ਵਿਜੈ ਬੰਬੇਲੀ
ਝੋਨਾ ਮੀਂਹਾਂ ਵਾਲੇ ਅਤੇ ਸਿੱਲੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਪਾਣੀ ’ਤੇ ਨਿਰਭਰ ਖੇਤਰਾਂ ਦੀ ਨਹੀਂ। ਪੰਜਾਬ ਵਰਗੇ ਖੇਤਰਾਂ ਦੀ ਇਹ ਰਿਵਾਇਤੀ ਫ਼ਸਲ ਨਹੀਂ, ਝੋਨਾ 1960 ਤੋਂ ਬਾਅਦ ਹੀ ਵੱਡੇ ਪੱਧਰ ’ਤੇ ਖੇਤਾਂ ਵਿਚ ਆਇਆ। ਦਰਅਸਲ, ਆਜ਼ਾਦੀ ਮਗਰੋਂ ਤਿੱਖੇ ਅੰਨ ਸੰਕਟ ਕਾਰਨ ਜਿੱਥੇ ਖਾਸ ਇਲਾਕਿਆਂ ਵਿਚ ਹਰੇ ਖਿੱਤੇ ਸਥਾਪਿਤ ਕਰਨਾ ਫੌਰੀ ਲੋੋੜ ਸੀ, ਉੱਥੇ ਆਪਣੀਆਂ ਲੋੜਾਂ ਥੋੜ੍ਹਾਂ ਹਿੱਤ ਝੋਨਾ ਬਿਜਾਉਣਾ ਉਦੋਂ ਮਜਬੂਰੀ ਸੀ। ਖੇਤੀਬਾੜੀ ਦਾ ਅਸਲ ਅਰਥ ਬਹੁਮੰਤਵੀ ਫ਼ਸਲਾਂ ਹੈ। ਇੱਕੋ ਤਰਾਂ ਦੀ ਫ਼ਸਲ ਮਿੱਟੀ, ਪਾਣੀ ਅਤੇ ਵਾਤਾਵਾਰਨ ਲਈ ਨਾਂਹ ਪੱਖੀ ਹੁੰਦੀ ਹੈ।
ਇਹ ਇੱਕੋ ਕਿਸਮ ਦੀ ਖੇਤੀ ਦਾ ਸਿੱਟਾ ਹੈ ਕਿ ਅਸੀਂ ਕੁਦਰਤ ਦਾ ਸਾਵਾਂਪਨ ਬਰਕਰਾਰ ਰੱਖਣ ਵਿਚ ਅਚੇਤ-ਸੁਚੇਤ ਅਸਫ਼ਲ ਰਹੇ। ਕੁਦਰਤੀ ਸੋਮਿਆਂ ਦੀ ਰਵਾਇਤੀ ਢੰਗਾਂ ਨਾਲ ਮੁੜ ਭਰਪਾਈ ਨਾ ਕੀਤੀ, ਫ਼ਲਸਰੂਪ ਮਿੱਟੀ ਵਿਚਲੇ ਇਹ ਕੁਦਰਤੀ ਤੱਤ ਤੇਜ਼ੀ ਨਾਲ ਘਟਣ ਲੱਗ ਪਏ। 1980 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਧਰਤੀ ਵਿਚ ਕਰੀਬ 51 ਲੱਖ ਟਨ ਨਾਈਟਰੋਜਨ, 47 ਲੱਖ ਟਨ ਪੋਟਾਸ਼ੀਅਮ ਅਤੇ 65 ਹਜ਼ਾਰ ਟਨ ਫ਼ਾਸਫ਼ੋਰਸ ਖਤਮ ਹੋ ਗਈ। ਕੁਦਰਤੀ ਤੱਤਾਂ ਦੀ ਘਾਟ ਪੂਰਤੀ, ਸਿਰਫ਼ ਬਨਾਵਟੀ ਤਰੀਕਿਆਂ ਨਾਲ ਹੀ ਕਰਨ ਲਈ, ਸਾਨੂੰ ਵਰਗਲਾ ਲਿਆ ਗਿਆ। ਪੰਜਾਬ, ਕੁੱਲ ਖੇਤਰਫ਼ਲ ਦਾ ਮਸਾਂ ਡੇਢ ਫ਼ੀਸਦੀ ਰਕਬੇ ਦਾ ਮਾਲਕ, ਦੇਸ਼ ਦੀ ਕੁੱਲ ਖਾਦ ਖਪਤ ਦਾ ਤੀਜਾ ਹਿੱਸਾ ਅਤੇ ਜ਼ਹਿਰਾਂ ਦਾ 19 ਫ਼ੀਸਦੀ ਵਰਤਣ ਲੱਗਾ। ਵਰਤੋਂ ਘਟਣ ਦੀ ਬਜਾਏ ਵਧ ਰਹੀ ਹੈ। ਵੱਧ ਉਪਜ ਦੀ ਮ੍ਰਿਗਤ੍ਰਿਸ਼ਨਾ ਰਸਾਇਣਕ ਖੇਤੀ ਦੀ ਦੁੜਕੀ ਲੁਆਉਂਦੀ ਹੈ। ਰਸਇਣਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਸੰਚਰਨਾ ’ਤੇ ਮਾੜਾ ਅਸਰ ਪੈਂਦਾ ਹੈ। ਖਾਦਾਂ, ਜ਼ਹਿਰਾਂ ਦੀ ਜਿ਼ਆਦਾ ਵਰਤੋਂ ਬੇਮੌਸਮੀ ਫ਼ਸਲਾਂ ਜਾਂ ਸਬਜ਼ੀ, ਕਪਾਹ ਅਤੇ ਝੋਨਾ ਖਿੱਤਿਆਂ ਵਿਚ ਹੋਈ।
ਮਾਹਿਰਾਂ ਅਨੁਸਾਰ ਜੇ ਝੋਨੇ ਦੇ ਖੇਤ ਵਿਚ 174 ਕਿਲੋ ਨਾਈਟਰੋਜਨ ਪ੍ਰਤੀ ਹੈਕਟੇਅਰ ਦੇ ਹਿਸਾਬ ਪਾਈ ਜਾਵੇ ਤਾਂ ਝਾੜ ਵਿਚ ਵਾਧਾ ਤਾਂ ਦੋ-ਢਾਈ ਗੁਣਾ ਹੋ ਜਾਂਦਾ ਹੈ ਪਰ ਇਸ ਨਾਲ ਜ਼ਮੀਨ ਵਿਚਲੀ ਫ਼ਾਸਫ਼ੋਰਸ, ਪੋਟਾਸ਼ ਅਤੇ ਸਲਫ਼ਰ ਦੀ ਕ੍ਰਮਵਾਰ 2.6, 3.7 ਅਤੇ 4.5 ਗੁਣਾ ਘਾਟ ਹੋ ਜਾਂਦੀ ਹੈ। ਜ਼ਮੀਨ ਦੀ ਨਮੀ ਤੇ ਕੁਦਰਤੀ ਰੂਪ ਵਿਚ ਇਨ੍ਹਾਂ ਤੱਤਾਂ ਦੀ ਬਹਾਲੀ ਲਈ ਲੋੜੀਂਦੇ ਸੂਖਮ ਜੀਵ ਵੀ ਘੱਟ ਜਾਂਦੇ ਹਨ। ਹੌਲੀ ਹੌਲੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਫ਼ਿਰ ਹੋਰ ਰਸਾਇਣ ਪਾਉਣੇ ਪੈਂਦੇ ਹਨ ਜਿਹੜੇ ਬੰਦੇ ਦੀ ਸਿਹਤ ਅਤੇ ਜੇਬ ਨਿਚੋੜਦੇ ਹਨ। ਇਨ੍ਹਾਂ ਤੱਤਾਂ ਦੀ ਪੂਰਤੀ ਲਈ ਖਾਦ, ਧਾਤਾਂ ਅਤੇ ਰਸਾਇਣਾਂ ਉੱਤੇ ਕਰੋੜਾਂ ਰੁਪਏ ਕਿਸਾਨਾਂ ਦੀ ਜੇਬ ਵਿਚੋਂ ਜਾਣ ਲੱਗੇ। ਫ਼ਲਸਰੂਪ ਪੰਜਾਬ ਦਾ ਪੈਸਾ ਹੀ ਨਹੀਂ ਖਿਸਕਣ ਲੱਗਾ ਸਗੋਂ ਕੈਂਸਰ ਪੱਟੀਆਂ ਵੀ ਵਿਕਸਤ ਹੋ ਗਈਆਂ।
ਪੰਜਾਬ ਦਾ ਖੇਤੀ ਰਕਬਾ 35 ਲੱਖ ਹੈਕਟੇਅਰ ਹੈ। 27 ਲੱਖ ਹੈਕਟੇਅਰ ਝੋਨਾ ਲਾਇਆ ਜਾਂਦਾ ਹੈ। ਅੰਦਾਜ਼ਨ 18 ਲੱਖ ਟਨ ਪਰਾਲੀ ਦਾ 85 ਫ਼ੀਸਦੀ ਹਿੱਸਾ ਸਾੜਿਆ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼ ਨਮੀ, ਮਿੱਤਰ ਜੀਵਾਂ ਅਤੇ ਮਿੱਟੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਲੋੜੀਂਦੇ ਤੱਤਾਂ ਨੂੰ ਫ਼ਸਲ ਨੇ ਧਰਤੀ, ਹਵਾ ਜਾਂ ਧੁੱਪ ਵਿਚੋਂ ਲੈਣਾ ਹੁੰਦਾ ਹੈ। ਧਰਤੀ ਵਿਚ ਹੁਣ ਬਹੁਤਾ ਕੁੱਝ ਨਹੀਂ ਬਚਿਆ, ਹਵਾ ਵੀ ਦੂਸ਼ਿਤ ਹੈ। ਕਿਸੇ ਵੀ ਵਸਤੂ ਦੇ ਸੜਨ ਵੇਲੇ ਆਕਸੀਜਨ ਦੀ ਵਰਤੋਂ ਹੁੰਦੀ ਹੈ। ਲਾਂਬੂਆਂ ਨਾਲ ਹਵਾ ਵਿਚ ਆਕਸੀਜਨ ਘਟਦੀ ਹੈ। ਸਜੀਵ ਸ਼੍ਰੇਣੀਆਂ ’ਤੇ ਬੜਾ ਮਾਰੂ ਅਸਰ ਪੈਂਦਾ ਹੈ। ਸਾਹ ਲੈਣਾ ਔਖਾ, ਕੰਮਕਾਜੀ ਸਮੱਰਥਾ ’ਤੇ ਭੈੜਾ ਅਸਰ ਪੈਂਦਾ ਹੈ। ਸੜੀ ਹੋਈ ਧਰਤੀ ਵੱਧ ਪਾਣੀ ਮੰਗਦੀ ਹੈ ਜਿਹੜਾ ਪਹਿਲਾਂ ਹੀ ਥੋੜ੍ਹਾ ਹੈ।
ਵੱਖ ਵੱਖ ਫ਼ਸਲਾਂ ਦੀ ਪਾਣੀ ਖਪਤ ਨੂੰ ਦੇਖੀਏ ਤਾਂ ਇੱਕ ਏਕੜ ਝੋਨੇ ਦੀ ਕਾਸ਼ਤ ਲਈ 750 ਤੋਂ 2500 ਮਿਲੀਲਿਟਰ ਉਚਾਈ ਤੱਕ ਪਾਣੀ ਦੀ ਲੋੜ ਪੈਂਦੀ ਹੈ। ਇੱਕ ਕਿਲੋ, ਅਗੇਤਾ, ਝੋਨਾ ਪੈਦਾ ਕਰਨ ਲਈ 4500 ਲਿਟਰ ਪਾਣੀ, ਔਸਤਨ 25 ਕੁਇੰਟਲ ਝੋਨੇ ਲਈ 1,12,50,000 ਲਿਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਚੌਲ ਸਾਡੀ ਖੁਰਾਕ ਨਹੀਂ। ਜੇ ਪਾਣੀ ਦੀ ਕੀਮਤ ਇੱਕ ਰੁਪਏ ਲਿਟਰ ਵੀ ਮੰਨ ਲਈਏ ਤਾਂ 1960 ਤੋਂ ਲੈ ਕੇ ਹੁਣ ਤੱਕ ਅਸੀਂ ਕਿੰਨੀ ਰਕਮ ਦਾ ਪਾਣੀ ਚੌਲ ਦੇ ਰੂਪ ਵਿਚ ਮੁਫ਼ਤੋ-ਮੁਫ਼ਤ ਬੇਗਾਨੇ ਮੁਲਕਾਂ ਨੂੰ ਦੇ ਦਿੱਤਾ ਹੈ।
ਅਸੀਂ ਸਾਰੇ ਪੰਜਾਬ ਨੂੰ ਮਨਸੂਈ ਝੀਲ ਵਿਚ ਬਦਲ ਕੇ ਹੁੰਮਸ ਵਾਲਾ ਵਾਤਾਵਾਰਨ ਪੈਦਾ ਕਰ ਦਿੰਦੇ ਹਾਂ ਜੋ ਵਰਖਾ ਗੜਬੜਾ ਦਿੰਦੀ ਹੈ; ਜੋ ਜਾਂ ਤਾਂ ਪੈਦੀ ਨਹੀਂ ਜਾਂ ਫ਼ਿਰ ਹੇਠਲੀ ਉੱਤੇ ਲਿਆ ਦਿੰਦੀ ਹੈ। ਪਾਣੀ ਭਾਫ਼ ਬਣ ਕੇ ਉੱਡਦਾ ਹੈ ਜਿਸ ਨਾਲ ਹੁੰਮਸ ਪੈਦਾ ਹੁੰਦੀ ਹੈ। ਸਾਡੇ ਸਰੀਰ ਦਾ ਤਾਪਮਾਨ ਹਮੇਸ਼ਾ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਤਾਪਮਾਨ ਉੱਤੇ ਹੀ ਸਾਰੇ ਅੰਗ ਸਹੀ ਕਾਰਜ ਕਰਦੇ ਹਨ। ਜੇ ਨਮ-ਤਾਪਮਾਨ ਵਧਦਾ ਹੈ ਤਾਂ ਸਰੀਰ ਸਾਵਾਂ ਨਹੀਂ ਰਹਿੰਦਾ। ਹੁੰਮਸ ਕਾਰਨ ਕੀੜੇ-ਮਕੌੜਿਆਂ ਦੀ ਭਰਮਾਰ ਹੋ ਜਾਂਦੀ ਹੈ। ਦੁਸ਼ਮਣ ਕੀੜੇ ਪਨਪਦੇ ਹਨ, ਮਿੱਤਰ ਕੀੜੇ ਸੁਸਤੀ ਅਖਤਿਆਰ ਕਰ ਜਾਂਦੇ ਹਨ। ਹੁੰਮਸ ਸਜੀਵ ਵਸਤੂਆਂ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ, ਉਲਟਾ ਚੰਗੀ ਭਲੀ ਮਾਨਸੂਨ ਨੂੰ ਵੀ ਕੁਰਾਹੇ ਪਾ ਦਿੰਦੀ ਹੈ।
ਤਿੰਨ ਦਹਾਕੇ ਪਹਿਲਾਂ ਡਾ. ਐੱਸਐੱਸ ਜੌਹਲ ਦੀ ਖੇਤੀਬਾੜੀ ਵੰਨ-ਸਵਨੰਤਾ ਬਾਰੇ ਰਿਪੋਰਟ ਨੇ ਝੋਨੇ ਉੱਪਰ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ। ਝੋਨੇ ਕਾਰਨ ਜਲ ਸੰਕਟ ਬਾਰੇ ਪੰਜਾਬ ਫਾਰਮਰਜ਼ ਕਮਿਸ਼ਨ ਨੇ 2007 ਵਿਚ ਚਿਤਾਵਨੀ ਦੇ ਦਿੱਤੀ ਸੀ। ਹੁਣ ਜਲ ਮਾਹਿਰ ਏਐੱਸ ਮੁਗਲਾਨੀ ਦੀ ਰਿਪੋਰਟ ਹੈ, ਸਿੰਜਾਈ ਲਈ ਧਰਤੀ ਹੇਠੋਂ 73 ਫ਼ੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਜਿਸ ਕਾਰਨ ਜਲ ਤੱਗੀਆਂ 70 ਮੀਟਰ ਹੇਠਾਂ ਚਲੀਆਂ ਗਈਆਂ ਹਨ। ਇੰਝ ਧਰਤੀ ਹੇਠ ਕੈਪਟੀ-ਖਲਾਅ ਤੋਂ ਬਾਅਦ ਭਵਿੱਖ ਵਿਚ ਭੂਚਾਲਾਂ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪਵੇਗਾ। ਜੇ ਅਸੀਂ ਧਰਤੀ ਹੇਠਲਾਂ 30 ਫ਼ੀਸਦੀ ਪਾਣੀ ਵਰਤੀਏ ਤਦ 100 ਫ਼ੀਸਦੀ ਮੁੜ ਭਰਪਾਈ ਦੀ ਲੋੜ ਹੈ। 40 ਫ਼ੀਸਦੀ ਵਰਤੋਂ ਖਤਰੇ ਦੀ ਨਿਸ਼ਾਨੀ, ਵਰਤੋਂ 70 ਫ਼ੀਸਦੀ ਹੋ ਜਾਵੇ ਤਾਂ ਭਿਆਨਕ ਹਾਲਤ। ਪੰਜਾਬ 146 ਫ਼ੀਸਦੀ ਪਾਣੀ ਦੀ ਵਰਤੋਂ ਕਰਦਾ ਹੈ।
ਪੰਜਾਬ ਦੇ ਕਰੀਬ 14 ਲੱਖ ਟਿਊਬਵੈੱਲ, ਛੋਟੇ-ਵੱਡੇ ਘਰੇਲੂ ਅਤੇ ਉਦਯੋਗੀ ਬੋਰ ਦਿਨ ਰਾਤ ਧਰਤੀ ਹੇਠੋਂ ਪਾਣੀ ਉਗਲੱਛ ਰਹੇ ਹਨ। ਝੋਨੇ ਵੇਲੇ ਟਿਊਬਵੈੱਲ ਜਿ਼ਆਦਾ ਚਲਦੇ ਹਨ। ਸਿਰਫ਼ ਚੌਲਾਂ ਲਈ 129 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਖਿੱਚ ਚੁੱਕੇ ਹਾਂ। ਭਾਖੜਾ ਝੀਲ ਦੀ ਜਲ ਸੰਗ੍ਰਿਹ 9.4 ਘਣ ਕਿਲੋਮੀਟਰ ਹੈ, ਅਰਥਾਤ ਅਸੀਂ ਭਾਖੜੇ ਵਰਗੀਆਂ 13 ਮਸਨੂਈ ਝੀਲਾਂ ਦਾ ਪਾਣੀ ਹੁਣ ਤੱਕ ਸਿਰਫ਼ ਝੋਨੇ ਲਈ ਵਰਤ ਚੁੱਕੇ ਹਾਂ। ਭਾਖੜਾ ਝੀਲ ਨਾਲ ਇੱਕੋ ਵਾਰ ਪੰਜਾਬ, 54 ਲੱਖ ਹੈਕਟੇਅਰ ਰਕਬਾ, ਵਿਚ 16 ਫ਼ੁੱਟ ਉੱਚਾ ਪਾਣੀ ਖੜ੍ਹਾਇਆ ਜਾ ਸਕਦਾ ਹੈ। ਲਾਓ ਅੰਦਾਜ਼ਾ, ਜੇ ਇਸ ਪਾਣੀ ਦੀ ਮਿਕਦਾਰ 13 ਗੁਣਾ ਹੋਵੇ ਤਾਂ ਕਿੰਨਾ ਪਾਣੀ ਹੁਣ ਤੱਕ ਅਸੀਂ ਵਰਤ-ਗੁਆ ਚੁੱਕੇ ਹਾਂ।
ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੀ ਬਿਜਲੀ ਤਾਂ ਡੂੰਘੈ ਟਿਊਬਵੈੱਲ ਜਿਹੜੇ ਹੋਰ ਡੂੰਘੇ ਕਰੀ ਜਾਣ ਨਾਲ ਪੰਜਾਬ ਦਾ 16 ਲੱਖ ਕਰੋੜ ਰੁਪਏ ਖਾ ਚੁੱਕੇ ਹਨ, ਹੀ ਨਿਗਲੀ ਜਾਂਦੇ ਹਨ। ਇੱਕ ਅੰਦਾਜ਼ੇ ਅਨੁਸਾਰ ਹਰ ਸਾਲ 1150 ਕਰੋੜ ਯੂਨਿਟ ਬਿਜਲੀ ਸਿਰਫ਼ ਝੋਨਾ ਹੀ ਖਾ ਜਾਂਦਾ ਹੈ। ਇੱਕ ਯੂਨਿਟ ਦੀ ਪੈਦਾਵਾਰੀ ਕੀਮਤ ਘੱਟੋ-ਘੱਟ 10 ਰੁਪਏ ਪੈਂਦੀ ਹੈ। ਦੱਸੋ, ਕਿੰਨੇ ਦੀ ਬਿਜਲੀ ਫੂਕ ਬਹਿੰਦੇ ਹਾਂ ਅਸੀਂ? ਖੇਤਾਂ ਦੀ ਮੁਫ਼ਤ ਬਿਜਲੀ ਜਿਸ ਦਾ ਕਰੀਬ 75 ਫ਼ੀਸਦੀ ਹਿੱਸਾ ਝੋਨਾ ਸੀਜ਼ਨ ਵੇਲੇ ਵਰਤਿਆ ਜਾਂਦਾ ਹੈ, ਦੀ ਸਬਸਿਡੀ ਦੀ ਕੀਮਤ 5800 ਕਰੋੜ ਰੁਪਏ ਪ੍ਰਤੀ ਸਾਲ ਬਣਦੀ ਹੈ। ਪੰਜਾਬ ਦੇ ਚਾਰ ਥਰਮਲ ਪਲਾਂਟ 4 ਕਰੋੜ 80 ਲੱਖ ਟਨ ਕੋਲੇ ਦੀ ਖਪਤ ਕਰਦੇ ਹਨ ਜਿਸ ਦਾ ਚੌਥਾ ਹਿੱਸਾ ਕਰੀਬ ਇੱਕ ਕਰੋੜ ਟਨ ਹੈਵੀ ਮੈਟਲ ਅਤੇ ਸੁਆਹ ਪੰਜਾਬ ਦੀ ਧਰਤੀ ਜਾਂ ਖਲਾਅ ਵਿਚ ਹਰ ਸਾਲ ਛੱਡਦੇ ਹਾਂ।
ਲਾਓ ਜੋੜ, ਝੋਨਾ ਸਾਡੀ ਕਿੰਨੀ ਜਲ ਸੰਪਤੀ, ਬਿਜਲੀ, ਵਾਤਾਵਾਰਨ ਅਤੇ ਸਿਹਤ ਨਿਗਲ ਗਿਆ? ਫਿਰ ਹਾਈਬ੍ਰਿਡ ਬੀਜ, ਖਾਦਾਂ, ਦਵਾਈਆਂ ਕਿੰਨੀ ਰਕਮ ਦੀਆਂ ਬਣੀਆਂ? ਸਾਡੇ ਪਾਣੀ ਅਤੇ ਮੁਸ਼ੱਕਤ ਨੂੰ ਝੋਨੇ ਦੇ ਰੂਪ ਵਿਚ ਅਸਲ ਵਿਚ ਕੌਣ ਲੁੱਟ ਰਿਹਾ ਹੈ? ਬੰਪਰ ਝਾੜ ਦੀ ਧੁਸ, ਹਾਈਬ੍ਰਿਡ ਬੀਜਾਂ, ਖਾਦਾਂ, ਦਵਾਈਆਂ, ਮਸ਼ੀਨਰੀ ਦੀ ਅੰਨੀ ਦੌੜ ਕਰਜ਼ੇ, ਬਿਮਾਰੀਆਂ ਜਾਂ ਰੱਸੇ ਦੀ ਬਜਾਇ ਕੀ ਦੇ ਰਹੀ ਹੈ? ਭਲਾ, ਅਸੀਂ ਕਿਸ ਲਈ ਮਿਹਨਤ ਕਰ ਜਾਂ ਕਮਾ ਰਹੇ ਹਾਂ? ਤੁਹਾਡੀ ਕਮਾਈ ਨੂੰ ਲੁਕਵੇਂ ਰੂਪ ਵਿਚ ਕੌਣ ਹੜੱਪ ਰਿਹਾ? ਸਾਡੇ ਗੁਦਾਮ ਪਹਿਲਾਂ ਹੀ ਤੂੜੇ ਪਏ ਹਨ। ਮੁਲਕ ਦੇ ਵੱਖ ਵੱਖ ਖਿੱਤਿਆਂ ਵਿਚ ਗਰੀਨ ਬੈਲਟਾਂ ਜਾਂ ਝੋਨਾ ਖੇਤਰ ਉੱਭਰ ਰਹੇ ਹਨ। ਮੰਡੀਆਂ ਅਤੇ ਗੁਦਾਮ ਤੁਹਾਡੀ ਫ਼ਸਲ ਨਹੀਂ ਝੱਲ ਰਹੇ, ਹਰ ਸਾਲ ਕਰੋੜਾਂ ਟਨ ਅਨਾਜ ਸੜ ਰਿਹਾ ਹੈ।
ਕਿਸਾਨ ਮਜਬੂਰੀ ਵਿਚ ਝੋਨਾ ਬੀਜਦਾ ਹੈ। ਕੀ ਕਰੇ ਉਹ? ਸਿਸਟਮ ਅਤੇ ਸਰਕਾਰ ਮੁੱਖ ਦੋਸ਼ੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਉਪ-ਦਾਨ, ਖਾਦਾਂ, ਪਾਣੀ, ਬਿਜਲੀ ਜਾਂ ਕਿਸੇ ਹੋਰ ਰੂਪ ਵਿਚ ਕਿਸਾਨ ਨੂੰ ਦਿੰਦੀ ਹੈ, ਉਹ ਬਦਲਵੇਂ ਸਾਜ਼ਗਾਰ ਪ੍ਰਬੰਧਾਂ ਤੱਕ ਨਕਦੀ ਜਾਂ ਰੁਜ਼ਗਾਰ ਰੂਪ ਵਿਚ ਦੇ ਕੇ ਝੋਨਾ ਰੁਕਵਾਏ। ਜੇ ਕੁਝ ਸਮੇਂ ਲਈ ਖੇਤ ਵਿਹਲੇ ਵੀ ਰੱਖਣੇ ਪੈਣ ਤਾਂ ਵੀ ਉਪ-ਦਾਨੀ ਰਕਮ ਦਾ ਵੱਡਾ ਹਿੱਸਾ ਸਰਕਾਰ ਨੂੰ ਬਚ ਜਾਵੇਗਾ। ਤੇਲ, ਮਸ਼ੀਨਰੀ, ਵਾਤਾਵਾਰਨ ਤਾਂ ਬਚੇਗਾ ਹੀ ਸਗੋਂ ਮੰਡੀਆਂ, ਢੋਆ-ਢੁਆਈ ਅਤੇ ਗੁਦਾਮਾਂ ਦੇ ਖਰਚੇ ਵੀ ਬੋਨਸ ਰੂਪ ਵਿਚ ਬਚਣਗੇ। ਫਿਰ ਬਦਲਵੀਂ ਫ਼ਸਲ, ਢੁਕਵੇਂ ਹੱਲ ਜਾਂ ਤੌਰ ਤਰੀਕੇ ਲੱਭੇ ਜਾਣ।
ਸਾਡੇ ਕੋਲ ਮਾਹਿਰ ਕਿਸਾਨਾਂ ਅਤੇ ਸਿਆਣੇ ਬੰਦਿਆਂ ਦੀ ਕਮੀ ਨਹੀਂ, ਬੱਸ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੈ। ਪੰਜਾਬ ਭੀਸ਼ਣ ਜਲ ਸੰਕਟ, ਮਿੱਟੀ ਗੁਣਵੱਤਾ ਸੰਕਟ ਅਤੇ ਕਿਸਾਨੀ ਸੰਕਟ ਵੱਲ ਵਧ ਰਿਹਾ ਹੈ। ਜੇ ਅਸੀਂ ਨਾ ਸੰਭਲੇ ਤਾਂ ਪਾਣੀ ਦੇ ਸ਼ੁੱਧ ਘੁੱਟ ਅਤੇ ਪੇਟ ਪੂਰਤੀ ਲਈ ਪੰਜਾਬ ਵਿਚੋਂ ਵੱਡੇ ਪੱਧਰ ਉੱਤੇ ਹਿਜਰਤ ਹੋਵੇਗੀ। ਮੁਕਦੀ ਗੱਲ, ਹੁਣੇ ਸੰਵਾਦ ਰਚਾਉਣ ਦੀ ਲੋੜ ਹੈ। ਕਿਤੇ ਝੋਨਾ ਪੰਜਾਬ ਦਾ ਇੱਕ ਹੋਰ ਸੰਤਾਪ ਨਾ ਬਣ ਜਾਵੇ।
ਸੰਪਰਕ: 94634-39075