ਕੁਲਵੰਤ ਸਿੰਘ ਔਜਲਾ
ਪੱਤਰਕਾਰ ਮਿੱਤਰ ਦਾ ਫੋਨ ਆਇਆ ਕਿ ਬਾਬਾ ਨਾਨਕ ਬਾਬੇ ਦੇ ਸ਼ਹਿਰ ਸੁਲਤਾਨਪੁਰ ਲੋਧੀ ਨੇੜੇ ਨੌਜਵਾਨ ਮਨਦੀਪ ਸਿੰਘ ਨੇ ਆਪਣੇ ਪਿੰਡ ਜੱਬੋਵਾਲ ਵਿਖੇ ਮੋਟਰ ਉੱਤੇ ਲਾਇਬਰੇਰੀ ਬਣਾਈ ਹੈ। ਆਪਾਂ ਉਸ ਨੂੰ ਉਤਸ਼ਾਹਿਤ ਕਰਨ ਲਈ ਜਾਣਾ ਹੈ। ਦਿਲ ਅਚੰਭਿਤ ਵੀ ਹੋਇਆ ਤੇ ਖ਼ੁਸ਼ ਵੀ। ਬਚਪਨ ਤੋਂ ਹੀ ਮੋਟਰਾਂ ਬੰਬੀਆਂ ਬਾਰੇ ਤਰ੍ਹਾਂ-ਤਰ੍ਹਾਂ ਦੇ ਮੈਲੇ ਕੁਚੈਲੇ ਗੀਤ ਸੁਣਦੇ ਆਏ ਹਾਂ, ਪਰ ਮੋਟਰ ਉੱਤੇ ਕਿਤਾਬਾਂ ਦੀ ‘ਤੇਰਾ ਤੇਰਾ ਲਾਇਬਰੇਰੀ’ ਖੋਲ੍ਹਣ ਦਾ ਸਚਿਆਰਾ ਸੁਪਨਾ ਨਵੀਂ ਤੇ ਨਰੋਈ ਸੋਚ ਦਾ ਪ੍ਰਤੀਕ ਹੈ। ਮਨਦੀਪ ਦਾ ਅਲੋਕਾਰ ਤੇ ਆਦਰਸ਼ਕ ਖ਼ੁਆਬ ਹਰ ਮੋਟਰ ਬੰਬੀ ਕੋਲ ਜਾਣਾ ਚਾਹੀਦਾ ਹੈ। ਬਹੁਤ ਚਿਰ ਪਹਿਲਾਂ ਲਿਖੀ ਕਵਿਤਾ ਦਾ ਚੇਤਾ ਆਇਆ: ਆਉ ਲਗਾਈਏ ਘਰ ਘਰ ਅੰਦਰ ਦਿਲ-ਅੱਖਰਾਂ ਦੀਆਂ ਦਾਬਾਂ/ ਅੱਖਰਾਂ ਦੀ ਕੁੱਖ ਵਿਚੋਂ ਜੰਮਦੇ ਵੇਦ ਗ੍ਰੰਥ ਕਿਤਾਬਾਂ ਬੰਬੀ ਕੋਲ ਕਿਤਾਬਾਂ ਦਾ ਪਹੁੰਚ ਜਾਣਾ ਸ਼ੁਭ ਸ਼ਗਨ ਹੈ। ਕਿਤਾਬਾਂ ਖੇਤਾਂ ਦੀ ਕਿਰਤ ਤੇ ਕਾਵਿਕਤਾ ਦੇ ਦਰਦ ਤੇ ਦਾਰਸ਼ਨਿਕਤਾ ਵਿਚੋਂ ਜੰਮਦੀਆਂ ਹਨ। ਕਿਤਾਬਾਂ ਕਾਮਿਆਂ ਤੇ ਕਿਰਸਾਨਾਂ ਦੇ ਮੋਹ ਤੇ ਮੁਸ਼ੱਕਤ ਵਰਗੀਆਂ ਹੁੰਦੀਆਂ ਹਨ। ਖੇਤਾਂ ਦੀ ਮਿੱਠੀ ਵਿਸ਼ਵ ਕਿਤਾਬ ਹੈ। ਮੈਂ ਤੇ ਮੇਰਾ ਭਰਾ ਖੇਤਾਂ ਦੀਆਂ ਆਡਾਂ ਵਿਚ ਲੇਟ ਕੇ ਪੜ੍ਹਦੇ ਹੁੰਦੇ ਸੀ। ਕਣਕਾਂ ਦੀ ਹਰਿਆਵਲ ਤੇ ਪਕਿਆਈ ਪੜ੍ਹਨ ਲਈ ਊਰਜਾ ਦਿੰਦੀ। ਆਲਾ-ਦੁਆਲਾ ਸੁਪਨੇ ਬੀਜਦਾ। ਸਾਨੂੰ ਪੜ੍ਹਦੇ ਦੇਖ ਕੇ ਬਾਪ ਨੂੰ ਕੰਮ ਕਰਨਾ ਚੰਗਾ ਲੱਗਣ ਲੱਗਦਾ। ਕਿਸਾਨ ਕਿਰਤ ਦੀ ਮਹਾਂਕਾਵਿਕ ਕਿਤਾਬ ਹੈ। ਕਿਰਸਾਨ ਦੇ ਪੁੱਤ ਦਾ ਕਿਤਾਬਾਂ ਨਾਲ ਸਨੇਹ ਤੇ ਸਹਿਚਾਰ ਪੰਜਾਬ ਦੇ ਉੱਜਲ ਭਵਿੱਖ ਦੀ ਨੇਕ ਨਿਸ਼ਾਨੀ ਹੈ। ਮੋਟਰਾਂ ਉੱਤੇ ਗੰਢਾਸੀਆਂ ਤੇ ਗਲਾਸੀਆਂ ਖੜਕਣ ਦੀ ਥਾਂ ਕਿਤਾਬਾਂ ਦੇ ਪੰਨੇ ਪਲਟਣ ਨਾਲ ਪੰਜਾਬ ਮੁੜ ਫੇਰ ਗੁਰੂਆਂ, ਫ਼ਕੀਰਾਂ ਤੇ ਕਵੀਆਂ ਦਾ ਪੰਜਾਬ ਬਣ ਜਾਏਗਾ। ਮਾਤਮ ਤੇ ਮੌਤ ਤੋਂ ਰਾਹਤ ਮਿਲੇਗੀ। ਜੀਊਣ-ਮਰਨ ਦੇ ਨਰੋਏ ਅਰਥ ਸਿਰਜਿਤ ਹੋਣਗੇ। ਮਨਦੀਪ ਦੀ ‘ਤੇਰਾ ਤੇਰਾ ਲਾਇਬਰੇਰੀ’ ਅਜਿਹਾ ਸੁਨੇਹਾ ਦਿੰਦੀ ਹੈ। ਵੈਰਾਗੇ ਗਏ ਪੰਜਾਬ ਨੂੰ ਘਰ-ਘਰ ਅੰਦਰ ਧਰਮਸ਼ਾਲ ਦੇ ਨਾਲ-ਨਾਲ ਘਰ-ਘਰ ਅੰਦਰ ਲਾਇਬਰੇਰੀ ਦੀ ਲੋੜ ਹੈ। ਪੰਜਾਬ ਨੂੰ ਅੱਖਰਾਂ ਦੀ ਇਲਮ-ਰੂਹ ਵਿਚੋਂ ਉੱਗੀ ਮਾਨਵਵਾਦੀ ਵਿਰਾਸਤ ਤੇ ਵਿਆਕਰਣ ਦੀ ਜ਼ੁੰਬਿਸ਼ ਤੇ ਜ਼ਜ਼ਬੇ ਦੀ ਜ਼ਰੂਰਤ ਹੈ ਤਾਂ ਕਿ ਅੱਖਰ ਬੀਜਣ ਵਾਲਿਆਂ ਦਾ ਨਾਮ ਰਹਿ ਸਕੇ:
ਤਲਖ਼ ਨਹੀਂ ਹੋਣਾ ਮੇਰੇ ਇਸ ਇਲਜ਼ਾਮ ਉਤੇ
ਪੰਜਾਬ ਜੀਉਂਦਾ ਨਹੀਂ ਹੁਣ ਗੁਰੂਆਂ ਦੇ ਨਾਮ ਉਤੇ
ਉਹ ਹੋਰ ਸਨ ਜੋ ਚੁੱਕਦੇ ਰਹੇ ਧਰਤੀ ਦਾ ਭਾਰ
ਅੱਜ ਕੱਲ੍ਹ ਮਰ ਜਾਂਦੇ ਲੋਕ ਸਿਰਫ਼ ਇੱਕ ਜਾਮ ਉਤੇ
ਮਨਦੀਪ ਦੀ ਮੋਟਰ ਲਾਇਬਰੇਰੀ ਨੇ ਅੱਖਰਾਂ ਨੂੰ ਜੀਉਂਦੇ ਜਾਗਦੇ ਕਹਿਣ ਵਾਲੀਆਂ ਮਹਾਨ ਰੂਹਾਂ ਦਾ ਨਾਮ ਜੀਉਂਦਾ ਕਰ ਦਿੱਤਾ ਹੈ। ਪਿੰਡ ਦੇ ਹਾਈ ਸਕੂਲ ਤੋਂ ਅੱਧਾ ਫਰਲਾਂਗ ਦੂਰ ਇਸ ਮੋਟਰ ਦੇ ਕਮਰੇ ਵਿਚ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਨਾਲ ਭਰੀਆਂ ਪੰਜ ਅਲਮਾਰੀਆਂ ਆਏ ਗਏ ਨੂੰ ਪ੍ਰਭਾਵਿਤ ਕਰਦੀਆਂ ਹਨ। ਜ਼ਿਆਦਾਤਰ ਕਿਤਾਬਾਂ ਸੂਹੇ ਤੇ ਸੁਪਨਸ਼ੀਲ ਵਿਚਾਰਾਂ ਵਾਲੀਆਂ ਹਨ। ਕੰਧਾਂ ਉੱਤੇ ਸਿਹਤਮੰਦ ਅਰਥਾਂ ਵਾਲੇ ਮਾਟੋ ਲਿਖੇ ਹੋਏ ਹਨ। ਮੋਟਰ ਦੇ ਕਮਰੇ ਦੀਆਂ ਬਾਹਰਲੀਆਂ ਕੰਧਾਂ ਉੱਤੇ ਪੰਜਾਬੀ ਬੋਲੀ ਦੇ ਵਿਰਾਸਤੀ ਅੱਖਰ ਧੜਕਦੇ ਪ੍ਰਤੀਤ ਹੁੰਦੇ ਹਨ। ਮੋਟਰ ਦੀ ਨਿੱਕੀ ਜਿਹੀ ਵਲਗਣ ਵਿਚ ਹਾਲੇ ਤੂਤ ਦਾ ਵੱਡਾ ਰੁੱਖ ਹੈ। ਬਹੁਤ ਸਾਰੇ ਬੂਟੇ ਲਾਏ ਗਏ ਹਨ ਜੋ ਛੇ ਮਹੀਨਿਆਂ ਬਾਅਦ ‘ਤੇਰਾ ਤੇਰਾ ਲਾਇਬਰੇਰੀ’ ਵਾਲੀ ਮੋਟਰ ਦੀ ਦਿੱਖ ਨੂੰ ਛਾਂਦਾਰ ਤੇ ਹਰਿਆ-ਭਰਿਆ ਕਰ ਦੇਣਗੇ। ਉੱਘੇ ਕਵੀ ਸੁਰਜੀਤ ਪਾਤਰ ਤੇ ਜਸਵੰਤ ਜ਼ਫ਼ਰ ਇਸ ਮੋਟਰ ਲਾਇਬਰੇਰੀ ਦੀ ਜ਼ਿਆਰਤ ਕਰ ਚੁੱਕੇ ਹਨ। ਮੈਂ, ਮੇਰੇ ਦੋਸਤ ਸੁਖਬੀਰ ਸਿੰਘ ਸ਼ਾਹੀ ਤੇ ਕਵੀ ਜਸਬੀਰ ਵਾਟਾਂਵਾਲੀ ਨੇ ਰਲ ਕੇ ਲਾਇਬਰੇਰੀ ਨੂੰ ਕੁਝ ਕਿਤਾਬਾਂ ਭੇਟ ਕੀਤੀਆਂ। ਅੱਖਰ ਮੰਚ ਵੱਲੋਂ ਅੱਖਰਾਂ ਦਾ ਕਾਵਿਕ ਤੋਹਫ਼ਾ ਦੇਣ ਦਾ ਪ੍ਰਣ ਕੀਤਾ। ਪਾਲ ਸਿੰਘ ਨੌਲੀ ਨੇ ਬੀ.ਬੀ.ਸੀ. ਵਾਸਤੇ ਸ਼ਾਇਰਾ ਕੁਲਵਿੰਦਰ ਕੰਵਲ ਤੇ ਮੇਰੇ ਨਾਲ ਇਸ ਮਿਸਾਲੀ ਕਾਰਜ ਦੇ ਸੰਦਰਭ ਵਿਚ ਇੰਟਰਵਿਊ ਕੀਤੀ। ਮਨਦੀਪ ਦੀ ਦਾਦੀ ਤੇ ਮਾਂ ਦੇ ਚਿਹਰੇ ਦਾ ਨੂਰ ਇਲਾਹੀ ਹੋ ਗਿਆ ਜਾਪਦਾ ਸੀ। ਜਿਸ ਪੰਜਾਬ ਵਿਚ ਕਰਜ਼ਿਆਂ ਤੇ ਨਸ਼ਿਆਂ ਨਾਲ ਝੰਬੀਆਂ ਮਾਵਾਂ ਅੱਥਰੂਆਂ ਨਾਲ ਆਟਾ ਗੁੰਨ੍ਹਦੀਆਂ ਹੋਣ, ਉਸ ਪੰਜਾਬ ਵਿਚ ਮਨਦੀਪ ਦੀ ਦਾਦੀ ਤੇ ਮਾਂ ਦੀ ਖ਼ੁਸ਼ੀ ਨਰੋਏ ਭਵਿੱਖ ਦੇ ਭਾਗ ਲਿਖਦੀ ਜਾਪੀ। ਮੈਂ ਇਨ੍ਹਾਂ ਖੁਸ਼ਨਸੀਬ ਮਾਵਾਂ ਨੂੰ ਆਪਣੀ ਕਵਿਤਾ ਸੁਣਾ ਕੇ ਸਨੇਹ ਦਿੱਤਾ:
ਮੇਰੇ ਪਿੰਡ ਵਿਚ ਪਾੜ੍ਹਿਆਂ ਦਾ ਘਰ ਰਹਿ ਗਿਆ ਵਿਰਲਾ ਟਾਵਾਂ
ਨਵ-ਜੰਮਿਆਂ ਨੂੰ ਗੁੜ-ਅੱਖਰਾਂ ਦੀ ਹੁਣ ਨਾ ਗੁੜਤੀ ਦਿੰਦੀਆਂ ਮਾਵਾਂ
ਮਨਦੀਪ ਦੀ ਤੇਰਾ ਤੇਰਾ ਲਾਇਬਰੇਰੀ ਦਾ ਜਨਮ ਚੰਗੀ ਤੇ ਚਾਹਤ-ਭਰਪੂਰ ਮਾਂ ਦੀ ਗੁੜਤੀ ਦਾ ਪੱਕਿਆ ਫਲ ਹੈ। ਜ਼ਿਆਦਾਤਰ ਮਾਵਾਂ ਹੁਣ ਡਾਲਰਾਂ, ਪੌਂਡਾਂ ਦੀ ਗੁੜਤੀ ਦਿੰਦੀਆਂ ਹਨ। ਮਾਇਆ ਦੀਆਂ ਗੁੜਤੀਆਂ ਅਸੀਸਾਂ ਅਰਜ਼ੋਈਆਂ ਅਤੇ ਵਹਿੰਗੀਆਂ ਵੰਝਲੀਆਂ ਦੀ ਅੰਦਰੂਨੀ ਤਹਿਰੀਕ ਤੇ ਤਾਸੀਰ ਨੂੰ ਨਿਗਲ ਜਾਂਦੀਆਂ ਹਨ। ਹਾਕਮ ਬਦਨੀਤ ਤੇ ਬੇਸੁਰੇ ਹੋ ਜਾਂਦੇ ਹਨ। ਪੈਸੇ ਨਾਲ ਪਦਾਰਥ ਤੇ ਪਹਿਰਾਵੇ ਖਰੀਦ ਸਕਦੇ ਹੋ, ਪਰ ਨੇਕਨਾਮੀਆਂ ਤੇ ਨਿਹਮਤਾਂ ਨਹੀਂ। ਚੰਗੇ ਆਦਰਸ਼ ਨਰੋਈਆਂ ਨੇਕਨਾਮੀਆਂ ਦੀ ਸੰਗਤ, ਸੋਹਬਤ ਤੇ ਸੰਵੇਦਨਾ ਵਿਚੋਂ ਫੁੱਟਦੇ ਹਨ। ਮਨਦੀਪ ਨੂੰ ਪੁੱਛਿਆ, ‘‘ਤੈਨੂੰ ਮੋਟਰ ਉਤੇ ਲਾਇਬਰੇਰੀ ਬਣਾਉਣ ਦੀ ਲਗਨ ਕਿਵੇਂ ਲੱਗੀ?’’ ਕਹਿਣ ਲੱਗਾ, ‘‘ਦੇਸ਼ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੇ ਮੇਲੇ ਉੱਤੇ ਲਗਦੀ ਪੁਸਤਕ ਪ੍ਰਦਰਸ਼ਨੀ ਦੇਖ ਦੇਖ ਕੇ।’’ ਭਾਈ ਮੰਨਾ ਸਿੰਘ ਨੇ ਸਸਤੀਆਂ ਕਿਤਾਬਾਂ ਵੇਚਣ ਦੀ ਪਿਰਤ ਚਲਾਈ। ਲੋਕ ਨਾਟਕ ਦੇਖਦੇ, ਜਜ਼ਬਾਤੀ ਹੁੰਦੇ ਤੇ ਕਿਤਾਬਾਂ ਖਰੀਦਦੇ। ਇਹ ਪਿਰਤ ਕੁਝ ਹੋਰ ਲੋਕਾਂ ਵੀ ਸੰਭਾਲੀ, ਪਰ ਹੌਲੀ-ਹੌਲੀ ਪੰਜਾਬ ਸਜਾਵਟਾਂ, ਸ਼ੋਹਰਤਾਂ ਤੇ ਸਨਮਾਨਾਂ ਦੇ ਚੱਕਰਵਿਊ ਵਿਚ ਫਸ ਗਿਆ। ਖੋਟੇ ਸਿੱਕਿਆਂ ਨੇ ਸ਼ਾਨ ਤੇ ਸ਼ਨਾਖ਼ਤ ਵੇਚ ਦਿੱਤੀ। ਸਿਆਸਤਦਾਨ ਖੋਟੇ ਹੋ ਗਏ ਅਤੇ ਖਰੇ ਬੰਦੇ ਖ਼ੁਆਬ ਬਚਾਉਣ ਦੀ ਚਿੰਤਾ ਨੇ ਖਾ ਲਏ। ਜਿਨ੍ਹਾਂ ਨੇ ਕਿਤਾਬਾਂ ਨੂੰ ਬਚਾਉਣਾ ਸੀ, ਕਿਤਾਬਾਂ ਲਈ ਮੋਹ ਜਗਾਉਣਾ ਸੀ, ਉਹ ਖ਼ੁਦ ਕਾਗਜ਼ੀ ਹੋ ਗਏ। ਸ਼ੋਹਦੇ ਆਪਣੇ ਬੱਚਿਆਂ ਨੂੰ ਵੀ ਕਿਤਾਬਾਂ ਦੀ ਗੁੜਤੀ ਨਾ ਦੇ ਸਕੇ। ਇਸੇ ਕਰਕੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੰਡਰਾਤ ਹੋਣ ਨੂੰ ਫਿਰਦੀਆਂ ਨੇ। ਡਿਜੀਟਲ ਪਨੀਰੀ ਉਗਾਈ ਜਾ ਰਹੀ ਹੈ। ਰੁੱਖੀ ਮਿੱਸੀ ਦਾ ਸੰਕਲਪ ਤੇ ਸੁਆਦ ਹੋਟਲ ਕਲਚਰ ਨੇ ਖਾ ਲਿਆ। ਕੋਈ ਰੇਤ ਖਾ ਰਿਹਾ ਹੈ, ਕੋਈ ਨਸ਼ੇ ਖਾ ਰਿਹਾ ਹੈ। ਮੋਟਰ ਲਾਇਬਰੇਰੀ ਨੂੰ ਕੌਣ ਸ਼ਾਬਾਸ਼ ਦੇਵੇਗਾ?
ਬੜੇ ਚਿਰ ਬਾਅਦ ਪੱਕ ਰਹੀਆਂ ਕਣਕਾਂ ਵਿਚ ਵਿਚਰਨ ਦਾ ਮੌਕਾ ਮਿਲਿਆ। ਕਣਕਾਂ ਵਿਚੋਂ ਉੱਗੇ ਸੀ, ਪਰ ਕਣਕਾਂ ਨੂੰ ਭੁੱਲ ਗਏ। ਪੁਰਾਣੀਆਂ ਸੋਚਾਂ ਵਿਚ ਖਚਿਤ ਸਾਂ ਕਿ ਮਨਦੀਪ ਦੀ ਮਾਂ ਸਾਡੇ ਲਈ ਲੱਸੀ ਤੇ ਚਾਹ ਲੈ ਆਈ। ਸਾਰੇ ਜਣੇ ਮੋਟਰ ਦੇ ਕਮਰੇ ਵਿਚ ਬੈਠ ਕੇ ਚਾਹ-ਪਾਣੀ ਵੀ ਪੀਂਦੇ ਰਹੇ ਅਤੇ ਨਿੱਕੇ ਨਿੱਕੇ ਮਸਲਿਆਂ ਬਾਰੇ ਗੁਫ਼ਤਗੂ ਵੀ ਹੁੰਦੀ ਰਹੀ। ਕੁਲਵਿੰਦਰ ਕੰਵਲ, ਜਸਬੀਰ ਵਾਟਾਂਵਾਲੀ ਤੇ ਮੈਂ ਕਵਿਤਾਵਾਂ ਸੁਣਾਈਆਂ। ਖ਼ੂਬ ਰੰਗ ਬੱਝਾ। ਆਉਣ ਨੂੰ ਜੀਅ ਨਹੀਂ ਸੀ ਕਰਦਾ। ਚਿੱਤ ਕਰਦਾ ਸੀ ਮੋਟਰ ਲਾਇਬੇਰਰੀ ਦੇ ਨਿਰਾਲੇ ਮਿਸ਼ਨ ਦੀਆਂ ਬਾਤਾਂ ਪਾਈ ਜਾਈਏ। ਜੱਬੋਵਾਲ ਦੀ ਮੋਟਰ ਲਾਇਬਰੇਰੀ ਦਾ ਸੁਪਨਾ ਤੇ ਸੰਕਲਪ ਗੂੰਜਣਾ ਚਾਹੀਦਾ ਹੈ। ਇਸ ਲਾਇਬਰੇਰੀ ਨੇ ਮੋਟਰ ਉਤੇ ਲੱਗੇ ਇਲਜ਼ਾਮਾਂ ਨੂੰ ਧੋਤਾ ਹੈ। ਅਸ਼ਲੀਲਤਾ ਨੂੰ ਵਰਜਿਆ ਹੈ। ਪੰਜਾਬ ਦੀ ਇਸ ਪਹਿਲੀ ਮੋਟਰ ਲਾਇਬਰੇਰੀ ਦਾ ਨਾਮ ਪੇਂਡੂ ਲਾਇਬਰੇਰੀਆਂ ਦੇ ਇਤਿਹਾਸ ਵਿਚ ਮੌਲਿਕ ਇੰਦਰਾਜ ਵਜੋਂ ਦਰਜ ਹੋਣਾ ਚਾਹੀਦਾ ਹੈ।
ਕਦੇ ਕਦੇ ਮਨ ਵਿਚ ਸਵਾਲ ਉਠਦਾ ਹੈ ਕਿ ਜੇ ਪੜ੍ਹਨ ਵਾਲੇ ਨਾ ਰਹੇ ਤਾਂ ਲਾਇਬਰੇਰੀਆਂ ਕਿਸ ਕੰਮ? ਪੜ੍ਹਨ ਦੀ ਤਲਬ ਤੇ ਤਾਸੀਰ ਸਿਮਟ ਰਹੀ ਹੈ। ਸ਼ੌਕ ਤੇ ਸੁਪਨੇ ਵਿਚਲਿਤ ਹੋ ਰਹੇ ਹਨ। ਨਵੀਂ ਪਨੀਰੀ ਮੋਬਾਈਲਾਂ ਤੇ ਲੈਪਟਾਪਾਂ ਦੀ ਜਕੜ ਵਿਚ ਲੀਨ ਹੈ। ਪ੍ਰਥਮ ਸ਼ੈਅ ਤੇ ਸੁਪਨਾ ਪੈਸਾ ਤੇ ਪਦਾਰਥ ਬਣ ਗਏ ਹਨ। ਜ਼ਿੰਦਗੀ ਜ਼ਮੀਨ ਨਾਲੋਂ ਟੁੱਟ ਗਈ ਹੈ। ਗਈ ਗਈ ਰਾਤ ਪੜ੍ਹਨ ਦੀਆਂ ਗੱਲਾਂ ਭੂਤਕਾਲ ਹੋ ਗਈਆਂ ਹਨ। ਵਕਤ ਖਿਝ ਰਿਹਾ ਹੈ। ਦਿਸ਼ਾ ਨਹੀਂ ਲੱਭਦੀ। ਪਰਵਾਸ ਨੇ ਝੰਭ ਦਿੱਤਾ ਹੈ। ਸੋਸ਼ਲ ਮੀਡੀਏ ਤੇ ਯੂ ਟਿਊਬਾਂ ਨੇ ਪੜ੍ਹਨ ਦੀ ਸੁਪਨਗੋਈ ਖੋਹ ਲਈ ਹੈ। ਬਾਜ਼ਾਰ ਸਭ ਕੁਝ ਪਰਸੋਣਾ ਚਾਹੁੰਦਾ ਹੈ। ਮੌਲਿਕਤਾ ਪਿੰਜੀ ਗਈ ਹੈ। ਗੁੱਸਾ ਤੇ ਨਿਰਾਸ਼ਤਾ ਰੋਹ ਵਿਦਰੋਹ ਵਿਚ ਤਬਦੀਲ ਨਹੀਂ ਹੋ ਰਹੇ। ਪ੍ਰਸ਼ਨ ਉੱਗਦੇ ਹਨ, ਪਰ ਸੱਤਾ ਉਨ੍ਹਾਂ ਨੂੰ ਧੜਕਣ ਨਹੀਂ ਦਿੰਦੀ। ਅਜਿਹੇ ਅਸਹਿਣਸ਼ੀਲ ਸਮਿਆਂ ਵਿਚ ਆਦਰਸ਼ਾਂ ਅਸੂਲਾਂ ਨਾਲ ਜੀਊਣਾ ਔਖਾ ਹੁੰਦਾ ਜਾ ਰਿਹਾ ਹੈ। ਆਪਣੀ ਆਪਣੀ ਡਫਲੀ ਹਰ ਕੋਈ ਵਜਾ ਰਿਹਾ ਹੈ। ਲਾਰਿਆਂ ਦੇ ਗੱਫੇ ਵੰਡੇ ਜਾ ਰਹੇ ਹਨ, ਪਰ ਲਾਇਬਰੇਰੀਆਂ ਦੀ ਮਿਸ਼ਨਰੀ ਆਤਮਾ ਤੇ ਆਵਾਜ਼ ਨੂੰ ਕੌਣ ਸੁਣੇ। ਅਨੇਕਾਂ ਪ੍ਰਸ਼ਨ ਸੁਲਗ਼ ਰਹੇ ਹਨ। ਮੋਟਰ ਲਾਇਬਰੇਰੀ ਦੇ ਆਗਮਨ ਨੇ ਪ੍ਰਸ਼ਨਾਂ ਨੂੰ ਸੇਧ ਤੇ ਸੰਵਾਦ ਦਿੱਤਾ ਹੈ। ਆਉ ਦਿਲ ਨੂੰ ਕਿਤਾਬ ਬਣਾਈਏ ਤੇ ਘਰਾਂ ਨੂੰ ਕਿਤਾਬ ਕੁਟੀਆ ਦਾ ਨਾਮ ਦੇਈਏ। ਇਹੀ ਠੀਕ ਰਾਹ ਹੈ।
ਜਾਗ ਜਾਗ ਪੜ੍ਹਨ ਦਾ ਰਿਵਾਜ ਕਿੱਥੇ ਰਹਿ ਗਿਆ
ਸਿੰਮਦਾ ਜੋ ਦਿਲਾਂ ਵਿਚੋਂ ਸਾਜ਼ ਕਿੱਥੇ ਰਹਿ ਗਿਆ।
ਸੰਪਰਕ: 84377-88856