ਐੱਸ ਪੀ ਸਿੰਘ*
ਆਧੁਨਿਕਤਾ ਨੇ ਸਾਡੀ ਅੰਕੜੇਬਾਜ਼ੀ ਨਾਲ ਪੱਕੀ ਯਾਰੀ ਪੁਆਈ ਹੈ। ਮਾਮੂਲੀ, ਥੋੜ੍ਹੇ, ਬਹੁਤੇ, ਬੇਸ਼ੁਮਾਰ ਜਾਂ ਅਸੀਮ ਨਾਲ ਸਾਨੂੰ ਟਿਕਾਅ ਨਹੀਂ ਆਉਂਦਾ, ਵਿਗਿਆਨ ਦੇ ਇਸ ਯੁੱਗ ਵਿੱਚ ਤਰੱਕੀਯਾਫਤਾ ਹੋਏ ਅਸੀਂ ਅਰਸਾ-ਏ-ਦਰਾਜ਼ ਤੋਂ ਠੋਸ ਅੰਕੜਿਆਂ ਦੇ ਹੀ ਬਗਲਗੀਰ ਹੁੰਦੇ ਆ ਰਹੇ ਹਾਂ।
ਬਾਪੂ ਦਾ ਵਜਰਦੰਤੀ ਮੰਜਨ 18 ਜੜ੍ਹੀ-ਬੂਟੀਆਂ ਦੇ ਅਰਕ ਦਾ ਬਣਿਆ ਸੀ, ਪਰ ਮੇਰੇ ਦੰਦ ਸਾਫ਼ ਕਰਦੀ ਪੇਸਟ ਦੀ ਟਿਊਬ ਉੱਤੇ ਵਾਅਦਾ 99 ਫ਼ੀਸਦ ਜਰਾਸੀਮ ਮਾਰਨ ਦਾ ਸੀ। ਹਾਜਮੋਲਾ ਦੀ ਗੋਲੀ ਦੁੱਗਣਾ ਅਸਰ ਕਰਸੀ, ਈਸਬਗੋਲ ਚਾਰ ਗੁਣਾ ਜਲਦੀ ਆਰਾਮ ਦੇਵਸੀ। ਕਾਲੇ ਝਾਟੇ ਅਤੇ ਮਜ਼ਬੂਤ ਜੂੰਡੀਆਂ ਦਾ ਗੁਣਗਾਨ ਕਰਦੀ ਇੱਕ ਵਿਸ਼ਵ ਸੁੰਦਰੀ ਮੈਨੂੰ ਪੰਜ ਨੁਕਾਤੀ ਟੋਟਲ ਰਿਪੇਅਰ ਸ਼ੈਂਪੂ ਵੇਚ ਜਾਂਦੀ ਹੈ।
ਗਿਣਤੀਆਂ ਅੰਕੜਿਆਂ ਦੇ ਠੋਸ ਅਦਾਦੋ-ਸ਼ੁਮਾਰ ਨੂੰ ਪ੍ਰਣਾਏ ਅਸੀਂ ਨਿੱਤ ਇਸ ਬਿਨ-ਪੁੱਛੇ ਸਵਾਲ ਦੇ ਜੁਆਬ ਵਿੱਚ ਇਸ਼ਨਾਨ ਕਰਦੇ ਹਾਂ ਕਿ ਅੱਜ ਕਿੰਨੇ ਪੋਜ਼ਿਟਿਵ ਆਏ, ਕਿੰਨੀਆਂ ਹਲਾਕਤਾਂ ਹੋਈਆਂ, ਅਤੇ ਹੁਣ ਮੁਲਕ ਦੁਨੀਆਂ ਵਿੱਚ ਮਹਾਂਮਾਰੀ ਦੇ ਕਿੰਨਵੇਂ ਪੜਾਅ ’ਤੇ ਪਹੁੰਚ ਗਿਆ ਹੈ?
ਦੁੱਖ, ਬਿਮਾਰੀ, ਦਰਦ, ਭਾਵਨਾਵਾਂ, ਡਰ, ਸਹਿਮ, ਮੌਤ ਦਾ ਇੱਕ ਆਪਣਾ ਮਨੁੱਖੀ ਸੰਸਾਰ ਹੈ ਜਿਸ ਦਾ ਅੰਕੜਿਆਂ ਨਾਲ ਕਦੀ ਆਤਮੀਅਤਾ ਵਾਲਾ ਰਿਸ਼ਤਾ ਨਹੀਂ ਬਣ ਸਕਿਆ। ਭਾਵੇਂ ਵਡੇਰੇ ਮੁਆਸ਼ਰੇ ਵਿੱਚ ਵਾਪਰੇ ਤਬਾਹਕੁੰਨ ਘਟਨਾਕ੍ਰਮਾਂ ਨੂੰ ਅੰਕੜਿਆਂ ਬਿਨਾਂ ਸਮਝਣਾ ਸ਼ਾਇਦ ਸੰਭਵ ਹੀ ਨਹੀਂ। ਦੂਜੀ ਆਲਮੀ ਜੰਗ ਵਿੱਚ ਕਿੰਨੇ ਮਾਰੇ ਗਏ, ਸੰਤਾਲੀ ਦੇ ਦੰਗਿਆਂ ਵਿੱਚ ਕਿੰਨੇ ਮਰੇ, ਚੁਰਾਸੀ ਕਿੰਨਿਆਂ ਨੂੰ ਨਿਗਲ ਗਿਆ, ਇਹ ਅੰਕੜੇ ਜ਼ਰੂਰ ਧੁਰ-ਅੰਦਰਲਾ ਹਿਲਾਉਂਦੇ ਹੋਣਗੇ ਪਰ ਜਦੋਂ ਕੋਈ ਵਿਲਕ ਕੇ ਦੱਸਦਾ ਹੈ ਕਿ ਉਹਦੀ ਭੂਆ ਨਾਲ ਸੁਲੇਮਾਨਕੀ ਹੈੱਡ ’ਤੇ ਪਹੁੰਚ ਕੀ ਹੋਇਆ, ਕਿ ਕਿਵੇਂ ਕਿਸੇ ਦਾ ਨੌਜਵਾਨ ਮੁੰਡਾ ਮੁਹਾਜ਼ ’ਤੇ ਮਾਰਿਆ ਗਿਆ ਤੇ ਪੈਂਟ ਦੀ ਜੇਬ੍ਹ ਵਿੱਚੋਂ ਭੈਣ ਨੂੰ ਲਿਖੀ ਉਹ ਚਿੱਠੀ ਮਿਲੀ ਸੀ ਜਿਹੜੀ ਉਹਨੇ ਅਜੇ ਪੂਰੀ ਨਹੀਂ ਸੀ ਕੀਤੀ, ਕਿ ਕਿਸੇ ਦੇ ਬਾਪੂ ਨੇ ਕਿਵੇਂ ਕੈਂਚੀ ਨਾਲ ਜੂੜਾ ਕੱਟ ਸੁੱਟਿਆ ਨਹੀਂ ਤਾਂ ਅਗਲਿਆਂ ਟਾਇਰ ਗਲੇ ਵਿੱਚ ਪਾ ਦੇਣਾ ਸੀ, ਉਦੋਂ ਸਮਝ ਵਿੱਚ ਆਉਂਦਾ ਹੈ ਕਿ ਅੰਕੜੇ, ਭਾਵੇਂ ਉਹ ਕਿੱਡੇ ਵੀ ਵੱਡੇ ਹੋਣ, ਲੋੜ ਵੇਲੇ ਬੌਣੇ ਰਹਿ ਜਾਂਦੇ ਹਨ।
ਅੱਜ ਮਹਾਂਮਾਰੀ ਨੂੰ ਸਮਝਣ ਸਮਝਾਉਣ ਵਾਲਾ ਸਾਰਾ ਬਿਰਤਾਂਤ ਅੰਕੜਿਆਂ ਦੀ ਬੁਨਿਆਦ ਉੱਤੇ ਖੜ੍ਹਾ ਕੀਤਾ ਜਾ ਰਿਹਾ ਹੈ। ਬੋਰਿਸ ਜੌਨਸਨ ਦੇ ਹਸਪਤਾਲ ਜਾਣ ਨਾਲ ਇਹ ਝਾਉਲਾ ਤਾਮੀਰ ਕੀਤਾ ਗਿਆ ਕਿ ਵਾਇਰਸ ਅਮੀਰ ਗ਼ਰੀਬ ਦਾ ਫ਼ਰਕ ਨਹੀਂ ਵੇਖਦਾ। ਅੰਕੜਿਆਂ ਨੂੰ ਪਰਨਾਇਆ ਮੁਆਸ਼ਰਾ ਭੁੱਲ ਗਿਆ ਕਿ ਅਮਰੀਕਾ ਵਿੱਚ ਵੀ ਵਾਇਰਸ ਨੇ ਨਸਲੀ ਵਿਤਕਰਾ ਜਾਰੀ ਰੱਖਿਆ ਸੀ।
ਹੁਣ ਇਕ ਵੱਡੇ ਪੰਜ-ਸਿਤਾਰਾ ਹਸਪਤਾਲ ਦੇ ਬਾਹਰ ਕੋਵਿਡ-19 ਦੇ ਇਲਾਜ ਦੀ ਰੇਟਾਂ ਵਾਲੀ menu ਦੀ ਫੋਟੋਆਂ ਵਾਇਰਲ ਹੋਈਆਂ ਹਨ ਤਾਂ ਅੰਕੜਿਆਂ ਨੇ ਸਾਨੂੰ ਫਿਰ ਝੰਜੋੜਿਆ ਹੈ। ਇਹ ਤਾਂ ਚਿਰਾਂ ਤੋਂ ਪਤਾ ਸੀ ਕਿ ਸਿਹਤ ਸੇਵਾਵਾਂ ਤੱਕ ਪਹੁੰਚ ਕਿੰਨੀ ਮਹਿੰਗੀ ਹੋ ਚੁੱਕੀ ਹੈ, ਪਰ ਅੱਜ ਇਸ ਲਈ ਖ਼ੌਫ਼ਜ਼ਦਾ ਹੋਏ ਹਾਂ ਕਿਉਂਜੋ ਅਜਿਹੇ ਹਸਪਤਾਲਾਂ ਵਿੱਚ ਤਾਂ ਅਸੀਂ ਆਪ ਜਾਣਾ ਸੀ। ਹੁਣ ਮਨ ਹੀ ਮਨ ਅੰਕੜੇਬਾਜ਼ੀ ਕਰ ਰਹੇ ਹਾਂ ਕਿ ਜੇ ਘਰ ਦੇ ਚਾਰ ਜੀਅ ਬਿਮਾਰ ਹੋ ਗਏ ਤਾਂ ਸੈਕਟਰ 44 ਵਾਲਾ ਫਲੈਟ ਵਿਕ ਜਾਸੀ ਜੀਹਦੇ ਕਿਰਾਏ ਨਾਲ ਬਾਹਰਲੇ ਖ਼ਰਚੇ ਪੂਰੇ ਹੁੰਦੇ ਨੇ।
ਅੰਕੜਿਆਂ ਨੂੰ ਇੱਕ ਇਨਸਾਨੀ ਚਿਹਰਾ ਚਾਹੀਦਾ ਹੁੰਦਾ ਹੈ, ਨਹੀਂ ਤਾਂ ਇਹ ਕੇਵਲ ਹਿੰਦਸੇ ਹੋ ਨਬਿੜਦੇ ਹਨ। ਰੋਜ਼ਾਨਾ ਸੁਰਖ਼ੀਆਂ, ਟੀਵੀ ਦੇ ਡੀਬੇਟ, ਦਿੱਲੀ ਵਾਸੀਆਂ ਨੂੰ ਲੋੜੀਂਦੇ ਹੋਣਗੇ ਕਿੰਨੇ ਬਿਸਤਰੇ, ਕਿੰਨੇ ਵੈਂਟੀਲੇਟਰ – ਇਹ ਸਭ ਹਿੰਦਸੇ ਹਨ। 31 ਜੁਲਾਈ ਨੂੰ ਕਿੰਨੇ ਮਰੀਜ਼ ਹੋਣਗੇ, 15 ਅਗਸਤ ਨੂੰ ਕਿੰਨੇ, ਇਨ੍ਹਾਂ ਸਵਾਲਾਂ ਦੇ ਮਾਹਿਰਾਂ ਕੋਲ ਜਵਾਬ ਹੋ ਸਕਦੇ ਹਨ ਪਰ ਉਨ੍ਹਾਂ ’ਤੇ ਅਜੇ ਤੁਹਾਡਾ ਮੇਰਾ ਚਿਹਰਾ ਨਹੀਂ ਲੱਗਾ ਹੋਇਆ। ਇਸੇ ਲਈ ਅਜੇ ਵੀ ਰਾਜਨੀਤੀ ਨੇ ਉਨ੍ਹਾਂ ਮੌਲਿਕ ਸਵਾਲਾਂ ਨੂੰ ਸਾਰੀ ਬਿਰਤਾਂਤਕਾਰੀ ਦੇ ਠੀਕ ਵਿਚਾਲੇ ਸੁੱਟ ਉਸ ਵੱਖਰੀ ਬਹਿਸ ਅਤੇ ਇਨਕਲਾਬੀ ਬਦਲ ਦੀ ਗੱਲ ਦੀ ਸ਼ੁਰੂਆਤ ਨਹੀਂ ਕੀਤੀ ਜਿਹੜੀ ਨਿੱਤ ਹਮਵਾਤਾਂ, ਹਸਪਤਾਲਾਂ ਵਿੱਚੋਂ ਨਿਕਲਦੀਆਂ ਵਾਇਰਲ ਵੀਡੀਓਜ਼ ਅਤੇ ਲਾਸ਼ਾਂ ਨਾਲ ਹੁੰਦੇ ਸਲੂਕ ਤੋਂ ਬਾਅਦ ਕੁਦਰਤੀ ਵਰਤਾਰਾ ਹੋਣਾ ਚਾਹੀਦਾ ਸੀ।
ਬੰਬਈ ਵਿੱਚ ਮਹਾਂਮਾਰੀ ਨੇ ਜਿਹੜੀ ਅਤਿ ਫੈਲਾਈ ਹੈ, ਉਹਦੇ ਅੰਕੜਿਆਂ ਵਿੱਚ ਅਸੀਂ ਕਿਸੇ ਧਿਰ ਨੂੰ ਵੀ ਇਹ ਪੁਣਛਾਣ ਕਰਦਿਆਂ ਨਹੀਂ ਵੇਖ ਰਹੇ ਕਿ ਮਾਸਕ ਆਮਦਨ ਅਤੇ ਵੈਂਟੀਲੇਟਰ ਤੱਕ ਪਹੁੰਚ ਵਿੱਚ ਕੀ ਰਿਸ਼ਤਾ ਹੈ? ਅਗਲੇ ਹਫਤੇ ਤੱਕ ਤਿੰਨ ਗੁਣਾ ਵਧੇਰੇ ਟੈਸਟ ਦੇ ਸਰਕਾਰੀ ਐਲਾਨ ਵਾਲੀ ਸੁਰਖ਼ੀ ਨਹੀਂ ਦੱਸਦੀ ਕਿ ਇਸ ਹਕੂਮਤੀ ਕਿਰਪਾਲਤਾ ਵਾਲੇ ਅੰਕੜੇ ਦੀ ਕਿੰਨੀ ਕੁ ਵਾਛੜ ਕੱਚੀਆਂ ਬਸਤੀਆਂ ਉੱਤੇ ਹੋਵੇਗੀ।
ਕੁੱਲ ਦੁਨੀਆਂ ਵਿੱਚ ਵਾਇਰਸ ਨਾਲ ਲੋਹਾ ਲੈਂਦੇ ਮਾਹਿਰ ਇਨਸਾਨੀ ਫਿਤਰਤ ਦੇ ਇਸ ਅੰਕੜਾ-ਪਿਆਰ ਤੋਂ ਦੁਖੀ ਆ ਚੁੱਕੇ ਹਨ। ਕਸ਼ਮੀਰ ਤੋਂ ਬੰਬਈ ਧੱਕੇ ਖਾਂਦਾ ਗੁਲਾਬਦੀਨ ਖ਼ਾਨ ਬਰੁਕਲਿਨ ਪਹੁੰਚਿਆ ਅਤੇ ਆਪਣੇ ਪੁੱਤਰ ਅਲੀ ਖ਼ਾਨ ਨੂੰ ਲਾਹੌਰ ਇਹ ਸੋਚ ਕੇ ਪੜ੍ਹਨੇ ਭੇਜ ਦਿੱਤਾ ਕਿ ਉੱਥੇ ਉਰਦੂ ਸਿੱਖੇਗਾ, ਇਸਲਾਮ ਨਾਲ ਵਾਬਸਤਗੀ ਵਧੇਗੀ। ਅਲੀ ਖ਼ਾਨ ਵੱਡਾ ਹੋ ਕੇ ਵਾਇਰਸ ਘੁਲਾਟੀਆ ਬਣਿਆ। ਐਟਲਾਂਟਾ ਸਥਿਤ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਵਿਚਲੇ ਉਸ ਵਿਭਾਗ ਦਾ ਮੁਖੀ ਬਣਿਆ ਜਿਹੜਾ ਹਵਾਈ ਜਹਾਜ਼ ਵਿੱਚ ਹਰ ਵਿਗਿਆਨਕ ਹਥਿਆਰ ਭਰ ਦੁਨੀਆਂ ਭਰ ਵਿੱਚ ਵਾਇਰਸ ਦਾ ਸ਼ਿਕਾਰ ਕਰਦਾ ਹੈ। ਡਾ. ਖ਼ਾਨ ਦੇਸ਼ ਵਿੱਚ ਵਾਇਰਸ ਦਾ ਮੁਕਾਬਲਾ ਕਰਨ ਦਾ ਦਾਰੋਮਦਾਰ ਕਰਦੇ ਲੋਕਾਂ ’ਚੋਂ ਹੈ।
ਕੁਝ ਸਮਾਂ ਪਹਿਲਾਂ ਆਈ ਆਪਣੀ ਕਿਤਾਬ ‘The Next Pandemic’ ਵਿੱਚ ਉਸ ਨੇ ਇਬੋਲਾ, ਸਾਰਸ, ਜ਼ੀਕਾ ਅਤੇ ਕਰੋਨਾਵਾਇਰਸ ਖ਼ਿਲਾਫ਼ ਲੜੀ ਲੜਾਈ ਦੇ ਜਿਹੜੇ ਦ੍ਰਿਸ਼ ਪੇਸ਼ ਕੀਤੇ ਹਨ, ਉਹ ਇੰਨੇ ਫਿਲਮੀ, ਰੌਂਗਟੇ ਖੜ੍ਹੇ ਕਰਨ ਵਾਲੇ ਅਤੇ ਰੋਮਾਂਚਿਕ ਹਨ ਕਿ ਅੰਕੜੇ ਤਾਂ ਤੁਹਾਨੂੰ ਅਕਸਰ ਭੁੱਲ ਹੀ ਜਾਂਦੇ ਹਨ। ਹਾਲ ਹੀ ਵਿੱਚ ਕਿਸੇ ਨੇ ਡਾ. ਅਲੀ ਖ਼ਾਨ ਨੂੰ ਪੁੱਛਿਆ ਕਿ ਹਕੂਮਤਾਂ ਵਾਇਰਸ ਨਾਲ ਲੜਨ ਵਿੱਚ ਏਨੀਆਂ ਫ਼ਾਡੀ ਕਿਉਂ ਸਾਬਤ ਹੋਈਆਂ ਹਨ। ਉਸ ਆਖਿਆ ਕਿ ਹਕੂਮਤਾਂ ਨੂੰ ਬੱਸ ਅੰਕੜਿਆਂ ਤੱਕ ਸਮਝ ਆਉਂਦੀ ਹੈ, ਉਨ੍ਹਾਂ ਕੋਲ ਇਮੈਜੀਨੇਸ਼ਨ ਨਹੀਂ ਹੈ, ਕਲਪਨਾ ਦਾ ਘਾਟਾ ਹੈ।
ਜਦੋਂ ਕੋਲੰਬੀਆ ਯੂਨੀਵਰਸਿਟੀ ਦੇ ਸੈਂਟਰ ਫਾਰ ਇਨਫੈਕਸ਼ਨ ਐਂਡ ਇਮਿਊਨਿਟੀ ਦੇ ਡਾਇਰੈਕਟਰ, ਡਾ. ਇਆਨ ਲਿਪਕਿਨ ਦੀਆਂ ਵਾਇਰਸ ਦੀ ਆਮਦ ਬਾਰੇ ਚਿਤਾਵਨੀਆਂ ਕਿਸੇ ਨਾ ਸੁਣੀਆਂ ਤਾਂ ਹੌਲੀਵੁੱਡ ਨੇ ਕਲਪਨਾ ਦਾ ਮੁਜ਼ਾਹਰਾ ਕੀਤਾ, ਉਹਨੂੰ ਕੰਸਲਟੈਂਟ ਬਣਾ ਕੇ ਬਾਕਸ ਆਫਿਸ-ਹਿੱਟ ਫ਼ਿਲਮ ‘Contagion’ ਬਣਾਈ। ਅੱਜ ਦੁਨੀਆਂ ਭਰ ਵਿੱਚ ਬੜਿਆਂ ਲਈ ਅੰਕੜਿਆਂ ਤੋਂ ਵਧੇਰੇ ਇਸ ਫ਼ਿਲਮ ਨੇ ਵਾਇਰਸ ਦੀ ਹਕੀਕੀ ਰੂਪਕਾਰੀ ਕੀਤੀ। ਵੈਸੇ ਡਾ. ਲਿਪਕਿਨ ਆਪ ਵੀ ਕਰੋਨਾ ਦਾ ਭੁਗਤਭੋਗੀ ਹੈ ਪਰ 15 ਵਾਇਰਸਾਂ ਦਾ ਪਿੱਛਾ ਕਰਨ ਵਾਲੇ ਇਸ ਸ਼ਿਕਾਰੀ ਨੇ ਹੁਣ ਭਵਿੱਖਵਾਣੀ ਕੀਤੀ ਹੈ ਕਿ ਅਗਲਾ ਵਾਇਰਸ ਛੇਤੀ ਹੀ ਆਵੇਗਾ।
ਤੁਸੀਂ ਅੰਕੜੇਬਾਜ਼ੀ ਹੀ ਕਰਨੀ ਹੈ ਕਿ ਕੋਈ ਇਨਕਲਾਬੀ ਮੁਹਿੰਮ ਚਲਾ ਲੜਾਈ ਵਿੱਢਣੀ ਹੈ ਕਿ ਹਕੂਮਤਾਂ ਅਤੇ ਲੋਕਾਈ ਦਾ ਰਿਸ਼ਤਾ ਕੀ ਹੋਵੇ, ਸਿਹਤ ਸਿੱਖਿਆ ਢਾਂਚੇ ਤੋਂ ਭਗੌੜਿਆਂ ਨੂੰ ਕਿਉਂ ਕੌਮ ਦੇ ਗੱਦਾਰ ਨਾ ਗਰਦਾਨਿਆ ਜਾਵੇ, ਅਤੇ ਪੰਜ-ਸਿਤਾਰਾ ਹਸਪਤਾਲ ਕਿਉਂ ਲੋਕਾਂ ਦੀ ਮਲਕੀਅਤ ਨਾ ਬਣਾ ਦਿੱਤੇ ਜਾਣ? ਮਾਮਲਾ ਅੰਕੜਿਆਂ ਦਾ ਨਹੀਂ, ਤੁਹਾਡੀ ਕਲਪਨਾ ਦੀ ਉਡਾਣ ਦਾ ਹੈ।
(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕਿਸੇ ਫ਼ਿਲਮੀ ਐਕਟਰ ਦੀ ਦੁਖਦਾਈ ਮੌਤ ਉੱਤੇ ਹਕੂਮਤੀ ਅਫ਼ਸੋਸ ਦਾ ਦਰਿਆ ਵਹਿੰਦਾ ਵੇਖ ਅੰਕੜਿਆਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਣ ਨੂੰ ਫਿਰਦਾ ਹੈ ਤਾਂ ਜੋ ਨਿੱਤ ਦੀਆਂ ਕਰੋਨਾ ਹਲਾਕਤਾਂ ਲਈ ਵੀ ਕੋਈ ਸਰਕਾਰੀ ਕਰੁਣਾ ਦੀ ਟੂਟੀ ਵਗੇ।)