ਤਲਵਿੰਦਰ ਸਿੰਘ ਬੁੱਟਰ
ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਡਾ ਅਤੇ ਮੁੱਖ ਉਪਦੇਸ਼ ਰੱਬੀ ਏਕਤਾ ਅਤੇ ਮਨੁੱਖੀ ਬਰਾਬਰਤਾ ਵਾਲੇ ਸਮਾਜ ਦਾ ਸੰਕਲਪ ਸੀ। ਉਨ੍ਹਾਂ ਚਾਰ ਉਦਾਸੀਆਂ ਦੇ ਰੂਪ ’ਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਗੁਰੂ ਨਾਨਕ ਨਿਰਮਲ ਪੰਥ ਦੀ ਨੀਂਹ ਰੱਖੀ। ਭਾਈ ਗੁਰਦਾਸ ਜੀ ਵੀ ਪਹਿਲੀ ਪਾਤਸ਼ਾਹੀ ਦੇ ਵਿਸ਼ਵ ਵਿਆਪੀ ਰੱਬੀ ਮਨੋਰਥ ਦੀ ਗਵਾਹੀ ਇਉਂ ਭਰਦੇ ਹਨ;
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ।
ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖ ਧਰਮ ਦੇ ਹੀ ਬਾਨੀ ਨਹੀਂ, ਬਲਕਿ ਉਨ੍ਹਾਂ ਨੂੰ ਦੁਨੀਆ ਦੇ ਹਰ ਕੋਨੇ ਦੇ ਲੋਕ ਆਪੋ-ਆਪਣੇ ਅਕੀਦੇ ਮੁਤਾਬਕ ਮੰਨਦੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਗੁਰੂ ਨਾਨਕ ਦੇਵ ਜੀ ਨੂੰ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਸ੍ਰੀਲੰਕਾ ’ਚ ਨਾਨਕਚਾਰੀਆ, ਤਿੱਬਤ ’ਚ ਨਾਨਕ ਲਾਮਾ, ਸਿੱਕਮ ਤੇ ਭੂਟਾਨ ’ਚ ਗੁਰੂ ਰਿੰਪੋਚੀਆ, ਮੱਕਾ ’ਚ ਵਲੀ ਰਿੰਦ, ਰੂਸ ’ਚ ਨਾਨਕ ਕਦਾਮਦਰ, ਇਰਾਕ ’ਚ ਬਾਬਾ ਨਾਨਕ, ਨੇਪਾਲ ’ਚ ਨਾਨਕ ਰਿਸ਼ੀ, ਬਗ਼ਦਾਦ ’ਚ ਨਾਨਕ ਪੀਰ, ਮਿਸਰ ’ਚ ਨਾਨਕ ਵਲੀ ਅਤੇ ਚੀਨ ’ਚ ਬਾਬਾ ਫੂਸਾ ਦੇ ਨਾਵਾਂ ਨਾਲ ਉਨ੍ਹਾਂ ਨੂੰ ਚੇਤੇ ਕੀਤਾ ਜਾਂਦਾ ਹੈ।
ਸਿੱਖ ਧਰਮ ਸਚਿਆਰ ਮਨੁੱਖ ਦੀ ਸਿਰਜਣਾ ਦਾ ਇਕ ਆਦਰਸ਼ਕ ਅਮਲ ਸੀ, ਜੋ 239 ਸਾਲਾਂ ਦੇ ਲੰਬੇ ਸਫ਼ਰ ਤੋਂ ਬਾਅਦ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਾਜਨਾ ਦੇ ਨਾਲ ਸੰਪੂਰਨ ਹੋਇਆ। ਸਿੱਖੀ ਦੇ ਕੇਂਦਰ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਪਹੁੰਚ ਤੋਂ ਦੂਰ ਰਹਿ ਗਏ ਕਰੋੜਾਂ ਲੋਕ ਉਹ ਵੀ ਹਨ, ਜਿਹੜੇ ਖ਼ਾਲਸਾ ਪੰਥ ਦਾ ਅੰਗ ਬਣ ਕੇ ਸਿੱਖੀ ਦੀ ਮੁਕੰਮਲਤਾ ਦਾ ਹਿੱਸਾ ਤਾਂ ਨਹੀਂ ਬਣ ਸਕੇ ਪਰ ਉਹ ਆਪਣੇ ਰਹਿਬਰ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅੱਜ ਵੀ ਆਪਣਾ ਅਕੀਦਾ ਧਾਰਦੇ ਹਨ। ਇਹ ਲੋਕ ‘ਗੁਰੂ ਨਾਨਕ ਨਾਮ ਲੇਵਾ’ ਸਦਾਉਂਦੇ ਹਨ। ਸਿੱਖਾਂ ਦੀ ਗਿਣਤੀ ਭਾਵੇਂ ਪੂਰੀ ਦੁਨੀਆ ’ਚ ਦੋ ਕਰੋੜ ਦੇ ਲਗਪਗ ਮੰਨੀ ਜਾਂਦੀ ਹੈ ਪਰ ‘ਗੁਰੂ ਨਾਨਕ ਨਾਮ ਲੇਵਾ’ ਵਿਸ਼ਵ ’ਚ ਸਵਾ 14 ਕਰੋੜ ਦੇ ਲਗਪਗ ਵੱਸਦੇ ਹਨ।
ਗੁਰੂ ਨਾਨਕ ਨਾਮ ਲੇਵਾ ’ਚੋਂ ਹੀ ਇਕ ਪ੍ਰਮੁੱਖ ਭਾਈਚਾਰਾ ਹੈ, ਸਿੰਧੀ ਸਮਾਜ। ਸਿੰਧੀ ਸਮਾਜ ਦੇ ਲੋਕ ਆਪਣੇ ਆਪ ਨੂੰ ‘ਸਿੰਧੀ ਸਿੱਖ’ ਅਖਵਾਉਂਦੇ ਹਨ। ਸਿੰਧੀ ਸਮਾਜ ਦਾ ਸਿੱਖ ਧਰਮ ਨਾਲ ਰਿਸ਼ਤਾ ਲਗਪਗ 5 ਸਦੀਆਂ ਤੋਂ ਜੁੜਿਆ ਹੋਇਆ ਹੈ। ਭਾਵੇਂ ਸਿੰਧ ਸੂਬੇ ਵਿਚ ਰਹਿਣ ਵਾਲੇ ਸਿੰਧੀ ਅਖਵਾਉਂਦੇ ਹਨ ਪਰ ਸਿੰਧੀ ਸਮਾਜ ਦੇ ਲੋਕ ਆਪਣਾ ਸਬੰਧ ਸਿੰਧੂ ਘਾਟੀ ਦੀ ਸਭਿਅਤਾ ਨਾਲ ਵੀ ਦੱਸਦੇ ਹਨ। ਇਤਿਹਾਸ ਮੁਤਾਬਕ 1508 ਈਸਵੀ ਦੇ ਆਸ-ਪਾਸ ਗੁਰੂ ਨਾਨਕ ਦੇਵ ਜੀ ਮੱਕਾ ਤੇ ਮਦੀਨਾ ਨੂੰ ਜਾਂਦੇ ਹੋਏ ਭੁਜ ਅਤੇ ਕਛ ਗਏ ਸਨ। ਇਸ ਦੌਰਾਨ ਉੱਥੇ ਬਹੁਤ ਸਾਰੇ ਸਿੰਧੀ ਹਿੰਦੂ, ਮੁਸਲਮਾਨ ਅਤੇ ਸੂਫ਼ੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਸਿੰਧੀ ਸਮਾਜ ਉਸ ਵੇਲੇ ਤੋਂ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਬਣ ਗਿਆ। ਕੁਝ ਸਮਾਂ ਬਾਅਦ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਵੀ ਇਸ ਇਲਾਕੇ ’ਚ ਫੇਰੀ ਪਾਈ ਤਾਂ ਇਸ ਸਮਾਜ ਦੀ ਗੁਰੂ ਨਾਨਕ ਸਾਹਿਬ ਪ੍ਰਤੀ ਆਸਥਾ ਹੋਰ ਪਕੇਰੀ ਹੋ ਗਈ। ਬਾਬਾ ਸ੍ਰੀ ਚੰਦ ਜੀ ਨੇ ਇਸ ਇਲਾਕੇ ’ਚ ਕਈ ਧਰਮਸ਼ਾਲਾਵਾਂ ਵੀ ਕਾਇਮ ਕੀਤੀਆਂ। ਬਾਅਦ ਵਿਚ ਉਦਾਸੀ ਸੰਪਰਦਾਇ ਦੇ ਅਨੇਕਾਂ ਸਾਧੂਆਂ ਨੇ ਸਿੰਧ ਪ੍ਰਾਂਤ ਵਿਚ ਆਪਣੇ ਅਨੇਕਾਂ ਡੇਰੇ ਕਾਇਮ ਕੀਤੇ। ਸੱਖਰ ਦੇ ਨੇੜੇ ਸਿੰਧ ਨਦੀ ਦੇ ਇਕ ਟਾਪੂ ਵਿਚ ਸਥਿਤ ਸਾਧੁਬੇਲਾ, ਮੀਹਾਂ ਸ਼ਾਹੀ ਸ਼ਾਖ਼ਾ ਦੇ ਇਕ ਉਦਾਸੀ ਸਾਧੂ ਬਾਬਾ ਬਨਖੰਡੀ ਨੇ ਸੰਨ 1823 ਈਸਵੀ ਵਿਚ ਸਥਾਪਤ ਕੀਤਾ ਸੀ, ਜੋ ਹੁਣ ਮਹੱਤਵਪੂਰਨ ਤੀਰਥ ਵਜੋਂ ਪ੍ਰਸਿੱਧ ਹੋ ਚੁੱਕਾ ਹੈ। ਗੁਰੂ ਨਾਨਕ-ਵੰਸ਼ਜ ਬਾਬਾ ਗੁਰੂਪਤ ਨੇ ਸਿੰਧ ਸੂਬੇ ਵਿਚ ‘ਜਗਿਆਸੂ’ ਨਾਂਅ ਦੀ ਇਕ ਉਪ-ਸੰਪਰਦਾਇ ਵੀ ਪ੍ਰਚਲਿਤ ਕੀਤੀ। ਉਦਾਸੀ ਸਾਧੂ ਬਾਬਾ ਸਰੂਪ ਦਾਸ ਨੇ ਸ਼ਿਕਾਰਪੁਰ ਨਗਰ ਵਿਚ ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਦਾ ਕੇਂਦਰ ਸਥਾਪਿਤ ਕੀਤਾ।
ਉਦਾਸੀ ਸਾਧੂਆਂ ਤੋਂ ਇਲਾਵਾ ਨਿਰਮਲੇ ਸੰਤਾਂ-ਮਹਾਤਮਾਵਾਂ ਨੇ ਵੀ ਸਿੰਧ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਅਨੇਕਾਂ ਡੇਰੇ ਸਥਾਪਿਤ ਕੀਤੇ। ਉੱਥੇ ਪ੍ਰਚਾਰ ਕਰਨ ਵਾਲਿਆਂ ਵਿਚ ਮਹੰਤ ਬੁੱਢਾ ਸਿੰਘ, ਸੰਤ ਗੁਲਾਬ ਸਿੰਘ, ਸੰਤ ਪ੍ਰੀਤਮ ਸਿੰਘ ਆਦਿ ਦੇ ਨਾਂ ਜ਼ਿਕਰਯੋਗ ਹਨ। ਇਨ੍ਹਾਂ ਗੁਰਮੁਖਾਂ ਨੇ ਉੱਥੇ ਕਈ ਗੁਰਦੁਆਰੇ ਸਥਾਪਿਤ ਕੀਤੇ।
ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਭਾਈ ਅਰਜਨ ਸਿੰਘ ਬਾਗੜੀਆਂ ਅਤੇ ਹਰਬੰਸ ਸਿੰਘ ਅਟਾਰੀ ਵਾਲੇ ਕਈ ਵਾਰ ਸਿੰਧ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਨ੍ਹਾਂ ਤੋਂ ਇਲਾਵਾ ਸਿੰਧੀ ਸਿੱਖਾਂ ਨੇ ਖ਼ੁਦ ਵੀ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਦਿਲਚਸਪੀ ਵਿਖਾਈ। ਇਸ ਸਬੰਧੀ ਸਾਧੂ ਟੀ.ਐਲ. ਵਾਸਵਾਨੀ, ਦਾਦਾ ਚੇਲਾਰਾਮ ਆਦਿ ਸਾਧਕਾਂ ਦੇ ਨਾਂ ਖ਼ਾਸ ਤੌਰ ’ਤੇ ਜ਼ਿਕਰਯੋਗ ਹਨ। ਇਨ੍ਹਾਂ ਤੋਂ ਇਲਾਵਾ 1947 ਦੀ ਵੰਡ ਤੋਂ ਪਹਿਲਾਂ ਹਰ ਸਾਲ ਗੁਰਮਤਿ ਦੇ ਕਥਾਕਾਰ, ਪ੍ਰਚਾਰਕ ਅਤੇ ਕੀਰਤਨੀਏ ਸਿੱਖ ਸਿੰਧ ਪ੍ਰਾਂਤ ਵੱਲ ਪ੍ਰਚਾਰ ਕਰਨ ਲਈ ਜਾਂਦੇ ਰਹਿੰਦੇ ਸਨ। ਸਿੰਧੀਆਂ ਵਲੋਂ ਆਪਣੀਆਂ ਧਰਮਸ਼ਾਲਾਵਾਂ ਵਿਚ ਵੀ ਗੁਰਬਾਣੀ ਦਾ ਅਧਿਐਨ ਅਤੇ ਗਾਇਨ ਕੀਤਾ/ਸਿਖਾਇਆ ਜਾਂਦਾ ਸੀ। ਉਹ ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ-ਦੀਦਾਰੇ ਕਰਨ ਆਉਂਦੇ ਰਹਿੰਦੇ ਸਨ। ਸਿੰਧੀਆਂ ਦੀ ਆਬਾਦੀ ਕਛ ਅਤੇ ਭੁਜ ਤੋਂ ਕਰਾਚੀ, ਹੈਦਰਾਬਾਦ ਤੱਕ ਫੈਲੀ ਹੋਈ ਸੀ।
ਸੰਨ 1927 ਦੌਰਾਨ ਸਿੰਘ ਸਭਾ ਲਹਿਰ ਵੇਲੇ ਬਾਬਾ ਥਹਰੀਆ ਸਿੰਘ ਨੂੰ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੰਧੀ ਸਿੱਖਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਭੇਜਿਆ ਗਿਆ ਅਤੇ ਉਨ੍ਹਾਂ ਨੇ ਸਿੰਧ ਦੇ ਕੰਧਾਨਗਰ (ਜ਼ਿਲ੍ਹਾ ਸਖਰਾ) ਨੂੰ ਆਪਣਾ ਕੇਂਦਰ ਬਣਾ ਕੇ ਸੰਤ ਗੁਰਮੁਖ ਸਿੰਘ ਜੀ ਕਾਰ-ਸੇਵਾ ਪਟਿਆਲਾ ਵਾਲੇ ਅਤੇ ਸੰਤ ਸ਼ਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਸਿੰਧੀ ਸਿੱਖਾਂ ਨੂੰ ਗੁਰਮਤਿ ਵਿਚ ਪ੍ਰਪੱਕ ਕਰਨ ਲਈ ਧਰਮ ਪ੍ਰਚਾਰ ਦੀ ਜ਼ੋਰਦਾਰ ਮੁਹਿੰਮ ਚਲਾਈ। ਨਤੀਜੇ ਵਜੋਂ ਇਸ ਇਲਾਕੇ ’ਚ ਸਿੱਖਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਣ ਲੱਗਾ। ਸਖਰਾ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ’ਚ ਸਿੱਖਾਂ ਦੀ ਆਬਾਦੀ, ਜੋ ਸੰਨ 1901 ਦੀ ਮਰਦਮਸ਼ੁਮਾਰੀ ਦੌਰਾਨ ਕੇਵਲ 1 ਹਜ਼ਾਰ ਦੇ ਕਰੀਬ ਸੀ, ਉਹ 1941 ਵਿਚ 40 ਹਜ਼ਾਰ ਨੂੰ ਪਾਰ ਕਰ ਗਈ। ਜੇ 1947 ਤੋਂ ਪਹਿਲਾਂ ਦੇ ਸਮੁੱਚੇ ਪਾਕਿਸਤਾਨੀ ਸਿੰਧ ਸੂਬੇ ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਹਵਾਲਾ ਲਿਆ ਜਾਵੇ ਤਾਂ ਇਸ ਇਲਾਕੇ ’ਚ ਡੇਢ ਤੋਂ ਦੋ ਲੱਖ ਦੇ ਕਰੀਬ ਸਿੰਧੀ ਸਿੱਖਾਂ ਦੀ ਆਬਾਦੀ ਦੱਸੀ ਜਾਂਦੀ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਬਹੁਤ ਸਾਰੇ ਸਿੰਧੀ ਪਰਿਵਾਰ ਸਿੰਧ ਸੂਬੇ ਤੋਂ ਹਿਜਰਤ ਕਰਕੇ ਭਾਰਤ ਦੇ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਆ ਕੇ ਵੱਸ ਗਏ। ਭਾਰਤ ਵਿਚ ਇਸ ਵੇਲੇ ਸਿੰਧੀ ਭਾਈਚਾਰੇ ਦੀ ਆਬਾਦੀ 2 ਲੱਖ ਦੇ ਆਸ-ਪਾਸ ਮੰਨੀ ਜਾਂਦੀ ਹੈ ਜਦਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਅੱਠ ਤੋਂ ਦਸ ਹਜ਼ਾਰ ਦੇ ਲਗਪਗ ਸਿੰਧੀ ਸਿੱਖ ਰਹਿ ਗਏ ਹਨ।
ਮਹਾਰਾਸ਼ਟਰ ਵਿਚ ਉਲਹਾਸਨਗਰ, ਜੋ ਮੁੰਬਈ ਦੇ ਨੇੜੇ ਪੈਂਦਾ ਹੈ, ਸਿੰਧੀ ਸਿੱਖਾਂ ਦਾ ਵੱਡਾ ਗੜ੍ਹ ਬਣ ਕੇ ਉੱਭਰ ਰਿਹਾ ਹੈ। ਇੱਥੋਂ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇਸ਼-ਵਿਦੇਸ਼ ਦੇ ਸਿੱਖਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਉਲਹਾਸਨਗਰ ਵਿਚ 25 ਤੋਂ 30 ਹਜ਼ਾਰ ਦੇ ਲਗਪਗ ਸਿੰਧੀ ਸਿੱਖਾਂ ਦੀ ਆਬਾਦੀ ਦੱਸੀ ਜਾਂਦੀ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਵੀ ਸਿੰਧੀ ਸਮਾਜ ਦੀ ਬਹੁਤ ਵੱਡੀ ਆਬਾਦੀ ਰਹਿੰਦੀ ਹੈ। ਪੂਨਾ ਅਤੇ ਹੈਦਰਾਬਾਦ ਵਿਚ ਵੀ ਸਿੰਧੀ ਸਮਾਜ ਨੇ ਆਪਣੀ ਚੰਗੀ ਆਬਾਦੀ ਦੇ ਨਾਲ-ਨਾਲ ਮਿਹਨਤ, ਸਿਦਕਦਿਲੀ ਤੇ ਨੇਕ-ਨੀਅਤੀ ਦੇ ਨਾਲ ਆਪਣੇ ਚੰਗੇ ਵਪਾਰ ਸਥਾਪਿਤ ਕੀਤੇ ਹੋਏ ਹਨ।
ਬਿਨਾਂ ਸ਼ੱਕ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਸਿੱਖ ਸਮਾਜ ਅੰਦਰ ਆਏ ਸਿਧਾਂਤਕ ਤੇ ਧਾਰਮਿਕ ਨਿਘਾਰ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਨੇ ਤਾਂ ਵੱਡੀ ਪੁਨਰ-ਜਾਗ੍ਰਿਤੀ ਲਿਆਂਦੀ ਪਰ ਇਸ ਤੋਂ ਬਾਅਦ ਪੰਥਕ ਸੰਸਥਾਵਾਂ ‘ਗੁਰੂ ਨਾਨਕ ਨਾਮ ਲੇਵਾ’ ਭਾਈਚਾਰਿਆਂ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਜੋੜੀ ਰੱਖਣ ਵਿਚ ਅਸਫਲ ਸਿੱਧ ਹੋਈਆਂ ਹਨ।
ਸਿੰਧੀ ਸਿੱਖ ਬੇਸ਼ੱਕ ਅੱਜ ਪੂਰੀ ਤਰ੍ਹਾਂ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਨਹੀਂ ਹਨ ਪਰ ਇਸ ਦੇ ਬਾਵਜੂਦ ਉਹ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਆਪਣੀ ਆਸਥਾ ਕਿਸੇ ਵੀ ਤਰ੍ਹਾਂ ਅੰਮ੍ਰਿਤਧਾਰੀ ਸਿੱਖਾਂ ਨਾਲੋਂ ਘੱਟ ਨਹੀਂ ਰੱਖਦੇ। ਕੇਸਾਂ ਦੀ ਰਹਿਤ ਰੱਖਣ ਵਿਚ ਪ੍ਰਪੱਕ ਨਾ ਹੋਣ ਦੇ ਬਾਵਜੂਦ ਉਹ ਆਪਣੇ ਜੀਵਨ ਦੇ ਸਾਰੇ ਸੰਸਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪਣੇ ਘਰਾਂ ਵਿਚ ਪ੍ਰਕਾਸ਼ ਕਰਨੇ ਅਤੇ ਸਹਿਜ ਪਾਠ ਕਰਨੇ ਸਿੰਧੀ ਸਿੱਖਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੈ। ਇਕ-ਦੂਜੇ ਨੂੰ ਮਿਲਣ ਵੇਲੇ ‘ਧੰਨ ਗੁਰੂ ਨਾਨਕ’ ਕਹਿਣਾ ਅਤੇ ਹਮੇਸ਼ਾ ਨਿਮਰਤਾ ਵਿਚ ਰਹਿਣਾ ਉਨ੍ਹਾਂ ਦਾ ਸੁਭਾਅ ਹੈ।
ਭਾਰਤ ਵਿਚ ਵੱਸਦੇ ਸਿੰਧੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਅਟੁੱਟ ਸ਼ਰਧਾ ਦੇ ਬਾਵਜੂਦ ਸਿੱਖਾਂ ਦੀ ਮੁੱਖ ਧਾਰਾ ਦੀ ਰਵਾਇਤੀ ਧਾਰਮਿਕ ਲੀਡਰਸ਼ਿਪ ਦੀ ਬੇਰੁਖੀ ਅਤੇ ਕੱਟੜਤਾ ਕਾਰਨ ਸਿੱਖ ਸਮਾਜ ਦਾ ਅਨਿੱਖੜਵਾਂ ਹਿੱਸਾ ਬਣਨ ਤੋਂ ਪਿੱਛੇ ਰਹਿ ਗਏ ਹਨ। ਪ੍ਰਮੁੱਖ ਸਿੱਖ ਸੰਸਥਾਵਾਂ ਦੇ ਅਵੇਸਲੇਪਨ ਦੌਰਾਨ ਇਨ੍ਹਾਂ ਦਾ ਝੁਕਾਅ ਨਿਰਮਲੇ ਤੇ ਉਦਾਸੀ ਸੰਪਰਦਾਵਾਂ ਵੱਲ ਵਧਿਆ, ਜਿਸ ਕਾਰਨ ਸਿੰਧੀ ਸਮਾਜ ਵਿਚ ਸਿੱਖ ਅਤੇ ਹਿੰਦੂ ਸੰਸਕਾਰਾਂ ਦਾ ਰਲਿਆ-ਮਿਲਿਆ ਪ੍ਰਭਾਵ ਦਿਖਾਈ ਦਿੰਦਾ ਹੈ। ਪਾਕਿਸਤਾਨੀ ਸਿੰਧੀ ਸਮਾਜ ਬੇਸ਼ੱਕ ਵੱਡੀ ਗਿਣਤੀ ਵਿਚ ਸਹਿਜਧਾਰੀ ਹੈ ਪਰ ਉਨ੍ਹਾਂ ਦੀ ਅਗਲੀ ਪੀੜ੍ਹੀ ਸਾਬਤ-ਸੂਰਤ ਸਿੱਖ ਬਣ ਰਹੀ ਹੈ। ਭਾਰਤ ਵਿਚ ਰਹਿੰਦੇ ਸਿੰਧੀ ਵੀ ਸਹਿਜਧਾਰੀ ਸਿੱਖ ਅਖਵਾਉਣਾ ਪਸੰਦ ਕਰਦੇ ਹਨ ਅਤੇ ਗੁਰਬਾਣੀ ਪ੍ਰਤੀ ਉਨ੍ਹਾਂ ਦੀ ਆਸਥਾ ਮਿਸਾਲੀ ਹੈ। ਇਸੇ ਕਾਰਨ ਹੀ ਸਿੰਧੀ ਪਰਿਵਾਰਾਂ ਵਿਚ ਆਪਣੇ ਘਰਾਂ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਕਰਨਾ ਵੱਡੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇੰਦੌਰ ਵਿਚ ਵੀ ਲਗਪਗ ਹਰ ਸਿੰਧੀ ਪਰਿਵਾਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹ ਗੱਲ ਤਾਂ ਵਾਜਬ ਹੋ ਸਕਦੀ ਹੈ ਕਿ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਨਾ ਹੋਣ ਕਾਰਨ ਸਿੰਧੀ ਸਮਾਜ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਪੂਰਨ ਨਿਭਾਅ ਨਾ ਕਰ ਸਕਦੇ ਹੋਣ ਪਰ ਉਨ੍ਹਾਂ ਦੀ ਸ਼ਰਧਾ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ।
ਸੰਪਰਕ: 98780-70008