ਰਾਮ ਸਰੂਪ ਜੋਸ਼ੀ
ਸਮਾਜਿਕ ਜੀਵਨ ਵਿਚ ਅੱਜ ਦੀ ਭੱਜ-ਨੱਠ ਵਾਲੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਦੇ ਮਨ ਦੀ ਸ਼ਾਂਤੀ ਤੇ ਠਹਿਰਾਉ ਨੂੰ ਬਹੁਤ ਵੱਡਾ ਖੋਰਾ ਲਾਇਆ ਹੈ। ਉਹ ਸਰੀਰਕ ਤੌਰ ’ਤੇ ਕਿਤੇ ਹੋਰ ਅਤੇ ਮਾਨਸਿਕ ਤੌਰ ’ਤੇ ਕਿਤੇ ਹੋਰ ਵਿਚਰ ਰਿਹਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਜੀਵਨ ਵਿਚ ਦੁਰਘਟਨਾਵਾਂ ਅਤੇ ਕਈ ਤਰ੍ਹਾਂ ਦੇ ਕਲੇਸ਼ ਪੈਦਾ ਹੁੰਦੇ ਹਨ। ਅਜਿਹੇ ਸਮੇਂ ਹਮਦਰਦ ਲੋਕ ਸਮਾਜਿਕ ਤੇ ਪ੍ਰਸਾਸ਼ਨਿਕ ਤੌਰ ’ਤੇ ਪੈ ਸਕਣ ਵਾਲੇ
ਬਖੇੜਿਆਂ ਦੀ ਕਲਪਨਾ ਕਰ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਝਿਜਕ ਜਾਂਦੇ ਹਨ, ਪਰ ਇਹ ਝਿਜਕ ਥੋੜ੍ਹ-ਚਿਰੀ ਹੀ ਹੁੰਦੀ ਹੈ। ਫੇਰ ਝੱਟ ਹੀ ਉਹ ਸੁਲੱਖਣੀ ਘੜੀ ਆ ਜਾਂਦੀ ਹੈ ਜਦੋਂ ‘‘ਜੋ ਹੋਵੇਗਾ ਦੇਖ ਲਾਵਾਂਗੇ’’ ਦਾ ਸੁਨਹਿਰੀ ਵਿਚਾਰ ਮਨ ਵਿਚ ਆ ਜਾਂਦਾ ਹੈ ਅਤੇ ਸਭ ਝਿਜਕਾਂ ਤੇ ਰੋਕਾਂ ਛਾਈਂ ਮਾਈਂ ਹੋ ਜਾਂਦੀਆਂ ਹਨ।
ਮੇਰੇ ਆਪਣੇ ਜੀਵਨ ਵਿਚ ਵੀ ਕਈ ਅਜਿਹੀਆਂ ਸੁਲੱਖਣੀਆਂ ਘੜੀਆਂ ਆਈਆਂ ਹਨ। ਉਨ੍ਹਾਂ ਵਿਚੋਂ ਇਕ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਦੇਸ਼ ਦਾ ਗਣਤੰਤਰ ਦਿਵਸ ਜ਼ਿਲ੍ਹਾ ਪੱਧਰ ’ਤੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਜ਼ਿਲ੍ਹੇ ਦੇ ਹਰ ਸਕੂਲ ਨੂੰ ਚਾਰ ਪੰਜ ਕੁ ਚੋਣਵੀਆਂ ਆਈਟਮਾਂ ਲੈ ਕੇ ਆਉਣ ਦੇ ਹੁਕਮ ਹੋਏ। ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਦੀ ਸਮਾਗਮ ਵਿਚ ਹਾਜ਼ਰੀ ਜ਼ਰੂਰੀ ਕਰ ਕੇ ਬਾਕੀ ਜਮਾਤਾਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਗਈ।
ਪਿਛਲੇ ਚਾਰ ਕੁ ਮਹੀਨਿਆਂ ਤੋਂ ਸਕੂਲ ਦੀ ਮੁੱਖ ਅਧਿਆਪਕਾ ਕਿਸੇ ਘਰੇਲੂ ਮਜਬੂਰੀ ਕਾਰਨ ਛੁੱਟੀ ਉੱਤੇ ਸੀ ਅਤੇ ਮੈਂ ਹੀ ਕੰਮ ਚਲਾਊ ਮੁਖੀ ਬਣਿਆ ਹੋਇਆ ਸਾਂ। ਪਹਿਲਾਂ ਇਕ ਦੋ ਦਿਨ ਲਈ ਤਾਂ ਮੈਂ ਸਕੂਲ ਦਾ ਇੰਚਾਰਜ ਬਣਦਾ ਹੀ ਰਿਹਾ ਸਾਂ, ਪਰ ਇੰਨੇ ਲੰਮੇ ਸਮੇਂ ਲਈ ਪਹਿਲੀ ਵੇਰ ਹੀ ਇੰਚਾਰਜ ਬਣ ਕੇ ਤਨਖ਼ਾਹ ਕਢਾਉਣ ਤੇ ਵੰਡਣ ਦੀਆਂ ਸ਼ਕਤੀਆਂ ਵੀ ਲੈ ਲਈਆਂ ਸਨ। ਸਟਾਫ਼ ਦੀ ਮੀਟਿੰਗ ਬੁਲਾ ਕੇ ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਮੇਰੀ ਦਿਲੀ ਇੱਛਾ ਇਹ ਸੀ ਕਿ ਮੁੱਖ ਅਧਿਆਪਕਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਕੂਲ ਦੀ ਹਰ ਪੱਖੋਂ ਕਾਇਆ ਕਲਪ ਕੀਤੀ ਜਾਵੇ। ਅਜਿਹਾ ਕਰ ਸਕਣ ਲਈ ਸਾਰੇ ਭੈਣ ਭਰਾਵਾਂ ਦੇ ਸੁਹਿਰਦ ਯਤਨਾਂ ਅਤੇ ਭਰਪੂਰ ਸਹਿਯੋਗ ਦੀ ਲੋੜ ਸੀ। ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਪੂਰਤੀ ਲਈ ਮੈਂ ਵੀ ਸਦਾ ਯਤਨਸ਼ੀਲ ਰਹਾਂਗਾ। ਆਪਸੀ ਸਮਝ ਅਤੇ ਵਿਸ਼ਵਾਸ ਨਾਲ ਪੈਦਾ ਹੋਏ ਪ੍ਰੇਮ ਪਿਆਰ ਨੇ ਸਕੂਲ ਦਾ ਮਾਹੌਲ ਘਰ ਵਰਗਾ ਬਣਾ ਦਿੱਤਾ। ਅਸੀਂ ਸਾਰੇ ਇਕ ਮਿਹਨਤੀ ਟੱਬਰ ਦੇ ਜੀਆਂ ਵਾਂਗ ਆਪੋ ਆਪਣੇ ਕੰਮ ’ਚ ਆਪ ਹੀ ਜੁਟੇ ਰਹਿੰਦੇ। ਮਨ ਨਾਲ ਕੀਤਾ ਕੰਮ ਖੇਡ ਵਰਗੀ ਖ਼ੁਸ਼ੀ ਦਿੰਦਾ ਹੈ ਅਤੇ ਅਸੀਂ ਸਾਰੇ ਇਸ ਖ਼ੁਸ਼ੀ ਦਾ ਆਨੰਦ ਮਾਣ ਰਹੇ ਸਾਂ।
ਇਸੇ ਸਮੇਂ ਸਾਡੇ ਇਕ ਸਾਥੀ ਦੀ ਪਤਨੀ ਬਿਮਾਰ ਹੋ ਗਈ। ਬਹੁਤ ਓਹੜ-ਪੋਹੜ ਕੀਤੇ ਪਰ ਕੋਈ ਫ਼ਰਕ ਨਾ ਪਿਆ। ਪੰਜਾਬ ਵਿਚ ਉਸ ਵੇਲੇ ਅੱਜ ਵਰਗੇ ਵੱਡੇ ਵੱਡੇ ਹਸਪਤਾਲ ਨਹੀਂ ਸਨ। ਥੱਕ ਹਾਰ ਕੇ ਸਾਥੀ ਅਧਿਆਪਕ ਆਪਣੀ ਪਤਨੀ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਲੈ ਗਿਆ। ਕਈ ਤਰ੍ਹਾਂ ਦੇ ਟੈਸਟ ਕਰਾਉਣ ਲਈ ਉਨ੍ਹਾਂ ਨੂੰ ਮੁੜ ਮੁੜ ਦਿੱਲੀ ਜਾਣਾ ਪਿਆ। ਅੰਤ ਨੂੰ ਡਾਕਟਰਾਂ ਨੇ ਸਲਾਹ ਮਸ਼ਵਰਾ ਕਰ ਕੇ ਸਿਰ ਦਾ ਅਪਰੇਸ਼ਨ ਕਰਾਉਣਾ ਜ਼ਰੂਰੀ ਦੱਸਿਆ। ਅਧਿਆਪਕ ਸਾਥੀ ਇਸ ਅਪਰੇਸ਼ਨ ਦੇ ਖ਼ਤਰਨਾਕ ਹੋਣ ਸੰਬੰਧੀ ਸੋਚ ਕੇ ਬਹੁਤ ਘਬਰਾ ਗਿਆ। ਅਸੀਂ ਸਾਰੇ ਉਸ ਨੂੰ ਹੌਸਲਾ ਰੱਖ ਕੇ ਚੰਗਾ ਸੋਚਣ ਲਈ ਕਹਿੰਦੇ ਪਰ ਉਹ ਬੁਝਿਆ ਬੁਝਿਆ ਜਿਹਾ ਰਹਿਣ ਲੱਗਿਆ। ਕਈ ਸਾਥੀਆਂ ਨੇ ਅਪਰੇਸ਼ਨ ਨਾਲ ਠੀਕ ਹੋਏ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਉਸ ਨੂੰ ਦਿਲ ਰੱਖਣ ਲਈ ਪ੍ਰੇਰਿਆ। ਸਭ ਦੇ ਕਹੇ ਸੁਣੇ ਦਾ ਉਸ ਉੱਤੇ ਚੰਗਾ ਪ੍ਰਭਾਵ ਪਿਆ ਅਤੇ ਉਹ ਆਪਣੇ ਇਕ ਰਿਸ਼ਤੇਦਾਰ ਨਾਲ ਜਾ ਕੇ ਏਮਜ਼ ਤੋਂ ਅਪਰੇਸ਼ਨ ਦੀ ਤਰੀਕ ਲੈ ਆਇਆ।
ਜ਼ਿਲ੍ਹਾ ਪੱਧਰ ’ਤੇ ਮਨਾਏ ਜਾ ਰਹੇ ਕੌਮੀ ਤਿਉਹਾਰ ’ਚ ਮੈਂ ਦਰਸ਼ਕਾਂ ਲਈ ਲੱਗੀਆਂ ਕੁਰਸੀਆਂ ਦੀ ਪਹਿਲੀ ਕਤਾਰ ਵਿਚ ਜਾ ਕੇ ਬੈਠਿਆ ਹੀ ਸਾਂ ਕਿ ਸਕੂਲ ਦੇ ਤਿੰਨ ਚਾਰ ਹੋਰ ਅਧਿਆਪਕ ਆ ਕੇ ਮੇਰੇ ਕੋਲ ਬੈਠ ਗਏ। ਕਾਫ਼ੀ ਵੱਡੇ ਅਤੇ ਉੱਚੇ ਚਬੂਤਰੇ ਉੱਤੇ ਅਧਿਕਾਰੀਆਂ ਲਈ ਲੱਗੀਆਂ ਕੁਰਸੀਆਂ ਹਾਲੇ ਖਾਲੀ ਪਈਆਂ ਸਨ। ਅਧਿਆਪਕਾਂ ਅਤੇ ਬੱਚਿਆਂ ਦੀਆਂ ਆ ਰਹੀਆਂ ਟੋਲੀਆਂ ਨਾਲ ਪਲੋ-ਪਲੀ ਭੀੜ ਵਧਣ ਕਾਰਨ ਰੌਣਕ ਦਾ ਮਾਹੌਲ ਬਣਦਾ ਜਾ ਰਿਹਾ ਸੀ।
ਅਚਾਨਕ ਹੀ ਮੇਰੇ ਸਾਹਮਣੇ ਬਿਮਾਰ ਪਤਨੀ ਵਾਲੇ ਅਧਿਆਪਕ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਮੈਂ ਉਸ ਦੀ ਪਤਨੀ ਦਾ ਹਾਲ ਪੁੱਛਿਆ ਤਾਂ ਉਹ ਬੋਲਿਆ, ‘‘ਉਹ ਤਾਂ ਠੀਕ ਹੈ ਪਰ ਇੱਕ ਹੋਰ ਪੰਗਾ ਪੈ ਗਿਆ ਹੈ। ਮੈਨੂੰ ਪਤਾ ਲੱਗਾ ਹੈ ਕਿ ਅਪਰੇਸ਼ਨ ਵਾਲੀ ਮਿਤੀ ਨੂੰ ਅਧਿਆਪਕਾਂ ਦੇ ਹੋ ਰਹੇ ਸੈਮੀਨਾਰ ਵਿਚ ਮੇਰੀ ਡਿਊਟੀ ਲੱਗ ਗਈ ਹੈ। ਹੁਣ ਕੀ ਬਣੇਗਾ?’’ ਮੈਂ ਦਿਲਾਸਾ ਦਿੰਦਿਆਂ ਕਿਹਾ, ‘‘ਕੋਈ ਗੱਲ ਨਹੀਂ, ਡੀ.ਈ.ਓ. ਸਾਹਿਬ ਆਉਣ ਵਾਲੇ ਹੀ ਹਨ, ਸਾਰੀ ਗੱਲ ਦੱਸ ਕੇ ਛੋਟ ਲੈਣ ਲਈ ਬੇਨਤੀ ਕਰਾਂਗੇ। ਤੁਹਾਡਾ ਕੇਸ ਸੱਚਾ ਅਤੇ ਨਿਆਂਸੰਗਤ ਹੈ, ਉਹ ਜ਼ਰੂਰ ਮੰਨ ਜਾਣਗੇ।’’
ਕੁਝ ਮਿੰਟਾਂ ਪਿੱਛੋਂ ਜ਼ਿਲ੍ਹਾ ਅਧਿਕਾਰੀ ਸਟੇਜ ਉੱਤੇ ਆ ਕੇ ਕੁਰਸੀ ’ਤੇ ਬੈਠ ਗਏ। ਹਾਲੇ ਟਾਵੇਂ ਟਾਵੇਂ ਅਧਿਕਾਰੀ ਹੀ ਪੁੱਜੇ ਸਨ ਅਤੇ ਪ੍ਰੋਗਰਾਮ ਵੀ ਸ਼ੁਰੂ ਨਹੀਂ ਸੀ ਹੋਇਆ। ਢੁੱਕਵਾਂ ਸਮਾਂ ਸਮਝ ਕੇ ਮੈਂ ਉਸ ਅਧਿਆਪਕ ਨੂੰ ਨਾਲ ਲੈ ਕੇ ਸਟੇਜ ਦੀਆਂ ਪੌੜੀਆਂ ਚੜ੍ਹ ਗਿਆ। ਉਨ੍ਹਾਂ ਦੀ ਕੁਰਸੀ ਸਾਹਮਣੇ ਪੁੱਜਿਆ ਹੀ ਸਾਂ ਕਿ ਮੈਨੂੰ ਦੇਖ ਕੇ ਉਹ ਝੱਟ ਬੋਲੇ, ‘‘ਜੋਸ਼ੀ, ਤੇਰੇ ਸਕੂਲ ਦੀ ਤਾਂ ਤਿਆਰੀ ਵਾਹ ਵਾਹ ਹੋਵੇਗੀ, ਕਿੰਨੀਆਂ ਆਈਟਮਾਂ ਲਿਆਂਦੀਆਂ ਨੇ?’’ ਮੈਂ ਉੱਤਰ ਦਿੱਤਾ, ‘‘ਸਰ, ਤਿਆਰੀ ਵੀ ਠੀਕ ਹੈ ਅਤੇ ਆਈਟਮਾਂ ਵੀ ਬਥੇਰੀਆਂ ਨੇ, ਜਿੰਨਾ ਸਮਾਂ ਮਿਲੇਗਾ ਪੇਸ਼ ਕਰਦੇ ਰਹਾਂਗੇ। ਪਰ ਸਰ, ਮੈਂ ਤਾਂ ਇਕ ਜ਼ਰੂਰੀ ਬੇਨਤੀ ਕਰਨ ਆਇਆ ਹਾਂ।’’ ਇਹ ਕਹਿ ਕੇ ਮੈਂ ਨਾਲ ਗਏ ਅਧਿਆਪਕ ਅਤੇ ਉਸ ਦੀ ਬਿਮਾਰ ਪਤਨੀ ਸੰਬੰਧੀ ਸਭ ਕੁਝ ਦੱਸ ਕੇ ਅਪਰੇਸ਼ਨ ਦੀ ਤਾਰੀਕ ਦੇ ਸੈਮੀਨਾਰ ਵਿਚ ਆ ਜਾਣ ਕਾਰਨ ਅਧਿਆਪਕ ਨੂੰ ਸੈਮੀਨਾਰ ਤੋਂ ਛੋਟ ਦੇਣ ਦੀ ਬੇਨਤੀ ਕੀਤੀ। ਮੈਂ ਨਾਲ ਹੀ ਇਹ ਵੀ ਕਿਹਾ ਕਿ ਇਹ ਅਧਿਆਪਕ ਅਗਲੇ ਸੈਮੀਨਾਰ ਵਿਚ ਜਾਣ ਲਈ ਲਿਖਤੀ ਸਹਿਮਤੀ ਦੇਣ ਨੂੰ ਵੀ ਤਿਆਰ ਹੈ। ਡੀ.ਈ.ਓ. ਸਾਹਿਬ ਸਾਰੀ ਗੱਲ ਸੁਣ ਕੇ ਵੀ ਅਣਭਿੱਜ ਜਿਹੇ ਹੀ ਰਹੇ ਅਤੇ ਅਫ਼ਸਰੀ ਲਹਿਜੇ ਵਿਚ ਬੋਲੇ, ‘‘ਸੈਮੀਨਾਰਾਂ ਵਿਚ ਜਾਣ ਲਈ ਕਿਸੇ ਦੀ ਸਹਿਮਤੀ ਲੈਣੀ ਜ਼ਰੂਰੀ ਨਹੀਂ ਹੁੰਦੀ। ਠਹਿਰ ਕੇ ਗੱਲ ਕਰਾਂਗੇ, ਸਮਾਗਮ ਸ਼ੁਰੂ ਹੋਣ ਵਾਲਾ ਹੈ।’’
ਸਮਾਗਮ ਦੀ ਸਮਾਪਤੀ ਹੋ ਗਈ ਸੀ ਅਤੇ ਸਭ ਲੋਕ ਆਪੋ ਆਪਣੇ ਟਿਕਾਣਿਆਂ ਲਈ ਚੱਲ ਪਏ ਸਨ। ਮੈਂ ਆਖ਼ਰੀ ਕੋਸ਼ਿਸ਼ ਕਰਨ ਲਈ ਇਕੱਲਾ ਹੀ ਛੇਤੀ ਛੇਤੀ ਪੌੜੀਆਂ ਚੜ੍ਹ ਕੇ ਡੀ.ਈ.ਓ. ਸਾਹਿਬ ਕੋਲ ਪੁੱਜ ਗਿਆ। ਉਹ ਕਿਸੇ ਹੋਰ ਅਧਿਕਾਰੀ ਨਾਲ ਗੱਲਾਂ ਕਰ ਰਹੇ ਸਨ। ਮੈਨੂੰ ਖੜ੍ਹਾ ਦੇਖ ਕੇ ਮੇਰੇ ਕੋਲ ਆ ਗਏ ਅਤੇ ਮੋਢੇ ਤੋਂ ਫੜ ਕੇ ਇਕ ਪਾਸੇ ਲੈ ਗਏ। ਕਹਿਣ ਲੱਗੇ, ‘‘ਸਰਕਾਰੀ ਕੰਮ ਇਸ ਤਰ੍ਹਾਂ ਹੀ ਚੱਲਦੇ ਹਨ, ਬਹੁਤੇ ਭਾਵੁਕ ਨਹੀਂ ਹੋਈਦਾ। ਸੈਮੀਨਾਰਾਂ ਵਿਚ ਜਾਣ ਲਈ ਕੋਈ ਵੀ ਰਜ਼ਾਮੰਦ ਨਹੀਂ ਹੁੰਦਾ, ਊਠ ਤਾਂ ਅੜਾਉਂਦੇ ਹੀ ਲੱਦੀਦੇ ਨੇ। ਨਾਲੇ ਅਪਰੇਸ਼ਨ ਤਾਂ ਡਾਕਟਰਾਂ ਨੇ ਕਰਨਾ ਹੈ ਕਿਸੇ ਹੋਰ ਰਿਸ਼ਤੇਦਾਰ ਨਾਲ ਭੇਜੀ ਜਾ ਸਕਦੀ ਹੈ।’’ ਮੈਂ ਕਿਹਾ, ‘‘ਸਰ, ਪਰ ਪਤੀ ਪਤਨੀ ਦਾ ਰਿਸ਼ਤਾ ਅਤੇ ਵਿਆਹ ਵੇਲੇ ਦੁਖ ਸੁਖ ਵਿਚ ਸਾਥ ਦੇਣ ਦਾ ਵਚਨ, ਇਸ ਦੇ ਹੀ ਨਾਲ ਜਾਣ ਨੂੰ ਜ਼ਰੂਰੀ ਬਣਾਉਂਦੇ ਹਨ।’’ ਸਾਹਿਬ ਕੁਝ ਔਖੇ ਹੋ ਕੇ ਖਚਰੀ ਜਿਹੀ ਹਾਸੀ ਹੱਸ ਕੇ ਕਹਿਣ ਲੱਗੇ, ‘‘ਫੇਰ ਤੂੰ ਸੈਮੀਨਾਰ ’ਚ ਜਾਣ ਲਈ ਇਸ ਨੂੰ ਰਿਲੀਵ ਨਾ ਕਰੀ ਅਤੇ ਇਸ ਦੀ ਥਾਂ ਆਪ ਭੁਗਤਦਾ ਫਿਰੀਂ।’’ ਇਹ ਕਹਿ ਕੇ ਉਹ ਤਾਂ ਤੁਰ ਗਏ ਪਰ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਅਤੇ ਬੇਦਰਦੀ ਨੇ ਮੇਰੇ ਸਮੁੱਚੇ ਆਪੇ ਨੂੰ ਝੰਜੋੜ ਕੇ ਰੱਖ ਦਿੱਤਾ। ਦੋ ਤਿੰਨ ਕੁ ਪੌੜੀਆਂ ਉਤਰ ਕੇ ਮੈਂ ਫੇਰ ਖੜ੍ਹ ਗਿਆ। ਮੂੰਹ ਦਾ ਸੁਆਦ ਕੌੜਾ ਹੋ ਗਿਆ ਸੀ ਅਤੇ ਪੈਰ ਤੁਰਨ ਤੋਂ ਆਕੀ ਸਨ। ਸਾਹਿਬ ਦੇ ਕਹੇ ਸ਼ਬਦ, ‘‘ਰਿਲੀਵ ਨਾ ਕਰੀ, ਆਪ ਭੁਗਤਦਾ ਫਿਰੀਂ’’ ਮੁੜ ਮੁੜ ਕੰਨਾਂ ਵਿਚ ਗੂੰਜ ਰਹੇ ਸਨ। ਦੁਚਿੱਤੀ ਨਿਰਣੇ ਦਾ ਰਾਹ ਰੋਕੀ ਖੜ੍ਹੀ ਸੀ। ਅਚਾਨਕ ਹੀ ਮੈਨੂੰ ਪਹਿਲੀ ਸਟਾਫ ਮੀਟਿੰਗ ਵਿਚ ਕਹੇ ਆਪਣੇ ਸ਼ਬਦ, ‘‘ਤੁਹਾਡੇ ਹਿੱਤਾਂ ਦੀ ਰਾਖੀ ਮੈਂ ਕਰਾਂਗਾ’’ ਚੇਤੇ ਆਏ ਅਤੇ ਫੇਰ ਉਹ ਸੁਲੱਖਣੀ ਘੜੀ ਆਈ ਜਦੋਂ ਮੇਰੇ ਅੰਦਰੋਂ ਆਵਾਜ਼ ਆਈ, ‘‘ਮੈਂ ਆਪ ਹੀ ਭੁਗਤਾਂਗਾਂ।’’ ਇਹ ਵਿਚਾਰ ਆਉਂਦਿਆਂ ਹੀ ਮੇਰਾ ਤਨ ਮਨ ਹੌਲੇ ਫੁੱਲ ਹੋ ਗਏ ਅਤੇ ਮੈਂ ਹੇਠ ਉਤਰ ਆਇਆ। ਉਤਸੁਕਤਾ ਨਾਲ ਉਡੀਕ ਕਰ ਰਹੇ ਸਾਥੀ ਅਧਿਆਪਕ ਦੇ ਮੋਢੇ ’ਤੇ ਹੱਥ ਰੱਖ ਕੇ ਮੈਂ ਕਿਹਾ, ‘‘ਆ ਚੱਲੀਏ, ਤੂੰ ਸੈਮੀਨਾਰ ਵਿਚ ਨਹੀਂ ਜਾਵੇਂਗਾ। ਸਾਹਿਬ ਇਕ ਰਾਹ ਦੱਸ ਗਏ ਹਨ, ਅਫ਼ਸਰ ਇਸ਼ਾਰਾ ਹੀ ਕਰਿਆ ਕਰਦੇ ਹਨ।’’
ਤੀਜੇ ਕੁ ਦਿਨ ਸਕੂਲ ਦੀ ਡਾਕ ਵਿਚ ਉਹ ਹੁਕਮ ਵੀ ਆ ਗਏ। ਮੈਂ ਸੰਬੰਧਤ ਅਧਿਆਪਕ ਨੂੰ ਦਫ਼ਤਰ ਵਿਚ ਸੱਦ ਕੇ ਕਿਹਾ, ‘‘ਸਕੂਲ ਮੁਖੀ ਨੂੰ ਇੱਕ ਅਰਜ਼ੀ ਲਿਖ ਕੇ ਆਪਣੀ ਮਜਬੂਰੀ ਦੱਸ ਕੇ ਅਗਲੇ ਸੈਮੀਨਾਰ ਵਿਚ ਜਾਣ ਦੀ ਸਹਿਮਤੀ ਵੀ ਲਿਖ ਕੇ ਦੇ ਦਿਓ।’’ ਉਸ ਤੋਂ ਅਰਜ਼ੀ ਲੈ ਕੇ ਮੈਂ ਹੁਕਮ ਦੇ ਉੱਪਰ ਹੀ ਲਿਖ ਦਿੱਤਾ, ‘‘ਦੇਖ ਲਿਆ ਹੈ। ਪਹਿਲਾਂ ਹੀ ਮਿਥੇ ਪ੍ਰੋਗਰਾਮ ਦੀ ਮਜਬੂਰੀ ਕਰਕੇ ਸੰਬੰਧਤ ਅਧਿਆਪਕ ਨੂੰ ਰਿਲੀਵ ਨਹੀਂ ਕੀਤਾ ਜਾ ਸਕਦਾ। ਕਿਰਪਾ ਕਰਕੇ ਉਸ ਨੂੰ ਛੋਟ ਦੇ ਦਿੱਤੀ ਜਾਵੇ ਅਤੇ ਅਗਲੇ ਸੈਮੀਨਾਰ ਵਿਚ ਭੇਜਿਆ ਜਾਵੇ।’’
ਸਕੂਲ ਦੇ ਕਲਰਕ ਨੂੰ ਬੁਲਾ ਕੇ, ਸਾਰੀ ਗੱਲ ਸਮਝਾ ਕੇ, ਇਸ ਦੀ ਸੂਚਨਾ ਡੀ.ਈ.ਓ. ਦਫ਼ਤਰ ਨੂੰ ਭੇਜ ਦੇਣ ਲਈ ਕਿਹਾ। ਸਾਰੀ ਗੱਲ ਸੁਣ ਕੇ ਕਲਰਕ ਕਹਿਣ ਲੱਗਾ, ‘‘ਜੋਸ਼ੀ ਸਾਹਿਬ, ਤੁਸੀਂ ਕਿਉਂ ਆਪਣੇ ਗਲ਼ ਵਿਚ ਮਰਿਆ ਸੱਪ ਪਾਉਂਦੇ ਹੋ। ਰਿਲੀਵ ਨਾ ਕਰਨ ਕਰਕੇ ਤੁਹਾਡੀ ਜਵਾਬਤਲਬੀ ਹੁੰਦੀ ਫਿਰੇਗੀ।’’ ਮੈਂ ਉੱਤਰ ਦਿੱਤਾ, ‘‘ਬਾਬੂ ਜੀ, ਮੇਰੇ ਕਹੇ ਅਨੁਸਾਰ ਕਰੋ। ਕਿਸੇ ਦੀ ਅਜਿਹੀ ਮਜਬੂਰੀ ਕਰਕੇ ਮੈਂ ਮਰਿਆ ਤਾਂ ਕੀ ਜਿਉਂਦਾ ਸੱਪ ਵੀ ਆਪਣੇ ਗਲ਼ ਵਿਚ ਪਾਉਣ ਲਈ ਤਿਆਰ ਹਾਂ।’’ ਮੈਂ ਉਸ ਅਧਿਆਪਕ ਨੂੰ ਸੈਮੀਨਾਰ ਵਿਚ ਜਾਣ ਲਈ ਰਿਲੀਵ ਨਾ ਕੀਤਾ। ਅਪਰੇਸ਼ਨ ਪਿੱਛੋਂ ਉਸ ਦੀ ਪਤਨੀ ਠੀਕ ਹੋ ਗਈ।
ਸੇਵਾਮੁਕਤ ਹੋਏ ਨੂੰ ਕਈ ਸਾਲ ਹੋ ਗਏ ਹਨ। ਪਰ ਅੱਜ ਵੀ ਕਿਸੇ ਦੀ ਥਾਂ ਆਪ ਭੁਗਤਣ ਦਾ ਫ਼ੈਸਲਾ ਕਰ ਸਕਣ ਵਾਲੀ ਸੁਲੱਖਣੀ ਘੜੀ ਦੀ ਯਾਦ ਆਉਂਦਿਆਂ ਹੀ ਮੇਰਾ ਤਨ-ਮਨ ਸੁਗੰਧਤ ਹੋ ਉੱਠਦਾ ਹੈ।
ਸੰਪਰਕ: 94173-00018