲੋਂ ਖੇਡਿਆ, ਉਹ ਹਮੇਸ਼ਾ ਹੀ ਪਹਿਲੀਆਂ ਤਿੰਨ ਟੀਮਾਂ ਚ ਰਹੀ। ਆਪਣੇ ਵਿਭਾਗ ਵੱਲੋਂ ਖੇਡਦਿਆਂ ਬਲਜੀਤ ਬੈਸਟ ਗੋਲਕੀਪਰ ਚੁਣਿਆ ਗਿਆ ਅਤੇ ਇਸੇ ਆਧਾਰ ਤੇ ਬਲਜੀਤ ਨੂੰ ਪੰਜਾਬ ਦੀ ਟੀਮ ਚ ਜਗ੍ਹਾ ਮਿਲੀ। ਬਲਜੀਤ ਬਹੁਤ ਵਧੀਆ ਖੇਡ ਰਿਹਾ ਸੀ ਤੇ ਉਸ ਨੂੰ ਇੱਕ ਵਾਰ ਫਿਰ ਰਾਸ਼ਟਰੀ ਕੈਂਪ ਲਈ ਬੁਲਾਇਆ ਗਿਆ। ਬਲਜੀਤ ਕੈਂਪ ਚ ਵਧੀਆ ਖੇਡ ਰਿਹਾ ਸੀ। ਕੈਂਪ ਦੇ ਅਧਿਕਾਰੀਆਂ ਚ ਉਸ ਸਮੇਂ ਕਰਨਲ ਬਲਬੀਰ ਸਿੰਘ ਵੀ ਸ਼ਾਮਲ ਸਨ। ਉਸ ਨੇ ਕਿਹਾ, ਬਲਜੀਤ, ਤੂੰ ਬਾਕੀ ਗੋਲਕੀਪਰਾਂ ਦੇ ਮੁਕਾਬਲੇ ਬਹੁਤ ਵਧੀਆ ਖੇਡ ਰਿਹਾਂ ਪਰ ਕੁਝ ਅਧਿਕਾਰੀ ਤੇਰੀ ਅੱਖ ਤੇ ਲੱਗੀ ਸੱਟ ਕਾਰਨ ਤੈਨੂੰ ਫਿੱਟ ਨਹੀਂ ਸਮਝਦੇ। ਇਹ ਸੁਣ ਕੇ ਬਲਜੀਤ ਨੇ ਆਪਣਾ ਪੱਖ ਰੱਖਣਾ ਅਤੇ ਅਧਿਕਾਰੀਆਂ ਦਾ ਪੱਖ ਜਾਨਣਾ ਚਾਹਿਆ। ਸਵਾਲ ਜਵਾਬ ਹੋਏ ਪਰ ਬਲਜੀਤ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੋਇਆ ਅਤੇ ਕੈਂਪ ਤੋਂ ਬਾਅਦ ਹੋਣ ਵਾਲੇ ਟ੍ਰਾਇਲ ਦਿੱਤੇ ਬਿਨਾ ਕੈਂਪ ਛੱਡ ਕੇ ਵਾਪਸ ਆ ਗਿਆ। ਬਲਜੀਤ ਨੇ ਕਿਹਾ, ਮੈਂ ਬਹੁਤ ਸਵਾਲ ਕੀਤੇ, ਜੇਕਰ ਮੇਰੀ ਖੇਡ ਮਾੜੀ ਹੈ ਤਾਂ ਦੱਸੋ ਪਰ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ। ਬਲਜੀਤ ਅੱਜ ਵੀ ਹਾਕੀ ਖੇਡਦਾ ਹੈ ਤੇ ਉਹ ਵੀ ਭਾਰਤੀ ਹਾਕੀ ਦੇ ਢਾਂਚੇ ਚ। ਜੇਕਰ ਉਹ ਰਾਸ਼ਟਰੀ ਪੱਧਰ ਤੇ ਖੇਡ ਸਕਦਾ ਹੈ ਤਾਂ ਭਾਰਤ ਲਈ ਕੌਮਾਂਤਰੀ ਪੱਧਰ ਤੇ ਕਿਉਂ ਨਹੀਂ? ਇਸ ਗੱਲ ਦਾ ਜਵਾਬ ਬਲਜੀਤ ਨੂੰ ਅੱਜ ਤੱਕ ਨਹੀਂ ਮਿਲਿਆ।
ਤਰਕਸ਼ੀਲ ਬਲਜੀਤ ਗੱਲਬਾਤ ਦੌਰਾਨ ਇੱਕ ਹੋਰ ਤਰਕ ਰੱਖਦਾ ਹੈ। ਉਸ ਨੇ ਕਿਹਾ ਕਿ ਹਾਕੀ ਚ ਵਾਪਸੀ ਕਰਨਾ ਚਾਹੁੰਦਾ ਸੀ ਤਾਂ ਕਿ ਮੈਂ ਭਾਰਤੀ ਟੀਮ ਲਈ ਮੁੜ ਤੋਂ ਖੇਡ ਸਕਾਂ। ਮੈਂ ਕ੍ਰਿਕਟ ਦੇ ਖਿਡਾਰੀ ਨਵਾਬ ਪਟੌਦੀ ਤੋਂ ਪ੍ਰਭਾਵਿਤ ਹੋਇਆ ਸੀ ਜੋ ਇਕ ਅੱਖ ਨਾਲ ਖੇਡਦਾ ਰਿਹਾ ਸੀ ਪਰ ਸਾਡੇ ਹੁਕਮਰਾਨਾਂ ਚ ਫਰਕ ਹੈ। ਬਲਜੀਤ ਦੇ ਮੁਤਾਬਿਕ ਹੁਣ ਭਾਰਤ ਚ ਗੋਲਕੀਪਰਾਂ ਨੂੰ ਕੋਈ ਵੀ ਗੋਲਫ ਦੇ ਗੇਂਦ ਨਾਲ ਅਭਿਆਸ ਨਹੀਂ ਕਰਵਾਉਂਦਾ, ਉਮੀਦ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਰਹੇ, ਕਿਉਂਕਿ ਹਰ ਕੋਈ ਬਲਜੀਤ ਜਿੰਨਾ ਸਿਰੜੀ ਨਹੀਂ ਹੁੰਦਾ।
ਬਲਜੀਤ ਤਰਕ ਨਾਲ ਹਰ ਗੱਲ ਦਾ ਜਵਾਬ ਦਿੰਦਾ ਹੈ। ਸ਼ਾਇਦ ਇਸੇ ਹੀ ਤਰਕ ਵਾਲੀ ਸੋਚ ਨਾਲ ਬਲਜੀਤ ਨੂੰ ਮੁੜ ਤੋਂ ਹਾਕੀ ਦੇ ਮੈਦਾਨ ਚ ਸਫਲ ਗੋਲਕੀਪਰ ਬਣਨ ਚ ਮਦਦ ਮਿਲੀ। ਬਲਜੀਤ ਹੌਸਲੇ ਨਾਲ ਗੱਲ ਕਰਦਾ ਕਹਿੰਦਾ ਹੈ, “ਦੇਖੋ ਭਾਜੀ, ਇੱਕ ਜਣੇ ਨੂੰ ਖਿਡਾਰੀ ਬਣਨ ਚ ਬਹੁਤ ਸਮਾਂ ਲੱਗਦਾ ਅਤੇ ਸਮੇਂ ਦੇ ਨਾਲ ਨਾਲ ਉਸ ਦੀ ਆਪਣੀ ਮਿਹਨਤ ਅਤੇ ਉਸਦੇ ਪਰਿਵਾਰ ਦੀ ਘਾਲਣਾ ਵੀ ਹੁੰਦੀ ਹੈ।”
ਜੁਲਾਈ ਦੇ ਮਹੀਨੇ ਕੀਤੀ ਇਸ ਗੱਲਬਾਤ ਦੌਰਾਨ ਆਪਣੇ ਮੱਥੇ ਤੇ ਆਏ ਹਲਕੇ ਜਿਹੇ ਪਸੀਨੇ ਨੂੰ ਸਾਫ ਕਰਦਿਆਂ ਬਲਜੀਤ ਨੇ ਕਿਹਾ- ਭਾਜੀ, ਅੱਖ ਗੁਆਉਣ ਨਾਲ ਮੇਰਾ ਬੇਹੱਦ ਨੁਕਸਾਨ ਹੋਇਆ। ਇੱਕ ਅੱਖ ਨਾਲ ਹਾਕੀ ਦੀ ਖੇਡ ਚ ਵਾਪਸੀ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ। ਇੰਟਰਵਿਊ ਦੌਰਾਨ ਸਵਾਲ ਕਰਦਿਆਂ ਮੈਂ ਬਲਜੀਤ ਨੂੰ ਪੁੱਛਿਆ ਕਿ ਅਜੇ ਵੀ ਦਰਦ ਹੁੰਦੀ ਹੈ ਅੱਖ ਚ? ਤਾਂ ਬਲਜੀਤ ਪੰਜ-ਦਸ ਸਕਿੰਟ ਰੁਕਣ ਤੋਂ ਬਾਅਦ ਸਰਕਾਰੀ ਵਰਤਾਰੇ ਦਾ ਮੁਲਾਂਕਣ ਕਰਦਿਆਂ ਬਹੁਤ ਹੀ ਸਹੀ ਜਵਾਬ ਦਿੰਦਾ ਕਹਿੰਦਾ ਹੈ, ਜੇਕਰ ਸਹੀ ਪੁੱਛੋਂ ਤਾਂ ਸੱਟ ਲੱਗਣ ਤੋਂ ਬਾਅਦ ਜਿਸ ਤਰ੍ਹਾਂ ਮੇਰੇ ਇਲਾਜ ਨੂੰ ਲੈ ਕੇ ਲਾਰੇ ਲਾਏ ਗਏ, ਉਨ੍ਹਾਂ ਦਾ ਦੁੱਖ ਜਿਆਦਾ ਹੁੰਦਾ ਹੈ।
ਬਾਕੀ ਬਚੇ ਇਲਾਜ ਬਾਰੇ ਪੁੱਛੇ ਜਾਣ ਤੇ ਬਲਜੀਤ ਕਹਿੰਦਾ ਹੈ ਕਿ ਜਦੋਂ ਹਾਕੀ ਸਮਾਂ ਦੇਵੇਗੀ, ਜ਼ਰੂਰ ਕਰਾਂਵਾਂਗਾ ਤੇ ਨਾਲ ਹੀ ਹੱਸਦੇ ਹੋਏ ਕਹਿੰਦਾ ਹੈ, ਭਾਜੀ ਤੁਹਾਨੂੰ ਪਤਾ ਪੰਜਾਬੀ ਚ ਕਹਿੰਦੇ ਨੇ, ਹੁਣ ਵਿਆਹ ਹੋ ਗਿਆ, ਹੁਣ ਕੀਹਨੇ ਦੇਖਣਾ। ਖੈ਼ਰ, ਮੁੱਦੇ ਦੀ ਗੱਲ ਤੇ ਵਾਪਸ ਆਉਂਦਿਆਂ ਬਲਜੀਤ ਕਹਿੰਦਾ ਹੈ ਕਿ ਅਜੇ ਇੱਕ ਕਾਸਮੈਟਿਕ ਸਰਜਰੀ ਹੋਣੀ ਬਾਕੀ ਹੈ ਅਤੇ ਮੈਂ ਕਰਵਾਂਗਾ ਵੀ। ਬਾਹਰੋਂ ਪੈਸੇ ਇਕੱਠੇ ਕਰਨ ਬਾਰੇ ਪੁੱਛਿਆ ਤਾਂ ਬਲਜੀਤ ਨੇ ਅੱਧ ਵਿਚਾਲੇ ਸਵਾਲ ਨੂੰ ਟੋਕਦਿਆਂ ਕਿਹਾ ਨਾ ਭਾਜੀ ਮੰਗਣਾ ਨਹੀਂ, ਜੇਕਰ ਆਪ ਕਰਨੇ ਜੋਗਾ ਹੋਵਾਂਗਾ ਤਾਂ ਕਰਵਾ ਲਵਾਂਗਾ ਨਹੀਂ ਤਾਂ ਇਸੇ ਤਰ੍ਹਾਂ ਠੀਕ ਹੈ।
ਬਲਜੀਤ ਅੰਦਰੋਂ ਹਾਕੀ ਖਤਮ ਨਹੀਂ ਹੋਈ ਅਤੇ ਨਾ ਕਦੇ ਹੋਵੇਗੀ, ਕਿਉਂਕਿ ਉਸ ਦੀ ਇਹੀ ਚਾਹਤ ਹੈ ਕਿ ਉਹ ਆਉਂਦੇ ਸਮੇਂ ਚ ਨੌਜਵਾਨ ਖਿਡਾਰੀਆਂ ਨੂੰ ਹਾਕੀ ਦੇ ਗੁਰ ਸਿਖਾਉਂਦਾ ਰਹੇ। ਹਾਕੀ ਇੰਡੀਆ ਨੇ 2014 ਚ ਸ਼ੁਰੂ ਕੀਤੇ ਸਾਲਾਨਾ ਅਵਾਰਡ ਚ ਬਲਜੀਤ ਦੇ ਨਾਮ ਤੇ ਅਵਾਰਡ ਸ਼ੁਰੂ ਕੀਤਾ ਹੈ। ਇਸ ਅਵਾਰਡ ਤਹਿਤ ਭਾਰਤ ਦੇ ਬੈਸਟ ਗੋਲਕੀਪਰ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਬਲਜੀਤ ਇਸ ਉੱਦਮ ਤੋਂ ਖੁਸ਼ ਹੈ, ਕਿਉਂਕਿ ਇਨ੍ਹਾਂ ਅਵਾਰਡਾਂ ਚ ਧੰਨਰਾਜ ਪਿੱਲੇ ਅਤੇ ਧਿਆਨ ਚੰਦ ਵਰਗੇ ਖਿਡਾਰੀਆਂ ਦੇ ਨਾਵਾਂ ਤੇ ਵੱਖ-ਵੱਖ ਵਰਗਾਂ ਦੇ ਅਵਾਰਡ ਦਿੱਤੇ ਜਾਂਦੇ ਹਨ। ਜਿਨ੍ਹਾਂ ਅੱਖਾਂ ਨਾਲ ਬਲਜੀਤ ਨੇ ਭਾਰਤ ਦਾ ਨਾਮ ਰੋਸ਼ਨ ਕਰਨ ਦੇ ਸੁਪਨੇ ਦੇਖੇ ਸਨ, ਅੱਜ ਉਨ੍ਹਾਂ ਅੱਖਾਂ ਚੋਂ ਇੱਕ ਅੱਖ ਗਵਾਉਣ ਦੇ ਬਾਵਜੂਦ ਭਾਰਤੀ ਹਾਕੀ ਦੇ ਤਤਕਾਲੀ ਹੁਕਮਰਾਨਾਂ ਦੀਆਂ ਅੱਖਾਂ ਨਹੀਂ ਖੁੱਲੀ੍ਹਆਂ।
ਬਲਜੀਤ ਭਾਵੇਂ ਆਪਣੀ ਸੱਜੀ ਅੱਖ ਨਾਲ ਰੰਗ ਨਹੀਂ ਪਛਾਣ ਸਕਦਾ ਪਰ ਆਪਣੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਦੀ ਜਿ਼ੰਦਗੀ ਚ ਉਹ ਹਾਕੀ ਦੇ ਹੀ ਰੰਗ ਭਰਨੇ ਚਾਹੁੰਦਾ ਹੈ। ਆਓ ਅਸੀਸਾਂ ਦੇਈਏ ਕਿ ਉਹਦੀ ਇਹ ਇੱਛਾ ਪੂਰੀ ਹੋਵੇ!
ਸੰਪਰਕ: principalsarwansingh@gmail.com