ਮਨਮੋਹਨ ਸਿੰਘ ਦਾਊਂ
ਲੋਧੀ ਦੇ ਸੁਲਤਾਨਪੁਰ ’ਚ ਗੱਲਾਂ ਹੋਣ ਲੱਗੀਆਂ, ਨਾਨਕ ਬਾਰੇ। ਬੇਬੇ ਨਾਨਕੀ ਦਾ ਭਰਾ ਫ਼ਕੀਰ ਬਣ ਗਿਆ। ਸਾਧੂ ਰੂਪੀ ਹੋ ਗਿਆ। ਇਕ ਮਰਾਸੀ ਡੂਮ ਮਰਦਾਨਾ ਉਸ ਦਾ ਸੰਗ ਕਰਨ ਲੱਗ ਪਿਆ। ਦੋਸਤੀ ਗੰਢੀ ਗਈ। ਰਬਾਬ ਵਜਾਉਣ ਨੂੰ ਕਹਿੰਦਾ, ਨਾਨਕ ਤਾਂ ਜੋਗੀ ਤੇ ਲਟਬੌਰਾ ਹੋਇਆ ਲੱਗਦਾ।
ਮੋਦੀਖਾਨੇ ਦਾ ਲੇਖਾ-ਜੋਖਾ ਨਿਪਟ ਗਿਆ ਹੈ। ਨਾਨਕ ਨੇ ਆਪਣੇ ਖਾਤੇ ਦੇ ਵਾਧੂ ਨਿਕਲੇ ਪੈਸੇ ਲੋੜਵੰਦਾਂ ਵਿਚ ਵੰਡ ਦਿੱਤੇ ਹਨ। ਨੌਕਰੀ ਤਿਆਗ ਦਿੱਤੀ ਹੈ। ਬੱਚਿਆਂ ਦਾ ਕੀ ਹੋਊ? ਭੈਣ ਨਾਨਕੀ ਨੂੰ ਔਕੜ ਝੱਲਣੀ ਪੈਣੀ।
ਜੈ ਰਾਮ ਕਿੰਨਾ ਕੁ ਚਿਰ ਨਵਾਬ ਦੌਲਤ ਖਾਂ ਨੂੰ ਤਸੱਲੀ ਦੇ ਸਕਦਾ। ਗ੍ਰਹਿਸਥੀ ਨਾਨਕ ਦਾ ਕੀ ਬਣੂ।
ਸੁਲਤਾਨਪੁਰ ਦੀਆਂ ਗਲੀਆਂ ’ਚ, ਸੱਥਾਂ ’ਚ ਨਾਨਕ ਵੱਲੋਂ ਮੋਦੀ ਦੀ ਨੌਕਰੀ ਛੱਡ ਦੇਣ ਬਾਰੇ ਗੱਲਾਂ ਸੁਲਗਦੀਆਂ ਰਹੀਆਂ।
ਨਾਨਕ ਦੀ ਚੁੱਪ ਡੂੰਘੀ ਸੀ। ਮਰਦਾਨਾ ਰਬਾਬ ਨੂੰ ਸਾਂਭ-ਸਾਂਭ ਰੱਖ ਰਿਹਾ ਸੀ। ਤੰਤੀ ਤਾਂਰਾਂ ਨੂੰ ਕੰਨੀਂ ਲਾਉਂਦਾ। ਪੋਟਿਆਂ ਨਾਲ ਟੁਣਕਾਉਂਦਾ, ਅੱਖਾਂ ਮੀਟ ਲੈਂਦਾ। ਬੇਬੇ ਨਾਨਕੀ ਵੱਲੋਂ ਦਿੱਤੀ ਰਬਾਬ ਮਰਦਾਨੇ ਲਈ ਇਕ ਮੁਕੱਦਸ ਸਾਜ਼ ਨਾਲੋਂ ਰੂਹ ਦਾ ਸਾਥ ਬਣ ਗਈ ਸੀ।
ਕਿਸੇ ਨੂੰ ਨਹੀਂ ਸੀ ਪਤਾ ਕਿ ਨਾਨਕ ਸੁਲਤਾਨਪੁਰ ਤੋਂ ਵਿਦਾ ਹੋਣ ਵਾਲਾ ਹੈ। ਘਰ-ਬਾਰ ਕੌਣ ਤਿਆਗਦਾ ਹੈ? ਮੋਹ ਦੀਆਂ ਤੰਦਾਂ ਤੋਂ ਮੁਕਤ ਹੋਣਾ ਸੌਖਾ ਨਹੀਂ। ਇਕ ਬਾਲ (ਲਖਮੀ ਦਾਸ) ਅਜੇ ਸੁਲੱਖਣੀ ਦੀ ਗੋਦਿਓਂ ਲੱਥਿਆ ਤੇ ਦੂਜਾ ਬਾਲ (ਸ੍ਰੀ ਚੰਦ) ਅਜੇ ਖੇਡਣ ਦੀ ਰੁੱਤੇ ਤੁਰਨਾ ਹੀ ਸਿੱਖਿਆ। ਬਾਲਕ ਮਾਂ ਦਾ ਸਾਥ ਕਿਵੇਂ ਛੱਡਣ ਤੇ ਪਿਤਾ ਦੇ ਪਿਆਰ ਨੂੰ ਲੋਚਣ। ਪਤਨੀ ਨੂੰ ਸਿਰ ਦੇ ਸਾਈਂ ਬਿਨਾਂ ਢੋਈ ਔਖੀ।
ਲੋਕਾਂ ਦੀਆਂ ਜੀਭਾਂ ਕਿਸੇ ਨੂੰ ਨਹੀਂ ਬਖ਼ਸ਼ਦੀਆਂ। ਕੰਧਾਂ ਵੀ ਬੋਲਣ ਲੱਗ ਜਾਂਦੀਆਂ ਹਨ। ਆਪਣਾ ਕੱਦ ਵੱਡਾ ਤੇ ਦੂਜੇ ਨੂੰ ਨੀਵਾਂ ਕਰਨਾ, ਸਮਿਆਂ ਦੀ ਫਿਤਰਤ ਰਹੀ ਹੈ। ਜਿੰਨੇ ਮੂੰਹ ਉਤਨੀਆਂ ਹੀ ਗੱਲਾਂ। ਸੁਲੱਖਣੀ ਸਭ ਕੁਝ ਸੁਣਦੀ। ਕਦੇ-ਕਦੇ ਤਕਦੀਰ ਨੂੰ ਕੋਸਦੀ। ਸੋਚਣ ਲੱਗਦੀ ਬੱਚਿਆਂ ਦਾ ਕੀ ਹੋਊ? ਜੀਵਨ ਪੈਂਡਾ ਬੜਾ ਲੰਮਾ ਪਿਆ ਹੈ।
ਡੂੰਘੇ ਪਾਣੀਆਂ ਦੀ ਹਾਕ ਕਿਸ ਨੂੰ ਸੁਣਦੀ। ਦਰਦ ਦੇ ਸਾਗਰ ਨੂੰ ਕੌਣ ਕੰਨ ਲਾਉਂਦਾ।
ਬੇਬੇ ਨਾਨਕੀ ਦਿਲਾਸਾ ਦਿੰਦੀ। ਘਰ ਦੀ ਵੁੱਕਤ ਨੂੰ ਬਣਾਈ ਰੱਖਣ ਦੇ ਯਤਨ ਕਰਦੀ। ਜੈ ਰਾਮ ਕੋਲ ਨਵਾਬ ਦੌਲਤ ਖਾਂ ਅੱਗੇ ਹੱਥ ਜੋੜਨ ਤੇ ਭਰੋਸਾ ਦੁਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।
ਦੂਜੇ ਬੰਨੇ ਦੌਲਤ ਖਾਂ ਤੇ ਕਾਜ਼ੀ ਅੰਦਰੋਂ-ਅੰਦਰੀ ਨਾਨਕ ਦੀ ਦਿੱਬ-ਦ੍ਰਿਸ਼ਟੀ ਤੇ ਸੱਚ ਅੱਗੇ ਸ਼ਰਮਿੰਦਾ ਹੋ ਰਹੇ ਸਨ। ਦੌਲਤ ਖਾਂ ਨੂੰ ਸਮਝ ਆ ਗਈ ਸੀ ਕਿ ਨਾਨਕ ਦੀ ਬਦਖੋਈ ਕਰਨ ਵਾਲੇ ਨਿੰਦਕ ਹਨ। ਚੁਗਲਖੋਰ ਹਨ, ਹਿਤੈਸ਼ੀ ਨਹੀਂ। ਸੱਚ ਸੁਣਨਾ ਤੇ ਸੱਚ ਪਰਖਣਾ ਬੜਾ ਔਖਾ।
‘‘ਨਾਨਕ ’ਚ ਰੱਬੀ ਜੋਤ ਹੈ। ਉਸ ਦਾ ਵੇਈਂ ’ਚੋਂ ਉਦੈ ਹੋ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਸੰਦੇਸ਼ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣ ਵਾਲਾ ਹੈ।’’ ਦੌਲਤ ਖਾਂ ਹੱਥੋਂ ‘ਤੇਰਾ-ਤੇਰਾ’ ਜਪਣ ਵਾਲਾ ਸਾਦਿਕ ਨਿਕਲ ਚੁੱਕਿਆ ਸੀ।
ਨਾਨਕ ਦਾ ਫ਼ੈਸਲਾ ਤਾਂ ਅਟੱਲ ਸੀ। ਵਪਾਰਕ ਮਾਇਆ ਠੀਕਰੀਆਂ ਸਮਾਨ ਸੀ। ਅਗਲੇ ਪੈਂਡਿਆਂ ਦਾ ਵਣਜ ਚਾਨਣਵੰਤਾ ਸੀ। … … …
ਮੋਦੀਖਾਨੇ ’ਚ ਸੁੰਨ ਸੀ। ਵਸਤਾਂ ਬੇਅਰਥ ਲੱਗ ਰਹੀਆਂ ਸਨ। ਤੱਕੜੀ ਤੇ ਸਿਲ-ਵੱਟੇ ਨਾਨਕ ਦੀ ਛੂਹ ਲਈ ਤਰਸ ਰਹੇ ਸਨ। ਗੱਲੇ ਵਾਲੀ ਸੰਦੂਕੜੀ ਉਦਾਸ ਸੀ।
ਲੋੜਵੰਦਾਂ ਦਾ ਦਾਨੀ ਤਾਂ ਆਪਣੇ ਪਿੱਛੇ ਸਭ ਕੁਝ ਛੱਡ ਆਇਆ ਸੀ। ਚਾਨਣ ਦੀ ਕਾਤਰ ਅੱਗੇ ਕੂੜ ਹਾਰ ਗਿਆ ਸੀ। ਪ੍ਰਸ਼ਨ ਬੋਲ ਰਹਿਤ ਹੋ ਗਏ ਸਨ।
ਸੁਲਤਾਨਪੁਰ ’ਚ ਚੌਦਾਂ ਕੁ ਵਰ੍ਹਿਆਂ ਦੀ ਠਹਿਰ ਨਾਨਕ ਦੀ ਤਪੱਸਿਆ ਦੀ ਕਮਾਈ ਸੀ। ਬ੍ਰਹਮ ਦਾ ਗਿਆਨ ਪ੍ਰਕਾਸ਼ ਬਣਨਾ ਲੋਚਦਾ ਸੀ। ਚੌਂਹ-ਕੁੰਟਾਂ ’ਚ ਫੈਲਣ ਲਈ ਕਾਦਰ ਪੁਕਾਰ ਰਿਹਾ ਸੀ। ਆਲਮ ਤੜਪ ਰਿਹਾ ਸੀ। ਅੱਗ ਦਾ ਸੇਕ ਜਗਤ ਨੂੰ ਲੂਸ ਰਿਹਾ ਸੀ। ਕੋਈ ਸ਼ਾਂਤੀ ਦਾ ਪੁੰਜ ਲੋੜੀਂਦਾ ਸੀ। ਵੇਲਾ ਆ ਗਿਆ ਸੀ, ਕਿਸੇ ਪਰ-ਉਪਕਾਰੀ ਦਾ ਖੜਾਵਾਂ ਪਾ ਤੁਰਨ ਦਾ।
ਸੁਲਤਾਨਪੁਰ ’ਚ ਅੱਜ ਪਹਿਲਾਂ ਵਾਂਗ ਹੀ ਸੂਰਜ ਪੂਰਬ ਤੋਂ ਚੜ੍ਹਿਆ ਸੀ, ਪਹੁ-ਫੁਟਾਲਾ ਹੋਇਆ ਸੀ। ਇਕ ਹੋਰ ਸੂਰਜ ਉਦੈ ਹੋਣਾ ਸੀ। ਪੂਰਬ ਦਿਸ਼ਾ ਨੂੰ ਹੋਰ ਚਾਨਣ ਦੀ ਲੋੜ ਸੀ। ਕਿਸੇ ਦੀ ਉਡੀਕ ਸੀ। ਬਹੁਤ ਲੰਮੇ ਪੈਂਡੇ ਲਈ ਬਹੁਤ ਵਰ੍ਹਿਆਂ ਦਾ ਪੰਧ ਤੈਅ ਕਰਨਾ ਸੀ।
ਇਕ ਅਸਥਾਨ ਤੋਂ ਅਲਵਿਦਾ ਲੈਣੀ ਸੀ। ਅਨੇਕ ਥਾਵਾਂ ਨੂੰ ਢੂੰਡਣ ਜਾਣਾ ਸੀ। ਪੈਰਾਂ ਥੱਲੇ ਅਮੁੱਕ ਸਫ਼ਰਾਂ ਦੀਆਂ ਪੈੜਾਂ ਨੇ ਚਾਨਣ ਬਣਨਾ ਸੀ। ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋਣ ਵਾਲਾ ਹੈ। ਨਾਨਕ ਤੇ ਮਰਦਾਨਾ ਦੀ ਗੁਫ਼ਤਗੂ ਨੇ ਫ਼ੈਸਲਾ ਕਰ ਲਿਆ ਸੀ। ਲੰਮੇ ਪੈਂਡਿਆਂ ਦਾ ਸਾਥ ਦੋਸਤੀ ’ਚ ਬਦਲਣਾ ਸੀ।
ਆਖ਼ਰ ਨਾਨਕ ਨੇ ਘਰੋਂ ਬਾਹਰ ਪੈਰ ਰੱਖਿਆ। ਦਹਿਲੀਜ਼ ਨੇ ਵਿਗੋਚੇ ਦਾ ਘੁੱਟ ਭਰਿਆ। ਨਾਨਕ ਨੇ ‘ਸਤਿ ਕਰਤਾਰ’ ਸ਼ਬਦ ਉਚਾਰੇ। ਸੁਲੱਖਣੀ ਖ਼ਾਮੋਸ਼ ਸੀ। ਕੁਝ ਵੀ ਨਾ ਕਹਿ ਸਕੀ। ਸਬਰ ਦਾ ਘੁੱਟ ਭਰਿਆ। ਨਾਨਕ ਨੇ ਦੋਵੇਂ ਬਾਲਕਾਂ ਵੱਲ ਨਜ਼ਰ ਮਾਰੀ। ਦਾਤਾ ਆਪਣੀ ਦਾਤ ਨੂੰ ਆਪ ਹੀ ਸੰਭਾਲੇਗਾ। ਉਹੀ ਸਗਲ ਦਾ ਪਾਲਣਹਾਰ ਹੈ।
ਘਰ ਚੁੱਪ ਦੀ ਚਾਦਰ ’ਚ ਲਿਪਟ ਗਿਆ ਸੀ। ਬੇਬੇ ਨਾਨਕੀ ਨੇ ਨਦਰੀ ਪੈਂਡਿਆਂ ’ਤੇ ਤੁਰਨ ਵਾਲੇ ਵੀਰ ਨਾਨਕ ਨੂੰ ਕੁਝ ਵਾਅਦੇ ਪੂਰਨ ਲਈ ਅਰਜੋਈ ਕੀਤੀ।
ਭੈਣ ਪਿਆਰ ਅੱਗੇ ਸਿਰ ਝੁਕਿਆ। ਸਮੇਂ ਨੂੰ ਕੌਣ ਰੋਕੇ।
ਮਰਦਾਨੇ ਨੇ ਰਬਾਬ ਨੂੰ ਇਲਾਹੀ ਅਮਾਨਤ ਵਾਂਗ ਮੋਢੇ ਨੂੰ ਲਾ ਲਿਆ ਤੇ ਝੁਕ ਕੇ ਅਦਬ ਕੀਤਾ।
ਜੈ ਰਾਮ ਕੁਝ ਵੀ ਕਹਿਣ ਤੋਂ ਅਸਮਰੱਥ ਸੀ। ਜ਼ਿੰਮੇਵਾਰੀਆਂ ਦੇ ਅਹਿਸਾਸ ਨਾਲ ਉਹ ਹੋਰ ਵੀ ਨਿਮਰ ਹੋ ਗਿਆ ਸੀ। ਮੋਦੀਖਾਨੇ ਦੇ ਘਾਟੇ-ਵਾਧੇ ਦੀਆਂ ਗੱਲਾਂ ਤੇ ਚੁਗਲੀਆਂ ਤੋਂ ਸੁਰਖ਼ਰੂ ਹੋ ਗਿਆ ਸੀ। ਦੌਲਤ ਖਾਂ ਨਾਲ ਉਸ ਦਾ ਸਬੰਧ ਹੋਰ ਗੂੜ੍ਹਾ ਹੋ ਗਿਆ ਸੀ।
ਦੌਲਤ ਖਾਂ ਦੀ ਬੇਨਤੀ ਨੂੰ ਨਾਨਕ ਦੇ ਵਿਸਮਾਦੀ ਬੋਲਾਂ ਨੇ ਲਾ-ਜਵਾਬ ਕਰ ਦਿੱਤਾ ਸੀ। ਲੋਭ-ਲਾਲਚ ਦੀ ਸੀਮਾ ਮੁੱਕ ਚੁੱਕੀ ਸੀ। ਅਧਿਆਤਮ ਵਣਜ ਅੱਗੇ ਦੁਨਿਆਵੀ ਵਪਾਰ ਕਿੰਝ ਠਹਿਰ ਸਕਦਾ ਸੀ। ਪਛਤਾਵਾ ਕਰਨ ਦਾ ਵੇਲਾ ਵੀ ਕੁਝ ਨਹੀਂ ਸੀ ਕਰ ਸਕਦਾ। ਪਰਮਾਰਥ ਅੱਗੇ ਕਿਸ ਟਿਕਣਾ ਸੀ। ਉਦਾਸੀ ਦਾ ਰੂਪ ਬਣਿਆ ਦੌਲਤ ਖਾਂ ਖ਼ਿਮਾ ਦਾ ਪਾਤਰ ਬਣ ਗਿਆ ਸੀ।
‘ਨਗਰੀ ਦਾ ਭਲਾ ਹੋਵੇ’- ਨਾਨਕ ਦੇ ਬੋਲ ਸਨ। ਨਾਨਕ ਦੇ ਕਦਮ ਚਾਨਣ ਦੀ ਪੈੜ ਬਣਨ ਜਾ ਰਹੇ ਸਨ। ਕੁਝ ਵੀ ਤਾਂ ਨਾਲ ਲਿਆ ਨਹੀਂ ਸੀ ਪਰ ਸਭ ਕੁਝ ਨਾਨਕ ਕੋਲ ਸੀ।
ਦ੍ਰਿਸ਼ਟ ਤੇ ਅਦ੍ਰਿਸ਼ਟ ਦੇ ਭੇਤ ਨਾਲ ਨਾਨਕ ਦੇ ਸ਼ਬਦਾਂ ਨੇ ਗੋਸ਼ਟੀ ਕਰਨੀ ਸੀ। ਸੰਗੀ ਮਰਦਾਨਾ ਪਿੱਛੇ ਹੋ ਤੁਰਿਆ। ਸੋਚੇ, ਵਚਨ ਦਾ ਪੂਰਾ ਕਰਨਾ ਹੀ ਪੈਣਾ। ਪੱਲੇ ਕੁਝ ਨਾ ਬੰਨ੍ਹਿਆ- ਬਸ ਰਬਾਬ ਹੀ ਨਾਲ ਸੀ। ਬੇਬੇ ਨਾਨਕੀ ਦੀ ਦਿੱਤੀ ਦਾਤ। ਦੇਹੀ ਨੇ ਸੰਗੀਤ ਦਾ ਜਾਮਾ ਪਹਿਨ ਲਿਆ ਸੀ।
ਸ਼ਬਦ ਤੇ ਰਬਾਬ ਦੀ ਦੋਸਤੀ ਦੀ ਪ੍ਰੀਖਿਆ ਹੋਣ ਚੱਲੀ ਸੀ। ਸੁਲਤਾਨਪੁਰ ਦੇ ਬਿਰਖਾਂ, ਬੂਟਿਆਂ, ਖੇਤਾਂ, ਥਾਵਾਂ ਤੇ ਪ੍ਰਕਿਰਤੀ ਨੂੰ ਨਾਨਕ ਨੇ ਨਿਹਾਰਿਆ। ਪੰਛੀਆਂ ਦਾ ਚਹਿਕਣਾ ਕੰਨੀਂ ਗੂੰਜਿਆ। ਕਿੰਨਾ ਕੁਝ ਸੀ ਜੋ ਸਾਹਾਂ ’ਚ ਵਸਿਆ ਹੋਇਆ ਸੀ। ਪਿਛਾਂਹ ਤਿਆਗਣਾ ਸੀ, ਅਗਾਂਹ ਤੁਰਨਾ ਸੀ। ਨਾਨਕ ਨੇ ਵੇਈਂ ਦੇ ਵਗ ਰਹੇ ਨੀਰ ਨਾਲ ਖ਼ਾਮੋਸ਼ ਗੁਫ਼ਤਗੂ ਕੀਤੀ। ਪਾਣੀ ਉਦਾਸ ਹੋਇਆ ਤੇ ਹੱਸਿਆ। ਲੀਨਤਾ ਨਾਲ ਮੂਲ-ਮੰਤਰ ਦਾ ਚਿਤਵਨ ਕੀਤਾ। ਚਾਨਣ ਦੀ ਲੀਕ ਉਭਰੀ ਤੇ ਖਿੰਡ ਗਈ। ਅੰਬਰ ਦੀ ਨੀਲੱਤਣ ਵੇਈਂ ਦੇ ਪਾਣੀਆਂ ’ਚ ਘੁਲ ਗਈ। ਵੇਈਂ ਦੇ ਕੰਢੇ ਪਵਿੱਤਰ ਹੋ ਗਏ। ਉਸ ਨੂੰ ਆਪਣੇ ਮਹਿਰਮ ਦੀ ਛੁਹ ਯਾਦ ਆਈ। ਵੇਈਂ ਦੀ ਝੋਲੀ, ਨਾਨਕ ਦੇ ਉਚਾਰੇ ਪਲੇਠੇ ਸ਼ਬਦਾਂ ਦਾ ਜਾਪ ਕਰਨ ਲੱਗੀ।
ਤੁਰੇ ਜਾਂਦੇ ਨਾਨਕ ਦੇ ਅੱਗੇ ਵੀ ਚਾਨਣ ਸੀ, ਪਿੱਛੇ ਵੀ ਚਾਨਣ ਸੀ, ਸੱਜੇ ਵੀ ਚਾਨਣ ਸੀ, ਖੱਬੇ ਵੀ ਚਾਨਣ ਸੀ।
ਨਾਨਕ-ਮਰਦਾਨਾ ਚਾਨਣ ਦੇ ਵਣਜ ਲਈ ਪਹਿਲੀ ਉਦਾਸੀ ’ਤੇ ਤੁਰ ਪਏ ਸਨ। ਕਿਹੜਾ ਪਹਿਰ ਸੀ, ਕੀ ਸਮਾਂ ਸੀ, ਕਿਹੜਾ ਦਿਵਸ ਸੀ ਤੇ ਕਿਹੜੀ ਰੁੱਤ ਸੀ ਤੇ ਕਿਹੜਾ ਮੌਸਮ- ਕਿਆਸਣਾ ਮੁਸ਼ਕਲ ਸੀ। ਬੱਸ ਸਮਾਂ ਪ੍ਰਕਾਸ਼ ਬਣ ਗਿਆ ਸੀ।
‘‘ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।’’
ਨਾਨਕ ਤੇ ਜਗਿਆਸੂ
ਬਾਬਾ ਨਾਨਕ
ਨਦਰੀ ਪੈਂਡਿਆਂ ਦਾ
ਪੰਧ ਮੁਕਾ ਕੇ
ਆਪਣੀ ਧੁਨ ਅੰਦਰ
ਬੈਠਾ ਸੀ,
ਮਰਦਾਨਾ ਵੀ ਥੱਕਿਆ ਹੋਇਆ
ਸਹਿਜ ਅਵਸਥਾ ਮਾਣ ਰਿਹਾ ਸੀ
ਨੂਰੀ ਰਬਾਬ ਚੁੱਪ ਪਈ ਸੀ
ਤਾਰਾਂ ਅੰਦਰ ਬੋਲ ਬਾਬੇ ਦੇ
ਵਿਸਮਾਦੀ ਰੌਂਅ ਵਿਚ ਚੁੱਪ ਪਏ ਸਨ।
ਇੱਕ ਜਗਿਆਸੂ
ਨਾਨਕ ਕੋਲ ਆ ਬੈਠਾ
ਚਿੰਤਾਵਾਂ ਦੇ ਭਾਰਾਂ ਥੱਲੇ
ਪ੍ਰਸ਼ਨਾਂ ਦੇ ਉੱਤਰਾਂ ਨੂੰ ਢੁੂੰਡਣ।
ਕਰਤਾ ਹੈ, ਕਾਦਰ ਹੈ
ਸਿਰਜਣਹਾਰ ਕਹਿੰਦੇ ਨੇ ਉਸ ਨੂੰ
ਨਜ਼ਰ ਕਿਤੇ ਨਾ ਆਵੇ ਐਪਰ
ਨਾ ਦਿੱਸੇ ਵਸਤਾਂ ਦੇ ਵਾਂਗੂ
ਢੂੰਡਾਂ ਤਾਂ ਫਿਰ ਕਿੱਦਾਂ ਢੂੰਡਾਂ?
ਜਗਿਆਸੂ ਨੇ-
ਨਾਨਕ ਅੱਗੇ ਅਰਜ਼ ਗੁਜ਼ਾਰੀ।
ਬਾਬਾ-
ਜਗਿਆਸੂ ਨੂੰ ਤੱਕ ਕੇ ਮੁਸਕਾਇਆ
ਸਹਿਜ ਹੋਣ ਲਈ ਫੁਰਮਾਇਆ।
ਦੁੱਧ ਕਟੋਰਾ ਭਰ ਕੇ ਨਾਨਕ
ਜਗਿਆਸੂ ਦੇ ਅੱਗੇ ਰੱਖਿਆ।
ਭਲਿਆ, ਜਿਕੂੰ ਪਹਿਲੀ ਨਜ਼ਰੇ
ਦੁੱਧ ਤਾਂ ਬਾਹਰੋਂ ਦੁੱਧ ਹੀ ਲਗਦਾ,
ਇਸ ਨੂੰ ਜਾਗ ਲਗਾਇਆਂ
ਦੁੱਧੋਂ ਦਹੀਂ, ਪਨੀਰ, ਮੱਖਣ, ਲੱਸੀ, ਘਿਓ
ਸੁੱਚੀ ਮਿਹਨਤ ਕਰਿਆਂ ਬਣਦਾ
ਸਮਾਂ ਹੈ ਲਗਦਾ।
ਇੰਝ ਹੀ
ਮਨ ਨੂੰ ਸ਼ਬਦ ਦੀ
‘ਜਾਗ’ ਲਗਾਇਆਂ
ਅੰਦਰ ਜਗਦਾ
ਆਪਾ ਖਿੜਦਾ
ਫਿਰ ਕੁਦਰਤ ਵਿਚੋਂ
ਕਰਤਾ, ਕਾਦਰ, ਪ੍ਰਭ
ਨਜ਼ਰ ਹੈ ਆਉਂਦਾ।
ਜਗਿਆਸੂ ਦੇ ਅੰਦਰ
ਨਾਨਕ ਦੇ ਬੋਲਾਂ ਨੂੰ ਸੁਣ ਕੇ
ਚਾਨਣ ਹੋਇਆ,
ਆਪਾ ਉਜਵਲ ਹੋਇਆ।
ਨਾਨਕ ਨੇ ਫਿਰ-
ਸ਼ਬਦ ਉਚਾਰਿਆ,
ਮਰਦਾਨੇ ਨੇ ਰਬਾਬ ਜਗਾਈ!!
ਸੰਪਰਕ: 98151-23900