ਐੱਸ ਪੀ ਸਿੰਘ
ਜਦੋਂ ਚਹੁੰਤਰਫੀ ਡਰ ਦਾ ਆਲਮ ਤਾਰੀ ਸੀ, ਹਾਲੇ ਟੀਕਾ ਨਹੀਂ ਸੀ ਆਇਆ ਅਤੇ ਮੁਲਕ ਤਾਲੀਆਂ ਵਜਾ, ਥਾਲੀਆਂ ਖੜਕਾ ‘ਕੋਰੋਨਾ ਕੋ ਹਰਾਣਾ ਹੈ’ ਵਾਲਾ ਤਰਾਨਾ ਵਜਾ ਰਿਹਾ ਸੀ ਤਾਂ ਯਕੀਨ ਨਹੀਂ ਸੀ ਆਉਂਦਾ ਕਿ ਮੁੜ ਕਦੀ ਸਭ ਪਹਿਲੋਂ ਵਰਗਾ ਹੋ ਜਾਵੇਗਾ। ਹਫ਼ਤੇ, ਮਹੀਨੇ, ਫਿਰ ਸਾਲ ਹੀ ਬੀਤ ਗਿਆ। ਇਹ ਡਰ ਅੰਦਰੋ-ਅੰਦਰੀ ਖਾਂਦਾ ਰਿਹਾ ਕਿ ਕਿਤੇ ਸਭ ਪਹਿਲੇ ਵਰਗਾ ਨਾ ਹੋ ਜਾਵੇ।
ਕੋਰੋਨਾ ਉਰੂਜ਼ ’ਤੇ ਸੀ ਜਦੋਂ ਅਮਰੀਕਾ ਵਿੱਚ ਸਿਆਹਫਾਮ ਲੋਕਾਂ ’ਤੇ ਹੁੰਦੇ ਜ਼ੁਲਮਾਂ ਵਿਰੁੱਧ ਸਿਆਹਫਾਮ ਜ਼ਿੰਦਗੀਆਂ ਵੀ ਜ਼ਿੰਦਗੀਆਂ ਨੇ (ਬਲੈਕ ਲਾਈਵਜ਼ ਮੈਟਰ) ਵਾਲਾ ਅੰਦੋਲਨ ਭਖ ਪਿਆ। ਸਿਆਸਤ ਆਪਣੀਆਂ ਅੰਦਰਲੀਆਂ ਗੁੰਝਲਾਂ ਨਾਲ ਗੁੱਥਮ-ਗੁੱਥਾ ਹੋਈ, ਅੰਤ ਨਿਜ਼ਾਮ ਬਦਲਿਆ, ਟਰੰਪ ਨੂੰ ਵ੍ਹਾਈਟ ਹਾਊਸ ’ਚੋਂ ਹੈਲੀਕਾਪਟਰ ’ਤੇ ਬਿਠਾ ਕੇ ਕੱਢਿਆ ਗਿਆ। ਉਸ ਨੂੰ ਉਹਦੇ ਟਵਿੱਟਰੀ, ਫੇਸਬੁੱਕੀ ਘਰ ਵਿੱਚੋਂ ਵੀ ਠੁੱਡੇ ਮਾਰ ਕੇ ਭਜਾਇਆ ਗਿਆ। ਸਾਡੇ ਇੱਥੇ ਨੌਜਵਾਨ, ਔਰਤ, ਬਜ਼ੁਰਗ ਅਤੇ ਬੱਚੇ ਮਹਾਮਾਰੀ, ਸਰਕਾਰਾਂ ਅਤੇ ਮੌਸਮਾਂ ਦੇ ਕਹਿਰ ਝੱਲਦੇ ਰਹੇ, ਪਰ ਇੱਕ ਗੱਲ ਦਾ ਯਕੀਨ ਸੀ — ਹੁਣ ਕੁਝ ਵੀ ਪਹਿਲਾਂ ਵਰਗਾ ਨਹੀਂ ਰਹੇਗਾ।
ਦੋ ਖ਼ਾਸ ਮੁਲਾਕਾਤਾਂ
ਮਹਾਂਮਾਰੀ ਨੇ ਦੋ ਬੇਸ਼ਕੀਮਤੀ ਮੁਲਾਕਾਤਾਂ ਕਰਵਾਈਆਂ ਸਨ। ਦਿਨਾਂ, ਹਫ਼ਤਿਆਂ, ਮਹੀਨਿਆਂ ਤਕ ਅਸੀਂ ਇਕਲਾਪੇ ਦਾ ਜੀਵਨ ਬਿਤਾਇਆ; ਆਪਣੇ ਆਪ ਨਾਲ ਇੰਝ ਰੂਬਰੂ ਹੋਏ ਜਿਵੇਂ ਕਦੀ ਪਹਿਲੋਂ ਨਹੀਂ ਸਾਂ ਮਿਲੇ। ਜ਼ਿੰਦਗੀ, ਮੌਤ, ਮੁਹੱਬਤ, ਨਫ਼ਰਤ, ਈਰਖਾ, ਗਵਾਂਢੀ, ਅਮੀਰ, ਗ਼ਰੀਬ, ਆਪਣਾ, ਪਰਾਇਆ, ਬਿਮਾਰੀ, ਸਿਹਤ, ਵਿਹਲ, ਵਿਅਸਤਤਾ ਅਤੇ ਨਾ ਜਾਣੇ ਕਿਸ ਕਿਸ ਹੋਰ ਵਿਸ਼ੇ ਬਾਰੇ ਘੰਟਿਆਂਬੱਧੀ ਸੋਚਣ ਦਾ ਵਕਤ ਮਿਲਿਆ।
ਦੂਜੀ ਮੁਲਾਕਾਤ ਸਾਡੀ ਵਡੇਰੇ ਸਮਾਜ ਨਾਲ ਹੋਈ। ਰੁਜ਼ਗਾਰ ਲਈ ਘਰੋਂ ਪਰਦੇਸੀਂ ਹੋਇਆਂ ਨੂੰ ਸੜਕਾਂ ਅਤੇ ਛਾਲਿਆਂ ’ਤੇ ਟੁਰ, ਘਰ ਵਾਪਸ ਪਰਤਣ ਲਈ ਸਹਿਕਦੇ ਵੇਖ ਜੋ ਅੰਦਰਲੇ ’ਤੇ ਬੀਤੀ ਸੀ, ਉਹ ਵੇਖਣ ਤੋਂ ਬਾਅਦ ਕਿਹੜਾ ਸੰਵੇਦਨਸ਼ੀਲ ਮਨੁੱਖ ਕਦੀ ਪਹਿਲਾਂ ਵਰਗਾ ਹੋ ਸਕਦਾ ਸੀ? ਰੋਜ਼ੀ ਗਵਾ ਕੇ, ਰੋਟੀਆਂ ਪੱਲੇ ਬੰਨ੍ਹ ਕੇ, ਸੈਂਕੜੇ ਮੀਲਾਂ ਦੇ ਸਫ਼ਰ ’ਤੇ ਪੈਦਲ ਤੁਰੇ ਮਜ਼ਦੂਰਾਂ ਉੱਤੋਂ ਦੀ ਜਦੋਂ ਰੇਲ ਗੱਡੀ ਲੰਘੀ ਸੀ ਅਤੇ ਅਸੀਂ ਘਰਾਂ ਵਿਚ ਡੱਕੇ ਟੀਵੀ ਦੀ ਸਕਰੀਨ ਉੱਤੇ ਲੋਥਾਂ ਅਤੇ ਬਿਖਰੀਆਂ ਰੋਟੀਆਂ ਵਿਚਾਲੇ ਸਿਸਟਮ ਦੀ ਲਾਸ਼ ਵੇਖ ਰਹੇ ਸਾਂ, ਅੰਦਰਲਾ ਵਲੂੰਧਰਿਆ ਹੋਇਆ ਸੀ, ਤਾਂ ਇਹ ਯਕੀਨ ਸੀ ਕਿ ਹੁਣ ਕੁਝ ਵੀ ਕਦੀ ਪਹਿਲਾਂ ਵਰਗਾ ਨਹੀਂ ਹੋਵੇਗਾ।
ਦੁਨੀਆਂ ਵਿੱਚ ਅੱਜਕੱਲ੍ਹ ਸਭ ਤੋਂ ਦੁਰਲੱਭ ਵਸਤ ਲੋਕਾਈ ਦੀ ਤਵੱਜੋਂ ਹੈ। ਸਾਡੇ ਗਿਆਨ ਸੰਸਾਰ (mind space) ’ਤੇ ਲਗਾਤਾਰ ਹੋ ਰਹੀ ਖ਼ਬਰਾਂ ਅਤੇ ਸੁਨੇਹਿਆਂ ਦੀ ਬੰਬਾਰੀ ਵਿਚ ਕਿਸਾਨ, ਮਜ਼ਦੂਰ, ਮਿਹਨਤਕਸ਼, ਗ਼ਰੀਬ ਦਾ ਜਿਹੜਾ ਦਰਦ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗਵਾਚ ਜਾਂਦਾ ਸੀ, ਹੁਣ ਕੋਰੋਨਾਕਾਲ ਦੇ ਇਕਲਾਪੇ ਅਤੇ ਭਖੇ ਹੋਏ ਕਿਸਾਨ ਮਜ਼ਦੂਰ ਅੰਦੋਲਨ ਨੇ ਸੱਤਾ ਅਤੇ ਨਾਗਰਿਕਾਂ ਦੇ ਜੀਵਨ ਦੇ ਠੀਕ ਕੇਂਦਰ ਵਿੱਚ ਰੱਖ ਦਿੱਤਾ। ਯਕੀਨ ਹੋ ਚੱਲਿਆ ਸੀ ਕਿ ਹੁਣ ਅਸੀਂ ਇਨ੍ਹਾਂ ਵਡੇਰੇ ਸਵਾਲਾਂ ਤੋਂ ਭੱਜ ਨਹੀਂ ਸਕਾਂਗੇ। ‘ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ’ ਵਾਲੀ ਸੁਰਖ਼ੀ ਪੜ੍ਹ, ਆਪਣੇ ਕੰਮ ਧੰਦੇ ਨੌਕਰੀ ’ਤੇ ਨਿਕਲ, ਆਮ ਜੀਵਨ ਜਿਊਂਦੇ ਰਹਿਣ ਵਾਲਾ ਵਿਕਲਪ ਅਤੇ ਮਨਮਰਜ਼ੀ ਖ਼ਤਮ ਹੋ ਗਈ। ਸਿੰਘੂ-ਟੀਕਰੀ-ਗਾਜ਼ੀਪੁਰ ਤੋਂ ਲੈ ਕੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀਆਂ ਗਲੀਆਂ ਤੇ ਚੌਕਾਂ ਵਿਚ ਇਹ ਸਵਾਲ ਲਟਕ ਰਹੇ ਸਨ।
ਪਰ ਹੁਣ ਲੱਗ ਰਿਹਾ ਹੈ ਕਿ ਸਭ ਪਹਿਲਾਂ ਵਰਗਾ ਹੋ ਜਾਵੇਗਾ। ਇਸ ਲਈ ਨਹੀਂ ਕਿ ਟੀਕਾ ਆ ਗਿਆ ਹੈ। ਤੁਸੀਂ ਜੰਮ-ਜੰਮ ਟੀਕਾ ਲਗਵਾਓ, ਆਪਣੇ ਬਚਾਅ ਹਿੱਤ ਸਾਰੀਆਂ ਇਹਤਿਆਤ ਵੀ ਅਪਣਾਓ, ਪਰ ਕੀ ਸਰੀਰਕ ਦੂਰੀ ਰੱਖਣ ਦਾ ਅਸੂਲ ਫਿਰ ਦੁਬਾਰਾ ਅਪਣਾਇਆ ਜਾਵੇਗਾ? ਵਡੇਰੇ ਮੁੱਦਿਆਂ ਤੋਂ ਸਾਡੀ ‘ਸਮਾਜਿਕ ਦੂਰੀ’ ਬਣਾ ਕੇ ਰੱਖਣ ਦੀ ਸੰਭਾਵਨਾ ਅਜੇ ਵੀ ਬਚੀ ਹੈ?
ਸਿਆਸਤ ਦੇ ਆਪਣੇ ਦਸਤੂਰ ਹਨ। ਜੇ ਇਹ ਸੰਭਾਵਨਾਵਾਂ ਦੀ ਖੇਡ ਹੈ ਤਾਂ ਇਸ ਆਪਣੇ ਚਲੰਤ ਸਰੂਪ ਨੂੰ ਬਚਾਈ ਰੱਖਣ ਵਾਲੀ ਸੰਭਾਵਨਾ ਦੀ ਵੀ ਤਲਾਸ਼ ਤਾਂ ਕਰਨੀ ਹੀ ਸੀ।
ਅੰਦੋਲਨ ਲੰਮੇਰਾ ਹੋ ਗਿਆ ਹੈ ਅਤੇ ਇੰਝ ਜਾਪਦਾ ਹੈ ਜਿਵੇਂ ਗਰਮੀਆਂ ਦੀਆਂ ਪੱਖਿਆਂ-ਏਸੀ’ਆਂ ਵਾਲੀਆਂ ਤਿਆਰੀਆਂ ਤੋਂ ਬਾਅਦ ਜੀਟੀ ਰੋਡ ਦੇ ਕੰਢੇ ਦੇਸੀ ਗੀਜ਼ਰ ਲੱਗਣਗੇ। ਸਿਆਸਤ ਇੰਨਾ ਲੰਮਾ ਸਮਾਂ ਤੁਹਾਡਾ ਧਿਆਨ ਸਮਾਜ ਦੇ ਵਡੇਰੇ ਮੁੱਦਿਆਂ ਨਾਲ ਜੁੜਿਆ ਬਰਦਾਸ਼ਤ ਨਹੀਂ ਕਰ ਸਕਦੀ। ਚਿਰਕਾਲ ਤਕ ਸਮਾਜਿਕ ਹੋਣੀ ਵੱਲ ਤਵੱਜੋਂ ਬੇਸ਼ਕੀਮਤੀ ਤਾਂ ਹੈ ਹੀ, ਖ਼ਤਰਨਾਕ ਵੀ ਹੁੰਦੀ ਹੈ। ਅਸੀਂ ਕੌਣ ਹਾਂ, ਕਿਵੇਂ ਜਿਊਂਦੇ ਹਾਂ, ਕਿਵੇਂ ਰਹਿੰਦੇ ਹਾਂ, ਬਾਕੀ ਕਿਵੇਂ ਰਹਿ ਰਹੇ ਹਨ, ਕਿਸ ਦੀ ਮਿਹਨਤ ਦਾ ਕੌਣ ਖਾ ਰਿਹਾ ਹੈ, ਕੌਣ ਪਿਆਰ ਕੌਣ ਨਫ਼ਰਤ ਦਾ ਖੇਤ ਵਾਹ ਰਿਹਾ ਹੈ, ਕੌਣ ਧਰਮ ’ਚੋਂ ਕੁਰਸੀ, ਕੁਰਸੀ ’ਚੋਂ ਧਨ ਕੁਬੇਰ ਕੱਢ ਰਿਹਾ ਹੈ — ਇਨ੍ਹਾਂ ਸਵਾਲਾਂ ਨਾਲ ਲੰਮੀ ਵਾਬਸਤਗੀ ਸਰਕਾਰਾਂ ਲਈ ਖਤਰਨਾਕ ਹੋ ਸਕਦੀ ਹੈ। ਮਿਲ ਬੈਠ ਕੇ ਆਪਣੇ ਆਲੇ ਦੁਆਲੇ ਤੋਂ ਲੈ ਕੇ ਕੁਲ ਕੁਦਰਤ ਸ੍ਰਿਸ਼ਟੀ ਬਾਰੇ ਸੋਚਦੇ ਨਾਗਰਿਕ ਸਿਸਟਮ ਦੇ ਹਲਕ ਵਿੱਚ ਫਾਨਾ ਹੁੰਦੇ ਹਨ। ਇਹ ਪਹਿਲਾਂ ਵਰਗੇ (status quo) ਨੂੰ ਚੁਣੌਤੀ ਦਿੰਦੇ ਹਨ।
ਆਸ ਦੇਂਦਾ ਅੰਦੋਲਨ ਅੱਗੇ ਵਧ ਰਿਹਾ ਹੈ ਪਰ ਸਾਹਮਣਿਓਂ ਇੱਕ ਤਰੀਕ ਇਹਨੂੰ ਮਿਲਣ ਆ ਰਹੀ ਹੈ। ਪੰਜਾਬ ਨੇ ਛੇਤੀ ਹੀ ਚੋਣਾਂ ਦੇ ਮੌਸਮ ਵਿੱਚ ਪ੍ਰਵੇਸ਼ ਕਰਨਾ ਹੈ। ਜੋੜ ਤੋੜ ਜਮ੍ਹਾਂ ਘਟਾਓ ਵਾਲੇ ਤਿਕੜਮ ਸ਼ੁਰੂ ਹੋ ਗਏ ਹਨ। ਕੌਣ ਕਿੱਤ ਵੱਲ ਮੋੜੇ ਮੁਹਾਰਾਂ ਅਤੇ ਉਹਦੇ ਵਿੱਚੋਂ ਸੀਟਾਂ ਨਿਕਲਣ ਕਿਸ ਦੀਆਂ ਵਾਲੇ ਮੁਹਾਵਰੇ ’ਚ ਬਹਿਸ ਟੁਰ ਪਈ ਹੈ। ਕੋਈ ਦਲਿਤਾਂ ਨੂੰ ਆਪਣੇ ਨਾਲ ਜੋੜਣ ਦੀ ਦੌੜ ਵਿਚ ਲੱਗਿਆ ਹੈ (ਅਜਿਹਾ ਹੋਣ ਦੀ ਸੂਰਤ ਵਿਚ ਸ਼ਹਿਰੀ ਵੋਟ ਕਿਸ ਪਾਸੇ ਡਿੱਗੇਗੀ) ਤੇ ਕਿਤੇ ਤੋੜ ਵਿਛੋੜਾ ਕਰ ਕੇ ਆਈਆਂ ਧਿਰਾਂ ‘ਆਪ’ ਨਾਲ ਰਲ ਜਾਣ ਦੇ ਆਹਰ ਵਿਚ ਹਨ।
ਤੁਸੀਂ ‘ਕੋਰੋਨਾ ਕੋ ਹਰਾਣਾ ਹੈ’ ਗਾਉਂਦੇ ਸੀ ਨਾ? ਲੋ, ਹਰਾ ਦਿੱਤਾ ਜੇ। ਤੁਸੀਂ ਟੀਕਾ ਲਵਾ ਲਿਆ ਤਾਂ ਚੰਗਾ ਕੀਤਾ ਵਰਨਾ ਲਵਾ ਲਵੋ। ਹੁਣ ਸਭ ਪਹਿਲਾਂ ਵਰਗਾ ਹੁੰਦਾ ਜਾ ਰਿਹਾ ਹੈ। ਹਾਲੇ ਤਾਂ ਦਿੱਲੀ ਦੇ ਚੱਕਰ, ਟਿਕਟਾਂ ਦੇ ਫੈਸਲੇ, ਸਟਾਰ ਪ੍ਰਚਾਰਕ ਅਤੇ ‘ਠੋਕੋ ਤਾਲੀ’ ਵਾਲੇ ਨਜ਼ਾਰਿਆਂ ਦੀ ਵਾਰੀ ਆਉਣੀ ਹੈ। ਅਸੀਂ ਪਹਿਲਾਂ ਵਰਗੇ ਹੁੰਦੇ ਜਾ ਰਹੇ ਹਾਂ ਭਾਵੇਂ ਬਾਹਰ ਕਰੋਨਾ ਹਾਲੇ ਤਾਰੀ ਹੈ।
ਜਾਂਦੇ ਜਾਂਦੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ- ਜਿਹੜੇ ਰੋਟੀਆਂ ਸਮੇਤ ਗੱਡੀ ਥੱਲੇ ਆਏ ਸਨ, ਉਹਨਾਂ ਦੇ ਰਿਸ਼ਤੇਦਾਰ ਸਾਲ ਬਾਅਦ ਵੀ ਹਾਲੇ ਦਫਤਰਾਂ ’ਚ ਚੱਕਰ ਮਾਰ ਰਹੇ ਹਨ ਕਿ ਕੋਈ ਉਹਨਾਂ ਨੂੰ ਆਪਣੇ ਸਕਿਆਂ ਦੇ ਮਰੇ ਦਾ ਸਰਟੀਫਿਕੇਟ ਹੀ ਦੇ ਦੇਵੇ। ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤੇ ਤੁਸੀਂ ਸੋਚਦੇ ਹੋ ਕਿ ਸਭ ਪਹਿਲੋਂ ਵਰਗਾ ਹੋ ਗਿਆ ਹੈ ਤਾਂ ਫਿਰ ਤਾਲੀਆਂ ਥਾਲੀਆਂ ਵਾਲਾ ਸੱਚ ਹੀ ਸਾਨੂੰ ਜਾਣਦਾ ਅਤੇ ਧੁਰ ਅੰਦਰ ਤੀਕ ਪਛਾਣਦਾ ਹੈ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਖੌਰੇ ਪਹਿਲੇ ਹੀ ‘ਪਹਿਲੇ ਵਰਗਾ’ ਸੀ ਕਿ ਹੁਣ ਟੀਕਾ ਲਵਾ ‘ਪਹਿਲੇ ਵਰਗਾ’ ਹੋਣੋਂ ਡਰ ਰਿਹਾ ਹੈ ਪਰ ਕਾਲਮ ਲਿਖਣ ਤੋਂ ਬਿਨਾਂ ਹੋਰ ਕੀ ਕਰ ਰਿਹਾ ਹੈ?)